ਨਾਦ

contemporary punjabi poetry

ਗੁਰਪ੍ਰੀਤ

ਗੁਰਪ੍ਰੀਤ ਨਵੀਂ ਪੰਜਾਬੀ ਕਵਿਤਾ ਦਾ ਇਕ ਸੂਖਮਭਾਵੀ ਕਵੀ ਹੈ।
ਉਸ ਦੀਆਂ ਦੋ ਕਾਵਿ-ਪੁਸਤਕਾਂ ‘ਸ਼ਬਦਾਂ ਦੀ ਮਰਜ਼ੀ’ (1996) ਅਤੇ
‘ਅਕਾਰਨ’ (2001) ਪ੍ਰਕਾਸ਼ਿਤ ਹੋਈਆਂ ਹਨ। ਗੁਰਪ੍ਰੀਤ ਕੁਦਰਤ ਨੂੰ
ਪਿਆਰਨ ਵਾਲਾ ਸ਼ਾਇਰ ਹੈ। ਉਹ ਆਪਣੀ ਸ਼ਾਇਰੀ ਵਿਚ ਚੀਜ਼ਾਂ ਨਾਲ
ਗੱਲਾਂ ਕਰਦਾ ਹੈ ਅਤੇ ਚੀਜ਼ਾਂ ਫਿਰ ਸਾਡੇ ਨਾਲ ਗੱਲਾਂ ਕਰਦੀਆਂ ਹਨ।
ਉਹ ਸ਼ਬਦਾਂ ‘ਤੇ ਆਪਣੀ ਮਰਜ਼ੀ ਨਹੀਂ ਠੋਸਦਾ; ਸਗੋਂ ਸ਼ਬਦਾਂ ਦੀ ਮਰਜ਼ੀ
ਨਾਲ ਚਲਦਾ ਹੈ। ਉਹਦੀ ਕਵਿਤਾ ‘ਚ ਸਹਿਜ ਤੇ ਸੁਹਜ ਕੁਦਰਤੀ ਬਿੰਬਾਂ,
ਪ੍ਰਤੀਕਾਂ ਸਮੇਤ ਹਰ ਵਕਤ ਹਾਜ਼ਰ ਰਹਿੰਦਾ ਹੈ। ਇਕ ਨਿਮਨ ਮੱਧ-ਸ਼੍ਰੇਣਿਕ
ਮਨੁੱਖ ਦੇ ਦੁੱਖ ਸੁੱਖ ਉਸ ਦੀ ਕਵਿਤਾ ਦੇ ਸਰੋਕਾਰ ਬਣਦੇ ਹਨ। ਪੇਸ਼ ਹਨ
ਗੁਰਪ੍ਰੀਤ ਦੀਆਂ ਕੁਝ ਨਜ਼ਮਾਂ:
ਰਲ ਜਾਂਗਾ ਤੇਰੇ ‘ਚ

ਮੈਂ ਤੇਰੀ ਗੁਰੂਤਾ ਖਿੱਚ ਅੰਦਰ
ਬਹੁਤ ਉੱਚਾ-ਉੱਚਾ
ਛੁਹ ਛੁਹ ਜਾਂਦੀਆਂ
ਅੱਖਾਂ ਮੇਰੀਆਂ
ਆਸਮਾਨ ਦਾ ਨੰਗਾਪਣ

ਗੋਦ ਤੇਰੀ ‘ਚ
ਤੇਰੇ ਬਿਰਖਾਂ ਬੂਟਿਆਂ ‘ਤੇ
ਹੁੰਦਾ ਮੈਂ
ਝੂਮਦੇ ਪੱਤੇ
ਟਹਿਕਦੇ ਫੁੱਲ

ਕਿਰਾਂ ਮੁਰਝਾਵਾਂ
ਰਲ ਜਾਂਗਾ ਤੇਰੇ ‘ਚ
ਜੜਾਂ ਨੇ ਮੇਰੀਆਂ
ਪਿਆਸੀਆਂ
0
ਅਰਥਾਂ ਦੇ ਸਿਪੀਆਂ ਮੋਤੀ

ਨਦੀ
ਵਹਿ ਰਹੀ ਹੈ
ਸ਼ਬਦਾਂ ਦੇ
ਕਿਨਾਰਿਆਂ ਵਿਚਕਾਰ

ਅਰਥਾਂ ਦੇ
ਸਿਪੀਆਂ ਮੋਤੀ
ਧੁਰ ਹੇਠਾਂ
ਗਹਿਰੇ ਪਾਣੀ
ਸਾਂਭਦੀ

ਇਕ ਦਿਨ
ਸਮੁੰਦਰ ਹੋਵੇਗੀ
ਮੇਰੀ ਤੇਰੀ
ਇਹ ਪਗਲੀ ਨਦੀ
0
ਸ਼ਬਦਾਂ ਦੀ ਮਰਜ਼ੀ

ਸਾਰੇ ਦੇ ਸਾਰੇ ਸ਼ਬਦ
ਬਾਹਰ ਸੁੱਟ ਦਿੰਦਾ
ਮੈਂ ਆਪਣੇ
ਮਨ ਕਮਰੇ ਦੀ ਬਾਰੀ ‘ਚੋਂ

ਇਕ ਇਕ ਕਰ
ਸਜ ਜਾਂਦੇ ਉਹ
ਮੇਰੇ ਕਮਰੇ ਦੀ ਕਾਰਨਸ ‘ਤੇ
ਮੇਰਾ ਮੂੰਹ ਚਿੜਾਉਂਦੇ

ਮੈਂ ਦੌੜਦਾ
ਕਮਰੇ ਤੋਂ ਬਾਹਰ
ਵਧਣ ਲਗਦੀ
ਇਹਨਾਂ ਦੀ ਕਤਾਰ

ਅਜੇ ਤੱਕ ਨਹੀਂ ਹੋਈ
ਮੇਰੀ
ਤੇ ਮੇਰੇ ਸ਼ਬਦਾਂ ਦੀ
ਇਕ ਮਰਜ਼ੀ

ਉਂਝ
ਇਹਨਾਂ ਬਿਨ
ਸਰਦਾ ਨਹੀਂ
ਇਕ ਪਲ ਵੀ
0
ਮਨ ਦੀ ਗੁਫ਼ਾ ਅੰਦਰ

ਲੋਚਿਆ
ਸ਼ੁਰੂ ਕਰਾਂ
ਫਿਰ ਤੋਂ ਸਭ

ਬਹੁਤ ਖਿਡੌਣੇ ਤੋੜੇ
ਨਿੱਕੇ ਹੁੰਦਿਆਂ
ਯਾਦ ਆਉਂਦਾ

ਮਨ ਦੀ ਗੁਫ਼ਾ ਅੰਦਰ
ਖੁਜਰਾਹੋ ਦੀਆਂ
ਮੂਰਤੀਆਂ
ਘੜਨ ਲਗਦਾ

ਮੇਰਾ ਕੋਈ ਇਕ ਸਿਰਾ ਨਹੀਂ
0
ਆਵਾਜ਼ਾਂ
1.
ਇਸ ਬਿੰਦੂ ‘ਚ
ਆਦਿ ਕਾਲ ਤੋਂ
ਮੈਂ ਵੀ
ਇਕ ਆਵਾਜ਼
ਤੇ ਤੂੰ ਵੀ

ਇਸੇ ਤਰਾਂ
ਕੁਲ ਜੀਆ ਜੰਤ
ਬਨਸਪਤਿ

ਰਲ ਦੋਹੇਂ ਅਸੀਂ
ਸਾਹਾਂ ਨੂੰ ਦੇਹ ਦਿੰਦੇ
ਨੈਣ ਨਕਸ਼ ਘੜਦੇ
ਅੰਗ ਅੰਗ ਸਿਰਜਦੇ
ਇਕ ਦੂਜੇ ਦੀ
ਪੂਰਨਤਾ ਲਈ

2.
ਆਵਾਜ਼ ਅੰਦਰ
ਹੋਂਦ ਸਵੀਕਾਰਦਾ
ਸ਼ਬਦ
ਲੈਅਮਈ ਹੁੰਦਾ
ਨ੍ਰਿਤ ਕਰਦਾ
ਰੰਗਾਂ ‘ਚ ਵਟਦਾ

ਅਨੰਤ ਧਰਤੀਆਂ
ਅਨੰਤ ਅੰਬਰ
ਅਨੰਤ ਰੂਪਾਂ ‘ਚ ਤੁਰਦਾ, ਉਡਦਾ

ਆਵਾਜ਼ ਅੰਦਰ ਹੀ
ਮਿਟ ਜਾਂਦਾ
ਸਾਰਾ ਸ਼ਬਦ ਸੰਸਾਰ
0

ਇਕ ਕਾਗਜ਼ ਦੀ ਕਿਸ਼ਤੀ

ਅੰਬਰ ‘ਤੇ
ਉਡ ਰਹੇ ਨੇ ਪੰਛੀ
ਹਰ ਸੀਮਾਂ ਤੋਂ ਪਾਰ

ਬਾਰੀਂ ਰਾਹੀਂ
ਭਰ ਗਿਆ ਮੇਰਾ ਕਮਰਾ
ਤਰਾਂ ਤਰਾਂ ਦੇ
ਆਕਾਰ ਬਦਲਦੇ ਬੱਦਲਾਂ ਨਾਲ

ਹੁਣੇ ਹੁਣੇ
ਬਾਰਿਸ਼ ਹੋਵੇਗੀ
ਵਹਿੰਦੇ ਪਾਣੀ ‘ਚ
ਇਕ ਕਾਗਜ਼ ਦੀ ਕਿਸ਼ਤੀ
ਮੇਰੀ ਵੀ ਹੋਵੇਗੀ
0

ਅੰਦਰਲੀ ਪਟੜੀ ‘ਤੇ ਰੇਲ

ਹੁਣੇ ਰਾਤ ਦੀ ਗੱਡੀ ਲੰਘੀ ਹੈ

ਮੈਂ ਗੱਡੀ ‘ਤੇ ਨਹੀਂ
ਉਹਦੀ ਕੂਕ ‘ਤੇ ਚੜਦਾ ਹਾਂ

ਮੇਰੇ ਅੰਦਰ ਨੇ
ਅਸੰਖ ਸਟੇਸ਼ਨ

ਮੈਂ ਕਦੇ
ਕਿਸੇ ‘ਤੇ ਉਤਰਦਾ ਹਾਂ
ਕਦੇ ਕਿਸੇ ‘ਤੇ

ਅੰਦਰਲੀ ਪਟੜੀ ‘ਤੇ ਰੇਲ ਦਾ ਚੱਲਣਾ
ਬੱਚਿਆਂ ਦੀ ਖੇਡ ਜਿੰਨਾ ਅਦਭੁਤ ਹੈ।
0

ਜੀਅ ਲੱਗਣਾ

ਇਹ ਵੀ
ਅੰਤਿਮ ਰੂਪ ਨਹੀਂ ਕਵਿਤਾ ਦਾ

ਮੈਂ ਵੇਖ ਰਿਹਾ ਹਾਂ
ਕਿਸੇ ਅਗਿਆਤ ਜਗਾ ਬੈਠੀ
ਆਪਣੀ ਅਗਿਆਤ ਪ੍ਰੇਮਿਕਾ ਦੇ
ਲਹਿਰਾਅ
ਰਹੇ
ਵਾਲ

ਵਾਲ ਕਿੰਨੇ ਮੁਲਾਇਮ
ਤੇ ਚਮਕਦਾਰ ਹਨ

ਜੀਅ ਲੱਗਣਾ
ਕਿਹੋ ਜਿਹੀ ਸ਼ੈਅ ਹੈ
0

ਨਵੀਂ ਕਮੀਜ਼

ਮੈਂ ਨਵੀਂ ਕਮੀਜ਼ ਪਹਿਨ
ਤੈਨੂੰ ਖ਼ਤ ਲਿਖ ਰਿਹਾ ਹਾਂ

ਕਿਸ ਤਰਾਂ ਮਹਿਸੂਸ ਕਰ ਰਹੀ ਹੈ
ਉਹ ਮੇਰੇ ਪਿੰਡੇ ਨਾਲ ਗੱਲਾਂ ਕਰਦੀ

ਹੁਣੇ ਥੋੜਾ ਚਿਰ ਪਹਿਲਾਂ
ਮੁੜਕੇ ਨੂੰ ਮਿਲੀ ਸੀ

ਹੁਣੇ ਥੋੜੇ ਚਿਰ ਬਾਅਦ
ਧੂੜ ਨੂੰ ਮਿਲੇਗੀ

ਕਿਹੋ ਜਿਹਾ ਲੱਗੇਗਾ ਉਸਨੂੰ
ਸਾਬਣ ਨੂੰ ਮਿਲਣਾ
ਮੇਰੀ ਪਤਨੀ ਹੱਕੋਂ ਧੋਤੇ ਜਾਣਾ

ਚਮਕਦੀ ਧੁੱਪ ‘ਚ
ਤਾਰ ‘ਤੇ ਲਟਕਦੀ
ਸੁਕਦੀ
ਕੀ ਸੋਚੇਗੀ

ਮੈਂ ਨਵੀਂ ਕਮੀਜ਼ ਪਹਿਨ
ਤੈਨੂੰ ਖ਼ਤ ਲਿਖ ਰਿਹਾ ਹਾਂ
0

ਅਣਦੇਖੇ ਪਲਾਂ ਦਾ ਜਸ਼ਨ

ਮੈਂ ਹਾਂ
ਜਾਂ ਨਹੀਂ ਹਾਂ
ਦੋਹਾਂ ਗੱਲਾਂ ‘ਚ ਕੀ ਭੇਦ

ਪਤਨੀ ਨਵੇਂ ਬੁਣੇ ਸਵੈਟਰ ਦਾ ਗਲਾ
ਮੇਰੇ ਗਲ ‘ਚ ਪਾ ਕੇ ਵੇਖਦੀ ਹੈ
0

ਦੋ ਜਣੇ ਇੱਕ ਪਹਾੜ

ਮੇਰੀ ਇਸ ਕਵਿਤਾ ਵਿਚ
ਦੋ ਜਣੇ ਨੇ

ਹੁਣੇ ਪਹਾੜ ‘ਤੇ ਚੜ• ਰਹੇ ਸਨ

ਹੁਣੇ ਉਹਨਾਂ ਨੇ ਪਹਾੜ ਪਾਰ ਕਰ ਲਿਆ ਹੈ

ਹੁਣੇ ਉਹ ਪਹਾੜੋਂ ਉਤਰ ਰਹੇ ਹਨ

ਮੇਰੀ ਇਸ ਕਵਿਤਾ ਵਿਚ
ਦੋ ਜਣੇ ਨੇ
ਤੇ ਇਕ ਪਹਾੜ
0

ਗੁਆਂਢੀ

ਸਾਹਮਣੀ ਦੀਵਾਰ ‘ਤੇ
ਰੇਖਾਵਾਂ ‘ਚ ਉਕਰਿਆ ਬਰੈਖ਼ਤ
ਆਪਣੀਆਂ ਐਨਕਾਂ ਵਿਚਦੀ
ਕਿਸੇ ਨਾਟਕ ਨੂੰ ਵੇਖ ਰਿਹਾ ਹੈ

ਖਿੜਕੀ ਖੋਲਦਾਂ
ਯਾਦ ਆਉਂਦਾ ਹੈ ਪਾਬਲੋ ਨੇਰੂਦਾ
ਉਹਦਾ ਪਿਆਰ ਬਸੰਤ ਰੁੱਤ
ਲਹਿਰਾਉਂਦਾ ਚੈਰੀ ਦਾ ਰੁੱਖ

ਚਾਹ ਦੀ ਘੁੱਟ ਭਰਦਿਆਂ
ਸਾਂਭਦਾ ਹਾਂ ਮੇਜ਼ ਉਪਰ ਪਿਆ
ਪਿਕਾਸੋ ਦਾ ਉਹ ਚਿਤਰ
ਜੋ ਮਸਾਂ ਮਸਾਂ ਲੱਭਿਆ
ਕਿਸੇ ਟਰੰਕ ‘ਚ ਬੰਦ ਪਿਆ
ਕਰੋੜਾਂ ਡਾਲਰਾਂ ਵਿਚ ਹੋ ਸਕਦੀ ਹੈ ਨਿਲਾਮੀ ਉਹਦੀ

ਦਸਤਕ ਹੁੰਦੀ ਹੈ ਦਰਵਾਜ਼ੇ ‘ਤੇ
ਮੇਰਾ ਗੁਆਂਢੀ
ਸੁਬਾ ਸੁਬਾ ਇਹ ਦੱਸਣ ਆਇਆ ਹੈ
ਕਿ ਉਹਦੀ ਪਿਆਰੀ ਹਿਨਾ ਨੇ
ਪੰਜ ਕਤੂਰਿਆਂ ਨੂੰ ਜਨਮ ਦਿੱਤਾ ਹੈ

ਕਿਹੋ ਜਿਹੇ ਹੋਣਗੇ
ਬਰੈਖ਼ਤ ਨੇਰੂਦਾ ਤੇ ਪਿਕਾਸੋ ਦੇ ਗੁਆਂਢੀ।
0

ਪਿਆਰ ਦਾ ਪੋਰਟਰੇਟ

ਆਕਾਸ਼ ਦਾ ਰੰਗ
ਕਦੇ ਕਦੇ ਹੁੰਦਾ ਹੈ
ਸੁਰਮਈ

ਚਮਕਣ ਲਗਦਾ ਹੈ
ਗਰਜਣ ਲਗਦਾ ਹੈ
ਬਰਸਣ ਲਗਦਾ ਹੈ

ਇਹਨਾਂ ਪਲਾਂ ਵਿਚ
ਧਰਤੀ
ਆਕਾਸ਼ ਦੇ ਪਾਣੀਆਂ ਦੀ
ਪਾਰਦਰਸ਼ੀ ਪੁਸ਼ਾਕ ਪਹਿਨੀ
ਮਹਿਕ ਮਹਿਕ ਜਾਂਦੀ ਹੈ
ਮਹਿਕ ਮਹਿਕ…।
0

ਪੱਥਰ

ਇੱਕ ਦਿਨ
ਮੈਂ ਨਦੀ ਕਿਨਾਰੇ ਪਏ ਪੱਥਰ ਨੂੰ
ਪੱਥਰ ਦੀ ਭਾਸ਼ਾ ‘ਚ ਪੁਛਦਾ ਹਾਂ

ਤੂੰ ਬਨਣਾ ਚਾਹੇਂਗਾ
ਕਿਸੇ ਕਲਾਕਾਰ ਹੱਥੋਂ
ਇਕ ਕਲਾਕ੍ਰਿਤ

ਤੈਨੂੰ ਫਿਰ ਰੱਖਿਆ ਜਾਵੇਗਾ
ਕਿਸੇ ਆਰਟ ਗੈਲਰੀ ਵਿਚ

ਦੂਰੋਂ ਦੂਰੋਂ ਆਵੇਗੀ ਦੁਨੀਆਂ ਦੇਖਣ

ਤੇਰੇ ਰੰਗ ਰੂਪ ਆਕਾਰ ਉਪਰ
ਲਿਖੇ ਜਾਣਗੇ ਲੱਖਾਂ ਲੇਖ

ਪੱਥਰ ਹਿਲਦਾ ਹੈ
ਨਾਂਹ ਨਾਂਹ
ਮੈਨੂੰ ਪੱਥਰ ਹੀ ਰਹਿਣ ਦਿਓ
ਹਿਲਦਾ ਪੱਥਰ
ਐਨਾ ਕੋਮਲ
ਐਨਾ ਕੋਮਲ ਤਾਂ
ਮੈਂ ਕਦੇ ਫੁੱਲ ਵੀ ਨਹੀਂ ਤੱਕਿਆ।
0

ਕਾਗ਼ਜ਼

ਹੁਦ ਤੱਕ ਸੀ ਜੋ ਖ਼ਾਲੀ ਕਾਗ਼ਜ਼
ਸੋਚਦਾ ਸੀ
ਕੀ ਲਿਖਿਆ ਜਾਵੇਗਾ ਮੇਰੇ ‘ਤੇ
ਕਿਉਂ ਲਿਖਿਆ ਜਾਵੇਗਾ
ਕਦੋਂ ਲਿਖਿਆ ਜਾਵੇਗਾ

ਕਾਗ਼ਜ਼ ਉਪਰ ਲਿਖਿਆ ਜਾਂਦਾ ਹੈ
ਪੂਰੇ ਮਹੀਨੇ ਦਾ ਹਿਸਾਬ-ਕਿਤਾਬ
ਲੈਣਾ ਦੇਣਾ
ਸਿਰ ਟੁਟਦੀਆਂ ਕਿਸ਼ਤਾਂ
ਤੇ ਹੋਰ ਕਿੰਨਾ ਹੀ ਕੁਝ
ਜਿਸ ਦੀ ਸਮਝ
ਸਿਰਫ਼ ਲਿਖਣ ਵਾਲੇ ਨੂੰ ਆਵੇ

ਕਾਲਾ ਹੋਇਆ ਕਾਗ਼ਜ਼ ਸੋਚੇ
ਕਿੰਨਾ ਅਜੀਬ ਹੈ ਬੰਦਾ
ਆਪਣੀ ਕਬੀਲਦਾਰੀ
ਮੇਰੇ ਸਿਰ ਮੜੀ ਜਾਵੇ

ਸੋਚਦਾ ਸੋਚਦਾ
ਹਵਾ ਨਾਲ ਉਡਦਾ ਕਾਗ਼ਜ਼
ਪੈਂਦੇ ਮੀਂਹ ਵਿਚ
ਭਿੱਜਣ ਲਈ ਕਾਹਲਾ ਹੈ।
0
ਸਫ਼ਰ

ਮੇਰਾ ਇਕ ਪਾਠਕ
ਅੰਡੇਮਾਨ ਨਿਕੋਬਾਰ ਦਾ ਸੰਥਾਲੀ ਹੈ

ਦੂਜਾ ਸਾਈਬਰ ‘ਤੇ
ਕਿਸੇ ਨਵੀਂ ਖੋਜ ਵਿਚ
ਰੁੱਝਿਆ ਹੋਇਆ ਹੈ

ਮੈਂ ਤੀਜੇ ਪਾਠਕ ਦੀ ਤਲਾਸ਼ ‘ਚ ਹਾਂ

ਆਪਣੇ ਪੈਰ ਦੇ ਜ਼ਖ਼ਮ ਨੂੰ
ਨਿੰਮ ਦੇ ਤੇਲ ਨਾਲ ਧੋ ਰਿਹਾ ਹਾਂ
0

ਮਾਘੀ ਨੱਚੇ

ਮਾਘੀ ਨੱਚੇ
ਅੰਦਰਲੀ ਤਾਲ ‘ਤੇ ਸੁਰ ਹੋਇਆ ਪ੍ਰਕਿਰਤੀ ਨਾਲ
ਆਕਾਸ਼ ਵੰਨੀਂ ਬਾਹਾਂ ਉਲਾਰੀ
ਮਾਘੀ ਨੱਚੇ ਨੱਚੀ ਜਾਵੇ

ਕੋਲੋਂ ਲੰਘਦੇ ਲੋਕੀਂ ਹੈਰਾਨ
ਨਾ ਵਿਆਹ ਕਿਸੇ ਦੇ
ਨਾ ਜੰਮਿਆ ਮੁੰਡਾ ਇਹਦੇ
ਕਿਧਰੇ ਕੋਈ ਢੋਲ ਨਾ ਵੱਜੇ
ਕਿਧਰੇ ਕੋਈ ਗੀਤ ਨਾ ਗਾਵੇ
ਮਾਘੀ ਨੱਚੇ ਨੱਚੇ ਕਿਉਂ

ਜੀਅ ਕਰੇ ਲੋਕਾਂ ਦਾ
ਨੱਚਣ ਉਹ ਵੀ ਉਹਦੇ ਵਾਂਗੂੰ
ਪਤਾ ਨੀ ਕਿਹੜੀ ਸ਼ੈਅ ਰੋਕ ਲੈਂਦੀ ਉਹਨਾਂ ਨੂੰ

ਉਹ ਸੋਚਣ
ਮਾਘੀ ਕਿਵੇਂ ਨੱਚੀ ਜਾ ਰਿਹਾ ਹੈ
ਭਰੇ ਬਾਜ਼ਾਰ ਸਭ ਦੇ ਸਾਹਵੇਂ ਸ਼ਰੇਆਮ

ਉਹਨੂੰ ਤੱਕਦੇ ਘੜੀ ਪਲ ਲੋਕ
ਯਾਦ ਕਰਦੇ ਆਪੋ ਆਪਣੇ ਧੰਦੇ
ਤੁਰ ਪੈਂਦੇ ਕਾਹਲੇ ਕਦਮੀਂ

ਮਾਘੀ ਨੱਚੇ ਨੱਚੀ ਜਾਵੇ ਅੰਦਰਲੀ ਤਾਲ ‘ਤੇ
ਸੁਰ ਹੋਇਆ ਆਪਣੇ ਆਪ ਨਾਲ।
0

ਪਿਆਰ

ਮੈਂ ਕਿਤੇ ਵੀ ਜਾਵਾਂ
ਮੇਰੇ ਪੈਰਾਂ ਹੇਠ ਵਿਛੀ ਹੁੰਦੀ ਹੈ
ਧਰਤੀ

ਮੈਂ ਧਰਤੀ ਨੂੰ ਪਿਆਰ ਕਰਦਾ ਹਾਂ
ਜਾਂ ਧਰਤੀ ਕਰਦੀ ਮੈਨੂੰ
ਕੀ ਇਸੇ ਦਾ ਨਾਂ ਹੈ ਪਿਆਰ

ਮੈਂ ਕਿਤੇ ਵੀ ਜਾਵਾਂ
ਮੇਰੇ ਸਿਰ ‘ਤੇ ਤਣਿਆ ਹੁੰਦਾ ਹੈ
ਆਕਾਸ਼

ਮੈਂ ਆਕਾਸ਼ ਨੂੰ ਪਿਆਰ ਕਰਦਾ ਹਾਂ
ਜਾਂ ਆਕਾਸ਼ ਕਰਦਾ ਹੈ ਮੈਨੂੰ
ਕੀ ਇਸ ਦਾ ਨਾਂ ਹੈ ਪਿਆਰ

ਪਿਆਰ ਧਰਤੀ ਕਰਦੀ ਹੈ ਆਕਾਸ਼ ਨੂੰ
ਆਕਾਸ਼ ਧਰਤੀ ਨੂੰ

ਮੈਂ ਇਹਨਾਂ ਦੋਹਾਂ ਵਿਚਕਾਰ
ਕੌਣ ਹਾਂ

ਕਿਤੇ ਇਹਨਾਂ ਦੋਹਾਂ ਦਾ
ਪਿਆਰ ਤਾਂ ਨਹੀਂ।
0

ਦੋਸਤ ਸ਼ਬਦ

ਕੌਣ ਕੌਣ ਦੋਸਤ ਹੋਂ ਮੇਰੇ
ਮੈਂ ਕਿਸਦਾ ਦੋਸਤ ਹਾਂ

ਦੋਸਤੀ
ਜਮਾਂ ਘਟਾਓ ਗੁਣਾ ਤਕਸੀਮ ਤੋਂ ਬਾਅਦ
ਜੋ ਬਚ ਜਾਂਦਾ ਹੈ
ਕੀ ਉਹੀ ਹੈ ਦੋਸਤੀ

ਮੈਂ ਕਿਸ ਕਿਸ ਲਈ
ਕੀ ਕੀ ਬਚਾਇਆ ਾਹੈ
ਕਿਉਂ ਬਚਾਇਆ ਹੈ

ਦੋਸਤ ਸ਼ਬਦ ਥੱਕ ਗਿਆ ਹੈ
ਦੋਸਤੀ ਤੋਂ ਬਾਹਰ ਕਿਧਰੇ
ਕਿਸੇ ਰੁੱਖ ਹੇਠਾਂ
ਸੁਸਤਾਉਣਾ ਚਾਹੁੰਦਾ ਹੈ
ਨਦੀ ਵਿਚ ਆਪਣੇ ਪੈਰ ਡੁਬੋ
ਝੂਠ ਨੂੰ ਜਲ ‘ਚ ਤਾਰ ਦੇਣਾ ਚਾਹੁੰਦਾ ਹੈ

ਦੋਸਤ ਸ਼ਬਦ
ਆਪਣੇ ਅਰਥਾਂ ਲਈ
ਭਾਈ ਕਾਨ• ਸਿੰਘ ਨਾਭਾ ਨਾਲ
ਗੋਸ਼ਟੀ ਰਚਾ ਰਿਹਾ ਹੈ
0

ਚੁਪ ਦਾ ਨਾਚ

ਕਾਗ਼ਜ਼ ਦੀ ਖ਼ਾਲੀ ਥਾਂ ‘ਤੇ
ਉਦਾਸੀ ਜਸ਼ਨ ਮਨਾ ਰਹੀ ਹੈ
ਉਸ ਕੋਲ ਚੁੱਪ ਦਾ ਨਾਚ ਹੈ
0

ਕਾਲਾ ਰੰਗ

ਸਭ ਰੰਗਾਂ ਤੋਂ
ਸੋਹਣਾ ਲਗਦਾ ਹੈ
ਕਾਲਾ ਰੰਗ ਸੜਕ ਦਾ

ਉਹ ਮਿਲਾਉਂਦੀ ਹੈ
ਮੇਰੇ ਘਰ ਨੂੰ
ਤੇਰੇ ਘਰ ਨਾਲ
0

ਲੇਖਾ

ਮੈਂ ਸਭ ਦਾ
ਕੁਝ ਨਾ ਕੁਝ ਦੇਣਾ ਹੈ

ਦੇਣ ਇਹ ਮੈਥੋਂ
ਕਿਵੇਂ ਵੀ ਦਿੱਤਾ ਨੀ ਜਾਣਾ

ਮੇਰੇ ਆਉਂਦੇ ਜਾਂਦੇ ਸਾਹ
ਘੁੰਮਦੀ ਧਰਤੀ ਨਾਲ ਘੁੰਮਦੇ ਹਨ
ਚਮਕਦੇ ਸੂਰਜ ਨਾਲ ਚਮਕਦੇ ਹਨ

ਮੇਰੇ ਕੋਲ ਤੁਹਾਡੇ ਕੋਲ ਭਾਸ਼ਾ ਹੈ

ਮੈਂ ਧੰਨਵਾਦ ਆਖ ਕੇ
ਮੁਕਤ ਹੋ ਸਕਦਾ ਹਾਂ

ਨਦੀਆਂ ਪਹਾੜਾਂ ਮੈਦਾਨਾਂ ਜੰਗਲਾਂ ਪੰਛੀਆਂ ਲਈ
ਮੈਂ ਕਿਹੜਾ ਸਾਧਨ ਚੁਣਾਂ

ਆਪਣੇ ਆਪ ਕੋਲ
ਪਲ ਪਲ ਦਾ ਲੇਖਾ ਦੇਣਾ ਹੈ
ਇਕ ਦਿਨ
0

ਮਾਂ ਨੂੰ

ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰਕੇ ਨਹੀਂ
ਕਿ ਉਸਨੇ ਜਨਮ ਦਿੱਤਾ ਹੈ ਮੈਨੂੰ
ਇਸ ਕਰਕੇ ਵੀ ਨਹੀਂ
ਕਿ ਉਸਨੇ ਪਾਲਿਆ ਪੋਸਿਆ ਹੈ ਮੈਨੂੰ

ਮੈਂ ਮਾਂ ਨੂੰ ਪਿਆਰ ਕਰਦਾ ਹਾਂ
ਇਸ ਕਰਕੇ
ਕਿ ਉਸਨੂੰ
ਆਪਣੇ ਦਿਲ ਦੀ ਗੱਲ ਕਹਿਣ ਲਈ
ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ।
0

ਪੰਛੀਆਂ ਨੂੰ ਖ਼ਤ

ਮੈਂ ਪੰਛੀਆਂ ਨੂੰ ਖ਼ਤ ਲਿਖਣਾ ਹੈ
ਮੈਂ ਪੰਛੀਆਂ ਨੂੰ ਖ਼ਤ ਲਿਖਣਾ ਹੈ
ਮੈਂ ਪੰਛੀਆਂ ਨੂੰ ਖ਼ਤ ਲਿਖਣਾ ਹੈ
ਮੈਂ ਪੰਛੀਆਂ ਨੂੰ ਖ਼ਤ ਲਿਖਣਾ ਹੈ
ਮੈਂ ਪੰਛੀਆਂ ਨੂੰ ²ਖ਼ਤ ਲਿਖਣਾ ਹੈ
ਮੈਂ ਪੰਛੀਆਂ ਨੂੰ ਖ਼ਤ ਲਿਖਣਾ ਹੈ
ਮੈਂ ਪੰਛੀਆਂ ਨੂੰ ਖ਼ਤ ਲਿਖਣਾ ਹੈ

ਮੈਂ ਪੰਛੀਆਂ ਨੂੰ ਖ਼ਤ ਲਿਖਣਾ ਹੈ

ਲੱਖਾਂ ਕਰੋੜਾਂ ਅਰਬਾਂ ਖ਼ਰਬਾਂ ਵਾਰੀ ਲਿਖ ਕੇ ਵੀ
ਨਹੀਂ ਲਿਖ ਹੋਣਾ ਮੇਰੇ ਤੋਂ
ਪੰਛੀਆਂ ਨੂੰ ਖ਼ਤ

2 ਟਿੱਪਣੀਆਂ»

  gurpreet wrote @

ਸ਼ਮੀਲ ਮੇਰੀਆਂ ਕਵਿਤਾਵਾਂ ਸ਼ਾਮਲ ਕਰਨ ਲਈ ਧੰਨਵਾਦ ! ਨਾਦ ਚ ਇਹ ਕਵਿਤਾਵਾਂ ਹੋਰ ਵੀ ਸੋਹਣੀਆਂ ਲੱਗੀਆ…. ਮੇਰੀ ਤੇ ਦੇਵਨੀਤ ਦੀ ਈਮੇਲ ਹੇਠਾਂ ਹੈ
poetgurpreet@gmail.com
poetdevneet@gmail.com

  aneman.singh@yahoo.com wrote @

sihai kad ghul jave ge ke pta


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: