ਨਾਦ

contemporary punjabi poetry

ਸਵਰਨਜੀਤ ਸਵੀ

ਸਵਰਨਜੀਤ ਸਵੀ ਦੀ ਕਵਿਤਾ ਨੇ ਪ੍ਰਗਤੀਵਾਦ, ਪ੍ਰਯੋਗਵਾਦ,
ਆਧੁਨਿਕਵਾਦ, ਉੱਤਰ-ਆਧੁਨਿਕਵਾਦ ਅਤੇ ਦੇਹਵਾਦ ਦਾ ਵਿਕਾਸ
ਕੀਤਾ ਹੈ। ਉਸ ਦੀਆਂ ਪਹਿਲ ਪਲੇਠੀਆਂ ਰਚਨਾਵਾਂ ਵਿਚ ਪੱਛਮੀ ਤੇ
ਭਾਰਤੀ ਮਿੱਥ ਦਾ ਭਰਪੂਰ ਇਸਤੇਮਾਲ ਹੋਇਆ ਹੈ। ਉਸ ਦੀ ਕਵਿਤਾ ਦਾ
ਨਿਰਣਾਇਕ ਦੌਰ ਉਸ ਦੀ ਕਾਵਿ-ਪੁਸਤਕ ‘ਦੇਹੀ ਨਾਦ’ ਤੋਂ ਸ਼ੁਰੂ ਹੁੰਦਾ ਹੈ
ਜਿਸ ਨੇ ਪੰਜਾਬੀ ਕਵਿਤਾ ਨਾਲ ਸਬੰਧਿਤ ਹਰੇਕ ਚਿੰਤਕ, ਆਲੋਚਕ,
ਕਵੀ ਤੇ ਪਾਠਕ ਨੂੰ ਮੁਤਾਸਰ ਕੀਤਾ ਹੈ। ਸਵੀ ਕਵੀ ਵੀ ਹੈ ਤੇ
ਚਿੱਤਰਕਾਰ ਵੀ। ਉਸ ਨੇ ਕਵਿਤਾ ਤੇ ਚਿੱਤਰਕਾਰੀ ਵਿਚ ਨਵੀਆਂ ਪੈੜਾਂ
ਪਾਉਣ ਦਾ ਦੁਰਸਾਹਸ ਕੀਤਾ ਹੈ। ਇਸ ਲਈ ਉਸ ਦੀ ਪ੍ਰਾਪਤੀ
ਗੌਲਣਯੋਗ ਹੈ। ਪ੍ਰਿੰਟ ਮੀਡੀਏ ਨਾਲ ਜੁੜੇ ਹੋਣ ਕਾਰਨ ਉਹ ਕਿਤਾਬ ਦੀ
ਦਿੱਖ ਤੇ ਵੱਥ ਵੱਲ ਵੀ ਉਚੇਚਾ ਧਿਆਨ ਦਿੰਦਾ ਹੈ। ਉਸ ਦੀਆਂ ਕਿਤਾਬਾਂ
ਇਸ ਸਾਡੇ ਇਸ ਕਥਨ ਦੀਆਂ ਸਨਦਾਂ ਹਨ। ਤਤਕਾਲੀ ਵਿਸ਼ਿਆਂ ਦੇ ਹਰ
ਪਹਿਲੂ ਨੂੰ ਅਤੇ ਨਿੱਜੀ ਜੀਵਨ ਦੇ ਕੌੜੇ ਸੱਚ ਨੂੰ ਬਿਆਨਦੀਆਂ
ਉਸਦੀਆਂ ਕੁਝ ਨਜ਼ਮਾਂ ਪੇਸ਼ ਹਨ:

ਸੁਣ ਰਾਜਾ ਜਨਮੇਜਾ
(ਮੋਹਨਜੀਤ ਦੇ ਨਾਂ )

ਲਿਖਤੁਮ ਸਵਰਨਜੀਤ ਸਵੀ
ਪੜਤੁਮ ਰਾਜਾ ਜਨਮੇਜਾ
ਵੀਂਹਵੀਂ ਸਦੀ ਦਾ ਇਕ ਹੋਰ ਮਹਾਂਭਾਰਤ
ਆਰੀਆ ਤੇ ਦਰਾਵੜੀ ਕੰਧਾਂ ਦੀਆਂ
ਪਿੱਲੀਆਂ ਤੇ ਖੁਰਦੀਆਂ ਇੱਟਾਂ
ਕਾਲਿਆਂ ਖੂਹਾਂ ਦਾ ਜ਼ਹਿਰੀਲਾ ਜਨੂੰਨੀ ਪਾਣੀ
ਦਿਲਾਂ ਤੇ ਸਰਦਲਾਂ ਵਿਚ ਪਈਆਂ ਲਕੀਰਾਂ ਦੀ ਕਹਾਣੀ
ਦਰਖ਼ਤਾਂ ‘ਤੇ ਟੰਗੇ, ਸੜਕਾਂ ‘ਤੇ ਧੁਖਦੇ
ਸੈਆਂ ਵਰਵਰੀਕਾਂ ਦੀ ਜ਼ੁਬਾਨੀ…

ਸੁਣ ਕਿ ਹੁਣ
ਧਰਮ-ਸਿਆਸਤ, ਅਧਰਮ-ਦੰਗੇ
ਤੇ ਮਾਸੂਮ ਜਿੰਦਾਂ ‘ਚ ਖੁੱਭੇ ਖੰਜਰਾਂ ਦੀ ਭਾਸ਼ਾ
ਇਕੋ ਜਿਹੀ ਹੀ ਹੋ ਗਈ ਹੈ
ਪਾਂਡਵ ਤੇ ਕੌਰਵ ਸਭ ਪਾਗ਼ਲ ਦਰਿੰਦੇ ਨੇ
ਹਰ ਘਰ, ਗਲੀ, ਸ਼ਹਿਰ ਤੇ ਸਰਦਲ ਦਾ ਦਿਲ
ਹੁਣ ਕੁਰਕਸ਼ੇਤਰ ਦਾ ਮੈਦਾਨ ਹੈ
ਜਿੱਥੇ ਤਿੰਨਾਂ ਦੀ ਬੱਚੀ ਤੋਂ ਲੈ ਕੇ
ਨੱਬਿਆਂ ਦੇ ਲਾਚਾਰ ਬੁੱਢੇ ਤੱਕ
ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਂਦਾ
ਕਿਉਂਕਿ ਹੁਣ ਉਹ ਸਭ
ਇਨਸਾਨ ਨਹੀਂ – ਧਿਰਾਂ ਦੇ ਨਿਸ਼ਾਨ ਹੋ ਗਏ ਨੇ
ਹੁਣ ਬੱਸ ‘ਚ ਬੈਠਣਾ
ਜਾਂ ਤੜਕਸਾਰ ਡਬਲਰੋਟੀ ਵੇਚਣ ਜਾਣਾ
ਮੌਤ ਦੇ ਮੂੰਹ ਵੱਲ ਜਾਣ ਦਾ ਅਮਲ ਹੋ ਗਿਆ ਹੈ
ਹੁਣ ਕੁੱਕੜ ਦੀ ਬਾਂਗ ਤੋਂ ਬਾਅਦ
ਹਰ ਸੂਰਜ ਦੀ ਪਹਿਲੀ ਕਿਰਨ
ਦਿਲ ‘ਚ ਡਰ…
ਸਿਰ ‘ਤੇ ਮੌਤ…
ਤੇ ਜਿਸਮ ਲਈ ਧੁਣਖਵਾ ਲੈ ਕੇ ਉੱਗਦੀ ਹੈ
ਗਲੀਆਂ ਬਾਜ਼ਾਰਾਂ ‘ਚ ਫਿਰਦੇ ਲੋਕ
ਸੁੰਨਸਾਨ ਖੰਡਰ ਨੇ
ਰੀਝ-ਵਿਹੂਣੇ, ਖੁਸ਼ੀਓਂ ਸੱਖਣੇ
ਮਹਿਜ਼ ਤੁਰਦੇ ਮਾਤਮੀ ਬੁੱਤ!
ਹੁਣ ਕਿਧਰੇ ਨਹੀਂ ਜੁੜਦੇ ਬਉਰੇ ਮੇਲੇ
ਕਿਧਰੇ ਨਹੀਂ ਪੈਂਦਾ
ਗਿੱਧਾ, ਭੰਗੜਾ ਜਾਂ ਧਮਾਲ
ਲਟਕਦਾ ਹੈ ਤਾਂ ਹਰ ਪਾਸੇ ਬੱਸ ਮੌਤ ਵਰਗਾ ਖ਼ਿਆਲ
ਖ਼ਿਆਲ – ਜੋ ਡਿੱਗ ਸਕਦਾ ਹੈ
ਕਿਸੇ ਵੀ ਪਲ ਬਣਕੇ ਅਗਨੀ ਬਾਣ
ਜਾਂ ਸਾਹਮਣੇ ਅੜ ਸਕਦਾ ਹੈ
ਬਣਕੇ ਜਨੂੰਨੀ ਸਾਨ!
ਤੀਰਾਂ ਤੇ ਹੁਣ ਭੀਸ਼ਮ ਪਿਤਾਮਾ ਹੀ ਨਹੀਂ
ਸਗੋਂ ਟੰਗਿਆ ਪਿਆ ਹੈ ਹਰ ਇਨਸਾਨ
ਸਭ ਨੂੰ ਮਿਲ ਗਿਆ ਹੈ ਧੁਖਦੇ ਰਹਿਣ ਦਾ ਸਰਾਪ
ਖ਼ੁਸ਼ੀਆਂ ਨੂੰ ਕਰ ਗਿਆ ਹੈ ਕੋਈ ਅਨਾਥ

ਸੁਣ ਰਾਜਾ
ਸੁਣ ਕਿ ਹੁਣ
ਹਰ ਸੰਘ ਵਿਚ ਸੁੱਕ ਗਏ ਨੇ ਗੁਟਕਦੇ ਬੋਲ
ਮੁੱਠੀਆਂ ‘ਚ ਪੀਚੇ ਗਏ ਬਚਪਨ ਵਰਗੇ ਕਲੋਲ
ਦਿਨ ਗੁਜ਼ਰਦੇ ਨੇ ਹੁਣ
ਫ਼ੈਲਦੀਆਂ ਅਫ਼ਵਾਹਾਂ ਦੇ ਕਾਲੇ ਬੱਦਲਾਂ ਹੇਠ
ਜਾਂ ਸੁਰਖ਼ੀਆਂ ‘ਚੋਂ ਵਰਦੇ ਖ਼ੂਨੀ ਮੀਂਹ ਹੇਠ
ਸੁਰਖ਼ੀਆਂ – ਜੋ ਸ਼ਹਿਰ ਦੀ ਨੀਂਦ ਹਰਾਮ ਕਰਦੀਆਂ ਨੇ
ਸੁਰਖ਼ੀਆਂ – ਜੋ ‘ਉਨਾ’ ਲਈ ਦੁਕਾਨਦਾਰੀ ਦਾ ਸਮਾਨ ਨੇ
ਸੁਰਖ਼ੀਆਂ – ਜੋ ‘ਇਨਾ’ ਲਈ ਅਸਥੀਆਂ ਦਾ ਸਥਾਨ ਨੇ

ਸੁਣ ਰਾਜਾ ਸੁਣ ਕਿ ਹੁਣ
ਕਿੰਨੀ ਡਰਾਉਣੀ ਹੈ ਅੱਖਾਂ ਵਿਚਲੀ ਵੀਰਾਨੀ
ਵੀਰਾਨੀ – ਜੋ ਕਦੇ ਹਲਕੀ ਜਿਹੀ ਦਹਿਸ਼ਤੀ ਖ਼ਬਰ ਨਾਲ ਫੈਲਦੀ ਸੀ
ਵੀਰਾਨੀ – ਜੋ ਹੁਣ ਸੈਆਂ ਮੌਤਾਂ ਤੋਂ ਬਾਅਦ ਫੈਲਦੀ ਹੈ
ਵੀਰਾਨੀ – ਜੋ ਉਨਾ ਅੱਖਾਂ ਦੀ ਸਹਿਜ ਅਵਸਥਾ ਹੋ ਗਈ ਹੈ

ਕਿੰਨਾ ਭਿਆਨਕ ਹੈ
ਧਰਮ ਅਤੇ ਫ਼ਲਸਫ਼ੇ ਦਾ ਅਰਥਹੀਣ ਹੋ ਜਾਣਾ
ਤੇ ਮਾਸੂਮ ਦਿਲਾਂ ਦਾ
ਟੀਸ ਬਣਕੇ ਸ਼ੀਸ਼ੇ ਵਾਂਗ ਕੀਚਰਾਂ ਹੋ ਜਾਣਾ
ਕਿੰਨਾ ਭਿਆਨਕ ਹੈ
ਮਹਾਂਭਾਰਤ ਦਾ ਰੋਜ਼ ਰੋਜ਼ ਹੋਣਾ
ਤੇ ਕੁਰਕਸ਼ੇਤਰ ਦਾ ਕਥਾ ਤੇ ਭਿਆਨਕਤਾ ਦਾ
ਆਮ ਜਿਹੀ ਗੱਲ ਹੋ ਜਾਣਾ
ਸਭ ਕਿੰਨਾਂ ਭਿਆਨਕ ਹੈ…

ਕਰਫਿਊ
1.
ਬੱਚਾ ਦੁੱਧ ਮੰਗਦਾ ਹੈ
ਮਾਂ ਬੇਬਸ ਹੈ
ਬਾਪ ਬਾਹਰ ਝਾਕਦਾ ਹੈ
ਗੋਲੀ ਸ਼ੂਕਦੀ ਛਾਤੀ ਵੱਲ ਆਉਂਦੀ ਹੈ
2.
ਬੂਟਾਂ ਦੀ ਠੱਕ ਠੱਕ ਸੁਣ ਕੇ
ਬੱਚਾ ਕਿਲਕਾਰੀ ਮਾਰਦਾ ਹੈ
ਮਾਂ ਚਪੇੜ ਮਾਰਦੀ ਹੈ
3.
ਭੰਬਲਭੂਸੇ ‘ਚ ਫਸਿਆ ਵਕਤ
ਦਰਵਾਜ਼ਿਆਂ ਅੰਦਰ ਤੁਰ ਹੀ ਨਹੀਂ ਰਿਹਾ
ਪਰ ਦਰਾਂ ਤੋਂ ਬਾਹਰ
ਸੜਕਾਂ ‘ਤੇ ਦਨਦਨਾਉਂਦਾ ਦੌੜਦਾ ਹੈ।

ਰਸਤਾ ਰੋਕੋ ਅੰਦੋਲਨ

ਬਾਪ
ਕਾਲਾ ਰਿਬਨ ਬੰਨਕੇ ਗ੍ਰਿਫ਼ਤਾਰ ਹੋਣ ਜਾ ਰਿਹੈ
ਬਾਪ
ਦੁਕਾਨ ਬੰਦ ਕਰਕੇ ਸਹਿਮਿਆ ਘਰ ਨੂੰ ਜਾ ਰਿਹੈ
ਬੱਚੇ
ਸੜਕਾਂ ‘ਤੇ ਵਿਕਟਾਂ ਗੱਡ ਰਹੇ ਨੇ

ਗਰਭਪਾਤ ਹੋਈ ਚੀਕ

ਮੈਂ
ਉਸ ਦੌਰ ‘ਚੋਂ ਜਨਮੀ
ਇਕ ਲਿਜ਼ਲਿਜ਼ੀ ਚੀਕ ਹਾਂ
ਜਦੋਂ
ਗੋਲੀਆਂ ਨੇਜ਼ੇ ਤੇ ਤਲਵਾਰਾਂ ਨੇ
‘ਇਨਸਾਨ’ ਸ਼ਬਦ ਦਾ ਗਰਭਪਾਤ ਕੀਤਾ ਸੀ
ਤੇ ਗਰਭ ਦੇ ਹਨੇਰੇ ਤੋਂ ਬਾਹਰ
ਚਮਕਦੀ ਰੌਸ਼ਨੀ ਵਿਚ
ਉਹ
ਕੌਮਾਂ ਕਬੀਲਿਆਂ ਤੇ ਦੇਸ਼ਾਂ ‘ਚ ਵੰਡੇ ਗਏ
ਉਨਾ ਦਾ ਫ਼ਰਕ ਮਿਟਾਉਣ ਲਈ
ਅੱਜ ਹਰ ਹਥਿਆਰ
ਸਿਰਤੋੜ ਕੋਸ਼ਿਸ਼ ਕਰ ਰਿਹਾ ਹੈ
ਕਿ ਉਨਾ ਦੀ ਕੀਤੀ ਚੀਰ-ਪਾੜ ‘ਚੋਂ
‘ਇਨਸਾਨ’ ਸ਼ਬਦ ਕਿਤੇ ਮਿਲ ਜਾਵੇ
ਪਰ ਮੈਂ ਉੱਥੇ ਕਿਤੇ ਵੀ ਨਹੀਂ ਹਾਂ
ਕਿਉਂਕਿ
ਮੈਂ ਤਾਂ ਇਕ ਚੀਕ ਹਾਂ
ਗਰਭਪਾਤ ਹੋਈ ਚੀਕ!

ਯੂਲੀਅਸਿਸ ਨੂੰ

ਇਸ ਤੋਂ ਪਹਿਲਾਂ ਕਿ
ਤੂੰ ਬੇੜੇ ਨੂੰ ਬੰਦਰਗਾਹ ਤੋਂ ਤੋਰ ਲਵੇਂ
ਅਤੀਤ ਵੱਲ ਵੇਖ ਤੇ ਦੱਸ
ਕਿ ਯੁੱਧ ਖ਼ਤਮ ਹੀ ਕਦ ਹੋਇਆ ਸੀ
ਉਸ ਸਫ਼ਰ ਬਾਰੇ ਸੋਚ
ਜੋ ਸੂਰਜ ਦੀ ਪਹਿਲੀ ਕਿਰਨ ਤੋਂ ਲੈ ਕੇ
ਘੁਸਮੁਸੀ ਸਿਆਹੀ ਦੇ ਫੈਲਣ ਤੱਕ
ਹੈਲਨ ਦੇ ਗੋਲ ਚਿਹਰੇ ਵਰਗੀ ਰੋਟੀ ਦੇ ਲਈ ਹੁੰਦਾ ਹੈ
ਤੇ ਬਲਦੀਆਂ ਆਂਦਰਾਂ ਦੀ ਉਡੀਕ ਕੁੱਬੀ ਹੋ ਹੋ ਮਰਦੀ ਹੈ
ਫੁੱਟਪਾਥ ‘ਤੇ ਬੈਠੀਆਂ ਫਟੀਆਂ ਬਿਆਈਆਂ ਨੂੰ ਪੁੱਛ
ਕਿ ‘ਟਰਾਏ ਦਾ ਯੁੱਧ’
ਇਕ ਮੁਸਲਸਲ ਸਰਾਪ ਕਿਉਂ ਹੈ?
ਤੇ ਹੋਣੀ ਦੀ ਲਕੀਰਾਂ
ਪੱਥਰਾਂ ‘ਤੇ ਹੀ ਕਿਉਂ ਨੇ?
ਆ ਕਿ ਐਵੇਂ
ਟਾਪੂਆਂ ‘ਤੇ ਸੁਸਤਾਉਣ ਨਾਲੋਂ
ਯੁੱਧ ਲਈ ਦੁਬਾਰਾ ਕਕਮਰ ਕਸੀਏ
ਤੇ ਵਿਹਲੇ ਹੋਣ ਦੇ ਭਰਮ ਨੂੰ ਭੁੱਲ ਜਾਈਏ।

ਟਰਾਏ ਦਾ ਯੁੱਧ

ਇਹ ਬੱਚਾ ਮਨੁੱਖੀ ਜ਼ੀਅਸ ਦੀਆਂ
ਬੇਬਸ ਜਵਾਨੀ ਤੇ ਝੱਪਟਾਂ ਦੀ ਪੈਦਾਵਾਰ
ਇਹ ਜ਼ਰਦ ਚਿਹਰਾ
ਜੋ ਗੰਦੀਆਂ ਬਸਤੀਆਂ ਤੇ ਫੁੱਟਪਾਥ ਉੱਪਰ
ਕਮਜ਼ੋਰ ਲੱਤਾਂ ਤੇ ਬੇਜਾਨ ਹੱਥਾਂ ਨਾਲ
ਦੋ ਜੂਨ ਦੀ ਰੋਟੀ ਲਈ
ਟਰਾਏ ਦਾ ਯੁੱਧ ਲੜ ਰਿਹਾ ਹੈ।

ਬ੍ਰਿਖ ਤੇ ਘੁਣ

ਵਿਛੜਦੇ
ਜ਼ਰਦ ਪੱਤਿਆਂ ਦੀਆਂ ਅੱਖਾਂ ‘ਚ ਬੈਠਾ ਡਰ
ਕ੍ਰਿਸ਼ਨ ਦੇ ਆਉਣ ਤੋਂ ਪਹਿਲਾਂ
ਦਰੋਪਤੀ ਦੇ ਡਰ ਤੋਂ ਭਿੰਨ ਹੈ

ਪੱਤੇ ਕੀ ਉਡੀਕ ਰਹੇ ਨੇ
ਇਹ ਟਾਹਣੀਆਂ ਤਾਂ ਹਾਰੇ ਪਾਂਡਵ ਨੇ
ਤੇ ਤਣਾ ਕੋਈ ਕ੍ਰਿਸ਼ਨ ਨਹੀਂ ਹੈ
ਦੁਰਯੋਧਨ ਦਾ ਹਾਸਾ ਕਿਸਦੇ ਬੁੱਲਾ ‘ਤੇ ਹੈ ?

ਘੁਣ ਨੂੰ ਮਾਣ ਹੈ
ਤੇ ਇਕ ਜਵਾਲਾਮੁਖੀ ਸੁਲਘਦਾ ਹੈ
ਲੋਹੇ ਦੇ ਚਿਹਰੇ ਤੇ ਜਮੂਰਾਂ ਜਿਹੇ ਹੱਥ
ਸੱਭਿਅਤਾ ਨੂੰ
ਕਿਸ ਸ਼ਮਸ਼ਾਨ-ਘਾਟ ਲਿਜਾ ਰਹੇ ਨੇ?

ਇਹ ਜੋਨ* ਦੀ ਬਲਦੀ ਲਾਸ਼ ਦੁਆਲੇ
ਕਿਹੜੀ ਜਿੱਤ ਦਾ ਬਿਗਲ ਗੂੰਜਦਾ ਹੈ
ਇਨਾ ਲਪਟਾਂ ਦੀਆਂ ਜੀਭਾਂ ਨੂੰ
ਕਿਹੜੀ ਪ੍ਰੀਖਿਆ ਦੀ ਕਾਹਲੀ ਹੈ?

*ਜੋਨ ਆਫ਼ ਆਰਕ

ਅਵੱਗਿਆ

ਅਵੱਗਿਆ ਕਦੇ ਰਾਮ ਪੈਦਾ ਨਹੀਂ ਕਰਦੀ
ਤੇ ਫਿਰ ਤੇਰੀ
ਨਗਨਤਾ ਸਹਿਜ ਹੈ ਜਾਂ ਅਸਹਿਜ
ਤੇਰੀ ਉਦਾਸੀ ਇਲਹਾਮ ਹੈ ਜਾਂ ਤਰਕ
ਇਸ ਸਭ ਦੇ ਕੀ ਅਰਥ?

ਯੁੱਧ ‘ਚ ਕੋਈ ਵੀ ਨਾਇਕ ਨਹੀਂ ਹੁੰਦਾ
ਤੇ ਨਾ ਹੀ ਅਨਾਇਕ
ਇਸ ਅੰਨੀ ਗਲੀ ‘ਚ ਲੜੇ ਜਾ ਰਹੇ ਯੁੱਧ ‘ਚੋਂ
ਇਨਾਂ ਤਾਰਿਆਂ ਦੀਆਂ ਭਟਕਦੀਆਂ ਪੈੜਾਂ ‘ਚੋਂ
ਕੁਝ ਨਹੀਂ ਮਿਲਣਾ
ਤੂੰ ਵਾਪਸ ਪਰਤ ਆ ਸਵਰਨਜੀਤ!
ਤੇਰੇ ਅਤੀਤ ਦੇ ਬਜ਼ੁਰਗ ਪਰਛਾਵੇਂ
ਤੈਨੂੰ ਅਜੇ ਵੀ ਹਸਰਤ ਭਰੀ ਨਜ਼ਰ ਨਾਲ ਦੇਖਦੇ ਨੇ…

ਸੜਕਾਂ…
ਨਦੀਆਂ…
ਖੰਡਰ…
ਮਾਰੂਥਲ…ਦੁਨੀਆਂ
ਉਸ ਤੋਂ ਪਾਰ ਹਨੇਰੇ ਦਾ ਗੂੜਾ ਦੁਮੇਲ
ਤੇ ਪਿੱਛੇ ਸਰਾਪੀ ਅਹੱਲਿਆ ਦਾ ਬੁੱਛ…
ਆਖ਼ਿਰ ਤੂੰ
ਕਿਸ ਮੋਕਸ਼ ਦੀ ਤਲਾਸ਼ ‘ਚ ਹੈ?
ਪਰਤ ਜਾਹ! ਤੂੰ ਵਾਪਸ ਵਰਤ ਜਾਹ ਮੇਰੇ ਰਾਮ!
ਰਾਵਣ ਸਿਰਫ਼ ਤੇਰੇ ਅੱਗੇ ਹੀ ਨਹੀਂ ਹਨ
ਪਿੱਛੇ ਵੀ ਨੇ
ਉਨਾਂ ਪ੍ਰਛਾਵਿਆਂ ਨਾਲ ਚਿੰਬੜੇ
ਉਨਾਂ ਦੀਆਂ ਹਸਰਤਾਂ ਨੂੰ ਬਲਾਤਕਾਰਦੇ…

ਤੇਰੇ ਹੱਡਾਂ ‘ਚ ਬੇਸ਼ਕ ਅਜੇ ਗਰਮੀ ਹੈ
ਪਰ ਇੱਥੇ ਕੋਈ ਵੀ ਲੜਾਈ
ਕਦੇ ਫ਼ੈਸਲਾ-ਕੁਨ ਨਹੀਂ ਹੋਈ
ਹਰ ਰੋਜ਼ ਵੱਜਦਾ ਹੈ ਦਾਨਵੀ-ਨਾਦ
ਤੇ ਦਨਦਨਾਉਂਦਾ ਹੈ ਪ੍ਰਹਿਲਾਦੀ-ਬਾਪ
ਭਟਕਣ ਤੇ ਬੇਵਿਸਾਹੀ ਦਾ ਇਹ ਆਲਮ ਹੈ
ਕਿ ਅੱਗ ਲੱਗੇ ਸਮਿਆਂ ‘ਚ ਤੁਰਦੀ
ਕੀੜੀ ਨਜ਼ਰ ਹੀ ਨਹੀਂ ਆਉਂਦੀ
ਤੂੰ ਨਹੀਂ ਜਾਣਦਾ
ਉੱਥੇ ਬੂੰਦ ਬਣਕੇ ਡਿੱਗਣ ਦੇ ਅਰਥ
ਜਿੱਥੇ ਡਿੱਗਣ ਤੋਂ ਪਹਿਲਾਂ ਹੀ ਬੂੰਦ
ਗੁਆ ਬਹਿੰਦੀ ਹੈ ਆਪਣਾ ਵਜੂਦ
ਤੇ ਭੁੱਲ ਜਾਂਦੀ ਹੈ ਆਪਣੇ ਅਰਥ

ਤੇਰੇ ਵੀ ਅਰਥ ਗੁਆਚ ਗਏ ਨੇ
ਇਨਾਂ ਨੰਗੀਆਂ…ਕਾਲੀਆਂ ਤੇ ਬੇਵਜਹ ਲੰਬੀਆਂ ਸੜਕਾਂ ‘ਤੇ
ਚਲਦਿਆਂ
ਜਿਨਾਂ ‘ਤੇ ਚੱਲਣਾ
ਛਾਤੀ ਤੇ ਨੰਬਰ ਚਿਪਕਾਉਣ ਵਰਗਾ ਹੈ
ਜਿਨਾਂ ‘ਤੇ ਚੱਲਣਾ
ਔਸਤਨਤਾ ਤੋਂ ਵੱਧ ਅਰਥ ਨਹੀਂ ਰੱਖਦਾ
ਜਿਨਾਂ ‘ਤੇ ਚੱਲਣਾ
ਮਹਿਜ਼ ਗੁਆਚਣਾ ਹੈ
ਜਿਨਾਂ ‘ਤੇ ਚੱਲਣਾ
ਆਪਣੇ ਜਿਸਮ ਦੇ ਟੁਕੜੇ ਇਨਾਂ ਨੂੰ ਵੰਡਣਾ ਹੈ
ਪਰਤ ਆ…
ਤੂੰ ਵਾਪਸ ਪਰਤ ਆ ਮੇਰੇ ਸਿਧਾਰਥ!
ਕਿਨਾਰਿਆਂ ਲਈ ਭਟਕਣਾ ਵੀ ਕੋਈ ਜ਼ਿੰਦਗੀ ਹੈ
ਉਰਲੇ ਜਾਂ ਪਰਲੇ ਪਾਰ ਕੁਝ ਨਹੀਂ
ਇਨਾਂ ਲਹਿਰਾਂ ਵਿਚ ਰਹਿ
ਇਨਾਂ ਲਹਿਰਾਂ ਦਾ ਹੋ ਜਾਹ
ਇਨਾਂ ਲਹਿਰਾਂ ਵਿਚ ਖੋ ਜਾਹ
ਇਹੀ ਵਿਲੀਨਤਾ ਹੀ
ਮੋਕਸ਼ ਜਾਂ ਨਿਰਵਾਣ ਹੁੰਦਾ ਹੈ

ਤੂੰ ਕਿਹੜੀ ਸੁਰ ਦਾ ਗੀਤ

ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ
ਤਨ ਝੜੀਆਂ ਮਨ ਗਹਿਰ ਸਮੁੰਦਰ
ਪਲ ਪਲ ਜਾਣਾ ਬੀਤ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ

ਕਾਲੀ ਅੱਗ ‘ਚ ਘੁੱਗੀ ਉੱਡਦੀ
ਕਰਦਾ ਬੋਟ ਉਡੀਕ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ

ਦਿਲ ਵਿਚ ਹਉਕਾ ਪੈਰੀਂ ਛਾਲੇ
ਇਕ ਮਘ•ਦਾ ਇਕ ਸੀਤ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ

ਰੋਵਣ ਬੂਹੇ ਭਾਰੇ ਜਿੰਦੇ
ਬਾਰੀਆਂ ਚੁੱਪ ਚੁਪੀਤ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ

ਸਹਿਮੇ ਬੱਚੇ ਚੁੱਪ ਪਰਿੰਦੇ
ਬ੍ਰਿਖਾਂ ਬਾਂਝ ਸੰਗੀਤ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ

ਚੱਲ ਬੁੱਲਿਆ ਕੀ ਏਥੇ ਤੇਰਾ
ਕੰਬਲੀ ਤੇਰੀ ਮੀਤ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ

ਮਿੱਟੀਏ ਅਣਸਿੰਜੀਏ

ਇਕ ਅੱਖ ਸੁੱਕੇ ਦੂਜੀ ਆਵੇ
ਵਗਦੀ ਨਦੀ ਕੀ ਬਾਤ ਸੁਣਾਵੇ
ਦੁੱਧ ਨਦੀ ਦਾ ਸੁਪਨਾ ਸੁੱਕਿਆ
ਕੂੰਜ ਹੰਝ ਨੇ ਜਰਨਾ -ਮਿੱਟੀਏ ਅਣਸਿੰਜੀਏ!

ਕਾਲੀਆਂ ਰਾਤਾਂ ਚੰਨ ਨਾ ਤਾਰੇ
ਮਨ ਦੇ ਹੌਲ ਮੌਤ ਦੇ ਲਾਰੇ
ਤਨ ਦੇ ਰਿਸਦੇ ਫੋੜੇ ਉਪਰ
ਪੌਣ-ਫਿਹਾ ਕਿਸ ਧਰਨਾ -ਮਿੱਟੀਏ ਅਣਸਿੰਜੀਏ!

ਤੇਰੇ ਹਿੱਸੇ ਚੁੱਪ ਉਦਾਸੀ
ਤਾਨੇ ਮਿਹਣੇ ਦੁੱਖ ਚੁਰਾਸੀ
ਚੋਭਾਂ ਆਰਾਂ ਕੰਡਿਆਂ ਨੇ ਹੀ
ਚੁੰਨੀ ਦਾ ਲੜ ਫੜਨਾ- ਮਿੱਟੀਏ ਅਣਸਿੰਜੀਏ!

ਸੂਰਜ ਤੇਰਾ ਵੇਸ ਨੀ ਬਣਨਾ
ਕਿਰਨਾਂ ਤੇਰਾ ਦੇਸ ਨੀ ਬਣਨਾ
ਕੱਲਮੁਕੱਲੀ ਤੂੰ ਜੰਮੀਂ ਸੀ
ਕੱਲਮੁਕੱਲੀ ਮਰਨਾ – ਮਿੱਟੀਏ ਅਣਸਿੰਜੀਏ!

0
ਤੇਰਾ ਨਾਮ ਲੈਂਦਿਆਂ
ਰਿਸ਼ਤਿਆਂ ਦਾ ਅਨੰਤ ਪਾਸਾਰ ਫੈਲ ਜਾਂਦਾ
ਉੱਸਰ ਜਾਂਦੀ ਹੈਂ ਤੂੰ
360 ਡਿਗਰੀ ਦੀ ਇਕ ਸ਼ਕਤੀ ਭਰੀ
ਸਪੇਸ
ਤੇ ਨਿਖੜ ਆਉਂਦੀ
ਜਿਵੇਂ
ਡੂੰਘੇ ਹਨੇਰੇ ਦੀ ਵਿਰਾਟ ਕੈਨਵਸ ਤੇ
ਲੱਗ ਜਾਵੇ ਬੁਰਸ਼ ਨਾਲ
ਰੰਗਾਂ ਦੀ ਛੂਹ ਦਾ ਨਿਸ਼ਾਨ
ਕਿ ਤੂੰ
ਜੋ ਹਰ ਮਾਧਿਅਮ
ਤਰਕ ਸਿਧਾਂਤ ਤੇ ਭਾਵੁਕਤਾ ਨੂੰ
ਓਵਰਫਲੋਅ ਕਰ ਜਾਂਦੀ ਹੈਂ ਹਮੇਸ਼
ਮੈਂ
ਤੈਨੂੰ ਪੂਰੀ ਦੀ ਪੂਰੀ ਸਮਝਣਾ ਚਾਹੁੰਦਾ ਹਾਂ
ਕਿ ਮੇਰੀ ਕੈਨਵਸ
ਮੇਰੀ ਅੱਖ – ਮੇਰੀ ਦ੍ਰਿਸ਼ਟੀ
ਬੱਝੇ ਬਝਾਏ ਸਿਧਾਂਤਾਂ ਦੀਆਂ ਡੋਰਾਂ ‘ਤੇ
ਨ੍ਰਿਤ ਕਰ ਲੱਗ ਪੈਂਦੀ ਹੈ

ਮੈਂ
ਕਿਸੇ ਹੋਰ ਮਾਧਿਅਮ ਦੀ ਤਲਾਸ਼ ‘ਚ ਹਾਂ
ਕੀ ਪਤਾ ਤੂੰ ਕਦੀ ਵਿਅਕਤ ਹੋਵੇਂ ਕਿ ਨਾ
ਐਸਾ ਮਾਧਿਅਮ ਬਣੇ ਕਿ ਨਾ
ਮੇਰੀ ਕੈਨਵਸ
ਅੱਖ ਰਾਹੀਂ ਬਣਾਏ ਮਨ ਦੇ ਫਰੇਮ ਤੇ
ਤੈਨੂੰ ਸਿਰਜ ਤਾਂ ਲੈਂਦੀ ਹੈ
ਪਰ ਉਹ ਤੂੰ ਨਹੀ ਹੁੰਦੀ
ਤੇਰੇ ਬਹੁ ਪਰਤੀ ਉਸਾਰ ਦੀ
ਇਕ-ਦੋ ਪਰਤਾਂ ‘ਚ ਸੰਗੜਿਆ
ਬਿੰਦ ਹੁੰਦਾ ਹੈ ਬੱਸ
ਤੂੰ ਇਤਿਹਾਸ ਰਾਹੀਂ ਸਿਰਜੇ
ਭਾਸ਼ਾ ਦੇ ਤਾਣੇ ਬਾਣੇ ਤੋਂ
– ਰਤਾ ਕੁ ਬਾਹਰ ਏਂ ਹਮੇਸ਼
… … …
0

ਮੈਂ ਨੱਚਦਾ ਹਾਂ
ਪਾਣੀ ਅਗਨ ਹਵਾ
ਮੇਰੇ ਸੁਰ ਤਾਲ ਨੇ
ਤੇਰੇ ਜਿਸਮ ਦਾ ਜਲੌਅ
ਭੜਕਾਉਂਦਾ ਹੈ ਮੇਰੇ ਮਨ ਦੀ ਅਗਨ
ਅਗਨ – ਜੋ ਮੱਚਦੀ ਹੈ ਮੇਰੀ ਤਲੀ ‘ਤੇ
ਮੈਂ – ਤੇਰੇ ਮੋਹ ਦੇ ਨਾਗਾਂ ਦਾ ਵਲਿਆ
ਤੈਨੂੰ ਲੱਭਣ ਲਈ ਪੀਂਦਾ ਹਾਂ ਹਲਾਹਲ
ਮੈਂ ਨੱਚਦਾ ਹਾਂ – ਅਥੱਕ
ਮਿੱਧਦਾ ਹਾਂ ਬਾਰ ਬਾਰ ਆਪੇ ਨੂੰ
ਪੈਰ ਕਦੇ ਦੱਬ ਲੈਂਦੇ – ਤੇ ਕਦੇ ਕਰਦੇ ਨੇ ਮੁਕਤ
ਤਨ ‘ਚੋਂ ਵਗਦੇ
ਗਰਮ ਲਾਵੇ ਦੇ ਸੇਕ ‘ਚ ਮੱਚਦੀ ਕਾਇਆ ਨੂੰ
ਤੂੰ ਮੇਰੇ ਸਾਹਾਂ ਦੀ ਧੂਣੀ
ਮਘਦੀ ਹੈਂ ਮੱਚਦੀ ਹੈਂ
ਮੇਰੇ ਅੰਦਰ ਬਾਹਰ ਚਾਰ ਦੁਆਰ
ਮੇਰੇ ਸਾਹਾਂ ਅੰਗਾਂ ‘ਚ ਸੁਗੰਧਾਂ ਵਾਂਗ ਰਚੀ ਉਮਾ
ਆ –
ਮੇਰੀ ਗਤੀ ‘ਚ ਗਤੀ ਬਣਕੇ ਰਲ ਜਾ
ਮੇਰੇ ਡਮਰੂ ਦੀਆਂ ਤਣੀਆਂ ਵਾਂਗ
ਮੈਨੂੰ ਲਗਾਤਾਰ ਮਿਲ
ਕਿ ਮੈਂ ਹੁਣ ਰੁਕ ਨਹੀਂ ਸਕਦਾ
ਇਹ ਤਾਂਡਵ ਹੋਣੀ ਹੈ ਮੇਰੀ
ਕਿ ਮੈਂ ਜੋ ਸਿਰਜਣਾ ਹੈ
ਤੇਰੇ ਨਾਲ ਸਿਰਜਾਂਗਾ
ਤੈਥੋਂ ਬਿਨਾਂ
ਮੈਂ ਕੁਝ ਨਹੀਂ
ਮੈਂ ਨੱਚਦਾ ਹਾਂ ਤੇਰੇ ਲਈ
0

ਮੈਂ ਤੇਰੇ ਵਿਚ ਇਉਂ ਵਸਣਾ ਚਾਹੁੰਦਾ ਹਾਂ
ਜਿਵੇਂ ਪੱਥਰਾਂ ‘ਚ ਚੁੱਪ ਹੁੰਦੀ ਹੈ
ਜਿਵੇਂ ਫੁੱਲ ਪੱਤੀਆਂ ‘ਚ
ਹਵਾ ਦੀ ਸਰਸਰਾਹਟ ਹੁੰਦੀ ਹੈ
ਜਿਵੇਂ ਸੁਰ ਕੀਤੀ ਸਾਰੰਗੀ ‘ਚੋਂ ਲੰਘਦਿਆਂ
ਗਾਉਣ ਲਗਦੀ ਹੈ ਹਵਾ
ਜਿਵੇਂ ਥੇਹ ਵਿਚ
ਸਮਾਏ ਹੁੰਦੇ ਨੇ ਘਰ-ਘੜੇ-ਸਿੱਕੇ
ਜਿਵੇਂ ਅੰਬ ਬਾਰੇ ਸੁਣਦਿਆਂ ਹੀ
ਮਿਠਾਸ ਨਾਲ ਭਰ ਜਾਂਦੀ ਹੈ ਜੀਭ
ਜਿਵੇਂ ਖੰਡਰ ਦੀਆਂ ਪਿੱਲੀਆਂ ਇੱਟਾਂ ‘ਚ
ਸਹਿਕਦੀ ਰਹਿੰਦੀ ਹੈ ਇਕ ਚੀਖ਼
ਜਿਵੇਂ ਭਰੀ ਹੁੰਦੀ ਹੈ
ਨਫ਼ਰਤ, ਮੁਹੱਬਤ ਤੇ ਉਦਾਸੀ ਨਾਲ
ਰੇਕ ਵਿਚ ਪਈ ਕਿਤਾਬ
ਜਿਵੇਂ ਵਸੀ ਹੁੰਦੀ ਹੈ
ਤੇਰੇ ਸਪਰਸ਼ ਤੋਂ ਪਹਿਲਾਂ ਹੀ
ਸਿਹਰਨ ਭਰੀ ਸਰਗੋਸ਼ੀ
ਕਿ ਜਿਵੇਂ
ਸ਼ਬਦਾਂ ‘ਚ ਛੁੱਪ ਕੇ ਬੈਠਦਾ ਹੈ
ਵਿਸਫੋਟ
ਕਿ ਜਿਵੇਂ ਬੱਦਲਾਂ ਤੇ ਪੱਥਰਾਂ ‘ਚ
ਛੁਪੇ ਰਹਿੰਦੇ ਨੇ ਅਨੇਕਾਂ ਆਕਾਰ
ਮੈਂ ਤੇਰੇ ਵਿਚ ਇੰਜ ਵਸਣਾ ਚਾਹੁੰਦਾ ਹਾਂ
ਜਿਵੇਂ ਖ਼ਲਾਅ ‘ਚ ਵਸਿਆ ਹੁੰਦਾ ਹੈ
ਸ਼ਬਦ
ਬ੍ਰਹਿਮੰਡ
ਤੇ ਧੁਨੀਆਂ ਦਾ ਸੰਸਾਰ
0

ਤੇਰਾ ਸਪਰਸ਼
ਮੇਰੇ ਨਾਲ ਉਹ ਕੁਦਾ ਹੈ
ਜੋ ਫੁੱਲਾਂ ਨਾਲ ਕਰਦੀ ਹੈ ਰੁਮਕਦੀ ਹਵਾ
ਸੂਰਜਮੁਖੀ ਨਾਲ
ਕਰਦੀਆਂ ਜੋ ਸੂਰਜ ਦੀਆਂ ਕਿਰਨਾਂ
ਸਾਰੰਗੀ ਨਾਲ
ਜੋ ਕਰਦਾ ਹੈ ਗਜ਼
ਤਬਲੇ ਨਾਲ
ਜੋ ਕਰਦੀ ਹੈ ਉਂਗਲਾਂ ਦੀ ਸਰਗਮ
ਜਿਵੇਂ ਜਲਤਰੰਗ ਨਾਲ
ਖੇਡਦੀਆਂ ਜਿਉਂ ਕਲਾਕਾਰ ਦੀਆਂ ਡੰਡੀਆਂ
ਕੈਨਵਸ ਨਾਲ
ਜੋ ਕਰਦੀ ਹੈ ਰੰਗਾਂ ਲੱਦੇ ਬੁਰਸ਼ ਦੀ ਛੂਹ
ਸਵੇਰ ਦੀ ਕੋਸੀ ਧੁੱਪ
ਜੋ ਕਰਦੀ ਹੈ ਅੱਧ ਖਿੜੀਆਂ ਡੋਡੀਆਂ ਨਾਲ
ਜੋ ਓ…..ਅੰ….ਮ…..ਦੀ ਆਵਾਜ਼
ਕਰੇ ਯੋਗੀ ਦੀ ਸਮਾਧੀ ਨਾਲ
… … …
0

ਤੂੰ ਸ਼ਕਤੀ
ਬ੍ਰਹਿਮੰਡੀ ਗਤੀ
ਮਹਾਂ-ਮਾਇਆ
ਧਰਤ-ਆਕਾਸ਼-ਹਰਿਆਵਲ

ਤੂੰ ਮਹਾਂ-ਸੱਚ
ਵਿਰਾਟਤਾ
ਅਨੰਤਤਾ
ਮੈਂ ਜੀਵਾਤਮਾ ਦੇ ਵਾਂਗ
ਮਹਾਂ ਅਨੰਦ ਦੀ ਸੁਰੰਗ ਰਾਹੀਂ
ਤੇਰੀ ਅਨੰਤਤਾ ਦਾ ਸਫ਼ਰ ਕਰਨਾ ਹੈ
….
ਸ਼ਿਵ ਰਤੀ ਪਾਰਬਤੀ
ਬ੍ਰਹਮ
ਤੇ ਮੈਂ
ਕਾਮਨਾ ਦੀ ਗਤੀਸ਼ੀਲਤਾ ਹਾਂ
ਕਾਮਨਾ
ਜੋ ਤਾਂਡਵ ਵੀ ਹੈ
ਸ਼ਿਵ ਦੀ ਸਥਾਪਨਾ ‘ਚ ਖੜਾ
ਸ਼ਿਵਲਿੰਗ ਵੀ
ਤੇ ਮੈਂ
ਤੇਰੀ ਮੇਰੀ ਕਾਮਨਾ ਦੀ
ਤ੍ਰਿਪਤੀ-ਅਤ੍ਰਿਪਤੀ ਵਿਚਕਾਰ
ਭਾਵਨਾਵਾਂ ਦੇ ਲਿੰਗਮ ਤੋਂ
ਵਾਈਵਰੇਟਰ ਤੱਕ ਦਾ ਸਫ਼ਰ ਕਰਨਾ ਲੋਚਦਾ
ਕਿ ਮੈਂ
ਆਪਣੀ ਕਾਮਨਾ ਤੋਂ ਪਾਰ
ਤੇਰੀ ਤ੍ਰਿਪਤੀ ਦਾ ਅੰਕ
ਤੇਰੇ ਮਨ ਦੀਆਂ
ਵਾਈਬਰੇਸ਼ਨਜ਼ ਨੂੰ ਸਮਝਣ
ਫੜਨ
ਤੇ ਤ੍ਰਿਪਤ ਕਰਨ ਦਾ ਸਾਧਨ ਮਾਤਰ
ਲੈ ਮੈਂ ਵਿਛਦਾ ਹਾਂ
ਮਖ਼ਮਲੀ ਗਲੀਚੇ ਜਹੀਆਂ ਭਾਵਨਾਵਾਂ ਲੈ ਕੇ
ਤੇਰੇ ਸੂਖ਼ਮ ਪੱਬਾਂ ਦੀ ਛੂਹ
ਜਗਾਉਂਦੀ ਹੈ ਮੇਰੇ ਅੰਦਰ
ਹੋਂਦ ਦੇ ਜਸ਼ਨ ਦੇ
ਅਹਿਸਾਸ ਮੰਦ ਝਰਨੇ
ਤੇਰੇ ਰੋਮ ਰੋਮ ਦੀ ਛੂਹ ਤੋਂ ਤਰੰਗਿਤ
ਮੇਰਾ ਅੰਗ ਅੰਗ
ਬਿਜਲਈ ਨਾਚ ਕਰਦਾ ਹੈ
… … …
… … …
ਤੂੰ ਨਗਨ
ਸੁੰਦਰ
ਵਿਸ਼ਾਲ ਕਾਇਆ
ਬ੍ਰਹਿਮੰਡ ਦੇ ਗ੍ਰਹਿ
ਤੇਰੇ ਹਨੇਰੇ ਦਿਨ ‘ਚ
ਜਗਣ ਦੀਵਿਆਂ ਵਾਂਗ
ਇਹ ਪਾਸਾਰ
ਘਾਹ – ਹਰਿਆਵਲ ਇਹ ਪੌਣ-ਪਾਣੀ
ਸੇਜ ਤੇਰੀ
ਤੇ ਇਸਦੀ ਵਿਸ਼ਾਲ ਸੱਜ ਧੱਜ
ਮੈਂ ਹਨੇਰੇ ਦਿਨ ‘ਚ
ਤੈਨੂੰ ਭੋਗਦਾ
ਤੇਰੀ ਕਾਇਆ ‘ਚ
ਭੋਗਿਆ ਜਾਦਾ ਹਾਂ
… …. …. ….
… … … …
… … … …
ਮੁਕਤੀ-ਨਿਰਵਾਣ
ਫਿਜ਼ੂਲ ਹੈ ਸਭ
ਭਰਪੂਰ ਪਲ ਦੀ
ਤ੍ਰਿਪਤੀ ਤੋਂ ਬਾਅਦ
ਬਖ਼ਸ਼ ਮੈਨੂੰ
ਪਿਆਸ
ਤਲਾਸ਼
ਭਟਕਣ
ਅਤ੍ਰਿਪਤੀ-ਪਰਵਾਜ਼
ਕਿ ਕੋਈ ਹੋਰ ਮਹਾਨ ਪਲ ਆਵੇ
ਉਸ ਭਰਪੂਰ ਪਲ ਦੀ
ਤ੍ਰਿਪਤੀ ਤੋਂ ਬਾਅਦ
ਫਿਜ਼ੂਲ ਹੈ ਸਭ
ਮੁਕਤੀ-ਨਿਰਵਾਣ
0

ਤੂੰ ਹੈਂ
ਤਾਂ ਮਨ ਦੇ ਬ੍ਰਹਿਮੰਡ ‘ਚ
ਗਤੀ ਆਉਂਦੀ ਹੈ
ਤੇਰੇ ਦੁਆਲੇ ਘੁੰਮਦਾ ਹੈ
ਮੇਰੀ ਹੋਣੀ ਦਾ ਹਰ ਇਕ ਗ੍ਰਹਿ
ਤੇ ਉਗਮਦੇ ਨੇ
ਸਾਡੇ ਜਿਸਮਾਂ ‘ਚੋਂ
ਅਨੇਕਾਂ ਸੂਰਜ ਚੰਨ ਤਾਰੇ
ਗੂੰਜਦੀਆਂ ਨੇ ਬ੍ਰਹਿਮੰਡੀ ਘੰਟੀਆਂ
ਮੈਂ ਤੇਰੀ ਮੁਹੱਬਤ ‘ਚ ਬਾਉਰਾ
ਤੇਰੀ ਹਨੇਰ ਚੁੱਪ ਦੇ
ਆਲੌਕਿਕ ਵਸਤਰਾਂ ਸੰਗ
ਤੇਰੇ ਅਕਾਲਕੀ ਮਹਾਂ ਨਾਚ ਦੀ ਤਾਲ ਤੇ
ਕਰਦਾ ਹਾਂ ਤੇਰੀ ਆਰਤੀ

ਤੂੰ ਨਦੀ
ਅੰਮ੍ਰਿਤ ਸਮੁੰਦਰ
ਸੁਰ ਅਸੁਰ ਨੇ ਮੇਰੇ ਅੰਦਰ
ਕਰਦਾ ਮੰਥਨ
ਰੋਜ਼ ਰੋਜ਼
ਸੁਰ ਅਸੁਰ ਤਾਂ ਰਹਿਣੇ ਦੋਵੇਂ
ਬਦਲ ਲੈਣਗੇ ਨਾਂ ਤੇ ਥਾਂ
ਪੀ ਕੇ ਅੰਮ੍ਰਿਤ
… …. …
ਕਾਮੇਸ਼ਵਰੀ
ਤੇਰੀ ਕਾਮਨਾ ‘ਚ ਖਿੰਡ ਜਾਵਾਂਗਾ
ਤ੍ਰਿਪਤੀ ਦੇ ਜਸ਼ਨ ‘ਚ
ਲੰਘ ਜਾਵਾਂਗਾ ਤ੍ਰਿਪਤੀਆਂ ਦੇ
ਕੋਟ ਪਹਾੜਾਂ ਦੀਆਂ ਚੋਟੀਆਂ
ਕਿ ਅੰਗ ਅੰਗ ਟੁੱਟ ਜਾਵੇ
ਨਸ਼ੇ ਦੀ ਚਰਮ ਸੀਮਾ ਤੋਂ
ਬਾਅਦ ਦੀਆਂ
ਖੱਡਾਂ ‘ਚ ਡਿੱਗਣ ਵਾਂਗ
ਆਪਣੀ ਛੂਹ ਦੀ ਚਾਬੀ ਲਾ ਕੇ
ਖੋਲ• ਦੇ
ਦਸਮ ਦੁਆਰ ਦਾ ਤਾਲਾ
ਕਿ ਮੈਂ
ਤੇਰੀਆਂ ਬਾਹਾਂ ‘ਚ ਦਮ ਤੋੜਨਾ ਹੈ
ਤੇਰੇ ਬੁੱਲ•ਾਂ ‘ਚੋਂ
ਅੰਮ੍ਰਿਤ ਪੀਣਾ
ਵਹਿ ਜਾਣਾ
ਤੇਰੇ ਸਪਰਸ਼ ਦੇ ਵੇਗ ‘ਚ
… …. ²…
… … …
ਤੂੰ ਗਿਆਨ ਦੀ ਬਲੈਕ ਹੋਲ
ਜਿੱਥੇ ਆ ਕੇ
ਮੈਂ ਮੁਕਤ ਹੁੰਦਾ ਹਾਂ
ਆਪਣੀ ਹਉਂ ਦੇ
ਪ੍ਰਦੂਸ਼ਣ ਭਰੇ ਮਾਦੇ ਤੋਂ
ਤੇ ਸਮਾਉਂਦਾ ਹਾਂ ਤੇਰੇ ਵਿਚ
…. … … …
ਤੁੰ ਗਿਆਨ ਦਾ ਲਿੰਗਮ
ਮੈਂ ਸੱਕ ਕਰਾਂ
ਤੇ ਗਿਆਨ ਨਾਲ ਮੈਂ ਨਿੱਤ ਭਰਾਂ
… … … …
ਮੈਂ ਤੇਰੀ ਲੀਲਾ ਦਾ ਫੋਟੋਨ ਹਾਂ
ਮੇਰੀ ਕੁਅੰਟਮੀ ਸਪਿਨ ਨੂੰ
ਤੂੰ ਜਿਵੇਂ ਵੀ ਦੇਖੇਂ
ਮੈਂ ਉਵੇਂ ਦਿਖਾਂ
ਕਣ ਵੀ …ਲਹਿਰ ਵੀ
… … …
ਮੈਂ ਤੇਰੇ ਪਾਸਾਰ ਦਾ ਹਿੱਸਾ
ਤੂੰ ਮੇਰੇ ਪਾਸਾਰ ਦਾ ਹਿੱਸਾ
ਤੂੰ ਤੇ ਮੈਂ
ਮਿਲਦੇ ਉਥੇ
ਜਿੱਥੇ ਮੇਰੇ ਤੇਰੇ
ਕਾਇਆਵੀ ਕਣ ਇੱਕੋ ਜਹੇ ਨੇ
ਅਸੀਂ ਇਕ ਦੂਜੇ ਦੇ ਪੂਰਕ
ਤੂੰ ਮੇਰੇ ਪਾਸਾਰ ਦਾ ਹਿੱਸਾ
ਮੈਂ ਤੇਰੇ ਪਾਸਾਰ ਦਾ ਹਿੱਸਾ
… … … …
… … … …
0

ਗਰਦ
ਇਹ ਗਰਦ ਦੀ ਮਹੀਨ ਪਰਤ
ਜਿਸ ਥਾਂ ‘ਤੇ ਵੀ ਜੰਮਦੀ
ਸਰੂਪ ਧੁੰਦਲਾ ਕਰਦੀ
ਹੌਲੀ ਹੌਲੀ
ਬਦਲ ਦਿੰਦੀ ਹੈ ਸਭ ਕੁਝ
ਚਾਹੇ ਗ਼ਰਦ ਝਾੜੋ ਤਹਿ ਤੋਂ
ਫਿਰ ਵੀ ਹੇਠੋਂ
ਉਹ ਕੁਝ ਨਾ ਦਿਸਦਾ
ਹੁੰਦਾ ਹੇਠਾਂ ਜੋ ਲਿਸ਼ਕਦਾ/ਚਮਕਦਾ
ਗ਼ਰਦ ਦੀ ਪਰਤ ਜੰਮਣ ਤੋਂ ਪਹਿਲਾਂ
0

ਹੇ ਕਾਲ
ਮੈਂ ਤੈਨੂੰ ਇਕੋ ਪਲ ਦੇਖ ਰਿਹਾ ਹਾਂ
ਹਜ਼ਾਰਾਂ ਦਿਸ਼ਾਵਾਂ ਤੋਂ

ਤੇਰੀਆਂ ਅੱਖਾਂ ‘ਚ
ਖੌਫ਼, ਉਦਾਸੀ, ਆਨੰਦ, ਗੂੜਾ ਹਨੇਰਾ
ਤੇ ਅਨੰਤ

ਸਭ ਇਕ ਪਲ ‘ਚ ਕੈਦ
ਜਿਵੇਂ ਤੂੰ ਕੈਦ ‘ਚ ਹੋਵੇਂ
ਪਾਵੇ ਨਾਲ ਬੰਨਿਆ
ਸਿਰਫ਼ ਵਿਜੂਅਲ ਕਾਲ
0

ਤੂੰ
ਨਾ ਗਿਆਨ
ਨਾ ਅਗਿਆਨ ਕਾਰਨ ਹੈ

ਤੂੰ ਤਾਂ ਬਸ
ਮੇਰੇ ਜਿਸਮ ਦੀ ਕਿਤਾਬ ਨੂੰ
ਘੁਣ ਵਾਂਗ ਚੱਟ ਰਹੀ ਹੈਂ ਹਰ ਪਲ

ਤੇ ਉਹ ਗ਼ਰਦ
ਜੋ ਧੀਮੇ ਧੀਮੇ ਕਿਰਦਾ ਹੈ ਮੇਰੇ ‘ਚੋਂ

ਉਸ ਗ਼ਰਦ ਦੀ ਦਹਿਸ਼ਤ
ਕਿ ਮੈਂ ਹੁਣੇ ਹਾਂ
ਤੇ ਹੁਣੇ ਨਹੀਂ
0

ਨਹੀਂ
ਤੇਰੇ ਤੋਂ ਨਹੀਂ
ਮੈਂ ਤਾਂ ਇਸ ਲਈ ਡਰਦਾ ਹਾਂ
ਕਿ ਮੈਨੂੰ ਪਤਾ ਹੈ
ਕਿ ਤੂੰ ਆਉਣਾ ਹੈ ਇਕ ਦਿਨ

ਬਸ ਜੇ ਨਹੀਂ ਪਤਾ ਤਾਂ ਏਨਾ
ਕਿ ਕਦ ਆਉਣਾ ਹੈ
ਉਹ ਪਲ

ਮੈਂ ਤਾਂ
ਉਸ ਪਲ ਦੀ ਉਡੀਕ ‘ਚ ਡਰਦਾ ਹਾਂ
0

ਤੇਰੀ ਅਚਾਨਕ ਦਿੱਤੀ ਜਾਣ ਵਾਲੀ
ਦਸਤਕ ਦੇ ਡਰ ‘ਚੋਂ
ਮੈਂ ਜਿਊਣਾ ਚਾਹੁੰਦਾ ਹਾਂ
ਭਰਪੂਰ ਜ਼ਿੰਦਗੀ

ਤੇ ਫਿਰ
ਕਲਾ ਕਵਿਤਾ ਰਾਹੀਂ
ਵਾਹੁਣੀ ਚਾਹੁੰਦਾ ਹਾਂ ਮਹੀਨ ਜਹੀ ਲੀਕ
ਵਕਤ ਦੀ ਨੀਲ ਨਦੀ ‘ਤੇ

ਤੇਰੀ ਇਸ ਦਸਤਕ ਨੂੰ
ਇਹ ਧਰਮਾਂ ਕਰਮਾਂ ਵਾਲੇ
ਡਰਾਉਣ ਲਈ ਵਰਤਦੇ

ਅਗਲੇ ਜਨਮਾਂ ਦੇ ਸੁਪਨੇ ਦਿਖਾ
ਖੋਹ ਲੈਣ ਦੀ ਕੋਸ਼ਿਸ਼ ‘ਚ ਨੇ
ਇਹ ਜਨਮ
ਦੁੱਖ-ਸੁੱਖ
ਸੈਲੀਬਰੇਸ਼ਨ
ਐਨਰਜੀ

ਤੇ ਬਣਾ ਰਹੇ ਨੇ
ਜਿਊਂਦੀ ਦੇਹ ਨੂੰ ‘ਮੱਮੀ’
0

ਇਹ ਭੈਅ ਹੀ ਤਾਂ ਸੀ
ਕਿ ‘ਮੱਮੀ’ ਬਣਕੇ
ਫਿਰ ਤੋਂ ਜਿਊਣ ਦੀ ਲਾਲਸਾ ਜਾਗੀ
ਅਨੰਤ ਯਾਤਰਾ ‘ਚ
‘ਅਹਿੱਲ ਯਾਤਰੀ’ ਵਾਂਗ ਸ਼ਿਰਕਦ ਕਰਨ ਦੀ ਲਾਲਸਾ

ਭਰਪੂਰ ਜ਼ਿੰਦਗੀ ਦੀ
ਗਤੀਸ਼ੀਲਤਾ ਤੋਂ ਬਾਅਦ
ਪਿਰਾਮਿਡਾਂ ਥੱਲੇ…

… …
… …
ਪਰ ਇਹ ਕੰਬਖ਼ਤ ਵਕਤ
ਤੇ ਕੁਦਰਤ ਦੀ ਯਾਤਰਾ
ਕਿਵੇਂ ਪੁਰਜ਼ਾ ਪੁਰਜ਼ਾ ਕਰਵਾ ਦਿੰਦੀ ਹੈ
ਮੇਰੀ ਹੀ ਜ਼ਾਤ ਤੋਂ

ਮੌਤ ਤੋਂ ਪਾਰ ਹੋ ਕੇ ਵੀ
ਮੈਂ
ਮਹਾਂਮੌਤ ਦੀ ਜਕੜ ‘ਚ ਹਾਂ
0

ਉਸ ਪਲ
ਮੈਂ ਅੱਗ ਸਾਂ
ਫਟਦਾ ਜਵਾਲਾਮੁਖੀ
ਹਵਾ ਦੀ ਸ਼ਾਂ-ਸ਼ਾਂ
ਉਬਲਦਾ ਪਾਣੀ
ਤਪਦੀ ਰੇਤ
ਮੇਲ•ਦਾ ਨਾਗ
ਬੱਸ! ਖ਼ੁਦਾ ਸਾਂ ਮੈਂ ਉਸ ਪਲ

ਅਗਲੇ ਪਲ
ਮੈਂ ਜਲ ਸਾਂ
ਸਹਿਜ ਨਿਰਮਲ
ਸਮਾਨੰਤਰ ਰੇਖਾਵਾਂ ਵਰਗਾ
ਨਿਰਮੋਹ
ਨਿਰਵੈਰ
ਨਿਰ-ਆਕਾਰ ਸਾਂ
ਉਸ ਪਲ ਵੀ ਮੈਂ ਖ਼ੁਦਾ ਸਾਂ…
0

ਮੈਂ ਮਰ ਜਾਂਦੀ ਹਾਂ
ਪਿਆਰ ‘ਚ
ਤੇਰੀ ਹਿੰਸਾ ਕਾਰਨ

ਮੁਹੱਬਤ ਤੇ ਹਿੰਸਾ
ਇਕ ਨਹੀਂ ਹੁੰਦੇ
ਨਾਲ ਨਾਲ ਚਲਦੇ ਨੇ
0

ਉਦਾਸੀ ਦਾ ਚਿਤਰ

ਸਾਜ਼ ਜਦੋਂ ਉਦਾਸ ਹੁੰਦਾ ਹੈ
ਤਾਂ ਸਰੋਤਿਆਂ ਦੀਆਂ ਅੱਖਾਂ ‘ਚ
ਪਨਾਹ ਮੰਗਦਾ ਹੈ

ਜ਼ਖ਼ਮ ਜਦੋਂ ਉੱਚੜਦਾ ਹੈ
ਤਾਂ ਅਤੀਤ ਦੇ ਪਰਛਾਵਿਆਂ ਓਹਲੇ
ਖੁਸ਼ਗਵਾਰ ਪਲਾਂ ਦੀ ਸਾਂਝ ਲਈ
ਬਿਹਬਲ ਜਹੇ ਗੀਤ ਵਾਂਗ
ਮੱਥੇ ਦੀਆਂ ਨਾੜਾਂ ‘ਚ
ਚੀਕ ਬਣ ਲਰਜ਼ਦਾ ਹੈ

ਮਨ ਜਦੋਂ ਸ਼ਾਂਤ ਹੁੰਦਾ ਹੈ
ਤਾਂ ਗਹਿਰਾ – ਧੁਰ ਅੰਦਰ ਕਿਤੇ
ਗਰਮ ਲਾਵਾ ਖੌਲ ਰਿਹਾ ਹੁੰਦਾ ਹੈ

ਤਨ ਜਦ ਸਿਥਲ ਹੁੰਦਾ ਹੈ
ਤਾਂ ਅੰਦਰੋਂ ਕਿਸੇ ਕੋਨੇ ‘ਚੋਂ
ਪਾਰਾ ਬਾਹਰ ਡੁੱਲਣ ਲਈ ਬਿਹਬਲ ਹੁੰਦਾ ਹੈ
ਯਾਦ ਜਦ ਸਫ਼ਰ ਹੁੰਦੀ ਹੈ
ਤਾਂ ਜਿਸਮ
ਹਜ਼ਾਰਾਂ ਕੋਹਾਂ ਦੀ ਦੂਰੀ
ਕੈਨਵਸ ਵਰਗੇ ਅੰਤਰਮਨ ਤੇ
ਗਤੀਸ਼ੀਲ ਲਕੀਰਾਂ ਬਣ ਤੈਅ ਕਰਦਾ ਹੈ
ਤੇ ਉਦਾਸੀ ਦਾ ਚਿਤਰ ਉਲੀਕਦਾ ਹੈ

0
ਬੂੰਦਾਂ ਦੀ ਲਗਾਤਾਰਤਾ ਨੇ
ਸਿੱਲੀ ਸਿੱਲੀ ਹੋਂਦ ਨੇ
ਪੱਥਰਾਂ ਤੇ
ਉਗਾ ਦਿੱਤੀ ਹੈ ਹਰੀ ਹਰੀ ਕਾਈ
ਫੁੱਟ ਪਏ ਨੇ ਨਿੱਕੇ ਨਿੱਕੇ ਪੱਤੇ
-ਹਰੇ ਕਚੂਰ
ਕੀ ਇਹ ਪੱਥਰ ਹੀ ਨੇ?
0

ਸ਼ੌਪਿੰਗ

ਸਰ ਕੀ ਚਾਹੀਦੈ
ਬੱਸ ਇਕ ਬੱਚਾ –
ਅਰਸਤੂ ਆਈਨਸਟਾਈਨ
ਪੈਨਰੋਜ਼ ਦੇ ਦਿਮਾਗ
ਇਰੋਸ ਹੈਲਨ ਦੀ ਖ਼ੂਬਸੂਰਤੀ
ਭਰ ਦਿਓ ਉਸ ਅੰਦਰ
ਹੁਣ ਤੱਕ ਦੇ ਸ਼ਕਤੀਵਰ ਜਿਸਮ
ਤੇਜ਼ਤਰ ਦਿਮਾਗ਼
ਅਨੰਤ ਸੁੰਦਰਤਾ
ਸਭ ਅਮੀਰਾਂ ਦੀ ਸ਼ਾਤਰਤਾ ਦੇ ਸੈਂਪਲ
ਬੱਚਾ ਹੋਵੇ ਤਾਂ ਉਹੀ ਹੋਵੇ
ਸਰ ਹੋ ਜਾਵੇਗਾ
ਪਰ ਕੀ ਕਰੋਗੇ?
ਇਹ ਸਭ ਤਾਂ ਪਹਿਲਾਂ ਵੀ ਸਨ
ਹਾਂ ਇਹ ਸਾਮੂਹਿਕ ਕਲੋਨ
ਹੋਵੇਗਾ ਤੇ ਕਲੋਨ ਹੀ!!
0

ਕਿਤਾਬ ਜਾਗਦੀ ਹੈ

ਖਰੀਦੋ- ਰੱਖੋ
ਪੜੋ ਨਾ ਪੜੋ
ਘਰ ਦੇ ਰੈਕ ‘ਚ ਰੱਖੋ
ਰੱਖੋ ਤੇ ਭੁੱਲ ਜਾਓ
ਜੇ ਤੁਸੀਂ ਪੜ ਨਹੀਂ ਸਕਦੇ
ਯਾਦ ਨਹੀਂ ਰੱਖ ਸਕਦੇ
ਸੌਣ ਦਿਓ ਕਿਤਾਬ ਨੂੰ
ਮਹੀਨੇ ਸਾਹਲ ਪੀੜੀ ਦਰ ਪੀੜੀ
ਉਡੀਕ ਕਰੋ
ਜਾਗੇਗੀ ਕਿਤਾਬ

ਕਿਸੇ ਦਿਨ ਕਿਸੇ ਪਲ
ਪੜੇਗਾ ਕੋਈ
ਜਿਸਨੇ ਨਹੀ ਖਰੀਦਣੀ ਸੀ
ਇਹ ਕਿਤਾਬ
0

ਮਾਂ

ਮੈਂ ਜਾਣਦਾ ਹਾਂ
ਕਿ ਤੇਰੇ ਜਾਣ ਤੋਂ ਬਾਦ ਦਾ
ਹਰ ਪਲ
ਹਰ ਕਿਰਿਆ
ਹਰ ਕਰਮ
ਤੇਰੇ ਹੋਰ ਨੇੜੇ ਲੈ ਜਾਂਦਾ ਹੈ
ਤੇਰਾ ਜਾਣਾ
ਅਗਨ ਪ੍ਰਵਾਹ ਹੋਣਾ
ਰੰਗਾ ਜਾ ਰਲਨਾ
… … …
ਪਿੰਡ ਦਾਨ
ਗਊ ਦਾਨ
ਮੰਤਰ-ਪਾਠ
ਹਰੀ ਚਰਨਾਂ ‘ਚ ਜਾਣ ਦੇ
ਸੰਕੇਤਾਂ ਨਾਲ ਮੈਂ
ਤੇਰੇ ਹੋਰ ਨੇੜੇ ਜਾਂਦਾ ਹਾਂ
ਤੇਰੀ ਰੂਹ ਜਿਸਮ ਦੇ ਜਾਣ ਨਾਲ
ਮੈਂ ਧਰਮਾਂ ਦੇ ਕਥਨਾਂ ਅਨੁਸਾਰ
ਭੇਜ ਰਿਹਾ ਹਾਂ ਦੂਰ
ਇਕ ਸ਼ਾਂਤ ਜਗਾ
ਦੇਵ ਲੋਕ
ਸ਼ਾਂਤ ਲੋਕ
ਪਰ ਦਰਅਸਲ ਤੂੰ
ਮੇਰਾ ਹੀ ਹਿੱਸਾ ਹੈਂ
ਵੱਖ ਕਿਵੇਂ ਹੋਵਾਂਗੇ
ਕੀ ਹੋ ਸਕਾਂਗੇ?
ਤੂੰ ਪ੍ਰੇਰਨਾ ਹੈਂ
ਐਨਰਜੀ ਹੈਂ
ਸਦੀਆਂ ਤੋਂ ਵਿਛਾਈ ਜਾ ਰਹੀ
ਉਸ ਵਿੱਦਿਆ ਦਾ ਹਿੱਸਾ
ਜੋ ਅਦਿੱਖ
ਅਧਿਆਪਕਾਂ ਨੇ ਦਿੱਤੀ
ਜਾਂ ਆਪ ਸਿੱਖੀ ਤੂੰ
ਤੇ ਦਿੱਤੀ ਮੈਨੂੰ…

ਮਾਂ –

ਸਭ ਦੁੱਖ ਤਸੀਹੇ
ਸਹਿਣ ਦੇ ਜੰਮਣ ਦੇ
ਪਾਲਣ ਪੋਸ਼ਣ ਦੇ
ਤੇਰੇ ਲਈ ਮਾਂ

ਸਭ ਸੁਆਦ ਆਨੰਦ
ਤੇ ਹੁਕਮ ਪਿਓ ਦੇ ਨਾਂ

ਸਭ ਗਾਲਾਂ ਮਾਂ ਦੇ ਨਾਂ
ਔਰਤ ਦੇ ਨਾਂ

ਤੇ ਗਾਲਾਂ ਕੱਢਣ ਦਾ ਸੁਆਦ
ਮਰਦ ਦੇ ਖਚਰੇ ਹਾਸੇ ਦੇ ਨਾਂ
0
ਨਰਸ ਮਾਂ

ਬੈੱਡ ਉੱਚਾ ਕਰੋ
ਨੀਵਾਂ ਕਰੋ
ਬਿਠਾ ਦਿਓ – ਸੁਆ ਦਿਓ
ਮੈਨੂੰ ਯੁਰਿਨ ਆਇਆ
ਸਟੂਲ ਪਾਸ ਕਰਾਓ
ਮੇਰਾ ਗਲ਼ ਸੁੱਕ ਰਿਹਾ – ਪਾਣੀ ਦਿਓ
ਚਾਹ ਠੰਡੀ ਹੈ – ਮੈਂ ਨਹੀਂ ਪੀਣੀ
ਆਹ ਕਰੋ – ਔਹ ਕਰੋ
ਮੈਨੂੰ ਘਰ ਜਾਣ ਦਿਓ
… … …
ਕਿੰਨੇ ਸੁਆਲ ਬੱਚਿਆਂ ਵਾਂਗ ਕਰਦੇ ਹਾਂ ਅਸੀਂ
ਹਸਪਤਾਲ ਦੇ ਵਾਰਡ ‘ਚ
ਗੱਲ ਗੱਲ ਤੇ ਚੀਕਦੇ – ਕ੍ਰਾਹੁੰਦੇ
ਆਪਣੀ ਜ਼ਿੰਦਗੀ ਦੇ ਬੀਤੇ ਨੂੰ
ਉਜਾਗਰ ਕਰਦੇ
ਆਪਣੀ ਹਉਂ ਨੂੰ ਪੱਠੇ ਪਾਉਂਦੇ…

ਤੇ ਨਰਸ ਕਿੰਨੇ ਸਹਿਜ ਨਾਲ
ਹੱਲ ਕਰਦੀ ਹੈ ਸਭ
ਨਾ ਚਿਹਰੇ ਤੇ ਕੋਈ ਸ਼ਿਕਨ
ਨਾ ਹੱਥਾਂ ‘ਚ ਕੋਈ ਝਿਜਕ
ਨਾ ਦੇਰੀ ਕਿਸੇ ਕੰਮ ‘ਚ
ਤੇ ਇਸ ਤੋਂ ਇਲਾਵਾ
ਉਹ ਵੀ ਹੱਲ ਕਰਦੀ
ਜੋ ਨਾ ਜਾਣਦੇ ਅਸੀਂ
ਕਦੇ ਬੀ.ਪੀ. ਚੈਕਅੱਪ
ਕਦੇ ਈ.ਸੀ.ਜੀ.
ਕਦੇ ਦਵਾਈ
ਕਦੇ ਟੀਕੇ
ਜਗਾਉਣਾ ਧੁਆਉਣਾ
ਖਾਣਾ ਖਿਲਾਉਣਾ
ਚਮਚੇ ਮੂੰਹੀਂ ਪਾਉਣਾ
ਸਾਡੇ ਤਨ ਮਨ ਦੀ ਹਰ ਹਰਕਤ ਮੁਤਾਬਕ
ਢੁੱਕਦਾ ਇੰਤਜ਼ਾਮ ਕਰਨਾ
… … …
ਏਨਾ ਕੁਝ ਤਾਂ
ਮਾਂ ਵੀ ਨਹੀਂ ਕਰਦੀ ਹਰ ਵੇਲੇ…
ਇਹ ਮਾਵਾਂ ਧੰਨ ਨੇ
ਅੱਧਖੜ ਬੁੱਢਿਆਂ ਦੇ
ਬੱਚਿਆਂ ਵਾਂਗ ਕੀਤੇ
ਸਭ ਸੁਆਲਾਂ-ਜ਼ਿਦਾਂ ਦੇ
ਹੱਲ ਕੱਢਦੀਆਂ ਨੇ
ਬਿਨਾਂ ਲੋਰੀ ਦਿੱਤਿਆਂ ਹੀ…
ਇਹ ਨਰਸਾਂ ਮਾਵਾਂ
ਰਿਸ਼ਤਿਆਂ, ਜਾਤਾਂ, ਪਰਿਵਾਰਾਂ
ਦੇਸ਼ਾਂ-ਕੌਮਾਂ ਤੋਂ ਪਾਰ
ਸਭ ਸਾਂਭਦੀਆਂ
ਇਹ ਗਲੋਬਲ ਮਾਵਾਂ…
0

No comments yet»

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: