ਨਾਦ

contemporary punjabi poetry

Archive for ਜੂਨ, 2010

ਆਉਣ ਦਾ ਸਮਾਂ

ਕਈ ਦਿਨ ਤੋਂ ਕੋਈ ਪੋਸਟ ਨਹੀਂ ਸੀ ਪਾ ਸਕਿਆ। ਹਾਲਾਤ ਕੁੱਝ ਐਸੇ ਹੀ ਸਨ। ਕੁੱਝ ਦਿਨਾਂ ਲਈ ਇੰਡੀਆ ਗਿਆ ਸਾਂ। ਕਈ ਦਿਨਾਂ ਬਾਅਦ ਇਕ ਕਵਿਤਾ ਲਿਖੀ। ਕਵਿਤਾਵਾਂ ਦੀ ਵਿਆਖਿਆ ਵੀ ਹੋ ਸਕਦੀ ਹੈ। ਪਰ ਮੁਸ਼ਕਲ ਹੈ ਕਿ ਕਿਸੇ ਕਵਿਤਾ ਦੀ ਕੋਈ ਇਕ ਵਿਆਖਿਆ ਨਹੀਂ ਹੁੰਦੀ। ਕਵਿਤਾ ਬਾਰੇ ਮੇਰਾ ਅਨੁਭਵ ਇਹ ਹੈ ਕਿ ਪੜ੍ਹਨ ਵਾਲਾ ਜਿਸ ਅਵਸਥਾ ਵਿਚੋਂ ਲੰਘ ਰਿਹਾ ਹੁੰਦਾ ਹੈ, ਉਸ ਦੇ ਮੁਤਾਬਕ ਕਿਸੇ ਕਵਿਤਾ ਨੂੰ ਪੜ੍ਹ ਸਕਦਾ ਹੈ। ਜਿਹੜਾ ਮੇਰੇ ਵਾਲੀ ਅਵਸਥਾ ਵਿਚੋਂ ਲੰਘ ਰਿਹਾ ਹੋਵੇਗਾ, ਉਹ ਇਸ ਨੂੰ ਮੇਰੇ ਵਾਲੇ ਭਾਵਾਂ ਵਿਚ ਸਮਝੇਗਾ। ਜਿਸ ਦੀ ਅਵਸਥਾ ਕੋਈ ਹੋਰ ਹੋਵੇਗੀ, ਉਹ ਉਸ ਹਿਸਾਬ ਨਾਲ ਇਸ ਨੂੰ ਪੜ੍ਹੇਗਾ। ਕਵਿਤਾ ਇਹੀ ਅਜ਼ਾਦੀ ਦਿੰਦੀ ਹੈ।
ਮਹਾਤਮਾ ਬੁੱਧ ਦੇ ਤਲਾਸ਼ ਦੇ ਦਿਨਾਂ ਦੀਆਂ ਕਹਾਣੀਆਂ ਵਿਚ ਆਉਂਦਾ ਹੈ ਕਿ ਉਨ੍ਹਾਂ ਨੂੰ ਉਸ ਦਿਨ ਜਾਂ ਉਸ ਪਲ ਗਿਆਨ ਪ੍ਰਾਪਤ ਹੋਇਆ ਸੀ, ਜਿਸ ਦਿਨ ਉਨ੍ਹਾਂ ਕੁੱਝ ਵੀ ਲੱਭਣ ਦੀਆਂ ਸਭ ਕੋਸ਼ਿਸ਼ਾਂ ਤਿਆਗ ਦਿਤੀਆਂ ਸਨ ਅਤੇ ਪੂਰੀ ਤਰਾਂ ਡਿੱਗ ਪਏ ਸਨ। ਸਰੀਰ ਵਿਚ ਕੋਈ ਸਾਹ ਸਤ ਨਹੀਂ ਸੀ ਰਿਹਾ। ਕੋਈ ਉਮੀਦ ਨਹੀਂ ਸੀ ਰਹੀ। ਘੋਰ ਨਾਉਮੀਦੀ ਦੀ ਹਾਲਤ ਵਿਚ ਜਦ ਉਨ੍ਹਾਂ ਕੁਦਰਤ ਅੱਗੇ ਸਮਰਪਣ ਕੀਤਾ ਤੇ ਡਿਗ ਪਏ ਤਾਂ ਉਸੇ ਪਲ ਉਨ੍ਹਾਂ ਨੂੰ ਰੌਸ਼ਨੀ ਪ੍ਰਾਪਤ ਹੋਈ।
ਇਸ ਕਵਿਤਾ ਦਾ ਪ੍ਰਸੰਗ ਵੱਖਰਾ ਹੋ ਸਕਦਾ ਹੈ ਪਰ ਅੰਤਰੀਵ ਭਾਵ ਕੁੱਝ ਅਜਿਹਾ ਹੀ ਹੈ। ਜਦ ਤੱਕ ਸਾਡੇ ਅੰਦਰ ਹਉਂ ਦਾ ਭਾਵ ਰਹਿੰਦਾ ਹੈ, ਉਦੋਂ ਤੱਕ ਸਮਰਪਣ ਨਹੀਂ ਵਾਪਰਦਾ। ਪੂਰਨ ਸਮਰਪਣ ਤੋਂ ਪਹਿਲਾਂ ਪੂਰਨ ਮਿਲਨ ਨਹੀਂ ਹੋ ਸਕਦਾ – ਸ਼ਮੀਲ

ਆਉਣ ਦਾ ਸਮਾਂ

ਜਦ ਸੁਪਨੇ ਸਭ ਟੁੱਟ ਗਏ
ਜਦ ਖਾਹਿਸ਼ ਕੋਈ ਨਾ ਰਹੀ
ਮੇਰੇ ਕੋਲ ਉਦੋਂ ਆਵੀਂ

ਜਦ ਸਾਕ ਕੋਈ ਨਾ ਰਿਹਾ
ਜਦ ਸਾਥ ਕੋਈ ਨਾ ਰਿਹਾ
ਅਕਲ ਜਦ ਹਾਰ ਗਈ
ਸ਼ਕਲ ਜਦ ਰੁਲ ਗਈ
ਉਦੋਂ ਆਵੀਂ

ਮਨ ਇਹ ਮਰ ਜਾਏਗਾ
ਤਨ ਘਸ ਜਾਏਗਾ
ਜਦ ਸਭ ਕੁੱਝ ਗੁਆਚ ਗਿਆ
ਉਹ ਆਉਣ ਦਾ ਸਮਾਂ ਹੋਏਗਾ

ਜਦ ਤਾਂਘ ਕੋਈ ਨਾ ਰਹੀ
ਕਿਸੇ ਹੋਰ ਨੂੰ ਮਿਲਣ ਦੀ
ਜਦ ਆਸ ਕੋਈ ਨਾ ਰਹੀ
ਕਿਸੇ ਹੋਰ ਦੇ ਮਿਲਣ ਦੀ

ਜਿਵੇਂ ਕੋਈ ਵੇਸਵਾ ਗਈ ਸੀ
ਆਪਣੇ ਭਿਕਸ਼ੂ ਪ੍ਰੇਮੀ ਕੋਲ
ਬੁੱਢੀ ਹੋਕੇ

ਡੁੱਬਣ ਤੋਂ ਪਹਿਲਾਂ
ਜਦ ਆਖਰੀ ਸਾਹ ਰਹਿ ਗਿਆ
ਅਵਾਜ਼ ਦੇ ਦਈਂ
ਆ ਜਾਈਂ