ਨਾਦ

contemporary punjabi poetry

ਅਮਰਜੀਤ ਘੁੰਮਣ

ਅਮਰਜੀਤ ਘੁੰਮਣ ਦੀਆਂ ਤਿੰਨ ਕਿਤਾਬਾਂ ‘ਦੁਪਹਿਰ ਦਾ ਜਸ਼ਨ’,
‘ਨਦੀ ਨੂੰ ਵਹਿਣਾ ਪਿਆ’ ਅਤੇ ‘ਕਦੰਬ’ ਆ ਚੁੱਕੀਆਂ ਹਨ। ਉਸ ਦਾ
ਜਦੀਦ ਸ਼ਾਇਰੀ ‘ਚ ਆਪਣਾ ਹੀ ਰੰਗ ਹੈ, ਜਲੌ ਹੈ, ਰਹੱਸ ਹੈ। ਉਹ
ਸ਼ਾਇਰੀ ਰਾਹੀਂ ਰਹੱਸਮਈ ਗੱਲਾਂ ਵੀ ਕਰਦੀ ਹੈ ਤੇ ਮਾਂ ਨਾਲ ਸੰਵਾਦ ਵੀ
ਰਚਾਉਂਦੀ ਹੈ ਜਿਹੜਾ ਸਮਾਜ ਦੀਆਂ ਪੱਥਰ ਚੱਟਾਨਾਂ ਨਾਲ ਖਹਿ ਕੇ ਨਾਦ
ਵੀ ਪੈਦਾ ਕਰਦਾ ਹੈ। ਉਸ ਦੀ ਸੁਰ ਸ਼ੀਰੀਂ ਨਹੀਂ, ਤਲਖ਼ ਤੇ ਤੁਰਸ਼ ਹੈ।
ਜਿਵੇਂ ਉਹ ‘ਦੁਪਹਿਰ ਦਾ ਜਸ਼ਨ’ ਦੀ ਇੱਕ ਲੰਮੀ ਨਜ਼ਮ ਧੁੰਦਲੀ ਸਵੇਰ ‘ਚ
ਆਖਦੀ ਹੈ: ‘…ਉਫ਼! ਮੈਂ ਕਿੰਨੀ ਖ਼ੂੰ-ਖਾਰ ਹਾਂ/ਜ਼ਹਿਰ ਹਾਂ/ਅੱਕ ਦਾ ਫੁੱਲ
ਹਾਂ।’ ਇਹ ਖ਼ੂੰ-ਖ਼ਾਰੀ…ਇਹ ਜ਼ਹਿਰ…ਉਹਦੇ ਆਪ ਵਿਹਾਝੇ ਹੋਏ ਨਹੀਂ,
ਚੁਗਿਰਦੇ ਦੀ ਦੇਣ ਹਨ। ਉਹ ਆਧੁਨਿਕ ਸਮਿਆਂ ਦੀ ਰਾਬੀਆ ਹੈ, ਜੋ
ਕਾਵਿਕ ਸੁਰ ‘ਚ ਰਿ²ਸ਼ੀ, ਖ਼ੁਦਾ ਤੇ ਸਾਧ ਨੂੰ ਮੁਖ਼ਾਤਿਬ ਹੁੰਦੀ ਹੈ। ਉਹ
ਯੋਗੀਆਂ ਦੇ ਟੋਲੇ ‘ਚੋਂ ਭਟਕੀ ਹੋਈ ਸੰਨਿਆਸੀ ਰੂਹ ਹੈ ਜੀਹਦੀ ਝੋਲੀ ‘ਚ
ਸ਼ਾਇਰੀ ਦਾ ਸਰਾਪ ਪਿਆ ਹੋਇਆ ਹੈ। ਇਸ ਵੈਰਾਗੀ ਜਿਹੀ ਨਦੀ-ਰੂਹ
ਦੀ ਸ਼ਾਇਰੀ ਦੀਆਂ ਕੁਝ ਲਹਿਰਾਂ ਪੇਸ਼ ਹਨ:

ਪਹਾੜੀ ਰਸਤੇ ਦੀ ਗੱਲ ਕਰ

ਚੱਲ ਉੱਠ!
ਇਨਾਂ ਪਹਾੜਾਂ ‘ਚੋਂ ਵੀ ਦੂਰ ਚੱਲੀਏ
ਜਿੱਥੇ ਤੈਨੂੰ ਸਾਧ ਰੰਗੇ ਕੱਪੜੇ ਟੋਹਣ ਨਾ
ਜਿੱਥੇ ਤੇਰੇ ਮਨ ਦੀਆਂ ਆਕੁੰਸ਼ਾਂ ਪੁੰਗਰਣ

ਉਫ਼!
ਤੂੰ ਕਿਹੜੀ ਸਦੀ ਤੋਂ ਵੈਰਾਗੀ ਬਣਿਆ ਹੈਂ
ਅਜੇ ਵੀ ਪਤਨੀ ਬੱਚੇ ਦੀ ਮੌਤ
ਮੋਢਿਆਂ ‘ਤੇ ਲਟਕਾਈ ਹੈ
ਤੇਰੇ ਪੈਰਾਂ ‘ਤੇ ਮਿੱਟੀ ਜੰਮੀ ਹੈ
ਮੱਥੇ ਦੀਆਂ ਲਕੀਰਾਂ ਗਵਾਹ ਨੇ
ਤੇਰਾ ਵੈਰਾਗੀ ਮਨ ਸਾਧਪੁਣੇ ਨੂੰ ਨਕਾਰਦੈ
ਕੋਈ ਸਹਾਰਾ ਭਾਲਦੈ।

ਓ ਸਾਧ ਵਿਚਾਰੇ!
ਤੇਰੇ ਤੋਂ ਬਹੁਤੀ ਤਾਂ ਮੈਂ ਫੱਕਰ ਹਾਂ।

ਇਕਾਂਤ ਦੀ ਝੁੱਗੀ ‘ਚ
ਤੈਥੋਂ ਇਕਾਂਤ ਨਾ ਮਰੀ
ਝੁੱਗੀ ਤੈਨੂੰ ਖਾਂਦੀ ਹੈ
ਸ਼ਿਵ ਦੇ ਭਰਮ ‘ਚ ਬੈਠੈਂ
ਮਨ ਤੇਰਾ ਬਜਾਰੀ ਗਲੀਆਂ ਛਾਣਦੈ
ਕੋਈ ਉੱਡਦੀ ਤਿੱਤਲੀ ਦਾ ਖੰਭ ਸੰਭਾਲਦੈ
ਚੱਲ ਉੱਠ
ਤੇਰੇ ਸਾਧ ਮਨ ਨੂੰ ਸਾਧ ਬਣਾਵਾਂ
ਪਹਾੜਾਂ ਦੀ ਦੂਰ ਤੱਕ ਸੈਰ ਕਰਾਵਾਂ।
ਕਿਸੇ ਵੀ ਗੱਲ ਨੂੰ
ਜ਼ਿਆਦਾ ਸੋਚਣਾ ਬਲਾਤਕਾਰ ਹੁੰਦੈ
ਤੇਰੀਆਂ ਸਾਰੀਆਂ ਸੋਚਾਂ
ਜਬਰਦਸਤੀ ਦੀਆਂ ਪਨਾਹਵਾਂ ਨੇ
ਤੂੰ ਖ਼ਿਆਲਾਂ ਨੂੰ ਕਦੀ ਮਾਰ ਨਹੀਂ ਸਕਦਾ।

ਹਰ ਕੁਦਰਤੀ ਚੀਜ਼ ਜਾਇਜ਼ ਹੁੰਦੀ ਹੈ
ਭਾਵੇਂ ਉਹ ਅੱਗ ਦੀ ਧੂਣੀ ਹੋਵੇ
ਹਵਾ, ਕਿਸੇ ਦੀ ਮਹਿਕ
ਜਾਂ ਪਾਣੀ ਦੀ ਕੋਈ ਮਿੱਠੀ ਸੁਰਤਾਲ ਹੋਵੇ।

ਤੂੰ ਜੋ ਕਿਸੇ ਆਲਮ ਨੂੰ ਸ਼ਾਇਰੀ ਦਿੱਤੀ ਸੀ
ਉਸਦਾ ਕਿਵੇਂ ਸਰਵਨਾਸ਼ ਕਰ ਸਕਦੈਂ
ਸ਼ਿਵ ਨੇ ਤਾਂ ਭਗਤੀ ਤੇਰੇ ਹੱਥਾਂ ‘ਚ ਲਿਖੀ ਸੀ
ਇਕਾਂਤ ਤੋਂ ਕਿਹੜੇ ਬਨਫ਼ਸ਼ੇ ਦੀ ਉਮੀਦ ‘ਚ ਬੈਠੈਂ
ਤਨ ਤੇ ਭਗਵਾ ਕੱਪੜਾ ਹੈ
ਮਨ ਤੇਰੇ ‘ਚ ਨਰਗਿਸ ਪਲਦੀ ਹੈ
ਫਿਰ ਵੀ
ਮੈਥੋਂ ਸਾਧ ਕਿਉਂ ਅਖਵਾਉਂਦੈਂ
ਮੈਂ ਐਸੀ ਸਾਧਗਿਰੀ ਤੋਂ ਇਨਕਾਰੀ ਹਾਂ।

ਉੱਠ! ਰਾਹਵਾਂ ‘ਤੇ ਤੁਰੀਏ
ਤੇਰੇ ਮਨ ਦੇ ਸੰਤਾਪ ਨੂੰ ਵੇਖੀਏ
ਕਿੱਥੋਂ ਤੱਕ ਤੂੰ ਸ੍ਰਿਸ਼ਟੀ ਤੋਂ ਟੁੱਟ ਸਕਦੈਂ
ਓ ਸਿਰਜਣ ਹਾਰੇ
ਮੈਂ ਤੇਰੇ ਮਜ਼ਾਰ ‘ਤੇ ਦੀਵਾ ਜਗਾਵਾਂਗੀ
ਪਰ!
ਸ਼ਾਇਰੀ ਦੇ ਆਲਮ ਨੂੰ ਨਾ ਭੁੱਲ।

ਕੀ ਲੈਣੈ ਤੂੰ ਸ਼ਿਵ ਬ੍ਰਹਮ ਤੋਂ
ਪਾਰਬਤੀ ਬਣਿਆ
ਖਾਬਾਂ ‘ਚ ਖੂਬਸੂਰਤ ਨਜ਼ਾਰੇ ਤੱਕਦੈਂ
ਚੱਲ ਉੱਠ
ਪਹਾੜੀ ਰਸਤੇ ਲੱਭੀਏ
ਜਿੱਥੇ ਸਾਧ ਰੰਗੇ ਕੱਪੜੇ ਤੈਨੂੰ ਟੋਹਣ ਨਾ
ਜਿੱਥੇ ਤੇਰੇ ਮਨ ਦੀਆਂ ਆਕੁੰਸ਼ਾਂ ਪਲਮਣ।
0
ਓ ਸਾਧ ਪਿਆਰੇ

ਸਾਰੀਆਂ ਹੱਦਾਂ ਦੇ ਮੋੜ ਬੰਨੇ
ਉਹ ਕਿਹੜਾ ਸਾਧੂ ਰਮਤਾ ਹੱਸ ਰਿਹੈ
ਉਹਦੀਆਂ ਅੱਖਾਂ ‘ਚ ਚਮਕ ਹੈ
ਹੋਂਠ ਉਹਦੇ ਸਾਧ ਦਾ ਰੂਪ ਦੱਸਦੇ।

ਕਿਹੜੇ ਵੇਲੇ ਮਿੱਟੀ, ਝੁੱਗੀ ਤੇ ਚੋਲੇ ਸੰਗ
ਉਹਨੇ ਆਪਣੀ ਸਿਮਰਤੀ ਦਾ ਘਾਹ ਖਾਧਾ
ਸ਼ਾਇਰੀ ਦੇ ਸਰਾਹਣੇ
ਸ਼ਿਵ ਦਾ ਪ੍ਰਸ਼ਾਦ ਵੀ ਖਾਧਾ
ਰਾਤੀਂ ਸੌਂਦਾ ਤਾਂ ਖ਼ਾਬਾਂ ‘ਚ ਹੁਸੀਨ ਵਾਦੀਆਂ ਤੱਕਦਾ।

ਓ ਪੁਜਾਰੀ!
ਚੱਲ ਬਦਲ ਆਪਣਾ ਆਸਨ
ਹੱਥ ਫੜ ਮੇਰਾ
ਤੈਨੂੰ ਉੱਥੇ ਲਿਜਾ ਕੇ ਛੱਡਾਂਗੀ
ਤਿਆਗਿਆ ਸੀ ਜਿੱਥੋਂ ਰਾਹ ਤੂੰ
ਸਾਲਾਂ ਬੱਧੀ ਦਾ ਸਫ਼ਰ ਤੇਰਾ
ਮੈਂ ਦੋ ਪਲ ‘ਚ ਖ਼ਤਮ ਕਰਦੀ ਹਾਂ
ਆਪਣੀ ਨਜ਼ਰੇ ਸਾਧੂ ਹੀ ਕਹਾ
ਮੇਰੀ ਨਜ਼ਰੇ ਸ਼ਾਇਰ ਬਣ ਉੱਤਰ
ਮੇਰਾ ਕਾਗ਼ਜ਼ ਤੇਰੀ ਹਾਜ਼ਰੀ ਦੀ ਸ਼ਾਹਦੀ ਭਰਦਾ ਹੈ।

ਚੀਲ ਰੁੱਖਾਂ ਦੀ ਛੱਡ ਦੋਸਤੀ
ਤੇ ਸੜਕ ਕਿਨਾਰੇ ਦੀ ਝੁੱਗੀ
ਮੈਨੂੰ ਪਤੈ
ਤੇਰੀ ਰੂਹ ਏਥੇ ਵੀ ਤੜਫਦੀ ਜ਼ਖ਼ਮੀ ਹੁੰਦੀ ਹੈ
ਸਾਰੀ ਦੁਨੀਆਂ ਤੈਨੂੰ
ਮਾਤਾ ਦੇ ਕੰਧਿਆਂ ‘ਤੇ ਵਿਖਾਈ ਦਿੰਦੀ ਹੈ
ਰਾਮ ਦੇ ਮੋਢੇ ‘ਤੇ ਚੜ ਕੇ ਬਹਿੰਦਾ ਹੈਂ
ਰਾਮਨੌਮੀ ਦੇ ਦਿਨ
ਰਾਮ ਨਾਲ ਸਮਲਿੰਗੀ ਬਣਦਾ ਹੈਂ
ਪੇਟ ਦੀ ਭੁੱਖ ਤੇਰੀ ਪਿਆਸ ਵਧਾ ਰਹੀ
ਦੋ ਰੋਟੀਆਂ ਦੀ ਜ਼ਹਿਰ
ਤੈਨੂੰ ਦਿਨ ‘ਚ ਨਾਗ ਬਣਾ ਰਹੀ
ਤੇ ਰਾਤ ਦੀ ਛਾਂ ‘ਚ ਤੂੰ ਚਰਖਾ ਕੱਤਦਾ ਹੈਂ।

ਮੈਨੂੰ ਵੇਖ
ਤੂੰ ਚੰਨ ਸੂਰਜ ਦੀ ਗੱਲ ਕੀਤੀ ਸੀ
ਕੋਈ ਹੁਸੀਨ ਵਾਦੀ ਸ਼ਾਇਦ
ਤੇਰੇ ਵਜਦ ਨੂੰ ਵਿੰਨ ਗਈ ਸੀ
ਚੁਫੇਰਾ ਤੈਨੂੰ ਯਾਦ ਨਾ ਰਿਹਾ
ਤੇਰੀ ਸਾਧਗਿਰੀ ਹੀ ਤੈਨੂੰ ਡੱਸਦੀ ਰਹੀ
ਉਦੋਂ!
ਤੂੰ ਰਾਮ ਸ਼ਿਵ ਨੂੰ ਗਾਹਲਾਂ ਹੀ ਕੱਢੀਆਂ ਹੋਣਗੀਆਂ
ਜਾਂ ਸਲੋਕਾਂ ਸੰਗ ਰੁਮਾਂਸ ਕੀਤਾ ਹੋਏਗਾ
ਉਹ ਤੀਰ ਜਿਹਦੇ ਨਾਲ ਤੂੰ ਤਨਹਾਈ ਮਾਰਨੀ ਸੀ
ਉਹੀ ਤੀਰ ਤੇਰੇ ਹੱਥਾਂ ‘ਚ ਟੁੱਟ ਗਿਆ।

ਕੁਦਰਤ ਦੇ ਜਲੌ ਨੂੰ ਵੇਖ ਅੱਖਾਂ ਮੀਟਿਆ ਨਾ ਕਰ
ਇੱਕ ਜਨਮ ਤੇਰਾ
ਇੱਕ ਕੀਮਤੀ ਦਿਨ ਵਰਗਾ ਹੈ
ਰਾਤ ਢਲਣ ‘ਤੇ
ਸਵੇਰ ਪਤਾ ਨਹੀਂ ਕਦੋਂ ਹੋਏਗੀ
ਰੱਜ ਕੇ ਨੱਚ ਤੂੰ
ਨ੍ਰਿਤ ਕਰਵਾ ਤੂੰ
ਸ਼ਾਇਰੀ ਦੀ ਟਹਿਣੀ ਕਿਉਂ ਤੋੜਦੈਂ।

ਗਊ ਨੂੰ ਪੇੜਾ ਦੇ ਕੇ
ਸਾਧਨਾ ਪੂਰੀ ਨਹੀਂ ਹੋਣੀ
ਦਿਨ-ਕੱਟੀ ਦੇ ਚੱਕਰ ‘ਚ ਵਕਤ ਨੂੰ ਉੱਲੀ ਲਾ ਰਿਹੈਂ।
ਇਸ ਸਦੀ ‘ਚ ਸਾਧੂ ਲਾਠੀਆਂ ਪਕੜਦੇ ਨੇ
ਦੇਵਤੇ ਰਾਸ ਰਚਾਉਂਦੇ ਨੇ
ਤੂੰ ਕਿਹੜੀ ਇਬਾਦਤ ਦਾ ਕੱਥਕ ਕਰ ਰਿਹੈਂ।

ਆਪਣੀ ਕੁੱਛੜ  ਮਰੀ ਕੁੜੀ ਨਾ ਖਿਡਾ
ਤੇਰੇ ਪਿੰਡੇ ‘ਤੇ ਮੈਲ ਤਾ ਜੰਮੀ ਹੀ ਨਹੀਂ।
0
ਚਾਨਣ ਦੀ ਤਲਾਸ਼

ਜਦੋਂ ਸਾਰੀਆਂ ਗੁਫ਼ਾਵਾਂ ‘ਚ ਚਾਨਣ ਹੋ ਗਿਆ
ਓਦੋਂ ਵੇਖਣ ਨਿਕਲਾਂਗੀ
ਹਨੇਰੇ ਤੋਂ ਡਰ ਗਈ ਹਾਂ
ਗਲੀਆਂ ‘ਚ ਸਾਧੂ ਨਹੀਂ
ਚੋਰ ਨ ਜਾਂ ਡਾਕੂ।

ਇਹ ਮਾਲਾ ਕਿਹਨੇ ਮੇਰੇ ਗਲ਼ ਪਾਈ ਹੈ
ਦੁਨਿਆਵੀ ਰੰਗ ਵੇਖਣ ਦਿਓ ਮੈਨੂੰ
ਕਿਤੇ ਸੰਨਿਆਸ ਲੈ ਕੇ ਵੀ ਰਾਹਵਾਂ ‘ਚ ਭਟਕਾਂ
ਨਦੀ ਕਿਨਾਰੇ ਸੰਨਿਆਸਣਾਂ ਸੰਗ ਨਾਉਂਦੀ ਹੋਵਾਂ
ਤੇ ਸੰਗ  ਕਿਸੇ ਬੁੱਤ ਨੂੰ ਤਲਾਸ਼ਣ ਲੱਗ ਪਵਾਂ।

ਕਾਸ਼! ਮਨ ਮਾਰ ਕੇ ਮਨ ਜਿਉਂਦਾ ਰਵੇ
ਸਾਰੇ ਪੈਰਾਂ ਥੱਲੇ ਆਉਂਦੇ ਕੀੜੇ ਬਚ ਜਾਣ
ਜਾਂ ਫਿਰ
ਮਲਿਆਂ ਦੇ ਬੇਰ ਹੀ ਮਿੱਠੇ ਹੋਣ।

ਹਨੇਰੇ ਘਰ ਤੋਂ ਬਚਣ ਲਈ
ਕਿਹੜੇ ਖੌਫ਼ ਤੋਂ ਬਚਣਾ ਚਾਹੁੰਦੀ ਹਾਂ
ਕਿਉਂ ਬਚ ਕੇ ਸ੍ਰਿਸ਼ਟੀ ਨੂੰ ਭੁੱਲਣਾ ਚਾਹੁੰਦੀ ਹਾਂ

ਹੱਥਾਂ ‘ਚ ਮੋਮਬੱਤੀ ਲੈ ਕੇ
ਚਾਨਣ ਦੀ ਤਲਾਸ਼ ਮੈਥੋਂ ਨਹੀਂ ਹੁੰਦੀ।

ਮੈਂ ਮਸ਼ਾਲ ਬਣ ਜਗਣਾ ਚਾਹੁੰਦੀ ਹਾਂ
ਮਾਲਾ ਦੇ ਮਣਕੇ ਵੀ ਗਿਣਦੀ ਹਾਂ
ਪਰ! ਹਰ ਵਾਰ
ਗਿਣਤੀ ਭੁੱਲ ਜਾਂਦੀ ਹੈ
ਤੇ ਹਰ ਵਾਰ
ਤਪੱਸਵੀ ਯਾਦ ਆਉਂਦੇ ਨੇ
ਕੋਈ ਨੰਗਾ ਘਾਟ ਸਾਹਵੇਂ ਨੱਚਦਾ ਹੈ
ਨਾ ਖ਼ੁਦ ਬਹਿੰਦਾ ਹੈ
ਨਾ ਤੁਰਨ ਹੀ ਦਿੰਦਾ ਹੈ
ਗਲੀਆਂ ਵੱਲ ਵੇਖਦਾ ਹੈ
ਹਨੇਰੇ ਤੋਂ ਡਰ ਜਾਂਦਾ ਹੈ

ਇਵੇਂ ਤਾਂ
ਚਾਨਣ ਦੀ ਤਲਾਸ਼ ਕੋਈ ਕਰ ਸਕਦਾ ਨਹੀਂ।
0
ਅੱਧੇ ਰਾਹਵਾਂ ‘ਚ

ਓ ਥੱਕੇ ਹਾਰੇ ਰਾਹੀ
ਏਡਾ ਸੌਖਾ ਨਹੀਂ ਨੰਗੇ ਪੈਰੀ ਚੱਲਣਾ
ਸੌਖੀ ਹੈ ਬੀਨ ਵਜਾਉਣੀ
ਔਖੀ ਹੈ ਨਾਗਣੀ ਵਾਲੀ ਬੰਦ ਪਟਾਰੀ ਸਾਂਭਣੀ।

ਮੈਂ ਵਰਮੀਆਂ ਨਹੀਂ ਪੂਜਦੀ
ਸੱਪਾਂ ਦੀ ਮਣੀ ਖਾਂਦੀ ਹਾਂ
ਤੇਰੀ ਮਣੀ
ਮੇਰੀ ਨਜ਼ਮ ਹੈ
ਮੇਰੀ ਜ਼ਹਿਰ ਤੇਰੀ ਬੀਨ ਦੇ ਰਾਗ ‘ਚ।

ਰਾਤ ਦੇ ਚੌਥੇ ਪਹਿਰ ਉੱਠਿਆ ਕਰ
ਜਦੋਂ ਸਾਰੇ ਲੋਕ ਸੁੱਤੇ ਹੋਣ
ਜਦੋਂ ਕੁੱਤੇ ਵੀ ਚੁੱਪ-ਚਾਪ ਹੋਣ
ਤੂੰ ਠੰਡੀ ਮਿੱਟੀ ‘ਤੇ ਚੱਲਿਆ ਕਰ
ਰਾਤ ਦੇ ਦੂਜੇ ਪਹਿਰ ਜਾਗਿਆ ਨਾ ਕਰ
ਮੇਰੇ ਖ਼ਾਬਾਂ ‘ਚ ਤੂੰ ਰੋਂਦਾ ਦਿਸਦਾ ਹੈਂ
ਤੇ ਸਾਰਾ ਦਿਨ ਵਾ-ਵਰੋਲਾ ਬਣ ਜਾਂਦਾ ਹੈ

ਜਿਹੜੀ ਵੀ ਦਿਹਲੀ ‘ਤੇ ਪਹਿਲਾ ਕਦਮ ਧਰਾਂਗੀ
ਮੇਰੇ ਪੈਰਾਂ ਦੀ ਚਾਪ ਸੁਣੀਂ
ਤੈਨੂੰ ਤੇਰੀ ਬੀਨ ਵਜਾਈ ਯਾਦ ਆਏਗੀ।

ਇਸ ਬਰਸਾਤ ‘ਚ ਗੜੇ ਪਏ ਸੀ
ਲੋਕਾਂ ਸਵਾਦ ਲਾ ਖਾਧੇ ਹੋਣਗੇ
ਸਿਰਫ਼ ਬੱਦਲ ਫਟੇ
ਜ਼ਮੀਨ ਗਿੱਲੀ ਹੋਈ
ਇੱਕ ਸੁੱਕਾ ਰੁੱਖ ਹਰਾ ਹੋਇਆ
ਆਪਾਂ ਰਲ ਕੇ ਵੇਖਦੇ ਹਾਂ
ਛਾਂ ‘ਚ ਬਹਿੰਦੇ ਹਾਂ
ਪਰ ਹਰ ਵਾਰ
ਧੁੱਪ ਏਨੀ ਗਹਿਰੀ ਕਿਉਂ ਹੁੰਦੀ ਹੈ
ਆਪਣੇ ਚਿਹਰਿਆਂ ‘ਤੇ
ਸ਼ਾਹੀਆਂ ਪੈ ਜਾਂਦੀਆਂ ਨੇ ।

ਓ ਥੱਕੇ ਹਾਰੇ ਰਾਹੀ
ਏਡਾ ਸੌਖਾ ਨਹੀਂ ਨੰਗੇ ਪੈਰੀਂ ਚੱਲਣਾ।
0
ਮੱਕੇ ਦੀ ਨਮਾਜ਼

ਜਦੋਂ ਹਵਾਵਾਂ ਚਲਣੀਆਂ ਬੰਦ ਹੋਈਆਂ
ਫਿਜ਼ਾ ‘ਚ ਨਮੀ ਘੁਲਣੀ ਬੰਦ ਹੋਈ
ਉਸ ਦਿਨ ਅਗਾਜ਼ ਹੋਣਾ ਹੈ ਬੰਦਗੀ ਦਾ
ਮੈਂ
ਰਾਬੀਆ ਦਾ ਘਰ ਭਾਵੇਂ ਨਹੀਂ ਬਣ ਸਕਦੀ
ਉਹ ਮੇਰਾ ਮੁਹੰਮਦ ਜ਼ਰੂਰ ਬਣੇਗਾ
ਭਾਵੇਂ ਮੱਕਾ ਮੇਰੇ ਤੱਕ ਨਾ ਪਹੁੰਚੇ
ਪਰ ਮੱਕੇ ਦੀ ਨਮਾਜ਼ ਮੇਰੀ ਹੋਏਗੀ
0
ਸਮੇਂ ਦੀ ਪੈਦਾਇਸ਼

ਇਸ ਵੇਲੇ ਜਦੋਂ ਸਮੁੰਦਰ ਦੀਆਂ ਲਹਿਰਾਂ ਸ਼ਾਂਤ ਨੇ
ਕਿਨਾਰਿਆਂ ਦੀ ਰੇਤ ਪਾਣੀ ਨਾਲ ਨਹੀਂ ਖੇਡਦੀ
ਮੈਨੂੰ ਸਮੁੰਦਰ, ਸਮੁੰਦਰ ਨਹੀਂ ਲੱਗਦਾ।

ਹਰ ਵਾਰ ਜਦੋਂ ਛੱਲ ਉੱਠਦੀ ਹੈ
ਕਿਨਾਰੇ ਨਾਲ ਜੂਝਦੀ ਹੈ
ਹਵਾਵਾਂ ‘ਚ ਸਿਰਫ਼ ਰੇਤ ਉੱਡਦੀ ਹੈ
ਫਿਰ ਵੀ
ਜ਼ਮੀਨ ਤੇ ਸਮੁੰਦਰ
ਦੋਵੇਂ ਅਟੁੱਟ ਨੇ

ਰਿਸ਼ਤੇ ਤਾਂ ਸਮੇਂ ਦੀ ਪੈਦਾਇਸ਼ ਨੇ
ਜੀਣ ਦਾ ਉਤਾਵਲਾ ਢੰਗ
ਜੋ ਡਮਰੂ ਬਣਦਾ ਹੈ
ਤੇ ਜ਼ਮੀਨ – ਸੁਮੰਦਰ ਦਾ ਨਾਚ ਵੇਖਦਾ ਹੈ।
0
ਹੱਦਬੰਦੀ

ਖੰਡਰਾਂ ‘ਚ ਗੂੰਜਦੀ ਅਵਾਜ਼
ਮੇਰੀ ਸੀ
ਮੈਨੂੰ ਹੀ ਤਾਂ ਲੱਭ ਰਹੀ ਸੀ
ਲੋਕਾਈ ਤੋਂ ਡਰਦੀ ਹੋਈ
ਹਵਾਵਾਂ ‘ਚ ਕੰਬਦੀ ਹੋਈ
ਮੈਥੋਂ ਮੰਗ ਰਹੀ ਸੀ
ਵਕਤ।

ਮੈਂ ਖੋਈ ਹੋਈ ਇਮਾਰਤ ਹਾਂ
ਹੱਦਬੰਦੀਆਂ ਦੀ ਚੂਰ ਕੀਤੀ ਹੋਈ
ਹੱਦਬੰਦੀ ਮੈਂ।

ਵਕਤ ਤੂੰ ਰੁੱਕ-ਰੁੱਕ ਕੇ ਚੱਲ
ਵਕਤ ਨੂੰ ਵਕਤ ਦੀ ਕੀਮਤ ਦਾ ਪਤਾ ਨਹੀਂ।

ਖਿੱਲਰੀਆਂ ਇੱਟਾਂ ਤੋਂ ਸੰਨ ਲੱਭਣਗੇ
ਫਿਰ ਵਕਤ
ਵਕਤ ਨੂੰ ਲੱਭੇਗਾ
ਵਕਤ ਜੋ ਬੀਤਦਾ ਹੈ
ਖ਼ਤਮ ਨਹੀਂ ਹੁੰਦਾ
ਸਸਤਾ ਹੁੰਦਾ ਹੈ ਕਦੀ-ਕਦੀ
ਘਟੀਆ ਨਹੀਂ ਹੁੰਦਾ।

ਕਾਸ਼!
ਮੈਂ ਖਲਾਅ ‘ਚ ਡਿੱਗੀ ਇੱਟ ਹੁੰਦੀ
ਜਿੱਥੇ ਦੂਜੀ ਇੱਟ ਮੇਰੇ ਵਰਗੀ ਹੁੰਦੀ
ਦੀਵਾਰ ਦਾ ਜ਼ਿਕਰ ਹੁੰਦਾ
ਸਰਦਲ ਮੈਂ ਆਪੇ ਬਣ ਜਾਣਾ ਸੀ।
ਸ਼ਿਲਾਲੇਖ ‘ਤੇ ਉੱਕਰੀ ਲਿੱਪੀ ਹਾਂ
ਵਕਤ ਦੀ ਨਜ਼ਰ ‘ਚ ਬੇਕਾਰ ਲਕੀਰਾਂ
ਲਕੀਰਾਂ ਭਾਸ਼ਾ ਦਾ ਨਾਂ ਲੈਣਗੀਆਂ
ਹੱਦਬੰਦੀ ਨੀਲਾਮ ਹੋਏਗੀ।

ਪੂਰਬ ‘ਚੋਂ ਨਿਕਲਿਆ ਸੂਰਜ
ਪੱਛਮ ਦੀ ਗੋਦ ‘ਚ ਹੈ
ਉਹ ਮਰਿਆ ਨਹੀਂ
ਦੂਜੇ ਦਿਨ ਫਿਰ ਜਨਮੇਗਾ
ਨਵੀਆਂ ਕਿਰਨਾਂ ਸੰਗ
ਨਾ ਫਿਰ ਵੀ
ਸੂਰਜ ਰਹੇਗਾ।

ਧੁੱਪ ਪੁਕਾਰ ਹੈ ਜ਼ਿਮੀਂ ਦੀ
ਵਕਤ ਤੋਂ ਨਹੀਂ ਡਰਦੀ
ਰੱਬ ਦੀ ਖਾਧੀ ਹੋਈ ਕਸਮ ਹੈ ਇਹ
ਜ਼ਮੀਨ ਦੀ ਜਨਮੀਂ ਜੰਗ ਹੈ
ਹੱਦਬੰਦੀ ਦੀ ਦਰਗਾਹ ਹੈ ਇਹ
ਤੇ ਦਰਗਾਹ ਦਾ ਚੜ•ਾਵਾ
ਹੱਦਬੰਦੀ ਨੂੰ ਨਹੀਂ ਮੰਨਦਾ।

ਮੈਂ ਇਮਾਰਤ ਹਾਂ
ਸਿਰਫ਼ ਵਕਤ ‘ਚੋਂ ‘ਕੁਛ’ ਲੱਭਦੀ ਹੋਈ।
0
ਉਥੇ ਕੋਈ ਵੀ ਨਹੀਂ

ਮਾਂ!
ਉਮਰ ਮੇਰੀ ਨੂੰ ਗਹਿਣੇ ਨਾ ਧਰ
ਤੇਰੀਆਂ ਰੁੱਤਾਂ ਰੁੱਸ ਜਾਣਗੀਆਂ
ਤੇ ਮੇਰੀ ਕਲਾਈ ਟੁੱਟ ਜਾਏਗੀ।

ਕਿਹਦੇ ਸਹਾਰੇ ਬਚਾਉਣਾ ਚਾਹੁੰਦੀ ਹੈਂ
ਉੱਥੇ ਕੋਈ ਵੀ ਨਹੀਂ
ਜੋ ਮੈਨੂੰ ਪਛਾਣ ਸਕੇ।

ਤੂੰ ਕਿਹੜੀ ਹਵਾ ਤੇ ਬੱਦਲ ਦੀ ਬਾਤ ਪਾਉਂਦੀ ਹੈਂ
ਮੇਰੀ ਦੁਨੀਆਂ ਦੇ ਮਨੁੱਖ ਬਾਤਾਂ ਨਹੀਂ ਸਮਝਦੇ
ਤੇ ਮੇਰੀ ਜ਼ਮੀਨ ਦੇ ਮੱਥੇ ਅੱਗ ਬਲਣ ਲੱਗ ਪੈਂਦੀ ਹੈ।

ਮੈਨੂੰ ਇਕੱਲਿਆਂ ਤੁਰਨ ਦੇ
ਸਾਰੇ ਕੰਡਿਆਂ ਦੀ ਪੀੜ ਪਛਾਨਣ ਦੇ
ਕਿਤੇ ਮੇਰੀ ਨਜ਼ਮ
ਬੇ-ਨਾਮ ਦਰਦ ਨੂੰ ਕੋਈ ਨਾਂ ਨਾ ਦੇ ਜਾਏ।
0
ਖੁਦਾਇਆ!
ਇਹ ਕਿਹੜੇ ਵੇਲੇ ਦੀ ਨਮਾ²ਜ਼ ਹੈ
ਇਹ ਕਿਹੜਾ ਇਲਮ ਹੈ
ਮੇਰੇ ਹਿੱਸੇ ਆਇਆ
ਪੈਰਾਂ ਹੇਠ ਭੱਖੜਾ ਉੱਗ ਆਇਐ
ਨਾ ਦਸਤਕ ਦਿੰਦੈ ਸਵੇਰਾ
ਨਾ ਸ਼ਾਮਾਂ ਦੀ ਸਰਦਲ ‘ਤੇ
…ਲੋਅ ਹੁੰਦੀ।

ਕਮੰਡਲ ਫੜਾ
ਕਿਸੇ ਪੀਰ ਦੀ ਦਰਗਾਹ ‘ਚ ਰੱਖ ਮੈਨੂੰ
ਰੌਸ਼ਨੀ ਦਾ ਇਲਮ ਕਰਾ
ਗਰੂਰ ਹੋਰ ਨਾ ਝੱਲਿਆ ਜਾਂਦਾ
ਵਗਦੇ ਦਰਿਆ ਦੀ
ਇੱਕ ਲਹਿਰ ਬਣਾ ਮੈਨੂੰ।

ਭੰਵਰ ‘ਚ ਬੈਠਣਾ
ਗਵਾਰਾ ਨਹੀਂ ਹੁਣ
ਚੰਦ ਲਫ਼ਜ਼ਾਂ ਦਾ
ਆਵਾਜ਼ ਦਾ
ਪੈਗ਼ਾਮ ਬਣਾ ਮੈਨੂੰ।

ਬੰਦ ਦਰਵਾਜ਼ੇ ਦੀ
ਸਰਦਲ ‘ਤੇ ਨਾ ਰੱਖ
ਵਗਦੀ ਹਵਾ ਦਾ
ਬੁੱਲਾ ਬਣਾ ਮੈਨੂੰ
ਘੁਟਦੀ ਫ਼ਿਜ਼ਾ ਆਜ਼ਾਬ ਬਣੀ
ਆਜ਼ਾਬ ਦੇ ਆਂਚਲ ਦੀ
ਦੁਆ ਬਣਾ ਮੈਨੂੰ।

ਆਸਮਾਨ ਦੀ ਸੱਤ ਰੰਗੀ ਪੀਂਘ ਦਾ
ਇੱਕ ਰੰਗ ਬਣਾ ਮੈਨੂੰ
ਇਸ ਜ਼ਮੀਨ ਦੀ ਰੁੱਤ
ਰਾਸ ਨਾ ਆਈ
ਓਸ ਅਸਮਾਨ ਦੀ ਰੁੱਤ ਦਾ
ਤਾਰਾ ਬਣਾ ਮੈਨੂੰ
0
ਉੱਠੋ ਰੱਬ ਜੀ
ਬਾਲੋ ਦੀਵਾ…।

ਤੱਤੀਆਂ ਹਨੇਰੀਆਂ
ਘੁਟਣ ਬਣੀਆਂ ਬਰਸਾਤਾਂ
ਨਾ ਪਤਝੜ ਦਾ ਮੌਸਮ ਦਿਸਦਾ
ਨਾ ਰੁੱਖ ਹਰਿਆਵਲ ਭਰਦੇ।

ਕੋਈ ਕੋਇਲ ਜੇ ਕੂਕਦੀ
ਰੱਬ ਜੀ
ਤੁਸੀਂ ਲੁਕ-ਲੁਕ ਰੋਂਦੇ
ਉਹਦੇ ਗੀਤ
ਵੈਣ ਬਣ ਬਣ ਲੂਸੇ
ਥੋਡੇ ਕੰਨਾਂ ਨੂੰ
ਰਾਸ ਨਾ ਆਏ।

ਤਪਦੀ ਛਾਤੀ ਦੇ ਹਉਕੇ
ਰੱਬ ਜੀ
ਮੇਰੇ ਪੈਰਾਂ ‘ਚ ਛਾਲੇ ਉਭਰ ਆਏ
………………………
ਐਸੀ ਵਹੀ ਲਿਖਦਿਆਂ
ਪਰ ਰੱਬ ਦੇ
ਹੱਥ ਨਾ ਥਰਥਰਾਏ।

ਬਲਦੇ ਥਲਾਂ ਨੂੰ
ਠੰਡਕ ਰਾਸ ਨਾ ਆਉਂਦੀ
ਪੈਗ਼ੰਬਰ ਬਹੁਤੇ ਏਥੇ
ਰੱਬ ਦੇ ਬੰਦੇ ਥੋੜੇ।
0
ਹਨੇਰੇ ਨੂੰ ਪਸਰਣ ਦੇ
ਚੰਦਰਮੇ ਦੀ ਲੋਅ ਰੋਂਦੀ ਹੈ
ਤਾਰਿਆਂ ਨੂੰ ਟਿਮ-ਟਿਮਾਉਣ ਦੇ
ਕਾਲੀ ਰਾਤ ਦੀ ਬਹਿਰ ਫਿਰ ਬਣਦੀ ਹੈ।

ਤਪ ਲੈਣ ਦੇ ਮਨ ਨੂੰ ਮਾਸ਼ੂਕ ਬਣ ਕੇ
ਰੱਬ ਦੀ ਬਿਰਤੀ ਫਿਰ ਉੱਖੜਦੀ ਹੈ
ਫਿਰ ਖਿੜਦੇ ਨੇ ਫੁੱਲ ਬਹਾਰ ਦੇ
ਫਿਰ ਰਾਤ ਵੀ ਸੋਹਣੀ ਲੱਗਦੀ ਹੈ।

ਲੋਅ ਦੀ ਫਿਰ ਕਦਰ ਹੁੰਦੀ
ਭੱਠੀ ਤਪਦੀ ‘ਚ ਜਦੋਂ ਨਜ਼ਰ ਰਲਦੀ
ਜਗਤ ਤਮਾਸ਼ੇ ਦੀ ਰਾਹ
ਸੌਖੀ ਹੋ ਜਾਂਦੀ
0
ਮੌਤ ਸੁਨੱਖੀ
ਉਹਦਾ ਮੁੱਖ ਵੀ ਸੋਹਣਾ
ਕਦਮਾਂ ਦੀ ਕਾਹਲ ਤੇ ਤਰਸ ਕਿਉਂ……।
0
ਮਨੁੱਖ ਦਾ ਜਨਮ
ਜਾਪ ਦਾ ਵਿਹੜਾ
ਹਰ ਅੱਖਰ ‘ਚ
ਜ਼ਿੰਦਗੀ ਵਾਸ ਕਰਦੀ।

ਉੱਠੋ ਰਿਸ਼ੀ ਜੀ
ਮਨ ‘ਚ ਵਾਸ ਕਰੋ….।

ਮਨ ਦਾ ਤਪ ਵੈਰਾਗ ਬਣਦਾ…
ਨਾ ਵਿਭੂਤੀ ਜਿਸਮ ‘ਤੇ ਪਰਤ ਬਣਦੀ
ਨਾ ਮੱਥੇ ਦਾ ਤਿਲਕ ਮੰਦਿਰ ਬਣਦਾ
ਨਾ ਸਾਧ ਦੀ ਚਾਦਰ ਓੜਨਾ ਹੁੰਦੀ
ਨੰਗੇ ਪੈਰਾਂ ਦੀ ਦਾਸਤਾਨ
ਨਾ ਦਰਗਾਹ ਜਾਂਦੀ।

ਤਿੱਤਲੀ ਬਦੌਲਤ ਫੁੱਲ ਖਿੜਦੇ
ਬਹਾਰਾ ਦੀ ਰਸਮ ਖ਼ੁਸ਼ਬੂ ਬਣਦੀ
ਅਨੇਕ ਰੰਗਾਂ ‘ਚ ਮਹਿਕਦੀ
ਕੁਦਰਤ ਆਸ਼ਕ ਹੋ ਜਾਂਦੀ
ਇਵੇਂ ਹੀ ਜ਼ਿੰਦਗੀ ਜੰਨਤ ਬਣਦੀ।

ਮੈਂ ਸਖ਼ਸ਼ਮ
ਚਿੱਟੀ ਚਾਦਰ ਅੱਖਰਦੀ
ਮੱਥੇ ਦੀ ਉਦਾਸੀ ਬਣਦੀ।
0
ਲੋਕ ਬਹੁਤ ਨਿਅਮਤਾਂ ਵਾਲੇ ਨੇ
ਮੇਰੇ ਸੜਦੇ ਵਾਲਾਂ ਨੂੰ ਸੁੰਘਣ ਆਏ
ਧੁਖਦੀ ਕਾਇਆ ‘ਤੇ ਹੱਥ ਸੇਕਣ ਆਏ
ਭੁਰ ਰਹੇ ਬਨੇਰੇ ਦਾ
ਬਚਿਆ ਸਾਮਾਨ ਲਿਆਏ।

ਸ਼ਾਇਦ ਤੂੰ ਵੀ ਹਿੰਮਤ ਕਰੇਂ
ਘੁਣ ਖਾਧੀ ਚੁਗਾਠ ਨੂੰ
ਸਾਂਭਣ ਦਾ ਯਤਨ ਕਰੇਂ
ਪਰ ਮਨ ਮੇਰੇ ਦਾ ਕੀ ਹੋਏਗਾ
ਅਵਿਸ਼ਵਾਸ ਦੀ ਲੋਰੀ ਦਾ ਜੋ
ਆਦੀ ਹੋ ਗਿਐ।
……………।
0
ਕਿਵੇਂ ਕਲਵਲ ਸਾਂਭਦੀ ਮੈਂ ਫੁੱਲਾਂ ਦੀ
………………
ਕੰਡਿਆਂ ਨੂੰ ਮੁੱਠੀ ‘ਚ
ਬੰਦ ਕਰਨਾ ਚਾਹਿਆ।

ਖ਼ੂਨ ਵਰਕਿਆਂ ਨੂੰ ਰੰਗਦਾ ਰਿਹਾ
ਰੁੱਸ ਕੇ ਨਦੀ ਪਹਾੜਾਂ ‘ਚ ਸੌਂ ਗਈ
ਫਟਿਆ ਬੱਦਲ ਤੇ
ਨਦੀ ਨੂੰ ਵਹਿਣਾ ਪਿਆ।

ਖ਼ਾਰਾ ਸਮੁੰਦਰ ਕੀ ਕਰਦਾ
ਆਖ਼ਿਰ ਨਦੀ ਨੂੰ
ਖ਼ਾਰੇ ਪਾਣੀ ਨਹਾਉਣਾ ਪਿਆ।

ਸਹਿਮ ਗਿਆ ਖ਼ਾਰਾ ਸਮੁੰਦਰ
ਮਾਸੂਮ ਫੁੱਲਾਂ ਨੂੰ  ਸੁੰਘਦਾ
ਕਿਨਾਰਿਆਂ ਨੂੰ ਸਾਂਭਦਾ
ਭਰਮ ਗਿਆ
ਵਿੱਚੇ ਰਚ ਗਿਆ
ਪਰ ਨਦੀ ਦੀ ਕਲਪਨਾ
ਖ਼ਾਰੇ ਪਾਣੀ ਦੀ ਨੀਂਦਰ ਬਣ ਗਈ।
0
ਛਲਕਦੇ ਕਿਨਾਰੇ ਗੰਗਾ ਦੇ
ਵਾਜਾਂ ਮਾਰਦੇ
ਵਹਿਣ ਦਾ ਦਾਅ ਜਿਹੜੇ ਜਾਣਦੇ
ਤਪੱਸਿਆ ਦਾ ਮੁਕੱਦਰ ਬਣ ਜਾਂਦੇ।
0
ਅੱਗ ਦਾ ਦਰਿਆ

ਉਹਦੀਆਂ ਖ਼ਾਮੋਸ਼ ਅੱਖਾਂ ‘ਚ
ਅੱਗ ਦਾ ਦਰਿਆ ਵਹਿੰਦਾ ਹੈ
ਤਮਾਮ ਹਨੇਰੀਆਂ ਦੀ ਗਰਦ
ਉਹਦੀ ਖ਼ਾਮੋਸ਼ੀ ‘ਚ ਦਫ਼ਨ ਹੈ
ਵਹਿੰਦੇ ਦਰਿਆ ਦੀ ਝੱਗ
ਉਹਦਾ ਹਾਸਿਲ ਹੈ

ਮੇਰੇ ਚਿਹਰੇ ‘ਤੇ ਚੁੱਪ ਛਾ ਜਾਂਦੀ ਹੈ
ਕੀ ਹੈ ਵੱਖਰਾ ਉਹਦੇ ‘ਚ
ਮਨ ਦੀ ਹਰ ਪਰਤ
ਉੱਧੜ ਜਾਣਾ ਚਾਹੁੰਦੀ ਹੈ

ਗੂੰਚੇ ਫੁੱਲਾਂ ਦੀ ਤਾਂਘ ‘ਚ ਨੇ…

ਮੇਰੀ ’ਮੈਂ’ਤੁਸੀਂ’
ਉਹਦੀ ਫ਼ਿਜ਼ਾ ‘ਚ
ਘੁਲ ਜਾਣਾ ਚਾਹੁੰਦੀ ਹੈ
ਉਹ ਜੋ
ਤਮਾਮ ਹਨੇਰੀਆਂ ਦੀ ਗਰਦ
ਮੁੱਠੀ ‘ਚ ਛੁਪਾ ਕੇ ਰੱਖਦਾ ਹੈ

ਠੰਡੀ ਚਾਹ ਪੀਣ ਦਾ ਦਾਅਵਾ ਕਰਦਾ ਹੈ

ਇਸ ਵਾਰ ਠੰਡੀ ਚਾਹ ਓਹਦੀ
ਉਮਰ ਦਾ ਘੁੱਟ ਬਣ ਜਾਏਗੀ
ਤੇ ਪਿਆਸ ਉਹਦੇ ਹੋਂਠਾਂ ਦੀ
ਮੇਰੇ ਕੋਲੋਂ ਖਹਿ ਕੇ ਲੰਘ ਜਾਏਗੀ
ਉਹਦੀਆਂ ਖ਼ਾਮੋਸ਼ ਅੱਖਾਂ ‘ਚ
ਅੱਗ ਦਾ ਦਰਿਆ ਵਹਿੰਦਾ ਹੈ
ਉਹ ਜੋ
ਠੰਡੀ ਚਾਹ ਪੀਣ ਦਾ ਦਾਅਵਾ ਕਰਦਾ ਹੈ
0
ਘਬਰਾ ਨਾ

ਬੱਦਲ ਤੋਂ ਬੂੰਦ ਬਰਸੀ
ਤਲੀ ‘ਤੇ ਅਟਕੀ
ਅਚਾਨਕ!
ਫਿਸਲੀ ਬੂੰਦ
ਤਿਲਮਲਾਈ ਮੈਂ

ਅੰਨੀ-ਬੋਲੀ ਹਨੇਰੀ ਵਗੀ
ਕਾਲੀ ਹਨੇਰੀ ਰਾਤ
ਇਕੱਲੀ ਮੈਂ!…

ਸਮੇਂ ਦੀ ਤਿੱਖੀ ਤਲਵਾਰ
ਮਖ਼ਿਆਲ ਮੱਖੀਆਂ
ਭੂਮਨੇ ਦੀ ਭੈਂ-ਭੈਂ
ਮੇਰੀ ਮੈਂ ’ਮੈਂ’ਤੁਸੀਂ’ ਨੂੰ ਲੱਭਦੀ

ਤਲੀ ‘ਤੇ ਕਲਪ ਬ੍ਰਿਖ ਉੱਗਿਆ
ਫ਼ਲ ਲਫ਼ਜ਼ਾਂ ਦਾ
ਸਵਾਦ-ਸਵਾਦ
ਦ੍ਰਿਸ਼ਟੀਵਹੀਣ ਅੱਖਾਂ
ਲੱਭਦੀਆਂ ਫਿਰ ਵੀ ਬੂੰਦ

ਤੁਛ ਬੂੰਦ
ਸਿਰਫ਼ ਬੂੰਦ!!
ਅੱਗ ਕਦੀ
ਜ਼ਹਿਰ
ਕਦੀ ਅੱਖਰਬਾਣ ਚਲਾਉਂਦੀ ਰਹੀ
ਬੂੰਦ ਪਾਣੀ ਦੀ ਸੀ
ਅਚਾਨਕ ਮਿੱਟੀ ‘ਚ ਮਿਲੀ
ਸੂਲ ਬਣੀ
ਅੱਕ ਬਣੀ
ਮੁਸਕਰਾਏ ਸ਼ਿਵ…
ਚੜਾਵਾ ਜ਼ਹਿਰ
ਪ੍ਰਸ਼ਾਦ ਕਵਿਤਾ ਦਾ ਰਹਿ ਵੰਡਦੀ
0
ਪੁਨਰ-ਜਨਮ

ਸਾਹਮਣੇ ਸਾਗਰ ਹੈ
ਮਨ
ਪਿਆਸ
ਤੜਪ
ਦਹਕ ਰਹੇ ਨੇ
ਮੇਰੀ ਛਾਤੀ ‘ਚ ਬਸ!
ਲਾਵਾ ਹੈ ਖ਼ਿਆਲਾਂ ਦਾ

ਤੇਰਾ ਮਹਿਕਣਾ ਮੁਸਕਰਾਉਣਾ
ਫ਼ਿਜ਼ਾਵਾਂ ‘ਚ ਘੁਲਦਾ ਹੈ
ਮਨ ‘ਚ ਫਿਰ ਓਹੀ ਸਵਾਲ ਹੈ
ਟਿਕਾਣਾ ਨਹੀਂ ਹੈ

ਸਿਮਟਿਆ ਮਨੁੱਖ
ਭਰਮ ਜਾਂਦਾ ਹੈ
ਸਹਿਮ ਤੋਂ ਬਾਹਰ ਆਉਣਾ ਚਾਹੇ ਤਾਂ
ਇਛਾਵਾਂ ‘ਚ ਭਟਕ ਜਾਂਦਾ ਹੈ
0
ਫ਼ਜ਼ਰ ਦਾ ਬੂਹਾ

ਤੂੰ
ਨਾ ਮੁਕਣ ਵਾਲੀ ਲੰਮੀ ਵਾਟ!

ਸ਼ਾਮ ਦਾ ਫੈਲਿਆ ਕੋਸਾ ਹਨੇਰਾ
ਫ਼ਜ਼ਰ ਦੇ ਬੂਹੇ ਬੈਠਾ
ਵੇਖਦੀ ਰਹੀ ਕਾਇਨਾਤ

ਜਾਪਿਆ
ਪਾਗ਼ਲ ਔਰਤ ਜਿਵੇਂ
ਖ਼ੁਦਾ ਨੂੰ ਉਡੀਕਦੀ ਹੋਵੇ
0
ਫਿਰ ਕਿਵੇਂ !

ਪਾਰਕ ‘ਚ ਖੇਡਦੇ ਬੱਚਿਆਂ ਨੂੰ
ਸੋਹਣੀ ਲੱਗੀ ਮੈਂ!
ਚਾਲੀਵਿਆਂ ‘ਚੋਂ ਗੁਜ਼ਰਦਿਆਂ
ਖਿਲ ਗਈ ਕਲੀ ਦੀ ਤਰਾਂ

ਸੂਰਜ ਘਬਰਾਇਆ
ਕੈਸੀ ਚਿਲਕਵੀਂ ਧੁੱਪ ਹੈ
ਜ਼ਮੀਨ ਹੱਸੀ
ਕੁਝ ਨਾ ਹੋਣ ਦੀ ਤਰਾਂ

ਪਰਚੀ ਨਾ ਹੋਂਦ
ਹਫ਼ਦੀ ਰਹੀ ਘਰ ‘ਚ
ਕਦੀ ਕਵਿਤਾ ‘ਚ
ਫਿਰ ਕਿਵੇਂ
ਬੱਚਿਆਂ ਨੂੰ ਸੋਹਣੀ ਲੱਗੀ ਮੈਂ!
0
ਵਾਪਸੀ ਨਹੀਂ

ਮਾਂ!
ਬਹੁਤ ਦੌੜੀ ਮੈਂ
ਘਰ ਦੀ ਦੀਵਾਰ ਤੋਂ ਸਰਦਲ ਤੱਕ
ਤੇਰੇ ਤੋਂ ਆਪਣੇ ਤੱਕ
ਖ਼ੁਦ ਤੋਂ ਧੀਆਂ ਤੱਕ
ਕਿਤੇ ਵੀ ਵਾਪਸੀ ਨਹੀਂ….
0

No comments yet»

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: