ਨਾਦ

contemporary punjabi poetry

ਅਜਮੇਰ ਰੋਡੇ

ਅਜਮੇਰ ਰੋਡੇ ਪੰਜਾਬੀ ਅਤੇ ਅੰਗਰੇਜ਼ੀ ਦਾ ਸਰਗਰਮ ਲੇਖਕ ਹੈ ਅਤੇ ਕਵਿਤਾ, ਨਾਟਕ, ਵਾਰਤਕ ਤੇ ਅਨੁਵਾਦ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ। ਉਸਦੀ ਪਹਿਲੀ ਪੁਸਤਕ ਵਿਸ਼ਵ ਦੀ ਨੁਹਾਰ  ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਉਤੇ ਡਾਇਆਲਾਗ ਦੀ ਵਿਧੀ ਵਿਚ ਹੈ ਜਿਸਨੂੰ ਪੰਜਾਬੀ ਯੁਨੀਵਰਸਿਟੀ ਨੇ ਪ੍ਰਕਾਸ਼ਿਤ ਕੀਤਾ. ਉਸਦੀ ਸਭ ਤੋਂ ਚਰਚਿਤ ਪੁਸਤਕ 1000 ਪੰਨੇ ਦੀ ਲੀਲ੍ਹਾ  ਹੈ ਜਿਸਨੂੰ ਉਸਨੇ ਨਵਤੇਜ ਭਾਰਤੀ ਨਾਲ ਮਿਲ ਕੇ 1999 ਵਿਚ ਪ੍ਰਕਾਸ਼ਤ ਕੀਤਾ ਅਤੇ ਜਿਸਨੂੰ ਵੀਹਵੀਂ ਸਦੀ ਦੀਆਂ ਮਹੱਤਵ ਪੂਰਨ ਕਾਵਿ ਪੁਸਤਕਾਂ ਵਿਚ ਗਿਣਿਆ ਜਾਂਦਾ ਹੈ। ਅਜਮੇਰ ਦੀਆਂ ਕੁਝ ਕਵਿਤਾਵਾਂ 2008 ਵਿਚ “ਪੋਇਟਰੀ ਇੰਟਰਨੈਸ਼ਨਲ ਵੈੱਬ” ਤੇ ਸ਼ਾਮਲ ਕੀਤੀਆਂ ਗਈਆਂ ਅਤੇ ਅੰਗਰੇਜ਼ੀ ਦੀ ਇਕ ਕਵਿਤਾ ਕਾਲੀ  ਨੂੰ ਅੰਤਰਰਾਸ਼ਟੀ ਪੱਧਰ ਤੇ “ਪੋਇਮ ਔਫ ਦਾ ਵੀਕ” ਵਜੋਂ ਪ੍ਰਕਾਸ਼ਤ ਕੀਤਾ ਗਿਆ। ਉਸਦੀਆਂ ਕਵਿਤਾਵਾਂ ਦਰਜਨਾਂ ਅੰਗਰੇਜ਼ੀ ਅਤੇ ਪੰਜਾਬੀ ਕਾਵਿ ਸੰਗ੍ਰਿਹਾਂ ਵਿਚ ਅਤੇ ਵੈੱਬ ਸਾਈਟਾਂ ਤੇ ਸ਼ਾਮਲ ਹਨ। ਉਸਦੀਆਂ ਪੁਸਤਕਾਂ ਪੰਜਾਬ ਅਤੇ ਦਿੱਲੀ ਦੀਆਂ ਯੂਨੀਵਰਸਿਟੀਆਂ ਵਿਚ ਉਚੇਰੀਆਂ ਕਲਾਸਾਂ ਵਿਚ ਪੜ੍ਹਾਈਆਂ ਜਾਂਦੀਆਂ ਹਨ ਅਤੇ ਕੁਝ ਰਚਨਾਵਾਂ ਕਨੇਡੀਅਨ ਸਕੂਲਾਂ ਵਿਚ ਪੜ੍ਹਾਈਆਂ ਜਾਂਦੀਆਂ ਪੁਸਤਕਾਂ ਵਿਚ ਵੀ ਸ਼ਾਮਲ ਹਨ।
ਅਜਮੇਰ ਕੈਨੇਡਾ ਦਾ ਮੋਢੀ ਪੰਜਾਬੀ ਨਾਟਕਕਾਰ ਹੈ ਅਤੇ ਦਸ ਤੋਂ ਵੱਧ ਨਾਟਕ ਲਿਖ ਅਤੇ ਨਿਰਦੇਸ਼ਤ ਕਰ ਚੁੱਕਾ ਹੈ। ਦੂਜਾ ਪਾਸਾ ਕੈਨੇਡਾ ਵਿਚ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ ਸਭ ਤੋਂ ਪਹਿਲਾ ਪੰਜਾਬੀ ਨਾਟਕ ਹੈ। ਉਸਦਾ ਅੰਗਰੇਜ਼ੀ ਨਾਟਕ ਰੀਬਰਥ ਔਫ ਗਾਂਧੀ  2004 ਵਿਚ ਸਰ੍ਹੀ ਆਰਟਸ ਸੈਂਟਰ ਕੈਨੇਡਾ ਵਿਚ ਇਕਸਪਲੋਰ ਏਸ਼ੀਅਨ ਅਤੇ ਚੇਤਨਾ ਐਸੋਸੀਏਸ਼ਨ ਵੱਲੋਂ ਭਰੇ ਹਾਲ ਵਿਚ ਖੇਡਿਆ ਗਿਆ ਅਤੇ ਫੇਰ ਦੋ ਵਾਰ ਅੰਤਰਰਾਸ਼ਟਰੀ ਕਾਨਫਰੰਸਾਂ ਤੇ ਮੰਚਿਤ ਕੀਤਾ ਗਿਆ। ਨਾਟਕ ਇਕ ਕੁੜੀ ਇਕ ਸੁਪਨਾ ਦੇ ਆਧਾਰ ਤੇ ਵੈਨਕੂਵਰ ਦੀ ‘ਤਾਜ ਫਿਲਮ ਪ੍ਰੋਡਕਸ਼ਨਜ਼’ ਕੰਪਨੀ ਵੱਲੋਂ ਵਿਡੀਓ ਮੂਵੀ ਸ਼ੂਟ ਕੀਤੀ ਗਈ ਹੈ। ਪੰਜਾਬੀ ਨਾਟਕ ਤੀਸਰੀ ਅੱਖ  ਵੈਨਕੂਵਰ ਵਿਚ ਗੁਰਦੀਪ ਆਰਟਸ ਅਕੈਡਮੀ ਵੱਲੋਂ ਮੰਚਨ ਅਧੀਨ ਹੈ।
ਭਾਸ਼ਾ ਵਿਭਾਗ ਪੰਜਾਬ ਨੇ ਉਸਨੂੰ ਸ਼੍ਰੋਮਣੀ ਬਿਦੇਸ਼ੀ ਲੇਖਕ (1994) ਦੇ ਤੌਰ ਤੇ ਪੁਰਸਕਾਰਿਤ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੌਮੀਨੈਂਟ ਸਿਟੀਜ਼ਨ (ਸਾਹਿੱਤ) ਦੇ ਤੌਰ ਤੇ। ਸੰਨ 2006 ਵਿਚ ਉਹ ਅੰਗਰੇਜ਼ੀ ਕਵਿਤਾ ਲਈ ਕੈਨੇਡਾ ਕਾਉਂਸਲ ਦੀ ਪ੍ਰਾਜੈਕਟ ਗ੍ਰਾਂਟ ਜਿੱਤਣ ਵਿਚ ਵੀ ਸਫਲ ਹੋਇਆ। ਅੱਜ ਕਲ੍ਹ ਉਹ ਪਰਿਵਾਰ ਸਮੇਤ ਵੈਨਕੂਵਰ ਵਿਚ ਰਹਿ ਰਿਹਾ ਹੈ ਅਤੇ ਅੰਗਰੇਜ਼ੀ ਕਵਿਤਾਵਾਂ ਦੀ ਨਵੀਂ ਪੁਸਤਕ ਤੇ ਕੰਮ ਕਰ ਰਿਹਾ ਹੈ।

ਆਦਿ ਚਿਣਗ

ਮੈਂ ਤੇਰੀ ਸਰਘੀ ਵਿਚ ਇਸ਼ਨਾਨ ਕਰਕੇ ਹਟਿਆ ਹਾਂ
ਤੇਰੀ ਉਡੀਕ ਵਿਚ ਮੈਂ ਓਹੀ ਵਸਤਰ ਪਹਿਨ ਕੇ ਬੈਠਾ ਹਾਂ
ਜੋ ਮੈਨੂੰ ਜਨਮ ਸਮੇ ਮਿਲ਼ੇ ਸਨ
ਮੈਲ਼ੇ ਵਸਤਰਾਂ ਨਾਲ਼ ਤੈਨੂੰ ਕਿਵੇਂ ਉਡੀਕ ਸਕਦਾ ਹਾਂ

ਤੇਰਾ ਹਥ ਸੂਰਜ ਦੀ ਪਹਿਲੀ ਕਿਰਨ ਵਿਚ ਆਵੇਗਾ
ਤੇ ਮੇਰੀ ਨੰਗੀ ਦੇਹ ਨੂੰ ਛੋਹ ਜਾਵੇਗਾ
ਦੇਹ ਦੇ ਰੋਮ ਰੋਮ ਵਿਚ ਬੈਠੀ ਇੰਦਰੀ
ਥਰਥਰਾ ਉਠੇਗੀ

ਗੀਤਾ ਕਹਿੰਦੀ ਹੈ
ਇੰਦਰੀਆਂ ਤੋਂ ਪਰ੍ਹੇ ਮਨ ਦੀ ਦੁਨੀਆਂ ਹੈ
ਮਨ ਦੀਆਂ ਸੀਮਾਵਾਂ ਤੋਂ ਪਾਰ ਬੁੱਧੀ
ਬੁੱਧੀ ਤੋਂ ਅੱਗੇ ਆਤਮਾ ਹੈ
ਮੈਂ ਕਹਿੰਦਾ ਹਾਂ ਆਤਮਾ ਤੋਂ ਅੱਗੇ
ਆਦਿ ਚਿਣਗ ਹੈ
ਜਿਸ ਚੋਂ ਆਤਮਾ ਜਨਮਦੀ ਹੈ
ਤੇ ਸ੍ਰਿਸ਼ਟੀ ਦੇ ਅਣੂ ਅਣੂ ਵਿਚ ਵੰਡੀ ਜਾਂਦੀ ਹੈ

ਤੂੰ ਆ
ਤੇਰੀ ਛੋਹ ਦੇ ਜਗਦੇ ਬੁਝਦੇ
ਅਣੂਆਂ ਵਿਚ ਹੀ
ਆਦਿ ਚਿਣਗ ਹੈ
ਤੇ ਮੇਰਾ ਆਦਿ ਅੰਤ ਵੀ

—

ਮੈਂ ਜੋ ਵੀ ਸ਼ਬਦ ਲਿਖਾਂ
ਮੈਂ ਜੋ ਵੀ ਸ਼ਬਦ ਲਿਖਾਂ
ਤੇਰੀ ਉਸਤਤ ਵਿਚ ਲਿਖਾਂ
ਨਹੀਂ ਤਾਂ ਨਿਰਸ਼ਬਦਾ ਹੀ ਰਹਾਂ
ਬਸ ਏਹੋ ਕਾਮਨਾ ਕਰਨ ਲਈ
ਅੱਖਾਂ ਬੰਦ ਕਰ ਲਈਆਂ ਹਨ

ਜੋ ਵੀ ਚਿਤਰ ਮੇਰੇ ਹਥੋਂ ਬਣੇਂ
ਸੁੰਦਰਤਾ ਦੇ ਨਵੇਂ ਅਰਥ ਸਿਰਜੇ
ਨਹੀਂ ਤਾਂ ਬਣਦਾ ਹੀ ਖੁਰ ਜਾਵੇ
ਮੈਂ ਤੇਰੀ ਝਲਕ ਵਿਚ
ਸੰਪੂਰਨਤਾ ਦੇ ਦਰਸ਼ਨ ਕੀਤੇ ਹਨ
ਇਸੇ ਲਈ ਹੁਣ ਅਪੂਰਨਤਾ ਦੇਖ
ਸਕਦਾ ਹਾਂ

ਬੰਦ ਪਲਕਾਂ ਪਿੱਛੇ ਅੱਖਾਂ ਖੋਲ੍ਹੀ ਬੈਠੀ
ਦ੍ਰਿਸ਼ਟੀ ਛਿਣ ਭੰਗਰ ਵਿਚ ਝਾਤ ਮਾਰ
ਲੈਂਦੀ ਹੈ ਤੇ ਤੈਨੂੰ  ਇੰਦਰਧਨੁਸ਼ ਵਿਚ
ਬੈਠੀ ਨੂੰ ਪਛਾਣ ਲੈਂਦੀ ਹੈ

ਮੈਂ ਆਪਣੀ ਬਾਂਹ ਲੱਖਾਂ ਯੋਜਨ ਲੰਮੀ
ਕਰਕੇ ਤੇਰੇ  ਵਾਲ਼ ਛੋਹ ਲੈਂਦਾ ਹਾਂ ਤੇ
ਲਹਿਰ ਲਹਿਰ ਹੋ ਜਾਂਦਾ ਹਾਂ

—

ਤੇਰਾ ਸੁਪਨਾ

ਜੇ ਤੈਨੂੰ ਤੇਰਾ ਸੁਪਨਾ ਭੁਲ ਗਿਆ ਹੈ
ਤਾਂ ਚਿੰਤਾ ਨਾ ਕਰ
ਮੈਂ ਆਪਣੀਆਂ ਅੱਖਾਂ ਨਾਲ਼
ਤੇਰਾ ਸੁਪਨਾ ਦੇਖ ਲਿਆ ਸੀ

ਜੋ ਅਕਾਰ ਤੇਰੇ ਸਾਹਮਣੇ
ਫੁੱਲਾਂ ਦਾ ਗੁਲਦਸਤਾ ਲਈ ਖੜਾ ਸੀ
ਉਹ ਮੈਂ ਨਹੀਂ ਸਾਂ
ਜੋ ਉਂਗਲਾਂ ਤੇਰੇ ਲੰਮੇ ਕੇਸਾਂ ਵਿਚ
ਫਿਰ ਰਹੀਆਂ ਸਨ
ਉਹ ਮੇਰੀਆਂ ਨਹੀਂ ਸਨ

ਜੋ ਛਤਰੀ ਅਚਾਨਕ
ਤੇਰੇ ਹਥੋਂ ਛੁੱਟ ਕੇ ਅਸਮਾਨ ਵਿਚ
ਅਲੋਪ ਹੋ ਗਈ ਸੀ
ਉਹ ਮੈਂ ਸਾਂ

ਤੂੰ ਨਿਰਵਸਤਰ ਹੋ
ਸੁਤੰਤਰਤਾ ਦੀ ਵਰਖਾ ਵਿਚ ਤੁਰੇਂ
ਹੱਸੇਂ ਨੱਸੇਂ ਤਿਲ੍ਹਕੇਂ ਅਤੇ ਤਿਲ੍ਹਕਦੀ ਦੀ
ਤੇਰੀ ਅੱਖ ਖੁਲੇ
ਮੈਂ ਤਾਂ ਏਹੋ ਚਾਹਿਆ ਸੀ

—

ਦੋਵੇਂ ਹਥ ਲੈ ਲਾ

ਤੂੰ ਮੇਰੇ ਦੋਵੇਂ ਹਥ ਲੈ ਲਾ
ਇਹਨਾਂ ਦੇ ਅੱਠ ਪੈਰ ਬਣਾ ਦੇ
ਤੇ ਉਸ ਮਕੜੀ ਦੇ ਲਾ ਦੇ
ਜਿਸ ਉਤੇ ਮੈਥੋਂ ਗਰਮ ਪਾਣੀ
ਡੁਲ੍ਹ ਗਿਆ ਸੀ
ਅਪਾਹਜ ਮਕੜੀ ਰੋੜ ਵਾਂਗ
ਚੁਪ ਵਿਚ ਗੁਛਾ ਮੁਛਾ
ਹੋਈ ਬੈਠੀ ਹੈ

ਮੈਂ ਆਪਣਾ ਕੁਹਜ ਕੁੜਤੇ ਦੀਆਂ
ਲੰਮੀਆਂ ਬਾਹਾਂ ਵਿਚ ਢਕ ਲਵਾਂਗਾ
ਆਪਣਾ ਅਧੂਰਾ ਚਿਤਰ
ਮੂੰਹ ਵਿਚ ਬੁਰਸ਼ ਫੜ ਕੇ
ਪੂਰਾ ਕਰ ਲਵਾਂਗਾ
ਪਰ ਮੇਰੇ ਦੋਵੇਂ ਹਥ ਲੈ ਲਾ

ਜੇ ਮਕੜੀ ਗੁੰਮ ਸੁੰਮ ਉਸੇ ਤਰਾਂ
ਬੈਠੀ ਰਹੀ ਤਾਂ
ਮਰ ਜਾਵੇਗੀ ਮਰ ਕੇ
ਮੇਰੀ ਰੂਹ ਵਿਚ ਜਾਲ਼ਾ ਜਾ ਬੁਣੇਗੀ
ਚੁਰਾਸੀ ਲੱਖ ਜੂਨਾਂ ਮੇਰੇ ਨਾਲ਼
ਸਫਰ ਕਰੇਗੀ

—

ਹਜਾਰਾ ਸਿਹੁੰ

ਹਜਾਰਾ ਸਿਹੁੰ ਨੂੰ ਸ਼ਬਦ ਹਜਾਰੇ
ਮੂੰਹ ਜ਼ੁਬਾਨੀ ਯਾਦ ਹਨ
ਸ਼ਾਮ ਦੇ ਚਾਰ ਵਜਦੇ ਹਨ ਤਾਂ
ਸ਼ਬਦ ਹਜਾਰਿਆਂ ਦੇ ਸ਼ਬਦ
ਸਹਿਜ ਭਾਅ ਹੀ
ਉਸਦੀ ਰਸਨਾ ਤੇ ਅੰਮ੍ਰਿਤ ਦੀਆਂ
ਬੂੰਦਾਂ ਵਾਂਗ ਉਤਰਨ ਲੱਗ
ਪੈਂਦੇ ਹਨ:
ਮੇਰਾ ਮਨ ਲੋਚੇ ਗੁਰ ਦਰਸਨ ਤਾਈਂ
ਬਿਲਪ ਕਰ ਚਾਤ੍ਰਿਕ ਕੀ ਨਿਆਈਂ
ਤ੍ਰਿਖਾ ਨਾ ਉਤਰੈ ਸਾਂਤਿ ਨਾ ਆਵੈ
ਬਿਨੁ ਦਰਸਨ ਸੰਤ ਪਿਆਰੇ ਜੀਉ
ਪਰ ਉਸਦੇ
ਆਪਣੇ ਹੀ ਬੋਲਾਂ ਦਾ ਸੰਗੀਤ
ਸ਼ਬਦਾਂ ਦਾ ਰਹੱਸ, ਮਨ ਦੇ
ਪਰਦੇ ਉਤੇ ਉਪਜਦੇ ਬਿਨਸਦੇ ਬਿੰਬ
ਪਲਾਂ ਵਿਚ ਉਸ ਤੇ ਜਾਦੂ ਧੂੜ ਦਿੰਦੇ ਹਨ
ਤੇ ਖੁਮਾਰ ਵਿਚ ਮਦਹੋਸ਼ ਕਰ ਦਿੰਦੇ ਹਨ
ਸੁਰਤ ਸ਼ਬਦਾਂ ਨਾਲ਼ ਜੁੜ ਜਾਂਦੀ ਹੈ
(ਉਸ ਅੰਦਰ ਗੁਰੂ ਅਰਜਨ ਦੇਵ ਦਾ ਨੂਰਾਨੀ ਚਿਹਰਾ
ਉਦੇ ਹੁੰਦਾ ਹੈ ਤੇ ਫੇਰ ਪੀਹੂੰ ਪੀਹੂੰ ਕਰਦਾ ਰੁਖ ਤੇ
ਬੈਠਾ ਪਪੀਹਾ ਦਿਸਦਾ ਹੈ ਜਿਸਨੂੰ ਉਸਨੇ ਜ਼ਿੰਦਗੀ ਵਿਚ
ਕਦੇ ਨਹੀਂ ਵੇਖਿਆ
ਹਜਾਰਾ ਸਿਹੁੰ ਅਕਸਰ ਹੈਰਾਨ
ਹੁੰਦਾ ਹੈ ਕਿ ਉਸਦਾ ਬੋਲ ਕਿੰਨਾ ਖਰ੍ਹਵਾ ਹੈ ਤੇ ਪਾਠ
ਕਰਨ ਵੇਲੇ ਕਿੰਨਾ ਮਿਠਾ ਨਿਕਲਦਾ ਹੈ)

ਪਾਠ ਦੀ ਲੈਅ ਵਿਚ ਬੱਧੇ
ਹਜਾਰਾ ਸਿੰਘ ਦਾ ਮਨ ਅਚਿੰਤੇ ਹੀ
ਮੁਕਤ ਹੋ ਜਾਂਦਾ ਹੈ
ਸਿਮਰਨ ਵੇਲੇ ਸੋਚਣ ਦੀ ਤਾਂ
ਲੋੜ ਨਹੀਂ ਤੇ ਨਾਂ ਹੀ  ਕੁਝ ਸੋਚਣਾ
ਚਾਹੀਦਾ ਹੈ,
ਕੇਵਲ ਉਸ ਇਕ ਸੱਚੇ ਨਾਲ਼ ਲਿਵ ਲਗਣੀ
ਚਾਹੀਦੀ ਹੈ
ਪਰ ਮਨੁਖੀ ਮਨ!
ਇਹ ਤਾਂ ਬਣਿਆ ਹੀ ਸੋਚਣ ਲਈ ਹੈ
ਇਹ ਦਾ ਕੋਈ ਕੀ ਕਰੇ
ਵਡੇ ਵਡੇ ਸਿੱਧ ਪੀਰ ਫਕੀਰ,
ਮਨ ਨੂੰ ਸੋਚ-ਮੁਕਤ ਕਰਨ ਲਈ
ਵਾਹ ਲਾ ਥੱਕੇ, ਜੋਗੀਆਂ ਦੇ ਸਿਰਤਾਜ ਜੋਗੀ
ਗੋਰਖਨਾਥ ਨੇ
ਇਸਤਰੀਆਂ ਦਾ ਆਪਣੇ ਟਿਲੇ ਤੇ ਆਉਣਾ
ਬੰਦ ਕਰ ਦਿਤਾ ਪਰ ਉਹ ਕੀ ਜਾਣਦਾ ਸੀ ਉਸਦੇ
ਚੇਲਿਆਂ ਦੇ ਮਨ ਸਮਾਧੀ ਵੇਲੇ ਕਿਧਰ ਭਟਕਦੇ
ਫਿਰਦੇ ਹਨ ਤੇ ਕੌਣ ਜਾਣਦਾ ਸੀ ਗੋਰਖਨਾਥ ਦੀ
ਆਪਣੀ ਸਮਾਧੀ ਵਿਚ ਰਾਣੀ ਸੁੰਦਰਾਂ ਦਾ ਮੂੰਹ ਕਿੰਨੀ
ਵਾਰ ਉਜਾਗਰ ਹੁੰਦਾ ਸੀ

ਤੇ ਹਜਾਰਾ ਸਿੰਘ ਵਿਚਾਰਾ ਕੀ ਚੀਜ ਸੀ
ਉਸਨੂੰ ਪਤਾ ਵੀ ਨਾ ਲੱਗਾ ਕਦੋਂ ਉਸ ਦਾ ਮਨ
ਕਲ੍ਹ ਤਾਰੇ ਨਾਲ਼ ਹੋਈਆਂ ਗਲਾਂ ਵਿਚ
ਉਲਝ ਗਿਆ:
ਜੇ ਦਾਤੇ ਦੀ ਮਿਹਰ ਹੋ ਜੇ, ਤਾਰੇ ਦੇ ਮੁੰਡੇ ਨਾਲ਼
ਗੱਲ ਪੱਕੀ ਹੋ ਜੇ, ਕੁੜੀ ਸੁਰਗਾਂ ਚ ਜਾ ਪਵੇ,

ਮੁੰਡਾ ਬਾਹਰੋਂ ਆਇਆ, ਬਣਦਾ ਤਣਦੈ,
ਘਰ ਬਾਰ, ਰਿਸਤੇਦਾਰੀਆਂ  ਕਿਸੇ ਚੀਜ ਦੀ
ਕਸਰ ਨੀ, ਨਾਲ਼ੇ ਸਰੀਕਾਂ ਕੰਜਰਾਂ ਨੂੰ ਵੀ ਪਤਾ ਲਗ ਜੂ
ਇਕ ਵਾਰੀ ਤਾਂ, ਗੱਲਾਂ ਬਣੌਂਦੇ ਫਿਰਦੇ ਐ
ਗੁਰੂ ਸੱਚੇ ਪਾਤਸ਼ਾਹ
ਕਾਰਜ ਸਿਰੇ ਚਾੜ੍ਹ ਦੇ ਇਕ ਵਾਰ ਬੱਸ਼
ਗੁਰੂ ਦਾ ਸ਼ਬਦ ਮੂੰਹ ਚ ਆਂਉਦੇ ਹੀ ਉਸਨੂੰ
ਖਿਆਲ ਆਇਆ
ਉਹ ਤਾਂ ਪਾਠ ਕਰ ਰਿਹਾ ਹੈ,
ਉਹ ਤੇਰੇ ਦੀ! ਉਸਨੇ ਮਨ ਨੂੰ ਕੋਸਿਆ
ਸੋਚਿਆ,
ਗੁਰੂ ਕਿਤੇ ਕਰੋਪ ਈ ਨਾ ਹੋ ਜਾਵੇ,
ਰਿਸ਼ਤੇ ਦੀ ਗੱਲ ਵਿਚੇ ਈ ਨਾ ਰਹਿ ਜਾਵੇ
ਫਿਟੇ ਮੂੰਹ ਤੇਰਾ ਹਜਾਰਾ ਸਿਹਾਂ!
ਉਹਨੇ ਧਿਆਨ ਫੇਰ ਪਾਠ ਵਲ
ਮੋੜਿਆ:
ਕਾਇਆ ਰੰਗਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ
ਰੰਗਣਿ ਵਾਲਾ ਜੇ ਰੰਗੈ ਸਾਹਿਬੁ ਐਸਾ ਰੰਗ ਨਾ ਡੀਠ
ਜਿਨਕੇ ਚੋਲੇ ਰੱਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ

ਉਂਜ ਹਜਾਰਾ ਸਿਹੁੰ ਨੂੰ ਅੰਦਰੇ ਅੰਦਰ ਪਤਾ ਸੀ
ਉਸਦੀ ਧੀ ਉਤੇ ਅੰਤਾਂ ਦਾ ਰੂਪ ਸੀ
ਤੇ ਕਹਿਰ ਦੀ ਜੁਆਨੀ
ਤਾਹੀਏਂ ਤਾਂ
ਤਾਰੇ ਦਾ ਮੁੰਡਾ ਝੱਟ ਰਿਸ਼ਤੇ ਲਈ ਤਿਆਰ ਹੋ ਗਿਆ
ਨਹੀਂ ਤਾਂ ਹਜਾਰਾ ਸਿਹੁੰ ਕੀਹਦੇ ਪਾਣੀਹਾਰ ਸੀ

ਉਸਦੇ ਮਨ ਵਿਚ
ਆਪਣੀ ਧੀ ਦਾ ਚਿਹਰਾ
ਅਚਿੰਤੇ ਹੀ ਉਜਾਗਰ ਹੋ ਗਿਆ
ਜਿਸਦੀਆਂ ਗਲ੍ਹਾਂ
ਹੱਸਣ ਵੇਲੇ ਉਨਾਬੀ ਹੋ ਜਾਂਦੀਆਂ ਸਨ
ਚੁੱਪ ਕਰਨ ਵੇਲੇ ਬਿਸਕੁਟੀ
ਤੇ ਬਿਸਕੁਟੀ ਰੰਗ ਹੀ ਸੀ
ਤਾਰੇ ਦੀ ਵਹੁਟੀ, ਰੂਬੀ, ਦਾ ਜੋ ਤਾਰੇ ਨਾਲ਼
ਹਜਾਰਾ ਸਿਹੁੰ ਦੀ ਧੀ ਨੂੰ ਵੇਖਣ ਆਈ ਸੀ
ਕਿੰਨੀ ਜੁਆਨ ਪਈ ਐ ਅਜੇ, ਹਜਾਰਾ ਸਿਹੁੰ ਨੇ ਸੋਚਿਆ,
ਬਾਹਰਲੇ ਮੁਲਕਾਂ ਚ ਖੁਰਾਕ ਈ ਕਹਿੰਦੇ ਬਹੁਤ ਐ,
ਤੇ ਉਸਦੇ ਮਨ ਦੀਆਂ ਅੱਖਾਂ
ਰੋਕਦੇ ਰੋਕਦੇ ਵੀ ਰੂਬੀ ਦੀ ਸੱਜੀ ਲੱਤ ਤੇ ਜਾ ਪਈਆਂ,
ਜੋ ਪਿੰਜਣੀ ਤੱਕ ਨੰਗੀ ਸੀ

ਉਸ ਸਮੇ ਤਾਂ ਹਜਾਰਾ ਸਿਹੁੰ ਨੇ ਚੋਰੀ
ਛਿਣ ਭਰ ਹੀ ਨਜ਼ਰ ਮਾਰੀ ਸੀ,
ਪਰ ਹੁਣ ਤਾਂ ਉਸਦੀ ਕਲਪਨਾ ਪੂਰੀ ਅਜਾਦ ਸੀ
ਉਸਨੇ ਨਿਝੱਕ ਲੱਤ ਨੂੰ ਹਥ ਲਾ ਦਿਤਾ
ਝੁਣਝਣੀ ਦਾ ਇਕ ਹੜ੍ਹ ਉਸਦੇ ਸਾਰ ਪਾਰ ਹੋ ਗਿਆ
ਹਜਾਰਾ ਸਿੰਘ ਤ੍ਰਭਕਿਆ, ਜਾਗਿਆ,
ਮੂੰਹ ਉਹਦਾ ਅਜੇ ਵੀ
ਉਚੀ ਉਚੀ ਪਾਠ ਕਰ ਰਿਹਾ ਸੀ
ਹੈ, ਤੇਰੇ ਦੀ! ਹਜਾਰਾ ਸਿੰਘ ਅਟਕਿਆ,
ਕੀ ਦਾ ਕੀ
ਸੋਚੀ ਜਾਨੈ ਪਾਪੀਆ, ਬਾਣੀ ਵਿਚ
ਧਿਆਨ ਕਿਉਂ ਨੀ ਜੋੜਦਾ ਦੁਸ਼ਟਾ

ਓਦੋਂ ਲਗੂ ਪਤਾ
ਜਦੋਂ ਓਸ ਸਗਤੇ ਨੇ ਪੁੱਠਾ ਚੱਕ ਚੱਕ
ਧਰਤੀ ਤੇ ਮਾਰਿਆ
ਹਜਾਰਾ ਸਿਹੁੰ ਨੇ ਜੋਰ ਲਾ ਕੇ ਧਿਆਨ
ਫੇਰ ਮੋੜਿਆ
ਪਾਠ ਅੱਗੇ ਤੋਰਿਆ:
ਅੰਧੁਲਾ ਨੀਚ ਜਾਤਿ ਪਰਦੇਸੀ
ਖਿਨੁ ਆਵੈ ਤਿਲ ਜਾਵੈ
ਤਾਕੀ ਸੰਗਤਿ ਨਾਨਕੁ ਰਹਦਾ
ਕਿਉ ਕਰਿ ਮੂੜਾ ਪਾਵੈ

—

ਦੋਹਰੇ

ਜੇ ਸੁਫਨੇ ਤੂੰ ਮਾਰ ਲੇ ਠੰਢੇ ਜਲ ਵਿਚ ਡੋਬ
ਔਖਾ ਹੋ ਜੂ ਚੁੱਕਣਾ ਸਿਰ ਆਪਣੇ ਦਾ ਬੋਝ

ਜੇ ਉਸਤਤ ਨਾ ਕਰ ਸਕੇਂ ਮੰਦਾ ਬੋਲ ਨਾ ਬੋਲ
ਮੰਦਾ ਚੰਗਾ ਅੰਤ ਨੂੰ ਪੈਣਾ ਤੇਰੀ ਝੋਲ਼

ਤੂੰ ਕਿਸ ਦੀ ਰਾਹ ਵੇਖਦੀ ਜਾਗੀ ਸਾਰੀ ਰਾਤ
ਸੁਪਨਾ ਨੀਂਦ ਉਡੀਕਦਾ ਕਰ ਗਿਆ ਆਤਮਘਾਤ

ਭੇਦ ਨਾ ਖੁੱਲ੍ਹੇ ਕਦੇ ਜੋ ਆਖਿਰ ਜਾਂਦਾ ਮਿਟ
ਬੰੰਦ ਨਾ ਹੋ ਕਿ ਦਿਸੇ ਨਾ ਕੁਝ ਵੀ ਤੇਰੇ ਵਿਚ

ਭੁਲ ਕੇ ਜੂਠਾ ਪੀ ਲਿਆ ਨਾ ਕਰ ਦਿਲ ਦਿਲਗੀਰ
ਤੇਰੀ ਅੱਖ ਚ ਆਣ ਕੇ ਸੁੱਚਾ ਹੋ ਗਿਆ ਨੀਰ

ਰਿਸ਼ਤਾ ਸੱਚੇ ਪਿਆਰ ਦਾ ਪਾਣੀ ਕੋਲੋਂ ਸਿੱਖ
ਜਿਸ ਭਾਂਡੇ ਵਿਚ ਗੰਧਲੇ ਨਿੱਤਰੇ ਓਸੇ ਵਿਚ

ਕੱਠੇ ਰਹਿ ਕੇ ਛੱਡ ਗੇ ਕੁੱਤਾ ਬਿੱਲੀ ਵੈਰ
ਨਰ ਨਾਰੀ ਕਿਉਂ ਹੋ ਗਏ ਇਕ ਦੂਜੇ ਤੋਂ ਗੈਰ

ਇਕ ਆਪਣਾ ਨੌਂ ਕਿਸੇ ਦੇ ਦਸਾਂ ਨੌਹਾਂ ਦੀ ਕਿਰਤ
ਜੇ ਤੂੰ ਸਾਰੀ ਸਾਂਭ ਲੀ ਚੋਰਾਂ ਦਾ ਤੂੰ ਮਿੱਤ

ਬੂੰਦ ਕਿਸੇ ਦੇ ਖੂਨ ਦੀ ਮੈਂ ਵਿਚ ਮਿਲੀ ਜ਼ਰੂਰ
ਜਾਮ ਭਿੜਾਏ ਖੁਸ਼ੀ ਨਾਂ ਹੋ ਗਏ ਚਕਨਾਚੂਰ

ਅੱਧ ਅਸਮਾਨੋਂ ਡਿੱਗਿਆ ਅਟਕਿਆ ਵਿਚ ਖਜੂਰ
ਹੌਲੀ ਹੌਲੀ ਉਤਰ ਪਾ ਬਹਿ ਟੀਸੀ ਨਾ ਝੁਰ

ਟਪਦਾ ਸੂਏ ਕੱਸੀਆਂ ਗਿਆ ਸਮੁੰਦਰ ਟੱਪ
ਵੱਡੀ ਛਾਲ ਜੇ ਮਾਰੀਏ ਵੱਡੀ ਲਗਦੀ ਸੱਟ

ਪਹਿਲੀ ਮਿਲ਼ਣੀ ਰੱਖ ਲੇ ਅੱਖਾਂ ਉਤੇ ਹੱਥ
ਅੱਖਾਂ ਤਲ਼ੀਆਂ ਪਾੜ ਕੇ ਲਿਆ ਸੱਜਣ ਨੂੰ ਤੱਕ

ਸੋਨਾ ਕੰਤੀ ਜਸ ਮਿਲੇ ਫਿਰ ਵੀ ਖੁੱਲ੍ਹੇ ਹਥ
ਬਹਿ ਅਜਮੇਰਾ ਸੋਚ ਤੂੰ ਕੀ ਹੈ ਤੇਰਾ ਸੱਚ

ਦਾਹੜੀ ਮੁੱਛਾਂ ਭਿੱਜੀਆਂ ਬਰਫ ਚ ਖੁੱਭੀ ਲੱਤ
ਲੋਕੀਂ ਆਖਣ ਜਾ ਪਿਆ ਸੁਰਗਾਂ ਦੇ ਵਿਚ ਜੱਟ

ਪੰਜ ਦਿਨ ਨੱਸਿਆ ਕੰਮ ਨੂੰ ਛੇਵੇਂ ਦਿਨ ਸਟੋਰ
ਸੱਤਵਾਂ ਕੱਢਿਆ ਝੂਰ ਕੇ ਮੈਂ ਬੰਦਾ ਨਾ ਢੋਰ

ਮਾਂ ਦਾ ਬੂਹਾ ਖੋਲ੍ਹਿਆ ਵਰ੍ਹਿਆਂ ਪਿੱਛੋਂ ਆਣ
ਹੱਡੀਆਂ ਦੀ ਮੁੱਠ ਸ੍ਹਾਮਣੇ ਖੁੱਲੀ੍ਹ ਪੋਥੀ ਵਾਂਗ

ਬੁੱਕਲ਼ ਦੇ ਵਿਚ ਲੈ ਲਿਆ ਨਿੱਕਾ ਟਾਪੂ ਵੇਖ
ਟਾਪੂ ਕਹੇ ਮੈਂ ਡੁੱਬਿਆ ਚੜ੍ਹੇ ਸਮੁੰਦਰ ਹੇਠ

ਬਰਫ ਦੇ ਫੁੱਲਾਂ ਹੇਠ ਸੀ ਛੁਪਿਆ ਤੇਰਾ ਪਿਆਰ
ਵਿਥਿਆ ਸਾਰੀ ਕਹਿ ਗਿਆ ਹੌਕਾ ਠੰਢਾ ਠਾਰ

ਜਲ ਸੀ ਪਾਉਣਾ ਫੁੱਲ ਨੂੰ ਪਾਇਆ ਵਿਚ ਸ਼ਰਾਬ
ਰੁੱਸ ਕੇ ਭੁੰਜੇ ਡਿਗਿਆ ਸੂਹਾ ਫੁੱਲ ਗੁਲਾਬ

ਨਸ਼ਤਰ ਖੁੰਢਾ ਹੋ ਗਿਆ ਉਂਗਲਾਂ ਗਈਆਂ ਹੰਭ
ਤਿਲ ਤਿਲ ਗੰਢਾ ਕੱਟਿਆ ਕੱਟ ਨਾ ਸਕਿਆ ਗੰਧ

ਵਿਚ ਬਿਨੰਤੀ ਜੁੜ ਗਏ ਸਦਾ ਲਈ ਜੇ ਹਥ
ਤੂੰ ਅਜਮੇਰਾ ਰਹੇਂਗਾ ਖਾਲੀ ਹਥ ਮਨੁੱਖ

ਕਦ ਤੱਕ ਬੱਤੀ ਮੋਮ ਦੀ ਨਿਭਣੀ ਤੇਰੇ ਨਾਲ਼
ਤੂੰ ਅਜਮੇਰਾ ਤਲ਼ੀ ਤੇ ਲਾਟ ਗੁਲਾਬੀ ਬਾਲ਼

—

ਮਨੁੱਖ ਤੇ ਵਿਸ਼ਵਾਸ਼

ਇਸ ਪੰਛੀ ਨੇ ਮਨੁੱਖ ਤੇ
ਵਿਸ਼ਵਾਸ਼ ਕਰ ਲਿਆ ਹੈ
ਇਸ ਦਾ ਕੀ ਬਣੇਗਾ

ਮੈਂ ਤਾਂ ਐਵੇਂ ਸ਼ੁਗਲ ਵਜੋਂ
ਤਲ਼ੀ ਉਤੇ
ਮੂੰਗੀ ਦੇ ਦਾਣੇ ਰੱਖ ਕੇ
ਉਸ ਵਲ ਵਧਾਏ ਸਨ
ਪੰਛੀ ਨੇ ਕੋਲ਼ ਆ ਕੇ ਚੁੰਝ ਭਰ ਲਈ

ਪੰਛੀ ਨੂੰ ਕਿਵੇਂ ਸਮਝਾਵਾਂ ਕਿ
ਮਨੁੱਖ ਉਤੇ ਤਾਂ ਮਨੁੱਖ ਨੂੰ ਆਪ
ਭਰੋਸਾ ਨਹੀਂ ਰਿਹਾ
ਮਨੁੱਖ ਨੂੰ ਤਾਂ ਆਪਣੇ ਆਪ ਤੇ ਵੀ
ਭਰੋਸਾ ਨੀ ਰਿਹਾ
ਤੂੰ ਮੇਰੇ ਉਤੇ ਐਨਾ ਭਰੋਸਾ ਕਿਉਂ
ਕਰ ਲਿਆ

ਮੈਂ ਦਾਲ਼ ਲੈਣ ਜਾਂਦਾ ਹਾਂ
ਤਾਂ ਸ਼ੰਕਾ ਕਰਦਾ ਹਾਂ
ਕਿ ਇਸ ਵਿਚ ਰੋੜ
ਨਾ ਹੋਣ, ਦੁਕਾਨਦਾਰ ਨੇ ਇਸ ਵਿਚ
ਮਿਲਾਵਟ ਨਾ ਭਰ ਦਿਤੀ ਹੋਵੇ
ਫਲ਼ ਲੈਣ ਜਾਂਦਾ ਹਾਂ
ਤਾਂ ਡਰ ਹੈ

ਇਹਨਾਂ ਉਤੇ ਦਵਾਈਆਂ  ਨਾ
ਛਿੜਕੀਆਂ ਹੋਣ

ਸੇਲ ਤੇ ਲੱਗਾ ਕੋਟ ਖਰੀਦਣ ਨੂੰ
ਦਿਲ ਕਰਦਾ ਹੈ
ਤਾਂ ਮਨ ਕਹਿੰਦਾ ਹੈ, ਠਹਿਰ! ਇਸ ਵਿਚ
ਕੋਈ ਚਲਾਕੀ ਲਗਦੀ ਹੈ

ਘਰ ਲੈਣ ਲਗਦਾ ਹਾਂ ਤਾਂ
ਅੰਦਰੇ ਅੰਦਰ ਕਹਿਦਾ ਹਾਂ:
ਏਜੰਟ ਕਿੰਨਾ ਝੂਠ ਬੋਲ ਰਿਹਾ  ਹੈ
ਘਰ ਆ ਕੇ ਸੋਚਦਾ ਹਾਂ,
ਮੈਂ ਏਜੰਟ ਨੂੰ ਕਿੰਨਾ ਝੂਠ ਦੱਸਿਆ:
ਜਿੰਨੀ ਉਸ ਨੇ ਅਸਲ ਕੀਮਤ ਤੋਂ
ਵਧਾ ਕੇ ਦੱਸੀ ਮੈਂ ਆਪਣੀ ਪੇਸ਼ਕਸ਼
ਉਨੀ ਹੀ ਅਸਲ ਤੋਂ ਘਟਾ ਕੇ ਦੱਸੀ
ਤੇ ਇਹ ਗੁਰਦਵਾਰੇ ਵਿਚ ਬੈਠੇ
ਭਜਨ ਬੰਦਗੀ ਕਰ ਰਹੇ ਬੰਦੇ !
ਕੀ ਪਤਾ
ਕਦੋਂ ਨੰਗੀਆਂ ਕਿਰਪਾਨਾਂ ਕਢ ਲੈਣ
ਤੇ ਲੋਕਾਂ ਦੇ ਵਿਸ਼ਵਾਸ਼ ਨੂੰ
ਟੋਟੇ ਟੋਟੇ ਕਰ ਦੇਣ
ਪੰਛੀ ਨੂੰ ਕਿਵੇਂ ਸਮਝਾਵਾਂ
ਮੈਨੂੰ ਤਾਂ ਇਹ ਵੀ ਭਰੋਸਾ ਨਹੀਂ
ਕਿ ਅਜ ਜੋ ਮੇਰਾ ਸਚ ਹੈ
ਕਲ੍ਹ ਨੂੰ ਇਹ ਸਚ ਰਹੇਗਾ

ਜਾਂ ਨਹੀਂ ਰਹੇਗਾ
ਅਜ ਜੋ ਮੇਰਾ ਮਿਤਰ ਹੈ
ਕਲ੍ਹ ਨੂੰ
ਰਹੇਗਾ ਜਾਂ ਨਹੀਂ ਰਹੇਗਾ

ਜਿਸ ਨੇ ਮੇਰੇ ਤੇ
ਐਨਾ ਵਿਸ਼ਵਾਸ਼ ਕਰ ਲਿਆ
ਕੀ ਬਣੇਗਾ ਇਸ ਪੰਛੀ ਦਾ

—
ਜਦੋਂ ਜੰਗ ਨਹੀਂ ਹੁੰਦੀ

ਜਦੋਂ ਜੰਗ ਨਹੀਂ ਹੁੰਦੀ
ਜਦੋਂ ਕਾਲ਼ ਨਹੀਂ ਪੈਂਦਾ
ਜਦੋਂ ਵਬਾ ਨਹੀਂ ਫੈਲਦੀ
ਲੋਕ ਫਿਰ ਵੀ ਮਰਦੇ ਹਨ
ਸੋਚਦਿਆਂ,
ਚਲੋ ਹੋਰ ਹੁਣ ਜਿਉਂ ਕੇ ਵੀ ਕੀ ਕਰਨਾ ਸੀ

ਜਦੋਂ ਕੋਈ ਖ਼ਬਰਨਵੀਸ
ਨਹੀਂ ਪੁਜਦਾ
ਕੋਈ ਟੀਵੀ ਕੈਮਰਾ
ਨਹੀਂ ਆਉਂਦਾ
ਲੋਕ ਫਿਰ ਵੀ ਮਰਦੇ ਹਨ
ਸੋਚਦਿਆਂ,
ਪੌਣ ਉਹਨਾਂ ਦੇ ਮਰਨ ਦੀ ਖ਼ਬਰ ਆਪੇ ਖਿੰਡਾ ਦੇਵੇਗੀ

ਜਦੋਂ ਲੋਕ
ਭੁੱਖੇ ਹੁੰਦੇ ਹਨ
ਅੱਖਾਂ ਆਖਰੀ ਵਾਰ
ਮਿਚ ਰਹੀਆਂ ਹੁੰਦੀਆਂ ਹਨ
ਓਦੋਂ ਵੀ ਉਹ ਕੋਲ ਖੜ੍ਹੇ ਪੋਹਲੀ ਦੇ
ਪੌਦੇ ਵਲ ਵੇਖਦੇ ਹਨ
ਤੇ ਸੋਚਦੇ ਹਨ
ਪੀਲੇ ਫੁੱਲ ਕਿੰਨੇ ਸੁੰਦਰ ਹਨ

ਜਦੋਂ ਕੋਈ ਖੱਬੇ ਨਹੀਂ ਹੁੰਦਾ
ਸੱਜੇ ਨਹੀਂ ਹੁੰਦਾ
ਲੋਕ ਫੇਰ ਵੀ ਬਿਸਤਰ ਦੇ
ਇਕ ਪਾਸੇ ਹੋ ਕੇ ਪੈਂਦੇ ਹਨ
ਕਿ ਸ਼ਾਇਦ ਕੋਈ ਅਕਾਰਣ ਹੀ
ਆ ਕੇ ਨਾਲ਼ ਪੈ ਜਾਵੇ
ਤੇ ਉਹ ਮਰਨ ਤੋਂ ਪਹਿਲਾਂ
ਇਕ ਵਾਰ ਪਿਆਰ ਕਰ ਕੇ ਵੇਖ ਲੈਣ

—
ਪ੍ਰਣਾਮ ਹਿਰਨ ਦਾ

ਮਰਦੇ ਹਿਰਨ ਨੇ ਰਾਮਚੰਦਰ ਨੂੰ
ਪ੍ਰਣਾਮ ਕੀਤਾ ਤੇ ਦਮ ਤੋੜ ਦਿਤਾ

ਰਾਮਚੰਦਰ ਨੇ ਹਿਰਨ ਦੇ ਮੋਟੇ ਨੈਣਾਂ ਵਿਚ
ਤੱਕਿਆ ਤੇ ਕਿਹਾ
ਹੇ ਮਿਰਗ ਮੈਂ ਤੇਰੀ ਮੁਕਤੀ ਕਰ ਦਿਤੀ ਹੈ
ਹੁਣ ਤੂੰ ਆਪਣੀਆਂ ਅੱਖਾਂ ਬੰਦ ਕਰ ਲੈ

ਮੇਰੇ ਇਸ ਸਰੀਰ ਵਾਂਗ
ਤੇਰਾ ਸਰੀਰ ਵੀ ਮਾਇਆ ਸੀ
ਤੂੰ ਮਾਇਆ ਜਾਲ਼ ਤੋਂ ਸੁਰਖਰੂ ਹੋ ਗਿਆ ਹੈਂ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ

ਹੇ ਮਿਰਗ ਇਹ ਮੇਰੀ ਪ੍ਰਿਆ ਸੀਤਾ ਸੀ ਇੱਛਾ ਸੀ
ਕਿ ਮੈਂ ਤੇਰਾ ਸੁੰਦਰ ਸਰੀਰ ਉਸ ਦੀ ਭੇਟਾ ਕਰਾਂ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ

ਹੇ ਮਿਰਗ ਮੈਂ ਤੈਨੂੰ ਉਚਤਮ ਮਨੁੱਖਾ ਜੂਨੀ
ਵਿਚ ਪਾ ਦੇਵਾਂਗਾ ਤੈਨੂੰ ਦੇਵਰਾਜ ਇੰਦਰ ਦੇ
ਸਿੰਘਾਸਣ ਤੇ ਬਿਠਾ ਦੇਵਾਂਗਾ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ

ਹੇ ਮਿਰਗ ਮੈਂ ਆਖਰੀ ਵਾਰ
ਇਸ ਧਰਤੀ ਤੇ ਆਇਆ ਹਾਂ
ਮੈਂ ਕਿਸੇ ਹੋਰ ਯੁਗ ਵਿਚ ਤੇਰੇ ਨੈਣ
ਬੰਦ ਕਰਨ ਨਹੀਂ ਆਵਾਂਗਾ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ

ਹਿਰਨ ਖੁਲ੍ਹੀਆਂ ਅੱਖਾਂ ਨਾਲ਼
ਉਸੇ ਤਰਾਂ ਪਿਆ ਰਿਹਾ
ਹਰੇ ਕਚੂਰ ਘਾਹ ਦੀ ਤਿੜ
ਮੁੜ ਮੁੜ
ਉਸ ਦੇ ਗੁਲਾਬੀ ਹੋਠਾਂ ਨੂੰ ਛੋਂਹਦੀ ਰਹੀ
—
ਗ੍ਰੰਥ ਵਿਚ ਉਕਤੀ

ਇਕ ਉਕਤੀ ਹੈ
ਚੁੱਪ !!!
ਕਿਸੇ ਨੇ ਜੋਰ ਦੀ ਕਿਹਾ
ਉਹ ਚੁੱਪ ਹੋ ਗਿਆ
ਤੇ ਬਾਕੀ ਦੀ ਉਮਰ
ਆਪਣੇ ਆਪ ਨਾਲ਼
ਉਚੀ ਉਚੀ ਲੜਦਾ ਰਿਹਾ
—

ਸੰਸਾ
ਸੰਸਾ ਆਵੇ ਕਦੇ ਕਦੇ
ਮਨ ਦੀ ਮੰਜੀ ਬੈਠੇ
ਧੀਮਾ ਧੀਮਾ ਬੋਲੇ
ਕੱਕੇ ਰੇਤੇ ਵਾਂਗ ਕਿਰੇ
ਜਿੰਨਾ ਚਿਰ ਮੇਰੇ ਨਾਲ਼ ਰਹੇ
ਠੰਢੀ ਠੰਢੀ ਰਿਵੀ ਵਗੇ

ਪਤਾ ਨਾ ਲਗੇ ਕਿਸ ਪਲ ਅੰਦਰ
ਇਕ ਦੂਜੇ ਦਾ ਹਥ ਫੜ ਲਈਏ
ਪੈਰ ਤਿਲ੍ਹਕ ਜੇ
ਡੂੰਘੀ ਖੱਡ ਦੇ ਹੇਠਾਂ ਵਗਦੀ
ਨਦੀ ਚ ਡਿੱਗੀਏ
ਡੁਬਦੇ ਤਰਦੇ ਰਾਤ ਲੰਘਾਈਏ
ਭਿਜੇ ਕਪੜੇ ਗਲ਼ ਵਿਚ ਪਾਈ
ਬਿਰਖਾਂ ਓਹਲੇ ਉਦੇ ਜੋ ਹੋਣਾ
ਉਸ ਸੂਰਜ ਵਲ ਤੱਕੀਏ
ਸੂਰਜ ਚੜ੍ਹਦਾ ਕਦੇ ਕਦੇ

ਮੈਂ ਸੰਸੇ ਨੂੰ ਕਦੇ ਨਾ ਸੱਦਾਂ
ਫਿਰ ਵੀ ਆਵੇ
ਅਜ ਮੈਂ ਘਰ ਦਾ ਬੂਹਾ ਲਾਇਆ
ਬੱਤੀ ਬਾਲ਼ੀ ਤੇਜ ਰੋਸ਼ਨੀ ਕੀਤੀ
ਗਰਮ ਦੁਧ ਵਿਚ ਲੈਚੀ ਪਾਈ
ਸ਼ਹਿਦ ਘੋਲ਼ਿਆ

ਪੀ ਕੇ ਬਿਸਤਰ ਬੈਠਾ
ਢੋਅ ਸਿਰਹਾਣਾ ਲਾ ਕੇ ਮਹਾਂ ਕਵੀ
ਟੇਗੋਰ ਦੀ ਕਵਿਤਾ ਪੁਸਤਕ ਖੋਲ੍ਹੀ
ਸ਼ਬਦਾਂ ਨੂੰ ਅੱਖਾਂ ਸੰਗ ਲਾਇਆ
ਅੱਖਰ ਡੂੰਘੀਆਂ ਗੱਲਾਂ ਕਰਦੇ
ਹੌਲ਼ੀ ਹੌਲ਼ੀ ਬਣੇ ਅਜਨਬੀ
ਅੱਖਰਾਂ ਵਿਚੋਂ ਸੁਰਮੇਂ ਰੰਗਾ
ਸੰਸਾ ਉਭਰ ਆਇਆ
ਮੈਨੂੰ ਬਾਹੋਂ ਫੜ੍ਹ ਉਠਾਇਆ
ਗਲ਼ ਨਾ ਲਾਇਆ
ਦੁਖ ਸੁਖ ਕਰਨ ਬਹਿ ਗਿਆ
ਅੱਧੀ ਰਾਤੀਂ
ਚੁੱਪ ਦੀ ਜੋਤ ਜਗੇ
ਸੰਸਾ ਆਵੇ ਕਦੇ ਕਦੇ

—

ਜੇ ਤੁਸੀਂ ਇਸ ਦੇਸ਼ ਵਿਚ
ਜੇ ਤੁਸੀਂ ਇਸ ਦੇਸ਼ ਵਿਚ
ਨਵੇਂ ਆਏੇ ਹੋ ਜੀ ਆਇਆਂ
ਬੈਠੋ, ਮੂੰਹ ਹਥ ਧੋ ਲਵੋ
ਸਸਤਾ ਲਵੋ
ਆਏ ਗਏ ਨਾਲ਼
ਹਥ ਮਿਲਾ ਲਵੋ
ਗਲਵੱਕੜੀ ਪਾ ਲਵੋ
ਕਲ੍ਹ ਨੂੰ
ਸ਼ਾਇਦ ਐਨਾ ਸਮਾਂ ਨਾ ਮਿਲੇ

ਜੇ ਤੁਸੀਂ ਇਸ ਦੇਸ਼ ਵਿਚ
ਨਵੇਂ ਆਏ ਹੋ ਜੀ ਆਇਆਂ
ਇਕ ਲੰਮਾ ਸੁਪਨਾ ਲਵੋ
ਸੁਪਨੇ ਵਿਚ ਸਫਰ ਕਰੋ
ਉਤਰ ਵਲ ਵੇਖੋ
ਪਰਤਾਂ ਨੂੰ
ਪਰਵਾਨ ਕਰੋ
ਦੱਖਣ ਵਲ ਵੇਖੋ
ਸਮੁੰਦਰ ਨੂੰ
ਆਪਣੇ ਅੰਦਰ ਸੱਦਾ ਦਿਓ
ਪੂਰਬ ਚੋਂ ਨਿਕਲਦੇ
ਸੂਰਜ ਦੀ ਕਲਪਨਾ ਕਰੋ
ਪੱਛਮ ਵਿਚ ਢਲ਼ਦੇ
ਪ੍ਰਛਾਵਿਆਂ ਨਾਲ਼ ਹਥ

ਮਿਲਾ ਕੇ
ਆਉਣ ਵਾਲ਼ੀ ਸੰਧਿਆ ਦਾ
ਇੰਤਜ਼ਾਰ ਕਰੋ
ਸੁਪਨਾ ਜਰੂਰ ਲਵੋ
ਸੁਪਨਾ ਨਾ ਲਿਆ
ਤਾਂ ਨੁਕਸਾਨ ਹੋਵੇਗਾ

ਜੇ ਤੁਸੀਂ ਇਸ ਦੇਸ਼ ਵਿਚ ਨਵੇਂ
ਆਏੇ ਹੋ ਜੀ ਆਇਆਂ
ਬਾਹਰ ਟਹਿਣੀ ਤੇ ਬੈਠੇ
ਪੰਛੀ ਕੋਲ ਜਾਵੋ
ਪੋਲੇ ਕਦਮਾਂ ਨਾਲ਼ ਤੁਰੋ
ਪੰਛੀ ਤੁਹਾਡੇ ਤੇ
ਭਰੋਸਾ ਕਰ ਲਵੇਗਾ
ਉਸਦਾ ਨਾਮ ਪੁੱਛੋ
ਪੁੱਛੋ ਫੇਰ ਕਦੋਂ ਆਵੇਂਗਾ
ਤੇ ਪੁੱਛੋ ਹਰ ਦੇਸ ਦੇ ਪੰਛੀ
ਸੁੰਦਰ ਕਿਉਂ ਹੁੰਦੇ ਹਨ
ਪੁੱਛੋ ਪੰਛੀ ਐਨੇ
ਸਵੱਛ ਕਿਉਂਹੁੰਦੇ ਹਨ
ਕਿ ਉਹ ਆਪਣੇ ਖੰਭਾਂ ਤੇ
ਜ਼ਰਾ ਜਿੰਨੀ ਵੀ ਧੂੜ
ਨਹੀਂ ਸਹਾਰਦੇ

ਜੇ ਤੁਸੀਂ ਇਸ ਦੇਸ਼ ਵਿਚ
ਨਵੇਂ ਆਏ ਹੋ ਜੀ ਆਇਆਂ
ਤੁਹਾਨੂੰ

ਸੁਪਨਾ ਜਰੂਰ ਆਵੇਗਾ
ਪਿੱਛੇ ਰਹੇ ਪਿੰਡ ਦਾ
ਸ਼ਹਿਰ ਦਾ ਗਲ਼ੀਆਂ ਦਾ
ਖੇਤਾਂ ਦਾ
ਉਹਨਾਂ ਨੂੰ ਕਹੋ ਝੁਰਨ ਨਾ
ਮੈਂ ਅਜੇ ਵੀ ਤੁਹਾਡਾ ਹਾਂ ਤੁਸੀਂ ਮੇਰੇ
ਕੋਈ ਵੀ ਪਰਦੇਸੀ
ਪੂਰਾ ਪਰਦੇਸੀ
ਨਹੀਂ ਹੁੰਦਾ ਦੇਸੀ ਵੀ ਹੁੰਦਾ ਹੈ
ਕੋਈ ਵੀ ਦੇਸ ਵਾਸੀ
ਕੇਵਲ ਦੇਸ ਵਾਸੀ ਨਹੀਂ ਹੁੰਦਾ
ਧਰਤ ਵਾਸੀ ਵੀ ਹੁੰਦਾ ਹੈ
ਗੁਲਾਬ ਗੁਲਾਬ ਵੀ ਹੁੰਦਾ ਹੈ
ਗੁਲਾਬ ਫੁੱਲ ਵੀ ਹੁੰਦਾ ਹੈ

ਜੇ ਤੁਸੀਂ ਇਸ ਦੇਸ਼ ਵਿਚ ਨਵੇਂ
ਆਏ ਹੋ ਜੀ ਆਇਆਂ
ਤੁਹਾਡੀ ਅੱਖ ਵਿਚ
ਅੱਥਰੂ
ਜਰੂਰ ਆਵੇਗਾ
ਇਸ ਅੱਥਰੂ ਨੂੰ ਰੋਕਣਾ ਨਾ
ਟਿਕਟਿਕੀ ਲਾ ਕੇ
ਇਸ ਅੰਦਰ ਦੇਖਣਾ
ਰੋਸ਼ਨੀ ਦੀ ਕਿਰਨ
ਇਸ ਵਿਚੋਂ ਲੰਘ ਗਈ ਤਾਂ
ਸਤਰੰਗੀ ਪੀਂਘ ਤੁਹਾਡੀ
ਅੱਖ ਦੇ ਪਿਛਲੇ ਪਾਸੇ ਜਾ ਪਵੇਗੀ

—

ਪ੍ਰਥਮ ਨਾਦ
1
ਮੈਂ ਆਪਣੀਆਂ ਅੱਖਾਂ
ਬੰਦ ਕਰ ਲਈਆਂ ਹਨ
ਕਿ ਤੇਰੇ ਨੈਣਾਂ ਦੀ ਰੋਸ਼ਨੀਂ ਦੂਣੀ ਹੋ ਜਾਵੇ

ਤੂੰ ਚਾਨਣ ਦਾ
ਕੋਰਾ ਪੰਨਾ ਅੱਖਾਂ ਵਿਚ ਲਈ ਆਵੀਂ
ਮੈਂ ਬੰਦ ਨਜ਼ਰਾਂ ਨਾਲ਼ ਉਸ ਉਤੇ
ਹਸਤਾਖਰ ਪਾ ਦੇਵਾਂਗਾ

ਇਹ ਹਸਤਾਖਰ ਮੇਰਾ ਆਪਾ ਹੈ
ਜੋ ਮੈਂ ਤੈਨੂੰ ਸੌਂਪ ਦੇਵਾਂਗਾ

ਤੂੰ ਮੈਨੂੰ ਆਪਣੇ ਅੰਦਰ
ਉਸ ਬਸਤੀ ਵਿਚ ਲੈ ਚਲ
ਜਿਥੇ ਤਨ ਤੇ ਮਨ ਦੀ ਲੋਅ
ਬੁਝਦੀ ਬੁਝਦੀ ਬੁਝ ਗਈ ਹੈ
ਮੈਂ ਰਾਖ ਦੇ ਢੇਰ ਵਿਚੋਂ ਢੇਰ ਹੋਏ
ਆਦਿ ਤਾਲ ਦਾ ਬੀਜ
ਲਭ ਲਵਾਂਗਾ

ਅਤੇ ਲੰਬੀ ਉਡੀਕ ਪਿਛੋਂ ਸੁਤੀ
ਕੁਖ ਵਿਚ ਰੱਖ ਦੇਵਾਂਗਾ

ਕੁਖ ਤਾਂ ਸਹਿਜੇ ਸਹਿਜੇ ਪਸਰਨ ਵਾਲਾ
ਵੀਣਾ ਦਾ ਮੌਨ ਤੂੰਬਾ ਹੈ
ਜਿਸ ਵਿਚੋਂ ਨਿਕਲਿਆ ਪ੍ਰਥਮ ਨਾਦ
ਤੇਰਾ ਨਹੀਂ ਮੇਰਾ ਨਹੀਂ
ਸਗਲੀ ਧਰਤ ਦਾ ਹੋਵੇਗਾ

ਮੈਂ ਤਾਂ ਉਸ ਨਾਦ ਵਿਚੋਂ
ਇਕ ਝੋਲ਼ੀ ਭਰਾਂਗਾ
ਅਤੇ ਸੰਤੋਖ ਦੀ
ਉਂਗਲ਼ ਫੜ੍ਹ ਕੇ ਪਰਤ ਆਵਾਂਗਾ

ਤੂੰ ਵਿਦਾਇਗੀ ਸਮੇ
ਆਪਣੀਆਂ ਅੱਖਾਂ ਬੰਦ ਕਰ ਲਵੀਂ
ਕਿ ਮੇਰੇ ਨੈਣਾਂ ਦੀ ਰੋਸ਼ਨੀਂ
ਦੂਣੀ ਹੋ ਜਾਵੇ
ਤੇ ਮੈਂ ਸਹੀ ਸਲਾਮਤ
ਆਪਣੇ ਘਰ ਪਰਤ ਆਵਾਂ

2

ਜਦੋਂ ਤੂੰ ਇਕ ਇਕ ਕਰ ਕੇ
ਆਪਣੇ ਸਾਰੇ ਵਸਤਰ ਮੇਰੀ
ਕਲਪਨਾਂ ਦੇ ਹਵਾਲੇ ਕਰ ਦਿਤੇ
ਤਾਂ ਮੈਂ ਸਾਹ ਰੋਕ ਕੇ ਖੜ੍ਹ ਗਿਆ
ਕਦ ਸੋਚਿਆ ਸੀ ਤੂੰ ਐਨੀ ਸੁੰਦਰ ਹੋਵੇਂਗੀ !

ਪਰ ਇਸ ਤਰਾਂ ਸੋਨੇ ਦੀ ਡਲ਼ੀ ਵਾਂਗ
ਮੇਰੇ ਸਾਹਵੇਂ ਨਿਰਵਸਤਰ ਖੜ੍ਹੀ ਤੂੰ
ਲੱਜਿਆਵਾਨ ਨਾ ਹੋ
ਇਸ ਸਮੇ ਮੇਰੀ ਦ੍ਰਿਸ਼ਟੀ ਵਿਚ
ਅਗਨ ਨਹੀਂ
ਨਾ ਹੀ ਬ੍ਰਹਮਪੁੱਤਰ ਦੀ ਛੱਲ

ਕੇਵਲ ਕਲੀਆਂ ਹੀ ਕਲੀਆਂ ਹਨ
ਜੋ ਤੇਰੇ ਬਦਨ ਨਾਲ਼ ਛੋਹੰਦੀਆਂ ਹੀ
ਫੁੱਲ ਬਣ ਕੇ ਖਿੜ ਜਾਂਦੀਆਂ ਹਨ

ਇਸ ਤੋਂ ਪਹਿਲਾਂ ਕਿ ਕੋਈ ਛਿਲਤਰ
ਮੇਰੀ ਦ੍ਰਿਸ਼ਟੀ ਵਿਚ ਪ੍ਰਵੇਸ਼ ਕਰਦੀ ਤੇ
ਤੇਰਾ ਬਦਨ ਛੋਹੰਦੀ, ਤੇਰਾ
ਬਦਨ ਪੁਸ਼ਪਾਂ ਨਾਲ਼ ਢਕਿਆ ਗਿਆ ਹੈ

ਮੈਂ ਕਾਹਲ਼ੀ ਕਾਹਲ਼ੀ ਪੁਸ਼ਪਾਂ ਨੂੰ ਪਾਸੇ
ਹਟਾਉਣ ਲਗਾ ਤਾਂ ਤੂੰ ਮੁਸਕਰਾ ਕੇ ਕਿਹਾ:
ਬਸ ਤੂੰ ਏਨੇ ਕੁ ਪਲ ਹੀ ਮੰਗੇ ਸਨ
ਹੁਣ ਜਦੋਂ ਤੂੰ
ਅਗਨ-ਦ੍ਰਿਸ਼ਟੀ ਨਾਲ਼ ਸਾਹੋ ਸਾਹ
ਬ੍ਰਹਿਮਪੁਤਰ ਦੀ ਛੱਲ ਤੇ ਬੈਠ
ਮੇਰੇ ਕੋਲ਼ ਅਇਆ ਤਾਂ ਯਾਦ ਰਖੀਂ :
ਤੂੰ ਇਕ ਵਾਰ
ਮੇਰਾ ਸੱਚਾ ਰੂਪ ਵੀ ਵੇਖਿਆ ਹੈ

3

ਅਗਲੀ ਵਾਰ ਤੂੰ
ਤਿਖੀ ਧੁਪ ਵਿਚ ਆਵੀਂ
ਮੈਂ ਤੇਰਾ ਸਵਾਗਤ ਦੁਪਹਿਰ-ਖਿੜੀ
ਦੇ ਫੁੱਲਾਂ ਨਾਲ਼ ਕਰਾਂਗਾ

ਤੇਰਾ ਜਲੌਅ ਮੈਂ ਹਰ ਮੌਸਮ ਵਿਚ
ਦੇਖਣਾ ਹੈ

ਮੈਨੂੰ ਪਤਾ ਹੈ ਧਰਤੀ ਇਕ ਕਣ ਹੈ
ਤੇ ਮੈਂ ਧਰਤੀ ਦੇ ਇਕ ਕਣ ਤੇ ਖੜਾ
ਟਿਮਟਮਾਂਦੇ ਬਿੰਦੂ ਨੂੰ ਦੇਖ ਰਿਹਾ ਹਾਂ
ਜਿਥੇ ਤੇਰਾ ਘਰ ਹੈ
ਤੂੰ ਆਵੀਂ
ਮੈਂ ਨੰਗੇ ਪੈਰੀਂ ਖੜਾ ਹੋਵਾਂਗਾ

ਇਹ ਭੇਤ ਮੈਂ ਤੈਨੂੰ ਦੁਪਹਿਰ ਦੀ
ਰੋਸ਼ਨੀ ਵਿਚ ਦਸਾਂਗਾ ਕਿ ਤੈਨੂੰ ਵੇਖਣ
ਲਈ ਮੈਂ ਕਿਵੇਂ ਆਪਣੇ ਆਪ ਚੋਂ ਨਿਕਲ਼ ਕੇ
ਬ੍ਰਹਿਮੰਡ ਵਿਚ ਫੈਲ ਜਾਂਦਾ ਹਾਂ ਤੇ
ਤੇਰੇ ਜਾਣ ਪਿਛੋਂ ਸਿਮਟ ਕੇ ਦੁਪਹਿਰ-ਖਿੜੀ
ਦੇ ਫੁੱਲਾਂ ਨੂੰ ਪਾਣੀ ਦੇਣ ਲਗ ਜਾਂਦਾ ਹਾਂ

4

ਤੇਰੀ ਭੇਟਾ ਲਈ ਮੇਰੇ ਬੁਕ ਵਿਚ
ਅਜ ਚੰਬੇਲੀ ਦੇ ਫੁੱਲ ਨਹੀਂ

ਉਸ ਬਾਲ ਦੀ ਵਿਲਕਣੀ ਹੈ
ਜੋ ਕਲ੍ਹ ਰੋਟੀ ਦੀ ਗ੍ਰਾਹੀ ਮੰਗਦਾ
ਮੰਗਦਾ ਠੰਢਾ ਹੋ ਗਿਆ
ਇਹ ਭੇਟਾ ਹੈ ਜੋ ਹੋਰ ਕੋਈ
ਸਵੀਕਾਰ ਨਹੀਂ ਕਰਦਾ ਤੇ ਮੇਰੇ
ਜੁੜੇ ਹਥ ਸੁਤੰਤਰ ਨਹੀਂ ਹੁੰਦੇ

ਜੇ ਮੈਂ ਇਹ ਵਿਲਕਣੀ ਤੇਰੇ ਸਾਹਮਣੇ
ਢੇਰੀ ਨਾ ਕੀਤੀ ਤਾਂ ਮੇਰੇ ਹਥਾਂ ਵਿਚੋਂ
ਲਾਟਾਂ ਨਿਕਲ਼ ਪੈਣਗੀਆਂ ਤੇ
ਮੇਰੇ ਵਸਤਰਾਂ ਨੂੰ ਸਾੜ ਦੇਣਗੀਆਂ
ਜਿੰਨਾ ਵਸਤਰਾਂ ਨਾਲ਼ ਮੈਂ
ਵਿਲਕਦਾ ਬੱਚਾ ਦੇਖ ਕੇ ਅੱਖਾਂ
ਢਕ ਲਈਆਂ ਸਨ

ਜੇ ਮੈਂ ਲਾਟਾਂ ਵਿਚ ਲਿਪਟਿਆ
ਨੰਗ ਧੜੰਗਾ ਸ਼ੁਦਾਈਆਂ ਵਾਂਗ ਨਸਦਾ
ਤੇਰੇ  ਮੰਦਰਾਂ ਵਿਚ
ਮੋਏ ਬੱਚੇ ਦੀ ਵਿਲਕਣ ਸੁਟਦਾ ਫਿਰਿਆ
ਤਾਂ ਫੇਰ ਆਪਣਾ ਨਿਰਾਦਰ ਨਾ ਸਮਝੀਂ

—

ਸੁੰਦਰਾਂ ਕਿ ਸੈਂਡਰਾ
ਇਸ ਕਮਰੇ ਵਿਚ
ਸਵੇਰ ਦਾ ਚਿਟਾ ਚਾਨਣ
ਅਤੇ ਚਿਟੇ ਵਸਤਰਾਂ ਵਾਲ਼ੀ ਨਰਸ
ਇਕੱਠੇ ਹੀ ਆਏ ਹਨ
ਸ਼ੀਸ਼ੇ ਤੇ ਬਾਹਰ ਖਿੜੇ ਫੁੱਲਾਂ ਦੇ
ਮੱਧਮ ਪ੍ਿਰਤਬਿੰਬ ਹਨ
ਨਰਸ ਦੇ ਮੰਹ ਤੇ ਫੁੱਲਾਂ ਜਿਹੇ ਬੋਲ ਹਨ
ਪਤਨੀ ਦੇ ਹੋਠਾਂ ਤੇ ਖਿਲਰਦੀ ਜਾਂਦੀ
ਮੁਸਕਾਨ ਦੀ ਲੀਕ ਹੈ
ਚਾਨਣ ਫੁੱਲ ਮੁਸਕਾਨਾਂ ਦੇ ਭਰੇ
ਇਸ ਕਮਰੇ ਵਿਚ
ਮੇਰੀ ਬੱਚੀ ਨੇ ਜਨਮ ਲਿਆ ਹੈ

ਬੱਚੀ ਦਾ ਨਾਮ ਸੁੰਦਰਾਂ ਰੱਖਾਂ ਕਿ
ਸੈਂਡਰਾ?
ਬੱਚੀ ਨੇ ਕਿਲਕਾਰੀ ਜਿਹੀ ਮਾਰੀ ਹੈ
ਜਿਵੇਂ ਪੁਛ ਰਹੀ ਹੋਵੇ:
ਸੁੰਦਰਾਂ ਕਿ ਸੈਂਡਰਾ?

ਬੱਸ ਕੁਛ ਈ ਵਰ੍ਹਿਆਂ ਦੀ ਤਾਂ ਗੱਲ ਹੈ
ਸੁੰਦਰਾਂ ਦੀਆਂ ਮੋਟੀਅਂ ਅੱਖਾਂ ਵਿਚ
ਲਾਜ ਦੀ ਖੁਸ਼ਬੂ ਭਰ ਜਾਵੇਗੀ
ਲਹੂ ਵਿਚ
ਵਫਾ ਦਾ ਉਨਾਬੀ ਰੰਗ ਬੋਲਾਂ ਚ ਮੋਹ

ਮਸਤਕ ਤੇ
ਪ੍ਰਤਿਭਾ ਦਾ ਚੰਨ ਪੂਰਨਮਾਸ਼ੀ ਵਾਂਗ
ਆਪਣੇ ਵੱਲ ਆਈ
ਹਰ ਮੁਸਕਾਨ ਦਾ ਸ਼ਹਿਦ
ਅੰਦਰੇ ਜਜ਼ਬ ਕਰ ਲਵੇਗੀ
ਆਪਣੇ ਵਲ ਉਠੀ ਹਰ ਨਿਗ੍ਹਾ ਦੀ ਮਹਿਕ
ਅੰਦਰੇ ਬੰਦ ਕਰ ਲਵੇਗੀ
ਖੁਲ੍ਹਾਂ ਤੋ ਸ਼ਰਮਾੱਵੇਗੀ
ਹਾਣੀਆਂ ਚ ਸੁੰਗੜ ਸੁੰਗੜ ਜਾਵੇਗੀ
ਹਰ ਮੋੜ ਤੇ ਮਾਂ ਦੀ ਅੱਖ ਵਲ
ਝਾਕੇਗੀ ਸੁੰਦਰਾਂ
ਆਪਣੇ ਕੰਨ ਚ ਪਏ ਬੋਲਾਂ ਦੀਆਂ ਸੁਰਾਂ
ਰਾਤ ਦੀ ਇਕੱਲ ਵਿਚ
ਸੁਣ ਸੁਣ ਝੁਮੇਗੀ
ਮਾਂ ਦੀ ਪਿਆਰੀ ਸੁੰਦਰਾਂ
ਹਾਣੀਆਂ ਚ ਵਿਚਾਰੀ ਸੁੰਦਰਾਂ

ਕੁਝ ਈ ਵਰ੍ਹਿਆਂ ਦੀ ਤਾਂ ਗੱਲ ਐ
ਸੈਂਡਰਾ ਦੇ ਮੂੰਹ ਤੇ
ਚੈਰੀਆਂ ਰਸ ਜਾਣਗੀਆਂ
ਆਪਣੇ ਵਲ ਆਈਆਂ ਮੁਸਕਾਨਾਂ ਵਿਚ
ਆਪਣੀ ਮੁਸਕਣੀ ਥਰਕਾ ਦੇਵੇਗੀ
ਆਪਣੇ ਵਲ ਆਏ ਬੋਲਾਂ ਵਿਚ ਹੱਸ ਕੇ
ਆਪਣੇ ਬੋਲ ਰਲਾ ਦੇਵੇਗੀ
ਮਾਂ ਦੇ ਭੋਲੇਪਣ ਤੇ
ਨਿਰਛਲ ਜਿਹਾ ਹੱਸੇਗੀ
ਗਲਵੱਕੜੀ ਵਿਚ ਕੱਸੇਗੀ

ਤੇ ਕਹੇਗੀ:
ਮੰਮੀ ਪਿਆਰੀ ਮੰਮੀ
ਤੇਰੇ ਸਮੇ ਦਾ ਰੰਗ ਹੋਰ ਸੀ
ਮੇਰੇ ਸਮੇ ਦਾ ਰੰਗ ਹੋਰ
ਬਹੁਤ ਹੋਰ ਹੈ
ਤੇਰੇ ਸੁਪਨੇ ਤਾਂ ਬੱਸ ਸੁਪਨੇ ਈ ਸਨ
ਵਿਚਾਰੀ ਮੰਮੀ ਦੀ ਕੁਮਾਰੀ ਸੈਂਡਰਾ
ਹਾਣੀਆਂ ਦੀ ਪਿਆਰੀ ਸੈਂਡਰਾ

ਬੱਚੀ ਨੇ ਫੇਰ
ਨਿਰਛਲ ਜਿਹੀ ਚੀਕ ਮਾਰੀ ਹੈ:
ਸੁੰਦਰਾਂ ਕਿ ਸੈਂਡਰਾ

—

ਪਾਸ਼ ਲਈ ਨਜ਼ਮ

ਸਾਥੋਂ ਜ਼ਰਾ ਜਿੰਨੀ ਵਿਥ ਤੇ ਪਾਸ਼ ਸੌਂ ਰਿਹਾ ਹੈ
ਇਹ ਜ਼ਰਾ ਜਿੰਨੀ ਵਿਥ ਪਾਸ਼ ਦੇ ਹੋਠਾਂ ਤੇ
ਖੇਡਦੀ ਆਖਰੀ ਮੁਸਕਾਨ ਹੈ ਜੋ ਸਾਡੇ ਵੇਖਦਿਆਂ ਵੇਖਦਿਆਂ
ਉਸਦੇ ਹੋਠਾਂ ਤੇ ਯਖ ਹੋ ਗਈ
ਸਾਡੀਆਂ ਮੁਸਕਾਨਾਂ ਖੁਲ੍ਹਦੀਆਂ ਖੁਲ੍ਹਦੀਆਂ ਉਸ ਵਿਚ
ਕੁਲਫੀਆਂ ਦੇ ਡੱਕੇ ਬਣ ਕੇ ਗੱਡੀਆਂ ਗਈਆਂ

ਇਹ ਜ਼ਰਾ ਜਿੰਨੀ ਵਿਥ ਪਾਸ਼ ਦੀ ਅਣਲਿਖੀ ਆਖਰੀ ਨਜ਼ਮ ਹੈ
ਜਿਸਦੀ ਲਾਸ਼ ਹਾੜ ਸਿਆਲ਼ ਸਾਡੀਆਂ ਰੂਹਾਂ ਸੰਗ ਸੌਂਦੀ ਹੈ

ਇਹ ਜ਼ਰਾ ਜਿੰਨੀ ਵਿਥ ਪਾਸ਼ ਦੀ ਪਰਦੇਸ ਯਾਤਰਾ ਦਾ
ਪਹਿਲਾ ਦਿਨ ਹੈ ਜਿਸ ਵਿਚ ਉਸਨੇ ਆਪਣੇ ਪਿੰਡ ਦੇ ਨਾਮ
ਇਕ ਅਜੀਬ ਰੁੱਕਾ ਲਿਖਿਆ ਤੇ ਅੰਦਰੇ ਅੰਦਰ ਆਪਣੇ
ਨਾਲ਼ ਲੜ ਕੇ ਪਾੜ ਦਿਤਾ

ਇਹ ਜ਼ਰਾ ਜਿੰਨੀ ਵਿਥ ਆਪਣੇ ਡੂੰਘੇ ਖੁਹ ਵਿਚ ਲਾਈ
ਪਾਸ਼ ਦੀ ਆਖਰੀ ਚੁਭੀ ਹੈ ਜਿਸ ਵਿਚੋਂ ਲਭੀ ਸਿੱਪੀ ਮੋਤੀ
ਨੂੰ ਜਨਮ ਦਿੰਦੀ ਦਿੰਦੀ ਉਸਦੀ ਤਲ਼ੀ ਤੇ ਹੀ ਪੱਥਰ ਹੋ ਗਈ
ਤੇ ਅਸੀਂ ਖਾਲੀ ਘੋਗਾ ਵੇਖਦੇ ਰਹਿ ਗਏ

ਇਹ ਜ਼ਰਾ ਜਿੰਨੀ ਵਿਥ ਸੌਂ ਰਹੇ ਪਾਸ਼ ਦੇ ਹਥ ਵਿਚ
ਅਣਜਗੀ ਮਤਾਬੀ ਹੈ ਜਿਸ ਨੂੰ ਜਗਾਉਣ ਲਈ ਸਾਡੇ ਹਥ ਕੰਬ
ਰਹੇ ਹਨ[ ਇਹ ਜ਼ਰਾ ਜਿੰਨੀ ਵਿਥ ਕਤਲ ਕਰ ਕੇ ਗਏ ਬੰਦੇ ਦੀ
ਪੈੜ ਹੈ ਜਿਸ ਦੀ ਪਛਾਣ ਕਰਦਿਆਂ ਸਾਡੀਅਂ ਅੱਖਾਂ

ਫੁੱਲ ਰਹੀਆਂ ਹਨ
ਸਾਥੋਂ ਜ਼ਰਾ ਜਿੰਨੀ ਵਿਥ ਤੇ ਪਾਸ਼ ਸੌਂ ਰਿਹਾ ਹੈ
ਇਹ ਜ਼ਰਾ ਜਿੰਨੀ ਵਿਥ ਸਾਡੇ ਜੰਮੇ ਕਦਮਾਂ ਦਾ
ਮਖੌਲ ਉਡਾ ਰਹੀ ਹੈ

—

ਤਾਸ਼ ਦੀ ਬਾਜੀ

ਦੇਖੋ ਜੀ ਮੈਂ ਤਾਂ ਇਹ ਕਹਿਨਾਂ
ਕੀ ਹਰਜ ਐ
ਆਪ ਵੀ ਖੇਡੋ ਤੇ ਦੂਜੇ ਨੂੰ ਵੀ ਖੇਡਣ ਦਿਓ
ਜੇ ਅਗਲੇ ਨੇ ਗੋਲਾ ਸੁਟਿਆ
ਉਹਨੂੰ ਬੇਗੀ ਨਾ ਕੁਟ ਦਿਓ
ਜੇ ਅਗਲੇ ਨੇ ਥੋਡੀ ਬੇਗੀ
ਆਪਣੇ ਬਾ-ਸ਼ਾਹ ਨਾਂ ਕੁੱਟ ਲੀ ਤਾਂ ਐਵੇਂ
ਰੀਂ ਰੀਂ ਨਾ ਕਰੋ, ਬਸ
ਜਦੋਂ ਅਗਲੇ ਨੇ ਹੰਕਾਰ ਨਾਲ਼
ਬਾ-ਸ਼ਾਹ ਸੁਟਿਆ
ਤਾਂ ਉਹਨੂੰ ਰੰਗ ਦੀ ਦੁਕੀ ਨਾਲ਼ ਚਿੱਤ ਕਰ ਦਿਓ
ਪਰ ਪੱਤਾ ਸਭ ਨੂੰ ਸੁਟਣ ਦਿਓ

ਹੁਣ ਜੇ ਜ਼ਿੰਦਗੀ ਵਿਚ ਸਭ ਕੁਝ
ਟੁਟਿਆ ਭਜਿਆ ਪਿਆ ਹੈ
ਕਿਸੇ ਨੂੰ ਕਿਸੇ ਵਾਦ ਤੇ ਭਰੋਸਾ ਨਹੀਂ ਰਿਹਾ
ਚਾਰ ਚੁਫੇਰੇ ਹਫੜਾ ਦਫੜੀ ਹੈ
ਕੋਈ ਸਿਧਾ ਰਾਹ ਨੀ ਦਿਸਦਾ
ਸੁਪਨਿਆਂ ਦਾ ਮਲਬਾ ਖਿਲਰਿਆ ਪਿਆ ਹੈ
ਸਭ ਕੁਝ ਵਿਕੇਂਦਰਤ ਹੋਇਆ ਪਿਆ ਹੈ
ਤੇ ਮਾਇਕਲ ਫੂਕੋਅ ਇਸ ਨੂੰ
ਉਤਰ ਆਧੁਨਿਕਤਾ ਕਹਿੰਦਾ ਹੈ ਤਾਂ
ਕਹਿ ਲੈਣ ਦਿਓ
ਤੇ ਜੇ ਕਾਮਰੇਡ ਟੇਰੀ ਗਲੈਵਨ

ਇਸ ਨੂੰ ਉਤਰ ਸਰਮਾਏਦਾਰੀ ਕਹਿੰਦਾ ਹੈ
ਸਰਮਾਏਦਾਰੀ ਦੀ
ਅੰਤਲੀ ਭੱਜ ਟੁੱਟ ਦਾ
ਅੰਤਰ ਵਿਰੋਧਾਂ ਦਾ ਕੂੜਾ ਕਰਕਟ ਕਹਿੰਦਾ ਹੈ
ਤਾਂ ਕਹਿ ਲੈਣ ਦਿਓ
ਜੇ ਉਹ ਫੂਕੋਅ ਦੇ ਪੱਤੇ ਨੂੰ ਕਾਟ ਕਰਦਾ ਹੈ
ਤਾਂ ਕਰ ਲੈਣ ਦਿਓ

ਬਸ ਆਪ ਖੇਡੋ ਤੇ
ਦੂਜਿਆਂ ਨੂੰ ਖੇਡਣ ਦਿਓ
ਅਨੰਦ ਲਓ
ਜਿਦੋ ਰੌਲਾ ਪਾਓ
ਮੁਸ਼ਾਂ ਵਿਚ ਹੱਸੋ ਖਿੜ ਖਿੜਾਓ
ਦਿਮਾਗੀ ਦਾਅ ਪੇਚ ਖੇਡੋ
ਕੁਝ ਵੀ ਕਰੋ
ਬਸ ਅਨੰਦ ਲਓ

ਤੁਸੀਂ ਕਹਿੰਦੇ ਓ ਵਾਹ ਜੀ ਵਾਹ
ਸਾਡੀ ਤਾਸ਼
ਤੇ ਉਹਨਾਂ ਦੀ ਤਾਸ਼ ਕਿਵੇਂ ਰਲ ਗੀ
ਕਾਰਲ ਮਾਰਕਸ ਨੇ ਵੀ ਇਉਂ ਈ
ਤਾਸ਼ ਖੇਡਦੇ ਖੇਡਦੇ ਨੇ
ਦੁਨੀਆਂ ਉਥਲ ਪੁਥਲ ਕਰ ਦਿਤੀ ਸੀ

ਮੈਂ ਕਹਿਨਾਂ
ਫੇਰ ਵੀ ਕੀ ਮਾੜਾ ਹੋਇਆ
ਮਾਰਕਸ ਦਾ ਬਾਦਸ਼ਾਹ

ਚਲੋ ਸਮਝੋ ਕੱਟਿਆ ਗਿਆ
ਪਰ ਜੋ ਉਹਨੇ
ਕਿਹਾ ਉਹ ਤਾਂ ਸੱਚ ਕਿਹਾ
ਬਈ ਤਾਸ਼ ਦੇ ਪੱਤਿਆਂ ਨਾਲ਼ ਖੇਡਾਂ ਖੇਡੋ
ਜੂਆ ਨਾ ਖੇਡੋ
ਆਪਣੀ ਆਤਮਾ ਨੂੰ ਦਾਅ ਪੇਚ ਤੇ
ਨਾ ਲਾਓ
ਆਪਣੀਆਂ ਮਾਵਾਂ ਭੈਣਾਂ ਸਾਥਣਾਂ ਨੂੰ
ਭਰੀਆਂ ਮੰਡੀਆਂ ਵਿਚ
ਦਰੋਪਦੀਆਂ ਨਾ ਬਣਾਓ

—

ਸੋਮੇ ਦੀ ਕਹਾਣੀ

ਸ਼ੀਸ਼ੇ ਅੱਗੇ ਆਣ ਖੜੋਤਾ ਕੋਈ ਨਾ ਆਪਣਾ ਪਾਸ
ਸੋਮੇ ਦਾ ਮਨ ਬਹੁਤ ਉਦਾਸ
ਘਰ ਤੋ ਚਿਠੀ ਆਈ
ਸੋਮੇ ਦਾ ਪਿਉ ਗਿਣੇ ਆਖਰੀ ਸਵਾਸ
ਜੇ ਪਿਤਾ ਆਪਣੇ ਦਾ ਮੂੰਹ ਵੇਖਣ ਦੀ ਇੱਛਾ
ਘਰ ਨੂੰ ਤੁਰ ਪਾ ਚਿਠੀ ਮਿਲਦੇ ਸਾਰ

ਚੱਲ ਪਰਦੇਸੋਂ ਕੁਝ ਪਹਿਰਾਂ ਕੁਝ ਘੜੀਆਂ ਅੰਦਰ
ਸੁਖੀਂ ਸਾਂਦੀ ਦੇਸ ਆਪਣੇ ਪੁੱਜਾ
ਸੋਮਾ ਦਿੱਲੀ ਹੋਟਲ ਅੰਦਰ ਬੈਠਾ ਬਹੁਤ ਉਦਾਸ
ਸ਼ੀਸ਼ੇ ਅੱਗੇ ਆਣ ਖੜੋਤਾ ਕੋਈ ਨਾ ਆਪਣਾ ਪਾਸ

ਵਰ੍ਹੇ ਬੀਤ ਗਏ ਮਿਲ਼ਿਆਂ ਬਾਪੂ ਕੱਲਮ ਕੱਲਾ
ਮਾਂ ਵੀ ਬਾਪੂ ਗੁਰੂ ਵੀ ਬਾਪੂ, ਬਾਪੂ ਉਸਦਾ ਸਭ ਕੁਝ
ਸੋਮਾ ਸੋਚ ਸੋਚ ਕੇ ਹੋਵੇ ਝੱਲਾ
ਵਰ੍ਹੇ ਬੀਤ ਗਏ ਮਿਲ਼ਿਆਂ
ਜੇ ਪਿਉ ਤੁਰ ਗਿਆ ਅੱਖਾਂ ਪੁਟ ਪੁਟ ਬੂਹਾ ਤਕਦਾ
ਸਾਰੀ ਜਿੰਦਗੀ ਬਣ ਕੇ ਰਹਿ ਜਾਣੀ ਇਕ ਘਾਟ
ਕਿੰਜ ਅਤਮਾ ਆਪਣੀ ਮੂਹਰੇ ਪਲਕਾਂ ਚੁਕੂੰ
ਇਕ ਇਤਿਹਾਸ ਦਾ ਅਹਿਮ ਪੱਤਰਾ
ਬਿਨ ਪੜ੍ਹਿਆਂ ਹੀ ਜਾਣਾ ਪਾਟ
ਦਿੱਲੀਓਂ ਦੇਸ ਪੰਜਾਬ ਦਾ ਪੰਧ ਲਮੇਰਾ
ਸ਼ਾਹੀ ਡੁਲ੍ਹੇ ਪੰਨੇ ਵਾਂਗਰ ਸੋਮਾ ਬਹੁਤ ਉਦਾਸ

ਬਾਹਰ ਪਹਿਲਾ ਪਹਿਰ ਰਾਤ ਦਾ
ਬੱਦਲ਼ ਹੋਏ ਇਕੱਤਰ ਬਿਜਲੀ ਚਮਕੀ
ਬਿਜਲੀ ਦੀ ਇਕ ਕਾਤਰ ਸ਼ੀਸ਼ੇ ਉਤੋਂ ਤਿਲ੍ਹਕੀ
ਗੁੰਮ ਸੁੰਮ ਖੜ੍ਹੇ ਸੋਚਦੇ ਸੋਮੇ ਦੇ ਮੱਥੇ ਨੂੰ ਲੱਗੀ
ਸੁਸਤੀ ਪਲ ਵਿਚ ਫੁਰਤੀ ਹੋਈ
ਪਲਾਂ ਛਿਣਾ ਵਿਚ ਨਿੱਕ ਸੁੱਕ ਚੁੱਕਿਆ
ਕੀਤਾ ਬੰਦ ਅਟੈਚੀ
ਸ਼ੀਸ਼ੇ ਮੂਹਰੇ ਆਣ ਖੜ੍ਹ ਗਿਆ ਪੱਗ ਕਿਰਮਚੀ ਪੋਚੀ
ਬੂਹੇ ਵਿਚੋਂ ਕਦਮ ਵਧਾਇਆ
ਸੋਮਾ ਝਟਪਟ ਵਾਪਸ ਅੰਦਰ ਆਇਆ

ਬਾਹਰ ਗਲ਼ੀ ਵਿਚ ਭਗਦੜ ਭਗਦੜ
ਕੁੱਤੇ ਕਿਸੇ ਸ਼ਿਕਾਰੀ ਛੱਡੇ
ਜੀਭਾਂ ਲਟਕਣ ਗਲ਼ੀ ਮੁਹੱਲੇ ਸੁੰਘਦੇ ਫਿਰਦੇ
ਨਹੁੰ ਤਿੱਖੇ ਦੰਦ ਬਾਹਰ ਆਏ
ਪਾਗਲਖਾਨੇ ਦੀ ਕੰਧ ਢੱਠੀ ਪਾਗਲ ਸ਼ੋਰ ਮਚਾਉਂਦੇ ਬੰਦੇ
ਹਥਾਂ ਵਿਚ ਮਸ਼ਾਲਾਂ ਚੁੱਕੀ
ਅਗਨ ਖਿੰਡਾਉਂਦੇ ਫਿਰਦੇ ਬੰਦੇ

ਸਾਹੋ ਸਾਹੀ ਸੋਮਾ ਹੋਇਆ
ਬਾਹਰ ਭੈਅ ਬੱਦਲ਼ਾਂ ਤੋਂ ਗੂਹੜਾ
ਪੱਗ ਕਿਰਮਚੀ ਸੀਸ ਸਜਾ ਕੇ
ਮੈਂ ਕਦ ਦਿੱਲੀਓਂ ਬਾਹਰ ਹੋਇਆ
ਬਾਕੀ ਦੇ ਵਸਤਰ ਵੀ ਮੇਰੇ
ਪੱਗ ਦੇ ਸੂਹੇ ਰੰਗ ਵਾਂਗਰਾਂ
ਲਹੂ ਕਿਰਮਚੀ ਭਿਜ ਜਾਵਣਗੇ
ਪਿੰਡ ਵਿਚ ਪਿਓ ਦੇ ਬੁਢੜੇ ਨੈਣ ਉਡੀਕਾਂ ਕਰਦੇ
ਹੌਲ਼ੀ ਹੌਲ਼ੀ ਮਿਟ ਜਾਵਣਗੇ
ਮਨ ਵਿਚ ਬਹੁਤ ਬੇਚੈਨੀ ਛੋਹਲੇ ਪੈਰੀਂ ਅੰਦਰ ਘੁੰਮਦਾ
ਸਿਰ ਵਿਚ ਤੇਜ਼ ਵਰੋਲ਼ੇ ਉਠਦੇ
ਸੋਮਾ ਬਹੁਤ ਲਾਚਾਰ
ਦਿੱਲੀ ਬਾਪੂ ਨਾਲ਼ੋਂ ਵੱਧ ਬਿਮਾਰ

ਹੌਲ਼ੀ ਹੌਲ਼ੀ ਦਿਤੀ ਪੱਗ ਉਤਾਰ
ਸੋਚ ਸੋਚ ਕੇ ਕੈਂਚੀ ਲੱਭੀ ਫਿਰ ਸੁੱਟ ਦਿਤੀ
ਜਕਦੇ ਜਕਦੇ ਫਿਰ ਚੁੱਕ ਲੀਤੀ ਕੇਸੀਂ ਛੋਹੀ
ਚਿਲ ਚੋਂ ਉਠੀ ਲਾਟ
ਪੁੰਨ ਪਾਪ ਸੋਚਣ ਤੋਂ ਪਹਿਲਾਂ
ਲੰਮੇ ਕੇਸ ਚਟ੍ਹਾਲੇ ਵਾਂਗਰ ਕੱਟੇ
ਮੂੰਹ ਭਵਾਇਆ ਸ਼ੀਸ਼ੇ ਅੰਦਰ
ਮੁੜ ਨਾ ਸਕਿਆ ਝਾਕ
ਬਹੁਤ ਅਜਨਬੀ ਆਪਣੇ ਆਪ ਤੋਂ ਸੋਮਾ ਹੇਇਆ
ਦਿਲ ਵਿਚ ਅੰਦਰੇ ਅੰਦਰ ਨੱਪੇ ਉਠੇ ਲੱਖ ਸਵਾਲ

ਚੁੱਕ ਅਟੈਚੀ ਕਾਹਲ਼ੇ ਕਦਮੀਂ ਬੂਹੇ ਕੋਲ਼ੇ ਆਇਆ
ਤੁਰਦੇ ਤੁਰਦੇ ਖਿਆਲ ਅਚਾਨਕ
ਬਹੁਤ ਅਵੱਲਾ ਅਇਆ
ਦਿੱਲੀ ਵਿਚੋਂ ਬਿਨ ਕੇਸਾਂ ਜੇ ਸਹੀ ਸਲਾਮਤ ਲੰਘਿਆ
ਕੀ ਜਾਣਾਂ ਕੀ ਭਾਣਾ ਵਰਤੇ
ਜਦ ਪੰਜਾਬ ਪਹੁੰਚਿਆ
ਖਬਰੇ ਚਲਦੀ ਬੱਸ ਚੋਂ ਧੂਹ ਕੇ ਕਿਸੇ ਨੇ ਲਾਹੁਣਾ
ਅਣਕੇਸਾ ਤੱਕ ਸ੍ਰੀ ਸਾਹਿਬ ਨੂੰ
ਧੂ ਕੇ ਮਿਆਨੋਂ ਕੱਢਣਾ
ਮੇਰੇ ਕੱਟੇ ਕੇਸਾਂ ਦਾ ਸੱਚ ਕਿਸਨੇ ਸੁਣਨਾ

ਬੂਹੇ ਵਿਚੋਂ ਵਾਪਸ ਆਇਆ
ਕੱਟੇ ਕੇਸਾਂ ਤੇ ਪਛਤਾਇਆ
ਦੋਸ਼ ਦਾ ਭਾਰ ਮਣਾਮੂੰਹੀਂ ਮਨ ਉਤੇ ਛਾਇਆ
ਹੌਲ਼ੀ ਹੌਲ਼ੀ ਲੰਮੇ ਕੇਸ ਉਠਾ ਕੇ ਚੁੰਮੇ
ਪੱਗ ਨੂੰ ਚੁੱਕ ਕੇ ਸਿਰ ਤੇ ਫੇਰ ਟਿਕਾਇਆ
ਬੇਚੈਨੀ ਵਿਚ ਬਹਿੰਦੇ ਉਠਦੇ ਨੂੰ
ਫਿਰ ਆਖਰ ਸੁੱਝਿਆ
ਕਿਉਂ ਨਾ ਨ੍ਹੇਰੇ ਨ੍ਹੇਰੇ
ਸਣੇ ਪੱਗ ਦੇ ਦਿੱਲੀਓਂ ਨਿਕਲ਼ਾਂ
ਪਹਿਲੀ ਗੱਡੀ ਫੜ ਲਾਂ
ਚਾਨਣ ਹੁੰਦੇ ਤੱਕ ਪੰਜਾਬ ਪਹੁੰਚ ਜਾਂ

ਸੋਮਾ ਝਟਕੇ ਵਾਂਗਰ ਉਠਿਆ, ਟੈਚੀ ਚੁੱਕਿਆ
ਬੂਹਾ ਖੋਲ੍ਹ ਕੇ ਬਾਹਰ ਤੱਕਿਆ
ਨ੍ਹੇਰੇ ਦੀ ਥਾਂ ਚਿੱਟਾ ਚਾਨਣ ਮੱਥੇ ਵੱਜਿਆ
ਚਾਨਣ ਅੰਦਰ ਸੜਿਆ ਘਰ
ਸਾਹਮਣੇ ਤੱਕਿਆ
ਬਿਨ ਸਿਰ ਤੋਂ ਕੋਈ ਗਲ਼ੀ ਚ ਪਿਆ ਡਿਗਿਆ
ਅੰਦਰ ਡੌਰ ਭੌਰ ਜਿਹਾ ਕੋਈ
ਸਹਿਮ ਚ ਪਿੱਛੇ ਨੱਸਿਆ
ਬਾਹਰ ਕੁੱਤਾ ਭੈਅ ਵਿਚ ਬਹੁਤ ਉਦਾਸ ਚੀਕਿਆ

ਇਕ ਦਮ ਬੂਹਾ ਫੇਰ ਭੀਚਿਆ
ਉਲਝਣ ਦਾ ਇਕ ਫਟਿਆ ਕੰਬਲ
ਮਨ ਤੇ ਆਣ ਡਿਗਿਆ
ਪੱਗ ਨੂੰ ਲਾਹ ਕੇ ਭੂੰਜੇ ਸੁਟਿਆ, ਫੇਰ ਚੁੱਕਿਆ
ਸਿਰ ਤੇ ਰੱਖਿਆ
ਸਿਰ ਨੂੰ ਹਥਾਂ ਵਿਚ ਦਬਾ ਕੇ ਠੰਢੇ ਫਰਸ਼ ਬਹਿ ਗਿਆ

ਫੇਰ ਅਚਾਨਕ ਅੱਭੜਵਾਹੇ ਉਠਿਆ
ਵਾਂਗ ਸ਼ੁਦਾਈਆਂ ਬਾਹਰ ਗਲ਼ੀ ਚ ਨੱਸਿਆ
ਅੰਦਰ ਉਸਦੇ ਰੌਲ਼ੇ ਦਾ ਇਕ ਸ਼ੋਰ ਮੱਚਿਆ
ਮੁੜ ਜਾ ਸੋਮੇ ਮੁੜ ਜਾ ਅੰਦਰਵਾਰ
ਪੰਜਾਬ ਦੇ ਸਿਰ ਨੂੰ ਪਾਗਲ ਜਰਮਾਂ ਕੱਟਿਆ
ਤੇਜ ਬੁਖਾਰ
ਦਿੱਲੀ ਪਿਉ ਤੋਂ ਵੱਧ ਬਿਮਾਰ

ਅੰਮ੍ਰਿਤ ਵੇਲ਼ੇ ਚਾਨਣ ਹੋਇਆ
ਗੁਰੂਦਵਾਰੇ ਪਾਠ ਖੁਲ੍ਹਿਆ
ਮੰਦਰ ਘੰਟੀ ਖੜਕੀ
ਸ਼ਾਂਤੀ ਪਸਰੀ ਬਾਹਰਵਾਰ
ਗਲ਼ੀ  ਚ ਸੋਮੇ ਦਾ ਸਿਰ ਧੜ ਤੇ ਪਗੜੀ
ਅੱਡ ਅੱਡ ਸੁੱਤੇ ਠੰਢੇ ਠਾਰ
(ਪੰਜਾਬ-1984)

No comments yet»

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: