ਨਵੀਂ ਪੰਜਾਬੀ ਗਜ਼ਲ ਵਿਚ ਜਸਵਿੰਦਰ ਇਕ ਜ਼ਿਕਰਯੋਗ ਨਾਂ ਹੈ। ਉਸਦਾ ਪਿਛੋਕੜ ਮਾਲਵੇ ਦਾ ਹੈ ਤੇ ਅੱਜਕਲ੍ਹ ਉਹ ਰੋਪੜ ਰਹਿ ਰਿਹਾ ਹੈ। ਉਹ ਦੇ ਸ਼ਿਅਰਾਂ ‘ਚ ਪੁਖ਼ਤਗੀ, ਰਵਾਨਗੀ, ਸੁਹਜ, ਸਹਿਜ ਤੇ ਸਵੱਛਤਾ ਹੈ। ਹਰੇਕ ਸ਼ਿਆਰ ਨਗੀਨੇ ਵਾਂਗ ਜੜਿਆ ਹੈ। ਉਸ ਨੇ ਪੇਂਡੂ ਪੰਜਾਬੀ ਕਿਰਸਾਣੀ ‘ਚੋਂ ਬਿੰਬ ਪ੍ਰਤੀਕ ਵੀ ਵਰਤੇ ਹਨ ਅਤੇ ਪੰਜਾਬੀ ਵਿਚ ਪ੍ਰਚਲਿਤ ਉਰਦੂ-ਫ਼ਾਰਸੀ ਦੀ ਸ਼ਬਦਾਵਲੀ ਨੂੰ ਵੀ ਸਹਿਜ ਰੂਪ ਵਿਚ ਇਸਤੇਮਾਲ ਕੀਤਾ ਹੈ। ਭਾਵੇਂ ਉਹ ਕਾਫੀ ਦੇਰ ਤੋਂ ਲਿਖ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬੀ ਦੇ ਕਵਿਤਾ ਜਗਤ ਵਿਚ ਉਸਦੀਆਂ ਗਜ਼ਲਾਂ ਦਾ ਖਾਸ ਨੋਟਿਸ ਲਿਆ ਜਾਣਾ ਸ਼ੁਰੂ ਹੋਇਆ ਹੈ। ਨਮੂਨੇ ਵਜੋਂ ਪੇਸ਼ ਹੈ ਉਸ ਦੀ ਇਕ ਗਜ਼ਲ:
ਮਹਿਕਾਂ ਤੋਂ ਮਹਿਰੂਮ ਦਿਲਾਂ ਨੂੰ,
ਅਹਿਸਾਸਾਂ ਦਾ ਸੰਦਲ ਦੇ ਦੇ।
ਸੱਖਣਾਪਣ ਰੂਹਾਂ ਦਾ ਭਰ ਦੇ,
ਤਨਹਾਈਆਂ ਨੂੰ ਮਹਿਫ਼ਿਲ ਦੇ ਦੇ।
ਗਹਿਰੀ ਖ਼ਾਮੋਸ਼ੀ ਦਾ ਆਲਮ,
ਨਾ ਹਰਕਤ ਨਾ ਜੁੰਬਿਸ਼ ਕੋਈ,
ਬਿਰਖਾਂ ਨੂੰ ਪੌਣਾਂ ਦਾ ਚੁੰਮਣ,
ਤੇ ਨਦੀਆਂ ਨੂੰ ਕਲਕਲ ਦੇ ਦੇ।
ਅਰਮਾਨਾਂ ਅੰਗੜਾਈਆਂ ਭਰੀਆਂ,
ਥਿਰਕਣਗੇ ਪੱਬ ਸੂਲਾਂ ‘ਤੇ ਵੀ,
ਬਸ ਥੋੜੀ ਜਿਹੀ ਧਰਤੀ ਦੇ ਕੇ,
ਤੇ ਪੈਰਾਂ ਨੂੰ ਪਾਇਲ ਦੇ ਦੇ।
ਸਹਿਕ ਰਹੀ ਉੱਡਣ ਦੀ ਚਾਹਤ,
ਹਰਫ਼ਾਂ ਦੇ ਧੁਖਦੇ ਖੰਭਾਂ ਨੂੰ,
ਅਪਣੇ ਮੋਹ ਦੀ ਬਾਰਸ਼ ਦੇ ਦੇ,
ਅਪਣੇ ਨੈਣਾਂ ਦਾ ਜਲ ਦੇ ਦੇ।
ਰੋਜ਼ ਦੀਆਂ ਤੇਹਾਂ ਮਿਟ ਜਾਵਣ,
ਦੋਹਾਂ ਦੀ ਭਟਕਣ ਮੁੱਕ ਜਾਵੇ,
ਸੁੰਦਰਾਂ ਨੂੰ ਇਕ ਪੂਰਨ ਦੇ ਦੇ,
ਤੇ ਪੂਰਨ ਨੂੰ ਜੰਗਲ ਦੇ ਦੇ।
ਚਾਹੇ ਮੇਰੀ ਨੀਂਦ ਚੁਰਾ ਲੈ,
ਚਾਹੇ ਮੇਰੀ ਹੋਂਦ ਭੁਲਾ ਦੇ,
ਪਰ ਜੋ ਮੈਨੂੰ ਵਿਸਰ ਗਿਆ ਹੈ,
ਉਹ ਸੁਪਨਾ ਪਲ ਦੋ ਪਲ ਦੇ ਦੇ।
ਬਹੁਤ ਹੀ ਵਧੀਆ ..