ਨਾਦ
contemporary punjabi poetryਸੁਰਜੀਤ ਪਾਤਰ
ਸੁਰਜੀਤ ਪਾਤਰ ਆਧੁਨਿਕ ਪੰਜਾਬੀ ਕਵਿਤਾ ਦਾ ਸਿਰਲੇਖ ਕਹੇ ਜਾ ਸਕਦੇ ਹਨ। ਇਕ ਲਿਹਾਜ਼ ਨਾਲ ਨਵੀਂ ਕਵਿਤਾ ਦਾ ਪੂਰਾ ਮੌਜੂਦਾ ਦੌਰ ਹੀ ਉਨ੍ਹਾਂ ਦੇ ਨਾਂ ਕੀਤਾ ਜਾ ਸਕਦਾ ਹੈ। ਉਹ ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ ਦਾ ਅਤਿ ਸੁੰਦਰ ਸੁਮੇਲ ਹਨ। ਉਨ੍ਹਾਂ ਤੋਂ ਪਹਿਲਾਂ ਵੀ ਭਾਵੇਂ ਕੁਝ ਸ਼ਾਇਰ ਪੰਜਾਬੀ ਵਿਚ ਗਜ਼ਲ ਲਿਖ ਰਹੇ ਸਨ। ਪਰ ਪੰਜਾਬੀ ਗਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦੁਆਉਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਇਸ ਕਰਕੇ ਜੇ ਉਨ੍ਹਾਂ ਨੂੰ ਜੇ ਪੰਜਾਬੀ ਗਜ਼ਲ ਦਾ ਪਿਤਾਮਾ ਵੀ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ, ਬੇਸ਼ੱਕ ਪੰਜਾਬੀ ਵਿਚ ਗਜ਼ਲ ਉਨ੍ਹਾਂ ਤੋਂ ਪਹਿਲਾਂ ਵੀ ਕਈ ਸ਼ਾਇਰਾਂ ਨੇ ਲਿਖਣੀ ਸ਼ੁਰੂ ਕਰ ਦਿਤੀ ਸੀ। ਸੁਰਜੀਤ ਪਾਤਰ ਦੀ ਸ਼ਾਇਰੀ ਨੇ ਪੰਜਾਬ ਦੇ ਨਵੇਂ ਸ਼ਾਇਰਾਂ ਦੀ ਇਕ ਪੂਰੀ ਪੀੜ੍ਹੀ ਨੂੰ ਪ੍ਰਭਾਵਿਤ ਕੀਤਾ ਹੈ। ਉਨਾਂ ਦੀਆਂ ਕੁਝ ਚੋਣਵੀਆਂ ਕਵਿਤਾਵਾਂ:
ਖ਼ਤਾਂ ਦੀ ਉਡੀਕ
ਇਸ ਨਗਰੀ ਤੇਰਾ ਜੀ ਨਹੀਂ ਲਗਦਾ
ਇਕ ਚੜ੍ਹਦੀ ਇਕ ਲਹਿੰਦੀ ਏ
ਤੈਨੂੰ ਰੋਜ਼ ਉਡੀਕ ਖ਼ਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਏ
ਇਕ ਖ਼ਤ ਆਵੇ ਧੁੱਪ ਦਾ ਲਿਖਿਆ
ਮਹਿੰਦੀ-ਰੰਗੇ ਪੰਨੇ ‘ਤੇ
ਤੇਰੇ ਵਿਹੜੇ ਬੂਟਾ ਬਣ ਕੇ
ਉਗ ਆਵਾਂ ਜੇ ਮੰਨੇ ‘ਤੇ
ਇਕ ਖ਼ਤ ਆਵੇ ਮਾਂ-ਜਾਈ ਦਾ
ਬਾਂਝ ਵਿਯੋਗਣ ਰੁੱਤੇ ਵੀ
ਵੀਰਾ ਪੱਤ ਸ਼ਰੀਂਹ ਦੇ ਬੱਝ ਗਏ
ਮੇਰੇ ਬੂਹੇ ਉੱਤੇ ਵੀ
ਇਕ ਖ਼ਤ ਆਵੇ ਜਿਸ ਵਿਚ ਹੋਵੇ
ਤੇਰੇ ਨਾਂ ਇਤਿਹਾਸ ਦਾ ਬੋਲ
ਤੇਰੀ ਰਚਨਾ ਦੀ ਵਡਿਆਈ
ਤੇਰੇ ਮਹਾਂ ਵਿਕਾਸ ਦਾ ਬੋਲ
ਇਹ ਖ਼ਤ ਆਵਣਗੇ ਤਾਂ ਆਖ਼ਰ
ਲਿਖ ਲਿਖ ਲੋਕੀਂ ਪਾਵਣਗੇ
ਤੇਰੇ ਚਾਹੇ ਖ਼ਤ ਨੇ ਐਪਰ
ਹੋਰ ਕਿਸੇ ਘਰ ਜਾਵਣਗੇ
ਪਰ ਤੂੰ ਆਸ ਨ ਛੱਡੀਂ ਆਖ਼ਰ
ਤੈਨੂੰ ਵੀ ਖ਼ਤ ਆਵੇਗਾ
ਤੇਰਾ ਲਗਦਾ ਕੋਈ ਤਾਂ ਆਖ਼ਰ
ਲਿਖ ਲਿਖ ਚਿੱਠੀਆਂ ਪਾਵੇਗਾ
ਖ਼ਤ ਆਵੇਗਾ ਰਾਤ ਬਰਾਤੇ
ਖ਼ਤ ਆਵੇਗਾ ਅੰਮੀ ਦਾ
ਪੁੱਤਰਾ ਇਉਂ ਨਹੀਂ ਭੁੱਲ ਜਾਈਦਾ
ਜਿਹੜੀ ਕੁੱਖੋਂ ਜੰਮੀਦਾ
ਖੜਾ ਖੜੋਤਾ ਹਾਲ ਤਾਂ ਪੁੱਛ ਜਾ
ਬੁੱਢੀ ਜਾਨ ਨਿਕੰਮੀ ਦਾ
ਉਮਰਾਂ ਵਾਂਗੂੰ ਅੰਤ ਵੀ ਹੁੰਦਾ
ਕਿਤੇ ਉਦਾਸੀ ਲੰਮੀ ਦਾ
ਖ਼ਤ ਆਵੇਗਾ ਬਹੁਤ ਕੁਵੇਲੇ
ਧਰਤੀਓਂ ਲੰਮੀ ਛਾਂ ਦਾ ਖ਼ਤ
ਚੁੱਪ ਦੇ ਸਫ਼ਿਆਂ ਉਤੇ ਲਿਖਿਆ
ਉਜੜੀ ਸੁੰਨ ਸਰਾਂ ਦਾ ਖ਼ਤ
ਇਕ ਬੇਨਕਸ਼ ਖ਼ਿਲਾਅ ਦਾ ਲਿਖਿਆ
ਤੇਰੇ ਅਸਲੀ ਨਾਂ ਦਾ ਖ਼ਤ
ਲੋਕ ਕਹਿਣਗੇ ਕਬਰ ਦਾ ਖ਼ਤ ਹੈ
ਤੂੰ ਆਖੇਂਗਾ ਮਾਂ ਦਾ ਖ਼ਤ
ਖ਼ਤ ਖੁੱਲ੍ਹੇਗਾ ਖ਼ਤ ਵਿਚੋਂ ਇਕ
ਹੱਥ ਉਠੇਗਾ ਸ਼ਾਮ ਜਿਹਾ
ਤੇਰੇ ਪਿੰਜਰ ਨੂੰ ਫੋਲੇਗਾ
ਬੇਕਿਰਕਾ ਬੇ’ਰਾਮ ਜਿਹਾ
ਤੇਰੇ ਅੰਦਰੋਂ ਚੀਸ ਉੱਠੇਗੀ
ਮਚ ਜਾਊ ਕੁਹਰਾਮ ਜਿਹਾ
ਤੇਰੇ ਅੰਦਰੋਂ ਪੰਛੀ ਉਡ ਉਡ
ਭਰ ਜਾਊ ਅਸਮਾਨ ਜਿਹਾ
ਜਿਹੜਾ ਕਦੀ ਨਹੀਂ ਸੀ ਉਠਿਆ
ਉੱਠੂ ਦਰਦ ਬੇਨਾਮ ਜਿਹਾ
ਪਰ ਫਿਰ ਤੇਰੀ ਤਪਦੀ ਰੂਹ ਨੂੰ
ਆ ਜਾਊ ਆਰਾਮ ਜਿਹਾ
ਉਸ ਤੋਂ ਮਗਰੋਂ ਨਾ ਕੋਈ ਨਗਰੀ
ਨਾ ਕੋਈ ਸੰਝ ਸਵੇਰਾ ਹੀ
ਨਾ ਕੋਈ ਫੇਰ ਉਡੀਕ ਖ਼ਤਾਂ ਦੀ
ਨਾ ਕੋਈ ਤੂੰ ਨਾ ਤੇਰਾ ਜੀ
ਇਸ ਨਗਰੀ ਤੇਰਾ ਜੀ ਨਹੀਂ ਲਗਦਾ
ਇਕ ਚੜ੍ਹਦੀ ਇਕ ਲਹਿੰਦੀ ਏ
ਤੈਨੂੰ ਰੋਜ਼ ਉਡੀਕ ਖ਼ਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਏ
0
ਸੁੰਨੇ ਸੁੰਨੇ ਰਾਹਾਂ ਵਿਚ
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ
ਕੱਚੀਆਂ ਸੀ ਕੰਧਾਂ ਉਹਦਾ ਥੋੜਾ ਜਿਹਾ ਦਰ ਸੀ
ਅੰਮੀ ਮੇਰੀ ਚਿੰਤਾ ਸੀ ਬਾਪੂ ਮੇਰਾ ਡਰ ਸੀ
ਓਦੋਂ ਮੇਰੀ ਅਉਧ ਯਾਰੋ ਐਵੇਂ ਫੁੱਲ ਭਰ ਸੀ
ਜਦੋਂ ਦਾ ਅਸਾਡੇ ਨਾਲ ਖ਼ੁਸ਼ੀਆਂ ਨੂੰ ਵੈਰ ਏ…
ਦੋਦਲੀ ਦਸੂਤੀ ਫੁੱਲ ਪਾਉਣ ਭੈਣਾਂ ਮੇਰੀਆਂ
ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ
ਕੰਧਾਂ ਨਾਲੋਂ ਉੱਚੀਆਂ ਧਰੇਕਾਂ ਹੋਈਆਂ ਤੇਰੀਆਂ
ਤੋਰ ਡੋਲੀ ਤੋਰ ਹੁਣ ਕਾਹਦੀਆਂ ਨੇ ਦੇਰੀਆਂ
ਸਾਹ ਲੈ ਲੋਕਾ ਹਾਲੇ ਮੇਰੀ ਲੇਖਾਂ ਨਾਲ ਕੈੜ ਏ…
ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ
ਸੂਰਜ ਦੇ ਚੜ੍ਹਨ ‘ਚ ਹਾਲੇ ਬੜੀ ਦੇਰ ਸੀ
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ
ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ
ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ…
ਕਿੱਥੋਂ ਦਿਆਂ ਪੰਛੀਆਂ ਨੂੰ ਕਿਥੋਂ ਚੋਗਾ ਲੱਭਿਆ
ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ
ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ
ਡੂੰਘਾ ਮੇਰੀ ਹਿੱਕ ‘ਚ ਤਰੰਗਾ ਗਿਆ ਗੱਡਿਆ
ਝੁਲ ਓ ਤਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ…
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ।
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ।
0
ਘਰਰ ਘਰਰ
ਮੈਂ ਛਤਰੀ ਕੁ ਜਿੱਡਾ ਆਕਾਸ਼ ਹਾਂ ਗੂੰਜਦਾ ਹੋਇਆ
ਹਵਾ ਦੀ ਸਾਂ ਸਾਂ ਦਾ ਪੰਜਾਬੀ ਵਿਚ ਅਨੁਵਾਦ ਕਰਦਾ
ਅਜੀਬੋ ਗਰੀਬ ਦਰਖ਼ਤ ਹਾਂ
ਹਜ਼ਾਰਾਂ ਰੰਗ ਬਰੰਗੇ ਫਿਕਰਿਆਂ ਨਾਲ ਵਿੰਨ੍ਹਿਆਂ
ਨਿੱਕਾ ਜਿਹਾ ਭੀਸ਼ਮ ਪਿਤਾਮਾ ਹਾਂ
ਮੈਂ ਤੁਹਾਡੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ?
ਮਹਾਤਮਾ ਬੁੱਧ ਤੇ ਗੁਰੂ ਗੋਬਿੰਦ ਸਿੰਘ
ਪਰਮੋ ਧਰਮ ਅਹਿੰਸਾ ਅਤੇ ਬੇਦਾਗ਼ ਲਿਸ਼ਕਦੀ ਸ਼ਮਸ਼ੀਰ ਦੀ
ਮੁਲਾਕਾਤ ਦੇ ਵੈਨਿਊ ਲਈ ਮੈਂ ਬਹੁਤ ਗ਼ਲਤ ਸ਼ਹਿਰ ਹਾਂ
ਮੇਰੇ ਲਈ ਤਾਂ ਬੀਵੀ ਦੀ ਗਲਵੱਕੜੀ ਵੀ ਕਟਹਿਰਾ ਹੈ
ਕਲਾਸ ਰੂਮ ਦਾ ਲੈਕਚਰ-ਸਟੈਂਡ ਵੀ
ਤੇ ਚੌਰਾਹੇ ਦੀ ਰੇਲਿੰਗ ਵੀ
ਮੈਂ ਤੁਹਾਡੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ?
ਮੇਰੇ ‘ਚੋਂ ਨਹਿਰੂ ਵੀ ਬੋਲਦਾ ਹੈ, ਮਾਓ ਵੀ
ਕ੍ਰਿਸ਼ਨ ਵੀ ਬੋਲਦਾ ਹੈ ਕਾਮੂ ਵੀ
ਵਾਇਸ ਆਫ਼ ਅਮੈਰਿਕਾ ਵੀ, ਬੀ.ਬੀ.ਸੀ. ਵੀ
ਮੇਰੇ ‘ਚੋਂ ਬਹੁਤ ਕੁਝ ਬੋਲਦਾ ਹੈ
ਨਹੀਂ ਬੋਲਦਾ ਤਾਂ ਬੱਸ ਮੈਂ ਹੀ ਨਹੀਂ ਬੋਲਦਾ
ਮੈਂ 8 ਬੈਂਡ ਦਾ ਸ਼ਕਤੀਸ਼ਾਲੀ ਬੁੱਧੀਜੀਵੀ
ਮੇਰੀਆਂ ਨਾੜਾਂ ਦੀ ਘਰਰ ਘਰਰ ਸ਼ਾਇਦ ਮੇਰੀ ਹੈ
ਮੇਰੀਆਂ ਹੱਡੀਆਂ ਦਾ ਤਾਪ ਸੰਤਾਪ ਸ਼ਾਇਦ ਮੌਲਿਕ ਹੈ
ਮੇਰਾ ਇਤਿਹਾਸ ਵਰ੍ਹਿਆਂ ‘ਚ ਬਹੁਤ ਲੰਮਾ ਹੈ
ਕਾਰਜਾਂ ‘ਚ ਬਹੁਤ ਨਿੱਕਾ:
ਜਦੋਂ ਮਾਂ ਨੂੰ ਖ਼ੂਨ ਦੀ ਲੋੜ ਸੀ
ਮੈਂ ਕਿਤਾਬ ਬਣ ਗਿਆ
ਜਦੋਂ ਪਿਉ ਨੂੰ ਡੰਗੋਰੀ ਚਾਹੀਦੀ ਸੀ
ਮੈਂ ਬਿਜਲੀ ਦੀ ਲੀਕ ਵਾਂਗ ਲਿਸ਼ਕਿਆ ਤੇ ਬੋਲਿਆ:
ਕਪਲ ਵਸਤੂ ਦੇ ਸ਼ਧੋਧਨ ਦਾ ਧਿਆਨ ਧਰੋ
ਮਾਛੀਵਾੜੇ ਵੱਲ ਨਜ਼ਰ ਕਰੋ
ਗੀਤਾ ਪੜ੍ਹੀ ਹੈ ਤਾਂ ਵਿਚਾਰੋ ਵੀ :
ਕੁਰੂ ਕਰਮਾਣੀ ਸੰਗਮ ਤਿਕਤਵਾ…
ਇਹੋ ਜਿਹਾ ਬਹੁਤ ਕੁਝ ਜੋ ਮੇਰੀ ਵੀ ਸਮਝੋ ਬਾਹਰ ਸੀ
ਰਾਹ ਵਿਚ ਰੂਪੋਸ਼ ਯਾਰ ਮਿਲੇ
ਉਨ੍ਹਾਂ ਪੁੱਛਿਆ:
ਸਾਡੇ ਨਾਲ ਸਲੀਬ ਤੱਕ ਚੱਲੇਂਗਾ –
ਕਾਤਲਾਂ ਦੇ ਕਤਲ ਨੂੰ ਅਹਿੰਸਾ ਸਮਝੇਂਗਾ?
ਗੁਮਨਾਮ ਬਿਰਖ ਨਾਲ ਪੁੱਠਾ ਲਟਕ ਕੇ
ਮਸੀਹੀ ਅੰਦਾਜ਼ ਵਿਚ
ਸਰਕੜੇ ਨੂੰ ਭਾਸ਼ਨ ਦਵੇਂਗਾ?
ਉੱਤਰ ਵਜੋਂ ਮੇਰੇ ਅੰਦਰ
ਅਨੇਕਾਂ ਤਸਵੀਰਾਂ ਉਲਝ ਗਈਆਂ
ਮੈਂ ਕਈ ਫ਼ਲਸਫ਼ਿਆਂ ਦਾ ਕੋਲਾਜ ਜਿਹਾ ਬਣ ਗਿਆ
ਤੇ ਅਜਕਲ੍ਹ ਕਹਿੰਦਾ ਫਿਰਦਾ ਹਾਂ:
ਸਹੀ ਦੁਸ਼ਮਣ ਦੀ ਤਲਾਸ਼ ਕਰੋ
ਹਰੇਕ ਆਲਮਗੀਰ ਔਰੰਗਜ਼ੇਬ ਨਹੀਂ ਹੁੰਦਾ
ਜੰਗਲ ਸੁੱਕੇ ਰਹੇ ਨੇ
ਬੰਸਰੀ ‘ਤੇ ਮਲਹਾਰ ਵਜਾਓ
ਪ੍ਰੇਤ ਬੰਦੂਕਾਂ ਨਾਲ ਨਹੀਂ ਮਰਦੇ
ਮੇਰੀ ਹਰ ਕਵਿਤਾ ਪ੍ਰੇਤਾਂ ਨੂੰ ਮਾਰਨ ਦਾ ਮੰਤਰ ਹੈ
ਮਸਲਨ ਉਹ ਵੀ
ਜਿਸ ਵਿਚ ਮੁਹੱਬਤ ਆਖਦੀ ਹੈ:
ਮੈਂ ਘਟਨਾ-ਘਿਰੀ ਗੱਡੀ ਦਾ ਅਗਲਾ ਸਟੇਸ਼ਨ ਹਾਂ
ਮੈਂ ਰੇਗਿਸਤਾਨ ‘ਤੇ ਬਣਿਆ ਪੁਲ ਹਾਂ
ਮੈਂ ਮਰ ਚੁੱਕੇ ਬੱਚੇ ਦੀ ਤੋਤਲੀ ਤਲੀ ‘ਤੇ
ਲੰਮੀ ਉਮਰ ਦੀ ਰੇਖਾ ਹਾਂ
ਮੈਂ ਮੋਈ ਔਰਤ ਦੀ ਰਿਕਾਰਡ ਕੀਤੀ ਹੱਸਦੀ
ਆਵਾਜ਼ ਹਾਂ:
ਆਪਾਂ ਹੁਣ ਕੱਲ੍ਹ ਮਿਲਾਂਗੇ।
0
ਪਿਤਾ ਦੀ ਅਰਦਾਸ
ਪ੍ਰਭੂ ਜੀ, ਉਹ ਕਦ ਖੁਲ੍ਹਣਾ ਏ ਦੁਆਰਾ
ਆਪੇ ਸਾਜ਼ ਜਿੱਥੇ ਹਰ ਬੂਟਾ
ਆਪੇ ਵਾਵਨਹਾਰਾ
ਰਾਤ ਪਿਤਾ ਉਸ ਦੁਆਰੇ ਲਾਗੇ
ਥੱਕ ਹਾਰ ਕੇ ਬਹਿ ਗਏ
ਬੋਲ ਬੁਲ੍ਹਾਂ ‘ਚੋਂ ਮੁਕ ਗਏ ਸਾਰੇ
ਬੁੱਲ੍ਹ ਫਰਕਦੇ ਰਹਿ ਗਏ
ਸਾਗਰ ਦੇ ਵਿਚ ਕਦ ਰਲਣਾ ਏਂ
ਹੋਂਦ ਦਾ ਹੰਝੂ ਖਾਰਾ
ਖੋਲ੍ਹ ਸਮੁੰਦਰ ਪੌਣ ਦੇ
ਮੇਰੇ ਸਾਹਾਂ ਦੇ ਲਈ ਬੂਹੇ
ਬੇਹੀ ਦੇਹੀ ਖ਼ਾਕ ‘ਚ ਰਲ ਕੇ
ਫੁੱਲ ਖਿੜੇ ਬਣ ਸੂਹੇ
ਮੈਲਾ ਪਾਣੀ ਬਲ ਕੇ ਹੋਵੇ
ਕਣੀਆਂ ਵਾਂਗ ਕੁਆਰਾ
ਹੁਣ ਨਾ ਹੱਥਾਂ ਪਲੰਘ ਬਣਾਉਣੇ
ਨਾ ਰੰਗਲੇ ਪੰਘੂੜੇ
ਨਾ ਉਹ ਫੱਟੀਆਂ ਜਿਨ੍ਹਾਂ ‘ਤੇ ਲਿਖਣੇ
ਬਾਲਾਂ ਪਹਿਲੇ ਊੜੇ
ਹੁਣ ਤਾਂ ਅਪਣੀ ਦੇਹੀ ਰੁੱਖ ਹੈ
ਤੇ ਸਾਹਾਂ ਦਾ ਆਰਾ
ਇਕ ਜੰਗਲ ਹੈ ਜਿਸ ਦੇ ਹਰ ਇਕ
ਰੁੱਖ ਦਾ ਅਰਥ ਹੈ ਅਰਥੀ
ਹਰ ਬੂਟੇ ‘ਤੇ ਨਾਮ ਕਿਸੇ ਦਾ
ਇਕ ਬੂਟਾ ਜੀ ਪਰਤੀ
ਉਸ ਜੰਗਲ ਵਿਚ ਚਲਦਾ ਰਹਿੰਦਾ
ਸਾਰੀ ਰਾਤ ਕੁਹਾੜਾ
ਪ੍ਰਭੂ ਜੀ, ਉਹ ਕਦ ਖੁੱਲ੍ਹਣਾ ਏ ਦੁਆਰਾ
ਜਿੱਥੇ ਸਾਜ਼ ਆਪੇ ਹਰ ਬੂਟਾ
ਆਪੇ ਵਾਵਨਹਾਰਾ
0
ਮੈਂ ਛੁਹਣ ਲੱਗਾ ਤੈਨੂੰ
ਮੈਂ ਛੁਹਣ ਲੱਗਾ ਤੈਨੂੰ
ਬਹੁ-ਚੀਤਕਾਰ ਹੋਇਆ
ਅੰਧੇਰ ਤੜਪ ਉੱਠੇ
ਸੌ ਸੰਖ ਨਾਦ ਵਿਲਕੇ
ਘੜਿਆਲ ਖੜਕ ਉਠੇ
ਚੁੱਲ੍ਹਿਓਂ ਨਿਕਲ ਮੁਆਤੇ
ਮਾਵਾਂ
ਪਤਨੀਆਂ
ਭੈਣਾਂ
ਦੇ ਸੀਨਿਆਂ ‘ਚ ਸੁਲਗੇ
ਇਕ ਨਾਰ ਖੁੱਲ੍ਹੇ ਕੇਸੀਂ
ਕੂਕੀ ਤੇ ਦੌੜ ਉੱਠੀ
ਉਸ ਦੇ ਕਹਿਰ ਤੋਂ ਕੰਬੇ
ਕੁਲ ਦਿਉਤਿਆਂ ਦੇ ਪੱਥਰ
ਤੇ ਮੁਕਟ ਰਾਜਿਆਂ ਦੇ
ਸਤਿਗੁਰ ਹੋਏ ਕਰੋਪੀ
ਤੇ ਹੱਸੇ ਮੇਰੇ ਚੇਲੇ
ਮੈਂ ਹੱਥ ਅਪਣਾ ਤੇਰੀਆਂ ਤਾਰਾਂ ਤੋਂ ਦੂਰ ਕੀਤਾ
ਤਰਬਾਂ ਤੋਂ ਦੂਰ ਕੀਤਾ
ਮੈਂ ਹੋਂਠ ਦੂਰ ਕੀਤੇ
ਰਾਧਾ ਨੂੰ ਮੋਹਣ ਵਾਲੀ ਇਸ ਮਧੁਰ ਬੰਸਰੀ ਤੋਂ
ਡਰਿਆ ਮੈਂ ਰੁਕਮਦੀ ਦੀ
ਖ਼ਾਮੋਸ਼ ਵਿਲਕਣੀ ਤੋਂ
ਇਕ ਸਾਫ਼ ਉਜਲਾ ਵਰਕਾ
ਮੇਰੇ ਕਰੀਬ ਆਇਆ:
ਮੇਰੇ ‘ਤੇ ਕੁਝ ਵੀ ਲਿਖ ਦੇਹ
ਨੇਕੀ ਬਦੀ ਦੀ ਕਰ ਦੇਹ ਸੱਜਰੀ ਨਿਸ਼ਾਨਦੇਹੀ
ਕੁਦਰਤ ਤੇ ਸਭਿਅਤਾ ਵਿਚ ਇਕ ਹੋਰ ਅਹਿਦਨਾਮਾ
ਤੂੰ ਅਪਣੀ ਇੱਛਾ ਵਰਗਾ ਉਪਨਿਸ਼ਦ ਨਵਾਂ ਰਚ ਦੇ
ਮੇਰੇ ‘ਤੇ ਕੁਝ ਵੀ ਲਿਖ ਦੇਹ
ਤੂੰ ਆਪ ਮੁਕਤ ਹੋ ਜਾ
ਤੇ ਉਸਨੂੰ ਮੁਕਤ ਕਰ ਦੇਹ
ਤੂੰ ਆਪ ਨੀਰ ਹੋਵੇਂ
ਤੇ ਉਸ ਦੇ ਸੀਨੇ ਅੰਦਰ ਸੁਲਗਣ ਸਦਾ ਮੁਆਤੇ
ਇਹ ਤਾਂ ਸਹੀ ਨਹੀਂ ਨਾ
ਇਕ ਸਾਫ਼ ਉਜਲਾ ਵਰਕਾ
ਮੇਰੇ ਕਰੀਬ ਆਇਆ
ਤੇ ਲਿਖਣੋਂ ਡਰ ਗਿਆ ਮੈਂ
0
ਮੇਰੀ ਕਵਿਤਾ
ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ
ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ
ਉਹ ਤਾਂ ਕੇਵਲ ਏਨਾ ਸਮਝੀ
ਪੁੱਤ ਦੀ ਰੂਹ ਨੂੰ ਦੁਖ ਹੈ ਕੋਈ
ਪਰ ਇਸਦਾ ਦੁਖ ਮੇਰੇ ਹੁੰਦਿਆਂ
ਆਇਆ ਕਿੱਥੋਂ
ਨੀਝ ਲਗਾਕੇ ਦੇਖੀ
ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ
ਦੇਖੋ ਲੋਕੋ!
ਕੁੱਖੋਂ ਜਾਏ
ਮਾਂ ਨੂੰ ਛੱਡ ਕੇ
ਦੁਖ ਕਾਗਤਾਂ ਨੂੰ ਦੱਸਦੇ ਨੇ
ਮੇਰੀ ਮਾਂ ਨੇ ਕਾਗ਼ਜ਼ ਚੁੱਕ ਸੀਨੇ ਨੂੰ ਲਾਇਾਅ
ਖ਼ਬਰੇ ਏਦਾਂ ਹੀ
ਕੁਝ ਮੇਰੇ ਨੇੜੇ ਹੋਵੇ
ਮੇਰਾ ਜਾਇਆ
0
ਆਇਆ ਨੰਦ ਕਿਸ਼ੋਰ
ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
ਨਾਲ ਬਥੇਰੇ ਹੋਰ
ਰਾਮਕਲੀ ਵੀ ਨਾਲ ਸੀ
ਸੁਘੜ ਲੁਗਾਈ ਓਸ ਦੀ
ਲੁਧਿਆਣੇ ਦੇ ਕੋਲ ਹੀ
ਇਕ ਪਿੰਡ ਬਾੜੇਵਾਲ ਵਿਚ
ਜੜ੍ਹ ਲੱਗੀ ਤੇ ਪੁੰਗਰੀ
ਰਾਮਕਲੀ ਦੀ ਕੁੱਖ ‘ਚੋਂ
ਜਨਮੀ ਬੇਟੀ ਓਸ ਦੀ
ਨਾਂ ਧਰਿਆ ਸੀ ਮਾਧੁਰੀ
ਕੱਲ੍ਹ ਮੈਂ ਦੇਖੀ ਮਾਧੁਰੀ
ਓਸੇ ਪਿੰਡ ਸਕੂਲ ਵਿਚ
ਗੁੱਤਾਂ ਬੰਨ੍ਹ ਕੇ ਰਿਬਨ ਵਿਚ
ਸੁਹਣੀ ਪੱਟੀ ਪੋਚ ਕੇ
ਊੜਾ ਐੜਾ ਲਿਖ ਰਹੀ
ਊੜਾ ਐੜਾ ਲਿਖ ਰਹੀ
ਬੇਟੀ ਨੰਦ ਕਿਸ਼ੋਰ ਦੀ
ਕਿੰਨਾ ਗੂੜਾ ਸਾਕ ਹੈ
ਅੱਖਰਾਂ ਤੇ ਰਿਜ਼ਕ ਦਾ
ਏਸੇ ਪਿੰਡ ਦੇ ਲਾਡਲੇ
ਪੋਤੇ ਅੱਛਰ ਸਿੰਘ ਦੇ
ਆਪਣੇ ਪਿਓ ਦੀ ਕਾਰ ਵਿਚ
ਬਹਿ ਲੁਧਿਆਣੇ ਆਂਵਦੇ
ਕੌਨਵੈਂਟ ਵਿਚ ਪੜ੍ਹ ਰਹੇ
ਏ.ਬੀ.ਸੀ.ਡੀ. ਸਿੱਖਦੇ
ਏ.ਬੀ.ਸੀ.ਡੀ. ਸਿੱਖਦੇ
ਪੋਤੇ ਅੱਛਰ ਸਿੰਘ ਦੇ
ਕਿੰਨਾ ਗੂੜ੍ਹਾ ਸਾਕ ਹੈ
ਅੱਖਰ ਅਤੇ ਅਕਾਂਖਿਆ…
ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
0
ਮੈਂ ਰਾਹਾਂ ‘ਤੇ ਨਹੀਂ ਤੁਰਦਾ
ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ।
ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ।
ਜੁ ਲੋ ਮੱਥੇ ‘ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖ਼ਤ ‘ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ
ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ
ਅਸਾਨੂੰ ਰੀਤ ਤੋਂ ਵਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ
ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ
ਜੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ
ਉਦੋਂ ਤੱਕ ਤੂੰ ਹੈਂ ਸਾਡੀ ਹਿੱਕ ਦੇ ਵਿਚ ਮਹਿਫ਼ੂਜ਼ ਮਰ ਕੇ ਵੀ
ਜਦੋਂ ਤਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ
ਫ਼ਕੀਰਾਂ ਦੇ ਸੁਖ਼ਨ, ਕੁਛ ਯਾਰ, ਕੁਝ ਤਾਰੀਖ਼ ਦੇ ਮੰਜ਼ਰ
ਜਦੋਂ ਮੈਂ ਜ਼ਖ਼ਮ ਖਾ ਲੈਨਾਂ, ਮੇਰੀ ਖ਼ਾਤਰ ਪਨਾਹ ਬਣਦੇ
ਮੈਂ ਇਕ ਗੱਲ ਜਾਣਦਾਂ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ
ਉਹ ਜਿਹੜੀ ਲਿਸ਼ਕ ਉਠਦੀ ਹੈ ਜਦੋਂ ਸਭ ਰੁਖ਼ ਸਿਆਹ ਬਣਦੇ
ਕਦੀ ਦਰਿਆ ਇਕੱਲਾ ਤੈ ਨਹੀਂ ਕਰਦਾ ਦਿਸ਼ਾ ਅਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਲ ਹੀ ਰਲ ਮਿਲ ਕੇ ਰਾਹ ਬਣਦੇ
ਅਚਨਚੇਤੀ ਕਿਸੇ ਬਿੰਦੂ ‘ਚੋਂ ਚਸ਼ਮਾ ਫੁੱਟ ਪੈਂਦਾ ਹੈ
ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਹਮਖਾਹ ਬਣਦੇ
ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ-ਬਿੰਦੂ ਹਾਂ, ਮੈਂ ਕੀ ਹਾਂ
ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾਹ ਬਣਦੇ
ਇਹ ਤੁਰਦਾ ਕੌਣ ਹੈ, ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ
ਇਹ ਸੋਚਾਂ ਦਾ ਸਫ਼ਰ ਹੈ ਜਿਸ ਲਈ ਸੀਨੇ ਹੀ ਰਾਹ ਬਣਦੇ
ਜਦੋਂ ਤਕ ਲਫ਼ਜ਼ ਜਿਊਂਦੇ ਨੇ, ਸੁਖ਼ਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ
ਹਮੇਸ਼ਾ ਲੋਚਿਆ ਬਣਨਾ, ਤੁਹਾਡੇ ਪਿਆਰ ਦਾ ਪਾਤਰ
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ
0
ਮੇਰੇ ਅੰਦਰ ਵੀ…
ਮੇਰੇ ਅੰਦਰ ਵੀ ਚੱਲਦੀ ਹੈ ਇਕ ਗੁਫ਼ਤਗੂ
ਜਿੱਥੇ ਲਫ਼ਜ਼ਾਂ ‘ਚ ਢਲਦਾ ਹੈ ਮੇਰਾ ਲਹੂ
ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ
ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ
ਮੇਰੇ ਅੰਦਰ ਅਵਾਜ਼ਾਂ ਤਾਂ ਹਨ ਬੇਪਨਾਹ
ਮੇਰੇ ਮੱਥੇ ‘ਚ ਪਰ ਅਕਲ ਦਾ ਤਾਨਾਸ਼ਾਹ
ਸਭ ਅਵਾਜ਼ਾਂ ਸੁਣੂੰ ਕੁਝ ਚੁਣੂੰ ਫਿਰ ਬੁਣੂੰ
ਫਿਰ ਬਿਆਨ ਆਪਣਾ ਕੋਈ ਜਾਰੀ ਕਰੂ
ਪਰਤ ਉਤਰੀ ਤਾਂ ਮੈਂ ਕਾਮ ਮੋਹ ਲੋਭ ਸਾਂ
ਹੋਰ ਉਤਰੀ ਤਾਂ ਜਲ ਖ਼ਾਕ ਅੱਗ ਪੌਣ ਸਾਂ
ਇਸ ਤੋਂ ਪਹਿਲਾਂ ਕਿ ਲੱਗਦਾ ਪਤਾ ਕੌਣ ਹਾਂ
ਹੋ ਗਿਆ ਹੋਂਦ ਆਪਣੀ ਤੋਂ ਹੀ ਸੁਰਖ਼ਰੂ
ਖ਼ਾਕ ਸੀ ਪੁਸ਼ਪ ਸੀ ਨੀਰ ਸੀ ਅਗਨ ਸੀ
ਬਾਝ ਪਹਿਰਾਵਿਆਂ ਵੀ ਕਦੋਂ ਨਗਨ ਸੀ
ਬੱਸ ਇਹ ਬੰਦੇ ਨੇ ਪੱਤੇ ਜਦੋਂ ਪਹਿਨ ਲਏ
ਹੋ ਗਈ ਨਗਨਤਾ ਦੀ ਕਹਾਣੀ ਸ਼ੁਰੂ
ਕਿੰਨੇ ਚਸ਼ਮੇ ਤੇ ਕਿੰਨੇ ਹੀ ਜੁਆਲਾਮੁਖੀ
ਕਿੰਨੀ ਕੋਮਲ ਅਤੇ ਕਿੰਨੀ ਖ਼ੂੰਖਾਰ ਵੀ
ਤੇਰੀ ਕੁਦਰਤ ਹੈ ਫੁਲ ‘ਤੇ ਪਈ ਤ੍ਰੇਲ ਵੀ
ਤੇਰੀ ਕੁਦਰਤ ਹੀ ਹੈ ਹਿਰਨੀਆਂ ਦਾ ਲਹੂ
ਏਨੀ ਬੰਦਿਸ਼ ‘ਚੋਂ ਬੰਦੇ ਨੇ ਕੀ ਲੱਭਿਆ
ਕੋਈ ਜੁਆਲਾਮੁਖੀ ਦਿਲ ‘ਚ ਹੈ ਦੱਬਿਆ
ਏਸ ਅਗਨੀ ਨੂੰ ਸੀਨੇ ‘ਚ ਹੀ ਰਹਿਣ ਦੇ
ਤਾਂ ਹੀ ਚੁੱਲ੍ਹਾ ਬਲੂ ਤਾਂ ਹੀ ਦੀਵਾ ਜਗੂ
ਮੈਂ ਨਹੀਂ ਮੰਨਦਾ ਸਾਂ ਨਹੀਂ ਜਾਣਦਾ
ਕਿ ਜਦੋਂ ਮੈਨੂੰ ਚੀਰੋਗੇ ਆਰੇ ਦੇ ਸੰਗ
ਇਕ ਅਸਹਿ ਚੀਸ ਹੋ ਇਕ ਅਕਹਿ ਦਰਦ ਬਣ
ਮੇਰੇ ਅੰਦਰੋਂ ਵੀ ਨਿਕਲੇਗਾ ਵਾਹੇਗੁਰੂ
ਮੈਂ ਹੀ ਮੈਂ ਜਦ ਕਿਹਾ ਤਾਂ ਖ਼ਮੋਸ਼ੀ ਤਦੀ
ਰੁੱਖ ਲੱਗੇ ਧੁਖਣ, ਪੌਣ ਧੂੰਆਂ ਬਣੀ
ਜਦ ਮੈਂ ਆਪਾਂ ਕਿਹਾ, ਪੱਤੇ ਬਣ ਗਏ ਸੁਰਾਂ
ਹੋਈ ਜੰਗਲ ਦੇ ਵਿਚ ਕੂਹੂਕੂ-ਕੂਹੂਕੂ
0
ਜੇ ਆਈ ਪੱਤਝੜ…
ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਕਿਸੇ ਵੀ ਸ਼ੀਸ਼ੇ ‘ਚ ਅਕਸ ਅਪਣਾ
ਗੰਧਲਦਾ ਤੱਕ ਨ ਉਦਾਸ ਹੋਵੀਂ
ਸਜਨ ਦੀ ਨਿਰਮਲ ਨਦਰ ‘ਚ ਹਰਦਮ
ਤੂੰ ਧਿਆਨ ਅਪਣੇ ਨੂੰ ਲੀਨ ਰੱਖੀਂ
ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ
ਕਿ ਸ਼ੀਸ਼ਿਆਂ ‘ਚ ਵਿਕਾਰ ਪਾਵੋ
ਤੇ ਸ਼ਖ਼ਸੋਂ ਪਹਿਲਾਂ ਹੀ ਅਕਸ ਮਾਰੋ
ਸੋ ਖ਼ੁਦ ‘ਚ ਪੂਰਾ ਯਕੀਨ ਰੱਖੀਂ।
ਲਿਬਾਸ ਮੰਗਾਂ ਨ ਓਟ ਮੰਗਾਂ
ਨ ਪਰਦਾਦਾਰੀ ਦਾ ਖੋਟ ਮੰਗਾਂ
ਬੱਸ ਅਪਣੀ ਕੁਦਰਤ ਤੇ ਅਪਣੇ ਵਿਚਲਾ
ਇਹ ਪਰਦਾ ਇਉਂ ਹੀ ਮਹੀਨ ਰੱਖੀਂ
ਮਿਲਾਪ ਵਿਚ ਵੀ ਕੋਈ ਵਿਛੋੜਾ
ਹਮੇਸ਼ ਰਹਿੰਦਾ ਏ ਥੋੜ੍ਹਾ ਥੋੜ੍ਹਾ
ਘੁਲੇ ਪਲਾਂ ‘ਚ ਕਹੇ ਕੋਈ
ਨ ਘੁਲੇ ਰਹਿਣ ਦਾ ਯਕੀਨ ਰੱਖੀਂ
ਨਹੀਂ ਮੁਹੱਬਤ ਕੋਈ ਮਸੀਹਾ
ਹੈ ਕਿਸਮ ਅਪਣੀ ਦਾ ਇਹ ਤਸੀਹਾ
ਇਹ ਤਪਦੇ ਸਹਿਰਾ ‘ਚ ਮਿਰਗਜਲ ਹੈ
ਨ ਇਸ ‘ਚ ਦਿਲ ਦੀ ਤੂੰ ਮੀਨ ਰੱਖੀਂ
ਅਗਨ ‘ਚ ਬਲ਼ ਕੇ ਹਵਾ ‘ਚ ਰਲ਼ ਕੇ
ਨ ਆਉਣਾ ਦੇਖਣ ਅਸਾਂ ਨੇ ਭਲ਼ਕੇ
ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ
ਪਾਕ ਰੱਖੀਂ ਮਲੀਨ ਰੱਖੀਂ
ਹਨ੍ਹੇਰਿਆਂ ਦਾ ਇਲਾਜ ਕੀ ਹੈ
ਇਹ ਬੁਝ ਕੇ ਜੀਣਾ ਰਿਵਾਜ ਕੀ ਹੈ
ਬਲ਼ਣ ਬਿਨਾਂ ਹੀ ਮਿਲੇਗਾ ਚਾਨਣ
ਇਹ ਆਸ ਦਿਲ ਵਿਚ ਕਦੀ ਨ ਰੱਖੀਂ
ਵਫ਼ਾ ਦੇ ਵਾਅਦੇ, ਇਹ ਅਹਿਦ ਇਰਾਦੇ
ਰਹੀ ਨ ਸ਼ਿੱਦਤ ਤਾਂ ਫੇਰ ਕਾਹਦੇ
ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ
ਤੂੰ ਸ਼ਿੱਦਤਾਂ ਦੇ ਅਧੀਨ ਰੱਖੀਂ
ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ
ਖ਼ਿਲਾਵਾਂ ਅੰਦਰ ਕੀ ਉੱਗਣਾ ਹੈ
ਮੈਂ ਅੰਤ ਕਿਰਨਾ ਹੈ ਬੀਜ ਬਣ ਕੇ
ਜ਼ਰਾ ਕੁ ਸਿੱਲੀ ਜ਼ਮੀਨ ਰੱਖੀਂ
ਬੁਰੇ ਦਿਨਾਂ ਤੋਂ ਡਰੀਂ ਨ ਪਾਤਰ
ਭਲੇ ਦਿਨਾਂ ਨੂੰ ਲਿਆਉਣ ਖ਼ਾਤਰ
ਤੂੰ ਸਿਦਕ ਦਿਲ ਵਿਚ ਤੇ ਆਸ ਰੂਹ ਵਿਚ
ਨਜ਼ਰ ‘ਚ ਸੁਪਨੇ ਹਸੀਨ ਰੱਖੀਂ
0
ਮੈਂ ਸੁਣਾਂ ਜੇ…
ਮੈਂ ਸੁਣਾਂ ਜੇ ਰਾਤ ਖ਼ਮੋਸ਼ ਨੂੰ
ਮੇਰੇ ਦਿਲ ‘ਚ ਕੋਈ ਦੁਆ ਕਰੇ
ਇਹ ਜ਼ਮੀਨ ਹੋਵੇ ਸੁਰਾਂਗਲੀ
ਇਹ ਦਰਖ਼ਤ ਹੋਣ ਹਰੇ ਭਰੇ
ਏਥੋਂ ਕੁਲ ਪਰਿੰਦੇ ਹੀ ਉੜ ਗਏ
ਏਥੇ ਮੇਘ ਆਉਂਦੇ ਹੀ ਮੁੜ ਗਏ
ਏਥੇ ਕਰਨ ਅਜ ਕਲ੍ਹ ਬਿਰਖ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ
ਨ ਤਾਂ ਕੁਰਸੀਆਂ ਨੂੰ ਨ ਤਖ਼ਤ ਨੂੰ
ਨ ਸਲੀਬ ਸਖ਼ਤ ਕੁਰਖ਼ਤ ਨੂੰ
ਇਹ ਮਜ਼ਾਕ ਕਰਨ ਦਰਖ਼ਤ ਨੂੰ
ਬੜੇ ਸਮਝਦਾਰ ਨੇ ਮਸਖ਼ਰੇ
ਹੁਣ ਚੀਰ ਹੁੰਦਿਆਂ ਵੀ ਚੁਪ ਰਵ੍ਹੇ
ਹੁਣ ਆਰਿਆਂ ਨੂੰ ਵੀ ਛਾਂ ਦਵੇ
ਇਹ ਜੁ ਆਖਦਾ ਸੀ ਮੈਂ ਬਿਰਖ ਹਾਂ
ਹੁਣ ਵਕਤ ਆਇਆ ਹੈ ਸਿੱਧ ਕਰੇ
ਮੈਂ ਚਲਾ ਕੇ ਤੀਰ ਕਮਾਨ ‘ਚੋਂ
ਰੱਤ ਸਿੰਮਦੀ ਸੋਚਾਂ ਨਿਸ਼ਾਨ ‘ਚੋਂ
ਤਾਂ ਦੁਆ ਇਹ ਨਿਕਲੇ ਜ਼ਬਾਨ ‘ਚੋਂ
ਮੇਰਾ ਤੀਰ ਡਿਗ ਪਏ ਉਰੇ ਪਰੇ
ਮੇਰੇ ਪਿੰਡ ਦੀ ਨੀਂਦ ਨੂੰ ਚੀਰਦੀ
ਗੱਡੀ ਲੰਘੀ ਰਾਤ ਅਖ਼ੀਰ ਦੀ
ਟੁੱਟੀ ਨੀਂਦ ਬਿਰਖ ਫ਼ਕੀਰ ਦੀ
ਪੀਲੇ ਪੱਤੇ ਮੁਸਾਫ਼ਰ ਉੱਤਰੇ
ਕੋਈ ਲਫ਼ਜ਼ ਲਫ਼ਜ਼ਾਂ ਦੇ ਸਾਕ ਵਿਚ
ਨ ਘੁਟਨ ਸਹੇ ਕਿਸੇ ਵਾਕ ਵਿਚ
ਤਦੇ ਝਿਜਕਦਾਂ ਕੁਝ ਆਖਦਾ
ਕੁਝ ਲਿਖਦਿਆਂ ਮੇਰਾ ਮਨ ਡਰੇ
ਉਹ ਬਣਾ ਰਹੇ ਨੇ ਇਮਾਰਤਾਂ
ਅਸੀਂ ਲਿਖ ਰਹੇ ਹਾਂ ਇਬਾਰਤਾਂ
ਤਾਂ ਜੁ ਪੱਥਰਾਂ ਦੇ ਵਜੂਦ ਵਿਚ
ਕੋਈ ਆਤਮਾ ਵੀ ਰਿਹਾ ਕਰੇ
ਕੋਈ ਸਾਕ ਕਦ ਹੈ ਹਮੇਸ਼ ਤਕ
ਇਕ ਤਾਪਮਾਨ ਵਿਸ਼ੇਸ਼ ਤਕ
ਜੁੜੇ ਰਹਿਣ ਤੱਤਾਂ ਦੇ ਨਾਲ ਤੱਤ
ਫਿਰ ਟੁੱਟ ਕੇ ਹੋ ਜਾਵਣ ਪਰੇ
ਉਹ ਸੀ ਯੋਧਾ ਕਾਹਦਾ ਫ਼ਕੀਰ ਸੀ
ਉਹਦੇ ਲਫ਼ਜ਼ ਹੀ ਉਹਦੇ ਤੀਰ ਸੀ
ਤੇ ਉਹ ਲਫ਼ਜ਼ ਕੱਢੇ ਜ਼ਬਾਨ ‘ਚੋਂ
ਪਹਿਲਾਂ ਅਪਣੀ ਰੱਤ ‘ਚ ਹੀ ਨਮ ਕਰੇ
ਕੁਝ ਲੋਕ ਆਏ ਸੀ ਬੇਸੁਰੇ
ਮੇਰੀ ਤੋੜ ਬਿਰਤੀ ਚਲੇ ਗਏ
ਹੁਣ ਮੁੜ ਕੇ ਰਾਗ ਪਿਰੋ ਰਿਹਾਂ
ਤੇ ਮੈਂ ਚੁਗ ਰਿਹਾਂ ਸੁਰ ਬਿੱਖਰੇ
ਇਕ ਵਾਕ ਸੁਣ ਕੇ ਸਿਹਰ ਗਏ
ਚੰਨ ਗੁੰਮਿਆ ਤਾਰੇ ਬਿਖਰ ਗਏ
ਮੇਰੇ ਮਨ ਦੇ ਨੀਰ ਗੰਧਲ ਗਏ
ਬੜੀ ਦੇਰ ਤੀਕ ਨ ਨਿੱਤਰੇ
ਚੱਲ ਸੂਰਜਾ, ਚੱਲ ਧਰਤੀਏ
ਮੁੜ ਸੁੰਨ ਸਮਾਧੀ ‘ਚ ਪਰਤੀਏ
ਕੱਲ੍ਹ ਰਾਤ ਹੋਏ ਨੇ ਰਾਤ ਭਰ
ਏਹੀ ਤਾਰਿਆਂ ਵਿਚ ਤਜ਼ਕਰੇ
6 ਟਿੱਪਣੀਆਂ»
koi saak kd hai hamesh tak
ik taapmaan vishesh tak
jurhe rehan tattan de naal tatt
fer tut ke ho javan pre
kamaal hai subahaan allah
bahut vadda share hai
sujit ji is allways near to our hearts shmeel ji
ਸਿਰਫ 3 ਸ਼ਬਦ
ਲਾਜਵਾਬ, ਬੇਮਿਸਾਲ ਅਤੇ ਪ੍ਸੰਸ਼ਾਯੋਗ
J patar Di Kavita Na Hundi Tan Pbi Poetry
Beha Parshad Kha k Hi Shukar Mandi Rehndi
most of patar’s poems are my favourite poems.especiially main chuhan lagian tainu.i love patar’s poetry.