ਨਾਦ
contemporary punjabi poetryਜਸਵਿੰਦਰ
ਜਸਵਿੰਦਰ ਦੀ ਸ਼ਾਇਰੀ ਨਵੀਂ ਪੰਜਾਬੀ ਗ਼ਜ਼ਲ ਵਿਚ ਆਪਣਾ
ਮਿਆਰੀ ਮੁਕਾਮ ਰੱਖਦੀ ਹੈ। ਉਹ ਦੇ ਸ਼ਿਅਰਾਂ ‘ਚ ਪੁਖ਼ਤਗੀ ਵੀ ਹੈ,
ਰਵਾਨਗੀ ਵੀ ਹੈ, ਸੁਹਜ, ਸਹਿਜ ਤੇ ਸਵੱਛਤਾ ਵੀ ਹੈ। ਉਹਦੀ ਗਜ਼ਲ
ਵਿਚ ਹਰੇਕ ਸ਼ਿਆਰ ਨਗੀਨੇ ਵਾਂਗ ਜੜਿਆ ਮਿਲਦਾ ਹੈ। ਉਸ ਨੇ ਪੇਂਡੂ
ਪੰਜਾਬੀ ਕਿਰਸਾਣੀ ‘ਚੋਂ ਬਿੰਬ ਪ੍ਰਤੀਕ ਵੀ ਵਰਤੇ ਹਨ ਅਤੇ ਪੰਜਾਬੀ ਵਿਚ
ਪ੍ਰਚਲਿਤ ਉਰਦੂ-ਫ਼ਾਰਸੀ ਦੀ ਸ਼ਬਦਾਵਲੀ ਨੂੰ ਸਹਿਜ ਰੂਪ ਵਿਚ
ਇਸਤੇਮਾਲ ਕੀਤਾ ਹੈ। ਉਹਦੇ ਸ਼ਿਅਰਾਂ ਦੀ ਤਾਜ਼ਗੀ, ਉਡਾਰੀ ਤੇ ਜੜਤ
ਦਾ ਆਨੰਦ ਬਿਆਨਿਆਂ ਨਹੀਂ, ਮਾਣਿਆ ਹੀ ਜਾ ਸਕਦਾ ਹੈ।
ਧੁੱਪਾਂ ਉਦਾਸ ਨੇ ਕਿਤੇ ਛਾਵਾਂ ਉਦਾਸ ਨੇ।
ਬੇਗ਼ਮਪੁਰੇ ਨੂੰ ਜਾਂਦੀਆਂ ਰਾਹਵਾਂ ਉਦਾਸ ਨੇ।
ਚੂੜੇ ਕਲੀਰੇ ਵਾਲੀਆਂ ਬਾਹਵਾਂ ਉਦਾਸ ਨੇ,
ਸਿਹਰੇ ਉਦਾਸ ਨੇ ਕਿਤੇ ਲਾਵਾਂ ਉਦਾਸ ਨੇ।
ਜਨਣੀ ਮਿਰੀ ਤੇ ਦੂਸਰੀ ਬੋਲੀ ਇਹ ਸ਼ਰਬਤੀ,
ਅਜ ਕਲ ਦੋਵੇਂ ਹੀ ਮੇਰੀਆਂ ਮਾਵਾਂ ਉਦਾਸ ਨੇ।
ਸਭ ਖ਼ੈਰ ਸੁਖ ਹੈ ਇਸ ਤਰਾਂ ਛਪਦੀ ਨਹੀਂ ਖ਼ਬਰ,
ਅਖ਼ਬਾਰ ਦੇ ਸਫ਼ੇ ‘ਤੇ ਘਟਨਾਵਾਂ ਉਦਾਸ ਨੇ।
ਫੜ ਵੀ ਸਕਾਂਗੇ ਜਾਂ ਨਹੀਂ ਉਡਦੀ ਸੁਗੰਧ ਨੂੰ,
ਕੁਝ ਬੰਦਿਆਂ ਸਿਆਣਿਆਂ ਦੀਆਂ ਰਾਵਾਂ ਉਦਾਸ ਨੇ।
ਕੋਈ ਇਨਾਂ ਨੂੰ ਦੇ ਦਵੇ ਖ਼ੁਸ਼ੀਆਂ ਦੇ ਚਾਰ ਪਲ,
ਗ਼ਜ਼ਲਾਂ ਉਦਾਸ ਨੇ ਤੇ ਕਵਿਤਾਵਾਂ ਉਦਾਸ ਨੇ।
ਫਿਰਨੀ, ਪਹੀ, ਹਰਿਕ ਗਲੀ ਹੱਟੀਆਂ ਤੇ ਭੱਠੀਆਂ,
ਮੇਰੇ ਗਰਾਂ ਇਹ ਸਾਰੀਆਂ ਥਾਵਾਂ ਉਦਾਸ ਨੇ।
0
ਸਾਨੂੰ ਵੀ ਮੁਹੱਬਤ ਦੇ ਦੋ ਹਰਫ਼ ਉਠਾਲਣ ਦੇ।
ਮੱਥਿਆਂ ‘ਤੇ ਕਰ ਜਾਵੀਂ ਹਸਤਾਖ਼ਰ ਚਾਨਣ ਦੇ।
ਜੁਗਨੂੰ ਦੇ ਖੰਭਾਂ ‘ਚੋਂ ਕੋਈ ਸੂਰਜ ਭਾਲਣ ਦੇ,
ਸਾਨੂੰ ਵੀ ਥੋੜੀ ਜਿਹੀ ਆਪਣੀ ਲੋਅ ਮਾਨਣ ਦੇ।
ਪੌਣਾਂ ਨੂੰ ਛੇੜਨ ਦੇ ਰੂਹਾਂ ਦਾ ਗੀਤ ਕੋਈ,
ਨਦੀਆਂ ਨੂੰ ਕਿਨਾਰੇ ਤੱਕ ਇਕ ਲਹਿਰ ਉਛਾਲਣ ਦੇ।
ਪਾਣੀ ਨੂੰ ਚੈਨ ਮਿਲੇ ਰੇਤੇ ਦੀ ਪਿਆਸ ਬੁਝੇ,
ਹਫ਼ਦੇ ਦਰਿਆਵਾਂ ਨੂੰ ਮਾਰੂਥਲ ਛਾਨਣ ਦੇ।
ਕੋਹਾਂ ਤੋਂ ਲੰਮੀ ਹੈ ਫੁੱਲਾਂ ਦੀ ਦਰਦ ਕਥਾ,
ਖੂਹਾਂ ਤੋਂ ਡੂੰਘੇ ਨੇ ਹਉਕੇ ਉਸ ਮਾਲਣ ਦੇ।
ਕਿਰਨਾਂ ‘ਚ ਪਰੋਵਣ ਲਈ ਚੁਣ ਫੁੱਲ, ਅਤੇ ਮੈਨੂੰ,
ਪਿਘਲਾ ਕੇ ਛਵੀਆਂ ਨੂੰ ਗੁਲਦਸਤੇ ਢਾਲਣ ਦੇ।
0
ਮਹਿਕਾਂ ਤੋਂ ਮਹਿਰੂਮ ਦਿਲਾਂ ਨੂੰ,
ਅਹਿਸਾਸਾਂ ਦਾ ਸੰਦਲ ਦੇ ਦੇ।
ਸੱਖਣਾਪਣ ਰੂਹਾਂ ਦਾ ਭਰ ਦੇ,
ਤਨਹਾਈਆਂ ਨੂੰ ਮਹਿਫ਼ਿਲ ਦੇ ਦੇ।
ਗਹਿਰੀ ਖ਼ਾਮੋਸ਼ੀ ਦਾ ਆਲਮ,
ਨਾ ਹਰਕਤ ਨਾ ਜੁੰਬਿਸ਼ ਕੋਈ,
ਬਿਰਖਾਂ ਨੂੰ ਪੌਣਾਂ ਦਾ ਚੁੰਮਣ,
ਤੇ ਨਦੀਆਂ ਨੂੰ ਕਲਕਲ ਦੇ ਦੇ।
ਅਰਮਾਨਾਂ ਅੰਗੜਾਈਆਂ ਭਰੀਆਂ,
ਥਿਰਕਣਗੇ ਪੱਬ ਸੂਲਾਂ ‘ਤੇ ਵੀ,
ਬਸ ਥੋੜੀ ਜਿਹੀ ਧਰਤੀ ਦੇ ਕੇ,
ਤੇ ਪੈਰਾਂ ਨੂੰ ਪਾਇਲ ਦੇ ਦੇ।
ਸਹਿਕ ਰਹੀ ਉੱਡਣ ਦੀ ਚਾਹਤ,
ਹਰਫ਼ਾਂ ਦੇ ਧੁਖਦੇ ਖੰਭਾਂ ਨੂੰ,
ਅਪਣੇ ਮੋਹ ਦੀ ਬਾਰਸ਼ ਦੇ ਦੇ,
ਅਪਣੇ ਨੈਣਾਂ ਦਾ ਜਲ ਦੇ ਦੇ।
ਰੋਜ਼ ਦੀਆਂ ਤੇਹਾਂ ਮਿਟ ਜਾਵਣ,
ਦੋਹਾਂ ਦੀ ਭਟਕਣ ਮੁੱਕ ਜਾਵੇ,
ਸੁੰਦਰਾਂ ਨੂੰ ਇਕ ਪੂਰਨ ਦੇ ਦੇ,
ਤੇ ਪੂਰਨ ਨੂੰ ਜੰਗਲ ਦੇ ਦੇ।
ਚਾਹੇ ਮੇਰੀ ਨੀਂਦ ਚੁਰਾ ਲੈ,
ਚਾਹੇ ਮੇਰੀ ਹੋਂਦ ਭੁਲਾ ਦੇ,
ਪਰ ਜੋ ਮੈਨੂੰ ਵਿਸਰ ਗਿਆ ਹੈ,
ਉਹ ਸੁਪਨਾ ਪਲ ਦੋ ਪਲ ਦੇ ਦੇ।
ਮੈਂ ਤਾਂ ਖੇਤਾਂ ਵਿਚ ਤਪ ਕਰਕੇ,
ਮੁਕਤੀ ਦਾ ਰਾਹ ਖੋਜ ਲਵਾਂਗਾ,
ਬਿਰਖ ਗਯਾ ਦਾ ਹੋਰ ਕਿਸੇ ਨੂੰ,
ਮੈਨੂੰ ਮੇਰਾ ਰਾਹੁਲ ਦੇ ਦੇ।
0
ਅੱਖਾਂ ਨੂੰ ਚੁਗਣੇ ਪੈਣ ਅੰਗਿਆਰੇ ਕਦੇ ਕਦੇ।
ਦਿੰਦੇ ਤਸੱਲੀ ਅੱਥਰੂ, ਖਾਰੇ ਕਦੇ ਕਦੇ।
ਧਰਤੀ ‘ਤੇ ਆਉਂਦੇ ਟੁੱਟ ਕੇ ਤਾਰੇ ਕਦੇ ਕਦੇ,
ਚਲਦੇ ਸਿਰਾਂ ਦੀ ਫ਼ਸਲ ‘ਤੇ ਆਰੇ ਕਦੇ ਕਦੇ।
ਧੁਖ਼ਦੇ ਖ਼ਤਾਂ ‘ਤੇ ਕਿਸ ਤਰਾਂ ਤੇਰਾ ਪਤਾ ਲਿਖਾਂ,
ਲਗਦੇ ਨੇ ਅੱਖਰ ਪਰਬਤੋਂ ਭਾਰੇ ਕਦੇ ਕਦੇ।
ਦਰਗਾਹ ਏ ਮੇਰੇ ਯਾਰ ਦੀ ਗੋਡਾ ਨਿਵਾ ਕੇ ਜਾਹ,
ਏਥੇ ਤਾਂ ਗੋਡੀ ਚੰਨ ਵੀ ਮਾਰੇ ਕਦੇ ਕਦੇ।
ਉਹਨਾਂ ਦਾ ਕਰਕੇ ਕੌਲ ਨਾ ਆਉਣਾ ਬੁਰਾ ਤਾਂ ਹੈ,
ਚੰਗੇ ਨੇ ਲਗਦੇ ਆਉਣ ਦੇ ਲਾਰੇ ਕਦੇ ਕਦੇ।
ਤੂੰ ਕਤਲਗ਼ਾਹਾਂ ਸੂਲਾਂ ਬਾਰੇ ਹੀ ਲਿਖ ਰਿਹੈਂ,
ਲਿਖਿਆ ਵੀ ਕਰ ਗੁਲਦੌਦੀਆਂ ਬਾਰੇ ਕਦੇ ਕਦੇ।
ਹੁੰਦੀ ਹਵਾ ਦੀ ਮਾਰ ਕੀ ਜੰਗਲ ਹੀ ਜਾਣਦੈ,
ਝੜਦੇ ਨੇ ਪੱਤੇ ਸਾਰੇ ਦੇ ਸਾਰੇ ਕਦੇ ਕਦੇ।
ਸ਼ਾਇਰ ਦੀ ਕਾਨੀ ਵਕਤ ਦਾ ਪਹੀਆ ਘੁਮਾ ਦਵੇ,
ਕੁਝ ਇਸ ਤਰਾਂ ਦੇ ਹੋਣ ਵਰਤਾਰੇ ਕਦੇ ਕਦੇ।
੦
ਇਕ ਤੂਫ਼ਾਨ ਸਮੁੰਦਰਰ ਵਿਚ ਹੈ ਸੌ ਤੂਫ਼ਾਨ ਮਲਾਹਾਂ ਅੰਦਰ।
ਫਿਰ ਵੀ ਇਕ ਵਿਸ਼ਵਾਸ ਦਾ ਪੰਛੀ ਚਹਿਕ ਰਿਹਾ ਹੈ ਸਾਹਾਂ ਅੰਦਰ।
ਜ਼ਹਿਰ ਜ਼ਮਾਨੇ ਦੀ ਕੁਝ ਲੋਕੀਂ ਪੀ ਲੈਂਦੇ ਨੇ ਚੁੱਪ ਚੁਪੀਤੇ,
ਪਿੱਛੇ ਛੱਡ ਜਾਂਦੇ ਨੇ ਪੈੜਾਂ ਮਹਿਕਦੀਆਂ ਕੁਝ ਰਾਹਾਂ ਅੰਦਰ।
ਹਰ ਦੀਵਾ ਸੂਰਜ ਬਣ ਸਕਦੈ, ਹਰ ਕਤਰਾ ਸਾਗਰ ਹੋ ਸਕਦੈ,
ਜੇ ਸੁਰ ਸਾਂਝ ਦਿਲਾਂ ਵਿਚ ਹੋਵੇ ਤੇ ਇਕਸੁਰਤਾ ਬਾਹਾਂ ਅੰਦਰ।
ਦਰਦ ਜਿਨਾਂ ਦੇ ਲੇਖੀਂ ਲਿਖਿਆ, ਤੜਪ ਜਿਨਾਂ ਦੇ ਮੱਥੇ ਉਕਰੀ,
ਨਾ ਟਿਕਦੇ ਦਰਗਾਹੋਂ ਬਾਹਰ ਨਾ ਟਿਕਦੇ ਦਰਗਾਹਾਂ ਅੰਦਰ।
ਭੋਲੇ ਭਾਲੇ ਲੋਕੀਂ ਤੁਰ ਪਏ ਨੰਗੇ ਪੈਰੀਂ ਬਲਦੇ ਰਾਹੀਂ,
ਰਹਿਬਰ ਹਾਲੇ ਕੁੰਡੀ ਲਾ ਕੇ ਕਰਦੇ ਪਏ ਸਲਾਹਾਂ ਅੰਦਰ।
ਗਰਦਿਸ਼ ਦੇ ਵਿਚ ਘੁੰਮਦੇ ਘੁੰਮਦੇ ਬੰਦੇ ਕੀ ਤੋਂ ਕੀ ਬਣ ਜਾਂਦੇ,
ਬੋਦੀ ਵਾਲੇ ਤਾਰੇ ਚੜਦੇ ਲਹਿੰਦੇ ਰਹਿਣ ਨਿਗਾਹਾਂ ਅੰਦਰ।
ਦੋ ਪਲ ਵਿਹਲ ਮਿਲੇ ਤਾਂ ਆਵੋ ਅਹਿਸਾਸਾਂ ਦੇ ਨਕਸ਼ ਪਛਾਣੋ,
ਦਿਲ ਦੀਆਂ ਪਰਤਾਂ ਖੋਹਲ ਰਿਹਾ ਹਾਂ ਆਪਣੀਆਂ ਇਤਲਾਹਾਂ ਅੰਦਰ।
ਮਰ ਕੇ ਵੀ ਜਰਖ਼ੇਜ਼ ਦਿਲਾਂ ਦੀ ਮਿੱਟੀ ਵਿਚ ਮੈਂ ਉੱਗ ਪਿਆ ਹਾਂ,
ਭੋਰਾ ਸੱਚ ਨਹੀਂ ਹੈ ਮੇਰੀ ਮੌਤ ਦੀਆਂ ਅਫ਼ਵਾਹਾਂ ਅੰਦਰ।
0
ਜੇਕਰ ਹੋਵੇ ਮੱਚਿਆ ਪੌਣਾਂ ਵਿਚ ਕੁਹਰਾਮ।
ਹਰਫ਼ਾਂ ਨੂੰ ਨਹੀਂ ਸ਼ੋਭਦਾ ਸਫ਼ਿਆਂ ‘ਤੇ ਆਰਾਮ।
ਆਪ ਮੁਹਾਰੇ ਵਹਿਣ ਦੇ ਪਲ ਦੋ ਪਲ ਜਜ਼ਬਾਤ,
ਸਤਰਾਂ ਨਾਲੋਂ ਮੇਟ ਦੇ ਕੌਮੇ ਤੇ ਵਿਸ਼ਰਾਮ।
ਅੰਤਿਮ ਛੋਹਾਂ ਨਾਲ ਜਦ ਹੱਸਣੀ ਸੀ ਤਸਵੀਰ,
ਕੈਨਵਸ ਉੱਤੇ ਡੁੱਲ ਗਏ ਮੈਥੋਂ ਰੰਗ ਤਮਾਮ।
ਪਾਰਾ ਬਣ ਕੇ ਵਹਿ ਗਈ ਕਾਇਆ ਵਿਚ ਸਵੇਰ,
ਖ਼ੰਜਰ ਬਣ ਕੇ ਲਹਿ ਗਈ ਸੀਨੇ ਅੰਦਰ ਸ਼ਾਮ।
ਉੱਚੇ ਗੁੰਬਦ ਦੇਖ ਕੇ ਅਸ਼ ਅਸ਼ ਕਰਦੇ ਲੋਕ,
ਨੀਂਹਾਂ ਹੇਠਾਂ ਸਹਿਕਦੇ ਪੱਥਰ ਨੇ ਗੁੰਮਨਾਮ।
ਕਿੱਥੇ ਲੈ ਕੇ ਜਾਣਗੇ ਇਹ ਦੋਵੇਂ ਅਹਿਸਾਸ,
ਅੱਖਾਂ ਵਿਚਲੀ ਬੇਬਸੀ, ਖ਼ਾਬਾਂ ਵਿਚਲੀ ਲਾਮ।
ਆਪਣੇ ਤਾਂ ਵਿਚਕਾਰ ਸੀ ਤਪਦਾ ਰੇਗਿਸਤਾਨ,
ਕਿੰਜ ਭਲਾ ਮੈਂ ਭੇਜਦਾ ਬੱਦਲਾਂ ਹੱਥ ਪੈਗ਼ਾਮ।
ਦਿਲ ਵਿਚ ਨਹੀਂ ਉਮੰਗ ਤਾਂ ਕੀ ਚੜਨਾ ਸੀ ਰੰਗ,
ਤਲੀਆਂ ਐਵੇਂ ਲਾਉਂਦੀਆਂ ਮਹਿੰਦੀ ਸਿਰ ਇਲਜ਼ਾਮ।
ਬੁੱਝ ਭਲਾ ਮੈਂ ਕੌਣ ਹਾਂ ਕੀ ਮੇਰੀ ਪਹਿਚਾਣ,
ਇਹ ਜੋ ਮੇਰਾ ਨਾਮ ਹੈ ਇਹ ਨਹੀਂ ਮੇਰਾ ਨਾਮ।
0
ਬਸ ਰੇਤ ਹੀ ਰੇਤ ਉੜੇ ਹਰ ਟੁਟਦੇ ਸਿਤਾਰੇ ਦੀ।
ਫਿਰ ਵੀ ਮੈਂ ਤਲਾਸ਼ ਕਰਾਂ ਧੁੜ ਤਕ ਲਿਸ਼ਕਾਰੇ ਦੀ।
ਕੱਸੀ ਤਾਂ ਮੁਰੱਬਿਆਂ ਦੇ ਖਾਲਾਂ ‘ਚ ਗੁਆਚ ਗਈ,
ਮਿਟਣੀ ਹੈ ਪਿਆਸ ਕਦੋਂ ਕੰਨੀ ਦੇ ਕਿਆਰੇ ਦੀ।
ਧੂੰਏਂ ਵਿਚ ਲਿਪਟ ਗਏ ਚਾਅ ਝੰਗ ਸਿਆਲਾਂ ਦੇ,
ਅੱਗ ਦਾ ਅਨੁਵਾਦ ਕਰੇ ‘ਵਾ ਤਖ਼ਤ ਹਜ਼ਾਰੇ ਦੀ।
ਦੋ ਦਿਨ ਦੀ ਖ਼ੁਸ਼ੀ ਮਗਰੋਂ ਨੂੜਨਗੇ ਬਦਨ ਤੇਰਾ,
ਗੋਟਾ ਇਹ ਦੁਪੱਟੇ ਦਾ ਇਹ ਲੌਣ ਗਰਾਰੇ ਦੀ।
ਇਕ ਰੋਜ਼ ਤੂੰ ਉਖੜੇਂਗੀ ਡਿੱਗੇਂਗੀ ਮੇਰੇ ਨੇੜੇ,
ਮੈਂ ਨੀਂਹ ਦਾ ਪੱਥਰ ਹਾਂ, ਤੂੰ ਇੱਟ ਚੁਬਾਰੇ ਦੀ।
ਪਹਿਨੇਗੀ ਗ਼ਜ਼ਲ ਮੇਰੀ ਮਲਮਲ ਦਾ ਲਿਬਾਸ ਕਦੋਂ,
ਸ਼ਿਅਰਾਂ ਨੂੰ ਅਜੇ ਲੜਦੀ ਹੈ ਕੰਡ ਗੁਆਰੇ ਦੀ।
0
ਅਸੀਂ ਅਪਣੀ ਸ਼ਨਾਖ਼ਤ ਭੀੜ ਦੇ ਅੰਦਰ ਗੁਆ ਆਏ।
ਚਲੋ ਚੰਗਾ ਈ ਹੋਇਆ ਸੌ ਤਰਾਂ ਦੇ ਡਰ ਗੁਆ ਆਏ।
ਸਫ਼ਰ ਕਿੰਨਾ ਵਚਿੱਤਰ ਸੀ ਕਿ ਜਿਸ ‘ਤੇ ਚਲਦਿਆਂ ਹੋਇਆਂ,
ਮੁਸਾਫ਼ਿਰ ਪੈਰ ਭੁੱਲ ਆਏ ਪਰਿੰਦੇ ਪਰ ਗੁਆ ਆਏ।
ਰਗ਼ਾਂ ਵਿਚ ਰਾਤ ਕਾਲੀ ਜ਼ਹਿਰ ਬਣ ਕੇ ਸਰਕਦੀ ਜਾਂਦੀ,
ਚਿਰਾਗ਼ਾਂ ਵਾਂਗ ਜਗਦੇ ਮਾਂਦਰੀ ਮੰਤਰ ਗੁਆ ਆਏ।
ਲਤੀਫ਼ੇ ਸੁਣ ਨਹੀਂ ਹਸਦੇ ਨਾ ਰੋਂਦੇ ਮਰਸੀਏ ਸੁਣ ਕੇ,
ਪਤਾ ਨਈਂ ਲੋਕ ਹੁਣ ਸੰਵੇਦਨਾ ਕਿੱਧਰ ਗੁਆ ਆਏ।
ਤੁਸੀਂ ਜਾਓਗੇ ਕਿੱਥੇ ਜੇ ਦਿਸ਼ਾਵਾਂ ਲਾਪਤਾ ਰਹੀਆਂ,
ਭਲਾ ਪਰਵਾਜ਼ ਦੇ ਕੀ ਅਰਥ ਜੇ ਅੰਬਰ ਗੁਆ ਆਏ।
ਕਿਵੇਂ ਬੀਜੋਗੇ ਮੋਹ ਦੇ ਹਰਫ਼ ਹੁਣ ਬੰਜਰ ਦਿਲਾਂ ਅੰਦਰ,
ਤੁਸੀਂ ਵਾਧੂ ਦੀਆਂ ਬਹਿਸਾਂ ‘ਚ ਹੀ ਵੱਤਰ ਗੁਆ ਆਏ।
ਸਿਰਾਂ ‘ਤੇ ਕਿਸ਼ਤੀਆਂ ਧਰ ਕੇ ਮਲਾਹਾਂ ਨੂੰ ਪਿਆ ਮੁੜਨਾ,
ਗਏ ਸੀ ਟਾਪੂਆਂ ਦੀ ਭਾਲ ਵਿਚ, ਸਾਗਰ ਗੁਆ ਆਏ।
0
ਕਿਵੇਂ ਮਾਸੂਮ ਦੀਵੇ ਰਹਿਣਗੇ ਜਗਦੇ ਘਰਾਂ ਅੰਦਰ।
ਹਵਾ ਬਾਜ਼ਾਰ ਦੀ ਹੈ ਸ਼ੂਕਦੀ ਫਿਰਦੀ ਗਰਾਂ ਅੰਦਰ।
ਦਰਾਂ ਨੂੰ ਬੰਦ ਕਰਨਾ ਠੀਕ ਨਈਂ ਪੌਣਾਂ ਤਾਂ ਪੌਣਾਂ ਨੇ,
ਇਨਾਂ ਨੇ ਆ ਹੀ ਜਾਣੈਂ ਇਸ ਤਰਾ ਜਾਂ ਉਸ ਤਰਾਂ ਅੰਦਰ।
ਬੜਾ ਔਖੈ ਲੁਕੋਣਾ ਅੱਖੀਆਂ ਵਿਚ ਰੰਗ ਕੋਈ ਵੀ,
ਬੜਾ ਸੌਖੈ ਲੁਕੋਣਾ ਚਿਹਰਿਆਂ ਨੂੰ ਮਫ਼ਲਰਾਂ ਅੰਦਰ।
ਕਦੋਂ ਹੈ ਚੈਨ ਮਿਲਦਾ ਦਿਲ ‘ਚੋਂ ਕੱਢ ਕੇ ਤੀਰ ਯਾਦਾਂ ਦੇ,
ਬੜਾ ਦੁੱਖ ਦਿੰਦੀਆਂ ਰਹਿ ਜਾਂਦੀਆਂ ਜੋ ਛਿਲਤਰਾਂ ਅੰਦਰ।
ਕਦੇ ਮੈਂ ਇਉਂ ਵੀ ਉਡਦਾ ਹਾਂ ਰਹੇ ਨਾ ਯਾਦ ਏਨਾ ਵੀ,
ਕਿ ਅੰਬਰ ਨੇ ਮੇਰੇ ਅੰਦਰ ਜਾਂ ਮੈਂ ਹਾਂ ਅੰਬਰਾਂ ਅੰਦਰ।
ਹਨੇਰਾ ਰਾਤ ਦਾ ਮਹਿਮਾਨ ਹੈ ਏਨਾ ਬੁਰਾ ਵੀ ਨਹੀਂ,
ਬੁਰਾ ਹੈ ਸਿਰਫ਼ ਇਸ ਦਾ ਬੈਠ ਜਾਣਾ ਆਂਦਰਾਂ ਅੰਦਰ।
0
ਧਰਤ ਨਾ ਆਕਾਸ਼ ਕਿਧਰੇ ਜਲ ਨਜ਼ਰ ਆਉਂਦਾ ਨਹੀਂ।
ਪੇਸ਼ ਹੈ ਦਲਦਲ ਕਿ ਜਿਸਦਾ ਤਲ ਨਜ਼ਰ ਆਉਂਦਾ ਨਹੀਂ।
ਸੀਸ਼ਿਆਂ ਵਿਚ ਚਿਹਰਿਆਂ ਦੀ ਪਰਤ ਇੱਕੋ ਈ ਦਿਸੇ,
ਸੁਲਗ਼ਦਾ ਅੱਖਾਂ ‘ਚ ਜੋ ਜੰਗਲ ਨਜ਼ਰ ਆਉਂਦਾ ਨਹੀਂ।
ਜਿਸਮ ਦੇ ਜੁਗਰਾਫ਼ੀਏ ਵਿਚ ਕੈਦ ਬੰਦੇ ਨੂੰ ਕਦੇ,
ਰੂਹ ਦੁਆਲੇ ਲਿਪਟਿਆ ਸੰਗਲ ਨਜ਼ਰ ਆਉਂਦਾ ਨਹੀਂ।
ਲੋਕ ਢਕ ਲੈਂਦੇ ਨੇ ਮੈਲੇ ਮਨ ਦੀ ਮਿੱਟੀ ਇਸ ਕਦਰ,
ਰਿਸ਼ਤਿਆਂ ਵਿਚ ਉੱਗਿਆ ਖੱਬਲ ਨਜ਼ਰ ਆਉਂਦਾ ਨਹੀਂ।
ਦਸਤਖ਼ਤ ਪਲਕਾਂ ‘ਤੇ ਹੀ ਕਰਕੇ ਪਿਛਾਂਹ ਮੁੜ ਜਾਂਦੀਆਂ,
ਬਾਰਸ਼ਾਂ ਨੂੰ ਮਨ ਦਾ ਮਾਰੂਥਲ ਨਜ਼ਰ ਆਉਂਦਾ ਨਹੀਂ।
ਸ਼ਹਿਰ ਦੀ ਆਬ-ਓ-ਹਵਾ ਇਤਰਾਜ਼ ਮੇਰੇ ‘ਤੇ ਕਰੇ,
ਮੇਰੀਆਂ ਗੱਲਾਂ ‘ਚ ਕਿਉਂ ਵਲ-ਛਲ ਨਜ਼ਰ ਆਉਂਦਾ ਨਹੀਂ।
0
ਸੋਚਾਂ ਅੰਦਰ ਉਡਦੇ ਪਰਛਾਵੇਂ ਦੀ ਬੁੱਕਲ ਮਾਰ ਲਈ।
ਇਸ ਮੌਲਿਕ ਅੰਦਾਜ਼ ‘ਚ ਆਪਾਂ ਸਿਖ਼ਰ ਦੁਪਹਿਰ ਗੁਜ਼ਾਰ ਲਈ।
ਖ਼ਾਬਾਂ ਦੀ ਕਿਸ਼ਤੀ ਮੈਂ ਜਿਸਦੇ ਨੈਣਾਂ ਵਿਚ ਉਤਾਰ ਲਈ,
ਉਮਰਾਂ ਤੱਕ ਤਰਸੇਵਾਂ ਰਹਿਣਾ ਉਸਦੇ ਪਰਲੇ ਪਾਰ ਲਈ।
ਜਿਸਮ ਦੇ ਰੇਗਿਸਤਾਨ ਤੋਂ ਲੈ ਕੇ ਰੂਹ ਦੇ ਮਾਨਸਰੋਵਰ ਤਕ,
ਕਿੱਥੇ ਕਿੱਥੇ ਭਟਕ ਰਿਹਾ ਹਾਂ ਮੈਂ ਤੇਰੇ ਦੀਦਾਰ ਲਈ।
ਤੇਰੀ ਰਗ਼ ਰਗ਼ ਵਿੱਚ ਪੁੜੇ ਨੇ ਕੰਡੇ ਸੌ ਜੰਜਾਲਾਂ ਦੇ,
ਫਿਰ ਕਿਉਂ ਕੈਕਟਸ ਲੈ ਆਇਐਂ ਤੂੰ ਵਿਹੜੇ ਦੇ ਸ਼ਿੰਗਾਰ ਲਈ।
ਇਸ ਮਸਰੂਫ਼ ਨਗਰ ਵਿਚ ਕੌਣ ਸੁਣੇਗਾ ਤੇਰੇ ਅਫ਼ਸਾਨੇ,
ਐਵੇਂ ਹੀ ਬਾਜ਼ਾਰ ‘ਚ ਤੂੰ ਦੁੱਖਾਂ ਦੀ ਪੰਡ ਖਿਲਾਰ ਲਈ।
ਧੁੱਪਾਂ ਨਾਲ ਲੜਾਂ ਤੇ ਵਾਦ-ਵਿਵਾਦ ਹਵਾਵਾਂ ਨਾਲ ਕਰਾਂ,
ਦੱਸੋ ਕਿਸ ਮੌਸਮ ਨੇ ਮੇਰੀ ਤਰਲ ਹਯਾਤ ਡਕਾਰ ਲਈ।
0
ਕਲਸਾਂ ਸੰਗ ਰਚਾ ਲਵੀਂ ਫੇਰ ਕਦੇ ਸੰਵਾਦ।
ਪਹਿਲਾਂ ਸੁਣ ਕੁਝ ਭੁਰਦੀਆਂ ਕੰਧਾਂ ਦੀ ਫਰਿਆਦ।
ਰੱਖ ਪਰਾਂ ਲਿੱਸੇ ਜਿਹੇ ਹਮਦਰਦੀ ਦੇ ਬੋਲ,
ਤੇਰੇ ਤੋਂ ਹੋਣਾ ਨਹੀਂ ਹੰਝੂਆਂ ਦਾ ਅਨੁਵਾਦ।
ਤੇਹਾਂ ਉੱਤੇ ਵਰਨ ਦੀ ਏਹਨਾਂ ਤੋਂ ਸੀ ਆਸ,
ਰੂਹ ਦੇ ਛਾਲੇ ਬਣ ਗਏ ਮੇਰੇ ਸੁਹਜ ਸਵਾਦ।
ਤੂੰ ਤੂੰ ਮੈਂ ਮੈਂ ਕਰਦਿਆਂ ਸਿਰ ‘ਤੇ ਆਇਆ ਕਾਲ,
ਅੱਧ ਵਿਚਾਲੇ ਰਹਿ ਗਿਆ ਸਾਰਾ ਵਾਦ-ਵਿਵਾਦ।
ਪਰਦੇਸੀ ਪੁੱਤ ਪੂੰਝਦੇ ਅੱਖਾਂ ਪੌਂਡਾਂ ਨਾਲ,
ਕਬਰਾਂ ਅੰਦਰ ਸੁੱਤੀਆਂ ਮਾਵਾਂ ਕਰਕੇ ਯਾਦ।
ਮੇਰੇ ਸੀਨੇ ਟੰਗਣੀ ਦੱਸ ਤੂੰ ਕਿਹੜੀ ਚੀਜ਼,
ਤੇਰੇ ਇਕ ਹੱਥ ਫੁੱਲ ਹੈ, ਦੂਜੇ ਹੱਥ ਫੌਲਾਦ।
0
ਝੀਲਾਂ ਤੀਕਰ ਪਹੁੰਚਦਿਆਂ ਤੇਹਾਂ ਦੇ ਅਰਥ ਗੁਆਚ ਗਏ।
ਆਲਣਿਆਂ ਨੂੰ ਪਰਤੇ ਤਾਂ ਰੁੱਖਾਂ ਦੇ ਅਰਥ ਗੁਆਚ ਗਏ।
ਏਥੇ ਤਾਂ ਹਰ ਚਿਹਰੇ ਦੀ ਤਹਿ ਹੇਠਾਂ ਇਕ ਕੁਲਛੇਤਰ ਹੈ,
ਕੀ ਜਿੱਤਾਂ ਕੀ ਹਾਰਾਂ ਹੁਣ ਦੋਹਾਂ ਦੇ ਅਰਥ ਗੁਆਚ ਗਏ।
ਕੱਚੇ ਪੱਕੇ ਰੰਗ ਆਪਸ ਵਿਚ ਝਗੜ ਰਹੇ ਸਨ ਐਵੇਂ ਹੀ,
ਐਸੀ ਬਾਰਸ਼ ਆਈ ਸਭ ਰੰਗਾਂ ਦੇ ਅਰਥ ਗੁਆਚ ਗਏ।
ਮੇਰੀਆਂ ਨਮ ਅੱਖਾਂ ਤੋਂ ਲੈ ਕੇ ਤੇਰੇ ਦਿਲ ਦੀ ਸਰਦਲ ਤਕ,
ਰੇਤ ਵਿਛੀ ਸੀ ਏਨੀ ਕਿ ਹੰਝੂਆਂ ਦੇ ਅਰਥ ਗੁਆਚ ਗਏ।
ਜੰਗਲ ਛੱਡ ਇਕ ਪੰਛੀ ਸੋਨੇ ਦੇ ਪਿੰਜਰੇ ਵਿਚ ਜਾ ਬੈਠਾ,
ਚੂਰੀ ਖਾਂਦੇ ਹੀ ਉਸਦੇ ਖੰਭਾਂ ਦੇ ਅਰਥ ਗੁਆਚ ਗਏ।
ਚੰਗਾ ਸੀ ਜੋ ਚੁੱਪ ਦੀ ਭਾਸ਼ਾ ਵਿਚ ਦਿਲ ਦੀ ਗੱਲ ਕਹਿ ਲੈਂਦਾ,
ਮੂੰਹੋਂ ਬੋਲਣ ਸਾਰ ਮੇਰੇ ਸ਼ਬਦਾਂ ਦੇ ਅਰਥ ਗੁਆਚ ਗਏ।
0
ਕਵੀ ਹਾਂ ਸਿਰਫ਼ ਏਹੋ ਹੀ ਕਸੂਰ ਹੈ ਮੇਰਾ,
ਕਿ ਅੱਧੀ ਰਾਤ ਨੂੰ ਹਰਫ਼ਾਂ ਨੂੰ ਤੰਗ ਕਰਦਾ ਹਾਂ।
ਫਜ਼ੂਲ ਦੋਸ਼ ਹੈ ਮੇਰੇ ‘ਤੇ ਇਹ ਹਨ•ੇਰੇ ਦਾ,
ਕਿ ਸਾਰੇ ਸ਼ਹਿਰ ਦੀ ਮੈਂ ਨੀਂਦ ਭੰਗ ਕਰਦਾ ਹਾਂ।
ਮੇਰੀ ਹੈ ਰੀਝ ਮਿਲੇ ਚੋਗ ਸਾਰੇ ਬੋਟਾਂ ਨੂੰ,
ਤੇ ਐਸੇ ਖੰਭ ਵੀ ਸਹਿ ਲੈਣ ਜਿਹੜੇ ਚੋਟਾਂ ਨੂੰ,
ਨਾ ਰਾਜ ਭਾਗ ਨਾ ਸ਼ੁਹਰਤ ਨਾ ਸੁਰਗ ਦਾ ਬੂਹਾ,
ਮੈਂ ਸਿਰਫ਼ ਛੋਟੀਆਂ ਚੀਜ਼ਾਂ ਦੀ ਮੰਗ ਕਰਦਾ ਹਾਂ।
ਇਹ ਗ਼ਰਦ ਝਾੜ ਕੇ ਹਉਮੈ ਦੀ ਅਪਣੀ ਕਾਇਆ ਤੋਂ,
ਬਚਾ ਕੇ ਆ ਗਿਆ ਪੱਲੂ ਹੁਸੀਨ ਮਾਇਆ ਤੋਂ,
ਰਗ਼ਾਂ ‘ਚ ਜੰਮੀਆਂ ਬਰਫ਼ਾਂ ਨੂੰ ਤੋੜ ਕੇ ਯਾਰੋ,
ਮੈਂ ਅਪਣੀ ਹੋਂਦ ਨੂੰ ਪਤਲੀ ਪਤੰਗ ਕਰਦਾ ਹਾਂ।
ਪਹਾੜ ਯਾਰ ਨੇ ਮੇਰੇ ਤੇ ਝੀਲਾਂ ਮਾਵਾਂ ਨੇ,
ਭਰਾ ਨੇ ਬਿਰਖ ਤੇ ਭੈਣਾਂ ਇਹ ਠੰਢੀਆਂ ਛਾਵਾਂ ਨੇ,
ਸੁਗੰਧੀ ਪ੍ਰੇਮਿਕਾ ਮੇਰੀ ਤੇ ਫੁੱਲ ਬੱਚੇ ਨੇ,
ਮੈਂ ਕਿੰਨੇ ਪਿਆਰਿਆਂ ਜੀਆਂ ਦਾ ਸੰਗ ਕਰਦਾ ਹਾਂ।
ਕਿਸੇ ਵੀ ਸ਼ੂਕਦੇ ਦਰਿਆ ‘ਤੇ ਪੁੱਲ ਨਾ ਹੋ ਸਕੀਆਂ,
ਮੇਰੇ ਹੀ ਹਾਲ ‘ਤੇ ਗ਼ਜ਼ਲਾਂ ਨਾ ਹੱਸ ਨਾ ਰੋ ਸਕੀਆਂ।
ਇਨਾਂ ‘ਚ ਮਹਿਕ ਹਾਲੇ ਤੀਕ ਭਰ ਨਹੀਂ ਸਕਿਆ,
ਮੈਂ ਐਵੇਂ ਕਾਗ਼ਜ਼ੀ ਫੁੱਲਾਂ ਨੂੰ ਰੰਗ ਕਰਦਾ ਹਾਂ।
0
ਟਾਹਲੀ
ਬੂਟਾ ਸਿੰਘ ਕੋਲੋਂ ਟਾਹਲੀ ਪੁੱਛਦੀ ਹੈਰਾਨ ਹੋ ਕੇ,
ਕਿਹੜੀ ਗੱਲੋਂ ਅੱਜ ਤੂੰ ਕੁਹਾੜਾ ਹੈ ਉਠਾ ਲਿਆ?
ਕੀ ਤੂੰ ਏਸ ਚੰਦਰੇ ਦਿਹਾੜੇ ਦੀ ਉਡੀਕ ‘ਚ ਸੀ,
ਧੀਆਂ ਵਾਂਗੂੰ ਚਾਵਾਂ ਨਾਲ ਮੈਨੂੰ ਹੈ ਸੀ ਪਾਲਿਆ।
ਭੁੱਲ ਗਿਆ ਉਹ ਕੂਲ਼ੇ-ਕੂਲ਼ੇ ਪੱਤਿਆਂ ਦੇ ਗੀਤ ਮੇਰੇ,
ਭੁੱਲ ਗਿਆ ਉਹ ਛਾਵਾਂ ਜੋ ਦੁਪਹਿਰਾਂ ਨੂੰ ਤੂੰ ਮਾਣੀਆਂ।
ਭੁੱਲ ਗਿਆ ਤੂੰ ਭਰੇ ਮਨਨਾਲ ਜੋ ਸੁਣਾਈਆਂ ਮੈਨੂੰ,
ਹਉਕਿਆਂ ‘ਚ ਡੁੱਬ ਡੁੱਬ ਲੰਮੀਆਂ ਕਹਾਣੀਆਂ।
ਭੁੱਲ ਗਿਆ ਅਸੀਸਾਂ ਜੜਾਂ ਮੇਰੀਆਂ ਨੇ ਦਿੱਤੀਆਂ ਜੋ,
ਭੁੱਲ ਗਿਆ ਉਹ ਪੀਂਘਾਂ ਕੱਲ ਧੀਆਂ ਨੇ ਜੋ ਝੂਟੀਆਂ।
ਖੇਡ ਖੇਡ ਵਿਚ ਮੇਰੇ ਉੱਤੇ ਬਹਿੰਦੇ ਉੱਡ ਕੇ ਸੀ,
ਜਿਨਾਂ ਦੀਆਂ ਚਾਦਰਾਂ ਦੇ ਸੂਹੇ ਫੁੱਲ ਬੂਟੀਆਂ।
ਭੁੱਲ ਗਿਆ ਤੂੰ ਡਿੱਗੇ ਹੋਏ ਬੋਟਾਂ ਨੂੰ ਉਠਾ ਕੇ ਜਦੋਂ,
ਟਹਿਣੀ ਉੱਤੇ ਆਲਣੇ ‘ਚ ਰੱਖਦਾ ਸੀ ਬੋਚ ਕੇ।
ਤੇਰੀ ਰਾਜ਼ਦਾਰ ਧੀਆਂ ਤੇਰੀਆਂ ਦੀ ਸਖੀ ਹਾਂ ਮੈਂ,
ਆ ਗਿਐਂ ਕੁਹਾੜਾ ਲੈ ਕੇ ਅੱਜ ਤੂੰ ਕੀ ਸੋਚ ਕੇ?
ਬੂਟਾ ਸਿੰਘ ਕੋਲੋਂ ਟਾਹਲੀ ਪੁੱਛਦੀ ਹੈਰਾਨ ਹੋ ਕੇ…
ਬੂਟਾ ਸਿੰਘ ਭਰ ਕੇ ਗਲੇਡੂ ਮਸਾਂ ਬੋਲਿਆ,
ਸੱਚ ਹੈ ਮੈਂ ਧੀਆਂ ਵਾਂਗੂੰ ਤੈਨੂੰ ਵੀ ਹੈ ਪਾਲਿਆ।
ਧੀਆਂ ਤਾਈਂ ਵੱਢਣਾ ਹੈ ਭਾਰ ਵੱਡਾ ਆਤਮਾ ‘ਤੇ,
ਏਸੇ ਦੁਬਿਧਾ ਨੇ ਮੈਨੂੰ ਵਿਚੋਂ ਵਿਚ ਖਾ ਲਿਆ।
ਵੱਡੀ ਧੀ ਜੋ ਮੇਰੇ ਨਾਲ ਜੰਮੀ ਸੀ, ਜੁਆਨ ਹੋਈ,
ਤੇਰੇ ਵਿਚੋਂ ਧੀ ਨੂੰ, ਕਦੇ ਤੈਨੂੰ ਵੇਖਾਂ ਓਸ ‘ਚੋਂ।
ਇੱਕ ਧੀ ਨੂੰ ਵੱਢ ਕੇ ਹੀ ਦੂਜੀ ਘਰੋਂ ਤੋਰ ਹੋਣੀ,
ਬਚਿਆ ਨਹੀਂ ਜਾਣਾ ਮੈਥੋਂ ਹੱਤਿਆ ਦੇ ਦੋਸ਼ ਤੋਂ।
ਹੌਲੀ ਜਿਹੀ ਭੁਇੰ ਬੜੀ ਹੌਲੀ ਹੈ ਔਕਾਤ ਮੇਰੀ,
ਹੌਲੀਆਂ ਕਪਾਹਾਂ ਅਜੇ ਹੌਲੀਆਂ ਨੇ ਟਾਹਲੀਆਂ।
ਭੁਇੰ ਨਾਲੋਂ ਭਾਰੀਆਂ ਜੰਜੀਰਾਂ ਮੈਨੂੰ ਨੂੜਿਆ ਏ
ਤੇਰੇ ਨਾਲੋਂ ਭਾਰੀਆਂ ਸਿਓਨੇ ਦੀਆਂ ਬਾਲੀਆਂ।
ਧੀਆਂ ਨੇ ਤਾਂ ਫੇਰ ਵੀ ਪਰਾਏ ਘਰੀਂ ਵੱਸ ਜਾਣਾ,
ਤੇਰੀ ਗੋਦੀ ਖੇਡਦੇ ਪਰਿੰਦੇ ਕਿੱਥੇ ਰਹਿਣਗੇ?
ਜਿਵੇਂ ਜਿਵੇਂ ਚੱਲੂਗਾ ਕੁਹਾੜਾ ਮੇਰਾ ਤੇਰੇ ਉੱਤੇ,
ਓਵੇਂ ਓਵੇਂ ਸੱਕ ਮੇਰੇ ਕਾਲਜੇ ਦੇ ਲਹਿਣਗੇ।
ਬੂਟਾ ਸਿੰਘ ਭਰ ਕੇ ਗਲੇਡੂ ਮਸਾਂ ਬੋਲਿਆ…
0
ਟਿੱਪਣੀ ਕਰੋ ਜਾਂ ਕੁਝ ਪੁੱਛੋ