ਨਾਦ

contemporary punjabi poetry

ਕਵਿਤਾ ਤੋਂ ਬਾਅਦ

ਗੁਰੁ ਗੋਬਿੰਦ ਸਿੰਘ ਦਾ ਸੰਤ ਸਿਪਾਹੀ ਅਤੇ ਮੁਹੰਮਦ ਸਾਹਿਬ ਦਾ ਜੇਹਾਦੀ ਅਸਲ ਵਿਚ ਇਕ ਪੈਗੰਬਰੀ ਸੁਪਨਾ ਹੈ। ਆਤਮਿਕ ਤੌਰ ਤੇ ਬਹੁਤ ਬੁਲੰਦ ਇਨਸਾਨ ਦੀ ਸਿਰਜਣਾ ਦਾ ਸੁਪਨਾ। ਆਧੁਨਿਕ ਇਤਿਹਾਸਕਾਰਾਂ ਨੇ ਇਨਾਂ ਸੰਕਲਪਾਂ ਦੀ ਵਿਆਖਿਆ ਇਸ ਤਰਾਂ ਕੀਤੀ ਹੈ, ਜਿਵੇਂ ਕਮਿਊਨਿਸਟ ਲਹਿਰਾਂ ਦੇ ਮਿਲਟਰੀ ਵਿੰਗ ਹੁੰਦੇ ਹਨ। ਜਿਵੇਂ ਇਹ ਸਿੱਖ ਲਹਿਰ ਅਤੇ ਇਸਲਾਮ ਦੇ ਲੜਾਕੇ ਦਸਤੇ ਹੋਣ। ਅਜਿਹੀਆਂ ਧਾਰਨਾਵਾਂ ਉਨਾਂ ਲੋਕਾਂ ਨੇ ਬਣਾਈਆਂ, ਜਿਨ੍ਹਾਂ ਲਈ ਇਸਲਾਮ ਜਾਂ ਸਿੱਖ ਲਹਿਰ ਮਹਿਜ਼ ਰਾਜਨੀਤਕ-ਸਮਾਜਿਕ ਲਹਿਰਾਂ ਸਨ। ਜਿਹੜੇ ਲੋਕ ਖੁਦ ਰੂਹਾਨੀ ਸਰੋਕਾਰਾਂ ਅਤੇ ਅਨੁਭਵਾਂ ਤੋਂ ਸੱਖਣੇ ਸਨ, ਉਨਾਂ ਨੇ ਇਨਾਂ ਸਾਰੇ ਸੰਕਲਪਾਂ ਨੂੰ ਸਮਾਜਿਕ-ਰਾਜਨੀਤਕ ਅਰਥਾਂ ਵਿਚ ਹੀ ਸਮਝਿਆ ਹੈ। ਜਿਸ ਤਰਾਂ ਪ੍ਰੋਫੈਸਰ ਕਿਸ਼ਨ ਸਿੰਘ ਗੁਰਬਾਣੀ ਦੀ ਵਿਆਖਿਆ ਕਰਦੇ ਹਨ। ਸਾਰੀਆਂ ਹੀ ਰੂਹਾਨੀ ਲਹਿਰਾਂ ਵਿਚ ਸਮਾਜਿਕ -ਰਾਜਨੀਤਕ ਪੱਖ ਓਨਾ ਕੁ ਹੀ ਹੁੰਦਾ ਹੈ, ਜਿੰਨਾ ਕਿਸੇ ਆਈਸਬਰਗ ਦਾ ਬਾਹਰ ਦਿਸ ਰਿਹਾ ਹਿੱਸਾ। ਜੋ ਹਿੱਸਾ ਸਤਹ ਤੋਂ ਥੱਲੇ ਹੁੰਦਾ ਹੈ, ਉਹ ਜ਼ਿਆਦਾ ਵੱਡਾ ਹੈ। ਜਿਨਾਂ ਲੋਕਾਂ ਦਾ ਕੋਈ ਰੂਹਾਨੀ ਅਨੁਭਵ ਨਾ ਹੋਵੇ, ਉਨਾਂ ਨੂੰ ਸਿਰਫ ਸਤਹ ਤੋਂ ਉਪਰ ਵਾਲਾ ਹਿੱਸਾ ਹੀ ਦਿਸਦਾ ਹੈ। ਆਧੁਨਿਕ ਚਿੰਤਨ, ਇਤਿਹਾਸਕਾਰੀ, ਸਿਧਾਂਤਕਾਰੀ ਦਾ ਇਹ ਹੀ ਦੁਖਾਂਤ ਹੈ। ਮੁਹੰਮਦ ਸਾਹਿਬ ਨੇ ਜਿਸ ਜੇਹਾਦੀ ਦੀ ਗੱਲ ਕੀਤੀ, ਗੁਰੁ ਗੋਬਿੰਦ ਸਿੰਘ ਨੇ ਜਿਸ ਸੰਤ ਸਿਪਾਹੀ ਦਾ ਸੁਪਨਾ ਲਿਆ ਅਤੇ ਜਾਂ ਮਹਾਭਾਰਤ ਵਿਚ ਕ੍ਰਿਸ਼ਨ ਅਰਜਨ ਨੂੰ ਜੋ ਉਪਦੇਸ਼ ਦੇ ਰਹੇ ਹਨ, ਉਹ ਬੁਨਿਆਦੀ ਤੌਰ ਤੇ ਇਕ ਆਤਮਿਕ ਅਵਸਥਾ ਹੈ। ਯੁੱਧ ਇਸ ਦਾ ਇਕ ਹਿੱਸਾ ਹੈ, ਓਨਾ ਕੁ ਹਿੱਸਾ ਜਿੰਨਾ ਕੁ ਉਪਰ ਦਿਸ ਰਿਹਾ ਆਈਸਬਰਗ ਹੁੰਦਾ ਹੈ। ਯੁੱਧ ਇਸ ਦਾ ਮੁੱਖ ਹਿੱਸਾ ਕਤਈ ਨਹੀਂ ਹੈ। ਇਹ ਉਸ ਤਰਾਂ ਦੀ ਅਵਸਥਾ ਹੈ, ਜਿਵੇਂ ਕੋਈ ਸੰਨਿਆਸੀ ਮਨ ਗ੍ਰਹਿਸਥ ਜੀਵਨ ਦੀਆਂ ਸਾਰੀਆਂ ਜਿੰਮੇਵਾਰੀਆਂ ਨਿਭਾਉਂਦਾ ਹੈ। ਗ੍ਰਹਿਸਥੀ ਹੋਣਾ ਸੌਖਾ ਹੈ। ਸੰਨਿਆਸੀ ਹੋਣਾ ਵੀ ਸੌਖਾ ਹੈ। ਪਰ ਦਿਲੋਂ ਮਨੋਂ ਸੰਨਿਆਸੀ ਹੋਕੇ ਗ੍ਰਹਿਸਥ ਵਿਚ ਰਹਿਣਾ ਕਠਿਨ ਮਾਰਗ ਹੈ। ‘ਨਾਮਿ ਰਤੇ ਘਰ ਮਾਹਿ ਉਦਾਸਾ’। ਇਹ ਮਾਰਗ ਸੁਪਰੀਮ ਇਸੇ ਕਰਕੇ ਕਿਹਾ ਗਿਆ ਹੈ, ਕਿਉਂਕਿ ਇਹ ਬਹੁਤ ਕਠਨ ਹੈ। ਲੋਕ ਗਲ ਗਲ ਤੱਕ ਦੁਨੀਆਦਾਰੀ ਵਿਚ ਡੁੱਬੇ ਹਨ। ਹਰ ਤਰਾਂ ਦੇ ਲਾਲਚ, ਲਾਲਸਾਵਾਂ, ਸਾੜੇ, ਈਰਖਾ ਤੇ ਨਫਰਤ ਨਾਲ ਭਰੇ ਹਨ। ਸ਼ਾਮ ਸਵੇਰੇ ਗੁਰਦੁਆਰੇ ਮੱਥੇ ਟੇਕ ਲੈਂਦੇ ਹਨ ਅਤੇ ਇਹ ਸਮਝਕੇ ਆਪਣੇ ਆਪ ਨੂੰ ਤਸੱਲੀ ਦੇ ਲੈਂਦੇ ਹਨ ਕਿ ਉਹ ਗ੍ਰਹਿਸਥ ਮਾਰਗੀ ਹਨ। ਜਿੰਨਾ ਇਹ ਮਾਰਗ ਕਠਿਨ ਸੀ, ਉਸ ਨੂੰ ਅਸੀਂ ਓਨਾ ਹੀ ਸੌਖਾ ਬਣਾ ਲਿਆ ਹੈ। ਸੰਤ ਸਿਪਾਹੀ ਅਤੇ ਜੇਹਾਦੀ ਦਾ ਸੰਕਲਪ ਇਸ ਤੋਂ ਵੀ ਉੱਚਾ ਹੈ। ਬਹੁਤ ਕਠਿਨ। ਆਤਮਿਕ ਮਾਰਗ ਦੀ ਮਾਊਂਟ ਐਵਰੈਸਟ। ਇਸ ਚੋਟੀ ਨੂੰ ਕੋਈ ਵਿਰਲਾ ਹੀ ਛੁਹ ਸਕਦਾ ਹੈ। ਆਪਣੇ ਆਪੇ ਨਾਲ ਲੜਦਿਆਂ ਇਕ ਕਵਿਤਾ ਲਿਖੀ ਸੀ। ਉਸਦਾ ਸਿਰਲੇਖ ਦਿੰਦਿਆਂ ਉਤੇ ‘ਸੰਤ ਸਿਪਾਹੀ’ ਲਿਖਿਆ ਗਿਆ। ਇਹ ਕਵਿਤਾ ਲਿਖਣ ਤੋਂ ਬਾਅਦ ਮੈਂ ਇਨ੍ਹਾਂ ਅਹਿਸਾਸਾਂ ਨਾਲ ਭਰ ਗਿਆ ਕਿ ਜਿਸ ਬੁਲੰਦ ਇਨਸਾਨ ਦਾ ਸੁਪਨਾ ਮੁਹੰਮਦ ਸਾਹਿਬ ਜਾਂ ਗੁਰੁ ਗੋਬਿੰਦ ਸਿੰਘ ਲੈ ਰਹੇ ਸਨ, ਅਸੀਂ ਲੋਕ ਉਸ ਦੀ ਥਾਹ ਨਹੀਂ ਪਾ ਸਕਦੇ:

ਸੰਤ ਸਿਪਾਹੀ
ਜਿਵੇਂ ਤੁਰਨਾ ਹੋਵੇ ਸੱਚੀਂਮੁਚੀਂ
ਸੀਸ ਤਲੀ ਤੇ ਰੱਖਕੇ
ਜਿਵੇਂ ਮੁੜ ਆਉਣਾ ਹੋਵੇ
ਮੌਤ ਤੋਂ ਬਾਅਦ
ਅਤੇ ਜੀਵਨ ਦੇ ਨਾਟਕ ਨੁੰ
ਫਿਰ ਤੋਂ ਖੇਡਣਾ ਹੋਵੇ
ਜਿਵੇਂ ਦੇਖਕੇ ਸਭ ਕੁੱਝ
ਅਣਡਿੱਠ ਕਰ ਦੇਣਾ ਹੋਵੇ

ਜਾਂ
ਕਿਸੇ ਨੂੰ ਪਿਆਰ ਕਰਨਾ ਹੋਵੇ
ਬਿਨਾਂ ਉਮੀਦ ਦੇ ਕਿ
ਉਹ ਵੀ ਤੁਹਾਨੂੰ ਪਿਆਰ ਕਰੇਗਾ
ਜਿਵੇਂ ਵਫਾ ਨਿਭਾਉਣੀ ਹੋਵੇ
ਕਿਸੇ ਬੇਵਫਾ ਨਾਲ
ਜਿਵੇਂ ਲੜਨਾ ਹੋਵੇ
ਬਿਨਾਂ ਗੁੱਸੇ ਦੇ
ਜਿਵੇਂ ਕੋਈ ਕਤਲ ਕਰਨਾ ਹੋਵੇ
ਬਿਨਾਂ ਨਫਰਤ ਦੇ
ਜਿਵੇਂ ਮਰਨ ਤੋਂ ਪਹਿਲਾਂ
ਆਪਣੇ ਕਾਤਲ ਵੱਲ ਦੇਖਣਾ ਹੋਵੇ
ਮੋਹ ਅਤੇ ਕਰੁਣਾ ਨਾਲ
ਜਿਵੇਂ ਮਰ ਜਾਣਾ ਹੋਵੇ
ਬਿਨਾਂ ਸਵਰਗ ਦੀ ਆਸ ਦੇ
ਬਿਨਾਂ ਕੋਈ ਨਿਸ਼ਾਨੀ ਛੱਡਿਆਂ
ਧਰਤੀ ਨੂੰ ਫਤਹਿ  ਬੁਲਾ ਦੇਣੀ ਹੋਵੇ

ਇਹ ਕੈਸਾ ਸੰਗਮ ਹੈ ਗੁਰੂ
ਕੈਸਾ ਕਠਨ ਮਾਰਗ ਹੈ

ਮੈਂ ਤੇਰੇ ਚਰਨਾਂ ਦੀ ਧੂੜ ਹਾਂ

ਸ਼ਮੀਲ

1 Comment»

  balwinder singh wrote @

xcellant


Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s

Follow

Get every new post delivered to your Inbox.