ਨਾਦ

contemporary punjabi poetry

ਜਸਲੀਨ ਕੌਰ

ਜਸਲੀਨ ਕੌਰ ਪੰਜਾਬੀ ਕਵਿਤਾ ਵਿਚ ਨਵਾਂ ਨਾਂ ਹੈ। ਉਸ ਨੇ ਆਪਣੀ ਪਹਿਲੀ ਹੀ ਕਿਤਾਬ ਨਾਲ ਪੰਜਾਬੀ ਕਵਿਤਾ ਨਾਲ ਜੁੜੇ ਲੋਕਾਂ ਦਾ ਧਿਆਨ ਖਿੱਚਿਆ ਹੈ। ਉਸ ਦੀ ਕਵਿਤਾ ਅੰਦਰ ਨਾ ਸਿਰਫ ਖਿਆਲਾਂ ਦੀ ਤਾਜ਼ਗੀ ਹੈ ਬਲਕਿ ਉਸ ਦੇ ਪ੍ਰਗਟਾਵੇ ਅੰਦਰ ਅਜਿਹੀ ਇਮਾਨਦਾਰੀ ਹੈ ਕਿ ਜਿਸ ਨੇ ਉਸ ਅੰਦਰ ਲੋਹੜੇ ਦੀ ਬੇਬਾਕੀ ਪੈਦਾ ਕਰ ਦਿਤੀ ਹੈ। ਉਸ ਦੀ ਕਵਿਤਾ ਬਹੁਤ ਸਾਰੇ ਨਵੇਂ ਕਵੀਆਂ ਦੀ ਤਰਾਂ ਬਣੇ ਬਣਾਏ ਕਾਵਿ ਪ੍ਰਗਟਾਵਿਆਂ ਨਾਲ ਜੜੀ ਹੋਣੀ ਦੀ ਬਜਾਏ ਅਨੁਭਵ ਦੇ ਨਵੇਂ ਰਸਤਿਆਂ ਖੇਤਰਾਂ ਵਿਚ ਲੈ ਜਾਂਦੀ ਹੈ। ਜਸਲੀਨ ਪੰਜਾਬੀ ਦੀਆਂ ਔਰਤ ਕਵਿਤਰੀਆਂ ਅੰਦਰ ਇਕ ਬਹੁਤ ਪ੍ਰਬਲ ਸੰਭਾਵਨਾ ਦੇ ਤੌਰ ਤੇ ਹਾਜ਼ਰ ਹੋਈ ਹੈ। ਉਸ ਦੀ ਪਹਿਲੀ ਕਿਤਾਬ ਤੋਂ ਬਾਅਦ ਦੀਆਂ ਕੁਝ ਨਵੀਆਂ ਕਵਿਤਾਵਾਂ ਇਥੇ ਹਾਜ਼ਰ ਹਨ:
1.

ਇੱਕ ਖੂਬਸੂਰਤ ਕੋਰੇ ਕਾਗਜ਼ ਨਾਲ ਮੁਹੱਬਤ
ਤੈਨੂੰ ਪਤੈ
ਤੇਰੀ ਹਿੱਕ ਤੇ ਮੈਂ ਅੱਖਰ ਲਿਖਿਆ
ਮੁਹੱਬਤ
ਤੇ ਤੁਰ ਪਿਆ ਤੂੰ
ਮਿੱਟੀ ਦੀ ਮਹਿਕ ਵੱਲ।

2.

ਅਲਵਿਦਾ
ਤੈਨੂੰ ਪਤੈ
ਤੇਰੀਆਂ ਥਿਰਕਦੀਆਂ ਗੱਲਾਂ ਦੀ ਕੰਬਾਹਟ
ਅਜੇ ਵੀ ਮੇਰੀਆਂ ਤਲੀਆਂ ‘ਚ
ਅੱਖਰ ਖੁਣਦੀ ਏ
ਭੋਲੇਨਾਥ ਤੇਰੀ ਮੁਹੱਬਤ
ਬੜਾ ਰਲਵਾਂ ਜਿਹਾ ਅਹਿਸਾਸ
ਮੈਨੂੰ ਪਤਾ ਸੀ
ਤੂੰ ਅਰਜੁਨ ਏ
ਕ੍ਰਿਸ਼ਨ ਦੇ ਉਪਦੇਸ਼ ਨਾਲ ਜਿਸ
ਭੀਸ਼ਮ ਪਿਤਾਮਾ ਨੂੰ ਤੀਰਾਂ ਨਾਲ ਵਿੰਨਣਾ ਸੀ
ਤੇ ਮੈਨੂੰ ਇਹ ਵੀ ਪਤੈ
ਕਿ ਮਿੱਟੀ ਦੇ ਬਾਵੇ ਦੇ ਕੰਨ ‘ਚ ਜੇ ਰੋਣ ਦੀ ਚਾਬੀ ਭਰੀ ਜਾਵੇ
ਤਾਂ ਹੰਝੂਆਂ ਦੀ ਝੜੀ
ਜੇ ਕੰਨ ‘ਚ ਨਫ਼ਰਤ ਦੇ ਬੋਲ
ਤਾਂ ਨਫ਼ਰਤ ਦੇ ਅੰਬਾਰ
ਢਾਲ ਲੈਣਗੇ ਤੈਨੂੰ ਇਹ ਤਾਲਿਬਾਨੀ
ਚੂਰ ਚੂਰ ਕਰ ਦੇਣਗੇ ਤੇਰੀ ਮਾਸੂਮੀਅਤ
ਤੇ ਬਿਖਰ ਜਾਏਗਾ ਮੇਰਾ ਪਿਆਰ
ਅਲਵਿਦਾ।

3.

ਤੇਰੀ ਕਲਪਨਾ ਸਪਤਰਿਸ਼ੀ ਨੂੰ ਹਲ ਕਹਿੰਦੀ ਏ
ਤੇ ਤਾਰਿਆਂ ਜੜੀ ਰਾਤ ‘ਚ
ਮੈਂ ਇਹ ਸੋਚਦੀ ਆਂ
ਤੂੰ ਝੂਠ ਕਿਉਂ ਬੋਲਦਾ ਏਂ।

4.

ਕੁਰਬਾਨੀਆਂ ਦੇ ਇਤਿਹਾਸ
ਪੱਕੀਆਂ ਸੜਕਾਂ ‘ਤੇ ਰਹਿਣ ਵਾਲਿਆਂ ਨੂੰ ਲੱਗਦਾ ਸੀ
ਇਹ ਤਾਂ ਮਿੱਟੀ ਦੀ ਚਾਰ ਦੀਵਾਰੀ ‘ਚ ਚਿਣੇ ਜਾਣ ਵਾਲੇ ਲੋਕ ਨੇ
ਉਹਨਾਂ ਕਦੇ ਸੋਚਿਆ ਵੀ ਨੀ ਹੋਣਾ
ਕਿ ਕੁਰਬਾਨੀਆਂ ਦੇ ਇਤਿਹਾਸ ਵੀ ਬਦਲਦੇ ਨੇ।

5.

ਅੱਜ ਕੱਲ ਘਰ ਭੂਤਵਾੜਾ ਬਣ ਗਿਆ ਹੈ
ਸਭ ਵਾਰ ਕਰਦੇ ਨੇ
ਗਲੋਬਲ ਵਿਲੇਜ ਦੀ ਨਿਵਾਸੀ ਦੀ ਥਾਂ
ਮਿੱਟੀਓ ਮਿੱਟੀ ਕੋਠੇ ‘ਚ
ਉਹ
ਪਿਆਰ ਨਾਲ
ਸਖੀ ਨੂੰ ਪੁਚਕਾਰਨ ਵਾਲੀ ਰਹਿ ਗਈ
ਭੂਤਵਾੜੇ ‘ਚ ਅੱਜਕੱਲ
ਬੌਲੀਵੁੱਡ ਦੀਆਂ ਖ਼ਬਰਾਂ ਵੀ ਨੀ ਚੱਲਦੀਆਂ
ਨਾ ਤਿੰਨ ਸਾਲ ਪੁਰਾਣੇ ਗਾਣੇ ਚਲਦੇ ਨੇ
ਹਸੀਲੀ ਫਿਕਸ਼ਨ ਵੀ ਨਹੀਂ
ਦੋਸਤ ਅੱਜਕੱਲ ਔਫਸ਼ੀਅਲ ਆਈ ਡੀ ਤੋਂ
ਮੇਲ ਈ ਨੀ ਕਰਦੇ
ਭੂਤਵਾੜੇ ‘ਚ ਈ
ਮੇਰਾ ਦਿਲ ਕਰਦਾ
ਮੈਂ ਉਸ ਖੂਬਸੂਰਤ ਲਈ
ਜਿਹਨੂੰ ਮੈਂ ਕਦੇ ਦੇਖਿਆ ਨਹੀਂ
ਜ਼ਿੰਦਗੀ ਦੀ ਧੜਕਣ ਬਣਾ।

6.

ਜਿਨਾਹ
ਤੂੰ ਜਬਰ ਜਿਨਾਹ ਕੀਤਾ
ਮੁਹੱਬਤ ਦਾ ਕਤਲ ਕਰਕੇ
ਜਿਸਮ ਚੀਰ ਕੇ
ਸ਼ਬਦ ਖੋਹ ਕੇ
ਕਲਪਨਾ ਦਾ ਕਤਲ ਕਰਕੇ
ਮੋੜ ਮੇਰੇ ਲਫ਼ਜ਼
ਭਾਵ
ਤੇ ਚੁੱਕ ਕੇ ਲਿਆ ਓਸ ਬਜ਼ਾਰ ‘ਚੋਂ
ਜਿੱਥੇ ਤੂੰ ਮੇਰੀ ਮਾਸੂਮੀਅਤ
ਵੇਚ ਦਿੱਤੀ
ਤੂੰ ਮੇਰੀ ਮੁਹੱਬਤ ਦੇ ਲਾਇਕ ਨਹੀਂ
ਜਾ ਹੁਣ ਰੂੰ ਦਾ ਇਹ ਫੰਬਾ
……………

7.

ਤ੍ਰੈਕਾਲ ਹੰਗਾਮਾ
ਕਾਇਆ ਪਰਵਿਰਤ
ਮੋਹ ਖੰਡਿਤ
ਤ੍ਰਿਪਤੀ ਵਿਹੀਨ ਸਨਿਆਸਨ
ਰੋਮ ਰੋਮ ਅਸਹਿ ਪੀੜਾ
ਅਬੋਲ ਅਮਾਨਵੀਯ ਅਨੰਤ ਸੰਵੇਦਨਾਵਾਂ
ਅਪਾਕ ਮੁਹੱਬਤ
ਸੰਵੇਦਨਹੀਣ ਖੂੰਖਾਰ ਅਪਰਿਚਿਤ ਆਵਾਜ਼ਾਂ ‘ਚ ਘਿਰੀ ਆਤਮਾ
ਪ੍ਰਚੰਡ ਨਾਟਕ
ਰਾਜਨੀਤਕ ਸਾਏ
ਤ੍ਰਾਸਦਿਕ ਰਚਨਾ
ਦਰਦ
ਵਲਗਣਾਵਾਂ ‘ਚ ਘਿਰਿਆ ਅਬੋਧ
ਸ਼ਕਤੀ ਦਾ ਅੰਤ।

8.

ਟੀ ਸ਼ੇਪ ਜ਼ਿੰਦਗੀ
ਐਵੇਂ ਬੇਤਾਲ ਜਿਹੀ ਜ਼ਿੰਦਗੀ ਨੂੰ ਢੋਣਾ
ਆਦਤ ਬਣ ਗਈ ਏ
ਨਾ ਜ਼ਿੰਦਾ ਰਹਿਣ ਤੇ ਸੁੱਖ
ਨਾ ਮਰਨ ਤੇ ਦੁੱਖ
ਚਿੰਗਾਰੀ ਦੇ ਜੁਆਲਾਮੁਖੀ ਬਣਨ ਦਾ ਅਹਿਸਾਸ ਵੀ ਮੱਧਮ
ਭੱਦੇਪਨ ਤੋਂ ਨਫ਼ਰਤ
ਕਚਿਆਨ
ਸੂਨਯ ਸ਼ਖ਼ਸੀਅਤ
ਕੋਝਾਪਨ
ਦੋਸਤਾਂ ਦੀ ਅਣਹੋਂਦ
ਸੰਕਟ ਅਮਤਿਤਵ ਦਾ
ਕੁਝ ਵੀ ਖੂਬਸੂਰਤ ਨਹੀਂ
ਜ਼ਮੀਨ ‘ਚ ਧੁਰ ਅੰਦਰ ਤੱਕ
ਤੈਰਦੀਆਂ ਆਤਮਾਵਾਂ
ਦਰਦਹੀਣ ਸਥਿਤੀ
ਸਾਰਤਰ ਅੱਜਕੱਲ ਸੁਪਨਿਆਂ ‘ਚ ਆਉਂਦਾ
ਸੁਆਲ ਕਰਦੈ
ਸੁਣਿਐ ਅੱਜ ਕੱਲ ਤੁਰਿਆ ਜਾ ਰਿਹੈ
ਉਹ ਭਿਅੰਕਰ ਦੈਂਤ
ਤੈਨੂੰ ਅੱਖਾਂ ਦਿਖਾਉਂਦਾ
ਸੁਣਿਐ ਅੱਜਕੱਲ ਸਭ ਕੁਝ ਠੀਕ ਹੋ ਗਿਆ
ਤੇ ਤੂੰ ਪਹਿਲਾਂ ਨਾਲੋਂ ਵੀ ਵੱਧ ਦੁਖੀ
ਪ੍ਰਾਪਤੀ ਦੀ ਅਣਹੋਂਦ ‘ਚ
ਸਿਣਐ ਅੱਜਕੱਲ ਤੈਨੂੰ
ਤੁਰਨ ਤੋਂ ਵੀ ਡਰ ਆਉਂਦੈ
ਇੱਕੀਵੀਂ ਸਦੀ ‘ਚ
ਟੀ ਸ਼ੇਪ ਡੋਮੀਨੇਟ ਕਰਦੀ
ਤੇ ਮਸਲਦੀ ਏ ਤੈਨੂੰ
ਤੇ ਤੂੰ ਉਪਭੋਗਤਾਵਾਦ ਤੇ
ਸਵਛੰਦਤਾਵਾਦ ‘ਚ ਪਿਸ ਰਿਹੈਂ

ਮੈਂ ਤੈਨੂੰ ਸਮਝਦਾਂ
ਆਪਾਂ ਰੋਜ਼ ਸੁਪਨਿਆਂ ‘ਚ
ਗੱਲਾਂ ਕਰਿਆ ਕਰਾਂਗੇ
ਤੂੰ ਮੇਰੇ ਕੋਲ ਆ ਜਾ।

9.

ਗੁਰੂ
ਮੇਰੀਆਂ ਦੁਵਿਧਾਵਾਂ ਲੈ ਲੈ
ਲਫਜ਼ ਮੋੜ ਦੇ
ਗਤੀਮਾਨਤਾ
ਭਾਵਨਾਵਾਂ ਸ਼ਬਦਾਂ ‘ਚ ਤਬਦੀਲ ਹੋ ਜਾਣ
ਐਵੇਂ ਈ ਜ਼ਿੰਦਗੀ ਢੋਣ ਤੋਂ ਬਚ ਜਾਵਾਂ
ਬਹੁਤ ਵਾਰ ਦਿਲ ਕਰਦੈ
ਤੇਰੇ ਲਈ ਇਕ ਪੈਗਾਮ ਘੜਾਂ
ਹੱਥ ਦੀ ਤਲੀ ਦੇ ਐਨ ਵਿਚਕਾਰ
ਤ੍ਰੇਲ ਤੁਪਕੇ ਵਾਂਗ ਚਮਕਣ ਵਾਲਾ
ਸੁਪਨਾ ਖੁੱਲ ਦਾ ਤਾਂ
ਨਾ ਪ੍ਰਤੱਖ ਗੁਰੂ
ਨਾ ਤ੍ਰੇਲ ਤੁਪਕਾ
ਮੰਡੀ ‘ਚ ਉਹ ਸਿੱਕਾ
ਹੁਣ ਦੇ ਠੇਕੇਦਾਰ
ਖੇਹ ‘ਚ ਰੋਲਦੇ ਨੇ
ਪਲਟ ਕੇ ਜੁਆਬ ਦੇਣ ਲੱਗਿਆਂ
ਜੀਭ ਦੇ ਨਾਚ ਦੇ
ਅਨੰਤ ਹੋਣ ਦੇ ਡਰ ਤੋਂ
ਮੈਂ ਥੰਮ ਜਾਂਦੀ ਆਂ
ਦਿਲ ਕਦੇ ਭਰ ਆਏ ਤਾਂ ਆਵਾਜ਼ ਮਾਰੀਂ
ਮੈਂ ਚਿੜੀਆਂ ਦੀ ਸਵਾਰੀ ਕਰ
ਪੈਰ ਜ਼ਮੀਨ ‘ਤੇ ਧਰ ਲਵਾਂਗੀ।

10.

ਕਾਮੁਕਤਾ
ਅਕਾਮ
ਕਾਮ
ਤੀਬਰ ਸੰਵੇਦਨਾ
ਵੇਗ
ਸਨਸਨਾਹਟ
ਕਾਮ ਦਾ ਕਤਲਪਾਪ
ਬਹੁਤ ਔਖਾ ਹੈ
ਖੁੱਲੀਆਂ ਅੱਖਾਂ ਨਾਲ
ਵੇਗ ਦਾ ਕਤਲ
ਪਾਪ ਦਰ ਪਾਪ
ਨਫ਼ਰਤ ਐ
ਬੰਦਗੀ ਖੋਹਣ ਵਾਲੇ ਤੋਂ
ਪਰਤ
ਤੇ ਸਿਰਜਣਾ ਵੱਲ ਮੋੜ।

11.

ਮਮੀਜ਼ ਅਲਾਈਵ
ਮੈਨੂੰ ਤੇਰੇ ਚਿਹਰੇ ਦੀ ਮਾਸੂਮੀਅਤ ਤੋਂ ਬੜਾ ਡਰ ਲੱਗਦਾ
ਤੂੰ ਹੱਸਿਆ ਕਰ
ਭਾਵੇਂ ਦੁਆਵਾਂ ਨਾ ਦਿਆ ਕਰ
ਖਾਮੋਸ਼ੀ ਦੇ ਸੁਆਲਾਂ ਨਾਲ ਚੀਰਿਆ ਨਾ ਕਰ
ਮੇਰੀ ਚੁੱਪ ਤਾਂ ਘੋਰ ਹਨੇਰੇ ‘ਚ
ਅਤਿ ‘ਚ ਧਕੇਲਦੀ ਏ
ਆਪਣੇ ਆਪ ‘ਚ ਇਸ ਮੁਲਕ ਦੇ ਮੱਥੇ ਤੇ ਲੱਗਿਆ ਪ੍ਰਸ਼ਨ ਚਿੰਨ
ਸੁਆਲ ਮੇਰੇ ਕਤਲ ਦਾ
ਉਦੋਂ ਜਦ ਮੈਂ ਭਰੀ ਸਾਂ
ਉਦੋਂ ਜਦ ਪਿੰਡ ਵਾਲਿਆਂ ਨੇ ਕਚਰ ਕਚਰ ਕੀਤਾ
ਵਾਰ ਕੀਤੇ
ਜਗਦੀਆਂ ਬੱਤੀਆਂ ਨੇ
ਸ਼ਾਂਤ ਹੋਣ ਲਈ ਮਜਬੂਰ ਕਰ ਦਿੱਤਾ
ਮੈਨੂੰ ਪਤੈ
ਕਤਲ ਤੋਂ ਬਾਅਦ
ਹੁਣ
ਮਸਾਲੇ ਲਾ
ਪੱਟੀਆਂ ‘ਚ ਕੈਦ ਕੀਤਾ ਜਾ ਰਿਹਾ
ਮਮੀ ਬਰਕਰਾਰ ਰੱਖਣ ਲਈ
ਮਮੀ ਅੱਜਕੱਲ
ਮਮੀਜ਼ ਅਲਾਈਵ ਦਾ ਰੋਲ ਕਰਦੀ ਏ
ਉਹਦੀਆਂ ਅੱਖਾਂ ‘ਚ ਵੀ ਸੁਪਨੇ ਨੇ।

12.

ਅਰਥ ਤੇ ਕਾਮ
ਨਕਸ਼ ਬੋਲਦੇ ਨੇ
ਕਾਇਆ ਦਾ ਕਤਲ
ਤੂੰ
ਦੇਹ ਤੋਂ ਮੁੱਖ ‘ਚ ਪਰਿਵਰਤਿਤ ਹੋ ਸਹਿਜ ਹੋ ਗਈ
ਪਰਤ ਗਈ
ਦੁਆਰ ਤੇ ਰੁਜ਼ਗਾਰ ਦੀ ਆਮਦ
ਕਵਿਤਾ ਨੂੰ ਸੁਚੇਤ ਕਰ
ਲੰਘਦੀ ਭੀੜ ‘ਚ ਤਣ ਦੇਖੜ ਨੇ ਵਰਜ ਦਿੱਤਾ
ਹੁਣ ਮੈਂ ਅਤਿ ਸਹਿਣ ਦੇ ਹੀ ਕਾਬਿਲ
ਅਤਿ ਦੇ ਵਾਰ
ਗੁਲਾਬ ਦੀਆਂ ਪੱਤੀਆਂ ਦੀ ਕੋਮਲ ਛੁਹ ਵਾਂਗ
ਕਬੁਲ
ਕਤਲ
ਵਰਿਆਂ ਪਿੱਛੋਂ ਮਹਿਸੂਸ ਹੋਇਆ
ਤੈਨੂੰ ਪਤੈ
ਮੈਨੂੰ …. ਤੋੜਦਾ
ਸਿਖਰ ਕੋਨੇ ਨਿਖਾਰਦੇ ਨੇ
ਤੇ ਤੂੰ ਮੈਨੂੰ ਹਮੇਸ਼ਾ
ਮੋਧ ਦੀਆਂ ਚਪੇੜਾਂ ਖਾਣ ਧੱਕ ਦੇਨੈ
ਬਸ ਐਵੇਂ ਈ
ਅੱਜ ਮੈਂ ਖੁਸ਼ ਹਾਂ
ਤੇ ਅਗਿਆਤ ਆਤਮਾ
ਧਰਮ ਲੈ ਲੈ
ਅਰਥ ਤੇ ਕਾਮ ਮੋੜ ਦੇ
ਨਾ ਮੇਰੇ ਕੋਲ ਦੁਆ ਲਈ ਲਫਜ਼
ਨਾ ਉਹ ਜਿਹਨੂੰ ਮੁਖਾਤਿਬ ਹੋਵਾਂ
ਪਰ ਮੈਂ ਫਿਰ ਵੀ ਧਾਰਮਿਕ ਹਾਂ ਆਤਮਿਕ।

13.

ਇਬਾਰਤਾਂ
ਮੈਂ ਬਦਲਣਾ ਚਾਹੁੰਨੀ ਆਂ
ਕੋਰਾ ਕਾਗਜ਼ ਬਣਨਾ ਚਾਹੁੰਦੀ ਆਂ
ਤਾਂ ਕਿ ਫੇਰ ਕਦੇ ਸਦੀਆਂ ਬਾਅਦ
ਇਬਾਰਤਾਂ ਲਿਖੀਆਂ ਜਾਣ।

14

ਤੇਰੇ ਆਣ ਨਾਲ ਮੈਨੂੰ ਡਰ ਲੱਗਦਾ
ਕੰਧ ਨਾਲ ਢੋਅ ਨਹੀਂ ਲਾ ਸਕਦੀ
ਤੈਥੋਂ ਕੁਝ ਮੰਗਾਂ
ਤੂੰ ਮੇਰੇ ਤੋਂ ਮੁਕਤ ਹੋ ਜਾ
ਨਫ਼ਰਤ ਵਾਲਾ ਬੋਝ ਚੁੱਕ ਲੈ
ਤੈਨੂੰ ਪਤੈ
ਮੈਨੂੰ ਕਬਜ਼ੇ ਤੋਂ ਡਰ ਲੱਗਦਾ
ਦੋਸਤਾਂ ਦੇ
ਪਤੈ
ਮੈਂ ਪਾਂਚਾਲੀ ਨਹੀਂ
ਉਹਦਾ ਦਿਲ ਅਰਜੁਨ ਸੀ
ਮੈਂ ਕਿਉਂ ਨਿੱਤ ਨਵੀਂ ਸੇਜ ਹੰਢਾਵਾਂ
ਦੁੱਖ ਭੋਗਾਂ
ਤੈਨੂੰ ਪਤੈ
ਮੇਰਾ ਕਮਰਾ
ਟੈਨ ਟੈਨ ਇਮੈਜਨਰੀ ਵਲਡ ਜਿਹਾ
ਅਚੇਤ ਦਾ ਦੁਆਰ
ਤੈਥੋਂ ਚੱਪਾ ਕੁ ਧਰਤੀ ਕਿਵੇਂ ਮੰਗਾਂ
ਮੈਨੂੰ ਤਾਂ ਦੁਆਰ ਖੁੱਲਣ ਤੋਂ ਭੈਅ ਹੈ
ਮੈਥੋਂ ਚੌੜਾਈ ਬਰਦਾਸ਼ਤ ਨਹੀਂ ਹੁੰਦੀ
ਮੈਂ ਫੈਲਣਾ ਨਹੀਂ
ਸਿਮਟਣਾ ਚਾਹੁੰਦੀ ਆਂ
ਇੰਚ ਦਰ ਇੰਚ ਤੰਗ ਹੋਣਾ ਚਾਹੁੰਦੀ ਆਂ ਕਲਾਕਾਰ ਕੋਲ
ਗਹਿਰੇ ਨਹੀਂ ਹੋਣਾ
ਬਾਹਰ ਪੰਛੀ ਉਡਦੇ ਨੇ
ਮੈਨੂੰ ਉਡੀਕ ਐ
ਉਹਨਾਂ ਦੀ ਪੁਕਾਰ ਦਾ
ਬੁੱਢਾ ਜੰਗਲੀ ਐ
ਤੇ ਬੱਚਾ ਬਹੁਤ ਛੋਟਾ
ਮੇਰਾ ਘਰ
ਰਿਸ਼ਤੇ
ਸਭ ਮੋੜ ਦਿਓ
ਮੈਂ ਪਰਤਣਾ ਚਾਹੁੰਦੀ ਆਂ।

15.

ਕੱਲ ਰਾਤ ਬਿੰਦੂਆਂ ਦਾ ਮਿਲਾਪ ਹੋਇਆ
ਕਾਲਾ ਬਿੰਦੂ
ਗੋਰੀ ਨਦੀ
ਅਕਹਿ ਡਰ ਸੀ
ਤੂੰ ਮੇਰਾ ਨਹੀਂ ਸੀ
ਜੇ ਬੂੰਦ ਧਰਤੀ ਦੀ ਹਿੱਕ ‘ਤੇ ਡਿੱਗ ਪੈਂਦੀ
ਖਲਾਅ
ਦਰਦ।

16.

ਭਰੀਆਂ ਪਲਕਾਂ
ਰਾਤ ਤੇਰੇ ਨਾਲ ਗੱਲ ਕਰਨ ਦਾ
ਮੈਨੂੰ ਮੁੱਲ ਤਾਰਨਾ ਪੈਂਦਾ
ਪਲਕ ਦੇ ਇਕ ਵਾਲ ਦਾ
ਸਵੇਰੇ ਉੱਠ ਪਲਕਾਂ ਸੁੰਨੀਆਂ ਹੋਣ ਦੇ ਡਰੋਂ
ਮੈਂ ਦੁਆ ਮੰਗਦੀ ਹਾਂ।

17.

ਮੇਰੇ ਕੋਲ ਸਿਰਹਾਣਾ ਨਹੀਂ ਮੁਹੱਬਤ ਵਾਲਾ
ਇਸੇ ਕਰਕੇ ਕਮਰੇ ‘ਚ ਕੀਟ ਪਤੰਗੇ ਨੇ
ਮੇਰਾ ਗਰਭ ਬੰਜਰ ਨਹੀਂ
ਇਹ ਬੀਜ ਲਈ ਤਰਸਦਾ
ਸਿਰਜਣਾ
ਹਰਿਆ ਭਰਿਆ ਗਰਭ ਐ
ਤੇ ਮੈਂ ਵੱਤਰ
ਹਰ ਰੋਜ਼ ਮੇਰੀ ਕਵਿਤਾ ਦਾ ਗਰਭਪਾਤ ਹੁੰਦਾ
ਚਲਾਕ ਲੂੰਮੜੀ ਵਾਂਗ ਉਹ ਮੇਰੇ ਦਰ ‘ਤੇ ਆਉਂਦੀ ਏ
ਘੁੱਪ ਹਨੇਰੇ ‘ਚ
ਕਵਿਤਾ ਦਰ ‘ਤੇ ਖੜੀ ਪ੍ਰਸ਼ਨ ਚਿੰਨ ਉਲਾਰਦੀ ਏ
ਬੀਜ ਧਰਤੀ ਦੀ ਹਿੱਕ ‘ਤੇ ਡਿੱਗਦਾ
ਧਰਤੀ ਸੂੰਘ ਪਰਤ ਜਾਂਦਾ
ਬ੍ਰਹਮਾ ਅਸੁਰਾਂ ਹੱਥ ਬ੍ਰਹਮ ਅਸਤਰ ਘੱਲਦਾ
ਬੀਜ ਦੇ ਕਤਲ ਲਈ
ਤੇ ਮੈਂ ਗੌਣ ਤੋਂ ਤਰਸਦੀ ਹਾਂ।

18.

ਤੇਰੇ ਵਾਲੀ ਨਸੀਅਤ
ਤੈਨੂੰ ਪਤੈ
ਤੈਥੋਂ ਉਮੀਦ ਸੀ
ਜਦ ਤੂੰ ਪਹਿਲੀ ਵਾਰ ਬੋਲਿਐ ਸੈਂ
ਤਾਂ ਬਦਲਿਆ ਸੀ
ਪਰ ਮੇਰੇ ਲਈ ਸਿਰਫ਼ ਸ਼ਬਦਾਂ ਦਾ ਹੇਰ ਫੇਰ ਸੀ
ਤਰਾਟ ਉਹੀ ਸੀ
ਫਿਰ ਆਪਾਂ ਵਰਿਆਂ ਤੱਕ ਜੁਦਾ ਸੀ
ਤੂੰ ਰੁਮੇਸ਼ ਲੁਕਾਉਣਾ ਸਿੱਖ ਗਿਆ
ਛੋਟੀਆਂ ਛੋਟੀਆਂ ਗੱਲਾਂ ਬਦਲੇ
ਤੇ ਮੈਂ ਹੁਣ ਤੱਕ ਸੋਚਦੀ ਆਂ
ਤੇਰੇ ਵਾਲੀ ਨਸੀਅਤ ਤੈਨੂੰ ਕਿਵੇਂ ਦਵਾਂ…

19.

ਪਤਾ ਨਈ ਤੂੰ ਤੇ ਮੈਂ ਕੀ ਕੀ
ਤੂੰ ਸੋਚਦੀ ਹੋਣੀ
ਮੈਂ ਵਰਤਿਆ ਨੀ
ਨਾ ਤਾਂ ਪੁੱਜਿਆ
ਨਾ ਪਰਤਿਆ
ਬਸ ਉਂਜੇ ਈ
ਤੂੰ ਸੋਚਦੀ ਹੋਣੀ
ਅੱਥਰੂ ਹੈ ਨੀ
ਸੱਚਮੁੱਚ ਮੇਰੇ ਕੋਲ ਅੱਥਰੂ ਹੈਨੀ
ਬਸ ਮੈਂ ਲਗਾਤਾਰ
ਘੰਟਿਆਂ ਬੱਧੀ ਰੋਇਆ ਹਾਂ
ਉਦੋਂ ਜਦੋਂ
ਵਸਦੇ ਪਿੰਡ ਸਨ
ਤੇ ਮੈਂ
ਨਾਨਕ ਦਾ ਉਜੜਿਆ ਸਿਪਾਹੀ
ਤੈਨੂੰ ਪਤੈ
ਪੋਟਾ ਕੁ ਕਾਮ ਦੇ ਸਹਾਰੇ
ਤੇਰੇ ਛੁਹ ਲੈ
ਪੋਟਾ ਵੇਚ
ਰਿਸ਼ਤਿਆਂ ਦਾ ਸੌਦਾ ਕਰਨ
ਰੋਜ਼ ਮੰਡੀ ਜਾਨਾਂ
ਪੋਟੇ ਵਿਕਦੇ ਈ ਨੀ
ਕੱਲ ਸਿਡਨੀ ਸੀ
ਪਰਸੋਂ ਕੈਨੇਡਾ
ਨਰਸੋਂ ਪਿੰਡ

ਸਿਡਨੀ ਕੈਨੇਡਾ ਇੰਗਲੈਂਡ ਐਲ ਏ ਵਾਲੇ
ਕੱਚ ਦੀ ਗੁੱਡੀ ਵਾਂਗ ਸਾਂਭ ਕੇ ਰੱਖਦੇ ਨੇ ਪੋਟਿਆਂ ਨੂੰ

ਅੱਜ ਜਦੋਂ ਮੇਰੇ ਸੱਜੇ ਹੱਥ ਦਾ ਅੰਗੂਠਾ
ਭੰਨਿਆ ਗਿਆ
ਤਾਂ ਮੈਂ ਬੁੱਲੇ ਵਾਂਗ ਖੋਲ ਕੇ ਨੱਚਿਆ
ਮਾਧੋ ਲਈ
ਤੈਨੂੰ ਪਤੈ
ਗਲੇ ਸੜੇ ਅੰਗ ਲੁਕਾਉਨਾ ਫਿਰਨਾਂ
ਪਤੈ
ਸ਼ਿਸ਼ਨ ਸਾਂਭ ਕੇ ਰੱਖਿਆ ਸੀ
ਤੇਰੇ ਜਨਮ ਦਿਨ ‘ਤੇ ਤੋਹਫੇ ਵਜੋਂ ਦੇਣ ਲਈ
ਤੂੰ ਵੀ ਤੇ ਨਿੱਘ ਦਾ ਵਾਅਦਾ ਕੀਤਾ ਸੀ
ਪਤੈ ਝੂਠ ਬਣ ਗਿਆ ਸਾਂ
ਪੁਰੇ ‘ਚ ਇਕੱਲਾ ਸਾਂ
ਜਦੋਂ ਤੂੰ ਮੈਨੂੰ ਜੀਭ ਦਾ ਸਹਾਰਾ ਦਿੱਤਾ ਸੀ
ਵਰੇ ਬੀਤ ਗਏ ਤੂੰ ਜਾਗਦੀ
ਮੈਂ ਸੁੱਤਾ

ਭੁੱਖ ਤਾਂ ਤੇਰੀ ਲਰਜ਼ੀ ਸੀ
ਦਰਿੰਦਗੀ ‘ਚ ਵੱਟ
ਤੂੰ ਜੁਦਾ ਹੋ ਗਈ
ਤੇ ਮੈਂ ਇਸ ਵਾਰ ਪਰਤਿਆ ਨੀ
ਕਿਸੇ ਨੇ ਜੰਗਲ ਵੀ ਨਾ ਧੱਕਿਆ
ਖੁਦਕਸ਼ੀ ਲਈ
ਮੈਂ ਫੁੱਲ ਚੁੱਗ ਜ਼ਿੰਦਾ ਵੀ ਨਹੀਂ ਹੋਇਆ
ਕੁਝ ਵੀ ਨਹੀਂ
ਮੈਥੋਂ ਅੱਜ
ਓਲਾਦ ਦਾ ਸੁੱਖ ਵੀ
ਪਰਤ ਗਿਆ।

20.

ਹੁਣ ਬੁੱਧ ਹੌਲੀ ਹੌਲੀ ਹਸਦਾ ਹੈ
ਕੱਲ ਮੈਂ ਤਸਵੀਰ ਵੇਖੀ
ਬੁੱਧ ਦੀ
ਢਿੱਲੀ ਨਕਟਾਈ
ਨਾਨਕ ਵਾਂਗ ਸਰੂਰੀ ਅੱਖਾਂ।

2 ਟਿੱਪਣੀਆਂ»

  paramjit sohal wrote @

jasleen dian kavitawan bilkul tazian ney. bahut pasand aayian.

  Arun wrote @

Jasleen. Sirf ehna kahanga likhdi reh.. Tu rooh to likhdi hai te kora sach likhdi hain..


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: