ਗੁਰਿੰਦਰ ਕਲਸੀ ਮੇਰਾ ਉਨ੍ਹਾਂ ਦਿਨਾਂ ਦਾ ਦੋਸਤ ਹੈ, ਜਦ ਮੈਂ ਰੋਪੜ ਰਹਿੰਦਾ ਸਾਂ। ਮੈਂ ਤੇ ਜਸਬੀਰ ਮੰਡ ਉਦੋਂ ਕਦੇ ਕਦੇ ਮੋਰਿੰਡੇ ਵਿਚ ਉਨ੍ਹਾਂ ਦੀ ਸਾਹਿਤ ਸਭਾ ਦੇ ਸਮਾਗਮਾਂ ਤੇ ਜਾਂਦੇ। ਉਥੇ ਹੀ ਮੇਰੀ ਪਹਿਲੀ ਵਾਰ ਗੁਰਿੰਦਰ ਕਲਸੀ ਨਾਲ ਮੁਲਾਕਾਤ ਹੋਈ ਸੀ। ਇਹ ਅਸੀਵਿਆਂ ਦੀਆਂ ਗੱਲਾਂ ਹਨ। ਬਾਅਦ ਵਿਚ ਜ਼ਿੰਦਗੀ ਹੋਰ ਰਾਹਾਂ ਤੇ ਪੈ ਗਈ ਤੇ ਉਸ ਨਾਲ ਬਹੁਤ ਘੱਟ ਮੁਲਾਕਾਤ ਹੋਈ। ਉਸਦੀਆਂ ਕੁਝ ਨਜ਼ਮਾਂ ਬੀਤੇ ਦਿਨੀਂ ਪਰਮਜੀਤ ਸੋਹਲ ਨੇ ਮੈਨੂੰ ਭੇਜੀਆਂ। ਨਜ਼ਮਾਂ ਪੜ੍ਹਦਿਆਂ ਮੈਨੂੰ ਰੋਪੜ ਦੇ ਆਪਣੇ ਉਹ ਦਿਨ ਯਾਦ ਆ ਗਏ। ਮੰਡ ਜਪਾਨ ਚਲਾ ਗਿਆ ਤੇ ਮੈਂ ਆਪਣੇ ਰਾਹਾਂ ਤੇ। ਕਈ ਵਾਰ ਅਸੀਂ ਦੋਵਾਂ ਨੇ ਇਹ ਪ੍ਰੋਗਰਾਮ ਬਣਾਇਆ ਕਿ ਫੇਰ ਕਦੇ ਉਵੇਂ ਹੀ ਰੋਪੜ ਜਾਂ ਮੋਰਿੰਡੇ ਦੀ ਸਾਹਿਤ ਸਭਾ ਵਿਚ ਜਾਇਆ ਜਾਵੇ। ਜਿਥੇ ਪ੍ਰੀਤਇੰਦਰ, ਮੋਹਨਦੀਪ, ਸ਼ਮਸ਼ੇਰ ਮਲਕਪੁਰੀ, ਰਤਨ ਰੰਗੀਲਪੁਰੀ, ਸੁਰਜੀਤ ਜੀਤ ਤੇ
ਗੁਰਿੰਦਰ ਕਲਸੀ ਅਜੇ ਵੀ ਕਵਿਤਾ ਦੀਆਂ ਮਹਿਫਲਾਂ ਲਾਉਂਦੇ ਹਨ। ਵੱਡੇ ਲੇਖਕ ਆਮ ਕਰਕੇ ਅਜਿਹੀਆਂ ਸਾਹਿਤ ਸਭਾਵਾਂ ਵਿਚ ਨਹੀਂ ਜਾਂਦੇ। ਪਰ ਇਹ ਸਚਾਈ ਹੈ ਕਿ ਪੰਜਾਬੀ ਦੇ ਸਾਰੇ ਵੱਡੇ ਲੇਖਕਾਂ ਨੇ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਇਨ੍ਹਾਂ ਸਭਾਵਾਂ ਤੋਂ ਹੀ ਕੀਤੀ ਹੁੰਦੀ ਹੈ।
ਗੁਰਿੰਦਰ ਕਲਸੀ ਦੀਆਂ ਬਾਕੀ ਨਜ਼ਮਾਂ ਉਸਦੇ ਵੱਖਰੇ ਪੇਜ ਤੇ ਪਾਵਾਂਗੇ। ਮਾਸੂਮ ਜਿਹੇ ਅਹਿਸਾਸਾਂ ਵਾਲੀ ਉਸ ਦੀ ਇਕ ਨਜ਼ਮ ਇਥੇ ਸਾਂਝੀ ਕਰ ਰਿਹਾ ਹਾਂ – ਸ਼ਮੀਲ
ਵਿਆਹ ਤੋਂ ਪਹਿਲਾਂ ਕੁੜੀ
ਜਿਵੇਂ ਸਮੇਟਦੀ ਕੋਈ ਜਾਦੂਗਰਨੀ
ਅਪਣਾ ਤਾਣਾ ਬਾਣਾ
ਹੌਲੀ ਹੌਲੀ ਸਮੇਟ ਰਹੀ ਉਹ ਵੀ
ਪਿਆਰ ਪੁਰਾਣਾ
ਉਹ ਘੱਟ ਕਰ ਰਹੀ
ਹੋਏ ਬੀਤੇ ਰਿਸ਼ਤਿਆਂ ਦਾ ਮੋਹ
ਚਿਰਾਂ ਤੋਂ ਸਾਂਭੇ ਪੱਤਰ
ਫਾੜ ਰਹੀ ਉਹ
ਹੁਣ ਕਦੇ ਨਾ ਕਰਦੀ ਉਹ
ਕੋਈ ਲੰਬੀ ਫ਼ੋਨ ਕਾਲ
ਹੁਣ ਤਾਂ ਬੜੀ ਰੀਝ ਨਾਲ
ਉਹ ਪੇਂਟ ਕਰਦੀ ਸੀਨਰੀਆਂ
ਕੱਢਦੀ ਚਾਦਰਾਂ
ਸੰਵਾਰਦੀ ਖ਼ੁਦ ਨੂੰ
ਪਲਕਾਂ ‘ਚ ਤੈਰਦੈ
ਹੁਣ ਨਵਾਂ ਜੁਗਨੂੰ
ਬੜ ਘਟ ਗਿਆ ਬਜ਼ਾਰ ਦਾ ਗੜ
ਐਵੇਂ ਮਿਲ ਜਾਏਗਾ ਕੋਈ
ਉੱਧਰ ਦਾ
ਜਾਂ
ਇੱਧਰ ਦਾ
ਉਹ ਸਮੇਟ ਰਹੀ ਸਾਰਾ ਕੁਝ
ਕਿਸੇ ਜਾਦੂਗਰਨੀ ਵਾਂਗ਼
ਟਿੱਪਣੀ ਕਰੋ ਜਾਂ ਕੁਝ ਪੁੱਛੋ