ਨਾਦ

contemporary punjabi poetry

ਸੈਕਸ ਤੇ ਪਿਆਰ ਬਾਰੇ ਰੂਹਾਨੀ ਨਜ਼ਰੀਆ

ਕੁਝ ਅਰਸਾ ਪਹਿਲਾਂ ਇਕ ਕਵਿਤਾ ਲਿਖੀ ਸੀ। ਰੱਬ ਜਾਣੇ ਇਹ ਕਿਵੇਂ ਤੇ ਕਿਉਂ ਲਿਖੀ ਗਈ। ਪਰ ਕਵਿਤਾ ਮੈਂ ਕਿਤਾਬ ਨਾ ਮੈਂ ਆਪਣੀ ਕਿਤਾਬ ਵਿਚ ਸ਼ਾਮਲ ਕੀਤੀ ਅਤੇ ਨਾ ਹੀ ਕਿਤੇ ਹੋਰ ਛਪਵਾਈ।  ਮੈਂਨੂੰ ਲਗ ਰਿਹਾ ਸੀ ਕਿ ਬਿਨਾਂ ਇਸ ਕਵਿਤਾ ਦਾ ਪਿਛੋਕੜ ਬਿਆਨੇ ਜੇ ਇਹ ਛਾਪੀ ਤਾਂ ਸੰਭਵ ਹੈ ਕਿ ਕੁਝ ਲੋਕ ਇਸ ਦੀ ਸਹੀ ਭਾਵਨਾ ਨਾ ਸਮਝਣ। ਕੁਝ ਦਿਨ ਪਹਿਲਾਂ ਮੈਂ ਆਪਣੇ ਪਰਚੇ ‘ਨਾਮ ਯੁੱਗ’ ਲਈ ਇਕ ਲੇਖ ਲਿਖਿਆ, ਜਿਹੜਾ ਕਿ ਇਸ ਗੱਲ ਬਾਰੇ ਹੈ ਕਿ ਰੂਹਾਨੀ ਸਾਇੰਸ ਸੈਕਸ ਤੇ ਪਿਆਰ ਦੇ ਸੁਆਲਾਂ ਨੂੰ ਕਿਵੇਂ ਦੇਖਦੀ ਹੈ। ਕੁਝ ਸੂਫੀ ਫਕੀਰਾਂ ਨਾਲ ਆਪਣੇ ਅਨੁਭਵ ਦੇ ਅਧਾਰ ਤੇ ਮੈਂ ਫਕੀਰਾਂ ਦੀਆਂ ਧਾਰਨਾਵਾਂ ਨੂੰ ਆਧੁਨਿਕ ਵਿਗਿਆਨਕ ਮੁਹਾਵਰੇ ਵਿਚ ਬਿਆਨਣ ਦੀ ਕੋਸ਼ਿਸ਼ ਕੀਤੀ। ਇਸ ਲੇਖ ਨੂੰ ਪੜ੍ਹਨ ਤੋਂ ਬਾਅਦ ਜੇ ਕੋਈ ਇਹ ਕਵਿਤਾ ਪੜ੍ਹੇ ਤਾਂ ਮੇਰਾ ਯਕੀਨ ਹੈ ਕਿ ਇਸ ਕਵਿਤਾ ਦੀ ਅਸਲ ਭਾਵਨਾ ਨਾਲ ਨਿਆਂ ਹੋਵੇਗਾ- ਸ਼ਮੀਲ

ਸੈਕਸ ਬਾਰੇ ਪੁਰਾਣੀਆਂ ਧਾਰਮਿਕ ਪਰੰਪਰਾਵਾਂ ਅੰਦਰ ਜੋ ਧਾਰਨਾਵਾਂ ਹਨ ਅਤੇ ਇਸ ਨਾਲ ਜੋ ਨੈਤਿਕ ਮੁੱਲ ਜੁੜੇ ਹਨ, ਉਨ੍ਹਾਂ ਬਾਰੇ ਅਸੀਂ ਆਮ ਕਰਕੇ ਇਹ ਸੋਚਦੇ ਹਾਂ ਕਿ ਇਹ ਪੁਰਾਤਨ ਵਹਿਮਾਂ ਭਰਮਾਂ ਵਿਚੋਂ ਨਿਕਲੇ ਦਕਿਆਨੂਸੀ ਖਿਆਲ ਹਨ। ਜਦ ਅਸੀਂ ਅੱਜ ਦੀ ਵਿਗਿਆਨਕ ਚੇਤਨਾ ਦੇ ਨੁਕਤੇ ਤੋਂ ਸੋਚਦੇ ਹਾਂ ਤਾਂ ਕਈ ਵਾਰ ਇਹ ਸਮਝਣਾ ਵੀ ਮੁਸ਼ਕਲ ਹੋ ਜਾਂਦਾ ਹੈ ਕਿ ਸੈਕਸ ਬਾਰੇ ਅਜਿਹੀਆਂ ਧਾਰਨਾਵਾਂ ਕਿਵੇਂ ਪੈਦਾ ਹੋਈਆਂ। ਇਹੀ ਵਜ੍ਹਾ ਹੈ ਕਿ ਬਹੁਤ ਸਾਰੇ ਲੋਕ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਨ੍ਹਾਂ ਦਾ ਜ਼ਿੰਦਗੀ ਪ੍ਰਤੀ ਦ੍ਰਿਸ਼ਟੀਕੋਣ ਵਿਗਿਆਨਕ ਹੈ, ਉਹ ਸੈਕਸ ਵਰਤਾਓ ਵਿਚ ਕਿਸੇ ਵੀ ਤਰਾਂ ਦੇ ਸੰਜਮ ਜਾਂ ਬੰਧੇਜ ਨੂੰ ਰੱਦ ਕਰਦੇ ਹਨ। ਉਹ ਕਹਿੰਦੇ ਹਨ ਕਿ ਸੈਕਸ ਬਾਰੇ ਅਸੀਂ ਜੋ ਵੀ ਧਾਰਮਿਕ ਨੈਤਿਕਤਾ ਬਣਾਈ ਹੈ, ਉਹ ਬੇਤੁਕੀਆਂ ਗੱਲਾਂ ਹਨ। ਉਨ੍ਹਾਂ ਦਾ ਸਭ ਤੋਂ ਵੱਡਾ ਸੁਆਲ ਹੁੰਦਾ ਹੈ ਕਿ ਸੈਕਸ ਬਾਰੇ ਜੋ ਸੰਜਮ ਤੇ ਰੋਕ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਉਹਨਾਂ ਦਾ ਕੀ ਮਾਅਨਾ ਹੈ। ਉਹ ਕਹਿੰਦੇ ਹਨ ਕਿ ਸੈਕਸ ਕੁਦਰਤ ਦੁਆਰਾ ਦਿਤੀ ਗਈ ਇਕ ਕੁਦਰਤੀ ਪ੍ਰਵਿਰਤੀ ਹੈ। ਇਸ ਨਾਲ ਜੋੜੀਆਂ ਗਈਆਂ ਪਾਪ ਪੁੰਨ ਤੇ ਗਲਤ ਠੀਕ ਦੀਆਂ ਧਾਰਨਾਵਾਂ ਧਾਰਮਿਕ ਲੋਕਾਂ ਦੁਆਰਾ ਜੋੜੀਆਂ ਗਈਆਂ ਹਨ। ਇਹਨਾਂ ਧਾਰਨਾਵਾਂ ਦਾ ਕੋਈ ਵਿਗਿਆਨਕ ਅਧਾਰ ਨਹੀਂ ਹੈ। ਅਜਿਹੀ ਧਾਰਮਿਕ ਨੈਤਿਕਤਾ ਅਤੇ ਸੋਚ ਦੇ ਖਿਲਾਫ ਓਸ਼ੋ ਨੇ ਵੀ ਬਹੁਤ ਬੇਬਾਕ ਟਿਪਣੀਆਂ ਕੀਤੀਆਂ ਹਨ ਅਤੇ ਸੈਕਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗਲਤ ਧਾਰਨਾਵਾਂ ਨੂੰ ਲੀਰੋ ਲੀਰ ਕਰ ਦਿਤਾ। ਓਸ਼ੋ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਇਸ ਤਰਾਂ ਸਮਝਿਆ ਗਿਆ ਹੈ ਕਿ ਉਨ੍ਹਾਂ ਨੇ ਖੁਲ੍ਹੇ ਸੈਕਸ ਦੀ ਵਕਾਲਤ ਕੀਤੀ ਹੈ ਅਤੇ ਇਸ ਬਾਰੇ ਕਿਸੇ ਵੀ ਕਿਸਮ ਦੇ ਸੰਜਮ ਨੂੰ ਰੱਦ ਕੀਤਾ ਹੈ। ਬਹੁਤ ਸਾਰੇ ਲਾਈਫ ਸਟਾਈਲ ਕਾਲਮਨਵੀਸਾਂ ਅਤੇ ਮਾਹਰਾਂ ਨੂੰ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ ਕਿ ਸੈਕਸ ਜਿੰਨਾ ਜ਼ਿਆਦਾ ਹੋਵੇ, ਓਨਾ ਹੀ ਅੱਛਾ ਹੈ। ਉਹ ਖੁਸ਼ ਰਹਿਣ ਦਾ ਨੁਸਖਾ ਵੱਧ ਤੋਂ ਵੱਧ ਸੈਕਸ ਦੱਸਦੇ ਹਨ।
ਇਨ੍ਹਾਂ ਸਭ ਸੁਆਲਾਂ ਬਾਰੇ ਕੁਝ ਨੁਕਤੇ ਹਨ, ਜਿਹੜੇ ਮੈਂ ਇਥੇ ਸਾਂਝੇ ਕਰਨੇ ਚਾਹ ਰਿਹਾ ਹਾਂ। ਇਨਸਾਨੀ ਸਰੀਰ ਦੇ ਸੂਖਮ ਪਹਿਲੂਆਂ ਬਾਰੇ ਜਾਣਨ, ਅਨੁਭਵ ਕਰਨ ਤੇ ਮਹਿਸੂਸ ਕਰਨ ਤੋਂ ਬਾਅਦ ਮੇਰੇ ਅੰਦਰ ਬਹੁਤ ਸਾਰੇ ਪ੍ਰਸ਼ਨ ਪੈਦਾ ਹੋਏ ਹਨ। ਜੇ ਇਨਸਾਨ ਦਾ ਸਰੀਰ ਓਨਾ ਹੀ ਹੁੰਦਾ, ਜਿੰਨਾ ਕੁ ਮੈਡੀਕਲ ਸਾਇੰਸ ਦੀ ਮੋਟੀ ਜਿਹੀ ਜਾਣਕਾਰੀ ਦੇ ਅਧਾਰ ਤੇ ਅਸੀਂ ਸਮਝਦੇ ਹਾਂ ਤਾਂ ਸੈਕਸ ਨਾਲ ਜੁੜੀਆਂ ਨੈਤਿਕ ਧਾਰਨਾਵਾਂ ਦਾ ਕੋਈ ਮਾਅਨਾ ਨਹੀਂ ਸੀ ਪਰ ਇਨਸਾਨ ਦੇ ਸਰੀਰ ਦੀਆਂ ਗੁੱਝੀਆਂ ਪਰਤਾਂ ਨੂੰ ਜਦ ਅਸੀਂ ਧਿਆਨ ਵਿਚ ਰੱਖਦੇ ਹਾਂ ਤਾਂ ਸਾਡੀ ਸੋਚ ਵਿਚ ਬੁਨਿਆਦੀ ਪਰਿਵਰਤਨ ਆਉਂਦਾ ਹੈ। ਅਸਲ ਗੱਲ ਇਹ ਹੈ ਕਿ ਅਸੀਂ ਸਿਰਫ ਸਰੀਰ ਨਹੀਂ ਹਾਂ। ਅਸੀਂ ਬਹੁਤ ਸੀ ਸੂਖਮ ਊਰਜਾ ਦੇ ਬਣੇ ਹੋਏ ਹਾਂ। ਸਰੀਰ ਸਾਡੀ ਬਹੁਤ ਉਪਰਲੀ ਸਤਹ ਹੈ। ਯੋਗਾ ਸਿਸਟਮਾਂ ਵਿਚ ਇਸ ਪਹਿਲੂ ਨੂੰ ਇਨਸਾਨ ਦੀ ਊਰਜਾ ਦੇਹ ਕਿਹਾ ਗਿਆ ਹੈ। ਇਨਸਾਨ ਦਾ ਸੂਖਮ ਊਰਜਾ ਸਰੀਰ ਸਾਡੇ ਨੰਗੀ ਅੱਖ ਨਾਲ ਦਿਸ ਰਹੇ ਸਥੂਲ ਸਰੀਰ ਦੇ ਮੁਕਾਬਲੇ ਕਿਤੇ ਵੱਧ ਗੁੰਝਲਦਾਰ ਹੈ। ਇਸ ਦੀ ਬਹੁਤ ਹੀ ਵਿਸਤ੍ਰਿਤ ਵਿਆਖਿਆ ਯੋਗਾ ਸਿਸਟਮਾਂ ਵਿਚ ਕੀਤੀ ਗਈ ਹੈ। ਇਸ ਸੂਖਮ ਦੇਹ ਦਾ ਘੇਰਾ ਸਾਡੇ ਦਿਸ ਰਹੇ ਸਥੂਲ ਸਰੀਰ ਦੇ ਬਾਹਰ ਕੁਝ ਇੰਚ ਤੱਕ ਫੈਲਿਆ ਹੁੰਦਾ ਹੈ। ਜਿਹੜੇ ਇਸ ਨੂੰ ਦੇਖ ਸਕਦੇ ਹਨ, ਉਨ੍ਹਾਂ ਨੂੰ ਇਹ ਰੌਸ਼ਨੀ ਦੇ ਸਤਰੰਗੇ ਅੰਡਾਕਾਰ ਘੇਰੇ ਦੀ ਤਰਾਂ ਦਿਸਦਾ ਹੈ। ਕਿਰਲੀਅਨ ਫੋਟੋਗ੍ਰਾਫੀ ਅਤੇ ਕੁਝ ਹੋਰ ਯੰਤਰਾਂ ਦੀ ਮਦਦ ਨਾਲ ਵੀ ਇਸ ਸੂਖਮ ਸਰੀਰ ਨੂੰ ਕੁਝ ਹੱਦ ਤੱਕ ਦੇਖਿਆ ਜਾਂ ਮਹਿਸੂਸ ਕੀਤਾ ਜਾ ਸਕਦਾ ਹੈ। ਸਾਡੇ ਪੂਰੇ ਵਜੂਦ ਦਾ ਅਧਾਰ ਇਹ ਸੂਖਮ ਸਰੀਰ ਹੈ। ਸਾਡਾ ਖਾਣਾ ਪੀਣਾ, ਸੋਚਣਾ ਅਤੇ ਜੀਵਨ ਦਾ ਹਰ ਐਕਟ ਇਸ ਸੂਖਮ ਊਰਜਾ ਸਰੀਰ ਨੂੰ ਬਹੁਤ ਗਹਿਰੇ ਰੂਪ ਵਿਚ ਪ੍ਰਭਾਵਤ ਕਰਦਾ ਹੈ। ਰੂਹਾਨੀ ਸਾਇੰਸ ਦੀ ਇਨਸਾਨੀ ਜੀਵਨ ਬਾਰੇ ਹਰ ਧਾਰਨਾ ਇਸ ਗੱਲ ਤੇ ਅਧਾਰਤ ਹੈ ਕਿ ਕਿਹੜੀ ਗੱਲ ਇਸ ਸੂਖਮ ਊਰਜਾ ਸਰੀਰ ਤੇ ਚੰਗਾ ਅਸਰ ਪਾਉਂਦੀ ਹੈ ਅਤੇ ਕਿਹੜੀ ਗੱਲ ਇਸ ਤੇ ਬੁਰਾ ਅਸਰ ਪਾਉਂਦੀ ਹੈ। ਇਹ ਸੂਖਮ ਸਰੀਰ ਕਿਉਂਕਿ ਸਾਡੇ ਆਮ ਅਨੁਭਵ ਤੇ ਸਮਝ ਦਾ ਹਿੱਸਾ ਨਹੀਂ ਹੈ, ਇਸ ਕਰਕੇ ਰੂਹਾਨੀ ਸਿਸਟਮਾਂ ਦੀਆਂ ਬਹੁਤ ਸਾਰੀਆਂ ਗੱਲਾਂ ਦੇ ਪਿਛੇ ਕੰਮ ਕਰ ਰਹੇ ਤਰਕ ਸਾਨੂੰ ਸਮਝ ਨਹੀਂ ਆਉਂਦੇ।
ਕਿਸੇ ਇਨਸਾਨ ਦਾ ਕਿਸੇ ਦੂਸਰੇ ਇਨਸਾਨ ਨਾਲ ਜੋ ਸਭ ਤੋਂ ਗਹਿਰਾ ਊਰਜਾ ਸਬੰਧ ਬਣ ਸਕਦਾ ਹੈ, ਉਹ ਸੈਕਸ ਹੈ। ਇਸ ਐਕਟ ਦੌਰਾਨ ਕਿਸੇ ਇਕ ਦੀ ਸੂਖਮ ਊਰਜਾ ਦੂਸਰੇ ਦੀ ਸੂਖਮ ਊਰਜਾ ਨੂੰ ਪ੍ਰਭਾਵਿਤ ਕਰਦੀ ਹੈ ਜਾਂ ਉਸ ਵਿਚ ਦਾਖਲ ਹੁੰਦੀ ਹੈ। ਇਸ ਕਰਕੇ ਕੋਈ ਸਹੀ ਸੈਕਸ ਸਬੰਧ ਉਹ ਹੀ ਹੁੰਦਾ ਹੈ, ਜਿਸ ਵਿਚ ਦੋ ਇਨਸਾਨਾਂ ਦੀ ਊਰਜਾ ਦਾ ਸਹੀ ਜੋੜ ਬਣਦਾ ਹੋਵੇ ਅਤੇ ਜਾਂ ਜਿਸ ਮੇਲ ਵਿਚ ਕਿਸੇ ਇਕ ਦੀ ਊਰਜਾ ਦੂਜੇ ਦੀ ਊਰਜਾ ਦੇਹੀ ਨੂੰ ਪਲੀਤ ਨਾ ਕਰ ਰਹੀ ਹੋਵੇ। ਅਜਿਹੇ ਜੋੜ ਲੱਭਣੇ ਔਖੇ ਹੁੰਦੇ ਹਨ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜੋੜੀਆਂ ਜੱਗ ਥੋੜ੍ਹੀਆਂ ਤੇ ਨਰੜ ਬਥੇਰੇ। ਜਾਂ ਜੇ ਗੁਰਬਾਣੀ ਦੀ ਭਾਸ਼ਾ ਵਿਚ ਕਹਿਣ ਹੋਵੇ ਤਾਂ ‘ ਏਕ ਜੋਤੁ ਦੋਇ ਮੂਰਤੀ, ਧਨ ਪਿਰ ਕਹੀਐ ਸੋਇ’।
ਅਨੁਭਵ ਵਾਲੇ ਰੂਹਾਨੀ ਲੋਕ ਇਨਸਾਨੀ ਜੀਵਨ ਨੂੰ ਸਾਡੀ ਆਮ ਦ੍ਰਿਸ਼ਟੀ  ਨਾਲੋਂ ਵੱਖਰੀ ਦ੍ਰਿਸ਼ਟੀ ਨਾਲ ਦੇਖਦੇ ਹਨ। ਸਾਬਣਾਂ, ਕਰੀਮਾਂ, ਪਰਫਿਊਮਾਂ ਤੇ ਕੱਪੜਿਆਂ ਨਾਲ ਅਸੀਂ ਭਾਵੇਂ ਆਪਣੀ ਸਥੂਲ ਦੇਹ ਨੂੰ ਕਿੰਨਾ ਵੀ ਚਮਕਾਇਆ ਹੁੰਦਾ ਹੈ ਪਰ ਇਨਸਾਨ ਦੀ ਸੂਖਮ ਦੇਹ ਦੀ ਮੈਲ ਸਾਬਣਾਂ ਨਾਲ ਨਹੀਂ ਉਤਰਦੀ। ਧਰਤੀ ਤੇ ਬਹੁਤ ਥੋੜ੍ਹੇ ਲੋਕ ਹਨ, ਜਿਨ੍ਹਾਂ ਦੀ ਸੂਖਮ ਦੇਹ ਪੂਰੀ ਤਰਾਂ ਨਿਖਰੀ ਹੋਵੇ। ਵਿਕਸਤ ਤੇ ਸ਼ਹਿਰੀ ਸਮਾਜਾਂ ਵਿਚ ਰਹਿਣ ਵਾਲੇ ਚਿਕਨੇ ਚੋਪੜੇ ਲੋਕਾਂ ਦੀਆਂ ਸੂਖਮ ਦੇਹਾਂ ਜੰਗਲਾਂ ਵਿਚ ਰਹਿਣ ਵਾਲੇ ਸਧਾਰਨ ਲੋਕਾਂ ਦੇ ਮੁਕਾਬਲੇ ਜ਼ਿਆਦਾ ਪਲੀਤ ਹਨ। ਜਿਹੜੇ ਲੋਕ ਰੂਹਾਨੀ ਵਿਧੀਆਂ ਨਾਲ ਆਪਣੀ ਨਜ਼ਰ ਨਿਖਾਰ ਲੈਂਦੇ ਹਨ, ਉਹ ਇਨਸਾਨਾਂ ਦੀ ਊਰਜਾ ਦੇਹੀ ਦਾ ਗੰਦ ਦੇਖ, ਮਹਿਸੂਸ ਕਰ ਸਕਦੇ ਹਨ। ਮੈਂ ਇਹ ਸਾਰੀਆਂ ਗੱਲਾਂ ਅਜਿਹੇ ਅਨੁਭਵ ਵਾਲੇ ਲੋਕਾਂ ਦੇ ਹਵਾਲੇ ਨਾਲ ਹੀ ਕਰ ਰਿਹਾ ਹਾਂ।
ਹਰ ਸਭਿਅਤਾ ਆਪਣੀ ਤਰਾਂ ਦੇ ਵਹਿਮ ਭਰਮ ਪੈਦਾ ਕਰਦੀ ਹੈ। ਆਧੁਨਿਕ ਸਭਿਅਤਾ ਦਾ ਸਭ ਤੋਂ ਵੱਡਾ ਵਹਿਮ ਬਹੁਤ ਸਾਰੇ ਲੋਕਾਂ ਦਾ ਇਹ ਸਮਝਣਾ ਹੈ ਕਿ ਉਹ ਪੜ੍ਹਾਈ ਦੀਆਂ ਕੁਝ ਡਿਗਰੀਆਂ ਪ੍ਰਾਪਤ ਕਰਕੇ ਪੜ੍ਹੇ ਲਿਖੇ ਹੋ ਗਏ ਹਨ। ਡਾਕਟਰ, ਇੰਜਨੀਅਰ, ਜਾਂ ਕੋਈ ਹੋਰ ਮਾਸਟਰ, ਗਰੈਜੂਏਟ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨੂੰ ਇਹ ਲੱਗਣ ਲੱਗਦਾ ਹੈ ਕਿ ਉਨ੍ਹਾਂ ਕੋਲ ਕੋਈ ਸੁਪਰ ਵਿਜ਼ਡਮ ਆ ਗਈ ਹੈ। ਅਜਿਹੇ ਵਹਿਮ ਕਾਰਨ ਹੀ ਲੋਕ ਅਕਸਰ ਫਕੀਰਾਂ, ਜੋਗੀਆਂ ਅਤੇ ਗਹਿਰੇ ਰੂਹਾਨੀ ਅਨੁਭਵ ਵਾਲੇ ਲੋਕਾਂ ਦੀਆਂ ਗੱਲਾਂ ਨੂੰ ਛੁਟਿਆਉਂਦੇ ਹਨ। ਪਰ ਗਿਆਨ ਦੀ ਖੋਜ ਦਾ ਸਭ ਤੋਂ ਬੁਨਿਆਦੀ ਸੂਤਰ ਇਹ ਹੈ ਕਿ ਅਸੀਂ ਕਿਸੇ ਵੀ ਖੇਤਰ ਵਿਚ ਅਨੁਭਵ ਤੇ ਯੋਗਤਾ ਰੱਖਣ ਵਾਲੇ ਲੋਕਾਂ ਦੀਆਂ ਗੱਲਾਂ ਨੂੰ ਮਹਤਵ ਦਿੰਦੇ ਹਾਂ ਭਾਵੇਂ ਇਕਦਮ ਸਾਨੂੰ ਉਹ ਪੂਰੀ ਤਰਾਂ ਸਮਝ ਨਾ ਵੀ ਆਉਣ। ਮਿਸਾਲ ਦੇ ਤੌਰ ਤੇ ਸਪੇਸ ਵਿਗਿਆਨ ਬਾਰੇ ਕਿਸੇ ਸਪੇਸ ਵਿਗਿਆਨੀ ਦੀ ਗੱਲ, ਮੈਡੀਕਲ ਸਾਇੰਸ ਬਾਰੇ ਕਿਸੇ ਮੈਡੀਕਲ ਸਾਇੰਟਿਸਟ ਦੀ ਗੱਲ, ਭੌਤਿਕ ਵਰਤਾਰਿਆਂ ਬਾਰੇ ਕਿਸੇ ਭੌਤਿਕ ਵਿਗਿਆਨੀ ਦੀ ਗੱਲ, ਕਿਸੇ ਰਸਾਇਣ ਵਿਗਿਆਨੀ ਦੀ ਗੱਲ ਅਤੇ ਆਰਥਿਕ ਮਾਮਲਿਆਂ ਬਾਰੇ ਕਿਸੇ ਅਰਥ ਸਾਸ਼ਤਰੀ ਦੀ ਗੱਲ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ। ਇਸੇ ਤਰਜ਼ ਤੇ ਸਾਨੂੰ ਜੀਵਨ ਦੇ ਗਹਿਰੇ ਰੂਹਾਨੀ ਸੁਆਲਾਂ ਬਾਰੇ ਰੂਹਾਨੀ ਸਾਧਕਾਂ ਦੀਆਂ ਗੱਲਾਂ ਨੂੰ ਲੈਣਾ ਚਾਹੀਦਾ ਹੈ। ਫਕੀਰ ਲੋਕਾਂ ਦੀਆਂ ਕਹੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਦੇ ਪੂਰੇ ਅਰਥ ਮੈਨੂੰ ਇਕ ਦਮ ਸਮਝ ਨਹੀਂ ਆਉਂਦੇ। ਪਰ ਉਨ੍ਹਾਂ ਦੀ ਗੱਲ ਨੂੰ ਸੁਣਦਿਆਂ ਸਮਝਦਿਆਂ ਮੈਂ ਹਮੇਸ਼ਾ ਇਹ ਗੱਲ ਮਨ ਵਿਚ ਰੱਖਦਾ ਹਾਂ ਕਿ ਇਸ ਵਿਚ ਕੁਝ ਅਜਿਹਾ ਹੈ, ਜਿਹੜਾ ਮੇਰੇ ਅਜੇ ਸਮਝ ਨਹੀਂ ਆ ਰਿਹਾ। ਇਸ ਤਰਾਂ ਦੇ ਸਿਲਸਿਲਿਆਂ ਨਾਲ ਪਿਛਲੇ ਕੁਝ ਸਾਲਾਂ ਦੇ ਵਾਹ ਦੇ ਅਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਮੈਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਕਈ ਕਈ ਸਾਲਾਂ ਬਾਅਦ ਇਹ ਅਹਿਸਾਸ ਹੋਇਆ ਕਿ ਫਕੀਰ ਲੋਕ ਜੋ ਕਹਿ ਰਹੇ ਸਨ, ਉਹ ਵਾਕਈ ਕਿੰਨੀ ਡੂੰਘੀ ਗੱਲ ਸੀ।
ਸੈਕਸ ਦੇ ਸੁਆਲ ਬਾਰੇ ਇਸ ਗੱਲਬਾਤ ਦੌਰਾਨ ਵੀ ਮੈਂ ਫਕੀਰ ਤੇ ਸਾਧਕ ਲੋਕਾਂ ਦੁਆਰਾ ਕਹੀਆਂ ਜਾਂਦੀਆਂ ਕੁਝ ਗੱਲਾਂ ਦੇ ਹਵਾਲੇ ਦੇਵਾਂਗਾ। ਇਨ੍ਹਾਂ ਗਲਾਂ ਨੂੰ ਪੜ੍ਹਦਿਆਂ ਸੁਣਦਿਆਂ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਇਸ ਤਰਾਂ ਦੀਆਂ ਗੱਲਾਂ ਕਰਨ ਵਾਲੇ ਗੁਰੂ ਪੀਰ, ਫਕੀਰ, ਸਾਧੂ ਲੋਕ ਬੇਵਕੂਫ ਨਹੀਂ ਸਨ।
ਊਰਜਾ ਦਾ ਇਹ ਨਿਯਮ ਹੈ ਕਿ ਇਕ ਨਿਸ਼ਚਿਤ ਮਿਕਦਾਰ ਤੱਕ ਗੰਦੀ ਊਰਜਾ ਸਾਫ ਊਰਜਾ ਨੂੰ ਪਲੀਤ ਕਰਦੀ ਹੈ। ਸਾਫ ਪਾਣੀ ਦੀ ਇਕ ਬਾਲਟੀ ਨੂੰ ਗੰਦੇ ਪਾਣੀ ਦਾ ਇਕ ਗਲਾਸ ਪਲੀਤ ਕਰ ਸਕਦਾ ਹੈ ਪਰ ਗੰਦੇ ਪਾਣੀ ਦੇ ਇਕ ਗਲਾਸ ਨੂੰ ਸਾਫ ਕਰਨ ਲਈ ਇਕ ਦਰਿਆ ਚਾਹੀਦਾ ਹੈ। ਇਹੀ ਨਿਯਮ ਗਹਿਰੇ ਸਰੀਰਕ ਸੰਪਰਕਾਂ ਤੇ ਲਾਗੂ ਹੁੰਦਾ ਹੈ। ਜਦ ਵੀ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਦੇ ਗਹਿਰੇ ਸਰੀਰਕ ਸੰਪਰਕ ਵਿਚ ਆਉਂਦਾ ਹੈ ਤਾਂ ਉਸ ਦੀ ਗੰਦਗੀ ਆਪਣੇ ਤੇ ਲੈਂਦਾ ਹੈ। ਇਹੀ ਵਜ੍ਹਾ ਹੈ ਕਿ ਸਾਰੇ ਗੁਰੂਆਂ ਨੇ ਆਪਣੇ ਰੂਹਾਨੀ ਸਿਸ਼ਾਂ ਨੂੰ ਇਹ ਆਦੇਸ਼ ਦਿਤਾ ਕਿ ਸੈਕਸ ਸਬੰਧਾਂ ਦੇ ਮਾਮਲੇ ਵਿਚ ਸੰਜਮ ਵਰਤੋ। ਤੁਸੀਂ ਨਹੀਂ ਜਾਣਦੇ ਕਿ ਦੂਸਰੇ ਇਨਸਾਨ ਦੀ ਊਰਜਾ ਕਿਹੋ ਜਿਹੀ ਹੈ। ਉਹ ਕਿਸ ਤਰਾਂ ਦਾ ਗੰਦ ਢੋ ਰਿਹਾ ਹੈ। ਜੇ ਤੁਸੀਂ ਉਸ ਦੇ ਸੰਪਰਕ ਵਿਚ ਜਾਓਗੇ ਤਾਂ ਉਹ ਸਾਰਾ ਗੰਦ ਆਪਣੇ ਤੇ ਪੁਆ ਲਵੋਗੇ। ਫਕੀਰ ਲੋਕ ਇਸੇ ਗੱਲ ਨੂੰ ਆਪਣੇ ਦੌਰ ਦੀ ਭਾਸ਼ਾ ਵਿਚ ਕਹਿੰਦੇ ਸਨ। ਉਹਨਾਂ ਨੂੰ ਕਹਿੰਦੇ ਮੈਂ ਸੁਣਿਆ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਦੂਸਰੇ ਇਨਸਾਨ ਨੂੰ ਕੀ ‘ਸ਼ੈਅ’ ਚਿੰਬੜੀ ਹੋਈ ਹੈ। ਜੇ ਤੁਸੀਂ ਉਸਦੇ ਗਹਿਰੇ ਸਬੰਧ ਵਿਚ ਜਾਓਗੇ ਤਾਂ ਉਹ ‘ਸ਼ੈਅ’ ਤੁਹਾਨੂੰ ਚਿੰਬੜ ਜਾਏਗੀ। ਜਿਹੜੀਆਂ ਲੜਕੀਆਂ ਵੇਸਵਾਵਾਂ ਜਾਂ ਕਾਲ ਗਰਲਜ਼ ਹਨ, ਉਹ ਆਪਣੀ ਹਾਲਤ ਬਹੁਤ ਹੀ ਤਰਸਯੋਗ ਬਣਾ ਲੈਂਦੀਆਂ ਹਨ। ਨਾ ਜਾਣੇ ਕਿਨ੍ਹਾ ਕਿਨ੍ਹਾਂ ਦਾ ਗੰਦ ਉਹ ਆਪਣੇ ਅੰਦਰ ਸੁਟਦੀਆਂ ਹਨ। ਵੈਸੇ ਵੀ ਜਿਹੜੇ ਲੋਕ ਵੇਸਵਾਵਾਂ ਜਾਂ ਕਾਲ ਗਰਲਜ਼ ਕੋਲ ਜਾਂਦੇ ਹਨ, ਉਹ ਆਮ ਕਰਕੇ ਕੋਈ ਚੰਗੀ ਊਰਜਾ ਵਾਲੇ ਲੋਕ ਨਹੀਂ ਹੁੰਦੇ। ਉਹ ਆਪਣੀਆਂ ਬਿਮਾਰੀਆਂ ਢੋ ਰਹੇ ਹੁੰਦੇ ਹਨ ਅਤੇ ਉਨ੍ਹਾਂ ਦੇ ਭਾਰ ਇਹ ਲੜਕੀਆਂ ਆਪਣੇ ਤੇ ਪੁਆ ਲੈਂਦੀਆਂ ਹਨ। ਅਜਿਹੀਆਂ ਲੜਕੀਆਂ ਆਪਣੇ ਸੂਖਮ ਸਰੀਰਾਂ ਦਾ ਹਾਲ ਗਾਰਬੇਜ ਬਿੰਨਾਂ ਤੋਂ ਵੀ ਬਦਤਰ ਬਣਾ ਲੈਂਦੀਆਂ ਹਨ।
ਧਾਰਮਿਕ ਪਰੰਪਰਾਵਾਂ ਵਿਚ ਇਸ ਤਰਾਂ ਦੇ ਸੈਕਸ ਸਬੰਧਾਂ ਨੂੰ ‘ਪਾਪ’ ਕਿਹਾ ਜਾਂਦਾ ਹੈ। ਪਾਪ ਸ਼ਬਦ ਦੇ ਅਸੀਂ ਲੋਕਾਂ ਨੇ ਜੋ ਅਰਥ ਬਣਾ ਲਏ ਹਨ, ਉਹ ਅਜਿਹੇ ਹਨ, ਜਿਵੇਂ ਕੋਈ ਕਾਨੂੰਨੀ ਅਪਰਾਧ ਹੁੰਦਾ ਹੈ। ਰੂਹਾਨੀਅਤ ਦੇ ਇਨ੍ਹਾ ਸ਼ਬਦਾਂ ਨੂੰ ਵੱਖਰੇ ਅਰਥਾਂ ਵਿਚ ਦੇਖਣ ਦੀ ਲੋੜ ਹੈ। ਓਸੋæ ਜਦੋਂ ਸੈਕਸ ਨਾਲ ਜੁੜੀ ਸਾਡੀ ਸਮੁਚੀ ਨੈਤਿਕਤਾ ਤੇ ਵਾਰ ਕਰਦਾ ਹੈ ਤਾਂ ਅਸਲ ਵਿਚ ਉਹ ਸਾਡੀ ਉਸ ਸੋਚ ਤੇ ਵਾਰ ਕਰਦਾ ਹੈ, ਜਿਸਨੇ ਇਸ ਨਾਲ ਪਾਪ ਪੁੰਨ ਦੇ ਕੁਝ ਅਜਿਹੇ ਅਰਥ ਜੋੜੇ ਹਨ। ਰੂਹਾਨੀਅਤ ਦੀ ਨਜ਼ਰ ਵਿਚ ਪਾਪ ਅਤੇ ਪੁੰਨ ਦੇ ਅਰਥ ਅਸਲ ਵਿਚ ਹੋਰ ਹਨ। ਕਾਨੂੰਨੀ ਪਾਪ/ਅਪਰਾਧ ਉਹ ਹੁੰਦਾ ਹੈ ਜਿਹੜੇ ਕਿਸੇ ਦੂਸਰੇ ਪ੍ਰਤੀ ਕੀਤਾ ਜਾਂਦਾ ਹੈ। ਰੂਹਾਨੀਅਤ ਦੀ ਨਜ਼ਰ ਵਿਚ ਪਾਪ ਅਤੇ ਪੁੰਨ ਅਸੀਂ ਕਿਸੇ ਪ੍ਰਤੀ ਨਹੀਂ ਬਲਕਿ ਆਪਣੇ ਪ੍ਰਤੀ ਕਰਦੇ ਹਾਂ। ਜਿਹੜੇ ਐਕਟ ਸਾਡੀ ਆਪਣੀ ਸੂਖਮ ਊਰਜਾ ਅਤੇ ਆਤਮਾ ਦੇ ਵਿਕਾਸ ਵਿਚ ਸਹਾਈ ਹੁੰਦੇ ਹਨ, ਉਹ ਪੁੰਨ ਕਰਮ ਹਨ ਅਤੇ ਜਿਹੜੇ ਸਾਡੀ ਆਪਣੀ ਊਰਜਾ ਦਾ ਘਾਣ ਕਰਦੇ ਹਨ, ਉਹ ਪਾਪ ਹਨ। ਸੈਕਸ ਵੀ ਪਾਪ ਉਦੋਂ ਬਣਦਾ ਹੈ, ਜਦੋਂ ਇਹ ਸਾਡੀ ਆਪਣੀ ਸੂਖਮ ਊਰਜਾ ਦਾ ਘਾਣ ਕਰ ਦਿੰਦਾ ਹੈ। ਪੁਰਾਤਨ ਦੌਰ ਵਿਚ ਇਹ ਸੰਭਵ ਨਹੀਂ ਸੀ ਕਿ ਅੱਜ ਵਾਲੀ ਵਿਗਿਆਨਕ ਭਾਸ਼ਾ ਵਿਚ ਗੱਲ ਕੀਤੀ ਜਾ ਸਕਦੀ। ਇਸ ਕਰਕੇ ਉਸ ਦੌਰ ਦੇ ਰਿਸ਼ੀਆਂ ਅਤੇ ਫਕੀਰਾਂ ਨੇ ਲੋਕਾਂ ਨੂੰ ਸਮਝਾਉਣ ਲਈ ਪਾਪ ਪੁੰਨ ਵਾਲੀ ਨੈਤਿਕ ਭਾਸ਼ਾ ਦਾ ਪ੍ਰਯੋਗ ਕੀਤਾ। ਅੱਜ ਅਸੀਂ ਇਨ੍ਹਾਂ ਮੁਦਿਆਂ ਤੇ ਵਿਗਿਆਨ ਦੀ ਭਾਸ਼ਾ ਵਿਚ ਗੱਲ ਕਰ ਸਕਦੇ ਹਾਂ। ਇਕ ਕਾਲ ਗਰਲ ਕੋਈ ਅਜਿਹਾ ਪਾਪ ਨਹੀਂ ਕਰਦੀ, ਜਿਹੜਾ ਕਿਸੇ ਧਰਮ ਰਾਜ ਦੀ ਕਚਹਿਰੀ ਵਿਚ ਅਪਰਾਧ ਹੈ। ਉਹ ਅਸਲ ਵਿਚ ਆਪਣੀ ਉਸ ਸੂਖਮ ਕਾਇਆ ਨਾਲ ਪਾਪ ਕਰਦੀ ਹੈ, ਜਿਹੜੀ ਕੁਦਰਤ ਨੇ ਉਸ ਨੂੰ ਕਿਸੇ ਬਹੁਤ ਹੀ ਗਹਿਰੇ ਮਕਸਦ ਨਾਲ ਦਿਤੀ ਹੈ, ਜਿਸ ਦਾ ਉਸ ਨੂੰ ਅਜੇ ਇਲਮ ਨਹੀਂ। ਜਦ ਤੱਕ ਉਸ ਨੂੰ ਇਸ ਦਾ ਪਤਾ ਲੱਗੇਗਾ, ਉਦੋਂ ਤਕ ਉਹ ਆਪਣੇ ਆਪ ਨੂੰ ਬਹੁਤ ਰੋਲ ਲਏਗੀ।
ਸੱਚੀ ਰੂਹਾਨੀਅਤ ਦੀ ਨਜ਼ਰ ਵਿਚ ਵੇਸਵਾਵਾਂ, ਕਾਲ ਗਰਲਜ਼ ਕੋਈ ਅਪਰਾਧੀ ਨਹੀਂ ਹਨ। ਉਹ ਪੀੜਤ ਤੇ ਰੋਗੀ ਇਨਸਾਨ ਹਨ। ਉਨ੍ਹਾਂ ਨੂੰ ਕਿਸੇ ਧਰਮਰਾਜ ਨੇ ਸਜ਼ਾ ਨਹੀਂ ਦੇਣੀ। ਉਹ ਪਹਿਲਾਂ ਹੀ ਸਜ਼ਾ ਭੁਗਤ ਰਹੀਆਂ ਹਨ। ਉਨ੍ਹਾਂ ਨੂੰ ਸਜ਼ਾਵਾਂ ਜਾਂ ਨਫਰਤ ਦੀ ਨਹੀਂ, ਹਮਦਰਦੀ ਤੇ ਇਲਾਜ ਦੀ ਲੋੜ ਹੈ। ਇਹੀ ਵਜ੍ਹਾ ਹੈ ਕਿ ਬਹੁਤ ਸਾਰੇ ਰੂਹਾਨੀ ਟੀਚਰਾਂ ਨੇ ਵੇਸਵਾਵਾਂ ਦਾ ਸਮਾਜ ਵਿਚ ਮੁੜ ਵਸੇਬਾ ਕੀਤਾ। ਉਨ੍ਹਾਂ ਨੂੰ ਜੀਵਨ ਦੇ ਗਟਰ ਵਿਚੋਂ ਬਾਹਰ ਕੱਢਿਆ। ਕਈ ਵਾਰ ਭਾਰਤ, ਪਾਕਿਸਤਾਨ, ਜਾਂ ਅਫਗਾਨਿਸਤਾਨ ਆਦਿ ਮੁਲਕਾਂ ਚੋਂ ਅਜਿਹੀਆਂ ਖਬਰਾਂ ਆਉਂਦੀਆਂ ਹਨ ਕਿ ਕਿਸੇ ਔਰਤ ਨੂੰ ਬਦਚਲਨੀ ਦੇ ਦੋਸ਼ ਵਿਚ ਪੱਥਰ ਮਾਰ ਮਾਰ ਕੇ ਮਾਰ ਦਿਤਾ। ਕਈ ਆਪਣੇ ਆਪ ਨੂੰ ਧਾਰਮਿਕ ਸਮਝਣ ਵਾਲੇ ਲੋਕ ਵੇਸਵਾਵਾਂ ਨੂੰ ਜਾਂ ਅਸੰਜਮੀ ਸੈਕਸ ਵਰਤਾਓ ਵਾਲੇ ਲੋਕਾਂ ਨੂੰ ਨਫਰਤ ਕਰਨ ਵਿਚ ਬੜਾ ਮਾਣ ਮਹਿਸੂਸ ਕਰਦੇ ਹਨ। ਰੂਹਾਨੀਅਤ ਕਿਸੇ ਵੀ ਤਰਾਂ ਦੇ ਇਨਸਾਨੀ ਵਰਤਾਓ ਨੂੰ ਨਫਰਤ ਨਹੀਂ ਕਰਦੀ। ਜੇ ਰੂਹਾਨੀਅਤ ਦੀ ਭਾਸ਼ਾ ਵਿਚ ਗੱਲ ਕਰਨੀ ਹੋਵੇ ਤਾਂ ਨਫਰਤ ਅਸਲ ਵਿਚ ਸਭ ਤੋਂ ਵੱਡਾ ‘ਪਾਪ’ ਹੈ। ਹਰ ਤਰਾਂ ਦੇ ਇਨਸਾਨੀ ਵਰਤਾਓ ਨੂੰ ਹਮਦਰਦੀ ਨਾਲ ਦੇਖਣਾ ਹੀ ਸੱਚੀ ਰੂਹਾਨੀਅਤ ਹੈ। ਕਾਤਲ ਵੀ ਅਪਰਾਧੀ ਨਹੀਂ ਹਨ, ਰੋਗੀ ਹਨ। ਸੈਕਸ ਸਬੰਧੀ ਵਰਤਾਓ ਦੀਆਂ ਗੜਬੜਾਂ ਤਾਂ ਬਹੁਤ ਵੱਖਰੀ ਤਰਾਂ ਦੀ ਸਮੱਸਿਆ ਹੈ। ਜੀਵਨ ਹਰ ਕਿਸੇ ਨੂੰ ਸੁਧਰਨ ਦਾ ਮੌਕਾ ਦਿੰਦਾ ਹੈ। ਮੇਰਾ ਜਿਸ ਸੂਫੀ ਸਿਲਸਿਲੇ ਨਾਲ ਤਾਅਲੁਕ ਹੈ, ਉਸ ਦੇ ਫਕੀਰ ਦੱਸਦੇ ਹਨ ਕਿ ਸਾਡੇ ਸਿਲਸਿਲੇ ਵਿਚ ਬਹੁਤ ਪਹਿਲਾਂ ਇਕ ਅਜਿਹੀ ਫਕੀਰ ਔਰਤ ਹੋਈ ਹੈ, ਜਿਹੜੀ ਪਹਿਲਾਂ ਵੇਸਵਾ ਸੀ। ਕਿਸੇ ਫਕੀਰ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਉਹ ਰੱਬ ਦੇ ਰਸਤੇ ਪੈ ਗਈ ਅਤੇ ਬਹੁਤ ਉਚੀ ਅਵਸਥਾ ਨੂੰ ਪ੍ਰਾਪਤ ਹੋਈ। ਜ਼ਿੰਦਗੀ ਆਪਣੇ ਦੁਆਰ ਕਦੇ ਬੰਦ ਨਹੀਂ ਕਰਦੀ। ਭਟਕੇ ਹੋਏ, ਗਲਤੀਆਂ, ਗੁਨਾਹ ਕਰਨ ਵਾਲੇ ਵੀ ਬਦਲ ਸਕਦੇ ਹਨ। ਮੁੜ ਸਕਦੇ ਹਨ। ਕੁਦਰਤ ਦੀ ਨਜ਼ਰ ਵਿਚ ਕੋਈ ਵੀ ਪੱਕਾ ਪਾਪੀ ਨਹੀਂ ਹੈ। ਪਾਪ ਇਕ ਥੋੜ੍ਹ ਚਿਰੀ ਅਵਸਥਾ ਹੈ।
ਵੱਖ ਵੱਖ ਧਾਰਮਿਕ ਸਕੂਲਾਂ ਤੇ ਪਰੰਪਰਾਵਾਂ ਨੇ ਆਪੋ ਆਪਣੇ ਵਿਦਿਆਰਥੀਆਂ, ਸਿਸ਼ਾਂ ਲਈ ਜੋ ਕੋਡ ਔਫ ਕੰਡਕਟ ਵਿਕਸਤ ਕੀਤਾ, ਉਸਦਾ ਮੂਲ ਮਕਸਦ ਉਨ੍ਹਾਂ ਦੇ ਰੂਹਾਨੀ ਵਿਕਾਸ ਦੀ ਗਤੀ ਨੂੰ ਨਿਰਧਾਰਤ ਕਰਨਾ ਹੈ। ਤਰਕਬੁਧੀ ਨਾਲ ਸੋਚਣ ਵਾਲੇ ਕਈ ਧਾਰਮਿਕ ਲੋਕ ਵੀ ਕਈ ਵਾਰ ਇਸ ਸ਼ੰਕਾ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਸੈਕਸ ਨੂੰ ਇਕ ਵੱਡੇ ਵਿਕਾਰ ਦੇ ਰੂਪ ਵਿਚ ਕਿਉਂ ਦੇਖਿਆ ਜਾਂਦਾ ਹੈ। ਇਸ ਕਰਕੇ ਉਹ ਇਸ ਦੀਆਂ ਕਈ ਵਿੰਗੀਆਂ ਟੇਢੀਆਂ ਵਿਆਖਿਆਵਾਂ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਜਿਵੇਂ ਕੁਝ ਲੋਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਕਾਮ ਦਾ ਮਤਲਬ ਸੈਕਸ ਨਹੀਂ ਹੈ ਬਲਕਿ ਕਾਮਨਾਵਾਂ ਹਨ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੁਦਰਤ ਨੇ ਇਨਸਾਨ ਨੂੰ ਜੋ ਜੋ ਵੀ ਤੋਹਫੇ ਦਿਤੇ ਹਨ, ਉਨਾਂ ਵਿਚ ਸੈਕਸ ਇਕ ਵੱਡਾ ਤੋਹਫਾ ਹੈ। ਪਰ ਇਹ ਵੀ ਸੱਚ ਹੈ ਕਿ ਇਨਸਾਨ ਦੀ ਊਰਜਾ ਦੇਹ ਦੇ ਪੱਖ ਤੋਂ ਇਹ ਬਹੁਤ ਖਰਚੀਲਾ ਅਨੰਦ ਹੈ। ਇਕ ਵਾਰ ਦੇ ਸੈਕਸ ਐਕਟ ਵਿਚ ਇਨਸਾਨ ਕਿੰਨੀ ਊਰਜਾ ਖਰਚ ਕਰਦਾ ਹੈ, ਉਸਦਾ ਕੁਝ ਲੋਕਾਂ ਨੇ ਹਿਸਾਬ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਛੇ ਫੁਟ ਦਾ ਇਨਸਾਨ ਡੇਢ ਕਿਲੋਮੀਟਰ ਤੈਰਨ ਲਈ ਜਿੰਨੀ ਊਰਜਾ ਖਰਚ ਕਰਦਾ ਹੈ, ਵੀਰਜ ਦਾ ਇਕ ਸਪਰਮ ਪੈਦਾ ਕਰਨ ਲਈ ਇਨਸਾਨ ਦਾ ਸਰੀਰ ਓਨੀ ਊਰਜਾ ਖਰਚ ਕਰਦਾ ਹੈ। ਇਕ ਵਾਰ ਜਿੰਨਾ ਵੀਰਜ ਨਿਕਾਸ ਹੁੰਦਾ ਹੈ, ਉਸ ਵਿਚ 400 ਮਿਲੀਅਨ ਸਪਰਮ ਹੁੰਦੇ ਹਨ। ਇਹ ਉਹ ਸੂਖਮ ਊਰਜਾ ਹੁੰਦੀ ਹੈ, ਜਿਹੜੀ ਕਿਸੇ ਇਨਸਾਨ ਦੇ ਆਤਮਿਕ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੀ ਹੈ। ਕਈ ਸਾਧਕ ਇਨਸਾਨ ਇਹ ਸ਼ਿਕਾਇਤ ਕਰਦੇ ਹਨ ਕਿ ਉਹ ਹਰ ਰੋਜ਼ ਸਵੇਰੇ ਸ਼ਾਮ ਸਾਧਨਾ ਕਰਦੇ ਹਨ। ਹੋਰ ਵੀ ਹਰ ਪੱਖ ਤੋਂ ਉਨ੍ਹਾਂ ਦਾ ਜੀਵਨ ਬਹੁਤ ਸਾਫ ਹੈ। ਕੋਈ ਹੋਰ ਮਾੜਾ ਕੰਮ ਵੀ ਉਹ ਨਹੀਂ ਕਰਦੇ। ਪਰ ਫੇਰ ਵੀ ਉਨ੍ਹਾਂ ਦੇ ਨਾ ਮਨ ਨੂੰ ਚੈਨ ਹੈ ਅਤੇ ਨਾ ਹੀ ਉਨ੍ਹਾਂ ਦਾ ਆਤਮਿਕ ਵਿਕਾਸ ਹੁੰਦਾ ਹੈ। ਅਜਿਹੇ ਇਨਸਾਨਾਂ ਬਾਰੇ ਇਹ ਪਤਾ ਲੱਗਦਾ ਹੈ ਕਿ ਉਹ ਜਿੰਨੀ ਕੁ ਊਰਜਾ ਸਾਧਨਾ ਅਤੇ ਚੰਗੀ ਸੋਚ ਰਾਹੀਂ ਇਕੱਠੀ ਕਰਦੇ ਹਨ, ਉਸ ਤੋਂ ਜ਼ਿਆਦਾ ਆਪਣੇ ਅਸੰਜਮੀ ਸੈਕਸ ਜੀਵਨ ਕਾਰਨ ਗੁਆ ਲੈਂਦੇ ਹਨ। ਉਨਾਂ ਦਾ ਹਾਲ ਅਜਿਹਾ ਹੁੰਦਾ ਹੈ ਜਿਵੇਂ ਕੋਈ ਲੀਕ ਕਰ ਰਿਹਾ ਟੈਂਕ ਭਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ।
ਇਸ ਦੀ ਥਾਂ ਪਿਆਰ ਇਕ ਬਿਲਕੁਲ ਵੱਖਰੀ ਤਰਾਂ ਦੀ ਊਰਜਾ ਹੈ। ਬਹੁਤ ਹੀ ਗਹਿਰਾ ਅਤੇ ਤੜਫ ਵਾਲਾ ਪਿਆਰ ਭਗਤੀ ਹੀ ਬਣ ਜਾਂਦਾ ਹੈ। ਸੈਕਸ ਊਰਜਾ ਜਿਥੇ ਹੇਠ ਵੱਲ ਜਾਂਦੀ ਹੈ, ਪਿਆਰ ਜੋ ਊਰਜਾ ਪੈਦਾ ਕਰਦਾ ਹੈ, ਉਹ ਉਪਰ ਵੱਲ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜੋ ਸੈਕਸ ਬਹੁਤ ਗਹਿਰੇ ਪਿਆਰ ਚੋਂ ਪੈਦਾ ਹੁੰਦਾ ਹੈ, ਉਸ ਦੀ ਕੈਮਿਸਟਰੀ ਬਦਲ ਜਾਂਦੀ ਹੈ। ਕੈਜ਼ੂਅਲ/ਟਾਈਮ ਪਾਸ ਸੈਕਸ ਅਤੇ ਦੂਜੇ ਪਾਸੇ ਗਹਿਰੇ ਪਿਆਰ ਚੋਂ ਨਿਕਲਿਆ ਸੈਕਸ ਦੋ ਵੱਖਰੀ ਤਰਾਂ ਦੇ ਊਰਜਾ ਐਕਟ ਹਨ, ਭਾਵੇਂ ਉਪਰੋਂ ਦੇਖਣ ਨੂੰ ਇਹ ਇਕੋ ਜਿਹੇ ਲੱਗਦੇ ਹਨ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਜੋ ਸੈਕਸ ਬਹੁਤ ਡੂੰਘੇ ਪਿਆਰ ਚੋਂ ਪੈਦਾ ਹੁੰਦਾ ਹੈ, ਉਹ ਪੁੰਨ ਹੈ ਅਤੇ ਜੋ ਬਿਨਾਂ ਪਿਆਰ ਦੇ ਹੁੰਦਾ ਹੈ, ਉਹ ਪਾਪ ਹੈ। ਪਿਆਰ ਦੇ ਇਸ ਮਹਾਤਮ ਕਾਰਨ ਹੀ ਸੂਫੀ ਅਤੇ ਭਗਤੀ ਪਰੰਪਰਾਵਾਂ ਵਿਚ ਪਿਆਰ ਅਤੇ ਭਗਤੀ ਨੂੰ ਲਗਭਗ ਇਕੋ ਜਿਹਾ ਦਰਜਾ ਦੇ ਦਿਤਾ ਗਿਆ ਹੈ। ਸਾਡੇ ਸਮਾਜ ਵਿਚ ਹੀਰ ਰਾਂਝਾ ਤੇ ਸੋਹਣੀ ਮਹੀਂਵਾਲ ਵਰਗੇ ਲੋਕਾਂ ਦਾ ਜੋ ਦਰਜਾ ਹੈ, ਉਹ ਫਕੀਰਾਂ ਵਾਲਾ ਹੀ ਹੈ।

ਫਕੀਰ ਲੋਕਾਂ ਦੀਆਂ ਕੁਝ ਗੱਲਾਂ ਅਜਿਹੀਆਂ ਹਨ, ਜਿਹਨਾਂ ਦੀ ਮੇਰੇ ਕੋਲ ਵਿਗਿਆਨਕ ਭਾਸ਼ਾ ਵਿਚ ਕੋਈ ਵਿਆਖਿਆ ਨਹੀਂ ਹੈ ਪਰ ਜਿਨ੍ਹਾਂ ਦੇ ਮੂੰਹੋਂ ਮੈਂ ਗੱਲਾਂ ਸੁਣੀਆ ਹਨ, ਉਨ੍ਹਾਂ ਦੀ ਕਹੀ ਗੱਲ ਨੂੰ ਕਿਸੇ ਵੀ ਰੂਪ ਵਿਚ ਅਣਡਿਠ ਨਹੀਂ ਕਰ ਸਕਦਾ। ਇਕ ਫਕੀਰ ਨੂੰ ਮੈਂ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਜਿਹੜੇ ਲੋਕਾਂ ਅੰਦਰ ਸੈਕਸ ਦੇ ਮਾਮਲੇ ਵਿਚ ਅਨੁਸਾਸ਼ਨ ਨਹੀਂ ਹੁੰਦਾ, ਉਨ੍ਹਾਂ ਦੇ ਪੈਸੇ ਅਤੇ ਕਾਰੋਬਾਰ ਦਾ ਰਹੱਸਮਈ ਤਰੀਕੇ ਨਾਲ ਨੁਕਸਾਨ ਹੁੰਦਾ ਰਹਿੰਦਾ ਹੈ। ਕਈ ਵਾਰ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਵੀ ਨਹੀਂ ਆਉਂਦੀ ਕਿ ਪੈਸਾ ਕਿਧਰ ਉਡ ਗਿਆ ਹੈ। ਕਈ ਵਾਰ ਜੀਵਨ ਵਿਚ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ, ਜਿਨ੍ਹਾਂ ਦਾ ਕਾਰਨ ਤਰਕ ਬੁੱਧੀ ਨਾਲ ਸਮਝ ਨਹੀਂ ਆ ਰਿਹਾ ਹੁੰਦਾ। ਫਕੀਰ ਦੱਸਦੇ ਹਨ ਕਿ ਫਕੀਰੀ ਨਜ਼ਰ ਨਾਲ ਉਨ੍ਹਾਂ ਦੇਖਿਆ ਕਿ ਉਸ ਬੰਦੇ ਦਾ ਸੈਕਸ ਵਰਤਾਓ ਉਸਦੀਆਂ ਸਮੱਸਿਆਵਾਂ ਦੀ ਜੜ੍ਹ ਹੁੰਦਾ ਹੈ। ਪਰ ਉਸ ਨੂੰ ਇਹ ਗੱਲ ਸਮਝਾਉਣੀ ਔਖੀ ਹੁੰਦੀ ਹੈ। ਜੀਵਨ ਦੀ ਸੂਖਮ ਊਰਜਾ ਦੇ ਵੱਖ ਵੱਖ ਰੂਪ ਆਪਸ ਵਿਚ ਕਿਵੇਂ ਜੁੜੇ ਹਨ ਅਤੇ ਇਨ੍ਹਾਂ ਦੀ ਕੀ ਕੈਮਿਸਟਰੀ ਹੈ, ਉਹ ਸਾਰੀਆਂ ਗੱਲਾਂ ਸਮਝਣੀਆਂ ਬਹੁਤ ਮੁਸ਼ਕਲ ਹਨ। ਜੀਵਨ ਦੀ ਖੇਡ ਓਨੀ ਸਰਲ ਅਤੇ ਸਿੱਧੀ ਨਹੀਂ ਹੈ, ਜਿੰਨੀ ਵਿਗਿਆਨਕ ਚੇਤਨਾ ਦੀ ਕੋਈ ਸਕੂਲੀ ਟੈਕਸਟ ਬੁਕ ਪੜ੍ਹਕੇ ਕਿਸੇ ਨੂੰ ਲੱਗਣ ਲੱਗ ਜਾਂਦੀ ਹੈ।
ਬਹੁਤ ਸਾਰ ਰੂਹਾਨੀ ਸਕੂਲਾਂ ਨੇ ਬ੍ਰਹਮਚਾਰੀ ਹੋਣ ਦਾ ਸੰਕਲਪ ਵਿਕਸਤ ਕੀਤਾ। ਇਸ ਦੇ ਪਿਛੇ ਕੁਝ ਠੋਸ ਵਿਗਿਆਨਕ ਕਾਰਨ ਸਨ। ਇਹ ਗੱਲ ਧਿਆਨ ਰੱਖਣ ਦੀ ਲੋੜ ਹੈ ਕਿ ਬ੍ਰਹਮਚਾਰੀ ਦਾ ਸਿਸਟਮ ਸਾਰੇ ਸਮਾਜ ਲਈ ਨਹੀਂ ਹੈ। ਇਹ ਉਨ੍ਹਾਂ ਲੋਕਾਂ ਲਈ ਸੀ, ਜਿਹੜੇ ਤੇਜ਼ ਰੂਹਾਨੀ ਵਿਕਾਸ ਕਰਨਾ ਚਾਹੁੰਦੇ ਸਨ। ਬਹੁਤ ਭਾਰੀ ਖੁਰਾਕ ਤੇ ਵਰਜਸ਼ ਦੀ ਲੋੜ ਉਨ੍ਹਾਂ ਨੂੰ ਹੁੰਦੀ ਹੈ, ਜਿਨ੍ਹਾਂ ਨੇ ਅਖਾੜੇ ਵਿਚ ਕੁਸ਼ਤੀ ਲੜਨੀ ਹੋਵੇ। ਹਰ ਕਿਸੇ ਨੂੰ ਅਜਿਹੀ ਵਰਜਸ਼ ਦੀ ਲੋੜ ਨਹੀਂ ਹੁੰਦੀ। ਜੋ ਰੂਹਾਨੀ ਵਿਕਾਸ ਦੇ ਫੁਲ ਟਾਈਮ ਵਰਕਰ ਸਨ, ਉਨ੍ਹਾਂ ਲਈ ਕੁਝ ਵੱਖਰੇ ਅਨੁਸਾਸ਼ਨ ਵਿਕਸਤ ਕੀਤੇ ਗਏ ਸਨ। ਜਿਨ੍ਹਾਂ ਲੋਕਾਂ ਨੇ ਆਈਏਐਸ ਦੇ ਇਮਤਿਹਾਨ ਦੇਣੇ ਹੁੰਦੇ ਹਨ, ਉਨ੍ਹਾਂ ਨੂੰ ਰਾਤਾਂ ਝਾਗਣੀਆਂ ਪੈਂਦੀਆਂ ਹਨ। ਕੁਝæ ਸਾਲ ਲਈ ਉਨ੍ਹਾਂ ਨੂੰ ਸਾਰੀ ਮੌਜ ਮਸਤੀ ਛੱਡਣੀ ਪੈਂਦੀ ਹੈ। ਜਿਨ੍ਹਾਂ ਦਾ ਇਰਾਦਾ ਉਲੰਪੀਅਨ ਬਣਨ ਦਾ ਹੋਵੇ, ਉਹਨਾਂ ਨੂੰ ਬਹੁਤ ਸਖਤ ਅਨੁਸਾਸ਼ਨ ਵਿਚੋਂ ਲੰਘਣਾ ਪੈਂਦਾ ਹੈ। ਜਿਹੜੇ ਸਿਰਫ ਰੋਟੀਆਂ ਕਾਰਨ ਆਸ਼ਰਮਾਂ ਵਿਚ ਜਾਂਦੇ ਸਨ, ਉਨ੍ਹਾਂ ਨੇ ਬ੍ਰਹਮਚਾਰੀ ਹੋਕੇ ਜੋ ਕਰਨਾ ਹੁੰਦਾ ਹੈ, ਉਸਦੀਆਂ ਕਹਾਣੀਆਂ ਸਭ ਨੇ ਸੁਣੀਆਂ ਹਨ। ਓਸ਼ੋ ਨੇ ਅਜਿਹੇ ਲੋਕਾਂ ਦੇ ਦੰਭ ਤੇ ਹੀ ਚੋਟ ਕੀਤੀ ਹੈ।
ਰੂਹਾਨੀਅਤ ਸੈਕਸ ਊਰਜਾ ਨੂੰ ਜੀਵਨ ਦੀ ਸਭ ਤੋਂ ਪਵਿਤਰ ਅਤੇ ਕੀਮਤੀ ਊਰਜਾ ਸਮਝਦੀ ਹੈ। ਇਸੇ ਕਰਕੇ ਇਸ ਨੂੰ ਬਹੁਤ ਹੀ ਸੰਜਮ ਅਤੇ ਪਵਿਤਰਤਾ ਨਾਲ ਖਰਚਣ ਦੀ ਤਾਕੀਦ ਕਰਦੀ ਹੈ। ਜੇ ਸਾਡੇ ਕੋਲ ਸੋਨਾ ਹੋਵੇ ਤਾਂ ਅਸੀਂ ਉਸ ਨੂੰ ਸਾਂਭ ਸਾਂਭ ਰੱਖਦੇ ਹਾਂ। ਸੈਕਸ ਊਰਜਾ ਕਿਸੇ ਵੀ ਹੋਰ ਤੱਤ ਨਾਲੋਂ ਕਿਤੇ ਜ਼ਿਆਦਾ ਕੀਮਤੀ ਊਰਜਾ ਹੈ। ਇਸ ਊਰਜਾ ਵਿਚੋਂ ਹੀ ਨਵਾਂ ਜੀਵਨ ਪੈਦਾ ਹੁੰਦਾ ਹੈ। ਇਸੇ ਕਰਕੇ ਤੰਤਰ ਨੇ ਜੋ ਵਿਧੀਆਂ ਵਿਕਸਤ ਕੀਤੀਆਂ, ਉਨ੍ਹਾਂ ਦਾ ਮਕਸਦ ਇਹ ਸੀ ਕਿ ਸੈਕਸ ਊਰਜਾ ਨੂੰ ਅਜਾਈਂ ਵਹਾਉਣ ਦੀ ਬਜਾਏ ਰੂਹਾਨੀ ਵਿਕਾਸ ਲਈ ਉਪਰ ਵੱਲ ਕਿਵੇਂ ਮੋੜਿਆ ਜਾਵੇ। ਤੰਤਰ ਵੱਲੋਂ ਵਿਕਸਤ ਕੀਤਾ ਸਿਸਟਮ ਬਹੁਤ ਗੁੰਝਲਦਾਰ ਹੈ। ਦੁਨਿਆਵੀ ਜੀਵਨ ਜਿਊਂ ਰਹੇ ਲੋਕ ਉਸ ਸਿਸਟਮ ਤੇ ਅਮਲ ਨਹੀਂ ਕਰ ਸਕਦੇ। ਤੰਤਰ ਸ਼ਾਇਦ ਦੁਨੀਆ ਦਾ ਇਕੋ ਇਕ ਅਜਿਹਾ ਸਿਸਟਮ ਹੈ, ਜਿਸ ਨੇ ਅਜਿਹੀਆਂ ਵਿਧੀਆਂ ਵਿਕਸਤ ਕੀਤੀਆਂ, ਜਿਨ੍ਹਾਂ ਰਾਹੀਂ ਸੈਕਸ ਅਨੰਦ ਦਾ ਤਿਆਗ ਕਰਨ ਦੀ ਬਜਾਏ ਉਸ ਨੂੰ ਮਾਣਦੇ ਹੋਏ ਹੀ ਜੀਵਨ ਦੀ ਮੂਲ ਊਰਜਾ ਦਾ ਪ੍ਰਵਾਹ ਅੰਦਰ ਵੱਲ ਮੋੜਿਆ ਜਾ ਸਕਦਾ ਹੈ।
ਸਾਰੀ ਰੂਹਾਨੀ ਸੋਚ ਇਸ ਗੱਲ ਤੇ ਖੜ੍ਹੀ ਹੈ ਕਿ ਇਨਸਾਨ ਦਾ ਸਰੀਰ ਕੁਦਰਤ ਦੀ ਬਹੁਤ ਹੀ ਕੀਮਤੀ ਦੇਣ ਹੈ। ਇਸ ਨੂੰ ਗੁਰਬਾਣੀ ਵਿਚ ਕੰਚਨ ਕਾਇਆ ਜਿਹੇ ਨਾਂ ਦਿਤੇ ਗਏ ਹਨ। ਜਿਵੇਂ ਕਿਸੇ ਹਸਪਤਾਲ ਦੇ ਇਨਟੈਂਸਿਟ ਕੇਅਰ ਯੂਨਿਟ ਵਿਚ ਪਏ ਬਿਮਾਰ ਇਨਸਾਨ ਦਾ ਸਰੀਰ ਬਹੁਤ ਨਾਜ਼ੁਕ ਹਾਲਤ ਵਿਚ ਹੁੰਦਾ ਹੈ। ਉਸ ਨੂੰ ਕਿਸੇ ਵੀ ਤਰਾਂ ਦੀ ਇਨਫੈਕਸ਼ਨ ਤੋਂ ਬਚਾਉਣ ਲਈ ਬਹੁਤ ਜ਼ਿਆਦਾ ਇਹਤਿਆਤ ਰੱਖਿਆ ਜਾਂਦਾ ਹੈ। ਇਨਸਾਨ ਦੇ ਊਰਜਾ ਸਰੀਰ ਨੂੰ ਹਮੇਸ਼ਾ ਹੀ ਉਸ ਨਾਲੋਂ ਜ਼ਿਆਦਾ ਇਨਟੈਂਸ ਜਾਂ ਗਹਿਰੇ ਇਹਤਿਆਤ ਅਤੇ ਧਿਆਨ ਦੀ ਲੋੜ ਹੁੰਦੀ ਹੈ। ਊਰਜਾ ਦੇਹ ਦੇ ਸੰਤੁਲਨ ਅਤੇ ਸ਼ੁਧਤਾ ਨੂੰ ਸਭ ਤੋਂ ਜ਼ਿਆਦਾ ਸੈਕਸ ਵਰਤਾਓ ਦੇ ਵਿਗਾੜ ਪ੍ਰਭਾਵਿਤ ਕਰਦੇ ਹਨ।
ਭਾਰਤ ਦੇ ਪੁਰਾਣੇ ਰੂਹਾਨੀ ਸਮਾਜ ਨੇ ਜੀਵਨ ਦਾ ਜੋ ਮਾਡਲ ਵਿਕਸਤ ਕੀਤਾ ਸੀ, ਉਸ ਮੁਤਾਬਕ 25 ਤੋਂ ਪਹਿਲਾਂ ਸੈਕਸ ਊਰਜਾ ਤੇ ਪੂਰਨ ਕੰਟਰੋਲ ਰੱਖਣਾ ਹੈ ਅਤੇ ਫੇਰ 50 ਸਾਲ ਤੋਂ ਬਾਅਦ ਇਸ ਨੂੰ ਨਹੀਂ ਗੁਆਉਣਾ। ਉਸ ਦੇ ਪਿਛੇ ਇਸ ਊਰਜਾ ਨੂੰ ਬਚਾਉਣ ਤੇ ਸਹੀ ਪਾਸੇ ਲਗਾਉਣ ਦਾ ਤਰਕ ਕੰਮ ਕਰਦਾ ਸੀ।
ਜੇ ਇਸ ਪੂਰੀ ਚਰਚਾ ਨੂੰ ਕੁਝ ਨੁਕਤਿਆਂ ਵਿਚ ਸਮੇਟ ਸਕਦੇ ਹਾਂ:
ਇਨਸਾਨ ਸਿਰਫ ਇਕ ਸਥੂਲ ਸਰੀਰ ਨਹੀਂ ਹੈ। ਸਾਡੇ ਸਥੂਲ ਸਰੀਰ ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਤੇ ਵੱਡਾ ਸਾਡਾ ਇਕ ਊਰਜਾ ਸਰੀਰ ਹੈ, ਜਿਹੜਾ ਨੰਗੀ ਅੱਖ ਨਾਲ ਨਹੀਂ ਦਿਖਦਾ। ਪਰ ਸਾਨੂੰ ਆਪਣੇ ਸਰੀਰ ਦਾ ਜੋ ਕੁਝ ਵੀ ਨੰਗੀ ਅੱਖ ਨਾਲ ਦਿਸ ਰਿਹਾ ਹੈ, ਉਸਦੇ ਪਿਛੇ ਇਹ ਅਦਿਖ ਸਰੀਰ ਕੰਮ ਕਰ ਰਿਹਾ ਹੈ।
ਇਨਸਾਨੀ ਜੀਵਨ ਦੀ ਜਿਹੜੀ ਚੀਜ਼ ਸਾਡੀ ਸੂਖਮ ਦੇਹ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਉਹ ਸੈਕਸ ਹੈ। ਸੂਖਮ ਊਰਜਾ ਦੇਹ ਨੂੰ ਸ਼ੁਧ, ਤੰਦਰੁਸਤ ਤੇ ਸੰਤੁਲਤ ਅਵਸਥਾ ਵਿਚ ਰੱਖਣ ਲਈ ਸੈਕਸ ਵਰਤਾਓ ਵਿਚ ਇਕ ਅਨੁਸਾਸ਼ਨ ਸਭ ਤੋਂ ਅਹਿਮ ਚੀਜ਼ ਹੈ।
ਕਿਸੇ ਇਕ ਇਨਸਾਨ ਦੀ ਗੰਦੀ ਹੋਈ ਸੂਖਮ ਊਰਜਾ ਦੂਸਰੇ ਇਨਸਾਨਾਂ ਤੱਕ ਪਹੁੰਚਦੀ ਹੈ ਅਤੇ ਉਨ੍ਹਾਂ ਨੂੰ ਵੀ ਪਲੀਤ ਕਰਦੀ ਹੈ। ਦੋ ਇਨਸਾਨਾਂ ਵਿਚਕਾਰ ਸੈਕਸ ਅਜਿਹਾ ਸਭ ਤੋਂ ਗਹਿਰਾ ਐਕਟ ਹੈ, ਜਿਸ ਨਾਲ ਇਕ ਦੀ ਗੰਦੀ ਊਰਜਾ ਦੂਜੇ ਤੱਕ ਪਹੁੰਚ ਸਕਦੀ ਹੈ।
ਕੋਈ ਇਨਸਾਨ ਸੂਖਮ ਰੂਪ ਵਿਚ ਕਿਹੋ ਜਿਹੀ ਗੰਦਗੀ ਆਪਣੇ ਅੰਦਰ ਢੋ ਰਿਹਾ ਹੈ, ਉਸਦਾ ਸਾਨੂੰ ਪਤਾ ਨਹੀਂ ਹੁੰਦਾ। ਇਸ ਕਰਕੇ ਕਿਸੇ ਵੀ ਇਨਸਾਨ ਨਾਲ ਸੈਕਸ ਸਬੰਧ ਬਹੁਤ ਹੀ ਰਿਸਕੀ ਕਾਰਜ ਹੈ। ਪਤਾ ਨਹੀਂ ਤੁਸੀਂ ਕਿਸੇ ਦੀ ਕੀ ਸੂਖਮ ਗੰਦਗੀ ਅਣਜਾਣੇ ਹੀ ਅਪਣੇ ਤੇ ਪੁਆ ਲਓ।
ਜੋ ਲੋਕ ਸੈਕਸ ਟਰੇਡ ਵਿਚ ਸ਼ਾਮਲ ਹਨ, ਖਾਸ ਕਰਕੇ ਵੇਸਵਾਵਾਂ ਅਤੇ ਕਾਲ ਗਰਲਜ਼, ਉਹ ਅਣਜਾਣੇ ਹੀ ਆਪਣੇ ਆਪ ਨੂੰ ਸਮਾਜ ਦੇ ਗਾਰਬੇਜ ਬਿਨ ਬਣਾ ਲੈਂਦੀਆਂ ਹਨ।
ਜਿਹੜਾ ਸੈਕਸ ਵਰਤਾਓ ਇਨਸਾਨ ਦੀ ਊਰਜਾ ਦੇਹ ਅਤੇ ਉਸਦੇ ਆਤਮਿਕ ਵਿਕਾਸ ਵਿਚ ਰੁਕਾਵਟ ਬਣਦਾ ਹੈ, ਉਹ ਪਾਪ ਹੈ ਅਤੇ ਜਿਹੜਾ ਉਸ ਦੇ ਵਿਕਾਸ ਵਿਚ ਸਹਾਈ ਹੁੰਦਾ ਹੈ, ਉਪ ਪੁੰਨ ਹੈ।
ਗਹਿਰਾ ਪਿਆਰ ਇਕ ਅਜਿਹਾ ਵਰਤਾਰਾ ਹੈ, ਜਿਹੜਾ ਸੈਕਸ ਐਕਟ ਦੀ ਸਮੁਚੀ ਕੈਮਿਸਟਰੀ ਬਦਲ ਸਕਦਾ ਹੈ। ਇਸ ਕਰਕੇ ਪਿਆਰ ਚੋਂ ਨਿਕਲਿਆ ਸੈਕਸ ਤੇ ਕੈਜ਼ੂਅਲ ਸੈਕਸ ਬੁਨਿਆਦੀ ਤੌਰ ਤੇ ਦੋ ਵੱਖ ਵੱਖ ਤਰਾਂ ਦੇ ਐਕਟ ਹਨ।
ਅਸੰਜਮੀ ਤੇ ਕੈਜ਼ੂਅਲ ਸੈਕਸ ਉਜਾੜੇ ਦਾ ਕਾਰਨ ਬਣ ਸਕਦਾ ਹੈ ਅਤੇ ਪਿਆਰ ਭਗਤੀ ਦਾ ਮਾਰਗ ਬਣ ਸਕਦਾ ਹੈ।

ਕਾਲ ਗਰਲ

ਤੇਰੇ ਅੰਦਰ ਦੂਰ ਕਿਤੇ
ਕੋਈ ਛੁਪਿਆ ਹੈ
ਜ਼ਰਾ ਕੁ ਤਾਂ ਕੁਰੇਦ ਕੇ ਦੇਖ

ਮਨ ਤਾਂ ਤੇਰਾ
ਨਿਰਮਲ ਜਲ ਦੀ ਧਾਰਾ ਸੀ
ਤੂੰ ਐਵੇ ਗੰਧਲਾ ਲਈ
ਆਤਮਾ ਇਨਸਾਨ ਦੀ
ਇੱਕ ਪਾਰਦਰਸ਼ੀ
ਸਰੋਵਰ ਦੀ ਤਰਾਂ ਹੈ
ਇਸ ਦਾ ਤਲ ਦਿਸਦਾ ਸੀ

ਜੋ ਆਏ ਜਿਸਮਾਂ ਦੇ ਯਾਤਰੀ
ਜੋ ਨਹਾ ਗਏ ਤੇਰੇ ਵਿੱਚ
ਆਪਣੀ ਸਾਰੀ ਮੈਲ
ਤੇਰੇ ਅੰਦਰ ਲਾਹ ਗਏ।
ਆਪਣੇ ਸਾਰੇ ਪਾਪ
ਤੇਰੇ ਅੰਦਰ ਧੋ ਗਏ

ਨਹਾਉਣ ਆਏ ਯਾਤਰੀ
ਤੇਰਾ ਜਿਸਮ ਨਹੀਂ
ਮਨ ਮੈਲਾ ਕਰ ਗਏ
ਜਿਵੇਂ ਸਰੋਵਰ ਦੇ ਤਲ ਤੇ
ਗਾਦ ਜੰਮੀ ਹੁੰਦੀ ਹੈ
ਤੇਰਾ ਮਨ ਵੀ ਉਸੇ ਤਰਾਂ ਦਾ ਹੈ
ਤੂੰ ਆਪਣੇ ਅੰਦਰ ਨਹੀਂ ਦੇਖ ਸਕਦੀ
ਕੋਈ ਤੇਰੇ ਅੰਦਰ ਨਹੀਂ ਦੇਖ ਸਕਦਾ

ਗਾਦ ਦੀ ਇਸ ਮੋਟੀ ਪਰਤ ਨੂੰ
ਹੁਣ ਤੂੰ ਕਿਵੇਂ ਸਾਫ ਕਰੇਂਗੀ?

ਇਸ ਗੰਧਲੇ ਮਨ ਦੇ ਹੇਠਾਂ
ਗਾਦ ਦੀ ਇਸ ਪਰਤ ਦੇ ਥੱਲੇ
ਇੱਕ ਪਾਰਦਰਸ਼ੀ ਤਲ ਹੈ
ਜਿਸ ਚ ਕਿਸੇ ਦਾ ਪ੍ਰਤੀਬਿੰਬ ਹੈ
ਜਿਸ ਚੋਂ ਅਨੰਤ ਦਿਸਦਾ ਹੈ

2 ਟਿੱਪਣੀਆਂ»

  Avtar Singh wrote @

zajbati na ho paap utre ne char gaye ne

  Yadvinder Singh wrote @

wah! kya baat hai g. sex tan aatma da prmatma nal mail krvaunda hai.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: