ਸੂਫੀ ਕਵੀਆਂ ਚੋਂ ਮੌਲਾਨਾ ਰੂਮੀ ਅਤੇ ਉਮਰ ਖਯਾਮ ਦੋ ਅਜਿਹੇ ਨਾਂ ਹਨ, ਜਿਹੜੇ ਸਾਰੀ ਦੁਨੀਆ ਵਿਚ ਪੜ੍ਹੇ ਜਾ ਰਹੇ ਹਨ. ਪੱਛਮੀ ਮੁਲਕਾਂ ਵਿਚ ਵੀ ਕਵਿਤਾ ਦੀਆਂ ਜੋ ਕਿਤਾਬਾਂ ਵਿਕਦੀਆਂ ਹਨ, ਉਨ੍ਹਾਂ ਵਿਚ ਰੂਮੀ ਅਤੇ ਉਮਰ ਖਯਾਮ ਦੀਆਂ ਕਿਤਾਬਾਂ ਸਭ ਤੋਂ ਪ੍ਰਮੁੱਖ ਕਿਤਾਬਾਂ ਵਿਚ ਗਿਣੀਆਂ ਜਾ ਸਕਦੀਆਂ ਹਨ. ਬਲਰਾਮ ਨੇ ਉਮਰ ਖਯਾਮ ਦੀ ਇਕ ਕਵਿਤਾ ਦਾ ਪੰਜਾਬੀ ਅਨੁਵਾਦ ਕੀਤਾ ਹੈ. ਬਿਨਾਂ ਕਿਸੇ ਹੋਰ ਟਿੱਪਣੀ ਦੇ ਇਹ ਕਵਿਤਾ ਇਥੇ ਦੇ ਰਹੇ ਹਾਂ:
ਕਹੋ ਮੋਮਨੋ
ਕੀ ਹੁਣ ਕਰਾਂ ਕਹੋ ਮੋਮਨੋ,
ਮੈਂ ਨਾ ਆਪਣਾ ਆਪ ਪਛਾਣਾ
ਨਾ ਯਹੂਦੀ ਨਹੀਂ ਈਸਾਈ,
ਨਾ ਕਾਫਰ ਨਾ ਮੋਮਨ ਜਾਣਾ
ਨਾ ਪੂਰਬ ਚੋਂ ਨਾ ਪਛਮ ਚੋਂ,
ਨਾ ਧਰਤੀ ਨਾ ਸਾਗਰ ਵਿੱਚੋਂ
ਨਾ ਮੈਂ ਇਸ ਮਾਦੇ ਵਿੱਚ ਖੁਣਿਆ,
ਨਾ ਘੁੰਮਦੇ ਅੰਬਰ ਦਾ ਜਣਿਆ।
ਨਾ ਮਿਟੀ ਹਾਂ ਨਾ ਮੈਂ ਪਾਣੀ,
ਨਾ ਅਗਨੀ ਨਾ ਪੌਣ
ਕਹੋ ਮੋਮਨੋ ਕੌਣ।
ਨਾ ਮੈਂ ਨੂਰੀ ਨਾ ਮੈਂ ਖਾਕੀ,
ਹਸਤੀ ਨਾ ਅਣਹੋਂਦ
ਕਹੋ ਮੋਮਨੋ ਕੌਣ।
ਨਾ ਸ਼ਾਹੀ ਈਰਾਕੋਂ ਆਇਆ,
ਨਾ ਖੁਰਾਸਾਨ ਦੇ ਪਿੰਡੋਂ ਧਾਇਆ,
ਨਾ ਹਿੰਦੀ ਨਾ ਮੈਂ ਚੀਨੀ,
ਬਲਗਾਰੀ ਹਾਂ ਨਾ ਸਕਸੀਨੀ,
ਨਾ ਇਸ ਪਾਰੋਂ ਉਸ ਲੋਕੋਂ,
ਨਹੀਂ ਦੋਜ਼ਖੋਂ ਨਾ ਹੀ ਬਹਿਸ਼ਤੋਂ
ਨਾ ਮੈਂ ਆਦਮ ਨਾ ਹੱਬਾ ਮੈਂ,
ਈਡਨ ਨਾ ਰਿਜਵਾਂ
ਲਾਮਕਾਮੀ ਮਕਾਂ ਹੈ ਮੇਰਾ,
ਨਕਸ਼ ਮਿਰਾ ਬੇਨਿਸ਼ਾਂ
ਕੀ ਹੁਣ ਕਰਾਂ ਕਹੋ ਮੋਮਨੋ
ਮੈਂ ਨਾ ਆਪਣਾ ਆਪ ਪਛਾਣਾ
ਨਾ ਇਹ ਦੇਹੀ ਨਾ ਇਹ ਰੂਹੀ,
ਮੈਂ ਥੀ ਰੂਹ ਧੜਕੇ ਦਿਲਬਰ ਦੀ
ਧਰ ਕੇ ਦੂਰ ਦਿਲੋਂ ਥੀ ਦੂਈ,
ਦੋਹੇ ਜਹਾਨ ਮੈਂ ਇੱਕੋ ਦੇਖਾਂ
ਇੱਕੋ ਚਾਹਾਂ, ਇੱਕੋ ਜਾਣਾ,
ਇੱਕੋ ਕੂਕਾਂ, ਇੱਕੋ ਵੇਖਾਂ
ਉਹੋ ਅੱਵਲ ਉਹੀ ਆਖਰ,
ਉਹੀ ਅੰਦਰ ਉਹੀ ਬਾਹਰ,
ਯਾ ਹੂ ਯਾ ਆਦਮ ਹੂ ਜਾਣਾ,
ਇਸ ਬਾਝੋਂ ਨਾ ਹੋਰ ਬਖਾਣਾ
ਭਰ ਮੈਂ ਪ੍ਰੇਮ ਪਿਆਲੇ ਚਾੜ੍ਹੇ,
ਦੀਨ ਦੁਨੀ ਸਭ ਗਏ ਖੁਮਾਰੇ
ਮਸਤੀ ਲਹੇ ਚੜ ਲਹੇ ਹੁਲਾਰੇ,
ਨਾ ਮੈਂ ਚਾੜ੍ਹੇ ਨਾਹੀ ਉਤਾਰੇ
ਵਿੱਚ ਹਯਾਤੀ ਆਪਣੀ ਸਾਰੀ
ਜੇ ਇੱਕ ਛਿਣ ਤੁਧ ਬਾਝ ਗੁਆਰੀ
ਉਹ ਘੜੀ ਲਮਹਾ ਮੇਰੀ ਛਾਤੀ,
ਸੁਲਗ ਰਹੀ ਦਿਨ ਰਾਤ ਚੁਆਤੀ
ਇਕ ਛਿਣ ਜੇ ਤੇਰਾ ਵਸਲ ਹੰਢਾਵਾਂ,
ਸੱਤੇ ਅੰਬਰ ਖਾਕ ਉਡਾਵਾਂ
ਗਾਜੀ ਨਚ-ਨਚ ਗਾਹੇ ਧਰਤੀ,
ਹੜਿਆ ਰਕਸ ਕਦੀਮੀ ਮਸਤੀ
ਹਾਂ ਐਸਾ ਰਿੰਦ ਮੈਂ ਏਸ ਜਹਾਨੇ,
ਸ਼ਮਸ ਤਬਰੇਜੀ ਅਣ-ਕਹੀਆਂ ਜਾਣੇ
ਛੁਟ ਮਸਤੀ ਤੇ ਬਾਝ ਖੁਮਾਰਾਂ,
ਅਫਸਾਨਾ ਨਾ ਹੋਰ ਸੁਣਾਵਾਂ
ਕੀ ਹੁਣ ਕਰਾਂ ਕਹੋ ਮੋਮਨੋ
ਮੈਂ ਨਾ ਆਪਣਾ ਆਪ ਪਛਾਣਾ।
ਉੱਥੇ ਨਹੀਂ ਜਿੱਥੇ ਘੁੰਮਦੇ ਮੰਡਲ
ਪੈ ਜਾਂਦੇ ਨੇ ਧੁੰਦਲੇ
ਸੁੰਨ ਪਏ ਨੇ ਜਿੱਥੇ ਸਾਡੇ
ਗਰਭੇ ਖਿਆਲਾਂ ਦੇ ਹੰਭਲੇ
ਸੁਣ ਪਾਵਣ ਜੇ ਕਾਸ਼ ਕਿਤੇ ਉਹ
ਆਪਣੇ ਖੰਭਾਂ ਦੀ ਹਰਕਤ
ਜਾਮ ਹੋਏ ਆਪਣੇ ਦਰ ਹੁੰਦੀ
ਹੌਲੀ-ਹੌਲੀ ਦਸਤਕ,
ਹੈਣ ਫਰਿਸ਼ਤੇ ਕਾਇਮ ਕਦੀਮੀ
ਆਪਣੇ ਹੀ ਆਸਣ ‘ਤੇ
ਖੰਭ ਪਏ ਪਥਰਾਏ ਨੇ ਜੋ
ਉਤਰੇ ਪਰ ਤੋਲਣ ‘ਤੇ
ਇਹ ਤੂੰ ਹੈਂ ਤੇਰੇ ਹੀ ਨੇ
ਇਹ ਰੁੱਸੇ ਹੋਏ ਚਿਹਰੇ,
ਸੈਅ ਰੁਸ਼ਨਾਈਆਂ ਸ਼ੈਆਂ ‘ਚ ਜੋ
ਖੁੰਝਦੇ ਸਾਂਝ ਸਵੇਰੇ।
ਬਲਰਾਮ ਜੀ ਮੂਲ ਤੌਰ ਤੇ ਕਵੀ ਹੀ ਹਨ.ਅਨੁਵਾਦ ਨੂੰ ਕਈ ਵਾਰ ਮੂਲ ਤੋਂ ਵੀ ਵਧ ਰਸੀਲਾ ਬਣਾ ਦਿੰਦੇ ਹਨ.ਮਹਾਂ ਕਵੀਆਂ ਦਾ ਅਨੁਵਾਦ ਬਹੁਤ ਮੁਸਕਲ ਜਿਹਾ ਕੰਮ ਹੁੰਦਾ ਹੈ.ਪਰ ਬਲਰਾਮ ਵਿੱਚ ਇਹ ਕਾਬਲੀਅਤ ਝਲਕਦੀ ਹੈ ਕਿ ਉਹ ਪੰਜਾਬੀ ਪਾਠਕਾਂ ਦੀ ਸਾਡੇ ਰੂਹਾਨੀ ਕਲਚਰ ਦੇ ਬਾਨੀਆਂ
ਦੀਆਂ ਰੂਹਾਂ ਨਾਲ ਸਾਂਝ ਪੁਆ ਸਕੇ.