ਨਾਦ
contemporary punjabi poetryਸ਼ਮੀਲ
ਕੁਝ ਕਵਿਤਾਵਾਂ, ਕੁਝ ਗੀਤ
ਕਵਿਤਾ ਦੀ ਪਹਿਲੀ ਕਿਤਾਬ ‘ ਇਕ ਛਿਣ ਦੀ ਵਾਰਤਾ’ 1989 ਵਿਚ ਛਪੀ। ਉਸ ਤੋਂ ਦੂਸਰੀ ਕਿਤਾਬ ‘ ਓ ਮੀਆਂ’ ਲਗਭਗ ਦੋ ਦਹਾਕੇ ਬਾਅਦ 2009 ਵਿਚ ਛਪੀ। ਕਵਿਤਾ ਦੀਆਂ ਦੋਵਾਂ ਕਿਤਾਬਾਂ ਦੇ ਵਿਚਕਾਰ ਰਾਜਨੀਤਕ ਤੇ ਵਿਚਾਰਧਾਰਕ ਮੁੱਦਿਆਂ ਤੇ ਹੋਰ ਕਿਤਾਬਾਂ ਛਪੀਆਂ। ਓ ਮੀਆਂ ਵਿਚ ਸ਼ਾਮਲ ਸਾਰੀਆਂ ਕਵਿਤਾਵਾਂ ਇਸ ਕਿਤਾਬ ਦੇ ਬਲੌਗ ਤੇ ਮੌਜੂਦ ਹਨ। ਉਸ ਤੋਂ ਬਾਅਦ ਲਿਖੀਆਂ ਕੁਝ ਕਵਿਤਾਵਾਂ ਅਤੇ ਕੁਝ ਗੀਤ ਇਥੇ ਹਾਜ਼ਰ ਹਨ। ਗੀਤ ਕਿਸੇ ਕਿਤਾਬ ਵਿਚ ਸ਼ਾਮਲ ਨਹੀਂ ਹਨ। ਨਾ ਹੀ ਇਹ ਕਿਤੇ ਹੋਰ ਪ੍ਰਕਾਸ਼ਤ ਹੋਏ ਹਨ। ਪੰਜ ਚਾਰ ਗੀਤ ਓ ਮੀਆਂ ਕਿਤਾਬ ਤੋਂ ਪਹਿਲਾਂ ਦੇ ਲਿਖੇ ਹਨ ਅਤੇ ਬਾਕੀ ਇਸ ਕਿਤਾਬ ਦੇ ਨਾਲੋ ਨਾਲ ਜਾਂ ਬਾਅਦ ਵਿਚ ਲਿਖੇ ਗਏ।
ਬੈਠ ਕੇ
ਹਾਰ ਮੰਨ ਲੈਣ
ਤੇ ਬੈਠ ਜਾਣ ਵਿਚ
ਕਿੰਨਾ ਸੁਖ ਹੈ
ਕੁਝ ਵੀ ਕਰਨਾ ਨਹੀਂ ਪੈਂਦਾ
ਵਗਦੇ ਦਰਿਆ ਦੀ
ਚਾਲ ਦਿਸਦੀ ਹੈ
ਬੁਕਲ ਵਿਚ ਧੜਕਦਾ
ਦਿਲ ਸੁਣਦਾ ਹੈ
ਇਕਬਾਲੀਆ ਬਿਆਨ
ਸੱਚ ਬੋਲਣ ਲਈ ਨਾ ਕਹਿ
ਬਹੁਤ ਔਖਾ ਹੈ
ਆਰਾ ਚਲਦਾ ਹੈ ਦਿਲ ਤੇ
ਇਸ ਸਚਾਈ ਨੂੰ ਦੇਖਣਾ
ਇੰਝ ਹੈ ਜਿਵੇਂ ਤੁਸੀਂ
ਆਪਣੇ ਬੱਚੇ ਦੀ ਲਾਸ਼ ਨੂੰ ਦੇਖਣਾ ਹੋਵੇ
ਦਿਲ ਦੁਖੇਗਾ ਬਹੁਤ
ਜਿਵੇਂ ਕੋਈ ਮੋਰੀ ਚੋਂ ਦੇਖੇ
ਮਹਿਬੂਬ ਨੂੰ
ਕਿਸੇ ਹੋਰ ਦੇ ਬਿਸਤਰ ਚ
ਜਿਵੇਂ ਕਿਸੇ ਬੱਚੇ ਨੂੰ ਪਤਾ ਲੱਗੇ
ਕਿ ਪਿਓ
ਉਸ ਦਾ ਅਸਲੀ ਪਿਓ ਨਹੀਂ ਹੈ
ਜਾਂ ਕੋਈ ਅਚਾਨਕ ਜਾਣੇ
ਕਿ ਪਤਨੀ ਉਸ ਦੀ
ਕਾਲ ਗਰਲ ਹੈ
ਮੈਂ ਤਾਂ ਫੜਨ ਲੱਗਾ ਸਾਂ
ਸਿਨੇਮੇ ਦੀ ਸਕਰੀਨ ਨੂੰ
ਕੋਈ ਜੋਸ਼ੀਲਾ ਦਰਸ਼ਕ ਜਿਵੇਂ
ਆਪਣੀ ਸੀਟ ਤੋਂ ਉਠ ਪੈਂਦਾ ਹੈ
ਜਾਂ ਕੋਈ ਭੋਲਾ ਪ੍ਰਸੰਸ਼ਕ
ਰਜਨੀਕਾਂਤ ਦਾ
ਮੰਦਰ ਬਣਾਉਂਦਾ ਹੈ
ਮੈਂ ਇਸ ਲੀਲ੍ਹਾ ਨੂੰ
ਸੱਚ ਜਾਣ ਬੈਠਾ ਸਾਂ
ਮੈਨੂੰ ਕੀ ਜਾਣਾ
ਇਹ ਰੌਸ਼ਨੀਆਂ ਦਾ ਅਦਭੁੱਤ ਖੇਲ੍ਹ
ਮੈਂ ਐਵੇਂ ਗੰਭੀਰ ਹੋ ਗਿਆ ਸਾਂ
ਜੋਗ
ਕਿ ਦੇਖ ਕੇ ਮੱਖੀ ਨਿਗਲ ਜਾਵਾਂ
ਕਿ ਬਿਨਾਂ ਸੁੰਨ ਕੀਤੇ
ਅਪਰੇਸ਼ਨ ਕਰਵਾ ਲਵਾਂ
ਕਿ ਵੇਸਵਾ ਨਾਲ
ਵਿਆਹ ਕਰਵਾ ਲਵਾਂ
ਤੇਰਾ ਐਸਾ ਜੋਗ ਹੈ
ਮੈਨੂੰ ਪਤਾ ਨਹੀ ਸੀ
ਮੈਂ ਤਾਂ ਆਸਣਾਂ ਨੂੰ ਜੋਗ ਸਮਝਦਾ ਸਾਂ
ਊਣਾ ਮਨ
ਮਨ ਵੀ ਕੈਸਾ ਖੂਹ ਹੈ
ਜਿੰਨਾ ਭਰਾਂ ਓਨਾ
ਹੋਰ ਖਾਲੀ ਹੁੰਦਾ ਹੈ
ਨਾ ਇਹ ਚੀਜ਼ਾਂ ਨਾਲ ਭਰਦਾ
ਨਾ ਖਾਹਸ਼ਾਂ ਨਾਲ
ਇਸ ਨੂੰ ਭਰੇ ਬਗੈਰ
ਕਿਵੇਂ ਆਵਾਂ ਤੇਰੇ ਕੋਲ
ਕੀ ਇਸ ਨੂੰ ਲੰਘ ਆਵਾਂ
ਟੱਪ ਆਵਾਂ
ਕੀ ਇਸ ਨੂੰ ਰਹਿਣ ਦੇਵਾਂ
ਇਵੇਂ ਹੀ
ਖਾਲੀ ਖਾਲੀ
ਮੇਰੇ ਊਣੇ ਮਨ ਨਾਲ ਮੈਨੂੰ
ਕੀ ਤੂੰ ਕਬੂਲ ਕਰ ਲਵੇਂਗਾ
ਤੁਰਨਾ
ਤੁਰਨਾ ਸਿੱਖ ਰਿਹਾ ਹਾਂ ਫੇਰ
ਜਿਵੇਂ ਕੰਡਾ ਕੱਢੇ ਬਗੈਰ ਤੁਰਨਾ ਹੋਵੇ
ਦਰਦ ਦੇ ਥਮਣ ਦੀ ਜਿਵੇਂ
ਉਮੀਦ ਨਾ ਹੋਵੇ
ਮੰਜ਼ਿਲ ਕੋਈ ਨਾ ਹੋਵੇ
ਪਰ ਤੁਰਦੇ ਜਾਣਾ ਹੋਵੇ
ਜਿਵੇਂ ਕੋਈ ਵੀ ਆਪਣਾ ਨਾ ਹੋਵੇ
ਤੇ ਫੇਰ ਵੀ ਜਿਊਣਾ ਹੋਵੇ
ਜਿਵੇਂ ਕਿਸੇ ਦਾ ਮਨ ਦੇਖ ਲਓ
ਬਿਨਾਂ ਕਪੜਿਆਂ ਦੇ
ਤੇ ਐਵੇਂ ਅੱਖਾਂ ਫੇਰ ਲਓ
ਜੀਵਨ ਦੀ ਭ੍ਰਾਂਤੀ ਨੂ ਦੇਖਕੇ
ਜਿਵੇਂ ਅਣਡਿਠ ਕਰ ਦੇਣਾ ਹੋਵੇ
ਵਾਪਸੀ ਤੋਂ ਬਾਅਦ
ਮੈਂ ਤੇਰਾ ਅਕਾਰ ਲੱਭ ਰਿਹਾ ਸਾਂ
ਤੇਰਾ ਚਿਹਰਾ ਪਛਾਣ ਰਿਹਾ ਸਾਂ
ਤੈਨੂੰ ਪਕੜਨ ਤੁਰ ਪਿਆ ਸਾਂ
ਮੈਂ ਅਣਜਾਣ ਨੇ
ਪਾਣੀ ਦੇ ਫਰਸ਼ ਤੇ
ਪੈਰ ਧਰ ਦਿੱਤਾ
ਮੈਂ ਨਹੀਂ ਸਾਂ ਜਾਣਦਾ
ਮੁਹੱਬਤ ਐਨੀ ਤਰਲ ਹੈ
ਨਿਰਾਕਾਰ
ਜਿਸ ਚ ਤੁਸੀਂ
ਸਿਰਫ ਡੁੱਬ ਸਕਦੇ ਹੋ
ਪਕੜ ਨਹੀਂ ਸਕਦੇ
ਨਹੀਂ ਜਾਣਦਾ ਸਾਂ
ਮੁਹੱਬਤ ਕੋਈ ਨੁਕਤਾ ਨਹੀਂ
ਮੌਜੂਦਗੀ ਹੈ
ਤੁਸੀਂ ਡੁੱਬਦੇ ਹੋ ਜਿਸ ਵਿੱਚ
ਹੌਲੀ ਹੌਲੀ
ਤੇ ਲੀਨ ਹੋ ਜਾਂਦੇ ਹੋ
ਇਹ ਅਵਸਥਾ
ਇਸ ਅਵਸਥਾ ਦਾ
ਕੀ ਬਿਆਨ ਕਰਾਂ
ਅੱਗੇ ਜਾਣ ਤੋਂ
ਡਰ ਲਗਦਾ ਹੈ
ਪਿਛੇ ਮੁੜਨ ਲਈ
ਮਨ ਨਹੀਂ ਕਰਦਾ
ਸੋਚਦਾਂ
ਪਿਛੇ ਮੁੜ ਜਾਵਾਂ
ਪਿਛੇ ਮੁੜਨ ਵਿਚ
ਮੌਜ ਬੜੀ ਹੈ
ਪਰ ਕੁਝ ਹੈ
ਜੋ ਮੈਨੂੰ ਖਿਚ ਰਿਹਾ ਹੈ
ਖਿਚੀ ਜਾ ਰਿਹਾ ਹੈ
ਫੇਰ ਸੋਚਦਾਂ
ਖਿਚ ਲੈਣ ਦਵਾਂ
ਜੋਰ ਲਾ ਲੈਣ ਦਵਾਂ
ਜਦ ਤੱਕ
ਤਿੜਕ ਨਹੀਂ ਜਾਂਦਾ
ਨੰਗਾ ਮਨ
ਤਨ ਢਕ ਲਵਾਂਗਾ
ਲੁਕੋ ਲਵਾਂਗਾ
ਮਨ ਨੂੰ ਕਿਵੇਂ ਢਕਾਂ
ਅਸਮਾਨ ਵੱਲ
ਇਸ ਦਾ ਮੂੰਹ ਖੁਲ੍ਹਾ ਹੈ
ਸਭ ਕੁਝ ਤਾਂ ਦਿਖਦਾ ਹੈ
ਹਰ ਖਿਆਲ
ਹਰ ਭਾਵ
ਕੱਚ ਦੇ ਗਿਲਾਸ ਵਿਚ
ਪਾਣੀ ਦੀ ਤਰਾਂ
ਸਭ ਤੋਂ ਲੁਕਾ ਲਵਾਂਗਾ
ਇਸ ਮਨ ਨੂੰ
ਅਸਮਾਨ ਤੋਂ ਕਿਵੇਂ ਲੁਕਾਵਾਂ
ਰੁਕ ਜਾ ਹਾਲੇ
ਕੁਝ ਪੀਕ
ਅਜੇ ਹੋਰ ਬਾਕੀ ਹੈ
ਮਨ ਦੀ ਜਾਂ ਤਨ ਦੀ
ਇਸ ਨੂੰ ਨਿਕਲ ਲੈਣ ਦੇ
ਤਨ ਨੂੰ ਧੁਲ ਲੈਣ ਦੇ
ਮਨ ਨੂੰ ਨਿਖਰ ਲੈਣ ਦੇ
ਦਰਦ ਨੂੰ ਥਮ ਲੈਣ ਦੇ
ਕਿਥੇ ਬਿਠਾਵਾਂਗਾ ਤੈਨੂੰ
ਇਸ ਦੁਖਦੇ ਮਨ ਵਿਚ
ਇਸ ਗੰਧਲੇ ਤਨ ਵਿਚ
ਇਸ ਨੂੰ ਝਾੜ ਲੈਣ ਦੇ
ਨਿਚੋੜ ਲੈਣ ਦੇ
ਜ਼ਰਾ ਕੁ ਹੋਰ ਰੁਕ ਜਾ
ਪੀਕ ਅਜੇ ਮੁੱਕੀ ਨਹੀਂ ਹੈ ਮਨ ਦੀ
ਮੋੜ ਦੇ
ਦਰਦ ਇਹ
ਵਾਪਿਸ ਲੈ ਲੈ ਆਪਣਾ
ਮੈਨੂੰ ਮੇਰਾ ਯਕੀਨ ਮੋੜਦੇ-
ਸਾਰੀਆਂ ਦੁਨਿਆਵੀ ਸਚਾਈਆਂ ਚ
ਸ਼ਬਦਾਂ ਚ
ਚਿਹਰਿਆਂ ਚ
ਤੇ ਤੇਰੇ ਵਿਚ
ਮੈਂ ਦੁਨੀਆ ਨੂੰ ਫੇਰ
ਉਵੇਂ ਦੇਖਣਾ ਚਾਹੁੰਦਾਂ
ਜਿਵੇਂ ਇਹ
ਮੇਰੀ ਬੇਟੀ ਨੂੰ ਦਿਸਦੀ ਹੈ
ਜਿਵੇਂ ਰੰਗ ਫਿਟਣ ਤੋਂ ਪਹਿਲਾਂ
ਕੱਪੜਾ ਹੁੰਦਾ ਹੈ
ਜਿਵੇਂ ਕੁਆਰੀ ਨੂੰ ਯਕੀਨ ਹੁੰਦਾ ਹੈ
ਆਪਣੀ ਪਵਿਤਰਤਾ ਤੇ
ਜਿਵੇਂ ਦਾ ਮਾਂ ਮੇਰੀ ਨੂੰ
ਮੇਰੇ ਤੇ ਯਕੀਨ ਸੀ
6 ਫਰਵਰੀ, 2010
ਜ਼ਖਮ
ਚਾਹੇ ਮਿਲ ਲੈ, ਚਾਹੇ ਵਿਛੜ ਲੈ
ਤੂੰ ਦੁਖਦੇ ਰਹਿਣਾ ਹੈ
ਇਹ ਜ਼ਖਮ
ਨਾ ਫਟਦਾ ਹੈ ਨਾ ਹਟਦਾ ਹੈ
ਚੰਗਾ ਹੁੰਦਾ ਜੇ ਮੈਂ
ਇਸ ਮੋੜ ਤੋਂ ਨਾ ਲੰਘਦਾ
ਮੈਨੂੰ ਇਹ ਇਲਮ ਨਹੀਂ ਸੀ ਕਿ
ਚੁੱਕੇ ਕਦਮ
ਵਾਪਿਸ ਨਹੀਂ ਹੁੰਦੇ
ਕਿ ਅਸਮਾਨ ਚੋਂ
ਕੁਝ ਡਿਲੀਟ ਨਹੀਂ ਹੁੰਦਾ
ਮੇਟਣ ਦੀ ਕੋਸ਼ਿਸ਼ ਕਰਦਾਂ
ਇਕ ਇਕ ਪੈੜ
ਹਰ ਨਿਸ਼ਾਨ
ਪਰ ਮਿਟਦਾ ਕਿਥੇ ਹੈ
ਸਿਰਫ ਢਕਿਆ ਜਾ ਰਿਹਾ ਹੈ
ਗਹਿਰੀਆਂ ਪਰਤਾਂ ਹੇਠ
ਇਹ ਵੀ ਕੈਸਾ ਨਿਯਮ ਹੈ
ਤੂੰ ਮਿਲਕੇ ਵੀ ਦੁਖਣਾ ਹੈ
ਤੇ ਵਿਛੜਕੇ ਵੀ
ਇਸ ਬੇਬਸੀ ਦਾ
ਮੈਂ ਕੀ ਕਰਾਂ
ਕੁਝ ਗੀਤ
ਝੀਲਾਂ ਵਾਲਾ ਦੇਸ
ਗਹਿਰੇ ਗਹਿਰੇ ਸਾਗਰ ਓਹਲੇ, ਝੀਲਾਂ ਵਾਲਾ ਦੇਸ
ਦਿਲ ਨੂੰ ਕੈਸਾ ਦਰਦ ਦੇ ਗਿਆ, ਝੀਲਾਂ ਵਾਲਾ ਦੇਸ
ਸ਼ਾਮਾਂ ਵਾਂਗੂੰ ਜੋਗਣ ਬੈਠੀ, ਅੱਗ ਸੁਨਹਿਰੀ ਬਾਲ
ਉਮਰ ਵਿਛਾ ਕੇ ਜੋਗੀ ਬਹਿ ਗਏ, ਭੁਲਕੇ ਆਪਣੀ ਭਾਲ
ਚੱਲੇ ਸੀ ਜਿਹੜੇ ਮਨ ਦੇ ਜੰਗਲ, ਮੋਢੇ ਲੈ ਕੇ ਖੇਸ
ਝੀਲਾਂ ਵਾਲਾ ਦੇਸ
ਰਾਹਾਂ ਦੀ ਇਸ ਭਾਲ ਭਾਲ ਵਿੱਚ, ਅੱਧੀ ਲੰਘੀ ਰਾਤ
ਏਸ ਜਨਮ ਵਿੱਚ ਮੁਕ ਨੀਂ ਸਕਣੀ, ਤੇਰੀ ਮੇਰੀ ਬਾਤ
ਕਈ ਜਨਮ ਤੱਕ ਮਿਲਦੇ ਰਹਿਣਾ, ਬਦਲ ਬਦਲ ਕੇ ਭੇਸ
ਝੀਲਾਂ ਵਾਲਾ ਦੇਸ
ਢੋਅ ਦਿੱਤੀ ਸੀ ਮਨ ਦੀ ਕੁਟੀਆ, ਭੁਲ ਕੇ ਸਭ ਨਿਰਵਾਣ
ਸੰਝ ਵੇਲੇ ਜਦ ਮੁੜਨ ਪਰਿੰਦੇ, ਲੱਭਿਆ ਦਿਲ ਦਾ ਹਾਣ
ਤੇਰੇ ਲਈ ਜੋ ਜਗੇ ਨੇ ਦੀਵੇ, ਜਗਦੇ ਰਹਿਣ ਹਮੇਸ਼
ਝੀਲਾਂ ਵਾਲਾ ਦੇਸ
ਦਿਲ ਦੇ ਅੰਦਰ ਚਲਦਾ ਰਹਿਣਾ, ਮੱਠਾ ਮੱਠਾ ਰਾਗ
ਛੁਹ ਤੇਰੀ ਨੇ ਝੋਲੀ ਪਾਈ, ਸਾਰੀ ਉਮਰ ਦੀ ਜਾਗ
ਤੇਰੀ ਬਾਝੋਂ ਥੋੜ੍ਹੀ ਥੋੜ੍ਹੀ, ਸਭ ਦੁਨੀਆ ਪਰਦੇਸ
ਝੀਲਾਂ ਵਾਲਾ ਦੇਸ
ਕੀ ਮਿਲਣੀ ਇਹ, ਕੀ ਚੌਰਾਹਾ, ਕੀ ਸਮਿਆਂ ਦੀ ਚਾਲ
ਸੰਝ ਦੇ ਵਾਂਗੂੰ ਘੁਲਿਆ ਜਾਵੇ, ਤੇਰਾ ਮੇਰਾ ਹਾਲ
ਨਜ਼ਰਾਂ ਅੱਗੇ ਡਿੱਗ ਡਿਗ ਪੈਂਦੇ, ਕਾਲੇ ਕਾਲੇ ਕੇਸ
ਝੀਲਾਂ ਵਾਲਾ ਦੇਸ
ਖਾਮੋਸ਼ ਕਹਾਣੀ
ਨੀਂਦਾਂ ਦੇ ਵਿੱਚ ਜਾਗਦੀ, ਕੋਈ ਯਾਦ ਪੁਰਾਣੀ
ਸ਼ਾਂਤ ਤਲਾਂ ਦੇ ਹੇਠ ਜੋ, ਖਾਮੋਸ਼ ਕਹਾਣੀ
ਕੋਈ ਆਇਆ ਹੱਥ ਦੀਵਾ ਫੜਕੇ
ਅੱਖੀਆਂ ਦੇ ਵਿੱਚ ਚਾਨਣ ਭਰਕੇ
ਪਹਿਲੀ ਵਾਰੀ ਸੀਨਾ ਧੜਕੇ
ਸਾਂਭ ਲਿਆ ਅਸੀਂ ਓਹਲਾ ਕਰਕੇ
ਅੱਧੀ ਰਾਤ ਉਡੀਕ ਦੀ, ਅਸਾਂ ਪੂਰੀ ਮਾਣੀ
ਸ਼ਾਂਤ ਤਲਾਂ ਦੇ ਹੇਠ ਜੋ, ਖਾਮੋਸ਼ ਕਹਾਣੀ
ਛੁਟ ਗਿਆ ਜੋ ਰਾਹਾਂ ਦੇ ਵਿੱਚ
ਘੁਲ ਗਿਆ ਉਹ ਸਾਹਾਂ ਦੇ ਵਿੱਚ
ਖਾਲੀ ਜਿਹੀਆਂ ਨਿਗਾਹਾਂ ਦੇ ਵਿੱਚ
ਖੁਲ੍ਹੀਆਂ ਰਹਿ ਗਈਆਂ ਬਾਹਾਂ ਦੇ ਵਿੱਚ
ਬੰਦੇ ਦੀ ਤਕਦੀਰ ਇੱਕ, ਅੱਖੀਆਂ ਦਾ ਪਾਣੀ
ਸ਼ਾਂਤ ਤਲਾਂ ਦੇ ਹੇਠ ਜੋ, ਖਾਮੋਸ਼ ਕਹਾਣੀ
ਇਹ ਜੀਵਨ ਜਿਵੇਂ ਜਲ ਦੀ ਧਾਰਾ
ਦੂਰੋਂਂ ਦੂਰੋਂਂ ਦਿਸੇ ਕਿਨਾਰਾ
ਅੰਬਰਾਂ ਚੋਂ ਕੋਈ ਕਰੇ ਇਸ਼ਾਰਾ
ਪਰ ਹਾਲੇ ਨਹੀਂ ਪਾਰ ਉਤਾਰਾ
ਲਹਿਰਾਂ ਵਾਂਗੂ ਜਾਗਦੀ, ਕੋਈ ਸ਼ੈਅ ਮਰਜਾਣੀ
ਸ਼ਾਂਤ ਤਲਾਂ ਦੇ ਹੇਠ ਜੋ, ਖਾਮੋਸ਼ ਕਹਾਣੀ
ਸੂਰਜ ਚੜ੍ਹਦਾ ਸੂਰਜ ਲਹਿੰਦਾ
ਬੰਦਾ ਵੀ ਬੱਸ ਚਲਦਾ ਰਹਿੰਦਾ
ਜੋ ਚੁਪਾਂ ਵਿੱਚ ਡੁੱਬ ਗਿਆ ਹੈ
ਕੁੱਝ ਨਾ ਬੋਲੇ, ਕੁੱਝ ਨਾ ਕਹਿੰਦਾ
ਜਿਸ ਦੇ ਅੰਦਰ ਲਹਿ ਗਈ, ਇਹ ਉਸ ਨੇ ਜਾਣੀ
ਸ਼ਾਂਤ ਤਲਾਂ ਦੇ ਹੇਠ ਜੋ, ਖਾਮੋਸ਼ ਕਹਾਣੀ
ਸਰੋਦੀ ਟੱਪੇ
ਐਵੇਂ ਜੱਗ ਦੀ ਹਸਾਈ ਹੈ
ਐਵੇਂ ਸਾਨੂੰ ਹੌਲ ਪਿਆ
ਐਵੇਂ ਅੱਖ ਭਰ ਆਈ ਹੈ
ਔਖੇ ਦਿਲ ਦੇ ਉਬਾਲੇ ਨੇ
ਜਿਹੜੇ ਤੇਰੇ ਸ਼ਹਿਰ ਵਸਣ
ਉਹ ਕਰਮਾਂ ਵਾਲੇ ਨੇ
ਇਹ ਧਰਤੀ ਸੰਦੇਸ਼ਾਂ ਦੀ
ਯਾਰਾ ਤੈਨੂੰ ਧੁੱਪ ਨਾ ਲੱਗੇ
ਰਹੇ ਛਾਂ ਦਰਵੇਸ਼ਾਂ ਦੀ
ਇਹ ਪੈਂਡਾ ਭਾਰੀ ਏ
ਜੀਹਨੇ ਸਾਡੇ ਲੇਖ ਲਿਖੇ
ਕੋਈ ਰੱਬ ਦਾ ਲਿਖਾਰੀ ਏ
ਲੱਗੇ ਦੁਆ ਫਕੀਰਾਂ ਦੀ
ਆਪਾਂ ਜਿਹੜੇ ਮੋੜ ਮਿਲੇ
ਕੋਈ ਬਾਤ ਲਕੀਰਾਂ ਦੀ
ਤੇਰੀ ਯਾਦ ਦਾ ਤਰਾਨਾ ਹੈ
ਲੋਕਾਂ ਭਾਣੇ ਘੁੱਗ ਵਸਦਾ
ਸਾਡਾ ਸ਼ਹਿਰ ਵੀਰਾਨਾ ਹੈ
ਜੋ ਆਪਣਿਆਂ ਕੀਤੀ ਹੈ
ਕਾਗਜ਼ਾਂ ਤੇ ਕੀ ਲਿਖੀਏ
ਜੋ ਦਿਲ ਤੇ ਬੀਤੀ ਹੈ
ਇਹ ਕੀ ਰੱਬ ਦਾ ਭਾਣਾ ਹੈ
ਆਪੇ ਅਸਾਂ ਰੋ ਲੈਣਾ,
ਆਪੇ ਚੁਪ ਕਰ ਜਾਣਾ ਹੈ
ਇਹੀ ਜੀਵਨ ਰੁੱਖ ਦਾ ਹੈ
ਨਿੰਮੀ ਨਿੰਮੀ ਯਾਦ ਵਗਦੀ
ਦਿਲ ਹੌਲੇ ਹੌਲੇ ਦੁਖਦਾ ਹੈ
ਇਹਦਾ ਚੰਦ ਤੇ ਟਿਕਾਣਾ ਹੈ
ਸਿਰ ਉਤੋਂ ਲੰਘਕੇ ਗਿਆ
ਕੋਈ ਦਰਦ ਪੁਰਾਣਾ ਹੈ
ਸੁੱਤੇ ਸਰਵਰ ਛੇੜ
ਸਾਡੀ ਰੂਹ ਨੂੰ ਚੜ੍ਹੀ ਸਵੇਰ
ਨੀ ਆਕੇ ਸੁੱਤੇ ਸਰਵਰ ਛੇੜ
ਚੁੰਮ ਲੈ ਮੇਰੇ ਨੱਕ ਦੀ ਕੁੰਬਲ
ਕੰਬਦੇ ਬੁਲ੍ਹ ਨੂੰ ਪਲਕ ਛੁਹਾ ਜਾ
ਨਜ਼ਮ ਦੇ ਸਾਰੇ ਝਾੜਦੇ ਅੱਖਰ
ਇਸ ਅੰਦਰਲੀ ਰਿਸ਼ਮ ਦਿਖਾ ਜਾ
ਸਾਨੂੰ ਲਿਆ ਤੜਫਾਂ ਨੇ ਘੇਰ
ਨੀ ਆਕੇ ਸੁੱਤੇ ਸਰਵਰ ਛੇੜ
ਪੋਟਿਆਂ ਵਿੱਚੋਂ ਝਰੇ ਰੌਸਨੀ
ਸੁੱਤਾ ਸੁੱਤਾ ਜਿਸਮ ਜਗਾ ਲੈ
ਆ ਉਤਰਿਆ ਠੁਮਕ ਠੁਮਕ ਨੀਂ
ਮੇਰੇ ਸੁੱਚੇ ਮਨ ਵਿੱਚ ਨ੍ਹਾ ਲੈ
ਨਾ ਇਹ ਤੀਰਥ ਹੋਣਾ ਫੇਰ
ਨੀ ਆ ਕੇ ਸੁੱਤੇ ਸਰਵਰ ਛੇੜ
ਮਨ ਦੇ ਚਾਅ ਨੇ ਪੰਛੀ ਪੰਛੀ
ਤਨ ਹੋਇਆ ਹੈ ਕਣੀਆਂ ਕਣੀਆਂ
ਧੁਰ ਡੂੰਘੇ ਤੱਕ ਚੜ੍ਹੇ ਨੇ ਤਾਰੇ
ਤਿੱਪ ਤਿੱਪ ਮੁੱਕੀਆਂ ਰਾਤਾਂ ਘਣੀਆਂ
ਹੁਣ ਕਿਉਂ ਛੁਹਾਂ ਵਿੱਚ ਦੇਰ
ਨੀ ਆ ਕੇ ਸੁੱਤੇ ਸਰਵਰ ਛੇੜ
ਸਰਘੀ ਭਿੱਜੇ ਅੰਬਰੋਂ ਉਤਰਨ
ਪੰਛੀਆਂ ਵਾਂਗੂੰ ਰੰਗ ਦੀਆਂ ਲਹਿਰਾਂ
ਡੂੰਘੇ ਤਲਾਂ ਤੋਂ ਹਿੱਲਗੇ ਪਾਣੀ
ਕੱਚਿਆਂ ਅੰਦਰ ਕਿੰਝ ਮੈਂ ਠਹਿਰਾਂ
ਦੇਵਾਂ ਛੱਲਾਂ ਵਾਂਗ ਬਖੇਰ
ਨੀ ਆਕੇ ਸੁੱਤੇ ਸਰਵਰ ਛੇੜ
ਤਾਰਿਆਂ ਦਾ ਹਾਰ
ਕੋਈ ਦੇ ਗਿਆ ਮੈਨੂੰ ਤਾਰਿਆਂ ਦਾ ਹਾਰ
ਨਾ ਇਨ੍ਹਾਂ ਦੀ ਗਿਣਤੀ ਹੋਈ,
ਨਾ ਇਨ੍ਹਾਂ ਨੇ ਟੁਟਣਾ ਕੋਈ
ਨਾ ਇਨ੍ਹਾਂ ਦਾ ਭਾਰ
ਸਿਰ ਉਂਤੇ ਪੀਰਾਂ ਦਾ ਪਹਿਰਾ
ਅੱਖੀਆਂ ਦੇ ਵਿੱਚ ਚਾਨਣ ਗਹਿਰਾ
ਦਿਲ ਦੀ ਸੁਰੰਗ ਹਨੇਰੀ ਅੰਦਰ
ਇੱਕ ਚਮਕਦਾ ਨੂਰੀ ਚਿਹਰਾ
ਮੈਂ ਵਾਰੀ ਜੋਗਣ ਨਾਰ
ਕੋਈ ਦੇ ਗਿਆ ਮੈਨੂੰ ਤਾਰਿਆਂ ਦਾ ਹਾਰ
ਇੰਝ ਆਇਆ ਜਿਵੇਂ ਚੰਨ ਆਉਂਦਾ ਹੈ
ਅੰਬੀਆਂ ਤੇ ਜਿਵੇਂ ਰੰਗ ਆਉਂਦਾ ਹੈ
ਮੈਂ ਜਾਵਾਂ ਉਹਦੇ ਝੋਲੀ ਅੱਡਕੇ
ਜਿਉਂ ਸਾਧੂ ਕੋਈ ਮੰਗ ਆਉਂਦਾ ਹੈ
ਮੇਰਾ ਅੰਬਰਾਂ ਦਾ ਸਰਦਾਰ
ਕੋਈ ਦੇ ਗਿਆ ਮੈਨੂੰ ਤਾਰਿਆਂ ਦਾ ਹਾਰ
ਮੈਂ ਭੁੱਲੀ ਦੀ ਉਸ ਨੇ ਜਾਣੀ
ਵਰ੍ਹ ਗਿਆ ਰਹਿਮਤ ਦਾ ਪਾਣੀ
ਹੰਝੂਆਂ ਨਾਲ ਮਲ ਮਲ ਧੋਈ
ਕਰਮਾਂ ਦੀ ਮੈਲੀ ਕਹਾਣੀ
ਗਿਆ ਇੱਕ ਝਲਕ ਨਾਲ ਮਾਰ
ਕੋਈ ਦੇ ਗਿਆ ਮੈਨੂੰ ਤਾਰਿਆਂ ਦਾ ਹਾਰ
ਕੀ ਦੱਸਣਾ ਮੈਂ ਕੀ ਕਹਿਣਾ ਹੈ
ਤੂੰ ਬੋਲੀਂ ਮੈਂ ਚੁਪ ਰਹਿਣਾ ਹੈ
ਨਾ ਜਾਣਾ ਮੈਂ ਪਾਪ ਪੁੰਨ ਕੀ
ਕਦਮਾਂ ਦੇ ਵਿੱਚ ਡਿੱਗ ਪੈਣਾ ਹੈ
ਮੈਂ ਬੱਦਲਾਂ ਦੇ ਵਿੱਚਕਾਰ
ਕੋਈ ਦੇ ਗਿਆ ਮੈਨੂੰ ਤਾਰਿਆਂ ਦਾ ਹਾਰ
ਵਰ ਦੇ ਦੇ
ਵਰ ਦੇ ਦੇ ਮੇਰੇ ਵਿਜੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਇਹ ਭਟਕਣਾ ਹੈ ਗਿਆਨਾਂ ਦੀ
ਇਹ ਥਿੜਕਣਾ ਹੈ ਧਿਆਨਾਂ ਦੀ
ਮੈਨੂੰ ਰੱਸੀ ਉਤੇ ਤੋਰੀਂ ਨਾ
ਵਰ ਦੇ ਦਈਂ ਮੇਰੇ ਭੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਵਰ ਦੇ ਦੇ
ਇਹ ਤੜਫ, ਇਹ ਜੋ ਸੇਕ ਹੈ
ਇਸ ਸੇਕ ਦਾ ਜੋ ਭੇਤ ਹੈ
ਤੂੰ ਹੀ ਜਾਣਦੈਂ, ਤੂੰ ਕਬੂਲ ਲਈਂ
ਮੇਰੀ ਪੀੜ ਤੇ ਮੇਰੇ ਸੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਵਰ ਦੇ ਦੇ
ਐਵੇਂ ਮਨ ਨੂੰ ਕਿਤੇ ਅਰਾਮ ਨਹੀਂ
ਇਸ ਦਰਦ ਦਾ ਕੋਈ ਨਾਮ ਨਹੀਂ
ਬਾਂਹ ਪਕੜ ਲੈ, ਆਪੇ ਜਾਣ ਲੈ
ਮੇਰੀ ਮਰਜ਼ ਨੂੰ , ਮੇਰੇ ਰੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਖੈਰ ਇਸ਼ਕ ਦੀ ਤੇਰਾ ਕਰਮ ਹੈ
ਇਹੀ ਭੇਤ ਹੈ ਇਹੀ ਮਰ੍ਹਮ ਹੈ
ਮੈਂ ਹੈਰਾਨ ਹਾਂ, ਮੈਂ ਹਾਂ ਦੇਖਦਾ
ਇਸ ਮੇਲ ਨੂੰ, ਸੰਜੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਇਹ ਜੋ ਮਨ ਹੈ, ਇਹੀ ਭਾਰ ਹੈ
ਜਿਵੇਂ ਪਾਣੀ ਦਾ ਅਕਾਰ ਹੈ
ਨਾ ਇਹ ਝੱਲਦਾ ਨਾ ਇਹ ਮੰਨਦਾ
ਕਿਸੇ ਵਰਜਣਾ, ਕਿਸੇ ਰੋਕ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਅਸਮਾਨ ਬੋਲਿਆ
ਅਸਮਾਨ ਬੋਲਿਆ
ਸੁਬਹੋ ਸ਼ਾਮ ਬੋਲਿਆ
ਅਸੀਂ ਬੈਠ ਕੇ ਚੁਬਾਰੇ
ਤੇਰਾ ਨਾਮ ਬੋਲਿਆ
ਤੂੰ ਬੁਝਾਰਤਾਂ ਜੋ ਪਾਈਆਂ
ਸਾਨੂੰ ਬੁਝਣੀਆਂ ਨਾ ਆਈਆਂ
ਅਸੀਂ ਜਾਣੀਆਂ ਨਾ ਰਮਜ਼ਾਂ
ਜੋ ਪੈਗਾਮ ਬੋਲਿਆ
ਤੂੰ ਹੀ ਜਾਣੇ ਤੂੰ ਕੀ ਸ਼ੈਅ ਹੈਂ
ਸਾਡੇ ਭਾਣੇ ਦਿਲ ਦੀ ਲੈਅ ਹੈਂ
ਅਸੀਂ ਵਾਜ ਦਿਲ ਵਿੱਚ ਮਾਰੀ
ਭਗਵਾਨ ਬੋਲਿਆ
ਕਈ ਜਨਮ ਦੀ ਪੁਰਾਣੀ
ਇਹ ਕੈਦ ਦੀ ਕਹਾਣੀ
ਬੈਹਕੇ ਨਹਿਰ ਦੇ ਕਿਨਾਰੇ
ਬਲਰਾਮ ਬੋਲਿਆ
ਅਜੇ ਰਸਤਿਆਂ ਵਿੱਚ ਗੁੰਮ ਹਾਂ
ਹਾਲੇ ਕੱਚੇ ਹਾਂ ਗੁੰਮ ਸੁੰਮ ਹਾਂ
ਜਿਨ੍ਹਾਂ ਬੁਲ੍ਹਿਆਂ ਨੂੰ ਮਿਲਿਆ
ਸਰੇਆਮ ਬੋਲਿਆ
ਤੇਰਾ ਰਾਹੀ
ਤੇਰੇ ਅਧਖੁਲ੍ਹੇ ਜਿਹੇ ਦਰ ਤੇ
ਕੋਈ ਰੁਕ ਗਿਆ ਰਾਹੀ
ਤੂੰ ਇੱਕ ਹੁੰਗਾਰਾ ਭਰਿਆ ਸੀ
ਥਾਏਂ ਮੁੱਕ ਗਿਆ ਰਾਹੀ
ਤੇਰਾ ਰਾਹੀ
ਕੋਈ ਗਹਿਰੇ ਨੈਣਾਂ ਵਾਲੀ
ਉਹਦੀ ਚਾਲ ਹੈ ਕਾਹਲੀ ਕਾਹਲੀ
ਉਹਦੀ ਉਮਰ ਗਮਾਂ ਨੇ ਪਾਲੀ
ਜਿਹੜੀ ਜਨਮਾਂ ਪਿੱਛੋਂ ਭਾਲੀ
ਉਹਦੇ ਹਾਸਿਆਂ ਵਿੱਚਦੀਆਂ ਪੀੜਾਂ ਤੇæ
ਬਸ ਲੁੱਟ ਗਿਆ ਰਾਹੀ
ਤੇਰਾ ਰਾਹੀ
ਕੋਈ ਮੂਕ ਸੁਨੇਹਾ ਆਇਆ
ਜਿਹਨੇ ਸੁੱਤਾ ਦਰਦ ਜਗਾਇਆ
ਉਹਨੂੰ ਫੜਕੇ ਸੀਨੇ ਲਾਇਆ
ਅਸਾਂ ਦਿਲ ਦੇ ਵਿੱਚ ਲੁਕਾਇਆ
ਉਹ ਪੱਥਰਾਂ ਵਰਗੀ ਚੁੱਪ ਵਾਲਾ
ਐਵੇਂ ਫੁੱਟ ਪਿਆ ਰਾਹੀ
ਤੇਰਾ ਰਾਹੀ
ਸਾਡਾ ਦਿਲ ਸੀ ਖਾਲੀ ਖਾਲੀ
ਜਿਵੇਂ ਕੱਲ ਮਕੱਲੀ ਟਾਹਲੀ
ਅਸੀਂ ਰੂਹ ਬੱਦਲਾਂ ਵੱਲ ਕਰ ਲੀ
ਫੇਰ ਰੱਜ ਕੇ ਝੋਲੀ ਭਰ ਲੀ
ਜਿਹਦਾ ਦਿਲ ਕੰਢਿਆ ਵਿੱਚ ਵਸਦਾ ਸੀ
ਭਰ ਟੁੱਟ ਗਿਆ ਰਾਹੀ
ਤੇਰਾ ਰਾਹੀ
ਇਹ ਸਾਗਰ ਮੂੰਹ ਨੂੰ ਲਾ ਲੈ
ਇਹਨੂੰ ਅੰਮ੍ਰਿਤ ਬੂੰਦ ਬਣਾ ਲੈ
ਇਹ ਅਧ ਸੁੱਤਾ ਜਿਹਾ ਪਾਣੀ
ਇਹਨੂੰ ਧਰਤੀ ਵਾਂਗ ਸਮਾ ਲੈ
ਤੇਰੇ ਮਨ ਵਿਚ ਪੋਹ ਦੀ ਬੁੱਕਲ ਜਿਉਂ
ਇਹ ਲੁਕ ਗਿਆ ਰਾਹੀ
ਤੇਰਾ ਰਾਹੀ ਤੇਰਾ ਰਾਹੀ
ਵਾਪਸੀ
ਕੋਈ ਗੁੰਮਿਆ ਰਾਹੀ ਘਰ ਆ ਗਿਆ ਹੈ
ਭੁਲਿਆ ਸਿਰਨਾਵਾਂ ਯਾਦ ਆ ਗਿਆ ਹੈ
ਹਰ ਦਿਸ਼ਾ ਵਿੱਚ, ਹਰ ਨਗਰ ਵਿਚ ਦੇਖਦਾ
ਮੈਂ ਪਤਾ ਨਹੀਂ ਕੀ ਪਿਆ ਸਾਂ ਦੇਖਦਾ
ਜਦ ਟਿਕਾਇਆ ਸੀਸ ਤੇਰੇ ਕਦਮ ਤੇ
ਗੁੰਮਿਆ ਕੋਈ ਖਿਆਲ ਵਾਪਸ ਆ ਗਿਆ ਹੈ
ਕੋਈ ਗੁੰਮਿਆ ਰਾਹੀ ਘਰ ਆ ਗਿਆ ਹੈ
ਕੀ ਪਤਾ ਕਿਸ ਕਿਸ ਦੇ ਅੰਦਰ ਦੇਖਿਆ ਹੈ
ਗੁਰਦੁਆਰਾ, ਮਸਜਿਦ ਮੰਦਰ ਦੇਖਿਆ ਹੈ
ਦਿਲ ਦੇ ਖੂਹ ਵਿੱਚ ਦੂਰ ਇੱਕ ਛੋਟਾ ਜਿਹਾ
ਟਿਮਕਣਾ ਇੱਕ ਤਾਰਾ ਨਜ਼ਰ ਆ ਗਿਆ ਹੈ
ਕੋਈ ਗੁੰਮਿਆ ਰਾਹੀ ਘਰ ਆ ਗਿਆ ਹੈ
ਚਿਹਰਿਆਂ ਵਿੱਚ ਗੁੰਮਿਆ ਚਿਹਰਾ ਕੋਈ
ਤਾਰਿਆਂ ਪਿਛੇ ਜਿਉਂ ਵਿਹੜਾ ਕੋਈ
ਮਨ ਦੇ ਬਦਲ ਹਟ ਗਏ ਜਦ ਨਜ਼ਰ ਚੋਂ
ਸਾਹਮਣੇ ਕੋਈ ਨੂਰ ਦਾ ਦਰ ਆ ਗਿਆ ਹੈ
ਕੋਈ ਗੁੰਮਿਆ ਰਾਹੀ ਘਰ ਆ ਗਿਆ ਹੈ
ਯਾਤਰੀ ਹਨ ਤੀਰਥਾਂ ਨੂੰ ਨਾਹੁਣ ਚੱਲੇ
ਸਿਰਾਂ ਉਤੇ ਧਰਤ ਤੇ ਅਕਾਸ਼ ਥੱਲੇ
ਖੜ੍ਹ ਗਏ ਜਦ ਦੇਖਿਆ, ਹੈਰਾਨ ਹੋਏ
ਪੈਰਾਂ ਥੱਲੇ ਕਿਧਰੋਂ ਸਰ ਆ ਗਿਆ ਹੈ
ਕੋਈ ਗੁੰਮਿਆ ਰਾਹੀ ਘਰ ਆ ਗਿਆ ਹੈ
ਭੁੱਲਿਆ ਸਿਰਨਾਵਾਂ ਯਾਦ ਆ ਗਿਆ ਹੈ
ਜੋਗੀ
ਨਜ਼ਰਾਂ ਤੇ ਤਿਲਕ ਗਿਆ ਜੋ,
ਕਾਹਦਾ ਮੈਂ ਜੋਗੀ
ਮਨ ਦੀ ਮੈਂ ਪੀੜ ਨਿਚੋੜਾਂ,
ਕਰਮਾਂ ਦਾ ਭੋਗੀ
ਮਨ ਚੋਂ ਜੋ ਉਡਣ ਪਰਿੰਦੇ
ਸੁੱਤਿਆਂ ਵੀ ਸੌਣ ਨਾ ਦਿੰਦੇ
ਜ਼ਬਤਾਂ ਦੀਆਂ ਕੰਧਾਂ ਤੋੜਨ
ਚਾਵਾਂ ਦੇ ਘੋੜੇ ਛਿੰਦੇ
ਆਪੇ ਮੈਂ ਤਨ ਮਹਿਕਾਵਾਂ
ਆਪੇ ਮਨ ਸੋਗੀ
ਨਜ਼ਰਾਂ ਤੇ ਤਿਲਕ ਗਿਆ ਜੋ
ਕਾਹਦਾ ਮੈਂ ਜੋਗੀ
ਨਜ਼ਰਾਂ ਨਾ ਲੱਭਣੋਂ ਹਟੀਆਂ
ਹਾਲੇ ਨਾ ਜੂਨਾਂ ਕੱਟੀਆਂ
ਸਿਰ ਤੇ ਮੰਡਰਾਉਂਦੀਆਂ ਰਹਿੰਦੀਆਂ
ਯਾਦਾਂ ਜੋ ਖੱਟੀਆਂ ਖੱਟੀਆਂ
ਤਨ ਨੂੰ ਮੈਂ ਚੰਦਨ ਲਾਵਾਂ
ਮਨ ਮੇਰਾ ਰੋਗੀ
ਨਜ਼ਰਾਂ ਤੇ ਤਿਲਕ ਗਿਆ ਜੋ
ਕਾਹਦਾ ਮੈਂ ਜੋਗੀ
ਸ਼ਬਦਾਂ ਦਾ ਰੰਗ ਚੜ੍ਹਾਇਆ
ਰੂਹ ਅੰਦਰ ਰਸ ਨਾ ਆਇਆ
ਐਵੇਂ ਮੈਂ ਛੇੜ ਬੈਠਿਆ
ਰੱਬ ਜੀ ਇਹ ਤੇਰੀ ਮਾਇਆ
ਮੇਰੇ ਚੋਂ ਨਿਕਲੀ ਗੰਗਾ
ਮੇਰੇ ਵਿੱਚ ਖੋ ਗੀ
ਨਜ਼ਰਾਂ ਤੇ ਤਿਲਕ ਗਿਆ ਜੋ
ਕਾਹਦਾ ਮੈਂ ਜੋਗੀ
ਮਨ ਦੀ ਮੈਂ ਪੀੜ ਨਿਚੋੜਾਂ
ਕਰਮਾਂ ਦਾ ਭੋਗੀ
ਬੰਦਾ ਖੁਦਾ ਵਰਗਾ
ਮਿਲਿਆ ਜੋ ਢਲਦੀ ਸ਼ਾਮ ਨੂੰ, ਬੰਦਾ ਖੁਦਾ ਵਰਗਾ
ਕਦਮਾਂ ਚ ਉਸਦੇ ਮਿਟਣ ਲਈ, ਲੂੰ ਲੂੰ ਦੁਆ ਕਰਦਾ
ਮੈਂ ਰੋਕਿਆ, ਮੈਂ ਅਟਕਿਆ, ਮੈਂ ਮਨ ਆਪਣੇ ਨੂੰ ਵਰਜਿਆ
ਜੋ ਪਿਘਲੀਆਂ ਉਹਦੇ ਸੇਕ ਨਾਲ, ਨਦੀਆਂ ਦਾ ਕੀ ਕਰਦਾ
ਮੈ ਕਿਸ ਜਿਗਰ ਨਾਲ ਸਿਰ ਤੇ ਢੋਂਦਾ, ਇਸ ਉਮਰ ਦਾ ਭਾਰ
ਜੇ ਆਪੇ ਸਾਜੇ ਉਸ ਖੁਦਾ ਲਈ, ਇੰਝ ਨਾ ਮਰਦਾ
ਜੇ ਪਲਟਕੇ ਨਾ ਦੇਖਦਾ ਤਸਵੀਰ ਜ਼ਿੰਦਗੀ ਦੀ ਮੈਂ
ਹਰ ਕਦਮ ਤੇ ਹਰ ਮੋੜ ਤੇ, ਮੈਂ ਮੌਤ ਤੋ ਡਰਦਾ
ਪਾਣੀ ਖੜ੍ਹੇ ਤੇ ਦੇਖਿਆ ਜਦ ਰੌਸ਼ਨੀ ਦਾ ਨਾਚ
ਜੇ ਅੱਖ ਨਾ ਭਰਦਾ ਤਾਂ ਦੱਸੋ, ਹੋਰ ਕੀ ਕਰਦਾ
ਪਾਣੀਆਂ ਨੂੰ
(ਮਾਂ ਦੀ ਯਾਦ ਵਿਚ )
ਸਾਗਰਾਂ ਵੱਲ ਜਾਣ ਦੇ ਹੁਣ ਪਾਣੀਆਂ ਨੂੰ
ਪੌਣਾਂ ਅੰਦਰ ਘੁਲ ਗਏ ਸਭ ਪ੍ਰਾਣੀਆਂ ਨੂੰ
ਤੂੰ ਜਿਨ੍ਹਾਂ ਮਾਵਾਂ ਦੇ ਦਰ ਤੋਂ ਆਸ਼ਨਾ ਹੈ
ਇਹ ਉਨ੍ਹਾਂ ਦੇ ਮਿਟਣ ਦੀ ਕੋਈ ਦਾਸਤਾਂ ਹੈ
ਦੇਖ ਲੈ ਅਕਾਸ਼ ਵੱਲ ਦੀਦਾਰ ਕਰ ਲੈ
ਤੁਰ ਗਈਆਂ ਮਾਵਾਂ ਦੀਆਂ ਸਭ ਢਾਣੀਆਂ ਨੂੰ
ਸਾਗਰਾਂ ਵੱਲ ਜਾਣ ਦੇ ਹੁਣ ਪਾਣੀਆਂ ਨੂੰ
ਤੂੰ ਨਾ ਉਸ ਦੇ ਸਬਰ ਦਾ ਕੋਈ ਭੇਤ ਜਾਣੇ
ਚਾਨਣੀ ਦੇ ਸਾਗਰਾਂ ਨੂੰ ਰੇਤ ਜਾਣੇ
ਵੇਖਦੀਆਂ ਅੰਬਰਾਂ ਵਿੱਚ ਬੈਠਕੇ ਜੋ
ਸਾਦੀਆਂ, ਸੁੱਚੇ ਸਿਦਕ ਦੀਆਂ ਰਾਣੀਆਂ ਨੂੰ
ਸਾਗਰਾਂ ਵੱਲ ਜਾਣ ਦੇ ਹੁਣ ਪਾਣੀਆਂ ਨੂੰ
ਤੁਰ ਗਈਆਂ ਸੀਨੇ ਚ ਲੈ ਕੇ ਦਰਦ ਕਿੰਨੇ
ਪੁਤਰਾਂ ਦੇ ਦਿਲ ਵੀ ਦੇਖੋ ਸਰਦ ਕਿੰਨੇ
ਹੌਲੀ ਹੌਲੀ ਧਾਤ ਵਾਂਗੂ ਪਿਘਲਦੇ ਨੇ
ਥੋੜ੍ਹਾ ਥੋੜ੍ਹਾ ਦੱਸਦੇ ਕੁੱਝ ਹਾਣੀਆਂ ਨੂੰ
ਸਾਗਰਾਂ ਵੱਲ ਜਾਣ ਦੇ ਹੁਣ ਪਾਣੀਆਂ ਨੂੰ
ਤਿੜਕੀਆਂ ਕੰਧਾਂ ਰਸੋਈਆਂ ਥਿੰਦੀਆਂ ਨੇ
ਛੱਡਿਆਂ ਸੰਸਾਰ ਸੀਸਾਂ ਦਿੰਦੀਆਂ ਨੇ
ਬੱਚਿਆਂ ਦੇ ਨਾਵੇਂ ਕਰਕੇ ਤੁਰ ਗਈਆਂ ਜੋ
ਸੁਖੀਆਂ ਸੁਖਾਂ ਤੇ ਪੜ੍ਹੀਆਂ ਬਾਣੀਆਂ ਨੂੰ
ਸਾਗਰਾਂ ਵੱਲ ਜਾਣ ਦੇ ਹੁਣ ਪਾਣੀਆਂ ਨੂੰ
ਪੀਰਾਂ ਦੀਆਂ ਥਾਵਾਂ
ਵਿੱਚ ਕਾਲੀਆਂ ਬੋਲੀਆਂ ਰਾਤਾਂ ਦੇ
ਰੱਖ ਲਿਆ ਦੁਆਵਾਂ ਨੇ
ਸਾਡੇ ਸਿਰ ਤੇ ਛਾਵਾਂ ਰੱਖੀਆਂ
ਪੀਰਾਂ ਦੀਆਂ ਥਾਵਾਂ ਨੇ
ਅਸੀਂ ਕੱਲ ਮੁਕੱਲੇ ਰਾਹੀ
ਸਾਨੂੰ ਗਮ ਦੀ ਸਮਝ ਨਾ ਆਈ
ਸਾਡੇ ਨਾਲ ਨਾਲ ਰਹੀ ਚਲਦੀ
ਕੋਈ ਭਟਕਣ ਦੀ ਪਰਛਾਈਂ
ਸਾਨੂੰ ਭੀੜਾਂ ਵਿੱਚੋਂ ਕੱਢ ਲਿਆ
ਖਾਮੋਸ਼ ਸਦਾਵਾਂ ਨੇ
ਸਾਡੇ ਸਿਰ ਤੇ ਛਾਵਾਂ ਰੱਖੀਆਂ
ਬਿਨ ਸ਼ਹਿਰ ਤੇਰੇ ਦੀ ਫੇਰੀ
ਸਭ ਜੀਵਨ ਘੁੰਮਣਘੇਰੀ
ਅਸੀਂ ਆਪਣੀਆਂ ਪੈੜਾਂ ਢੂੰਢਦਿਆਂ
ਨੇ ਬਹੁਤ ਲਗਾਈ ਦੇਰੀ
ਸਾਨੂੰ ਭਟਕਦਿਆਂ ਨੂੰ ਲੱਭ ਲਿਆ
ਗੁੰਮੇ ਹੋਏ ਰਾਹਾਂ ਨੇ
ਸਾਡੇ ਸਿਰ ਤੇ ਛਾਵਾਂ ਰੱਖੀਆਂ
ਡਾਢੀ ਪਿਆਸ ਉਮਰ ਦੀ ਸਾਰੀ
ਇਹ ਜ਼ਿੰਦਗੀ ਭਾਰੀ ਭਾਰੀ
ਜਿਹੜਾ ਸਦੀਆਂ ਪਿੱਛੋਂ ਮਿਲਿਆ
ਅਸਾਂ ਉਸਦੇ ਸਿਰ ਤੋਂ ਵਾਰੀ
ਸਾਨੂੰ ਦੁਨੀਆ ਲੁੱਟ ਸਕੀ ਨਾ
ਲੁੱਟ ਲਿਆ ਅਦਾਵਾਂ ਨੇ
ਸਾਡੇ ਸਿਰ ਤੇ ਛਾਵਾਂ ਰੱਖੀਆਂ
ਕੰਮ ਆਈਆਂ ਨਾ ਤਦਬੀਰਾਂ
ਸਾਡੇ ਮੱਥੇ ਦੀਆਂ ਲਕੀਰਾਂ
ਇਹ ਤੰਦਾਂ ਸਭ ਸੁਲਝਾਈਆਂ
ਸਾਡੇ ਸਾਦੇ ਜਿਹੇ ਫਕੀਰਾਂ
ਇਹ ਕਿਸ ਰਸਤੇ ਤੇ ਤੋਰ ਲਿਆ
ਹੱਥ ਦੇ ਖੁਦਾਵਾਂ ਨੇ
ਸਾਡੇ ਸਿਰ ਤੇ ਛਾਵਾਂ ਰੱਖੀਆਂ
ਸੌਂ ਜਾ
ਸੌਂ ਜਾ ਯਾਦ ਪੁਰਾਣੀਏ
ਜਾਹ ਮੁੜ ਜਾਹ ਮਰਜਾਣੀਏ
ਕੰਢਿਆਂ ਦਾ ਕੋਈ ਵਸ ਨਾ ਚੱਲੇ
ਆਪਣੀ ਰਾਹੇ ਪਾਣੀ ਚੱਲੇ
ਚੁਪ ਚੁਪੀਤੇ ਦਿਲ ਨੇ ਕੱਲੇ
ਬੇਬਸੀਆਂ ਨੇ ਦਰ ਨੇ ਮੱਲੇ
ਫੱਟੀ ਵਾਂਗੂੰ ਮਿਟ ਜਾਵੇਂ ਜੇ
ਦਿਲ ਤੇ ਲਿਖੀ ਕਹਾਣੀਏ
ਸੌਂ ਜਾਂ
ਇਹ ਮੇਰੇ ਰਾਹਾਂ ਦੀ ਗਾਥਾ
ਥਿੜਕ ਗਏ ਸਾਹਾਂ ਦੀ ਗਾਥਾ
ਵਿਛੜ ਗਈਆਂ ਬਾਹਾਂ ਦੀ ਗਾਥਾ
ਚੁਪ ਹੋਈਆਂ ਧਾਹਾਂ ਦੀ ਗਾਥਾ
ਦਿਲ ਦੇ ਅੰਦਰ ਗੂੰਜਦੀ
ਚੁਪ ਜਿਹੀ ਕੋਈ ਬਾਣੀਏ
ਸੌਂ ਜਾ
ਇਹ ਅੰਬਰ ਖੰਭਾਂ ਤੋਂ ਭਾਰੀ
ਇੱਕ ਪੰਛੀ ਦੀ ਮਰੀ ਉਡਾਰੀ
ਉਲਟੀ ਪੈ ਗਈ ਮੇਰੀ ਵਾਰੀ
ਲੁਕ ਲੁਕ ਰੋਵੇ ਯਾਦ ਵੀਚਾਰੀ
ਮਨ ਦੇ ਅੰਦਰ ਘੁਲ ਜੋ ਗਿਆ
ਕਿੰਝ ਐਸਾ ਗਮ ਛਾਣੀਏ
ਸੌਂ ਜਾ
ਮਾਲਾ ਵਾਂਗੂ ਉਮਰ ਪਰੋਈ
ਸਾਹੋ ਸਾਹੀ ਗਿਣਤੀ ਹੋਈ
ਤੇਰਾ ਮੇਰਾ ਵਸ ਨਾ ਕੋਈ
ਸਭ ਰਾਹਾਂ ਦਾ ਮਾਲਕ ਸੋਈ
ਇਹ ਕੱਲਾਂ ਸਾਨੂੰ ਧੁਰ ਤੋਂ ਮਿਲੀਆਂ
ਆ ਇਨ੍ਹਾਂ ਨੂੰ ਮਾਣੀਏ
ਸੌਂ ਜਾ
ਸਰੋਦੀ ਟੱਪੇ-2
ਤੇਰੀ ਚੰਨ ਤੋਂ ਦੂਰ ਗਲੀ
ਤੱਕ ਲੈ ਧੁੱਪ ਰੰਗੀਏ
ਨੈਣਾਂ ਚੋਂ ਸ਼ਾਮ ਢਲੀ
ਕੀ ਕਹਿਰ ਇਸ਼ਾਰੇ ਦਾ
ਬੱਦਲਾਂ ਤੇ ਰੰਗ ਖਿੰਡਿਆ
ਤੱਕਣੀ ਦੇ ਮਾਰੇ ਦਾ
ਨੇ ਮਿਆਨਾਂ ਗਿਆਨ ਦੀਆਂ
ਤੱਕ ਲਿਸ਼ਕੋਰਾਂ ਤੂੰ
ਰੂਹਾਂ ਦੀ ਸ਼ਾਨ ਦੀਆਂ
ਕੁਝ ਦਿਲ ਤੋਂ ਭਾਰਾ ਨਹੀਂ
ਡੁੱਬੀਏ ਲਹਿਰਾਂ ਵਿਚ
ਇਥੇ ਕੋਈ ਕਿਨਾਰਾ ਨਹੀਂ
ਕੀ ਕਹਿਣਾ ਕਾਗਾਂ ਨੂੰ
ਦਿਲ ਦਾ ਦੁਖ ਦੱਸੀਏ
ਖਾਮੋਸ਼ ਚਿਰਾਗਾਂ ਨੂੰ
ਤੇਰਾ ਸ਼ਹਿਰ
ਮੇਰੇ ਦਿਲ ਵਿੱਚ ਆ ਗਿਆ
ਕੁੜੀਏ ਤੇਰਾ ਸ਼ਹਿਰ
ਹੌਲੀ ਹੌਲੀ ਖਾ ਗਿਆ
ਪਿੰਡ ਨੂੰ ਤੇਰਾ ਸ਼ਹਿਰ
ਤਿੱਪ ਤਿੱਪ ਕਰਕੇ ਚੋ ਗਿਆ
ਕੀ ਵਗਦੇ ਤੇ ਜ਼ੋਰ ਨੀਂ
ਕੀ ਦਾ ਕੀ ਕੁੱਝ ਹੋ ਗਿਆ
ਮੇਰੇ ਮਨ ਦਾ ਮੋਰ ਨੀਂ
ਘੁਲ ਘੁਲ ਜਾਵੇ ਸ਼ਾਮਾਂ ਵਾਂਗੂੰ
ਮਿਟ ਮਿਟ ਜਾਵੇ ਪੈੜ
ਕੁੜੀਏ ਤੇਰਾ ਸ਼ਹਿਰ
ਬੂਹੇ ਰਹੇ ਉਡੀਕਦੇ
ਮੈਂ ਬੱਦਲਾਂ ਪਿੱਛੇ ਆ ਗਿਆ
ਸਾਰੀ ਪੀੜ ਉਡੀਕ ਦੀ
ਮੀਹਾਂ ਵਿੱਚ ਭੁਲਾ ਗਿਆ
ਮਾਂ ਦੇ ਹੱਥੀਂ ਪਾਥੀਆਂ ਨੇ
ਅਸਮਾਨਾਂ ਤੇ ਗਹਿਰ
ਕੁੜੀਏ ਤੇਰਾ ਸ਼ਹਿਰ
ਛੂੰਹਦਾ ਛੂੰਹਦਾ ਨਦੀ ਨੂੰ
ਮੈਂ ਲਹਿਰ ਇੱਕ ਹੋ ਗਿਆ
ਤੇਰੀ ਅੱਖ ਵਿੱਚ ਦੇਖਦਾ
ਅਥਰੂ ਬਣਕੇ ਚੋ ਗਿਆ
ਤੂੰ ਵੀ ਪਾਣੀ, ਮੈਂ ਵੀ ਪਾਣੀ
ਕੀ ਡੁੱਬਣ ਕੀ ਤੈਰ
ਕੁੜੀਏ ਤੇਰਾ ਸ਼ਹਿਰ
ਢਲੇ ਦਿਹਾੜੇ ਯਾਦ ਦੇ
ਦੂਰ ਬਨੇਰੇ ਹੋ ਗਏ
ਜਿਹੜੇ ਦਿਨ ਸੀ ਢੂੰਢਦੇ
ਦਿਲ ਦੇ ਜੰਗਲੀਂ ਖੋ ਗਏ
ਬਲਦੇ ਬੁਝਦੇ ਤਾਰਿਆਂ ਵਾਂਗੂੰ
ਅੱਖਰਾਂ ਦੇ ਹੱਥ ਪੈਰ
ਕੁੜੀਏ ਤੇਰਾ ਸ਼ਹਿਰ
ਹੌਲੀ ਹੌਲੀ ਖਾ ਗਿਆ
ਪਿੰਡ ਨੂੰ ਤੇਰਾ ਸ਼ਹਿਰ
ਮੇਰੇ ਦਿਲ ਵਿੱਚ ਆ ਗਿਆ
ਕੁੜੀਏ ਤੇਰਾ ਸ਼ਹਿਰ
ਬੋਲ
ਦਿਨੇ ਰਾਤੀਂ ਯਾਦ ਵਾਂਗੂੰ ਜਗੇ ਦੀਵਿਆ
ਹੁਣ ਸੌਂ ਜਾ ਤੂੰ
ਧੀਮਾ ਧੀਮਾ ਮੇਰੇ ਵਾਂਗ ਵਗੇ ਨਦੀਏ
ਤੇਰਾ ਕੀ ਟਿਕਾਣਾ
ਕਿਵੇਂ ਲੰਘਾਂ ਗਹਿਰੀ ਗਹਿਰੀ ਮੌਤ ਦੀ ਨਦੀ
ਲੈ ਕੇ ਦਿਲ ਭਾਰਾ
ਖੱਤਿਆਂ ਚੋਂ ਦੂਰ ਦੂਰ ਅੰਬਰਾਂ ਦੇ ਵੱਲ
ਕੋਈ ਜਾਣ ਪੈੜਾਂ
ਅੱਖਾਂ ਦੀਆਂ ਬੰਨੀਆਂ ਤੇ ਕਿਵੇਂ ਰੋਕ ਲਾਂ
ਇਹ ਉਬਾਲ ਦਿਲਾ
ਉਡ ਜਾ ਬਨੇਰੇ ਤੋਂ ਉਦਾਸ ਪੰਛੀਆ
ਮੇਰੀ ਖਬਰ ਲੈ ਜਾ
ਆਸ ਤੇ ਉਦਾਸੀ ਦੀਆਂ ਦੋ ਨਦੀਆਂ
ਵਿਚ ਦਿਲ ਤੈਰੇ
ਅੱਖੀਆਂ ਨੂੰ ਗਹਿਰਾ ਗਹਿਰਾ ਰੰਗ ਦੇ ਗਿਆ
ਕੋਈ ਜਾਣ ਵਾਲਾ
ਨਦੀ ਵਿਚ ਵਾਰ ਵਾਰ ਛੱਲ ਉਠਦੀ
ਜਿਵੇਂ ਯਾਦ ਆਏ
ਕਿੰਨੇ ਕਿੰਨੇ ਜਨਮਾਂ ਦੇ ਬਾਅਦ ਮਿਲਦਾ
ਕੋਈ ਦਰਦ ਗਹਿਰਾ
ਹੰਸਾਂ ਵਾਂਗੂੰ ਧਰਤੀ ਤੋਂ ਚੁਗਣ ਦੇਵਤੇ
ਦਿਲ ਦਰਦ ਵਾਲੇ
6 ਟਿੱਪਣੀਆਂ»
shameel terian kavitawan te geet shohney ney. likhda reh.
paramjit
shameel je main pehlan O mIan perhi , bad ch ek din de varta , per main lagia ke ek shin de varta samey jo tuhadi soch se hia dedh dahakey da saafar teh kerey O Mian ch develop ho ke shamney aia aa, m i right ?.
hahah….. ek potic baney da non poetic bandey valon keeta gia anyasis.
khushal
sarodi tappe kamaal ne. this is distilled poetry. reminded me of nida fazli’s experiment with a similar folk form, though those are more localised in his context. if haiku is possible in punjabi, this will be the closest approximation.
ਇਹੀ ਜੀਵਨ ਰੁੱਖ ਦਾ ਹੈ
ਨਿੰਮੀ ਨਿੰਮੀ ਯਾਦ ਵਗਦੀ
ਦਿਲ ਹੌਲੇ ਹੌਲੇ ਦੁਖਦਾ ਹੈ
…Great image!!
ਹੰਸਾਂ ਵਾਂਗੂੰ ਧਰਤੀ ਤੋਂ ਚੁਗਣ ਦੇਵਤੇ
ਦਿਲ ਦਰਦ ਵਾਲੇ
ਵਰ ਦੇ ਦੇ ਮੇਰੇ ਵਿਜੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਜਿਸ ਦੇ ਅੰਦਰ ਲਹਿ ਗਈ, ਇਹ ਉਸ ਨੇ ਜਾਣੀ
ਸ਼ਾਂਤ ਤਲਾਂ ਦੇ ਹੇਠ ਜੋ, ਖਾਮੋਸ਼ ਕਹਾਣੀਜਿਸ ਦੇ ਅੰਦਰ ਲਹਿ ਗਈ, ਇਹ ਉਸ ਨੇ ਜਾਣੀ
ਸ਼ਾਂਤ ਤਲਾਂ ਦੇ ਹੇਠ ਜੋ, ਖਾਮੋਸ਼ ਕਹਾਣੀ
ਕੀ ਇਸ ਨੂੰ ਲੰਘ ਆਵਾਂ
ਟੱਪ ਆਵਾਂ
ਕੀ ਇਸ ਨੂੰ ਰਹਿਣ ਦੇਵਾਂ
ਇਵੇਂ ਹੀ
ਖਾਲੀ ਖਾਲੀ
ਮੇਰੇ ਊਣੇ ਮਨ ਨਾਲ ਮੈਨੂੰ
ਕੀ ਤੂੰ ਕਬੂਲ ਕਰ ਲਵੇਂਗਾ
sab bahut wadiya likhiya tusi bas eda hi likhe rho jiiiiiii
ki kahan .chup rehai tan changa.