ਨਾਦ

contemporary punjabi poetry

Archive for ਮਾਰਚ, 2010

ਸੈਕਸ ਤੇ ਪਿਆਰ ਬਾਰੇ ਰੂਹਾਨੀ ਨਜ਼ਰੀਆ

ਕੁਝ ਅਰਸਾ ਪਹਿਲਾਂ ਇਕ ਕਵਿਤਾ ਲਿਖੀ ਸੀ। ਰੱਬ ਜਾਣੇ ਇਹ ਕਿਵੇਂ ਤੇ ਕਿਉਂ ਲਿਖੀ ਗਈ। ਪਰ ਕਵਿਤਾ ਮੈਂ ਕਿਤਾਬ ਨਾ ਮੈਂ ਆਪਣੀ ਕਿਤਾਬ ਵਿਚ ਸ਼ਾਮਲ ਕੀਤੀ ਅਤੇ ਨਾ ਹੀ ਕਿਤੇ ਹੋਰ ਛਪਵਾਈ।  ਮੈਂਨੂੰ ਲਗ ਰਿਹਾ ਸੀ ਕਿ ਬਿਨਾਂ ਇਸ ਕਵਿਤਾ ਦਾ ਪਿਛੋਕੜ ਬਿਆਨੇ ਜੇ ਇਹ ਛਾਪੀ ਤਾਂ ਸੰਭਵ ਹੈ ਕਿ ਕੁਝ ਲੋਕ ਇਸ ਦੀ ਸਹੀ ਭਾਵਨਾ ਨਾ ਸਮਝਣ। ਕੁਝ ਦਿਨ ਪਹਿਲਾਂ ਮੈਂ ਆਪਣੇ ਪਰਚੇ ‘ਨਾਮ ਯੁੱਗ’ ਲਈ ਇਕ ਲੇਖ ਲਿਖਿਆ, ਜਿਹੜਾ ਕਿ ਇਸ ਗੱਲ ਬਾਰੇ ਹੈ ਕਿ ਰੂਹਾਨੀ ਸਾਇੰਸ ਸੈਕਸ ਤੇ ਪਿਆਰ ਦੇ ਸੁਆਲਾਂ ਨੂੰ ਕਿਵੇਂ ਦੇਖਦੀ ਹੈ। ਕੁਝ ਸੂਫੀ ਫਕੀਰਾਂ ਨਾਲ ਆਪਣੇ ਅਨੁਭਵ ਦੇ ਅਧਾਰ ਤੇ ਮੈਂ ਫਕੀਰਾਂ ਦੀਆਂ ਧਾਰਨਾਵਾਂ ਨੂੰ ਆਧੁਨਿਕ ਵਿਗਿਆਨਕ ਮੁਹਾਵਰੇ ਵਿਚ ਬਿਆਨਣ ਦੀ ਕੋਸ਼ਿਸ਼ ਕੀਤੀ। ਇਸ ਲੇਖ ਨੂੰ ਪੜ੍ਹਨ ਤੋਂ ਬਾਅਦ ਜੇ ਕੋਈ ਇਹ ਕਵਿਤਾ ਪੜ੍ਹੇ ਤਾਂ ਮੇਰਾ ਯਕੀਨ ਹੈ ਕਿ ਇਸ ਕਵਿਤਾ ਦੀ ਅਸਲ ਭਾਵਨਾ ਨਾਲ ਨਿਆਂ ਹੋਵੇਗਾ- ਸ਼ਮੀਲ

ਸੈਕਸ ਬਾਰੇ ਪੁਰਾਣੀਆਂ ਧਾਰਮਿਕ ਪਰੰਪਰਾਵਾਂ ਅੰਦਰ ਜੋ ਧਾਰਨਾਵਾਂ ਹਨ ਅਤੇ ਇਸ ਨਾਲ ਜੋ ਨੈਤਿਕ ਮੁੱਲ ਜੁੜੇ ਹਨ, ਉਨ੍ਹਾਂ ਬਾਰੇ ਅਸੀਂ ਆਮ ਕਰਕੇ ਇਹ ਸੋਚਦੇ ਹਾਂ ਕਿ ਇਹ ਪੁਰਾਤਨ ਵਹਿਮਾਂ ਭਰਮਾਂ ਵਿਚੋਂ ਨਿਕਲੇ ਦਕਿਆਨੂਸੀ ਖਿਆਲ ਹਨ। ਜਦ ਅਸੀਂ ਅੱਜ ਦੀ ਵਿਗਿਆਨਕ ਚੇਤਨਾ ਦੇ ਨੁਕਤੇ ਤੋਂ ਸੋਚਦੇ ਹਾਂ ਤਾਂ ਕਈ ਵਾਰ ਇਹ ਸਮਝਣਾ ਵੀ ਮੁਸ਼ਕਲ ਹੋ ਜਾਂਦਾ ਹੈ ਕਿ ਸੈਕਸ ਬਾਰੇ ਅਜਿਹੀਆਂ ਧਾਰਨਾਵਾਂ ਕਿਵੇਂ ਪੈਦਾ ਹੋਈਆਂ। ਇਹੀ ਵਜ੍ਹਾ ਹੈ ਕਿ ਬਹੁਤ ਸਾਰੇ ਲੋਕ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਨ੍ਹਾਂ ਦਾ ਜ਼ਿੰਦਗੀ ਪ੍ਰਤੀ ਦ੍ਰਿਸ਼ਟੀਕੋਣ ਵਿਗਿਆਨਕ ਹੈ, ਉਹ ਸੈਕਸ ਵਰਤਾਓ ਵਿਚ ਕਿਸੇ ਵੀ ਤਰਾਂ ਦੇ ਸੰਜਮ ਜਾਂ ਬੰਧੇਜ ਨੂੰ ਰੱਦ ਕਰਦੇ ਹਨ। ਉਹ ਕਹਿੰਦੇ ਹਨ ਕਿ ਸੈਕਸ ਬਾਰੇ ਅਸੀਂ ਜੋ ਵੀ ਧਾਰਮਿਕ ਨੈਤਿਕਤਾ ਬਣਾਈ ਹੈ, ਉਹ ਬੇਤੁਕੀਆਂ ਗੱਲਾਂ ਹਨ। ਉਨ੍ਹਾਂ ਦਾ ਸਭ ਤੋਂ ਵੱਡਾ ਸੁਆਲ ਹੁੰਦਾ ਹੈ ਕਿ ਸੈਕਸ ਬਾਰੇ ਜੋ ਸੰਜਮ ਤੇ ਰੋਕ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਉਹਨਾਂ ਦਾ ਕੀ ਮਾਅਨਾ ਹੈ। ਉਹ ਕਹਿੰਦੇ ਹਨ ਕਿ ਸੈਕਸ ਕੁਦਰਤ ਦੁਆਰਾ ਦਿਤੀ ਗਈ ਇਕ ਕੁਦਰਤੀ ਪ੍ਰਵਿਰਤੀ ਹੈ। ਇਸ ਨਾਲ ਜੋੜੀਆਂ ਗਈਆਂ ਪਾਪ ਪੁੰਨ ਤੇ ਗਲਤ ਠੀਕ ਦੀਆਂ ਧਾਰਨਾਵਾਂ ਧਾਰਮਿਕ ਲੋਕਾਂ ਦੁਆਰਾ ਜੋੜੀਆਂ ਗਈਆਂ ਹਨ। ਇਹਨਾਂ ਧਾਰਨਾਵਾਂ ਦਾ ਕੋਈ ਵਿਗਿਆਨਕ ਅਧਾਰ ਨਹੀਂ ਹੈ। ਅਜਿਹੀ ਧਾਰਮਿਕ ਨੈਤਿਕਤਾ ਅਤੇ ਸੋਚ ਦੇ ਖਿਲਾਫ ਓਸ਼ੋ ਨੇ ਵੀ ਬਹੁਤ ਬੇਬਾਕ ਟਿਪਣੀਆਂ ਕੀਤੀਆਂ ਹਨ ਅਤੇ ਸੈਕਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗਲਤ ਧਾਰਨਾਵਾਂ ਨੂੰ ਲੀਰੋ ਲੀਰ ਕਰ ਦਿਤਾ। ਓਸ਼ੋ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਇਸ ਤਰਾਂ ਸਮਝਿਆ ਗਿਆ ਹੈ ਕਿ ਉਨ੍ਹਾਂ ਨੇ ਖੁਲ੍ਹੇ ਸੈਕਸ ਦੀ ਵਕਾਲਤ ਕੀਤੀ ਹੈ ਅਤੇ ਇਸ ਬਾਰੇ ਕਿਸੇ ਵੀ ਕਿਸਮ ਦੇ ਸੰਜਮ ਨੂੰ ਰੱਦ ਕੀਤਾ ਹੈ। ਬਹੁਤ ਸਾਰੇ ਲਾਈਫ ਸਟਾਈਲ ਕਾਲਮਨਵੀਸਾਂ ਅਤੇ ਮਾਹਰਾਂ ਨੂੰ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ ਕਿ ਸੈਕਸ ਜਿੰਨਾ ਜ਼ਿਆਦਾ ਹੋਵੇ, ਓਨਾ ਹੀ ਅੱਛਾ ਹੈ। ਉਹ ਖੁਸ਼ ਰਹਿਣ ਦਾ ਨੁਸਖਾ ਵੱਧ ਤੋਂ ਵੱਧ ਸੈਕਸ ਦੱਸਦੇ ਹਨ।
ਇਨ੍ਹਾਂ ਸਭ ਸੁਆਲਾਂ ਬਾਰੇ ਕੁਝ ਨੁਕਤੇ ਹਨ, ਜਿਹੜੇ ਮੈਂ ਇਥੇ ਸਾਂਝੇ ਕਰਨੇ ਚਾਹ ਰਿਹਾ ਹਾਂ। ਇਨਸਾਨੀ ਸਰੀਰ ਦੇ ਸੂਖਮ ਪਹਿਲੂਆਂ ਬਾਰੇ ਜਾਣਨ, ਅਨੁਭਵ ਕਰਨ ਤੇ ਮਹਿਸੂਸ ਕਰਨ ਤੋਂ ਬਾਅਦ ਮੇਰੇ ਅੰਦਰ ਬਹੁਤ ਸਾਰੇ ਪ੍ਰਸ਼ਨ ਪੈਦਾ ਹੋਏ ਹਨ। ਜੇ ਇਨਸਾਨ ਦਾ ਸਰੀਰ ਓਨਾ ਹੀ ਹੁੰਦਾ, ਜਿੰਨਾ ਕੁ ਮੈਡੀਕਲ ਸਾਇੰਸ ਦੀ ਮੋਟੀ ਜਿਹੀ ਜਾਣਕਾਰੀ ਦੇ ਅਧਾਰ ਤੇ ਅਸੀਂ ਸਮਝਦੇ ਹਾਂ ਤਾਂ ਸੈਕਸ ਨਾਲ ਜੁੜੀਆਂ ਨੈਤਿਕ ਧਾਰਨਾਵਾਂ ਦਾ ਕੋਈ ਮਾਅਨਾ ਨਹੀਂ ਸੀ ਪਰ ਇਨਸਾਨ ਦੇ ਸਰੀਰ ਦੀਆਂ ਗੁੱਝੀਆਂ ਪਰਤਾਂ ਨੂੰ ਜਦ ਅਸੀਂ ਧਿਆਨ ਵਿਚ ਰੱਖਦੇ ਹਾਂ ਤਾਂ ਸਾਡੀ ਸੋਚ ਵਿਚ ਬੁਨਿਆਦੀ ਪਰਿਵਰਤਨ ਆਉਂਦਾ ਹੈ। ਅਸਲ ਗੱਲ ਇਹ ਹੈ ਕਿ ਅਸੀਂ ਸਿਰਫ ਸਰੀਰ ਨਹੀਂ ਹਾਂ। ਅਸੀਂ ਬਹੁਤ ਸੀ ਸੂਖਮ ਊਰਜਾ ਦੇ ਬਣੇ ਹੋਏ ਹਾਂ। ਸਰੀਰ ਸਾਡੀ ਬਹੁਤ ਉਪਰਲੀ ਸਤਹ ਹੈ। ਯੋਗਾ ਸਿਸਟਮਾਂ ਵਿਚ ਇਸ ਪਹਿਲੂ ਨੂੰ ਇਨਸਾਨ ਦੀ ਊਰਜਾ ਦੇਹ ਕਿਹਾ ਗਿਆ ਹੈ। ਇਨਸਾਨ ਦਾ ਸੂਖਮ ਊਰਜਾ ਸਰੀਰ ਸਾਡੇ ਨੰਗੀ ਅੱਖ ਨਾਲ ਦਿਸ ਰਹੇ ਸਥੂਲ ਸਰੀਰ ਦੇ ਮੁਕਾਬਲੇ ਕਿਤੇ ਵੱਧ ਗੁੰਝਲਦਾਰ ਹੈ। ਇਸ ਦੀ ਬਹੁਤ ਹੀ ਵਿਸਤ੍ਰਿਤ ਵਿਆਖਿਆ ਯੋਗਾ ਸਿਸਟਮਾਂ ਵਿਚ ਕੀਤੀ ਗਈ ਹੈ। ਇਸ ਸੂਖਮ ਦੇਹ ਦਾ ਘੇਰਾ ਸਾਡੇ ਦਿਸ ਰਹੇ ਸਥੂਲ ਸਰੀਰ ਦੇ ਬਾਹਰ ਕੁਝ ਇੰਚ ਤੱਕ ਫੈਲਿਆ ਹੁੰਦਾ ਹੈ। ਜਿਹੜੇ ਇਸ ਨੂੰ ਦੇਖ ਸਕਦੇ ਹਨ, ਉਨ੍ਹਾਂ ਨੂੰ ਇਹ ਰੌਸ਼ਨੀ ਦੇ ਸਤਰੰਗੇ ਅੰਡਾਕਾਰ ਘੇਰੇ ਦੀ ਤਰਾਂ ਦਿਸਦਾ ਹੈ। ਕਿਰਲੀਅਨ ਫੋਟੋਗ੍ਰਾਫੀ ਅਤੇ ਕੁਝ ਹੋਰ ਯੰਤਰਾਂ ਦੀ ਮਦਦ ਨਾਲ ਵੀ ਇਸ ਸੂਖਮ ਸਰੀਰ ਨੂੰ ਕੁਝ ਹੱਦ ਤੱਕ ਦੇਖਿਆ ਜਾਂ ਮਹਿਸੂਸ ਕੀਤਾ ਜਾ ਸਕਦਾ ਹੈ। ਸਾਡੇ ਪੂਰੇ ਵਜੂਦ ਦਾ ਅਧਾਰ ਇਹ ਸੂਖਮ ਸਰੀਰ ਹੈ। ਸਾਡਾ ਖਾਣਾ ਪੀਣਾ, ਸੋਚਣਾ ਅਤੇ ਜੀਵਨ ਦਾ ਹਰ ਐਕਟ ਇਸ ਸੂਖਮ ਊਰਜਾ ਸਰੀਰ ਨੂੰ ਬਹੁਤ ਗਹਿਰੇ ਰੂਪ ਵਿਚ ਪ੍ਰਭਾਵਤ ਕਰਦਾ ਹੈ। ਰੂਹਾਨੀ ਸਾਇੰਸ ਦੀ ਇਨਸਾਨੀ ਜੀਵਨ ਬਾਰੇ ਹਰ ਧਾਰਨਾ ਇਸ ਗੱਲ ਤੇ ਅਧਾਰਤ ਹੈ ਕਿ ਕਿਹੜੀ ਗੱਲ ਇਸ ਸੂਖਮ ਊਰਜਾ ਸਰੀਰ ਤੇ ਚੰਗਾ ਅਸਰ ਪਾਉਂਦੀ ਹੈ ਅਤੇ ਕਿਹੜੀ ਗੱਲ ਇਸ ਤੇ ਬੁਰਾ ਅਸਰ ਪਾਉਂਦੀ ਹੈ। ਇਹ ਸੂਖਮ ਸਰੀਰ ਕਿਉਂਕਿ ਸਾਡੇ ਆਮ ਅਨੁਭਵ ਤੇ ਸਮਝ ਦਾ ਹਿੱਸਾ ਨਹੀਂ ਹੈ, ਇਸ ਕਰਕੇ ਰੂਹਾਨੀ ਸਿਸਟਮਾਂ ਦੀਆਂ ਬਹੁਤ ਸਾਰੀਆਂ ਗੱਲਾਂ ਦੇ ਪਿਛੇ ਕੰਮ ਕਰ ਰਹੇ ਤਰਕ ਸਾਨੂੰ ਸਮਝ ਨਹੀਂ ਆਉਂਦੇ।
ਕਿਸੇ ਇਨਸਾਨ ਦਾ ਕਿਸੇ ਦੂਸਰੇ ਇਨਸਾਨ ਨਾਲ ਜੋ ਸਭ ਤੋਂ ਗਹਿਰਾ ਊਰਜਾ ਸਬੰਧ ਬਣ ਸਕਦਾ ਹੈ, ਉਹ ਸੈਕਸ ਹੈ। ਇਸ ਐਕਟ ਦੌਰਾਨ ਕਿਸੇ ਇਕ ਦੀ ਸੂਖਮ ਊਰਜਾ ਦੂਸਰੇ ਦੀ ਸੂਖਮ ਊਰਜਾ ਨੂੰ ਪ੍ਰਭਾਵਿਤ ਕਰਦੀ ਹੈ ਜਾਂ ਉਸ ਵਿਚ ਦਾਖਲ ਹੁੰਦੀ ਹੈ। ਇਸ ਕਰਕੇ ਕੋਈ ਸਹੀ ਸੈਕਸ ਸਬੰਧ ਉਹ ਹੀ ਹੁੰਦਾ ਹੈ, ਜਿਸ ਵਿਚ ਦੋ ਇਨਸਾਨਾਂ ਦੀ ਊਰਜਾ ਦਾ ਸਹੀ ਜੋੜ ਬਣਦਾ ਹੋਵੇ ਅਤੇ ਜਾਂ ਜਿਸ ਮੇਲ ਵਿਚ ਕਿਸੇ ਇਕ ਦੀ ਊਰਜਾ ਦੂਜੇ ਦੀ ਊਰਜਾ ਦੇਹੀ ਨੂੰ ਪਲੀਤ ਨਾ ਕਰ ਰਹੀ ਹੋਵੇ। ਅਜਿਹੇ ਜੋੜ ਲੱਭਣੇ ਔਖੇ ਹੁੰਦੇ ਹਨ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜੋੜੀਆਂ ਜੱਗ ਥੋੜ੍ਹੀਆਂ ਤੇ ਨਰੜ ਬਥੇਰੇ। ਜਾਂ ਜੇ ਗੁਰਬਾਣੀ ਦੀ ਭਾਸ਼ਾ ਵਿਚ ਕਹਿਣ ਹੋਵੇ ਤਾਂ ‘ ਏਕ ਜੋਤੁ ਦੋਇ ਮੂਰਤੀ, ਧਨ ਪਿਰ ਕਹੀਐ ਸੋਇ’।
ਅਨੁਭਵ ਵਾਲੇ ਰੂਹਾਨੀ ਲੋਕ ਇਨਸਾਨੀ ਜੀਵਨ ਨੂੰ ਸਾਡੀ ਆਮ ਦ੍ਰਿਸ਼ਟੀ  ਨਾਲੋਂ ਵੱਖਰੀ ਦ੍ਰਿਸ਼ਟੀ ਨਾਲ ਦੇਖਦੇ ਹਨ। ਸਾਬਣਾਂ, ਕਰੀਮਾਂ, ਪਰਫਿਊਮਾਂ ਤੇ ਕੱਪੜਿਆਂ ਨਾਲ ਅਸੀਂ ਭਾਵੇਂ ਆਪਣੀ ਸਥੂਲ ਦੇਹ ਨੂੰ ਕਿੰਨਾ ਵੀ ਚਮਕਾਇਆ ਹੁੰਦਾ ਹੈ ਪਰ ਇਨਸਾਨ ਦੀ ਸੂਖਮ ਦੇਹ ਦੀ ਮੈਲ ਸਾਬਣਾਂ ਨਾਲ ਨਹੀਂ ਉਤਰਦੀ। ਧਰਤੀ ਤੇ ਬਹੁਤ ਥੋੜ੍ਹੇ ਲੋਕ ਹਨ, ਜਿਨ੍ਹਾਂ ਦੀ ਸੂਖਮ ਦੇਹ ਪੂਰੀ ਤਰਾਂ ਨਿਖਰੀ ਹੋਵੇ। ਵਿਕਸਤ ਤੇ ਸ਼ਹਿਰੀ ਸਮਾਜਾਂ ਵਿਚ ਰਹਿਣ ਵਾਲੇ ਚਿਕਨੇ ਚੋਪੜੇ ਲੋਕਾਂ ਦੀਆਂ ਸੂਖਮ ਦੇਹਾਂ ਜੰਗਲਾਂ ਵਿਚ ਰਹਿਣ ਵਾਲੇ ਸਧਾਰਨ ਲੋਕਾਂ ਦੇ ਮੁਕਾਬਲੇ ਜ਼ਿਆਦਾ ਪਲੀਤ ਹਨ। ਜਿਹੜੇ ਲੋਕ ਰੂਹਾਨੀ ਵਿਧੀਆਂ ਨਾਲ ਆਪਣੀ ਨਜ਼ਰ ਨਿਖਾਰ ਲੈਂਦੇ ਹਨ, ਉਹ ਇਨਸਾਨਾਂ ਦੀ ਊਰਜਾ ਦੇਹੀ ਦਾ ਗੰਦ ਦੇਖ, ਮਹਿਸੂਸ ਕਰ ਸਕਦੇ ਹਨ। ਮੈਂ ਇਹ ਸਾਰੀਆਂ ਗੱਲਾਂ ਅਜਿਹੇ ਅਨੁਭਵ ਵਾਲੇ ਲੋਕਾਂ ਦੇ ਹਵਾਲੇ ਨਾਲ ਹੀ ਕਰ ਰਿਹਾ ਹਾਂ।
ਹਰ ਸਭਿਅਤਾ ਆਪਣੀ ਤਰਾਂ ਦੇ ਵਹਿਮ ਭਰਮ ਪੈਦਾ ਕਰਦੀ ਹੈ। ਆਧੁਨਿਕ ਸਭਿਅਤਾ ਦਾ ਸਭ ਤੋਂ ਵੱਡਾ ਵਹਿਮ ਬਹੁਤ ਸਾਰੇ ਲੋਕਾਂ ਦਾ ਇਹ ਸਮਝਣਾ ਹੈ ਕਿ ਉਹ ਪੜ੍ਹਾਈ ਦੀਆਂ ਕੁਝ ਡਿਗਰੀਆਂ ਪ੍ਰਾਪਤ ਕਰਕੇ ਪੜ੍ਹੇ ਲਿਖੇ ਹੋ ਗਏ ਹਨ। ਡਾਕਟਰ, ਇੰਜਨੀਅਰ, ਜਾਂ ਕੋਈ ਹੋਰ ਮਾਸਟਰ, ਗਰੈਜੂਏਟ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨੂੰ ਇਹ ਲੱਗਣ ਲੱਗਦਾ ਹੈ ਕਿ ਉਨ੍ਹਾਂ ਕੋਲ ਕੋਈ ਸੁਪਰ ਵਿਜ਼ਡਮ ਆ ਗਈ ਹੈ। ਅਜਿਹੇ ਵਹਿਮ ਕਾਰਨ ਹੀ ਲੋਕ ਅਕਸਰ ਫਕੀਰਾਂ, ਜੋਗੀਆਂ ਅਤੇ ਗਹਿਰੇ ਰੂਹਾਨੀ ਅਨੁਭਵ ਵਾਲੇ ਲੋਕਾਂ ਦੀਆਂ ਗੱਲਾਂ ਨੂੰ ਛੁਟਿਆਉਂਦੇ ਹਨ। ਪਰ ਗਿਆਨ ਦੀ ਖੋਜ ਦਾ ਸਭ ਤੋਂ ਬੁਨਿਆਦੀ ਸੂਤਰ ਇਹ ਹੈ ਕਿ ਅਸੀਂ ਕਿਸੇ ਵੀ ਖੇਤਰ ਵਿਚ ਅਨੁਭਵ ਤੇ ਯੋਗਤਾ ਰੱਖਣ ਵਾਲੇ ਲੋਕਾਂ ਦੀਆਂ ਗੱਲਾਂ ਨੂੰ ਮਹਤਵ ਦਿੰਦੇ ਹਾਂ ਭਾਵੇਂ ਇਕਦਮ ਸਾਨੂੰ ਉਹ ਪੂਰੀ ਤਰਾਂ ਸਮਝ ਨਾ ਵੀ ਆਉਣ। ਮਿਸਾਲ ਦੇ ਤੌਰ ਤੇ ਸਪੇਸ ਵਿਗਿਆਨ ਬਾਰੇ ਕਿਸੇ ਸਪੇਸ ਵਿਗਿਆਨੀ ਦੀ ਗੱਲ, ਮੈਡੀਕਲ ਸਾਇੰਸ ਬਾਰੇ ਕਿਸੇ ਮੈਡੀਕਲ ਸਾਇੰਟਿਸਟ ਦੀ ਗੱਲ, ਭੌਤਿਕ ਵਰਤਾਰਿਆਂ ਬਾਰੇ ਕਿਸੇ ਭੌਤਿਕ ਵਿਗਿਆਨੀ ਦੀ ਗੱਲ, ਕਿਸੇ ਰਸਾਇਣ ਵਿਗਿਆਨੀ ਦੀ ਗੱਲ ਅਤੇ ਆਰਥਿਕ ਮਾਮਲਿਆਂ ਬਾਰੇ ਕਿਸੇ ਅਰਥ ਸਾਸ਼ਤਰੀ ਦੀ ਗੱਲ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ। ਇਸੇ ਤਰਜ਼ ਤੇ ਸਾਨੂੰ ਜੀਵਨ ਦੇ ਗਹਿਰੇ ਰੂਹਾਨੀ ਸੁਆਲਾਂ ਬਾਰੇ ਰੂਹਾਨੀ ਸਾਧਕਾਂ ਦੀਆਂ ਗੱਲਾਂ ਨੂੰ ਲੈਣਾ ਚਾਹੀਦਾ ਹੈ। ਫਕੀਰ ਲੋਕਾਂ ਦੀਆਂ ਕਹੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਦੇ ਪੂਰੇ ਅਰਥ ਮੈਨੂੰ ਇਕ ਦਮ ਸਮਝ ਨਹੀਂ ਆਉਂਦੇ। ਪਰ ਉਨ੍ਹਾਂ ਦੀ ਗੱਲ ਨੂੰ ਸੁਣਦਿਆਂ ਸਮਝਦਿਆਂ ਮੈਂ ਹਮੇਸ਼ਾ ਇਹ ਗੱਲ ਮਨ ਵਿਚ ਰੱਖਦਾ ਹਾਂ ਕਿ ਇਸ ਵਿਚ ਕੁਝ ਅਜਿਹਾ ਹੈ, ਜਿਹੜਾ ਮੇਰੇ ਅਜੇ ਸਮਝ ਨਹੀਂ ਆ ਰਿਹਾ। ਇਸ ਤਰਾਂ ਦੇ ਸਿਲਸਿਲਿਆਂ ਨਾਲ ਪਿਛਲੇ ਕੁਝ ਸਾਲਾਂ ਦੇ ਵਾਹ ਦੇ ਅਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਮੈਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਕਈ ਕਈ ਸਾਲਾਂ ਬਾਅਦ ਇਹ ਅਹਿਸਾਸ ਹੋਇਆ ਕਿ ਫਕੀਰ ਲੋਕ ਜੋ ਕਹਿ ਰਹੇ ਸਨ, ਉਹ ਵਾਕਈ ਕਿੰਨੀ ਡੂੰਘੀ ਗੱਲ ਸੀ।
ਸੈਕਸ ਦੇ ਸੁਆਲ ਬਾਰੇ ਇਸ ਗੱਲਬਾਤ ਦੌਰਾਨ ਵੀ ਮੈਂ ਫਕੀਰ ਤੇ ਸਾਧਕ ਲੋਕਾਂ ਦੁਆਰਾ ਕਹੀਆਂ ਜਾਂਦੀਆਂ ਕੁਝ ਗੱਲਾਂ ਦੇ ਹਵਾਲੇ ਦੇਵਾਂਗਾ। ਇਨ੍ਹਾਂ ਗਲਾਂ ਨੂੰ ਪੜ੍ਹਦਿਆਂ ਸੁਣਦਿਆਂ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਇਸ ਤਰਾਂ ਦੀਆਂ ਗੱਲਾਂ ਕਰਨ ਵਾਲੇ ਗੁਰੂ ਪੀਰ, ਫਕੀਰ, ਸਾਧੂ ਲੋਕ ਬੇਵਕੂਫ ਨਹੀਂ ਸਨ।
ਊਰਜਾ ਦਾ ਇਹ ਨਿਯਮ ਹੈ ਕਿ ਇਕ ਨਿਸ਼ਚਿਤ ਮਿਕਦਾਰ ਤੱਕ ਗੰਦੀ ਊਰਜਾ ਸਾਫ ਊਰਜਾ ਨੂੰ ਪਲੀਤ ਕਰਦੀ ਹੈ। ਸਾਫ ਪਾਣੀ ਦੀ ਇਕ ਬਾਲਟੀ ਨੂੰ ਗੰਦੇ ਪਾਣੀ ਦਾ ਇਕ ਗਲਾਸ ਪਲੀਤ ਕਰ ਸਕਦਾ ਹੈ ਪਰ ਗੰਦੇ ਪਾਣੀ ਦੇ ਇਕ ਗਲਾਸ ਨੂੰ ਸਾਫ ਕਰਨ ਲਈ ਇਕ ਦਰਿਆ ਚਾਹੀਦਾ ਹੈ। ਇਹੀ ਨਿਯਮ ਗਹਿਰੇ ਸਰੀਰਕ ਸੰਪਰਕਾਂ ਤੇ ਲਾਗੂ ਹੁੰਦਾ ਹੈ। ਜਦ ਵੀ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਦੇ ਗਹਿਰੇ ਸਰੀਰਕ ਸੰਪਰਕ ਵਿਚ ਆਉਂਦਾ ਹੈ ਤਾਂ ਉਸ ਦੀ ਗੰਦਗੀ ਆਪਣੇ ਤੇ ਲੈਂਦਾ ਹੈ। ਇਹੀ ਵਜ੍ਹਾ ਹੈ ਕਿ ਸਾਰੇ ਗੁਰੂਆਂ ਨੇ ਆਪਣੇ ਰੂਹਾਨੀ ਸਿਸ਼ਾਂ ਨੂੰ ਇਹ ਆਦੇਸ਼ ਦਿਤਾ ਕਿ ਸੈਕਸ ਸਬੰਧਾਂ ਦੇ ਮਾਮਲੇ ਵਿਚ ਸੰਜਮ ਵਰਤੋ। ਤੁਸੀਂ ਨਹੀਂ ਜਾਣਦੇ ਕਿ ਦੂਸਰੇ ਇਨਸਾਨ ਦੀ ਊਰਜਾ ਕਿਹੋ ਜਿਹੀ ਹੈ। ਉਹ ਕਿਸ ਤਰਾਂ ਦਾ ਗੰਦ ਢੋ ਰਿਹਾ ਹੈ। ਜੇ ਤੁਸੀਂ ਉਸ ਦੇ ਸੰਪਰਕ ਵਿਚ ਜਾਓਗੇ ਤਾਂ ਉਹ ਸਾਰਾ ਗੰਦ ਆਪਣੇ ਤੇ ਪੁਆ ਲਵੋਗੇ। ਫਕੀਰ ਲੋਕ ਇਸੇ ਗੱਲ ਨੂੰ ਆਪਣੇ ਦੌਰ ਦੀ ਭਾਸ਼ਾ ਵਿਚ ਕਹਿੰਦੇ ਸਨ। ਉਹਨਾਂ ਨੂੰ ਕਹਿੰਦੇ ਮੈਂ ਸੁਣਿਆ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਦੂਸਰੇ ਇਨਸਾਨ ਨੂੰ ਕੀ ‘ਸ਼ੈਅ’ ਚਿੰਬੜੀ ਹੋਈ ਹੈ। ਜੇ ਤੁਸੀਂ ਉਸਦੇ ਗਹਿਰੇ ਸਬੰਧ ਵਿਚ ਜਾਓਗੇ ਤਾਂ ਉਹ ‘ਸ਼ੈਅ’ ਤੁਹਾਨੂੰ ਚਿੰਬੜ ਜਾਏਗੀ। ਜਿਹੜੀਆਂ ਲੜਕੀਆਂ ਵੇਸਵਾਵਾਂ ਜਾਂ ਕਾਲ ਗਰਲਜ਼ ਹਨ, ਉਹ ਆਪਣੀ ਹਾਲਤ ਬਹੁਤ ਹੀ ਤਰਸਯੋਗ ਬਣਾ ਲੈਂਦੀਆਂ ਹਨ। ਨਾ ਜਾਣੇ ਕਿਨ੍ਹਾ ਕਿਨ੍ਹਾਂ ਦਾ ਗੰਦ ਉਹ ਆਪਣੇ ਅੰਦਰ ਸੁਟਦੀਆਂ ਹਨ। ਵੈਸੇ ਵੀ ਜਿਹੜੇ ਲੋਕ ਵੇਸਵਾਵਾਂ ਜਾਂ ਕਾਲ ਗਰਲਜ਼ ਕੋਲ ਜਾਂਦੇ ਹਨ, ਉਹ ਆਮ ਕਰਕੇ ਕੋਈ ਚੰਗੀ ਊਰਜਾ ਵਾਲੇ ਲੋਕ ਨਹੀਂ ਹੁੰਦੇ। ਉਹ ਆਪਣੀਆਂ ਬਿਮਾਰੀਆਂ ਢੋ ਰਹੇ ਹੁੰਦੇ ਹਨ ਅਤੇ ਉਨ੍ਹਾਂ ਦੇ ਭਾਰ ਇਹ ਲੜਕੀਆਂ ਆਪਣੇ ਤੇ ਪੁਆ ਲੈਂਦੀਆਂ ਹਨ। ਅਜਿਹੀਆਂ ਲੜਕੀਆਂ ਆਪਣੇ ਸੂਖਮ ਸਰੀਰਾਂ ਦਾ ਹਾਲ ਗਾਰਬੇਜ ਬਿੰਨਾਂ ਤੋਂ ਵੀ ਬਦਤਰ ਬਣਾ ਲੈਂਦੀਆਂ ਹਨ।
ਧਾਰਮਿਕ ਪਰੰਪਰਾਵਾਂ ਵਿਚ ਇਸ ਤਰਾਂ ਦੇ ਸੈਕਸ ਸਬੰਧਾਂ ਨੂੰ ‘ਪਾਪ’ ਕਿਹਾ ਜਾਂਦਾ ਹੈ। ਪਾਪ ਸ਼ਬਦ ਦੇ ਅਸੀਂ ਲੋਕਾਂ ਨੇ ਜੋ ਅਰਥ ਬਣਾ ਲਏ ਹਨ, ਉਹ ਅਜਿਹੇ ਹਨ, ਜਿਵੇਂ ਕੋਈ ਕਾਨੂੰਨੀ ਅਪਰਾਧ ਹੁੰਦਾ ਹੈ। ਰੂਹਾਨੀਅਤ ਦੇ ਇਨ੍ਹਾ ਸ਼ਬਦਾਂ ਨੂੰ ਵੱਖਰੇ ਅਰਥਾਂ ਵਿਚ ਦੇਖਣ ਦੀ ਲੋੜ ਹੈ। ਓਸੋæ ਜਦੋਂ ਸੈਕਸ ਨਾਲ ਜੁੜੀ ਸਾਡੀ ਸਮੁਚੀ ਨੈਤਿਕਤਾ ਤੇ ਵਾਰ ਕਰਦਾ ਹੈ ਤਾਂ ਅਸਲ ਵਿਚ ਉਹ ਸਾਡੀ ਉਸ ਸੋਚ ਤੇ ਵਾਰ ਕਰਦਾ ਹੈ, ਜਿਸਨੇ ਇਸ ਨਾਲ ਪਾਪ ਪੁੰਨ ਦੇ ਕੁਝ ਅਜਿਹੇ ਅਰਥ ਜੋੜੇ ਹਨ। ਰੂਹਾਨੀਅਤ ਦੀ ਨਜ਼ਰ ਵਿਚ ਪਾਪ ਅਤੇ ਪੁੰਨ ਦੇ ਅਰਥ ਅਸਲ ਵਿਚ ਹੋਰ ਹਨ। ਕਾਨੂੰਨੀ ਪਾਪ/ਅਪਰਾਧ ਉਹ ਹੁੰਦਾ ਹੈ ਜਿਹੜੇ ਕਿਸੇ ਦੂਸਰੇ ਪ੍ਰਤੀ ਕੀਤਾ ਜਾਂਦਾ ਹੈ। ਰੂਹਾਨੀਅਤ ਦੀ ਨਜ਼ਰ ਵਿਚ ਪਾਪ ਅਤੇ ਪੁੰਨ ਅਸੀਂ ਕਿਸੇ ਪ੍ਰਤੀ ਨਹੀਂ ਬਲਕਿ ਆਪਣੇ ਪ੍ਰਤੀ ਕਰਦੇ ਹਾਂ। ਜਿਹੜੇ ਐਕਟ ਸਾਡੀ ਆਪਣੀ ਸੂਖਮ ਊਰਜਾ ਅਤੇ ਆਤਮਾ ਦੇ ਵਿਕਾਸ ਵਿਚ ਸਹਾਈ ਹੁੰਦੇ ਹਨ, ਉਹ ਪੁੰਨ ਕਰਮ ਹਨ ਅਤੇ ਜਿਹੜੇ ਸਾਡੀ ਆਪਣੀ ਊਰਜਾ ਦਾ ਘਾਣ ਕਰਦੇ ਹਨ, ਉਹ ਪਾਪ ਹਨ। ਸੈਕਸ ਵੀ ਪਾਪ ਉਦੋਂ ਬਣਦਾ ਹੈ, ਜਦੋਂ ਇਹ ਸਾਡੀ ਆਪਣੀ ਸੂਖਮ ਊਰਜਾ ਦਾ ਘਾਣ ਕਰ ਦਿੰਦਾ ਹੈ। ਪੁਰਾਤਨ ਦੌਰ ਵਿਚ ਇਹ ਸੰਭਵ ਨਹੀਂ ਸੀ ਕਿ ਅੱਜ ਵਾਲੀ ਵਿਗਿਆਨਕ ਭਾਸ਼ਾ ਵਿਚ ਗੱਲ ਕੀਤੀ ਜਾ ਸਕਦੀ। ਇਸ ਕਰਕੇ ਉਸ ਦੌਰ ਦੇ ਰਿਸ਼ੀਆਂ ਅਤੇ ਫਕੀਰਾਂ ਨੇ ਲੋਕਾਂ ਨੂੰ ਸਮਝਾਉਣ ਲਈ ਪਾਪ ਪੁੰਨ ਵਾਲੀ ਨੈਤਿਕ ਭਾਸ਼ਾ ਦਾ ਪ੍ਰਯੋਗ ਕੀਤਾ। ਅੱਜ ਅਸੀਂ ਇਨ੍ਹਾਂ ਮੁਦਿਆਂ ਤੇ ਵਿਗਿਆਨ ਦੀ ਭਾਸ਼ਾ ਵਿਚ ਗੱਲ ਕਰ ਸਕਦੇ ਹਾਂ। ਇਕ ਕਾਲ ਗਰਲ ਕੋਈ ਅਜਿਹਾ ਪਾਪ ਨਹੀਂ ਕਰਦੀ, ਜਿਹੜਾ ਕਿਸੇ ਧਰਮ ਰਾਜ ਦੀ ਕਚਹਿਰੀ ਵਿਚ ਅਪਰਾਧ ਹੈ। ਉਹ ਅਸਲ ਵਿਚ ਆਪਣੀ ਉਸ ਸੂਖਮ ਕਾਇਆ ਨਾਲ ਪਾਪ ਕਰਦੀ ਹੈ, ਜਿਹੜੀ ਕੁਦਰਤ ਨੇ ਉਸ ਨੂੰ ਕਿਸੇ ਬਹੁਤ ਹੀ ਗਹਿਰੇ ਮਕਸਦ ਨਾਲ ਦਿਤੀ ਹੈ, ਜਿਸ ਦਾ ਉਸ ਨੂੰ ਅਜੇ ਇਲਮ ਨਹੀਂ। ਜਦ ਤੱਕ ਉਸ ਨੂੰ ਇਸ ਦਾ ਪਤਾ ਲੱਗੇਗਾ, ਉਦੋਂ ਤਕ ਉਹ ਆਪਣੇ ਆਪ ਨੂੰ ਬਹੁਤ ਰੋਲ ਲਏਗੀ।
ਸੱਚੀ ਰੂਹਾਨੀਅਤ ਦੀ ਨਜ਼ਰ ਵਿਚ ਵੇਸਵਾਵਾਂ, ਕਾਲ ਗਰਲਜ਼ ਕੋਈ ਅਪਰਾਧੀ ਨਹੀਂ ਹਨ। ਉਹ ਪੀੜਤ ਤੇ ਰੋਗੀ ਇਨਸਾਨ ਹਨ। ਉਨ੍ਹਾਂ ਨੂੰ ਕਿਸੇ ਧਰਮਰਾਜ ਨੇ ਸਜ਼ਾ ਨਹੀਂ ਦੇਣੀ। ਉਹ ਪਹਿਲਾਂ ਹੀ ਸਜ਼ਾ ਭੁਗਤ ਰਹੀਆਂ ਹਨ। ਉਨ੍ਹਾਂ ਨੂੰ ਸਜ਼ਾਵਾਂ ਜਾਂ ਨਫਰਤ ਦੀ ਨਹੀਂ, ਹਮਦਰਦੀ ਤੇ ਇਲਾਜ ਦੀ ਲੋੜ ਹੈ। ਇਹੀ ਵਜ੍ਹਾ ਹੈ ਕਿ ਬਹੁਤ ਸਾਰੇ ਰੂਹਾਨੀ ਟੀਚਰਾਂ ਨੇ ਵੇਸਵਾਵਾਂ ਦਾ ਸਮਾਜ ਵਿਚ ਮੁੜ ਵਸੇਬਾ ਕੀਤਾ। ਉਨ੍ਹਾਂ ਨੂੰ ਜੀਵਨ ਦੇ ਗਟਰ ਵਿਚੋਂ ਬਾਹਰ ਕੱਢਿਆ। ਕਈ ਵਾਰ ਭਾਰਤ, ਪਾਕਿਸਤਾਨ, ਜਾਂ ਅਫਗਾਨਿਸਤਾਨ ਆਦਿ ਮੁਲਕਾਂ ਚੋਂ ਅਜਿਹੀਆਂ ਖਬਰਾਂ ਆਉਂਦੀਆਂ ਹਨ ਕਿ ਕਿਸੇ ਔਰਤ ਨੂੰ ਬਦਚਲਨੀ ਦੇ ਦੋਸ਼ ਵਿਚ ਪੱਥਰ ਮਾਰ ਮਾਰ ਕੇ ਮਾਰ ਦਿਤਾ। ਕਈ ਆਪਣੇ ਆਪ ਨੂੰ ਧਾਰਮਿਕ ਸਮਝਣ ਵਾਲੇ ਲੋਕ ਵੇਸਵਾਵਾਂ ਨੂੰ ਜਾਂ ਅਸੰਜਮੀ ਸੈਕਸ ਵਰਤਾਓ ਵਾਲੇ ਲੋਕਾਂ ਨੂੰ ਨਫਰਤ ਕਰਨ ਵਿਚ ਬੜਾ ਮਾਣ ਮਹਿਸੂਸ ਕਰਦੇ ਹਨ। ਰੂਹਾਨੀਅਤ ਕਿਸੇ ਵੀ ਤਰਾਂ ਦੇ ਇਨਸਾਨੀ ਵਰਤਾਓ ਨੂੰ ਨਫਰਤ ਨਹੀਂ ਕਰਦੀ। ਜੇ ਰੂਹਾਨੀਅਤ ਦੀ ਭਾਸ਼ਾ ਵਿਚ ਗੱਲ ਕਰਨੀ ਹੋਵੇ ਤਾਂ ਨਫਰਤ ਅਸਲ ਵਿਚ ਸਭ ਤੋਂ ਵੱਡਾ ‘ਪਾਪ’ ਹੈ। ਹਰ ਤਰਾਂ ਦੇ ਇਨਸਾਨੀ ਵਰਤਾਓ ਨੂੰ ਹਮਦਰਦੀ ਨਾਲ ਦੇਖਣਾ ਹੀ ਸੱਚੀ ਰੂਹਾਨੀਅਤ ਹੈ। ਕਾਤਲ ਵੀ ਅਪਰਾਧੀ ਨਹੀਂ ਹਨ, ਰੋਗੀ ਹਨ। ਸੈਕਸ ਸਬੰਧੀ ਵਰਤਾਓ ਦੀਆਂ ਗੜਬੜਾਂ ਤਾਂ ਬਹੁਤ ਵੱਖਰੀ ਤਰਾਂ ਦੀ ਸਮੱਸਿਆ ਹੈ। ਜੀਵਨ ਹਰ ਕਿਸੇ ਨੂੰ ਸੁਧਰਨ ਦਾ ਮੌਕਾ ਦਿੰਦਾ ਹੈ। ਮੇਰਾ ਜਿਸ ਸੂਫੀ ਸਿਲਸਿਲੇ ਨਾਲ ਤਾਅਲੁਕ ਹੈ, ਉਸ ਦੇ ਫਕੀਰ ਦੱਸਦੇ ਹਨ ਕਿ ਸਾਡੇ ਸਿਲਸਿਲੇ ਵਿਚ ਬਹੁਤ ਪਹਿਲਾਂ ਇਕ ਅਜਿਹੀ ਫਕੀਰ ਔਰਤ ਹੋਈ ਹੈ, ਜਿਹੜੀ ਪਹਿਲਾਂ ਵੇਸਵਾ ਸੀ। ਕਿਸੇ ਫਕੀਰ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਉਹ ਰੱਬ ਦੇ ਰਸਤੇ ਪੈ ਗਈ ਅਤੇ ਬਹੁਤ ਉਚੀ ਅਵਸਥਾ ਨੂੰ ਪ੍ਰਾਪਤ ਹੋਈ। ਜ਼ਿੰਦਗੀ ਆਪਣੇ ਦੁਆਰ ਕਦੇ ਬੰਦ ਨਹੀਂ ਕਰਦੀ। ਭਟਕੇ ਹੋਏ, ਗਲਤੀਆਂ, ਗੁਨਾਹ ਕਰਨ ਵਾਲੇ ਵੀ ਬਦਲ ਸਕਦੇ ਹਨ। ਮੁੜ ਸਕਦੇ ਹਨ। ਕੁਦਰਤ ਦੀ ਨਜ਼ਰ ਵਿਚ ਕੋਈ ਵੀ ਪੱਕਾ ਪਾਪੀ ਨਹੀਂ ਹੈ। ਪਾਪ ਇਕ ਥੋੜ੍ਹ ਚਿਰੀ ਅਵਸਥਾ ਹੈ।
ਵੱਖ ਵੱਖ ਧਾਰਮਿਕ ਸਕੂਲਾਂ ਤੇ ਪਰੰਪਰਾਵਾਂ ਨੇ ਆਪੋ ਆਪਣੇ ਵਿਦਿਆਰਥੀਆਂ, ਸਿਸ਼ਾਂ ਲਈ ਜੋ ਕੋਡ ਔਫ ਕੰਡਕਟ ਵਿਕਸਤ ਕੀਤਾ, ਉਸਦਾ ਮੂਲ ਮਕਸਦ ਉਨ੍ਹਾਂ ਦੇ ਰੂਹਾਨੀ ਵਿਕਾਸ ਦੀ ਗਤੀ ਨੂੰ ਨਿਰਧਾਰਤ ਕਰਨਾ ਹੈ। ਤਰਕਬੁਧੀ ਨਾਲ ਸੋਚਣ ਵਾਲੇ ਕਈ ਧਾਰਮਿਕ ਲੋਕ ਵੀ ਕਈ ਵਾਰ ਇਸ ਸ਼ੰਕਾ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਸੈਕਸ ਨੂੰ ਇਕ ਵੱਡੇ ਵਿਕਾਰ ਦੇ ਰੂਪ ਵਿਚ ਕਿਉਂ ਦੇਖਿਆ ਜਾਂਦਾ ਹੈ। ਇਸ ਕਰਕੇ ਉਹ ਇਸ ਦੀਆਂ ਕਈ ਵਿੰਗੀਆਂ ਟੇਢੀਆਂ ਵਿਆਖਿਆਵਾਂ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਜਿਵੇਂ ਕੁਝ ਲੋਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਕਾਮ ਦਾ ਮਤਲਬ ਸੈਕਸ ਨਹੀਂ ਹੈ ਬਲਕਿ ਕਾਮਨਾਵਾਂ ਹਨ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੁਦਰਤ ਨੇ ਇਨਸਾਨ ਨੂੰ ਜੋ ਜੋ ਵੀ ਤੋਹਫੇ ਦਿਤੇ ਹਨ, ਉਨਾਂ ਵਿਚ ਸੈਕਸ ਇਕ ਵੱਡਾ ਤੋਹਫਾ ਹੈ। ਪਰ ਇਹ ਵੀ ਸੱਚ ਹੈ ਕਿ ਇਨਸਾਨ ਦੀ ਊਰਜਾ ਦੇਹ ਦੇ ਪੱਖ ਤੋਂ ਇਹ ਬਹੁਤ ਖਰਚੀਲਾ ਅਨੰਦ ਹੈ। ਇਕ ਵਾਰ ਦੇ ਸੈਕਸ ਐਕਟ ਵਿਚ ਇਨਸਾਨ ਕਿੰਨੀ ਊਰਜਾ ਖਰਚ ਕਰਦਾ ਹੈ, ਉਸਦਾ ਕੁਝ ਲੋਕਾਂ ਨੇ ਹਿਸਾਬ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਛੇ ਫੁਟ ਦਾ ਇਨਸਾਨ ਡੇਢ ਕਿਲੋਮੀਟਰ ਤੈਰਨ ਲਈ ਜਿੰਨੀ ਊਰਜਾ ਖਰਚ ਕਰਦਾ ਹੈ, ਵੀਰਜ ਦਾ ਇਕ ਸਪਰਮ ਪੈਦਾ ਕਰਨ ਲਈ ਇਨਸਾਨ ਦਾ ਸਰੀਰ ਓਨੀ ਊਰਜਾ ਖਰਚ ਕਰਦਾ ਹੈ। ਇਕ ਵਾਰ ਜਿੰਨਾ ਵੀਰਜ ਨਿਕਾਸ ਹੁੰਦਾ ਹੈ, ਉਸ ਵਿਚ 400 ਮਿਲੀਅਨ ਸਪਰਮ ਹੁੰਦੇ ਹਨ। ਇਹ ਉਹ ਸੂਖਮ ਊਰਜਾ ਹੁੰਦੀ ਹੈ, ਜਿਹੜੀ ਕਿਸੇ ਇਨਸਾਨ ਦੇ ਆਤਮਿਕ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੀ ਹੈ। ਕਈ ਸਾਧਕ ਇਨਸਾਨ ਇਹ ਸ਼ਿਕਾਇਤ ਕਰਦੇ ਹਨ ਕਿ ਉਹ ਹਰ ਰੋਜ਼ ਸਵੇਰੇ ਸ਼ਾਮ ਸਾਧਨਾ ਕਰਦੇ ਹਨ। ਹੋਰ ਵੀ ਹਰ ਪੱਖ ਤੋਂ ਉਨ੍ਹਾਂ ਦਾ ਜੀਵਨ ਬਹੁਤ ਸਾਫ ਹੈ। ਕੋਈ ਹੋਰ ਮਾੜਾ ਕੰਮ ਵੀ ਉਹ ਨਹੀਂ ਕਰਦੇ। ਪਰ ਫੇਰ ਵੀ ਉਨ੍ਹਾਂ ਦੇ ਨਾ ਮਨ ਨੂੰ ਚੈਨ ਹੈ ਅਤੇ ਨਾ ਹੀ ਉਨ੍ਹਾਂ ਦਾ ਆਤਮਿਕ ਵਿਕਾਸ ਹੁੰਦਾ ਹੈ। ਅਜਿਹੇ ਇਨਸਾਨਾਂ ਬਾਰੇ ਇਹ ਪਤਾ ਲੱਗਦਾ ਹੈ ਕਿ ਉਹ ਜਿੰਨੀ ਕੁ ਊਰਜਾ ਸਾਧਨਾ ਅਤੇ ਚੰਗੀ ਸੋਚ ਰਾਹੀਂ ਇਕੱਠੀ ਕਰਦੇ ਹਨ, ਉਸ ਤੋਂ ਜ਼ਿਆਦਾ ਆਪਣੇ ਅਸੰਜਮੀ ਸੈਕਸ ਜੀਵਨ ਕਾਰਨ ਗੁਆ ਲੈਂਦੇ ਹਨ। ਉਨਾਂ ਦਾ ਹਾਲ ਅਜਿਹਾ ਹੁੰਦਾ ਹੈ ਜਿਵੇਂ ਕੋਈ ਲੀਕ ਕਰ ਰਿਹਾ ਟੈਂਕ ਭਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ।
ਇਸ ਦੀ ਥਾਂ ਪਿਆਰ ਇਕ ਬਿਲਕੁਲ ਵੱਖਰੀ ਤਰਾਂ ਦੀ ਊਰਜਾ ਹੈ। ਬਹੁਤ ਹੀ ਗਹਿਰਾ ਅਤੇ ਤੜਫ ਵਾਲਾ ਪਿਆਰ ਭਗਤੀ ਹੀ ਬਣ ਜਾਂਦਾ ਹੈ। ਸੈਕਸ ਊਰਜਾ ਜਿਥੇ ਹੇਠ ਵੱਲ ਜਾਂਦੀ ਹੈ, ਪਿਆਰ ਜੋ ਊਰਜਾ ਪੈਦਾ ਕਰਦਾ ਹੈ, ਉਹ ਉਪਰ ਵੱਲ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜੋ ਸੈਕਸ ਬਹੁਤ ਗਹਿਰੇ ਪਿਆਰ ਚੋਂ ਪੈਦਾ ਹੁੰਦਾ ਹੈ, ਉਸ ਦੀ ਕੈਮਿਸਟਰੀ ਬਦਲ ਜਾਂਦੀ ਹੈ। ਕੈਜ਼ੂਅਲ/ਟਾਈਮ ਪਾਸ ਸੈਕਸ ਅਤੇ ਦੂਜੇ ਪਾਸੇ ਗਹਿਰੇ ਪਿਆਰ ਚੋਂ ਨਿਕਲਿਆ ਸੈਕਸ ਦੋ ਵੱਖਰੀ ਤਰਾਂ ਦੇ ਊਰਜਾ ਐਕਟ ਹਨ, ਭਾਵੇਂ ਉਪਰੋਂ ਦੇਖਣ ਨੂੰ ਇਹ ਇਕੋ ਜਿਹੇ ਲੱਗਦੇ ਹਨ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਜੋ ਸੈਕਸ ਬਹੁਤ ਡੂੰਘੇ ਪਿਆਰ ਚੋਂ ਪੈਦਾ ਹੁੰਦਾ ਹੈ, ਉਹ ਪੁੰਨ ਹੈ ਅਤੇ ਜੋ ਬਿਨਾਂ ਪਿਆਰ ਦੇ ਹੁੰਦਾ ਹੈ, ਉਹ ਪਾਪ ਹੈ। ਪਿਆਰ ਦੇ ਇਸ ਮਹਾਤਮ ਕਾਰਨ ਹੀ ਸੂਫੀ ਅਤੇ ਭਗਤੀ ਪਰੰਪਰਾਵਾਂ ਵਿਚ ਪਿਆਰ ਅਤੇ ਭਗਤੀ ਨੂੰ ਲਗਭਗ ਇਕੋ ਜਿਹਾ ਦਰਜਾ ਦੇ ਦਿਤਾ ਗਿਆ ਹੈ। ਸਾਡੇ ਸਮਾਜ ਵਿਚ ਹੀਰ ਰਾਂਝਾ ਤੇ ਸੋਹਣੀ ਮਹੀਂਵਾਲ ਵਰਗੇ ਲੋਕਾਂ ਦਾ ਜੋ ਦਰਜਾ ਹੈ, ਉਹ ਫਕੀਰਾਂ ਵਾਲਾ ਹੀ ਹੈ।

ਫਕੀਰ ਲੋਕਾਂ ਦੀਆਂ ਕੁਝ ਗੱਲਾਂ ਅਜਿਹੀਆਂ ਹਨ, ਜਿਹਨਾਂ ਦੀ ਮੇਰੇ ਕੋਲ ਵਿਗਿਆਨਕ ਭਾਸ਼ਾ ਵਿਚ ਕੋਈ ਵਿਆਖਿਆ ਨਹੀਂ ਹੈ ਪਰ ਜਿਨ੍ਹਾਂ ਦੇ ਮੂੰਹੋਂ ਮੈਂ ਗੱਲਾਂ ਸੁਣੀਆ ਹਨ, ਉਨ੍ਹਾਂ ਦੀ ਕਹੀ ਗੱਲ ਨੂੰ ਕਿਸੇ ਵੀ ਰੂਪ ਵਿਚ ਅਣਡਿਠ ਨਹੀਂ ਕਰ ਸਕਦਾ। ਇਕ ਫਕੀਰ ਨੂੰ ਮੈਂ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਜਿਹੜੇ ਲੋਕਾਂ ਅੰਦਰ ਸੈਕਸ ਦੇ ਮਾਮਲੇ ਵਿਚ ਅਨੁਸਾਸ਼ਨ ਨਹੀਂ ਹੁੰਦਾ, ਉਨ੍ਹਾਂ ਦੇ ਪੈਸੇ ਅਤੇ ਕਾਰੋਬਾਰ ਦਾ ਰਹੱਸਮਈ ਤਰੀਕੇ ਨਾਲ ਨੁਕਸਾਨ ਹੁੰਦਾ ਰਹਿੰਦਾ ਹੈ। ਕਈ ਵਾਰ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਵੀ ਨਹੀਂ ਆਉਂਦੀ ਕਿ ਪੈਸਾ ਕਿਧਰ ਉਡ ਗਿਆ ਹੈ। ਕਈ ਵਾਰ ਜੀਵਨ ਵਿਚ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ, ਜਿਨ੍ਹਾਂ ਦਾ ਕਾਰਨ ਤਰਕ ਬੁੱਧੀ ਨਾਲ ਸਮਝ ਨਹੀਂ ਆ ਰਿਹਾ ਹੁੰਦਾ। ਫਕੀਰ ਦੱਸਦੇ ਹਨ ਕਿ ਫਕੀਰੀ ਨਜ਼ਰ ਨਾਲ ਉਨ੍ਹਾਂ ਦੇਖਿਆ ਕਿ ਉਸ ਬੰਦੇ ਦਾ ਸੈਕਸ ਵਰਤਾਓ ਉਸਦੀਆਂ ਸਮੱਸਿਆਵਾਂ ਦੀ ਜੜ੍ਹ ਹੁੰਦਾ ਹੈ। ਪਰ ਉਸ ਨੂੰ ਇਹ ਗੱਲ ਸਮਝਾਉਣੀ ਔਖੀ ਹੁੰਦੀ ਹੈ। ਜੀਵਨ ਦੀ ਸੂਖਮ ਊਰਜਾ ਦੇ ਵੱਖ ਵੱਖ ਰੂਪ ਆਪਸ ਵਿਚ ਕਿਵੇਂ ਜੁੜੇ ਹਨ ਅਤੇ ਇਨ੍ਹਾਂ ਦੀ ਕੀ ਕੈਮਿਸਟਰੀ ਹੈ, ਉਹ ਸਾਰੀਆਂ ਗੱਲਾਂ ਸਮਝਣੀਆਂ ਬਹੁਤ ਮੁਸ਼ਕਲ ਹਨ। ਜੀਵਨ ਦੀ ਖੇਡ ਓਨੀ ਸਰਲ ਅਤੇ ਸਿੱਧੀ ਨਹੀਂ ਹੈ, ਜਿੰਨੀ ਵਿਗਿਆਨਕ ਚੇਤਨਾ ਦੀ ਕੋਈ ਸਕੂਲੀ ਟੈਕਸਟ ਬੁਕ ਪੜ੍ਹਕੇ ਕਿਸੇ ਨੂੰ ਲੱਗਣ ਲੱਗ ਜਾਂਦੀ ਹੈ।
ਬਹੁਤ ਸਾਰ ਰੂਹਾਨੀ ਸਕੂਲਾਂ ਨੇ ਬ੍ਰਹਮਚਾਰੀ ਹੋਣ ਦਾ ਸੰਕਲਪ ਵਿਕਸਤ ਕੀਤਾ। ਇਸ ਦੇ ਪਿਛੇ ਕੁਝ ਠੋਸ ਵਿਗਿਆਨਕ ਕਾਰਨ ਸਨ। ਇਹ ਗੱਲ ਧਿਆਨ ਰੱਖਣ ਦੀ ਲੋੜ ਹੈ ਕਿ ਬ੍ਰਹਮਚਾਰੀ ਦਾ ਸਿਸਟਮ ਸਾਰੇ ਸਮਾਜ ਲਈ ਨਹੀਂ ਹੈ। ਇਹ ਉਨ੍ਹਾਂ ਲੋਕਾਂ ਲਈ ਸੀ, ਜਿਹੜੇ ਤੇਜ਼ ਰੂਹਾਨੀ ਵਿਕਾਸ ਕਰਨਾ ਚਾਹੁੰਦੇ ਸਨ। ਬਹੁਤ ਭਾਰੀ ਖੁਰਾਕ ਤੇ ਵਰਜਸ਼ ਦੀ ਲੋੜ ਉਨ੍ਹਾਂ ਨੂੰ ਹੁੰਦੀ ਹੈ, ਜਿਨ੍ਹਾਂ ਨੇ ਅਖਾੜੇ ਵਿਚ ਕੁਸ਼ਤੀ ਲੜਨੀ ਹੋਵੇ। ਹਰ ਕਿਸੇ ਨੂੰ ਅਜਿਹੀ ਵਰਜਸ਼ ਦੀ ਲੋੜ ਨਹੀਂ ਹੁੰਦੀ। ਜੋ ਰੂਹਾਨੀ ਵਿਕਾਸ ਦੇ ਫੁਲ ਟਾਈਮ ਵਰਕਰ ਸਨ, ਉਨ੍ਹਾਂ ਲਈ ਕੁਝ ਵੱਖਰੇ ਅਨੁਸਾਸ਼ਨ ਵਿਕਸਤ ਕੀਤੇ ਗਏ ਸਨ। ਜਿਨ੍ਹਾਂ ਲੋਕਾਂ ਨੇ ਆਈਏਐਸ ਦੇ ਇਮਤਿਹਾਨ ਦੇਣੇ ਹੁੰਦੇ ਹਨ, ਉਨ੍ਹਾਂ ਨੂੰ ਰਾਤਾਂ ਝਾਗਣੀਆਂ ਪੈਂਦੀਆਂ ਹਨ। ਕੁਝæ ਸਾਲ ਲਈ ਉਨ੍ਹਾਂ ਨੂੰ ਸਾਰੀ ਮੌਜ ਮਸਤੀ ਛੱਡਣੀ ਪੈਂਦੀ ਹੈ। ਜਿਨ੍ਹਾਂ ਦਾ ਇਰਾਦਾ ਉਲੰਪੀਅਨ ਬਣਨ ਦਾ ਹੋਵੇ, ਉਹਨਾਂ ਨੂੰ ਬਹੁਤ ਸਖਤ ਅਨੁਸਾਸ਼ਨ ਵਿਚੋਂ ਲੰਘਣਾ ਪੈਂਦਾ ਹੈ। ਜਿਹੜੇ ਸਿਰਫ ਰੋਟੀਆਂ ਕਾਰਨ ਆਸ਼ਰਮਾਂ ਵਿਚ ਜਾਂਦੇ ਸਨ, ਉਨ੍ਹਾਂ ਨੇ ਬ੍ਰਹਮਚਾਰੀ ਹੋਕੇ ਜੋ ਕਰਨਾ ਹੁੰਦਾ ਹੈ, ਉਸਦੀਆਂ ਕਹਾਣੀਆਂ ਸਭ ਨੇ ਸੁਣੀਆਂ ਹਨ। ਓਸ਼ੋ ਨੇ ਅਜਿਹੇ ਲੋਕਾਂ ਦੇ ਦੰਭ ਤੇ ਹੀ ਚੋਟ ਕੀਤੀ ਹੈ।
ਰੂਹਾਨੀਅਤ ਸੈਕਸ ਊਰਜਾ ਨੂੰ ਜੀਵਨ ਦੀ ਸਭ ਤੋਂ ਪਵਿਤਰ ਅਤੇ ਕੀਮਤੀ ਊਰਜਾ ਸਮਝਦੀ ਹੈ। ਇਸੇ ਕਰਕੇ ਇਸ ਨੂੰ ਬਹੁਤ ਹੀ ਸੰਜਮ ਅਤੇ ਪਵਿਤਰਤਾ ਨਾਲ ਖਰਚਣ ਦੀ ਤਾਕੀਦ ਕਰਦੀ ਹੈ। ਜੇ ਸਾਡੇ ਕੋਲ ਸੋਨਾ ਹੋਵੇ ਤਾਂ ਅਸੀਂ ਉਸ ਨੂੰ ਸਾਂਭ ਸਾਂਭ ਰੱਖਦੇ ਹਾਂ। ਸੈਕਸ ਊਰਜਾ ਕਿਸੇ ਵੀ ਹੋਰ ਤੱਤ ਨਾਲੋਂ ਕਿਤੇ ਜ਼ਿਆਦਾ ਕੀਮਤੀ ਊਰਜਾ ਹੈ। ਇਸ ਊਰਜਾ ਵਿਚੋਂ ਹੀ ਨਵਾਂ ਜੀਵਨ ਪੈਦਾ ਹੁੰਦਾ ਹੈ। ਇਸੇ ਕਰਕੇ ਤੰਤਰ ਨੇ ਜੋ ਵਿਧੀਆਂ ਵਿਕਸਤ ਕੀਤੀਆਂ, ਉਨ੍ਹਾਂ ਦਾ ਮਕਸਦ ਇਹ ਸੀ ਕਿ ਸੈਕਸ ਊਰਜਾ ਨੂੰ ਅਜਾਈਂ ਵਹਾਉਣ ਦੀ ਬਜਾਏ ਰੂਹਾਨੀ ਵਿਕਾਸ ਲਈ ਉਪਰ ਵੱਲ ਕਿਵੇਂ ਮੋੜਿਆ ਜਾਵੇ। ਤੰਤਰ ਵੱਲੋਂ ਵਿਕਸਤ ਕੀਤਾ ਸਿਸਟਮ ਬਹੁਤ ਗੁੰਝਲਦਾਰ ਹੈ। ਦੁਨਿਆਵੀ ਜੀਵਨ ਜਿਊਂ ਰਹੇ ਲੋਕ ਉਸ ਸਿਸਟਮ ਤੇ ਅਮਲ ਨਹੀਂ ਕਰ ਸਕਦੇ। ਤੰਤਰ ਸ਼ਾਇਦ ਦੁਨੀਆ ਦਾ ਇਕੋ ਇਕ ਅਜਿਹਾ ਸਿਸਟਮ ਹੈ, ਜਿਸ ਨੇ ਅਜਿਹੀਆਂ ਵਿਧੀਆਂ ਵਿਕਸਤ ਕੀਤੀਆਂ, ਜਿਨ੍ਹਾਂ ਰਾਹੀਂ ਸੈਕਸ ਅਨੰਦ ਦਾ ਤਿਆਗ ਕਰਨ ਦੀ ਬਜਾਏ ਉਸ ਨੂੰ ਮਾਣਦੇ ਹੋਏ ਹੀ ਜੀਵਨ ਦੀ ਮੂਲ ਊਰਜਾ ਦਾ ਪ੍ਰਵਾਹ ਅੰਦਰ ਵੱਲ ਮੋੜਿਆ ਜਾ ਸਕਦਾ ਹੈ।
ਸਾਰੀ ਰੂਹਾਨੀ ਸੋਚ ਇਸ ਗੱਲ ਤੇ ਖੜ੍ਹੀ ਹੈ ਕਿ ਇਨਸਾਨ ਦਾ ਸਰੀਰ ਕੁਦਰਤ ਦੀ ਬਹੁਤ ਹੀ ਕੀਮਤੀ ਦੇਣ ਹੈ। ਇਸ ਨੂੰ ਗੁਰਬਾਣੀ ਵਿਚ ਕੰਚਨ ਕਾਇਆ ਜਿਹੇ ਨਾਂ ਦਿਤੇ ਗਏ ਹਨ। ਜਿਵੇਂ ਕਿਸੇ ਹਸਪਤਾਲ ਦੇ ਇਨਟੈਂਸਿਟ ਕੇਅਰ ਯੂਨਿਟ ਵਿਚ ਪਏ ਬਿਮਾਰ ਇਨਸਾਨ ਦਾ ਸਰੀਰ ਬਹੁਤ ਨਾਜ਼ੁਕ ਹਾਲਤ ਵਿਚ ਹੁੰਦਾ ਹੈ। ਉਸ ਨੂੰ ਕਿਸੇ ਵੀ ਤਰਾਂ ਦੀ ਇਨਫੈਕਸ਼ਨ ਤੋਂ ਬਚਾਉਣ ਲਈ ਬਹੁਤ ਜ਼ਿਆਦਾ ਇਹਤਿਆਤ ਰੱਖਿਆ ਜਾਂਦਾ ਹੈ। ਇਨਸਾਨ ਦੇ ਊਰਜਾ ਸਰੀਰ ਨੂੰ ਹਮੇਸ਼ਾ ਹੀ ਉਸ ਨਾਲੋਂ ਜ਼ਿਆਦਾ ਇਨਟੈਂਸ ਜਾਂ ਗਹਿਰੇ ਇਹਤਿਆਤ ਅਤੇ ਧਿਆਨ ਦੀ ਲੋੜ ਹੁੰਦੀ ਹੈ। ਊਰਜਾ ਦੇਹ ਦੇ ਸੰਤੁਲਨ ਅਤੇ ਸ਼ੁਧਤਾ ਨੂੰ ਸਭ ਤੋਂ ਜ਼ਿਆਦਾ ਸੈਕਸ ਵਰਤਾਓ ਦੇ ਵਿਗਾੜ ਪ੍ਰਭਾਵਿਤ ਕਰਦੇ ਹਨ।
ਭਾਰਤ ਦੇ ਪੁਰਾਣੇ ਰੂਹਾਨੀ ਸਮਾਜ ਨੇ ਜੀਵਨ ਦਾ ਜੋ ਮਾਡਲ ਵਿਕਸਤ ਕੀਤਾ ਸੀ, ਉਸ ਮੁਤਾਬਕ 25 ਤੋਂ ਪਹਿਲਾਂ ਸੈਕਸ ਊਰਜਾ ਤੇ ਪੂਰਨ ਕੰਟਰੋਲ ਰੱਖਣਾ ਹੈ ਅਤੇ ਫੇਰ 50 ਸਾਲ ਤੋਂ ਬਾਅਦ ਇਸ ਨੂੰ ਨਹੀਂ ਗੁਆਉਣਾ। ਉਸ ਦੇ ਪਿਛੇ ਇਸ ਊਰਜਾ ਨੂੰ ਬਚਾਉਣ ਤੇ ਸਹੀ ਪਾਸੇ ਲਗਾਉਣ ਦਾ ਤਰਕ ਕੰਮ ਕਰਦਾ ਸੀ।
ਜੇ ਇਸ ਪੂਰੀ ਚਰਚਾ ਨੂੰ ਕੁਝ ਨੁਕਤਿਆਂ ਵਿਚ ਸਮੇਟ ਸਕਦੇ ਹਾਂ:
ਇਨਸਾਨ ਸਿਰਫ ਇਕ ਸਥੂਲ ਸਰੀਰ ਨਹੀਂ ਹੈ। ਸਾਡੇ ਸਥੂਲ ਸਰੀਰ ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਤੇ ਵੱਡਾ ਸਾਡਾ ਇਕ ਊਰਜਾ ਸਰੀਰ ਹੈ, ਜਿਹੜਾ ਨੰਗੀ ਅੱਖ ਨਾਲ ਨਹੀਂ ਦਿਖਦਾ। ਪਰ ਸਾਨੂੰ ਆਪਣੇ ਸਰੀਰ ਦਾ ਜੋ ਕੁਝ ਵੀ ਨੰਗੀ ਅੱਖ ਨਾਲ ਦਿਸ ਰਿਹਾ ਹੈ, ਉਸਦੇ ਪਿਛੇ ਇਹ ਅਦਿਖ ਸਰੀਰ ਕੰਮ ਕਰ ਰਿਹਾ ਹੈ।
ਇਨਸਾਨੀ ਜੀਵਨ ਦੀ ਜਿਹੜੀ ਚੀਜ਼ ਸਾਡੀ ਸੂਖਮ ਦੇਹ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਉਹ ਸੈਕਸ ਹੈ। ਸੂਖਮ ਊਰਜਾ ਦੇਹ ਨੂੰ ਸ਼ੁਧ, ਤੰਦਰੁਸਤ ਤੇ ਸੰਤੁਲਤ ਅਵਸਥਾ ਵਿਚ ਰੱਖਣ ਲਈ ਸੈਕਸ ਵਰਤਾਓ ਵਿਚ ਇਕ ਅਨੁਸਾਸ਼ਨ ਸਭ ਤੋਂ ਅਹਿਮ ਚੀਜ਼ ਹੈ।
ਕਿਸੇ ਇਕ ਇਨਸਾਨ ਦੀ ਗੰਦੀ ਹੋਈ ਸੂਖਮ ਊਰਜਾ ਦੂਸਰੇ ਇਨਸਾਨਾਂ ਤੱਕ ਪਹੁੰਚਦੀ ਹੈ ਅਤੇ ਉਨ੍ਹਾਂ ਨੂੰ ਵੀ ਪਲੀਤ ਕਰਦੀ ਹੈ। ਦੋ ਇਨਸਾਨਾਂ ਵਿਚਕਾਰ ਸੈਕਸ ਅਜਿਹਾ ਸਭ ਤੋਂ ਗਹਿਰਾ ਐਕਟ ਹੈ, ਜਿਸ ਨਾਲ ਇਕ ਦੀ ਗੰਦੀ ਊਰਜਾ ਦੂਜੇ ਤੱਕ ਪਹੁੰਚ ਸਕਦੀ ਹੈ।
ਕੋਈ ਇਨਸਾਨ ਸੂਖਮ ਰੂਪ ਵਿਚ ਕਿਹੋ ਜਿਹੀ ਗੰਦਗੀ ਆਪਣੇ ਅੰਦਰ ਢੋ ਰਿਹਾ ਹੈ, ਉਸਦਾ ਸਾਨੂੰ ਪਤਾ ਨਹੀਂ ਹੁੰਦਾ। ਇਸ ਕਰਕੇ ਕਿਸੇ ਵੀ ਇਨਸਾਨ ਨਾਲ ਸੈਕਸ ਸਬੰਧ ਬਹੁਤ ਹੀ ਰਿਸਕੀ ਕਾਰਜ ਹੈ। ਪਤਾ ਨਹੀਂ ਤੁਸੀਂ ਕਿਸੇ ਦੀ ਕੀ ਸੂਖਮ ਗੰਦਗੀ ਅਣਜਾਣੇ ਹੀ ਅਪਣੇ ਤੇ ਪੁਆ ਲਓ।
ਜੋ ਲੋਕ ਸੈਕਸ ਟਰੇਡ ਵਿਚ ਸ਼ਾਮਲ ਹਨ, ਖਾਸ ਕਰਕੇ ਵੇਸਵਾਵਾਂ ਅਤੇ ਕਾਲ ਗਰਲਜ਼, ਉਹ ਅਣਜਾਣੇ ਹੀ ਆਪਣੇ ਆਪ ਨੂੰ ਸਮਾਜ ਦੇ ਗਾਰਬੇਜ ਬਿਨ ਬਣਾ ਲੈਂਦੀਆਂ ਹਨ।
ਜਿਹੜਾ ਸੈਕਸ ਵਰਤਾਓ ਇਨਸਾਨ ਦੀ ਊਰਜਾ ਦੇਹ ਅਤੇ ਉਸਦੇ ਆਤਮਿਕ ਵਿਕਾਸ ਵਿਚ ਰੁਕਾਵਟ ਬਣਦਾ ਹੈ, ਉਹ ਪਾਪ ਹੈ ਅਤੇ ਜਿਹੜਾ ਉਸ ਦੇ ਵਿਕਾਸ ਵਿਚ ਸਹਾਈ ਹੁੰਦਾ ਹੈ, ਉਪ ਪੁੰਨ ਹੈ।
ਗਹਿਰਾ ਪਿਆਰ ਇਕ ਅਜਿਹਾ ਵਰਤਾਰਾ ਹੈ, ਜਿਹੜਾ ਸੈਕਸ ਐਕਟ ਦੀ ਸਮੁਚੀ ਕੈਮਿਸਟਰੀ ਬਦਲ ਸਕਦਾ ਹੈ। ਇਸ ਕਰਕੇ ਪਿਆਰ ਚੋਂ ਨਿਕਲਿਆ ਸੈਕਸ ਤੇ ਕੈਜ਼ੂਅਲ ਸੈਕਸ ਬੁਨਿਆਦੀ ਤੌਰ ਤੇ ਦੋ ਵੱਖ ਵੱਖ ਤਰਾਂ ਦੇ ਐਕਟ ਹਨ।
ਅਸੰਜਮੀ ਤੇ ਕੈਜ਼ੂਅਲ ਸੈਕਸ ਉਜਾੜੇ ਦਾ ਕਾਰਨ ਬਣ ਸਕਦਾ ਹੈ ਅਤੇ ਪਿਆਰ ਭਗਤੀ ਦਾ ਮਾਰਗ ਬਣ ਸਕਦਾ ਹੈ।

ਕਾਲ ਗਰਲ

ਤੇਰੇ ਅੰਦਰ ਦੂਰ ਕਿਤੇ
ਕੋਈ ਛੁਪਿਆ ਹੈ
ਜ਼ਰਾ ਕੁ ਤਾਂ ਕੁਰੇਦ ਕੇ ਦੇਖ

ਮਨ ਤਾਂ ਤੇਰਾ
ਨਿਰਮਲ ਜਲ ਦੀ ਧਾਰਾ ਸੀ
ਤੂੰ ਐਵੇ ਗੰਧਲਾ ਲਈ
ਆਤਮਾ ਇਨਸਾਨ ਦੀ
ਇੱਕ ਪਾਰਦਰਸ਼ੀ
ਸਰੋਵਰ ਦੀ ਤਰਾਂ ਹੈ
ਇਸ ਦਾ ਤਲ ਦਿਸਦਾ ਸੀ

ਜੋ ਆਏ ਜਿਸਮਾਂ ਦੇ ਯਾਤਰੀ
ਜੋ ਨਹਾ ਗਏ ਤੇਰੇ ਵਿੱਚ
ਆਪਣੀ ਸਾਰੀ ਮੈਲ
ਤੇਰੇ ਅੰਦਰ ਲਾਹ ਗਏ।
ਆਪਣੇ ਸਾਰੇ ਪਾਪ
ਤੇਰੇ ਅੰਦਰ ਧੋ ਗਏ

ਨਹਾਉਣ ਆਏ ਯਾਤਰੀ
ਤੇਰਾ ਜਿਸਮ ਨਹੀਂ
ਮਨ ਮੈਲਾ ਕਰ ਗਏ
ਜਿਵੇਂ ਸਰੋਵਰ ਦੇ ਤਲ ਤੇ
ਗਾਦ ਜੰਮੀ ਹੁੰਦੀ ਹੈ
ਤੇਰਾ ਮਨ ਵੀ ਉਸੇ ਤਰਾਂ ਦਾ ਹੈ
ਤੂੰ ਆਪਣੇ ਅੰਦਰ ਨਹੀਂ ਦੇਖ ਸਕਦੀ
ਕੋਈ ਤੇਰੇ ਅੰਦਰ ਨਹੀਂ ਦੇਖ ਸਕਦਾ

ਗਾਦ ਦੀ ਇਸ ਮੋਟੀ ਪਰਤ ਨੂੰ
ਹੁਣ ਤੂੰ ਕਿਵੇਂ ਸਾਫ ਕਰੇਂਗੀ?

ਇਸ ਗੰਧਲੇ ਮਨ ਦੇ ਹੇਠਾਂ
ਗਾਦ ਦੀ ਇਸ ਪਰਤ ਦੇ ਥੱਲੇ
ਇੱਕ ਪਾਰਦਰਸ਼ੀ ਤਲ ਹੈ
ਜਿਸ ਚ ਕਿਸੇ ਦਾ ਪ੍ਰਤੀਬਿੰਬ ਹੈ
ਜਿਸ ਚੋਂ ਅਨੰਤ ਦਿਸਦਾ ਹੈ

ਹਜ਼ਾਰਾ ਸਿਹੁੰ ਦਾ ਮਨ

ਗਹਿਰਾ ਸਾਹਿਤ ਅਤੇ ਕਵਿਤਾ ਉਸ ਨੂੰ ਸਮਝਿਆ ਜਾਂਦਾ ਹੈ, ਜੋ ਮਨੁੱਖੀ ਮਨ ਦੀਆਂ ਗਹਿਰਾਈਆਂ ਅੰਦਰ ਸਾਡੀ ਟੁਭੀ ਲਗਵਾਏ। ਸਾਡੇ ਪੁਰਾਤਨ ਕਿੱਸਾਕਾਰਾਂ ਨੇ ਜਦ ਪੂਰਨ ਦਾ ਕਿੱਸਾ ਲਿਖਿਆ ਤਾਂ ਉਨ੍ਹਾਂ ਨੇ ਔਰਤ ਦੇ ਮਨ ਦੀਆਂ ਕੁਝ ਗਹਿਰੀਆਂ ਪਰਤਾਂ ਤੇ ਝਾਤ ਮਾਰੀ। ਆਧੁਨਿਕ ਦੌਰ ਵਿਚ ਸ਼ਿਵ ਕੁਮਾਰ ਨੇ ਜਦ ਲੂਣਾ ਨਾਂ ਦੀ ਲੰਬੀ ਕਵਿਤਾ ਲਿਖੀ ਤਾਂ ਉਹ ਉਸੇ ਔਰਤ ਦੇ ਮਨ ਦੀਆਂ ਹੋਰ ਗਹਿਰੀਆਂ ਪਰਤਾਂ ਤੱਕ ਪਹੁੰਚਿਆ। ਸਮਕਾਲੀ ਪੰਜਾਬੀ ਕਵਿਤਾ ਦੇ ਇਕ ਪ੍ਰਮੁਖ ਸ਼ਾਇਰ ਅਜਮੇਰ ਰੋਡੇ ਹੋਰਾਂ ਦੀ ਕਵਿਤਾ ਹਜ਼ਾਰਾ ਸਿਹੁੰ ਵੀ ਇਨਸਾਨੀ ਮਨ ਦੀ ਚੰਚਲਤਾ ਅਤੇ ਅਸਥਿਰਤਾ ਅੰਦਰ ਇਕ ਗਹਿਰੀ ਝਾਤ ਹੈ। ਪੰਜਾਬੀ ਸਭਿਆਚਾਰਕ ਪਿੱਠਭੁਮੀ ਵਿਚ ਲਿਖੀ ਗਈ ਇਹ ਕਵਿਤਾ ਸਿਰਫ ਕਿਸੇ ਹਜ਼ਾਰਾਂ ਸਿੰਘ ਦੇ ਮਨ ਦੀਆਂ ਗੁੰਝਲਾਂ ਹੀ ਸਾਹਮਣੇ ਨਹੀਂ ਲਿਆਉਂਦੀ, ਬਲਕਿ ਇਨਸਾਨੀ ਮਨ ਦਾ ਇਹ ਯੂਨੀਵਰਸਲ ਸੁਭਾਅ ਹੈ, ਜੋ ਇਸ ਕਵਿਤਾ ਦੇ ਪਾਤਰ ਰਾਹੀਂ ਬਿਆਨ ਹੋ ਰਿਹਾ ਹੈ। ਇਸ ਕਵਿਤਾ ਨੂੰ ਸਮਕਾਲੀ ਪੰਜਾਬੀ ਕਵਿਤਾ ਦੀਆਂ ਸਭ ਤੋਂ ਵਧੀਆਂ ਕਵਿਤਾਵਾਂ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ- ਸ਼ਮੀਲ

ਹਜਾਰਾ ਸਿਹੁੰ/ਅਜਮੇਰ ਰੋਡੇ

ਹਜਾਰਾ ਸਿਹੁੰ ਨੂੰ ਸ਼ਬਦ ਹਜਾਰੇ
ਮੂੰਹ ਜ਼ੁਬਾਨੀ ਯਾਦ ਹਨ
ਸ਼ਾਮ ਦੇ ਚਾਰ ਵਜਦੇ ਹਨ ਤਾਂ
ਸ਼ਬਦ ਹਜਾਰਿਆਂ ਦੇ ਸ਼ਬਦ
ਸਹਿਜ ਭਾਅ ਹੀ
ਉਸਦੀ ਰਸਨਾ ਤੇ ਅੰਮ੍ਰਿਤ ਦੀਆਂ
ਬੂੰਦਾਂ ਵਾਂਗ ਉਤਰਨ ਲੱਗ
ਪੈਂਦੇ ਹਨ:
ਮੇਰਾ ਮਨ ਲੋਚੇ ਗੁਰ ਦਰਸਨ ਤਾਈਂ
ਬਿਲਪ ਕਰ ਚਾਤ੍ਰਿਕ ਕੀ ਨਿਆਈਂ
ਤ੍ਰਿਖਾ ਨਾ ਉਤਰੈ ਸਾਂਤਿ ਨਾ ਆਵੈ
ਬਿਨੁ ਦਰਸਨ ਸੰਤ ਪਿਆਰੇ ਜੀਉ
ਪਰ ਉਸਦੇ
ਆਪਣੇ ਹੀ ਬੋਲਾਂ ਦਾ ਸੰਗੀਤ
ਸ਼ਬਦਾਂ ਦਾ ਰਹੱਸ, ਮਨ ਦੇ
ਪਰਦੇ ਤੇ ਉਪਜਦੇ ਬਿਨਸਦੇ ਬਿੰਬ
ਪਲਾਂ ਵਿਚ ਉਸ ਤੇ ਜਾਦੂ ਧੂੜ ਦਿੰਦੇ ਹਨ
ਤੇ ਖੁਮਾਰ ਵਿਚ ਮਦਹੋਸ਼ ਕਰ ਦਿੰਦੇ ਹਨ
ਸੁਰਤ ਸ਼ਬਦਾਂ ਨਾਲ਼ ਜੁੜ ਜਾਂਦੀ ਹੈ
(ਉਸ ਅੰਦਰ ਗੁਰੂ ਅਰਜਨ ਦੇਵ ਦਾ ਨੂਰਾਨੀ ਚਿਹਰਾ
ਉਦੇ ਹੁੰਦਾ ਹੈ ਤੇ ਫੇਰ ਪੀਹੂੰ ਪੀਹੂੰ ਕਰਦਾ ਰੁਖ ਤੇ
ਬੈਠਾ ਪਪੀਹਾ ਦਿਸਦਾ ਹੈ ਜਿਸਨੂੰ ਉਸਨੇ ਜ਼ਿੰਦਗੀ ਵਿਚ
ਕਦੇ ਨਹੀਂ ਵੇਖਿਆ
ਹਜਾਰਾ ਸਿਹੁੰ ਅਕਸਰ ਹੈਰਾਨ
ਹੁੰਦਾ ਹੈ ਕਿ ਉਸਦਾ ਬੋਲ ਕਿੰਨਾ ਖਰ੍ਹਵਾ ਹੈ ਤੇ ਪਾਠ
ਕਰਨ ਵੇਲੇ ਕਿੰਨਾ ਮਿਠਾ ਨਿਕਲਦਾ ਹੈ)

ਪਾਠ ਦੀ ਲੈਅ ਵਿਚ ਬੱਧੇ
ਹਜਾਰਾ ਸਿੰਘ ਦਾ ਮਨ ਅਚਿੰਤੇ ਹੀ
ਮੁਕਤ ਹੋ ਜਾਂਦਾ ਹੈ
ਸਿਮਰਨ ਵੇਲੇ ਸੋਚਣ ਦੀ ਤਾਂ
ਲੋੜ ਨਹੀਂ ਤੇ ਨਾਂ ਹੀ  ਕੁਝ ਸੋਚਣਾ
ਚਾਹੀਦਾ ਹੈ,
ਕੇਵਲ ਉਸ ਇਕ ਸੱਚੇ ਨਾਲ਼ ਲਿਵ ਲਗਣੀ
ਚਾਹੀਦੀ ਹੈ
ਪਰ ਮਨੁਖੀ ਮਨ!
ਇਹ ਤਾਂ ਬਣਿਆ ਹੀ ਸੋਚਣ ਲਈ ਹੈ
ਇਹ ਦਾ ਕੋਈ ਕੀ ਕਰੇ
ਵਡੇ ਵਡੇ ਸਿੱਧ ਪੀਰ ਫਕੀਰ,
ਮਨ ਨੂੰ ਸੋਚ-ਮੁਕਤ ਕਰਨ ਲਈ
ਵਾਹ ਲਾ ਥੱਕੇ, ਜੋਗੀਆਂ ਦੇ ਸਿਰਤਾਜ ਜੋਗੀ
ਗੋਰਖਨਾਥ ਨੇ
ਇਸਤਰੀਆਂ ਦਾ ਆਪਣੇ ਟਿਲੇ ਤੇ ਆਉਣਾ
ਬੰਦ ਕਰ ਦਿਤਾ ਪਰ ਉਹ ਕੀ ਜਾਣਦਾ ਸੀ ਉਸਦੇ
ਚੇਲਿਆਂ ਦੇ ਮਨ ਸਮਾਧੀ ਵੇਲੇ ਕਿਧਰ ਭਟਕਦੇ
ਫਿਰਦੇ ਹਨ ਤੇ ਕੌਣ ਜਾਣਦਾ ਸੀ ਗੋਰਖਨਾਥ ਦੀ
ਆਪਣੀ ਸਮਾਧੀ ਵਿਚ ਰਾਣੀ ਸੁੰਦਰਾਂ ਦਾ ਮੂੰਹ ਕਿੰਨੀ
ਵਾਰ ਉਜਾਗਰ ਹੁੰਦਾ ਸੀ

ਤੇ ਹਜਾਰਾ ਸਿੰਘ ਵਿਚਾਰਾ ਕੀ ਚੀਜ ਸੀ
ਉਸਨੂੰ ਪਤਾ ਵੀ ਨਾ ਲੱਗਾ ਕਦੋਂ ਉਸ ਦਾ ਮਨ
ਕਲ੍ਹ ਤਾਰੇ ਨਾਲ਼ ਹੋਈਆਂ ਗਲਾਂ ਵਿਚ
ਉਲਝ ਗਿਆ:
ਜੇ ਦਾਤੇ ਦੀ ਮਿਹਰ ਹੋ ਜੇ, ਤਾਰੇ ਦੇ ਮੁੰਡੇ ਨਾਲ਼
ਗੱਲ ਪੱਕੀ ਹੋ ਜੇ, ਕੁੜੀ ਸੁਰਗਾਂ ਚ ਜਾ ਪਵੇ,

ਮੁੰਡਾ ਬਾਹਰੋਂ ਆਇਆ, ਬਣਦਾ ਤਣਦੈ,
ਘਰ ਬਾਰ, ਰਿਸਤੇਦਾਰੀਆਂ  ਕਿਸੇ ਚੀਜ ਦੀ
ਕਸਰ ਨੀ, ਨਾਲ਼ੇ ਸਰੀਕਾਂ ਕੰਜਰਾਂ ਨੂੰ ਵੀ ਪਤਾ ਲਗ ਜੂ
ਇਕ ਵਾਰੀ ਤਾਂ, ਗੱਲਾਂ ਬਣੌਂਦੇ ਫਿਰਦੇ ਐ
ਗੁਰੂ ਸੱਚੇ ਪਾਤਸ਼ਾਹ
ਕਾਰਜ ਸਿਰੇ ਚਾੜ੍ਹ ਦੇ ਇਕ ਵਾਰ ਬੱਸ਼…
ਗੁਰੂ ਦਾ ਸ਼ਬਦ ਮੂੰਹ ਚ ਆਉਦੇ ਹੀ ਉਸਨੂੰ
ਖਿਆਲ ਆਇਆ
ਉਹ ਤਾਂ ਪਾਠ ਕਰ ਰਿਹਾ ਹੈ,
ਉਹ ਤੇਰੇ ਦੀ! ਉਸਨੇ ਮਨ ਨੂੰ ਕੋਸਿਆ
ਸੋਚਿਆ,
ਗੁਰੂ ਕਿਤੇ ਕਰੋਪ ਈ ਨਾ ਹੋ ਜਾਵੇ,
ਰਿਸ਼ਤੇ ਦੀ ਗੱਲ ਵਿਚੇ ਈ ਨਾ ਰਹਿ ਜਾਵੇ
ਫਿਟੇ ਮੂੰਹ ਤੇਰਾ ਹਜਾਰਾ ਸਿਹਾਂ!
ਉਹਨੇ ਧਿਆਨ ਫੇਰ ਪਾਠ ਵਲ
ਮੋੜਿਆ:
ਕਾਇਆ ਰੰਗਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ
ਰੰਗਣਿ ਵਾਲਾ ਜੇ ਰੰਗੈ ਸਾਹਿਬੁ ਐਸਾ ਰੰਗ ਨਾ ਡੀਠ
ਜਿਨਕੇ ਚੋਲੇ ਰੱਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ

ਉਂਜ ਹਜਾਰਾ ਸਿਹੁੰ ਨੂੰ ਅੰਦਰੇ ਅੰਦਰ ਪਤਾ ਸੀ
ਉਸਦੀ ਧੀ ਉਤੇ ਅੰਤਾਂ ਦਾ ਰੂਪ ਸੀ
ਤੇ ਕਹਿਰ ਦੀ ਜੁਆਨੀ
ਤਾਹੀਏਂ ਤਾਂ
ਤਾਰੇ ਦਾ ਮੁੰਡਾ ਝੱਟ ਰਿਸ਼ਤੇ ਲਈ ਤਿਆਰ ਹੋ ਗਿਆ
ਨਹੀਂ ਤਾਂ ਹਜਾਰਾ ਸਿਹੁੰ ਕੀਹਦੇ ਪਾਣੀਹਾਰ ਸੀ

ਉਸਦੇ ਮਨ ਵਿਚ
ਆਪਣੀ ਧੀ ਦਾ ਚਿਹਰਾ
ਅਚਿੰਤੇ ਹੀ ਉਜਾਗਰ ਹੋ ਗਿਆ
ਜਿਸਦੀਆਂ ਗਲ੍ਹਾਂ
ਹੱਸਣ ਵੇਲੇ ਉਨਾਬੀ ਹੋ ਜਾਂਦੀਆਂ ਸਨ
ਚੁੱਪ ਕਰਨ ਵੇਲੇ ਬਿਸਕੁਟੀ
ਤੇ ਬਿਸਕੁਟੀ ਰੰਗ ਹੀ ਸੀ
ਤਾਰੇ ਦੀ ਵਹੁਟੀ, ਰੂਬੀ, ਦਾ ਜੋ ਤਾਰੇ ਨਾਲ਼
ਹਜਾਰਾ ਸਿਹੁੰ ਦੀ ਧੀ ਨੂੰ ਵੇਖਣ ਆਈ ਸੀ
ਕਿੰਨੀ ਜੁਆਨ ਪਈ ਐ ਅਜੇ, ਹਜਾਰਾ ਸਿਹੁੰ ਨੇ ਸੋਚਿਆ,
ਬਾਹਰਲੇ ਮੁਲਕਾਂ ਚ ਖੁਰਾਕ ਈ ਕਹਿੰਦੇ ਬਹੁਤ ਐ,
ਤੇ ਉਸਦੇ ਮਨ ਦੀਆਂ ਅੱਖਾਂ
ਰੋਕਦੇ ਰੋਕਦੇ ਵੀ ਰੂਬੀ ਦੀ ਸੱਜੀ ਲੱਤ ਤੇ ਜਾ ਪਈਆਂ,
ਜੋ ਪਿੰਜਣੀ ਤੱਕ ਨੰਗੀ ਸੀ

ਉਸ ਸਮੇ ਤਾਂ ਹਜਾਰਾ ਸਿਹੁੰ ਨੇ ਚੋਰੀ
ਛਿਣ ਭਰ ਹੀ ਨਜ਼ਰ ਮਾਰੀ ਸੀ,
ਪਰ ਹੁਣ ਤਾਂ ਉਸਦੀ ਕਲਪਨਾ ਪੂਰੀ ਅਜਾਦ ਸੀ
ਉਸਨੇ ਨਿਝੱਕ ਲੱਤ ਨੂੰ ਹਥ ਲਾ ਦਿਤਾ
ਝੁਣਝਣੀ ਦਾ ਇਕ ਹੜ੍ਹ ਉਸਦੇ ਸਾਰ ਪਾਰ ਹੋ ਗਿਆ
ਹਜਾਰਾ ਸਿੰਘ ਤ੍ਰਭਕਿਆ, ਜਾਗਿਆ,
ਮੂੰਹ ਉਹਦਾ ਅਜੇ ਵੀ
ਉਚੀ ਉਚੀ ਪਾਠ ਕਰ ਰਿਹਾ ਸੀ
ਹੈ, ਤੇਰੇ ਦੀ! ਹਜਾਰਾ ਸਿੰਘ ਅਟਕਿਆ,
ਕੀ ਦਾ ਕੀ
ਸੋਚੀ ਜਾਨੈ ਪਾਪੀਆ, ਬਾਣੀ ਵਿਚ
ਧਿਆਨ ਕਿਉਂ ਨੀ ਜੋੜਦਾ ਦੁਸ਼ਟਾ

ਓਦੋਂ ਲਗੂ ਪਤਾ
ਜਦੋਂ ਓਸ ਸਗਤੇ ਨੇ ਪੁੱਠਾ ਚੱਕ ਚੱਕ
ਧਰਤੀ ਤੇ ਮਾਰਿਆ
ਹਜਾਰਾ ਸਿਹੁੰ ਨੇ ਜੋਰ ਲਾ ਕੇ ਧਿਆਨ
ਫੇਰ ਮੋੜਿਆ
ਪਾਠ ਅੱਗੇ ਤੋਰਿਆ:
ਅੰਧੁਲਾ ਨੀਚ ਜਾਤਿ ਪਰਦੇਸੀ
ਖਿਨੁ ਆਵੈ ਤਿਲ ਜਾਵੈ
ਤਾਕੀ ਸੰਗਤਿ ਨਾਨਕੁ ਰਹਦਾ
ਕਿਉ ਕਰਿ ਮੂੜਾ ਪਾਵੈ

ਸੁਰਜੀਤ ਪਾਤਰ ਦੀ ਬਾਲ ਕਵਿਤਾ

ਜੇਪੀ ਨੇ ਇਹ ਬਾਲ ਕਵਿਤਾ ਮੈਨੂੰ ਭੇਜੀ ਹੈ। ਪੰਜਾਬੀ ਵਿਚ ਬਹੁਤ ਸਾਰੇ ਸ਼ਾਇਰਾਂ ਬਾਲ ਕਵਿਤਾਵਾਂ ਲਿਖੀਆਂ ਹਨ। ਪਰ ਜ਼ਿਆਦਾਤਰ ਬਾਲ ਸਾਹਿਤ ਅਜਿਹਾ ਹੈ, ਜਿਸ ਬਾਰੇ ਇਨ੍ਹਾਂ ਦੇ ਲਿਖਣ ਵਾਲਿਆਂ ਅਤੇ ਪੜ੍ਹਨ ਵਾਲਿਆਂ ਦੀ ਇਹ ਸਮਝ ਹੁੰਦੀ ਹੈ ਕਿ ਬਾਲ ਸਾਹਿਤ ਕੋਈ ਵੀ ਲਿਖ ਸਕਦਾ ਹੈ। ਬਾਲ ਸਾਹਿਤ ਦਾ ਮਤਲਬ ਇਹ ਸਮਝਿਆ ਜਾਂਦਾ ਹੈ ਕਿ ਇਸ ਨੂੰ ਲਿਖਣ ਲਈ ਜ਼ਿਆਦਾ ਪ੍ਰਤਿਭਾ ਦੀ ਲੋੜ ਨਹੀਂ ਹੁੰਦੀ। ਪਰ ਗੰਭੀਰ ਸਾਹਿਤਕ ਲੋਕਾਂ ਦੀ ਧਾਰਨਾ ਇਸਦੇ ਉਲਟ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਸਲੀ ਵਿਚ ਬਾਲ ਸਾਹਿਤ ਲਿਖਣਾ ਜ਼ਿਆਦਾ ਮੁਸ਼ਕਲ ਕਾਰਜ ਹੈ। ਸਧਾਰਨ ਪ੍ਰਤਿਭਾ ਵਾਲੇ ਲੇਖਕ ਬਾਲ ਸਾਹਿਤ ਦੀ ਰਚਨਾ ਨਹੀਂ ਕਰ ਸਕਦੇ। ਪੰਚਤੰਤਰ ਵਰਗੀਆਂ ਰਚਨਾਵਾਂ ਬਹੁਤ ਹੀ ਵਿਲੱਖਣ ਪ੍ਰਤਿਭਾ ਵਾਲੇ ਲੋਕ ਰਚ ਸਕਦੇ ਹਨ। ਪੰਜਾਬੀ ਵਿਚ ਜਿੰਨਾ ਕੁ ਬਾਲ ਸਾਹਿਤ ਮਿਲਦਾ ਹੈ, ਉਹ ਜ਼ਿਆਦਾ ਕਰਕੇ ਹਾਸੋਹੀਣਾ ਹੈ। ਜੇਪੀ ਨੇ ਜਿਹੜੀ ਕਵਿਤਾ ਭੇਜੀ ਹੈ, ਉਹ ਸਾਡੇ ਦੌਰ ਦੇ ਸਿਰਮੌਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਹੋਰਾਂ ਦੀ ਹੈ। ਉਨ੍ਹਾਂ ਨੇ ਕਾਫੀ ਸਾਰੀਆਂ ਬਾਲ ਕਵਿਤਾਵਾਂ ਲਿਖੀਆਂ ਹਨ, ਪਰ ਛਪਵਾਈਆਂ ਨਹੀਂ ਹਨ। ਜੇ ਉਨ੍ਹਾਂ ਦੇ ਸ਼ਾਇਰ ਬਾਲ ਸਾਹਿਤ ਲਿਖਣ ਤਾਂ ਸ਼ਾਇਦ ਪੰਜਾਬੀ ਬਾਲ ਸਾਹਿਤ ਦਾ ਕੋਈ ਮੂੰਹ ਮੱਥਾ ਬਣ ਸਕੇ। ਜੇਪੀ ਨੇ ਆਪਣੇ ਬਲੌਗ ਤੇ ਵੀ ਇਹ ਕਵਿਤਾ ਦਿਤੀ ਹੈ। ਉਸੇ ਕਵਿਤਾ ਨੂੰ ਇਸ ਬਲੌਗ ਦੇ ਪਾਠਕਾਂ ਨਾਲ ਵੀ ਸ਼ੇਅਰ ਕਰ ਰਿਹਾ ਹਾਂ:

ਭਾਰੇ ਭਾਰੇ ਬਸਤੇ

ਭਾਰੇ ਭਾਰੇ ਬਸਤੇ
ਲੰਮੇ ਲੰਮੇ ਰਸਤੇ
ਥੱਕ ਗਏ ਨੇ ਗੋਡੇ
ਦੁਖਣ ਲੱਗ ਪਏ ਮੋਢੇ
ਐਨਾ ਭਾਰ ਚੁਕਾਇਆ ਏ
ਅਸੀਂ ਕੋਈ ਖੋਤੇ ਆਂ ?

ਟੀਚਰ ਜੀ ਆਉਣਗੇ
ਆ ਕੇ ਹੁਕਮ ਸੁਣਾਉਣਗੇ :
ਚਲੋ ਕਿਤਾਬਾਂ ਖੋਲ੍ਹੋ
ਪਿੱਛੇ ਪਿੱਛੇ ਬੋਲੋ ।
ਪਿੱਛੇ ਪਿੱਛੇ ਬੋਲੀਏ
ਅਸੀਂ ਕੋਈ ਤੋਤੇ ਆਂ ?

ਚਲੋ ਚਲੋ ਜੀ ਚੱਲੀਏ
ਜਾ ਕੇ ਸੀਟਾਂ ਮੱਲੀਏ
ਜੇਕਰ ਹੋ ਗਈ ਦੇਰ
ਕੀ ਹੋਵੇਗਾ ਫੇਰ
ਟੀਚਰ ਜੀ ਆਉਣਗੇ
ਝਿੜਕਾਂ ਖ਼ੂਬ ਸੁਣਾਉਣਗੇ

ਤੁਰੇ ਹੀ ਤਾਂ ਜਾਨੇ ਆਂ
ਅਸੀਂ ਕੋਈ ਖੜੋਤੇ ਆਂ ?

ਕਵਿਤਾ ਦੇ ਪਾਠਕ

ਜਦੋਂ ਅਸੀਂ ਨਵੀਂ ਪੰਜਾਬੀ ਕਵਿਤਾ ਤੇ ਨਜ਼ਰ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਸਾਡੀ ਹਾਲਤ ਵਿਕਸਤ ਮੁਲਕਾਂ ਨਾਲੋਂ ਬਹੁਤ ਵੱਖਰੀ ਨਹੀਂ ਹੈ। ਇੱਕ ਲਿਹਾਜ਼ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਸਾਡੀ ਹਾਲਤ ਉਨ੍ਹਾਂ ਨਾਲੋਂ ਕੁੱਝ ਪੱਖਾਂ ਤੋਂ ਸ਼ਾਇਦ ਬਿਹਤਰ ਹੈ। ਪੰਜਾਬੀ ਪ੍ਰਕਾਸ਼ਕ ਤੇ ਕਵੀ ਅਕਸਰ ਇਸ ਗੱਲ ਤੇ ਝੂਰਦੇ ਹਨ ਕਿ ਪੰਜਾਬੀ ਕਵਿਤਾ ਦੀ ਕਿਤਾਬ ਮੁਸ਼ਕਲ ਨਾਲ 500 ਤੋਂ ਲੈ ਕੇ 1000 ਤੱਕ ਛਪਦੀ ਹੈ। ਇਸ ਗੱਲ ਤੇ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਇੰਗਲੈਂਡ ਭਾਰਤ ਵਾਂਗ ਬਹੁਭਾਸ਼ੀ ਮੁਲਕ ਨਹੀਂ ਹੈ ਤੇ ਉਸ ਦੀ ਅਬਾਦੀ 6 ਕੁ ਕਰੋੜ ਦੇ ਕਰੀਬ ਹੈ। ਉਥੋਂ ਦੇ ਆਮ ਕਵੀਆਂ ਦੀ ਕਿਤਾਬ ਵੀ 500 ਜਾਂ 1000 ਕੁ ਹੀ ਛਪਦੀ ਹੈ। ਅਮਰੀਕਾ ਦੀ ਅਬਾਦੀ 30 ਕਰੋੜ ਤੋਂ ਜ਼ਿਆਦਾ ਹੈ। ਉਥੇ ਵੀ ਕਵਿਤਾ ਦੀ ਆਮ ਕਿਤਾਬ ਔਸਤ 2500 ਜਾਂ 3000 ਹੀ ਛਪਦੀ ਹੈ। ਗੁਰਮੁਖੀ ਵਿੱਚ ਪੰਜਾਬੀ ਪੜ੍ਹਨ ਲਿਖਣ ਵਾਲੇ ਭਾਰਤੀ ਪੰਜਾਬ ਦੀ ਅਬਾਦੀ ਢਾਈ ਕੁ ਕਰੋੜ ਹੈ। ਜੇ ਇਸ ਹਿਸਾਬ ਨਾ ਦੇਖੀਏ ਤਾਂ ਸਾਡੇ ਇੱਥੇ ਕਵਿਤਾ ਦੀ ਕਿਤਾਬ 500 ਦੀ ਗਿਣਤੀ ਵਿੱਚ ਛਪਣੀ ਕੋਈ ਘੱਟ ਗਿਣਤੀ ਨਹੀਂ ਹੈ। ਕਵਿਤਾ ਦੀਆਂ ਆਮ ਕਿਤਾਬਾਂ ਜੇ ਪੰਜਾਬੀ ਵਿੱਚ ਪਬਲਿਸ਼ਰਾਂ ਦੇ ਖਰਚੇ ਨਹੀਂ ਪੂਰੇ ਕਰਦੀਆਂ ਤਾਂ ਇਹੀ ਸਥਿਤੀ ਅਮਰੀਕਾ ਅਤੇ ਇੰਗਲੈਂਡ ਵਿੱਚ ਵੀ ਹੈ। ਕਵਿਤਾ ਦੇ ਸਿਰ ਤੇ ਜੇ ਪੰਜਾਬੀ ਕਵੀ ਆਪਣਾ ਗੁਜ਼ਾਰਾ ਨਹੀਂ ਕਰਦੇ ਤਾਂ ਇੰਗਲੈਂਡ ਜਾਂ ਅਮਰੀਕਾ ਵਿੱਚ ਵੀ ਅਜਿਹੇ ਥੋੜ੍ਹੇ ਕਵੀ ਹੀ ਹਨ, ਜਿਨ੍ਹਾਂ ਦਾ ਗੁਜ਼ਾਰਾ ਕਵਿਤਾ ਦੇ ਸਿਰ ਤੇ ਚੱਲਦਾ ਹੈ। ਇਸ ਮਾਮਲੇ ਵਿੱਚ ਕੁੱਝ ਕੁ ਮਸ਼ਹੂਰ ਤੇ ਸਥਾਪਤ ਕਵੀਆਂ ਨੂੰ ਮਿਸਾਲ ਨਹੀਂ ਬਣਾਇਆ ਜਾ ਸਕਦਾ। ਅਮਰੀਕਾ ਵਿੱਚ ਰਾਜ ਕਵੀ ਰਿਹਾ ਬਿਲ ਕੋਲਿਨਜ਼ ਸਮੁਚੇ ਅਮਰੀਕੀ ਕਵੀਆਂ ਦੀ ਹਾਲਤ ਦਾ ਨੁਮਾਇੰਦਾ ਨਹੀਂ ਹੋ ਸਕਦਾ। ਇਸ ਤਰਾਂ ਦੀਆਂ ਵਿਕੋਲਿਤਰੀਆਂ ਮਿਸਾਲਾਂ ਤਾਂ ਪੰਜਾਬੀ ਵਿੱਚ ਵੀ ਮਿਲ ਜਾਣਗੀਆਂ। ਸਾਡੇ ਅੰਮ੍ਰਿਤਾ ਪੀ੍ਰਤਮ ਨੇ ਨਾ ਸਿਰਫ ਕਵਿਤਾ/ਸਾਹਿਤ ਦੇ ਸਿਰ ਤੇ ਗੁਜ਼ਾਰਾ ਕੀਤਾ ਬਲਕਿ ਇਸੇ ਸਿਰ ਤੇ ਉਹ ਰਾਜ ਸਭਾ ਦੇ ਮੈਂਬਰ ਵੀ ਬਣੇ। ਜੇ ਚਾਹੁਣ ਤਾਂ ਸੁਰਜੀਤ ਪਾਤਰ ਵੀ ਕਵਿਤਾ ਦੇ ਸਿਰ ਤੇ ਗੁਜ਼ਾਰਾ ਕਰ ਸਕਦੇ ਸਨ। ਪਰ ਸਮੁਚੇ ਤੌਰ ਤੇ ਕਵਿਤਾ ਲਿਖਣਾ ਨਾ ਪੰਜਾਬੀ ਵਿੱਚ ਗੁਜ਼ਾਰੇ ਦਾ ਸਾਧਨ ਬਣਦਾ ਹੈ ਤੇ ਨਾ ਹੀ ਇਹ ਸਥਿਤੀ ਅਮਰੀਕਾ ਜਾਂ ਇੰਗਲੈਂਡ ਵਰਗੇ ਵਿਕਸਤ ਸਮਾਜਾਂ ਦੀ ਹੈ।
ਆਧੁਨਿਕ ਕਵਿਤਾ ਵਿੱਚੋਂ ਵੀ ਸ਼ਿਵ ਕੁਮਾਰ ਅਜਿਹਾ ਸ਼ਾਇਰ ਹੈ ਜਿਸ ਦੀਆਂ ਸਾਰੀਆਂ ਕਿਤਾਬਾਂ ਦੀ ਕੁਲ ਸਲਾਨਾ ਵਿਕਰੀ ਅੱਜ ਵੀ 15 ਤੋਂ 20 ਹਜ਼ਾਰ ਕਾਪੀਆਂ ਰਹਿੰਦੀ ਹੈ। ਸੁਰਜੀਤ ਪਾਤਰ ਦੀਆਂ ਸਾਰੀਆਂ ਕਿਤਾਬਾਂ ਦੀ ਕੁਲ ਸਲਾਨਾ ਵਿਕਰੀ 5 ਤੋਂ 6 ਹਜ਼ਾਰ ਕਾਪੀਆਂ ਤੱਕ ਚਲੇ ਜਾਂਦੀ ਹੈ। ਇਸ ਮਾਮਲੇ ਵਿੱਚ ਇੱਕ ਅਨੋਖੀ ਮਿਸਾਲ ਸੁਖਵਿੰਦਰ ਅੰਮ੍ਰਿਤ ਦੀ ਹੈ। ਉਹ ਨਵੀਂ ਸ਼ਾਇਰਾ ਹੈ, ਉਸਦੀਆਂ ਕਿਤਾਬਾਂ ਦੀ ਸਲਾਨਾ ਵਿਕਰੀ 5 ਹਜ਼ਾਰ ਕਾਪੀਆਂ ਨੂੰ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਰਾਜਨੀਤਕ ਲਹਿਰਾਂ ਨਾਲ ਜੁੜੇ ਸ਼ਾਇਰ ਆਉਂਦੇ ਹਨ। ਇਨ੍ਹਾਂ ਸ਼ਾਇਰਾਂ ਨੂੰ ਇਨ੍ਹਾਂ ਦੀਆਂ ਲਹਿਰਾਂ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਮਿਲਿਆ। ਪਾਸ਼ ਦੀਆਂ ਕਿਤਾਬਾਂ ਦੇ ਸਾਰੇ ਟਾਈਟਲਾਂ ਦੀ 4 ਤੋਂ 5 ਹਜ਼ਾਰ ਕਾਪੀ ਹਰ ਸਾਲ ਵਿਕਦੀ ਹੈ। ਦੂਜੇ ਪਾਸੇ ਪੌਪੂਲਰ ਗਾਇਕਾਂ ਦੇ ਗੀਤਾਂ ਦੀਆਂ ਕਿਤਾਬਾਂ ਹਨ। ਗੁਰਦਾਸ ਮਾਨ, ਅਮਰ ਸਿੰਘ ਚਮਕੀਲਾ ਜਾਂ ਬਾਬੂ ਸਿੰਘ ਮਾਨ ਦੇ ਗੀਤਾਂ ਦੀਆਂ ਕਿਤਾਬਾਂ ਦੀ ਗਿਣਤੀ ਲੱਖ ਦੇ ਅੰਕੜੇ ਨੂੰ ਵੀ ਛੁਹ ਜਾਂਦੀ ਸੀ। ਦੂਜੇ ਪਾਸੇ ਗੰਭੀਰ ਕਿਸਮ ਦੀ ਕਵਿਤਾ ਲਿਖਣ ਵਾਲੇ ਕਵੀਆਂ ਪ੍ਰੋ ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਮੀਸ਼ਾ, ਦੇਵ, ਸਤੀ ਕੁਮਾਰ, ਹਰਨਾਮ ਵਰਗੇ ਸ਼ਾਇਰਾਂ ਦੀ ਕੁਲ ਮਿਲਾਕੇ 500 ਕਾਪੀ ਵੀ ਸਾਲ ਵਿੱਚ ਨਹੀਂ ਵਿਕਦੀ।

ਇਸ ਦਰਦ ਦਾ ਮੂਲ ਕੀ ਹੈ

ਇਕ ਦੋਸਤ ਨੇ ਮੈਨੂੰ ਸੁਆਲ ਕੀਤਾ ਕਿ ਤੇਰੀ ਕਵਿਤਾ ਪੜ੍ਹਦਿਆਂ ਬਹੁਤ ਥਾਵਾਂ ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਤੇਰੇ ਅੰਦਰ ਇਕ ਉਦਾਸੀ ਹੈ। ਕੋਈ ਦਰਦ ਹੈ। ਉਹ ਜਾਣਨਾ ਚਾਹ ਰਿਹਾ ਸੀ ਕਿ ਇਹ ਉਦਾਸੀ ਕਿਸ ਚੀਜ਼ ਦੀ ਹੈ। ਜੀਵਨ ਨੂੰ ਐਨਾ ਉਦਾਸ ਨਜ਼ਰੀਏ ਨਾਲ ਦੇਖਣ ਦਾ ਕਾਰਨ ਕੀ ਹੈ। ਇਸ ਪ੍ਰਬਲ ਨਿਰਾਸ਼ਾ, ਉਦਾਸੀ ਤੇ ਮਾਯੂਸੀ ਦੀ ਵਜ੍ਹਾ ਕੀ ਹੈ। ਇਸ ਦਰਦ ਦਾ ਮੂਲ ਕੀ ਹੈ।
ਅਜਿਹੇ ਸੁਆਲਾਂ ਦਾ ਜੁਆਬ ਦਿੰਦਿਆਂ ਡਰ ਇਹ ਰਹਿੰਦਾ ਹੈ ਕਿ ਸੁਣਨ ਵਾਲੇ ਨੂੰ ਜੁਆਬ ਸ਼ਾਇਦ ਹੋਰ ਵੀ ਜ਼ਿਆਦਾ ਉਦਾਸ ਲੱਗੇ। ਮੁਸ਼ਕਲ ਹੈ ਕਿ ਕਈ ਲੋਕ ਕਵਿਤਾ ਅਤੇ ਜੀਵਨ ਦੀਆਂ ਉਦਾਸੀਆਂ ਅਤੇ ਪੀੜਾਂ ਨੂੰ ਸਿਰਫ ਇਨਸਾਨੀ ਰਿਸ਼ਤਿਆਂ ਦੀਆਂ ਹਾਰਾਂ ਅਤੇ ਸੱਟਾਂ ਤੱਕ ਹੀ ਮਹਿਦੂਦ ਕਰ ਲੈਂਦੇ ਹਨ। ਅਜਿਹੀਆਂ ਸੱਟਾਂ ਆਮ ਕਰਕੇ ਇਕ ਬਹਾਨਾ ਹੀ ਬਣਦੀਆਂ ਹਨ, ਕਿਸੇ ਵੱਡੀ ਅਤੇ ਵਿਆਪਕ ਅਰਥਹੀਣਤਾ ਵੱਲ ਧਕੇਲਣ ਦਾ। ਜਿਵੇਂ ਸਵੈਟਰ ਦਾ ਇਕ ਕੁੰਡਾ ਖੁਲ੍ਹ ਜਾਵੇ ਤਾਂ ਉਹ ਸਾਰਾ ਹੀ ਉਧੜ ਜਾਂਦਾ ਹੈ, ਉਵੇਂ ਹੀ ਕਿਸੇ ਸੰਵੇਦਨਸ਼ੀਲ ਇਨਸਾਨ ਲਈ ਜੀਵਨ ਦੇ ਮਜ਼ਾਕ ਨੂੰ ਸਮਝਣ ਲਈ ਇਕ ਝਟਕਾ ਹੀ ਬਥੇਰਾ ਹੁੰਦਾ ਹੈ। ਇਹ ਇਸ਼ਾਰਾ ਹੁੰਦਾ ਹੈ। ਜੀਵਨ ਦੀਆਂ ਘਟਨਾਵਾਂ ਸਿਰਫ ਸੰਕੇਤ ਹਨ। ਜੀਵਨ ਦੇ ਦੁਖ, ਸਾਰੇ ਸੰਸਾਰਕ ਦੁੱਖ ਮਹਿਜ਼ ਇਸ਼ਾਰੇ ਹਨ। ਪਰ ਜ਼ਿਆਦਾ ਵੱਡਾ ਦੁਖ ਇਹ ਹੈ ਕਿ ਇਨ੍ਹਾਂ ਇਸ਼ਾਰਿਆਂ  ਨੂੰ ਬਹੁਤ ਥੋੜ੍ਹੇ ਲੋਕ ਸਮਝਦੇ ਹਨ। ਇਸੇ ਕਰਕੇ ਮੁੜ ਮੁੜ ਉਸੇ ਗਧੀ ਗੇੜ ਅਤੇ ਚੁਰਾਸੀ ਦੇ ਗੇੜ ਵਿਚ ਪਏ ਰਹਿੰਦੇ ਹਾਂ।
ਅਜਿਹੀ ਉਦਾਸੀ ਕੋਈ ਨਵੀਂ ਗੱਲ ਨਹੀਂ ਹੈ। ਪੰਜਾਬੀ ਕਵਿਤਾ ਵਿਚ ਵੀ ਮੱਧਕਾਲ ਵਿਚ ਬਾਬਾ ਸ਼ੇਖ ਫਰੀਦ ਤੋਂ ਲੈ ਕੇ ਬਹੁਤ ਸਾਰੇ ਆਧੁਨਿਕ ਸ਼ਾਇਰਾਂ ਤੱਕ, ਅਜਿਹੀ ਉਦਾਸੀ ਦੇਖੀ ਜਾ ਸਕਦੀ ਹੈ। ਬਾਬਾ ਫਰੀਦ ਜਦ ਇਹ ਕਹਿੰਦੇ ਹਨ ਕਿ ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ, ਤਾਂ ਉਹ ਕੀ ਹੈ? ਭਗਤ ਕਵੀਆਂ ਅਤੇ ਗੁਰਬਾਣੀ ਅੰਦਰ ਕਿੰਨੀਆਂ ਹੀ ਥਾਵਾਂ ਤੇ ਅਜਿਹੀ ਪੀੜ, ਉਦਾਸੀ ਅਤੇ ਵੈਰਾਗ ਮੌਜੂਦ ਹੈ। ਗੁਰਮੁਖ ਮਾਇਆ ਵਿਚ ਉਦਾਸੀ ਅਤੇ ਮਨ ਪਰਦੇਸੀ ਜੇ ਥਐਿ ਸਭੁ ਦੇਸ ਪਰਾਇਆ। ਕਿਸ ਪਹਿ ਖੋਲਹੁ ਗੰਠੜੀ ਦੁਖ ਹੀ ਭਰ ਆਇਆ,  ਜਿਹੀਆਂ ਸਤਰਾਂ ਹੋਣ ਜਾਂ ਨੌਵੇਂ ਮਹੱਲੇ ਦੇ ਸਲੋਕ ਹੋਣ, ਉਨਾਂ ਅੰਦਰ ਵੈਰਾਗ ਦਾ ਭਾਵ ਹੈ, ਦਰਦ ਹੈ।
ਜੀਵਨ ਦਾ ਸਭ ਤੋਂ ਵੱਡਾ ਦੁਖ ਸ਼ਾਇਦ ਭਰਮਾਂ ਦਾ ਟੁਟਣਾ ਹੈ। ਜੀਵਨ ਜਿਸ ਭ੍ਰਾਂਤੀ ਤੇ ਉਸਰਿਆ ਹੈ, ਉਸ ਤੋਂ ਪਰਦਾ ਚੁੱਕਿਆ ਜਾਣਾ ਹੀ ਸਭ ਤੋਂ ਵਡੀ ਅਸਲੀਅਤ ਹੈ। ਪਰ ਇਹ ਘਟਨਾ ਅਸਾਨੀ ਨਾਲ ਨਹੀਂ ਵਾਪਰਦੀ। ਇਸ ਤਕਲੀਫਦੇਹ ਸਫਰ ਹੈ। ਸਾਰਾ ਜੀਵਨ ਕੁਝ ਖਿਆਲਾਂ, ਸੁਪਨਿਆਂ, ਸ਼ਬਦਾਂ ਵਿਚ ਯਕੀਨ ਤੇ ਖੜ੍ਹਾ ਹੈ। ਜਦ ਇਹ ਸਾਰਾ ਕਾਗਜ਼ ਦਾ ਮਹਿਲ ਹਿੱਲਦਾ ਹੈ ਤਾਂ ਬਹੁਤ ਕੁਝ ਡਿੱਗਦਾ ਹੈ। ਜਿਸ ਨੂੰ ਅਸੀਂ ਵਾਸਤਵਿਕ ਸੰਸਾਰ ਸਮਝਦੇ ਹਾਂ, ਜਦ ਕੋਈ ਜਾਣ ਲਵੇ ਕਿ ਇਹ ਤਾਂ ਸੁਪਨੇ ਦਾ ਮਹਿਲ ਹੈ ਤਾਂ ਉਸ ਪੀੜ ਅਤੇ ਹਾਸੇ ਨੂੰ ਉਹੀ ਜਾਣ ਸਕਦਾ ਹੈ ਜਿਹੜਾ ਇਸ ਗੱਲ ਨੂੰ ਅਨੁਭਵ ਕਰ ਸਕਦਾ ਹੈ। ਸ਼ਾਇਦ ਇਸੇ ਕਰਕੇ ਕੁਝ ਲੋਕ ਮੰਨਦੇ ਹਨ ਕਿ ਜੀਵਨ ਦੇ ਦੋ ਮੂਲ ਹਨ। ਇਕ ਦਰਦ ਤੇ ਦੂਜਾ ਹਾਸਾ। ਭਰਮ ਜਦ ਟੁੱਟਦੇ ਹਨ ਤਾਂ ਪਹਿਲਾਂ ਦਰਦ ਹੁੰਦਾ ਹੈ ਅਤੇ ਫੇਰ ਹਾਸਾ ਆਉਂਦਾ ਹੈ। ਮਿਸਾਲ ਦੇ ਤੌਰ ਤੇ ਤੁਸੀਂ ਕਿਸੇ ਇਨਸਾਨ ਤੇ, ਉਸ ਦੇ ਸ਼ਬਦਾਂ ਤੇ, ਉਸਦੀਆਂ ਗੱਲਾਂ ਤੇ ਯਕੀਨ ਕਰਦੇ  ਹੋ। ਉਸ ਨੂੰ ਆਪਣੇ ਮਨ ਵਿਚ ਬਹੁਤ ਵੱਡਾ ਦਰਜਾ ਦਿੰਦੇ ਹੋ। ਉਸ ਨੂੰ ਇਸ਼ਟ ਮੰਨਣ ਲੱਗਦੇ ਹੋ। ਉਸ ਖਾਤਰ ਜੀਵਨ ਵਿਚ ਬਹੁਤ ਵੱਡੀ ਕੀਮਤ ਵੀ ਅਦਾ ਕਰਦੇ ਹੋ। ਪਰ ਅਚਾਨਕ ਤੁਸੀਂ ਜਾਣਦੇ ਹੋ ਕਿ ਸਭ ਕੁਝ ਝੂਠ ਸੀ। ਕਹੇ ਗਏ ਸਾਰੇ ਸ਼ਬਦ, ਸਭ ਕਹਾਣੀਆਂ, ਝੂਠ ਸਨ। ਉਸ ਨੂੰ ਤੁਸੀਂ ਜੋ ਕੁਝ ਸਮਝਦੇ ਸੀ, ਉਹ ਉਸਦੇ ਬਿਲਕੁਲ ਉਲਟ ਸੀ। ਜਦ ਤੁਹਾਨੂੰ ਚਾਨਣ ਹੁੰਦਾ ਹੈ ਤਾਂ ਤੁਹਾਡੇ ਮਨ ਵਿਚ ਉਸਰਿਆ ਸਾਰਾ ਸੁਪਨਈ ਮਹਿਲ ਡਿੱਗ ਪੈਂਦਾ ਹੈ। ਇਹ ਗੱਲ ਦਰਦ ਦਿੰਦੀ ਹੈ। ਸਮਾਂ ਲੰਘਣ ਨਾਲ ਸ਼ਾਇਦ ਕਦੇ ਕਦੇ ਤੁਸੀਂ ਆਪਣੀਆਂ ਬੇਵਕੂਫੀਆਂ ਤੇ ਹੱਸੋ ਵੀ।
ਜੀਵਨ ਦਾ ਸਾਰਾ ਖੇਲ੍ਹ ਅਸਲ ਵਿਚ ਇਸੇ ਤਰਾਂ ਹੈ। ਜਿਨ੍ਹਾਂ ਦੀ ਭ੍ਰਾਂਤੀਆਂ ਅਤੇ ਭਰਮਾਂ ਵਿਚ ਲੰਘੀ ਜਾਂਦੀ ਹੈ, ਉਹ ਘੋਲ ਪਤਾਸੇ ਪੀਂਦੇ ਹਨ ਅਤੇ ਜਿਨ੍ਹਾਂ ਨੇ ਇਕ ਵਾਰ ਪਰਦਾ ਚੁੱਕ ਦੇ ਦੇਖ ਲਿਆ, ਉਨ੍ਹਾਂ ਦੇ ਗਲ ਬਲਾ ਪੈ ਜਾਂਦੀ ਹੈ। ਜਿਨ ਹੀ ਬੂਝਣ ਬੂਝਿਆ, ਤਿਨ ਗਲ ਪਈ ਬਲਾਏ। ਸ਼ੰਕਰਾਚਾਰੀਆ ਦਾ ਮਾਇਆ ਦਾ ਖਿਆਲ ਵੀ ਇਸੇ ਤਰਾਂ ਦੇ ਦਰਦ ਦੀ ਬਿਆਨੀ ਹੈ। ਜੇ ਉਹ ਕਵੀ ਹੁੰਦਾ ਤਾਂ ਉਸਨੇ ਵੀ ਇਸ ਭਾਵ ਨੂੰ ਉਦਾਸੀ ਦੇ ਰੰਗ ਵਿਚ ਦੇਖਣਾ ਸੀ।
ਆਪਣੇ ਦੋਸਤ ਦੇ ਸੁਆਲ ਦੇ ਜੁਆਬ ਵਿਚ ਇਹ ਕਹਿ ਸਕਦਾ ਹਾਂ ਕਿ ਇਹ ਦਰਦ ਕੋਈ ਖਿਆਲ ਨਹੀਂ ਹੈ। ਪਲ ਪਲ ਹੰਢਾਈ ਜਾ ਰਹੀ ਅਸਲੀਅਤ ਹੈ। ਜੋ ਚੀਜ਼ ਹੰਢਾਈ ਜਾ ਰਹੀ ਹੈ, ਉਸ ਤੇ ਕਿਸੇ ਨੂੰ ਕੀ ਉਜਰ ਹੋ ਸਕਦਾ ਹੈ। ਜੀਵਨ ਦੀ ਇਹ ਅਜਿਹੀ ਅਸਲੀਅਤ ਹੈ, ਜਿਸ ਨੂੰ ਕੋਈ ਦੇਖ ਰਿਹਾ ਹੈ, ਕੋਈ ਨਹੀਂ ਦੇਖ ਰਿਹਾ। ਅਜਿਹੀ ਅਵਸਥਾ ਵਿਚ ਕੁੱਝ ਮਹੀਨੇ ਪਹਿਲਾਂ ਲਿਖੀ ਗਈ ਇਕ ਕਵਿਤਾ ਸਾਂਝੀ ਕਰਦਾ ਹਾਂ:

ਦਰਦ ਬਹੁਤ ਹੈ

ਮੈਨੂੰ ਨਹੀਂ ਪਤਾ
ਇਹ ਦਰਦ ਕਿਸ ਦਾ ਹੈ
ਯੋਗ ਦਾ
ਵਿਯੋਗ ਦਾ
ਜਾਂ ਭਰਮਾਂ ਦੇ ਤਿੜਕਣ ਦਾ
ਪਰ ਇਹ ਦਰਦ ਬਹੁਤ ਹੈ

ਭਰਮ ਜੇ ਬਣਿਆ ਰਹਿੰਦਾ
ਤੇਰੀ ਮਾਇਆ ਦਾ
ਸੁੱਤਿਆਂ ਸਫਰ ਲੰਘ ਜਾਣਾ ਸੀ
ਜ਼ਿੰਦਗੀ ਇੰਝ ਹੀ ਤਾਂ ਕੱਟਦੀ ਹੈ

ਭੇਤ ਜਦ ਖੁਲ੍ਹ ਗਏ ਨੇ ਹੁਣ
ਹੁਣ ਕੋਈ ਚਾਰਾ ਨਹੀਂ ਹੈ

ਵਜੂਦ ਬੰਦੇ ਦਾ
ਹੋਰ ਕੁੱਝ ਵੀ ਨਹੀਂ ਹੈ
ਸਾਬਣ ਦੀ ਟਿੱਕੀ ਵਾਂਗ
ਬੱਸ ਘਸਦੇ ਜਾਣਾ ਹੈ
ਜਾਂ ਬੁਝ ਜਾਣਾ ਹੈ
ਦੀਵੇ ਵਾਂਗ

ਸਭ ਮਿਲਾਪ
ਗੁਬਾਰਿਆਂ ਵਰਗੇ ਹਨ
ਫੁੱਟਦਿਆਂ ਪਤਾ ਨਹੀਂ ਲੱਗਦਾ
ਰਿਸ਼ਤੇ ਸਭ ਮਿੱਟੀ ਦੇ ਖਿਡੌਣੇ ਹਨ
ਖੁਰਦਿਆਂ ਦੇਰ ਨਹੀਂ ਲਾਉਂਦੇ
ਤੇ ਅਰਥ ਸਭ ਆਈਸਕਰੀਮ ਵਰਗੇ
ਹੱਥਾਂ ਚ ਹੀ ਪਿਘਲ ਜਾਂਦੇ ਹਨ

ਭੇਤਾਂ ਦਾ ਖੁਲ੍ਹਣਾ ਵੀ ਕਿੰਨਾ ਪੀੜਾਦਾਇਕ

ਪੰਜਾਬੀ ਕਵਿਤਾ ਉਤਸਵ 13-14 ਮਾਰਚ ਨੂੰ

ਕੁਝ ਸਾਲ ਪਹਿਲਾਂ ਲੁਧਿਆਣਾ ਵਿਚ ਅਮਰਜੀਤ ਸਿੰਘ ਗਰੇਵਾਲ ਹੋਰਾਂ ਦੇ ਉਦਮ ਨਾਲ ਕਵਿਤਾ ਉਤਸਵ ਮਨਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਨੱਬੇਵਿਆਂ ਦੇ ਅਖੀਰ ਵਿਚ ਕੁਝ ਸਾਲ ਲਗਾਤਾਰ ਅਜਿਹੇ ਕਵਿਤਾ ਉਤਸਵ ਲਗਦੇ ਰਹੇ ਹਨ। ਹੁਣ ਕੁਝ ਸਾਲ ਤੋਂ ਇਸ ਸਿਲਸਿਲਾ ਮੱਠਾ ਪੈ ਗਿਆ ਸੀ। ਕਾਫੀ ਚਿਰ ਬਾਅਦ ਹੁਣ ਅਜਿਹਾ ਹੀ ਕਵਿਤਾ ਉਤਸਵ ਖੇਤਬਾੜੀ ਯੂਨੀਵਰਸਿਟੀ ਵਿਚ 13 ਅਤੇ 14  ਮਾਰਚ ਨੂੰ ਹੋ ਰਿਹਾ ਹੈ। ਇਸ ਵਾਰ ਇਸ ਨੂੰ ਉਤਰ ਪੂਰਬ ਅਤੇ ਉਤਰੀ ਭਾਰਤ ਦੀ ਕਵਿਤਾ ਦੇ ਸਾਂਝੇ ਕਵਿਤਾ ਉਤਸਵ ਵਜੋਂ ਮਨਾਇਆ ਜਾ ਰਿਹਾ ਹੈ। ਦਿਲੀ ਸਾਹਿਤ ਅਕਾਦਮੀ ਅਤੇ ਸ਼ਬਦਲੋਕ ਲੁਧਿਆਣਾ ਵਲੋਂ ਸਾਂਝੇ ਤੌਰ ਤੇ ਮਨਾਏ ਜਾ ਰਹੇ ਇਸ ਉਤਸਵ ਵਿਚ ਵਿਚ ਅਕਾਦਮਿਕ ਸੈਸ਼ਨ ਰੱਖੇ ਗਏ ਹਨ ਅਤੇ ਇਸ ਤੋਂ ਇਲਾਵ ਬਹੁ ਭਾਸ਼ੀ ਅਖੀਰਲੇ ਦਿਨ ਪੰਜਾਬੀ ਕਵੀ ਦਰਬਾਰ ਹੋਵੇਗਾ। ਡਾ ਐਸ ਐਸ ਨੂਰ, ਵਾਈਸ ਪ੍ਰੈਜ਼ੀਡੈਂਟ ਸਾਹਿਤ ਅਕਾਦਮੀ ਇਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਵਿਚ ਪੰਜਾਬੀ ਤੋਂ ਇਲਾਵਾ ਬੰਗਾਲੀ, ਨੇਪਾਲੀ, ਰਾਜਸਥਾਨੀ, ਕਸ਼ਮੀਰੀ, ਮਨੀਪੁਰੀ, ਅਸਾਮੀ, ਉਰਦੂ ਅਤੇ ਹਿੰਦੀ ਦੇ ਕਵੀ ਸ਼ਾਮਲ ਹੋਣਗੇ। ਅਕਾਦਮਿਕ ਸੈਸ਼ਨਾਂ ਵਿਚ ਬੰਗਾਲੀ, ਪੰਜਾਬੀ, ਉਤਰ ਪੂਰਬ, ਅਤੇ ਉਤਰੀ ਖੇਤਰ ਦੀ ਕਵਿਤਾ ਤੇ ਵੱਖੋ ਵੱਖਰੀ ਵਿਚਾਰ ਚਰਚਾ ਹੋਵੇਗੀ।
ਕਵਿਤਾ ਉਤਸਵਾਂ ਦੀ ਪਰੰਪਰਾ ਨੇ ਨਵੀਂ ਪੰਜਾਬੀ ਕਵਿਤਾ ਨੂੰ ਸਮਝਣ ਅਤੇ ਉਸਦਾ ਸਹੀ ਮੁਲਾਂਕਣ ਕਰਨ ਦੇ ਮਾਮਲੇ ਵਿਚ ਬਹੁਤ ਅਹਿਮ ਰੋਲ ਨਿਭਾਇਆ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਪਿਛਲੇ ਦਸ ਕੁ ਸਾਲਾਂ ਦੌਰਾਨ ਪੰਜਾਬੀ ਕਵਿਤਾ ਅਤੇ ਕਾਵਿ ਅਲੋਚਨਾ ਵਿਚ ਆਏ ਨਵੇਂ ਰੁਝਾਨ ਦਾ ਰੂਪ ਇਨ੍ਹਾਂ ਕਵਿਤਾ ਉਤਸਵਾਂ ਨਾਲ ਹੀ ਨਿਖਰਿਆ।

ਜਸਵਿੰਦਰ ਦੀ ਸ਼ਾਇਰੀ

ਨਵੀਂ ਪੰਜਾਬੀ ਗਜ਼ਲ ਵਿਚ ਜਸਵਿੰਦਰ ਇਕ ਜ਼ਿਕਰਯੋਗ ਨਾਂ ਹੈ। ਉਸਦਾ ਪਿਛੋਕੜ ਮਾਲਵੇ ਦਾ ਹੈ ਤੇ ਅੱਜਕਲ੍ਹ ਉਹ ਰੋਪੜ ਰਹਿ ਰਿਹਾ ਹੈ। ਉਹ ਦੇ ਸ਼ਿਅਰਾਂ ‘ਚ ਪੁਖ਼ਤਗੀ, ਰਵਾਨਗੀ, ਸੁਹਜ, ਸਹਿਜ ਤੇ ਸਵੱਛਤਾ ਹੈ। ਹਰੇਕ ਸ਼ਿਆਰ ਨਗੀਨੇ ਵਾਂਗ ਜੜਿਆ ਹੈ। ਉਸ ਨੇ ਪੇਂਡੂ ਪੰਜਾਬੀ ਕਿਰਸਾਣੀ ‘ਚੋਂ ਬਿੰਬ ਪ੍ਰਤੀਕ ਵੀ ਵਰਤੇ ਹਨ ਅਤੇ ਪੰਜਾਬੀ ਵਿਚ ਪ੍ਰਚਲਿਤ ਉਰਦੂ-ਫ਼ਾਰਸੀ ਦੀ ਸ਼ਬਦਾਵਲੀ ਨੂੰ ਵੀ ਸਹਿਜ ਰੂਪ ਵਿਚ ਇਸਤੇਮਾਲ ਕੀਤਾ ਹੈ। ਭਾਵੇਂ ਉਹ ਕਾਫੀ ਦੇਰ ਤੋਂ ਲਿਖ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬੀ ਦੇ ਕਵਿਤਾ ਜਗਤ ਵਿਚ ਉਸਦੀਆਂ ਗਜ਼ਲਾਂ ਦਾ ਖਾਸ ਨੋਟਿਸ ਲਿਆ ਜਾਣਾ ਸ਼ੁਰੂ ਹੋਇਆ ਹੈ। ਨਮੂਨੇ ਵਜੋਂ ਪੇਸ਼ ਹੈ ਉਸ ਦੀ ਇਕ ਗਜ਼ਲ:

ਮਹਿਕਾਂ ਤੋਂ ਮਹਿਰੂਮ ਦਿਲਾਂ ਨੂੰ,
ਅਹਿਸਾਸਾਂ ਦਾ ਸੰਦਲ ਦੇ ਦੇ।
ਸੱਖਣਾਪਣ ਰੂਹਾਂ ਦਾ ਭਰ ਦੇ,
ਤਨਹਾਈਆਂ ਨੂੰ ਮਹਿਫ਼ਿਲ ਦੇ ਦੇ।

ਗਹਿਰੀ ਖ਼ਾਮੋਸ਼ੀ ਦਾ ਆਲਮ,
ਨਾ ਹਰਕਤ ਨਾ ਜੁੰਬਿਸ਼ ਕੋਈ,
ਬਿਰਖਾਂ ਨੂੰ ਪੌਣਾਂ ਦਾ ਚੁੰਮਣ,
ਤੇ ਨਦੀਆਂ ਨੂੰ ਕਲਕਲ ਦੇ ਦੇ।

ਅਰਮਾਨਾਂ ਅੰਗੜਾਈਆਂ ਭਰੀਆਂ,
ਥਿਰਕਣਗੇ ਪੱਬ ਸੂਲਾਂ ‘ਤੇ ਵੀ,
ਬਸ ਥੋੜੀ ਜਿਹੀ ਧਰਤੀ ਦੇ ਕੇ,
ਤੇ ਪੈਰਾਂ ਨੂੰ ਪਾਇਲ ਦੇ ਦੇ।

ਸਹਿਕ ਰਹੀ ਉੱਡਣ ਦੀ ਚਾਹਤ,
ਹਰਫ਼ਾਂ ਦੇ ਧੁਖਦੇ ਖੰਭਾਂ ਨੂੰ,
ਅਪਣੇ ਮੋਹ ਦੀ ਬਾਰਸ਼ ਦੇ ਦੇ,
ਅਪਣੇ ਨੈਣਾਂ ਦਾ ਜਲ ਦੇ ਦੇ।

ਰੋਜ਼ ਦੀਆਂ ਤੇਹਾਂ ਮਿਟ ਜਾਵਣ,
ਦੋਹਾਂ ਦੀ ਭਟਕਣ ਮੁੱਕ ਜਾਵੇ,
ਸੁੰਦਰਾਂ ਨੂੰ ਇਕ ਪੂਰਨ ਦੇ ਦੇ,
ਤੇ ਪੂਰਨ ਨੂੰ ਜੰਗਲ ਦੇ ਦੇ।

ਚਾਹੇ ਮੇਰੀ ਨੀਂਦ ਚੁਰਾ ਲੈ,
ਚਾਹੇ ਮੇਰੀ ਹੋਂਦ ਭੁਲਾ ਦੇ,
ਪਰ ਜੋ ਮੈਨੂੰ ਵਿਸਰ ਗਿਆ ਹੈ,
ਉਹ ਸੁਪਨਾ ਪਲ ਦੋ ਪਲ ਦੇ ਦੇ।

ਮੋਰਿੰਡੇ ਤੋਂ ਕਲਸੀ ਦੀ ਨਜ਼ਮ

ਗੁਰਿੰਦਰ ਕਲਸੀ ਮੇਰਾ ਉਨ੍ਹਾਂ ਦਿਨਾਂ ਦਾ ਦੋਸਤ ਹੈ, ਜਦ ਮੈਂ ਰੋਪੜ ਰਹਿੰਦਾ ਸਾਂ। ਮੈਂ ਤੇ ਜਸਬੀਰ ਮੰਡ ਉਦੋਂ ਕਦੇ ਕਦੇ ਮੋਰਿੰਡੇ ਵਿਚ ਉਨ੍ਹਾਂ ਦੀ ਸਾਹਿਤ ਸਭਾ ਦੇ ਸਮਾਗਮਾਂ ਤੇ ਜਾਂਦੇ। ਉਥੇ ਹੀ ਮੇਰੀ ਪਹਿਲੀ ਵਾਰ ਗੁਰਿੰਦਰ ਕਲਸੀ ਨਾਲ ਮੁਲਾਕਾਤ ਹੋਈ ਸੀ। ਇਹ ਅਸੀਵਿਆਂ  ਦੀਆਂ ਗੱਲਾਂ ਹਨ। ਬਾਅਦ ਵਿਚ ਜ਼ਿੰਦਗੀ ਹੋਰ ਰਾਹਾਂ ਤੇ ਪੈ ਗਈ ਤੇ ਉਸ ਨਾਲ ਬਹੁਤ ਘੱਟ ਮੁਲਾਕਾਤ ਹੋਈ। ਉਸਦੀਆਂ ਕੁਝ ਨਜ਼ਮਾਂ ਬੀਤੇ ਦਿਨੀਂ ਪਰਮਜੀਤ ਸੋਹਲ ਨੇ ਮੈਨੂੰ ਭੇਜੀਆਂ। ਨਜ਼ਮਾਂ ਪੜ੍ਹਦਿਆਂ ਮੈਨੂੰ ਰੋਪੜ ਦੇ ਆਪਣੇ ਉਹ ਦਿਨ ਯਾਦ ਆ ਗਏ। ਮੰਡ ਜਪਾਨ ਚਲਾ ਗਿਆ ਤੇ ਮੈਂ ਆਪਣੇ ਰਾਹਾਂ ਤੇ। ਕਈ ਵਾਰ ਅਸੀਂ ਦੋਵਾਂ ਨੇ ਇਹ ਪ੍ਰੋਗਰਾਮ ਬਣਾਇਆ ਕਿ ਫੇਰ ਕਦੇ ਉਵੇਂ ਹੀ ਰੋਪੜ ਜਾਂ ਮੋਰਿੰਡੇ ਦੀ ਸਾਹਿਤ ਸਭਾ ਵਿਚ ਜਾਇਆ ਜਾਵੇ। ਜਿਥੇ ਪ੍ਰੀਤਇੰਦਰ, ਮੋਹਨਦੀਪ, ਸ਼ਮਸ਼ੇਰ ਮਲਕਪੁਰੀ, ਰਤਨ ਰੰਗੀਲਪੁਰੀ, ਸੁਰਜੀਤ ਜੀਤ ਤੇ
ਗੁਰਿੰਦਰ ਕਲਸੀ ਅਜੇ ਵੀ ਕਵਿਤਾ ਦੀਆਂ ਮਹਿਫਲਾਂ ਲਾਉਂਦੇ ਹਨ। ਵੱਡੇ ਲੇਖਕ ਆਮ ਕਰਕੇ ਅਜਿਹੀਆਂ ਸਾਹਿਤ ਸਭਾਵਾਂ ਵਿਚ ਨਹੀਂ ਜਾਂਦੇ। ਪਰ ਇਹ ਸਚਾਈ ਹੈ ਕਿ ਪੰਜਾਬੀ ਦੇ ਸਾਰੇ ਵੱਡੇ ਲੇਖਕਾਂ ਨੇ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਇਨ੍ਹਾਂ ਸਭਾਵਾਂ ਤੋਂ ਹੀ ਕੀਤੀ ਹੁੰਦੀ ਹੈ।
ਗੁਰਿੰਦਰ ਕਲਸੀ ਦੀਆਂ ਬਾਕੀ ਨਜ਼ਮਾਂ ਉਸਦੇ ਵੱਖਰੇ ਪੇਜ ਤੇ ਪਾਵਾਂਗੇ। ਮਾਸੂਮ ਜਿਹੇ ਅਹਿਸਾਸਾਂ ਵਾਲੀ ਉਸ ਦੀ ਇਕ ਨਜ਼ਮ ਇਥੇ ਸਾਂਝੀ ਕਰ ਰਿਹਾ ਹਾਂ – ਸ਼ਮੀਲ

ਵਿਆਹ ਤੋਂ ਪਹਿਲਾਂ ਕੁੜੀ

ਜਿਵੇਂ ਸਮੇਟਦੀ ਕੋਈ ਜਾਦੂਗਰਨੀ
ਅਪਣਾ ਤਾਣਾ ਬਾਣਾ
ਹੌਲੀ ਹੌਲੀ ਸਮੇਟ ਰਹੀ ਉਹ ਵੀ
ਪਿਆਰ ਪੁਰਾਣਾ

ਉਹ ਘੱਟ ਕਰ ਰਹੀ
ਹੋਏ ਬੀਤੇ ਰਿਸ਼ਤਿਆਂ ਦਾ ਮੋਹ
ਚਿਰਾਂ ਤੋਂ ਸਾਂਭੇ ਪੱਤਰ
ਫਾੜ ਰਹੀ ਉਹ
ਹੁਣ ਕਦੇ ਨਾ ਕਰਦੀ ਉਹ
ਕੋਈ ਲੰਬੀ ਫ਼ੋਨ ਕਾਲ
ਹੁਣ ਤਾਂ ਬੜੀ ਰੀਝ ਨਾਲ
ਉਹ ਪੇਂਟ ਕਰਦੀ ਸੀਨਰੀਆਂ
ਕੱਢਦੀ ਚਾਦਰਾਂ

ਸੰਵਾਰਦੀ ਖ਼ੁਦ ਨੂੰ
ਪਲਕਾਂ ‘ਚ ਤੈਰਦੈ
ਹੁਣ ਨਵਾਂ ਜੁਗਨੂੰ

ਬੜ ਘਟ ਗਿਆ ਬਜ਼ਾਰ ਦਾ ਗੜ
ਐਵੇਂ ਮਿਲ ਜਾਏਗਾ ਕੋਈ
ਉੱਧਰ ਦਾ
ਜਾਂ
ਇੱਧਰ ਦਾ

ਉਹ ਸਮੇਟ ਰਹੀ ਸਾਰਾ ਕੁਝ
ਕਿਸੇ ਜਾਦੂਗਰਨੀ ਵਾਂਗ਼

ਓ ਮੀਆਂ ਰਿਲੀਜ਼ ਫੋਟੋ

ਮੇਰੀ ਕਿਤਾਬ ‘ਓ ਮੀਆਂ’ ਬੀਤੇ ਸਾਲ ਸਤੰਬਰ ਦੇ ਮਹੀਨੇ ਛਪੀ ਸੀ ਅਤੇ ਇਸ ਦਾ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਇਕ ਸਮਾਗਮ ਵੀ ਹੋਇਆ ਸੀ, ਸਹੀ ਤਰੀਕ ਯਾਦ ਨਹੀਂ। ਇਸ ਫੰਕਸ਼ਨ ਤੋਂ ਤੁਰੰਤ ਬਾਅਦ ਮੈਂ ਜੀਵਨ ਦੇ ਝਮੇਲਿਆਂ ਵਿਚ ਅਜਿਹਾ ਉਲਝਿਆ ਕਿ ਇਸ ਦੀ ਕੋਈ ਫੋਟੋ ਵਗੈਰਾ ਵੀ ਮੇਰੇ ਕੋਲ ਨਹੀਂ ਸੀ। ਮੇਰੇ ਦੋਸਤ ਖੁਸ਼ਹਾਲ ਲਾਲੀ ਨੇ ਕੁਝ ਦਿਨ ਪਹਿਲਾਂ ਇਸ ਦੀ ਇਕ ਫੋਟੋ ਭੇਜੀ। ਇਸ ਫੋਟੋ ਨੂੰ ਇਥੇ ਸਾਂਝੀ ਕਰਦਿਆਂ ਮੈਂ ਖੁਸ਼ਹਾਲ ਦਾ ਧੰਨਵਾਦ ਕਰਨਾ ਚਾਹਾਂਗਾ। ਜੇ ਕੁਝ ਸਮਾਂ ਹੋਰ ਇਸੇ ਤਰਾਂ ਲੰਘ ਜਾਂਦਾ ਤਾਂ ਇਹ ਫੋਟੋ ਪੱਕੇ ਤੌਰ ਤੇ ਗੁਆਚ ਜਾਣੀ ਸੀ। ਮੈਂ ਇਸੇ ਤਰਾਂ ਦੀ ਅਣਗਹਿਲੀ ਕਾਰਨ ਆਪਣੀਆਂ ਬਹੁਤ ਸਾਰੀਆਂ ਕੀਮਤੀ ਫੋਟੋਆਂ ਗੁਆ ਚੁੱਕਾ ਹਾਂ। ਮੈਨੂੰ ਆਮ ਕਰਕੇ ਜ਼ਿਆਦਾ ਫੋਟੋਆਂ ਖਿਚਵਾਉਣ ਤੇ ਖਿਚਣ ਦੀ ਆਦਤ ਨਹੀਂ ਹੈ। ਅਸਲ ਵਿਚ ਮੈਂਨੂੰ ਫੋਟੋਆਂ ਖਿਚਦਿਆਂ ਜਾਂ ਖਿਚਵਾਉਂਦਿਆਂ ਸੰਗ ਜਿਹੀ ਹੀ ਆਉਂਦੀ ਰਹੀ ਹੈ। ਪਰ ਹੁਣ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਫੋਟੋਆਂ ਦੀ ਅਹਿਮੀਅਤ ਦਾ ਅਹਿਸਾਸ ਸਮਾਂ æਲੰਘਣ ਤੋਂ ਬਾਅਦ ਹੀ ਹੁੰਦਾ ਹੈ। ਇਸ ਕਰਕੇ ਫੋਟੋਆਂ ਖਿਚਵਾਉਂਦਿਆਂ ਤੇ ਸੰਭਾਲਦਿਆਂ ਸੰਗਣਾ ਨਹੀਂ ਚਾਹੀਦਾ। ਕੀ ਖਿਆਲ ਹੈ ਬਲਰਾਮ ਜੀ!                –ਸ਼ਮੀਲ

ਫੋਟੋ ਵਿਚ ਖੱਬੇ ਤੋਂ ਸੱਜੇ ਸਿੱਧੂ ਦਮਦਮੀ, ਡਾ ਸੁਤਿੰਦਰ ਸਿੰਘ ਨੂਰ, ਸ਼ਮੀਲ, ਸੁਰਜੀਤ ਪਾਤਰ, ਅਮਰਜੀਤ ਸਿੰਘ ਗਰੇਵਾਲ ਅਤੇ ਮੋਹਨ ਭੰਡਾਰੀ।

ਕਹੋ ਮੋਮਨੋ

ਸੂਫੀ ਕਵੀਆਂ ਚੋਂ ਮੌਲਾਨਾ ਰੂਮੀ ਅਤੇ ਉਮਰ ਖਯਾਮ ਦੋ ਅਜਿਹੇ ਨਾਂ ਹਨ, ਜਿਹੜੇ ਸਾਰੀ ਦੁਨੀਆ ਵਿਚ ਪੜ੍ਹੇ ਜਾ ਰਹੇ ਹਨ. ਪੱਛਮੀ ਮੁਲਕਾਂ ਵਿਚ ਵੀ ਕਵਿਤਾ ਦੀਆਂ ਜੋ ਕਿਤਾਬਾਂ ਵਿਕਦੀਆਂ ਹਨ, ਉਨ੍ਹਾਂ ਵਿਚ ਰੂਮੀ ਅਤੇ ਉਮਰ ਖਯਾਮ ਦੀਆਂ ਕਿਤਾਬਾਂ ਸਭ ਤੋਂ ਪ੍ਰਮੁੱਖ ਕਿਤਾਬਾਂ ਵਿਚ ਗਿਣੀਆਂ ਜਾ ਸਕਦੀਆਂ ਹਨ. ਬਲਰਾਮ ਨੇ ਉਮਰ ਖਯਾਮ ਦੀ ਇਕ ਕਵਿਤਾ ਦਾ ਪੰਜਾਬੀ ਅਨੁਵਾਦ ਕੀਤਾ ਹੈ. ਬਿਨਾਂ ਕਿਸੇ ਹੋਰ ਟਿੱਪਣੀ ਦੇ ਇਹ ਕਵਿਤਾ ਇਥੇ ਦੇ ਰਹੇ ਹਾਂ:

ਕਹੋ ਮੋਮਨੋ

ਕੀ ਹੁਣ ਕਰਾਂ ਕਹੋ ਮੋਮਨੋ,
ਮੈਂ ਨਾ ਆਪਣਾ ਆਪ ਪਛਾਣਾ
ਨਾ ਯਹੂਦੀ ਨਹੀਂ ਈਸਾਈ,
ਨਾ ਕਾਫਰ ਨਾ ਮੋਮਨ ਜਾਣਾ
ਨਾ ਪੂਰਬ ਚੋਂ ਨਾ ਪਛਮ ਚੋਂ,
ਨਾ ਧਰਤੀ ਨਾ ਸਾਗਰ ਵਿੱਚੋਂ
ਨਾ ਮੈਂ ਇਸ ਮਾਦੇ ਵਿੱਚ ਖੁਣਿਆ,
ਨਾ ਘੁੰਮਦੇ ਅੰਬਰ ਦਾ ਜਣਿਆ।
ਨਾ ਮਿਟੀ ਹਾਂ ਨਾ ਮੈਂ ਪਾਣੀ,
ਨਾ ਅਗਨੀ ਨਾ ਪੌਣ
ਕਹੋ ਮੋਮਨੋ ਕੌਣ।

ਨਾ ਮੈਂ ਨੂਰੀ ਨਾ ਮੈਂ ਖਾਕੀ,
ਹਸਤੀ ਨਾ ਅਣਹੋਂਦ
ਕਹੋ ਮੋਮਨੋ ਕੌਣ।

ਨਾ ਸ਼ਾਹੀ ਈਰਾਕੋਂ ਆਇਆ,
ਨਾ ਖੁਰਾਸਾਨ ਦੇ ਪਿੰਡੋਂ ਧਾਇਆ,
ਨਾ ਹਿੰਦੀ ਨਾ ਮੈਂ ਚੀਨੀ,
ਬਲਗਾਰੀ ਹਾਂ ਨਾ ਸਕਸੀਨੀ,
ਨਾ ਇਸ ਪਾਰੋਂ ਉਸ ਲੋਕੋਂ,
ਨਹੀਂ ਦੋਜ਼ਖੋਂ ਨਾ ਹੀ ਬਹਿਸ਼ਤੋਂ
ਨਾ ਮੈਂ ਆਦਮ ਨਾ ਹੱਬਾ ਮੈਂ,
ਈਡਨ ਨਾ ਰਿਜਵਾਂ
ਲਾਮਕਾਮੀ ਮਕਾਂ ਹੈ ਮੇਰਾ,
ਨਕਸ਼ ਮਿਰਾ ਬੇਨਿਸ਼ਾਂ
ਕੀ ਹੁਣ ਕਰਾਂ ਕਹੋ ਮੋਮਨੋ
ਮੈਂ ਨਾ ਆਪਣਾ ਆਪ ਪਛਾਣਾ
ਨਾ ਇਹ ਦੇਹੀ ਨਾ ਇਹ ਰੂਹੀ,
ਮੈਂ ਥੀ ਰੂਹ ਧੜਕੇ ਦਿਲਬਰ ਦੀ
ਧਰ ਕੇ ਦੂਰ ਦਿਲੋਂ ਥੀ ਦੂਈ,
ਦੋਹੇ ਜਹਾਨ ਮੈਂ ਇੱਕੋ ਦੇਖਾਂ
ਇੱਕੋ ਚਾਹਾਂ, ਇੱਕੋ ਜਾਣਾ,
ਇੱਕੋ ਕੂਕਾਂ, ਇੱਕੋ ਵੇਖਾਂ
ਉਹੋ ਅੱਵਲ ਉਹੀ ਆਖਰ,
ਉਹੀ ਅੰਦਰ ਉਹੀ ਬਾਹਰ,
ਯਾ ਹੂ ਯਾ ਆਦਮ ਹੂ ਜਾਣਾ,
ਇਸ ਬਾਝੋਂ ਨਾ ਹੋਰ ਬਖਾਣਾ
ਭਰ ਮੈਂ ਪ੍ਰੇਮ ਪਿਆਲੇ ਚਾੜ੍ਹੇ,
ਦੀਨ ਦੁਨੀ ਸਭ ਗਏ ਖੁਮਾਰੇ
ਮਸਤੀ ਲਹੇ ਚੜ ਲਹੇ ਹੁਲਾਰੇ,
ਨਾ ਮੈਂ ਚਾੜ੍ਹੇ ਨਾਹੀ ਉਤਾਰੇ
ਵਿੱਚ ਹਯਾਤੀ ਆਪਣੀ ਸਾਰੀ
ਜੇ ਇੱਕ ਛਿਣ ਤੁਧ ਬਾਝ ਗੁਆਰੀ
ਉਹ ਘੜੀ ਲਮਹਾ ਮੇਰੀ ਛਾਤੀ,
ਸੁਲਗ ਰਹੀ ਦਿਨ ਰਾਤ ਚੁਆਤੀ
ਇਕ ਛਿਣ ਜੇ ਤੇਰਾ ਵਸਲ ਹੰਢਾਵਾਂ,
ਸੱਤੇ ਅੰਬਰ ਖਾਕ ਉਡਾਵਾਂ
ਗਾਜੀ ਨਚ-ਨਚ ਗਾਹੇ ਧਰਤੀ,
ਹੜਿਆ ਰਕਸ ਕਦੀਮੀ ਮਸਤੀ
ਹਾਂ ਐਸਾ ਰਿੰਦ ਮੈਂ ਏਸ ਜਹਾਨੇ,
ਸ਼ਮਸ ਤਬਰੇਜੀ ਅਣ-ਕਹੀਆਂ ਜਾਣੇ
ਛੁਟ ਮਸਤੀ ਤੇ ਬਾਝ ਖੁਮਾਰਾਂ,
ਅਫਸਾਨਾ ਨਾ ਹੋਰ ਸੁਣਾਵਾਂ
ਕੀ ਹੁਣ ਕਰਾਂ ਕਹੋ ਮੋਮਨੋ
ਮੈਂ ਨਾ ਆਪਣਾ ਆਪ ਪਛਾਣਾ।

ਉੱਥੇ ਨਹੀਂ ਜਿੱਥੇ ਘੁੰਮਦੇ ਮੰਡਲ
ਪੈ ਜਾਂਦੇ ਨੇ ਧੁੰਦਲੇ
ਸੁੰਨ ਪਏ ਨੇ ਜਿੱਥੇ ਸਾਡੇ
ਗਰਭੇ ਖਿਆਲਾਂ ਦੇ ਹੰਭਲੇ
ਸੁਣ ਪਾਵਣ ਜੇ ਕਾਸ਼ ਕਿਤੇ ਉਹ
ਆਪਣੇ ਖੰਭਾਂ ਦੀ ਹਰਕਤ
ਜਾਮ ਹੋਏ ਆਪਣੇ ਦਰ ਹੁੰਦੀ
ਹੌਲੀ-ਹੌਲੀ ਦਸਤਕ,
ਹੈਣ ਫਰਿਸ਼ਤੇ ਕਾਇਮ ਕਦੀਮੀ
ਆਪਣੇ ਹੀ ਆਸਣ ‘ਤੇ
ਖੰਭ ਪਏ ਪਥਰਾਏ ਨੇ ਜੋ
ਉਤਰੇ ਪਰ ਤੋਲਣ ‘ਤੇ
ਇਹ ਤੂੰ ਹੈਂ ਤੇਰੇ ਹੀ ਨੇ
ਇਹ ਰੁੱਸੇ ਹੋਏ ਚਿਹਰੇ,
ਸੈਅ ਰੁਸ਼ਨਾਈਆਂ ਸ਼ੈਆਂ ‘ਚ ਜੋ
ਖੁੰਝਦੇ ਸਾਂਝ ਸਵੇਰੇ।