ਨਾਦ

contemporary punjabi poetry

ਸੁਰੋਦ ਸੁਦੀਪ

ਸੁਰੋਦ ਸੁਦੀਪ ਆਧੁਨਿਕ ਪੰਜਾਬੀ ਕਵਿਤਾ ਵਿਚ ਇਕ ਅਹਿਮ ਨਾਂ ਹੈ। ਉਹ ਆਧੁਨਿਕ ਸੰਵੇਦਨਾ ਵਾਲੇ ਉਨਾਂ ਪੰਜਾਬੀ ਸ਼ਾਇਰਾਂ ਵਿਚੋਂ ਹਨ, ਜਿਹਨਾਂ ਜੀਵਨ ਦੇ ਨਿੱਕੇ ਨਿੱਕੇ ਅਹਿਸਾਸਾਂ ਨੂੰ ਆਪਣੀ ਸੂਖਮ ਸੰਵੇਦਨਾ ਨਾਲ ਅਜਿਹੀ ਛੁਹ ਦਿਤੀ ਕਿ ਉਹ ਗਹਿਰੇ ਅਰਥਾਂ ਨਾਲ ਮਘ ਉਠੇ। ਉਹਨਾਂ ਦਾ ਪਿਛੋਕੜ ਜ਼ਿਲ੍ਹਾ ਲੁਧਿਆਣਾ ਦੇ ਕਸਬੇ ਸਮਰਾਲਾ ਨਾਲ ਜੁੜਿਆ ਹੈ ਅਤੇ ਅਜਕੱਲ੍ਹ ਉਹ ਲੁਧਿਆਣਾ ਰਹਿ ਰਹੇ ਹਨ।

ਚਾਹਾਂ ਤਾਂ

ਚਾਹਾਂ ਤਾਂ
ਘੜੀ ਦੀਆਂ ਸੂਈਆਂ ਨੂੰ
ਇਕ ਥਾਏਂ ਰੋਕ ਦੇਵਾਂ
ਚਾਹਾਂ ਤਾਂ
ਸੂਰਜ ਨੂੰ ਟੁਕੜੇ ਟੁਕੜੇ ਕਰ ਦੇਵਾਂ
ਚਾਹਾਂ ਤਾਂ
ਰਿਸ਼ਤਿਆਂ ਨੂੰ ਅਲਵਿਦਾ ਆਖ ਦੇਵਾਂ
ਪਰ ਉਹਨਾਂ ਫੁੱਲਾਂ ਦਾ ਕੀ ਬਣੇਗਾ
ਜੋ ਮੇਰੇ ਕੋਲ ਉੱਗੇ ਹਨ?

ਪੈਰਾਂ ਦਾ ਸਫ਼ਰ

ਉਹ ਜੋ ਤੁਸਾਂ ਬਰਫ਼ ਤੇ ਜੰਮੀ ਧੁੰਦ ਵੇਖੀ ਸੀ
ਉਹ ਤਾਂ ਉਸ ਦੀ ਮਾਂ ਸੀ
ਦਰਾਂ ‘ਚ ਖੜ੍ਹੀ
ਆਪਣੇ ਪੁੱਤ ਦੀ ਉਡੀਕ ‘ਚ
ਜੁੜੇ ਦੰਦਾਂ ‘ਚ ਹਸਦੀ :
‘ਜਾ ਪੁੱਤਰਾ ਤੂੰ ਰਾਜੀ ਰਵ੍ਹੇਂ’
ਉਹ ਦੋ ਸੁੰਨ ਅੱਖਾਂ ਨਾਲ ਲਈ ਫਿਰਦਾ
ਮਾਂ ਦੀਆਂ ਲੋਰੀਆਂ
ਧਰਤ ਜੇਡ ਪਿਆਰੀਆਂ
‘ਪੈਰਾਂ ਦਾ ਸਫ਼ਰ ਮੁਕਾ ਲਾਂ ਮੁੜ ਆਵਾਂਗਾ’
ਦਿਨ ਹੁੰਦਾ, ਰਾਤ ਪੈਂਦੀ
ਉਹ ਬਰਫ਼ ਦੇ ਗੋਲੇ ਬਣਾ ਝਾੜੀਆਂ ਤੇ ਸੁਟਦਾ
ਵੀਰਾਨ ਧਰਤੀ, ਪੱਥਰ ਤੇ ਟੋਏ
ਉਸਰੇ ਪਹਾੜ, ਬੇਨਾਮ ਬਸਤੀ
ਧੂੰਏਂ ‘ਚ ਲੁਕੇ ਹੋਏ ਘਰ
ਮੀਲ-ਪੱਥਰਾਂ ਤੋਂ ਮਿਟੇ ਹੋਏ ਨਿਸ਼ਾਨ
ਉਹ ਬਰਫ਼ ਤੇ ਦੌੜਦਾ ਹਫ਼ ਜਾਂਦਾ
ਪਰ ਖਿਲਾਅ ‘ਚ ਹਿਲਦੀ ਲੀਕ ਦਾ ਸਿਰਾ
ਫੜਿਆ ਨਾ ਜਾਂਦਾ
ਹਸਦੇ ਫੁੱਲਾਂ ਦਾ ਸੁਪਨ ਜਾਗਣ ਤੇ ਟੁਟਦਾ-
ਹਰ ਸਾਹ ‘ਚ ਸੱਪਾਂ ਦੀਆਂ ਸਿਰੀਆਂ
ਅਜੀਬ ਦੇਸ਼ ਸੀ-
ਕੋਈ ਰਾਹ ਨਾ ਬਣਦਾ
ਭਰਿਆ ਮੇਲਾ ਅਵਾਜ਼ੋਂ ਸਖਣਾ
ਘਰ ਦਾ ਪਤਾ ਕੋਈ ਨਾ ਦਸਦਾ
ਕੁਝ ਦੂਰੀ ਤੇ ਚਾਨਣ ਜਾਪੇ
ਕੋਲ ਗਿਆਂ ਹਨੇਰਾ ਹੁੰਦਾ
ਥੱਕ ਜਾਂਦਾ-
ਅੱਖਾਂ ਤੋਂ ਮਿੱਟੀ ਲਾਹੁੰਦਾ
ਭਰੀਆਂ ਮੁੱਠੀਆਂ ‘ਚ ਕੁਝ ਨਾ ਹੁੰਦਾ
ਪੈਰ ਝਾੜਦਾ ਉਂਗਲਾਂ ਨੂੰ ਲਹੂ ਲਗਦਾ
ਚੀਸ ਪੈਂਦੀ-
ਕੋਈ ਦਿਲ ਤੇ ਹੱਥ ਧਰਦਾ
ਕੋਲ ਬੈਠੀਆਂ ਦੋ ਸੁੰਨ ਅੱਖਾਂ ‘ਚੋਂ
ਪਾਣੀ ਸਿੰਮ ਆਉਂਦਾ
ਜੁੜੇ ਹੱਥਾਂ ‘ਚ ਦੁਆ ਹੁੰਦੀ:
‘ਪੁੱਤਰਾ ਤੂੰ ਰਾਜੀ ਰਵ੍ਹੇਂ’
ਉਹ ਕਦ ਘਰੋਂ ਤੁਰਿਆ ਸੀ
ਕਦੋਂ ਘਰ ਪਰਤੇਗਾ
ਪਾਲਾਂ ‘ਚ ਖੜੋਤੇ ਰੁੱਖ ਚੁੱਪ ਸਨ

ਮਾਲੀ

ਜੇ ਤੁਸੀਂ ਕਹੋ ਤਾਂ
ਉਹ ਤੁਹਾਡੇ ਲਈ
ਸਾਰੀ ਦੀ ਸਾਰੀ ਛਾਂ ਬਣ ਜੇ
ਹਾਲੇ ਤੁਸੀਂ ਖਿੜਨਾ ਹੈ
ਖਿੜ ਕੇ ਫੁੱਲ ਬਣਨਾ ਹੈ
ਉਹ ਮੱਥੇ ਦੀ ਤ੍ਰੇਲੀ ਨੂੰ
ਪੂੰਝ ਦਿੰਦਾ ਹੈ
ਚਿੱਟੇ ਵਾਲਾਂ ਦਾ ਖ਼ਿਆਲ
ਭੁੱਲ ਜਾਂਦਾ ਹੈ
ਹਨੇਰੀ ਦਾ ਕੀ ਪਤਾ
ਕਦ ਵਗ ਪਏ?
ਬੂਟਿਆਂ ‘ਚ
ਚਲ ਰਹੇ ਸਾਹ
ਉਸਦੇ ਆਪਣੇ ਹੀ ਤਾਂ ਨੇ
ਜੇ ਤੁਸੀਂ ਕਹੋ ਤਾਂ…

ਸਾਡਾ ਸਫ਼ਰ

ਜੇ ਚੰਗੇ ਪਲ ਛੱਤ ਬਣਦੇ ਅਸੀਂ ਨਜ਼ਮਾਂ ਨਾ ਲਿਖਦੇ
ਜੇ ਛੱਤ ਨਜ਼ਮ ਹੁੰਦੀ ਅਸੀਂ ਖ਼ਾਨਾਬਦੋਸ਼ ਨਾ ਹੁੰਦੇ
ਆਦਮ ਕੋਲ ਹੱਵਾ ਸੀ ਜੀਅ ਪਰਚਾਣ ਲਈ
ਸਾਡੇ ਕੋਲ ਸਾਡਾ ਮਸਤਕ
ਦਿਨ ਸਨ ਰੋਟੀ ‘ਚ ਰੁੱਝੇ ਹੋਏ
ਕਤਲ-ਦਰ-ਕਤਲ
ਉਂਜ ਤਾਰੇ ਦਾ ਟੁਟਣਾ ਐਨਾ ਆਸਾਨ ਨਹੀਂ ਸੀ!
ਸਮੁੰਦਰ ਤੋਂ ਬਾਅਦ ਨਦੀ ‘ਚ ਕਿਉਂ ਝਾਕਿਆ ਗਿਆ?
ਆਵਾਜ਼ ਕਿਸੇ ਦੀ, ਅਸੀਂ ਆਪਣੀ ਸਮਝੀ
ਦਰ ਖੁੱਲ੍ਹੇ ਦੇ ਖੁੱਲ੍ਹੇ – ਦੇਖਣ ਲਈ ਕੁਝ ਨਹੀਂ
ਕੋਈ ਘੂਕ ਸੁੱਤਾ – ਕਿਸੇ ਕੋਲ ਨੀਂਦ ਨਹੀਂ
ਕਲੱਬਾਂ ਤੋਂ ਪਰਤਣ ਬਾਅਦ ਅਸੀਂ ਚੋਰੀ ਹੋ ਗਏ
ਦੋਸਤਾਂ ਵਾਂਗ ਮਿਲੇ, ਓਪਰਿਆਂ ਵਾਂਗ ਵਿਛੜੇ
ਬਾਦਬਾਨ ਸੀ ਬਹੁਤ ਦੂਰ ਚਲੇ ਗਏ
ਪੈਰਾਂ ਨੂੰ ਜਿਹੜਾ ਰਾਹ ਮਿਲਿਆ ਓਧਰ ਹੋ ਤੁਰੇ
ਨਿੱਕੀਆਂ ਨਿੱਕੀਆਂ ਕਿਸ਼ਤੀਆਂ ‘ਚ ਜੀਅ ਲਾਉਣ ਲੱਗੇ
ਅੱਜ ਮੁੱਕ ਗਿਆ
ਕੱਲ ਜਾਗ ਉਠਿਆ ਅੱਖਾਂ ‘ਚ ਕੰਕਰਾਂ ਵਾਂਗ
ਕਿਸ ਦੀ ਵਫ਼ਾ? ਕਿਸ ਦੀ ਬੇਵਫ਼ਾਈ??
ਪਟੜੀ ‘ਤੇ ਪਈ ਲਾਵਾਰਸ ਲਾਸ਼ – ਪਛਾਣੀ ਨਾ ਗਈ
ਪੈਰ ਖੜੋ ਗਏ
ਸੜਕ ਤੁਰਨ ਲੱਗੀ
ਕੱਲ ਕਿਸੇ ਅੱਖਾਂ ਨੇ ਅੱਖਾਂ ‘ਚ ਦੇਖਿਆ
ਪਤਾ ਨਹੀਂ ਕਿੱਥੋਂ ਤੋਂ ਕਿੱਥੇ ਟੁੱਟਕੇ ਆ ਗਈਆਂ ਸਨ
ਬੁੱਲ੍ਹ ਫ਼ਰਕੇ ਆਵਾਜ਼ ਨਾ ਹੋਈ
ਅਸੀਂ ਪਰਤ ਆਏ ਘਰਾਂ ਨੂੰ ਮੁੜ ਸਫ਼ਰ ਲਈ
ਜੇ ਸੁਪਨੇ ਸੱਚ ਹੁੰਦੇ ਉਜਾੜ ਨਹੀਂ ਸੀ ਹੋਣੀ!
ਕਿੱਥੇ ਚਿੜੀਆਂ ਦੀ ਚੀਂ ਚੀਂ
ਕਿਥੇ ਉਕਾਬ ਦਾ ਉਡਣਾ
ਹੱਥਾਂ ‘ਚ ਹੀਰਿਆਂ ਦੀ ਥਾਂ ਸੰਗਮਰਮਰ ਦੇ ਟੁਕੜੇ
ਫੁੱਲਾਂ ਤੋਂ ਪਹਿਲਾਂ ਕੰਡੇ ਉੱਚੇ ਹੋ ਗਏ
ਉਂਜ ਤਾਰੇ ਦਾ ਟੁਟਣਾ ਐਨਾ ਆਸਾਨ ਨਹੀਂ ਸੀ!

ਨਵੇਂ ਅੱਖਰ

ਉਹ ਮੇਰੇ ‘ਚੋਂ ਨਿਕਲ ਕੇ
ਸੜ ਰਿਹਾ ਹੈ
ਕੀਰਨੇ ਪਾਉਂਦਾ ਹੈ
ਮੇਰੇ ‘ਚ ਦਾਖ਼ਲ ਹੋਣ ਲਈ
ਦੁਆਰ ਖੁੱਲ੍ਹੇ ਰਹਿਣ ਦਿਓ
ਹੁਣ ਰੁੱਖ ਨਹੀਂ ਕੰਬੇਗਾ
ਮੇਰੀ ਹਥੇਲੀ ‘ਤੇ
ਨਵੇਂ ਅੱਖਰ ਉਗਣਗੇ
0
ਨਮਸਕਾਰ

ਮੇਰੇ ਚੰਦਰਮਾ ‘ਤੇ
ਕਾਲੀ ਲਕੀਰ ਹੈ
ਸੂਰਜ ਉਸਨੂੰ ਆਪਣੀ
ਸਲੇਟ ਬਣਾ
ਰਾਤਾਂ ਨੂੰ ਕਵਿਤਾਵਾਂ ਲਿਖਦਾ ਹੈ
ਮੈਂ ਨਮਸ਼ਕਾਰ ਕਰਦਾ ਹਾਂ
ਤਾਂ ਸਵੇਰ ਹੋ ਜਾਂਦੀ ਹੈ

ਸਮੁੰਦਰ ਕੰਢੇ

ਕੀ ਤੁਸੀਂ ਕਦੇ ਪਤਝੜ ਦੇਖੀ ਹੈ
ਪੌਦੇ ਨਾਲੋਂ ਟੁੱਟਦਾ ਇਕ-ਇਕ ਪੱਤਾ

ਕੀ ਤੁਸੀਂ ਕਦੇ ਬਹਾਰ ਦੇਖੀ ਹੈ
ਪੌਦੇ ਨਾਲ ਝੂੰਮਦੀਆਂ ਡੋਡੀਆਂ
ਤੇ ਹਰ ਸ਼ਾਖ਼ ਸਾਹ ਲੈਂਦੀ ਹੋਈ

ਤੁਸੀਂ ਪਤਝੜ ਵੀ ਦੇਖੀ
ਤੁਸੀਂ ਬਹਾਰ ਵੀ ਦੇਖੀ

ਸਮੁੰਦਰ ਦੇ ਕੰਢੇ ਤੋਂ
ਵਾਪਸ ਪਰਤ ਆਓ
ਬੱਚੇ ਉਡੀਕਦੇ ਹੋਣਗੇ

ਗਏ ਬੰਦਿਆਂ ਦਾ ਸਿਰਨਾਵਾਂ
(ਹਰਨਾਮ ਦੇ ਨਾਂ)

ਆਦਮੀ ਦੇ ਮਰਨ ਨਾਲ
ਬਹੁਤ ਕੁਝ ਬਦਲ ਜਾਂਦਾ ਹੈ
ਜਿਵੇਂ-
ਹੁਣ ਤੁਸੀਂ ਉਸ ਨਾਲ ਹੱਥ ਨਹੀਂ ਮਿਲਾ ਸਕਦੇ
ਉਸਦਾ ਕੋਈ ਸੁੱਖ-ਸੁਨੇਹਾ ਨਹੀਂ
ਕਿਸ ਦੀ ਛਾਤੀ ਨਾਲ ਆਪਣੇ ਕੰਨ ਲਾਓਗੇ?
ਹੁਣ ਓਥੇ ਕੋਈ ਧੜਕਣ ਨਹੀਂ!
ਜਿਥੇ ਉਹ ਬੈਠਦਾ ਹੁੰਦਾ ਸੀ
ਕੁਰਸੀ ਨੂੰ ਖ਼ਾਲੀ ਦੇਖ ਓਪਰੇ ਹੋ ਜਾਓਗੇ
ਤੁਹਾਡੇ ਪੈਰਾਂ ਨੂੰ ਉਹਦੇ ਬਾਰੇ
ਵਰ੍ਹਿਆਂ ਤੋਂ ਪਤਾ ਹੈ
ਉਹ ਰੁਕਣਗੇ ਵੀ
ਨਾ ਰੁਕਣ ਵਰਗੇ
ਮੂੰਹ ਫੇਰ ਕੇ ਲੰਘ ਜਾਓਗੇ
ਆਪਣੇ ਹਉਕੇ ਸਮੇਤ…

ਉਹ ਜੁ ਚਾਮ੍ਹਲ ਕੇ
ਤੁਹਾਡਾ ਨਾਂ ਲੈ ਕੇ ਤੁਹਾਨੂੰ ਬੁਲਾਉਂਦਾ ਸੀ
ਤੁਸੀਂ ਤਰਸ ਜਾਓਗੇ ਉਸਨੂੰ
ਉਹ ਅੱਧੀ ਰਾਤੀਂ ਉੱਠ ਕੇ ਬਹਿ ਜਾਂਦਾ ਸੀ
ਆਪਣੇ ਬਿਸਤਰ ‘ਚ
ਤੁਹਾਡੇ ਲਈ ਸ਼ਾਬਾਸ਼ ਰਖਦਾ ਸੀ ਆਪਣੇ ਮੂੰਹ ‘ਚ
ਦੌੜਦਾ ਖ਼ੂਨ ਸਮੁੰਦਰ ਗਾਹ ਆਉਂਦਾ ਸੀ
ਕਦੀ ਚੀਖ਼ ਉਠਣਾ, ਕਦੀ ਪਿਆਰ ਲਾਵੇ
ਰੂਹ ਤੱਕ ਦਾ ਸਪਰਸ਼
ਉਹ ਤੁਹਾਡਾ ਕਿੰਨਾ ਕੁਝ ਸੀ!
ਕਿਸ ਨੂੰ ਆਵਾਜ਼ ਮਾਰੋਗੇ?
ਆਦਮੀ ਕੋਈ ਚੀਜ਼ ਨਹੀਂ
ਉਹ ਕਿਸੇ ਦੁਕਾਨ ਤੋਂ ਨਹੀਂ ਮਿਲਦਾ
ਤੁਸੀਂ ਖ਼ੁਦ ਨਾਲ ਗੱਲਾਂ ਕਰੋਗੇ
ਬਹੁਤ ਦੇਰ ਤੱਕ, ਸ਼ਾਇਦ ਮਰਨ ਤੱਕ
ਸਿਆਣੇ ਹੋ, ਕਿਸੇ ਨੂੰ ਦੱਸ ਨਹੀਂ ਸਕੋਗੇ
ਉਂਜ ਤਾਂ ਘਰਾਂ ਨੂੰ ਬਹੁਤ ਸਾਰੇ ਰਾਹ ਜਾਂਦੇ ਨੇ
ਪਰ ਗਏ ਬੰਦਿਆਂ ਦਾ
ਜੇਬ ‘ਚ ਸਿਰਨਾਵਾਂ ਨਹੀਂ ਰਹਿੰਦਾ

ਉਹ ਔਰਤ

ਉਹ ਔਰਤ ਮੈਨੂੰ ਹਾਲਾਂ ਵੀ ਯਾਦ ਹੈ
ਜੋ ਕਾਊਂਟਰ ਤੋਂ ਬਟਨ ਚੁਗ ਰਹੀ ਸੀ
ਪੂਰੀ ਸੁਰਤ ਨਾਲ
ਇਕਾਗਰਤਾ ਨਾਲ
ਬਟਨਾਂ ਦੇ ਸਾਈਜ਼
ਬਟਨਾਂ ਦੇ ਰੰਗ
ਸ਼ਾਇਦ ਉਸਨੇ ਆਪਣੇ ਪਤੀ ਦੇ ਕਮੀਜ਼ ‘ਤੇ ਲਾਉਣੇ ਹੋਣ
ਸ਼ਾਇਦ ਨਿੱਕੇ ਬੱਚੇ ਦੀ ਸ਼ਰਟ ਨਾਲ
ਜੋ ਹੁਣੇ ਹੁਣੇ ਸਕੂਲ ਜਾਣ ਲੱਗਾ ਹੋਊ
ਉਹ ਚੁਣ ਰਹੀ ਸੀ ਇਕ ਬਟਨ ਤੋਂ ਬਾਅਦ ਦੂਸਰਾ

ਮੈਂ ਹਾਂ ਕਿ ਪੈਸੇ ਵਗਾਹ ਸੁੱਟਦਾ ਹਾਂ
ਦੁਕਾਨਾਂ ‘ਤੇ, ਰੇੜ੍ਹੀਆਂ ‘ਤੇ
ਚੀਜ਼ਾਂ ਨੂੰ ਭਰੀ ਜਾਵਾਂਗਾ ਥੈਲੇ ‘ਚ
ਅੰਨ੍ਹੇਵਾਹ
ਬਿਨਾਂ ਰੀਝ
ਬਿਨਾਂ ਤੱਕਣੀ
ਬਿਨਾਂ ਵਕਤ ਲਾਇਆਂ
ਇਕ ਕਾਹਲ ਜਿਵੇਂ ਸ੍ਰਿਸ਼ਟੀ ਮੁੱਕ ਚੱਲੀ ਹੋਵੇ

ਉਹ ਔਰਤ ਹੁਣ ਬਟਨਾਂ ਦੇ ਰੰਗ ਦੇਖ ਰਹੀ ਸੀ
ਥੋੜ੍ਹੀ ਜਿਹੀ ਪੂੰਜੀ ਸੀ
ਪੈਸਿਆਂ ਦੀ ਉਹਦੇ ਕੋਲ
ਉਹ ਬਟਨ ਲਾਉਣ ਵੇਲੇ ਵੀ
ਗੀਤ ਗਾਉਂਦੀ ਹੋਊ

ਲਾ ਬੈਲੇ

1.
ਉਹ ਸ਼ਹਿਰ ਦੇ ਬਾਹਰ ਖੜ੍ਹਾ
ਆਖੀ ਜਾਂਦਾ ਹੈ…
‘ਚਲੋ ਚਲਦੇ ਹਾਂ
ਬਹੁਤ ਹੋ ਗਈ
ਇਸ ਸ਼ਹਿਰ ਦੇ ਲੋਕਾਂ ਦਾ ਖ਼ੂਨ
ਪਾਣੀ ਹੋ ਗਿਆ ਹੈ

‘ਆਪਣੀ ਕੀ ਮਰਜ਼ੀ ਹੋਣੀ ਸੀ
ਆਪਣੀ ਕੀ ਮਰਜ਼ੀ ਹੋਣੀ ਹੈ
ਸੁਪਨੇ ਬੀਜੇ ਸੀ
ਸੁਪਨੇ ਜਲਦੇ ਹੋਏ ਦੇਖ ਚੱਲੇ ਹਾਂ
‘ਵਪਾਰੀਆਂ ਦੇ ਸ਼ਹਿਰ
ਫੁੱਲਾਂ ਨੂੰ ਕਿੱਥੇ ਰੱਖ ਜਾਈਏ
ਆਪਣੇ ਹੱਥ ਹੁੰਦਾ ਤਾਂ ਫ਼ੈਸਲੇ ਸੁਣਾਉਂਦੇ
ਇਉਂ ਅਲਵਿਦਾ ਨਾ ਆਖਦੇ

‘ਨਿੱਕੇ-ਨਿੱਕੇ ਪੈਰ
ਤੋਤਲੀ ਆਵਾਜ਼
ਤੇੜ ਤੜਾਗੀ
ਏਥੇ ਅਸੀਂ ਖੇਡੇ ਸੀ
ਏਥੇ ਸਾਡਾ ਬਚਪਨ ਸੀ
ਅਸੀਂ ਬਚਪਨ ਵੀ ਨਾਲ ਲੈ ਜਾਂਗੇ
ਰੱਖ-ਰਖਾਈ ਵੀ ਭੁੱਲ ਜਾਂਗੇ
ਵਾਰ-ਵਾਰ ਆ ਕੇ ਦੇਖ ਚੁੱਕੇ ਹਾਂ
ਹੁਣ ਨਹੀਂ ਆਵਾਂਗੇ

‘ਜੇ ਕਦੇ ਏਥੋਂ ਦੀ ਗੁਜ਼ਰੇ ਵੀ
ਸ਼ਹਿਰ ਵੱਲ ਪਿੱਠ ਕਰ ਲਵਾਂਗੇ
ਸਾਹ ਤੇਜ਼ ਵਗਣ ਲੱਗਾ
ਤਾਂ ਰੋਕ ਲਵਾਂਗੇ ਉਸਨੂੰ
ਗਲੇ ਨੂੰ ਆਖਾਂਗੇ ਕਿ ਉਹ ਇਉਂ ਨਾ ਕਰਿਆ ਕਰੇ
ਆਈਨੇ ‘ਚ ਅਸੀਂ ਕੁਝ ਨਹੀਂ ਦੇਖਾਂਗੇ
ਚਿੱਤ ਨੂੰ ਹੋਰ ਪਾਸੇ ਲਾਵਾਂਗੇ
ਅੰਦਰਲਾ ਪੰਛੀ ਕੁਝ ਵੀ ਕਹਿਣ ਲੱਗੇ
ਉਸਨੂੰ ਕਿਸੇ ਹੋਰ ਮੁਲਕ ਦੀ
ਕਹਾਣੀ ਸੁਨਾਉਣ ਲੱਗਾਂਗੇ
ਫੁੱਲਾਂ ਦੀ ਵਾਰਤਾ ਨਹੀਂ ਆਖਾਂਗੇ
ਜੋ ਹਥੇਲੀ ‘ਤੇ ਟਿਕੇ
ਏਥੇ ਤੁਰ ਆਉਂਦੇ ਸੀ
ਹੁਣ ਤਾਂ ਉਹ ਵੀ ਕਹਿੰਦੇ ਹਨ
‘ਕਿੱਥੇ ਚੱਲਿਆ ਏਂ ਤੂੰ?’
ਇਮਤਿਹਾਨ ਇਕ ਵਾਰ ਹੁੰਦਾ
ਤਾਂ ਦੋਬਾਰਾ ਸੋਚਦੇ…
‘ਟੁੱਟੀ ਸੜਕ
ਜੋ ਜਾਂਦੀ ਹੈ ਸ਼ਹਿਰ ਦੇ ਅੰਦਰ ਤਾਈਂ
ਜਿਥੇ ਕਦੀ ਪੈਰ ਤੁਰੇ ਸਨ ਦੋਸਤਾਂ ਸਮੇਤ
ਉਹ ਸਾਰੇ ਹਾਸੇ, ਮਖ਼ੌਲ, ਗੱਲਾਂ
ਇਕ-ਇਕ ਕਰਕੇ ਵਿਸਾਰ ਦਿਆਂਗੇ
ਕੋਈ ਪਿਛਲੇ ਜਨਮ ਦੀ ਸਾਖੀ ਸਮਝਾਂਗੇ
ਸਰਾਪ ਲੈ ਕੇ ਚੱਲੇ ਹਾਂ
ਸਰਾਪ ਨਹੀਂ ਦੇਵਾਂਗੇ’
…………..
………….
………….
‘ਕੋਈ ਖ਼ਤ ਨਹੀਂ ਹੋਏਗਾ
ਕੋਈ ਸੁੱਖ-ਸੁਨੇਹਾ ਨਹੀਂ
ਕਾਤਲਾਂ ਦੇ ਸ਼ਹਿਰ ਵੱਲ
ਕਿਰਨਾਂ ਨਾਲ ਕੌਣ ਲਿਖੇਗਾ’
(ਲੰਬੀ ਕਵਿਤਾ ‘ਲਾ ਬੈਲੇ’ ਦਾ ਪ੍ਰਥਮ ਭਾਗ)

ਦੇਵੀ
1.
ਮੇਰੇ ਜਾਣ ਵੇਲੇ
ਦੇਵੀ ‘ਚੋਂ
ਅਨੇਕਾਂ ਰੰਗ
ਫੁੱਟ ਪੈਣਗੇ
ਫੇਰ ਉਨ੍ਹਾਂ ਤੋਂ
ਇਕ ਰੰਗ ਬਣੇਗਾ
ਸਫ਼ੈਦ…ਪ੍ਰਕਾਸ਼ਮਈ
ਜੋ ਅਸੀਮ ਸਾਗਰ ਤਾਈਂ
ਮੇਰੇ ਲਈ ਰਾਹ ਬਣਾਉਂਦਾ
ਫੈਲਦਾ ਜਾਏਗਾ…
2.
ਔਹ ਜੋ ਖ਼ਾਨਗਾਹ ਦਿਸਦੀ ਹੈ
ਓਥੇ ਦੇਵੀਆਂ ਦਾ ਵਾਸਾ ਹੈ
ਉਨ੍ਹਾਂ ਨੇ ਹਰ ਦੀਵੇ ‘ਚ
ਬੂੰਦ ਬੂੰਦ ਲਹੂ ਦੀ
ਪਾ ਰੱਖੀ ਹੈ
ਤਿਪ ਤਿਪ
ਟਿਪ ਟਿਪ
ਲਹੂ ਦੀਵਿਆਂ ‘ਚ
ਡਿਗਦਾ ਰਹਿੰਦਾ ਹੈ
3.
ਮੇਰੇ ਮਗਰ ਮਗਰ
ਸ੍ਰਿਸ਼ਟੀ ਦੇ ਸਭ ਬੱਚੇ ਹੋਣਗੇ
ਅੱਗੇ ਅੱਗੇ ਹੋਏਗੀ
ਂਦੇਵੀ ਤੇ ਉਸਦੀ ਨਿੱਕੀ ਭੈਣ
ਸਭ ਦੇ ਸਭ ਬੱਚੇ
ਹਵਾ ਵਾਂਗ ਉਡਣਗੇ
ਨੱਚਦੇ
ਟੱਪਦੇ
ਹੱਸਦੇ
ਟੌਫ਼ੀਆਂ ਖਾਂਦੇ
ਕੋਈ ਗੀਤ ਗਾਉਣਗੇ
ਉਨ੍ਹਾਂ ਨੂੰ
ਅਨੁਸ਼ਾਸਨ ‘ਚ ਰੱਖਣ ਲਈ
ਦੇਵੀ
ਵਾਰ ਵਾਰ ਸੰਕੇਤ ਕਰਦੀ ਰਹੇਗੀ
ਆਖ਼ਿਰ ਉਹ ਮੈਨੂੰ
ਮੇਰੀ ਥਾਂ ‘ਤੇ
ਟਿਕਾਅ ਆਉਣਗੇ
ਮੁੜਦੇ ਸਮੇਂ
ਉਨ੍ਹਾਂ ਦੇ ਸਿਰ ਤੋਂ
ਇਕ ਪ੍ਰਕਾਸ਼ ਉਠੇਗਾ
ਜੋ ਮੇਰੀ ਆਤਮਾ ‘ਚ
ਵਿਲੀਨ ਹੋ ਜਾਏਗਾ…
4.
ਉਹ ਫੁੱਲ ਜੋ
ਲੱਗ ਚੁੱਕਾ ਹੈ
ਉਸਦੇ ਅਨੇਕਾਂ ਰੰਗ ਨੇ
ਉਹ ਮੁਰਝਾਏਗਾ ਨਹੀਂ
ਨਾ ਡਾਲੀ ‘ਤੇ
ਸਿਰ ਸੁੱਟੇਗਾ
ਨਾ ਰੁੱਤਾਂ ਵਾਂਗ ਬਦਲੇਗਾ
ਰੱਬ ਨੇ ਦਿਨ ਦਿੱਤੇ ਨੇ
ਹੁਣ ਕੋਈ ਉਨ੍ਹਾਂ ਨੂੰ
ਖੋਹੇਗਾ ਨਹੀਂ

ਜ਼ਿੰਦਗੀ ਦਾ ਪਹਿਲਾ
ਅਤੇ ਆਖ਼ਰੀ ਹਾਸਾ

ਰੌਣਕਾਂ ਦੇ ਦਿਨ ਨੇ
ਜਸ਼ਨ ‘ਚ ਮੈਂ ਤੇ ਦੇਵੀ
ਰੱਬੀ ਬਾਰਿਸ਼ ‘ਚ
ਨਹਾਉਣ ਚੱਲੇ ਹਾਂ…
5.

ਜਿਵੇਂ ਜਿਵੇਂ ਮੈਂ ਦਿਸਦਾ ਹਾਂ
ਤਿਵੇਂ ਤਿਵੇਂ ਮੈਂ ਹਾਂ ਨਹੀਂ
ਦੇਵੀ!
ਤੂੰ ਤਾਂ ਹਨ੍ਹੇਰੇ ‘ਚ
ਦੀਵੇ ਚੁੱਕੀ ਫਿਰਦੀ ਏਂ
ਇਕ ਦੀਵਾ ਮੈਨੂੰ ਵੀ ਦੇ ਦੇ
ਮੈਂ ਤੇਰੇ ਚਾਨਣ ‘ਚ
ਟਿਕ ਜਾਣਾ ਚਾਹੁੰਦਾ ਹਾਂ
ਹਮੇਸ਼ ਹਮੇਸ਼ ਲਈ…

No comments yet»

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: