ਜਿਨ੍ਹਾਂ ਦਿਨਾਂ ਵਿਚ ਮੈਂ ਕਵਿਤਾ ਲਿਖਣੀ ਸ਼ੁਰੁ ਕੀਤੀ ਸੀ, ਅੱਸੀਵਿਆਂ ਦੇ ਮੱਧ ਵਿਚ, ਉਸ ਦੌਰ ਵਿਚ ਪਾਸ਼ ਜਿਹੇ ਕਵੀ ਸਾਡੇ ਹੀਰੋ ਤੇ ਰੋਲ ਮੌਡਲ ਸਨ। ਉਨ੍ਹਾਂ ਦਿਨਾਂ ਦੌਰਾਨ ਵੀ ਭਾਵੇਂ ਅਸੀਂ ਦੇਵ, ਸਤੀ ਕੁਮਾਰ, ਹਰਨਾਮ ਜਿਹੇ ਪੰਜਾਬੀ ਕਵੀਆਂ ਨੂੰ ਪੜ੍ਹਦੇ ਅਤੇ ਪਸੰਦ ਕਰਦੇ ਸਾਂ ਪਰ ਜਿਸ ਤਰਾਂ ਦਾ ਅਸਰ ਪਾਸ਼ ਦਾ ਸੀ, ਉਸਦਾ ਕੋਈ ਮੁਕਾਬਲਾ ਨਹੀਂ ਸੀ। ਮੈਂ ਮੁਢਲੇ ਦਿਨਾਂ ਤੋਂ ਹੀ ਦੋਵੇਂ ਤਰਾਂ ਦੀ ਕਵਿਤਾ ਲਿਖਦਾ ਰਿਹਾਂ। ਤਰੰਨੁਮ ਵਿਚ ਪੇਸ਼ ਕੀਤੀ ਜਾ ਸਕਣ ਵਾਲੀ ਕਵਿਤਾ ਵੀ, ਜਿਸ ਨੂੰ ਅਲੋਚਨਾ ਦੀ ਭਾਸ਼ਾ ਵਿਚ ਪ੍ਰਗੀਤਕ ਕਵਿਤਾ ਕਿਹਾ ਜਾਂਦਾ ਹੈ, ਅਤੇ ਉਸ ਤਰਾਂ ਦੀ ਆਧੁਨਿਕ ਕਵਿਤਾ ਵੀ, ਜਿਸ ਨੂੰ ਅਸੀਂ ਆਮ ਕਰਕੇ ਖੁੱਲ੍ਹੀ ਕਵਿਤਾ ਕਹਿੰਦੇ ਹਾਂ। ਪਰ ਮੈਂ ਆਪਣੀਆਂ ਪ੍ਰਗੀਤਕ ਕਵਿਤਾਵਾਂ, ਗੀਤ ਆਦਿ ਕਦੇ ਛਪਵਾਏ ਨਹੀਂ। ਨਾ ਕਿਸੇ ਕਿਤਾਬ ਵਿਚ ਸ਼ਾਮਲ ਕੀਤੇ ਅਤੇ ਨਾ ਕਦੇ ਕਿਸੇ ਮੈਗਜ਼ੀਨ ਨੂੰ ਭੇਜੇ। ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਸਾਡੀ ਪੀੜ੍ਹੀ ਦੇ ਕਵੀਆਂ ਵਿਚ ਇਹ ਸੋਚ ਭਾਰੂ ਸੀ ਕਿ ਤੁਕਬੰਦੀ ਵਾਲੀ, ਗਾਈ ਜਾਣ ਵਾਲੀ ਜਾਂ ਤਰੰਨੁਮ ਵਿਚ ਪੇਸ਼ ਕੀਤੀ ਜਾਣ ਵਾਲੀ ਕਵਿਤਾ ਨੀਵੇਂ ਦਰਜੇ ਦੀ ਕਵਿਤਾ ਹੈ। ਅਸੀਂ ਇਸ ਨੂੰ ਪੁਰਾਣੇ ਜ਼ਮਾਨੇ ਦੀ ਕਵਿਤਾ ਸਮਝਦੇ ਸਾਂ। ਅਸੀਂ ਸੋਚਦੇ ਸਾਂ ਕਿ ਵੱਖ ਵੱਖ ਸ਼ਹਿਰਾਂ, ਕਸਬਿਆਂ ਵਿਚ ਬਣੀਆਂ ਲਿਖਾਰੀ ਸਭਾਵਾਂ ਵਿਚ ਜਾਣ ਵਾਲੇ ਕਵੀ ਅਜਿਹੀ ਕਵਿਤਾ ਲਿਖਦੇ ਹਨ ਜਾਂ ਇਸ ਤਰਾਂ ਦੀ ਕਵਿਤਾ ਲਿਖਣ ਵਾਲੇ ਗੁਰੁਦੁਆਰਿਆਂ ਵਿਚ ਹੁੰਦੇ ਕਵੀ ਦਰਬਾਰਾਂ ਵਿਚ ਜਾਂਦੇ ਹਨ। ਅਜਿਹੀ ਧਾਰਨਾ ਨੂੰ ਸਾਹਿਤ ਅਲੋਚਨਾ ਦੀ ਇਕ ਭਾਰੂ ਧਾਰਾ ਵੀ ਮਜ਼ਬੂਤ ਕਰਦੀ ਸੀ। ਸਾਹਿਤ ਅਲੋਚਕਾਂ ਦਾ ਇਹ ਵਰਗ ਇਹ ਧਾਰਨਾ ਰੱਖਦਾ ਸੀ ਕਿ ਆਧੁਨਿਕ ਜੀਵਨ ਦੀ ਜਟਿਲਤਾ ਨੂੰ ਪੇਸ਼ ਕਰਨ ਲਈ ਤੁਕਬੰਦੀ ਵਾਲੀ ਕਵਿਤਾ, ਗੀਤ, ਗਜ਼ਲ ਆਦਿ ਉਚਿਤ ਮਾਧਿਅਮ ਨਹੀਂ ਹਨ। ਸੁਚੇਤ ਪੱਧਰ ਤੇ ਮੈਂ ਵੀ ਇਸ ਤਰਾਂ ਦੀ ਸੋਚ ਦਾ ਪ੍ਰਭਾਵ ਮੰਨਦਾ ਸਾਂ ਭਾਵੇਂ ਅੰਦਰੋ ਅੰਦਰੀ ਗੀਤ ਅਤੇ ਪ੍ਰਗੀਤਕ ਨਜ਼ਮ ਲਿਖਦਾ ਰਹਿੰਦਾ ਸਾਂ। ਪਰ ਉਸ ਤਰਾਂ ਦੀ ਕਵਿਤਾ ਨੂੰ ਬਾਹਰ ਲਿਆਉਣ ਦੀ ਮੈਂ ਕਦੇ ਹਿੰਮਤ ਨਹੀਂ ਕੀਤੀ।
ਹੌਲੀ ਹੌਲੀ ਸਮੇਂ ਅਤੇ ਅਨੁਭਵ ਨਾਲ ਤਰਾਂ ਤਰਾਂ ਦੀਆਂ ਵਿਚਾਰਧਾਰਾਵਾਂ ਦਾ ਅਸਰ ਕੁੱਝ ਨਰਮ ਪੈਂਦਾ ਰਿਹਾ ਅਤੇ ਮੈਂ ਇਹ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਕਿਸੇ ਵੀ ਸਾਹਿਤ ਰਚਨਾ ਨੂੰ ਵੱਡੀ ਜਾਂ ਛੋਟੀ ਕੋਈ ਵਿਧਾ ਨਹੀਂ ਬਣਾਉਦੀ ਬਲਕਿ ਲਿਖਣ ਵਾਲੇ ਦੀ ਸਾਹਿਤਕ ਪ੍ਰਤਿਭਾ ਬਣਾਉਂਦੀ ਹੈ। ਜੇ ਕੋਈ ਰਚਨਾਕਾਰ ਸੱਚਮੁੱਚ ਕਵੀ ਹੈ ਤਾਂ ਉਹ ਗਜ਼ਲ ਜਿਹੀ ਵਿਧਾ ਵਿਚ ਵੀ ਬੇਅੰਤ ਗਹਿਰਾਈ ਲਿਆ ਸਕਦਾ ਹੈ ਅਤੇ ਜੇ ਸਮਰਥ ਨਾ ਹੋਵੇ ਤਾਂ ਭਾਵੇਂ ਕਿੰਨੀਆਂ ਹੀ ਆਧੁਨਿਕ ਵਿਧਾਵਾਂ ਅਪਣਾਏ, ਉਹ ਪੇਤਲੀਆਂ ਹੀ ਰਹਿੰਦੀਆਂ ਹਨ।
2009 ਵਿਚ ਮੈਂ ਆਪਣੀ ਕਵਿਤਾ ਦੀ ਦੂਜੀ ਕਿਤਾਬ ‘ਓ ਮੀਆਂ’ ਵਿਚ ਭੂਮਿਕਾ ਦੇ ਤੌਰ ਤੇ ਛਾਪਣ ਲਈ ਸਮਕਾਲੀ ਪੰਜਾਬੀ ਕਵਿਤਾ ਬਾਰੇ ਇਕ ਲੇਖ ਲਿਖਣ ਲੱਗਿਆ ਸਾਂ। ਇਹ ਲੇਖ ਲਿਖਣ ਲਈ ਮੈਂ ਇਕ ਵਾਰ ਫੇਰ ਸਮਕਾਲੀ ਅਤੇ ਕੁੱਝ ਦੂਜੇ ਆਧੁਨਿਕ ਪੰਜਾਬੀ ਕਵੀਆਂ ਨੂੰ ਦੁਬਾਰਾ ਪੜ੍ਹਿਆ। ਇਹ ਪੜ੍ਹਦਿਆਂ ਮੈਂ ਪਹਿਲੀ ਵਾਰ ਇਕ ਸ਼ਾਇਰ ਦੇ ਤੌਰ ਤੇ ਸੁਰਜੀਤ ਪਾਤਰ ਹੋਰਾਂ ਦੀ ਵਡਿਆਈ ਨੂੰ ਪਹਿਲੀ ਵਾਰ ਮਹਿਸੂਸ ਕੀਤਾ। ਸ਼ਿਵ ਕੁਮਾਰ ਦੀ ਮਹਾਨਤਾ ਦਾ ਅਹਿਸਾਸ ਮੈਂਨੂੰ ਪਹਿਲੀ ਵਾਰ ਹੋਇਆ। ਇਸੇ ਪ੍ਰਕਿਰਿਆ ਦੌਰਾਨ ਮੇਰੇ ਆਪਣੇ ਅੰਦਰੋਂ ਉਹ ਝਾਕਾ ਜਾਂ ਹੀਣ ਭਾਵਨਾ ਵੀ ਖਤਮ ਹੋਈ, ਜਿਹੜੀ ਮੈਂ ਆਪਣੀ ਪ੍ਰਗੀਤਕ ਕਵਿਤਾ ਬਾਰੇ ਬਣਾਈ ਹੋਈ ਸੀ। ਇਨ੍ਹਾਂ ਦਿਨਾਂ ਦੌਰਾਨ ਹੀ ਮੇਰੇ ਮਨ ਵਿਚ ਇਹ ਖਿਆਲ ਪੈਦਾ ਹੋਇਆ ਕਿ ਤਰੰਨੁਮ ਵਾਲੀ ਸ਼ਾਇਰੀ ਨੂੰ ਵੀ ਸਾਹਮਣੇ ਲਿਆਂਦਾ ਜਾਵੇ। ਇਸੇ ਮਕਸਦ ਨਾਲ ਤਰੰਨੁਮ ਵਾਲੀ ਸ਼ਾਇਰੀ ਦੀ ਔਡੀਓ ਸੀਡੀ ਤਿਆਰ ਕਰਨ ਦਾ ਇਰਾਦਾ ਕਰ ਲਿਆ।
ਇਸ ਸੀਡੀ ਦੀ ਤਿਆਰੀ ਦੌਰਾਨ ਜੈਨ ਸਾਹਿਬ ( ਹਰੀਸ਼ ਜੈਨ) ਨਾਲ ਵੀ ਗੱਲ ਹੁੰਦੀ ਰਹੀ। ਜੈਨ ਸਾਹਿਬ ਆਪਣੀ ਪਬਲੀਕੇਸ਼ਨ ਲੋਕਗੀਤ ਪ੍ਰਕਾਸ਼ਨ ਅਤੇ ਯੂਨੀਸਟਾਰ ਬੁਕਸ ਜ਼ਰੀਏ ਪਿਛਲੇ ਤਿੰਨ ਦਹਾਕੇ ਤੋਂ ਪੰਜਾਬੀ ਸਾਹਿਤ ਜਗਤ ਨਾਲ ਜੁੜੇ ਹਨ। ਉਹ ਵੀ ਵਾਰ ਵਾਰ ਇਸ ਗੱਲ ਤੇ ਜ਼ੋਰ ਦਿੰਦੇ ਰਹਿੰਦੇ ਹਨ ਕਿ ਤਰਾਂ ਤਰਾਂ ਦੀਆਂ ਆਧੁਨਿਕ ਸੋਚ ਪ੍ਰਣਾਲੀਆਂ ਦੇ ਅਸਰ ਸਦਕਾ ਅਸੀਂ ਜਦੋਂ ਕਵਿਤਾ ਨੂੰ ਸਿਰਫ ਪੜ੍ਹਨ ਵਾਲੀ ਚੀਜ਼ ਬਣਾ ਦਿੱਤਾ ਤਾਂ ਖੁਦ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ। ਉਨਾਂ ਦਾ ਕਹਿਣਾ ਹੈ ਕਿ ਕਵਿਤਾ ਦੀ ਸਾਡੀ ਸਾਰੀ ਪਰੰਪਰਾ ਇਸ ਗੱਲ ਤੇ ਖੜ੍ਹੀ ਸੀ ਕਿ ਕਵੀ ਅਤੇ ਸੁਣਨ ਵਾਲਿਆਂ ਵਿਚਕਾਰ ਹਮੇਸ਼ਾ ਇਕ ਸਜਿੰਦ ਰਿਸ਼ਤਾ ਰਹਿੰਦਾ ਸੀ। ਕਵੀ ਦੇ ਮਨ ਤੇ ਇਹ ਗੱਲ ਹਮੇਸ਼ਾ ਭਾਰੂ ਰਹਿੰਦੀ ਸੀ ਕਿ ਉਹ ਜੋ ਵੀ ਲਿਖ ਰਿਹਾ ਹੈ, ਉਹ ਕਿਸੇ ਦੇ ਸਾਹਮਣੇ ਸੁਣਾਉਣ ਲਈ ਲਿਖ ਰਿਹਾ ਹੈ। ਜਦ ਇਹ ਖਿਆਲ ਮਨ ਵਿਚ ਹੁੰਦਾ ਸੀ ਤਾਂ ਇਸ ਨਾਲ ਕਵੀ ਅਤੇ ਕਵਿਤਾ ਦਾ ਸੁਣਨ ਵਾਲਿਆਂ ਨਾਲ ਰਿਸ਼ਤਾ ਬਣਿਆ ਰਹਿੰਦਾ ਸੀ। ਕੋਈ ਵੀ ਕਵੀ ਅਜਿਹੀ ਕਵਿਤਾ ਲਿਖਣ ਦਾ ਜ਼ੋਖਮ ਨਹੀਂ ਸੀ ਉਠਾ ਸਕਦਾ, ਜਿਸ ਨਾਲ ਕੋਈ ਵੀ ਦੂਸਰਾ ਨਾ ਜੁੜ ਸਕੇ। ਇਸ ਦੌਰ ਵਿਚ ਹੀ ਗੁਰਬਾਣੀ ਤੋਂ ਲੈ ਕੇ ਕਿੱਿਸਆਂ ਤੱਕ, ਬਹੁਤ ਉਚ ਪਾਏ ਦੀ ਰਚਨਾ ਹੋਈ ਹੈ। ਕਵੀ ਦਰਬਾਰਾਂ, ਮੁਸ਼ਾਇਰਿਆਂ ਦੀ ਪਰੰਪਰਾ ਵਿਚ ਵੀ ਕਵੀਆਂ ਅੰਦਰ ਇਹ ਖਿਆਲ ਹਮੇਸ਼ਾ ਕਾਇਮ ਰਹਿੰਦਾ ਸੀ ਕਿ ਸੁਣਨ ਵਾਲਿਆਂ ਨਾਲ ਕੋਈ ਰਾਬਤਾ ਬਣਾਉਣਾ ਹੈ। ਪਰ ਜਦ ਕਵੀ ਦਰਬਾਰਾਂ ਅਤੇ ਕਵਿਤਾ ਸੁਣਾਉਣ ਦੀ ਪਰੰਪਰਾ ਖਤਮ ਹੋ ਗਈ ਤਾਂ ਕਵਿਤਾ ਸਿਰਫ ਪੜ੍ਹਨ ਵਾਲੀ ਚੀਜ਼ ਰਹਿ ਗਈ। ਇਸ ਸਥਿਤੀ ਦਾ ਇਹ ਨੁਕਸਾਨ ਹੋਇਆ ਕਿ ਕਵੀਆਂ ਨੇ ਅਜਿਹੀ ਕਵਿਤਾ ਲਿਖਣੀ ਸ਼ੁਰੂ ਕਰ ਦਿਤੀ , ਜਿਸਦੇ ਅੰਦਰ ਸੁਣਨ ਵਾਲਿਆਂ ਨਾਲ ਰਾਬਤਾ ਬਣਾਉਣ ਦੀ ਸਮਰਥਾ ਗੁਆਚ ਗਈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਬਹੁਤ ਸਾਰੇ ਨਾਮੀ ਪੰਜਾਬੀ ਕਵੀਆਂ ਦੀ ਕਵਿਤਾ ਦੀ ਕਿਤਾਬ ਨੂੰ ਸਾਰੇ ਪੰਜਾਬ ਵਿਚ ਖਰੀਦਣ ਵਾਲੇ 50 ਲੋਕ ਵੀ ਨਹੀਂ ਹੁੰਦੇ। ਇਸ ਤਰਾਂ ਦੀ ਕਵਿਤਾ ਦੀ ਗੰਭੀਰਤਾ ਅਤੇ ਕਵੀਆਂ ਦੀ ਪ੍ਰਤਿਭਾ ਤੇ ਕੋਈ ਸ਼ੱਕ ਨਹੀਂ ਹੈ। ਪਰ ਸੁਆਲ ਪੈਦਾ ਹੁੰਦਾ ਹੈ ਕਿ ਜੇ ਤੁਹਾਡੀ ਕਿਤਾਬ ਨੂੰ ਸਾਰੇ ਪੰਜਾਬੀ ਸਮਾਜ ਵਿਚ ਵੀਹ ਪੰਜਾਹ ਲੋਕਾਂ ਤੋਂ ਵੱਧ ਕੋਈ ਨਾ ਪੜ੍ਹੇ ਤਾਂ ਅਜਿਹੀ ਰਚਨਾ ਦਾ ਕੀ ਮਕਸਦ ਰਹਿ ਜਾਂਦਾ ਹੈ?
ਇਸ ਤਰਾਂ ਦੀ ਸਥਿਤੀ ਵਿਚ ਮੇਰੇ ਮਨ ਅੰਦਰ ਇਹ ਖਿਆਲ ਆ ਰਿਹਾ ਹੈ ਕਿ ਕਵਿਤਾ ਦਾ ਸਰੋਤਿਆਂ ਨਾਲ, ਜ਼ਿਆਦਾ ਤੋਂ ਜ਼ਿਆਦਾ ਸਰੋਤਿਆ ਨਾਲ ਜੁੜ ਸਕਣਾ ਇਸ ਦੀ ਤਾਕਤ ਹੈ, ਕਮਜ਼ੋਰੀ ਨਹੀਂ। ਸਾਨੂੰ ਆਧੁਨਿਕਤਾ ਅਤੇ ਪਰੰਪਰਾ ਵਿਚਕਾਰ ਇਕ ਸੰਤੁਲਨ ਅਤੇ ਜੋੜ ਬਣਾਉਣਾ ਪਵੇਗਾ। ਸਾਡੇ ਸਾਹਮਣੇ ਸੁਰਜੀਤ ਪਾਤਰ ਇਸ ਦੀ ਇਕ ਸਾਖਸ਼ਾਤ ਮਿਸਾਲ ਹਨ। ਉਨ੍ਹਾਂ ਦੀ ਕਵਿਤਾ ਅੰਦਰ ਆਧੁਨਿਕ ਜੀਵਨ ਦੀ ਹਰ ਤਰਾਂ ਦੀ ਜਟਿਲਤਾ ਨੂੰ ਪਕੜਨ ਦੀ ਸਮਰੱਥਾ ਵੀ ਹੈ ਅਤੇ ਸਰੋਤਿਆਂ ਨਾਲ ਜੁੜ ਸਕਣ ਦੀ ਤਾਕਤ ਵੀ।
ਮੇਰੀ ਇਹ ਐਲਬਮ ਤਾਂ ਬੇਸ਼ੱਕ ਮੇਰੇ ਆਪਣੇ ਮਨ ਦੀਆਂ ਗੁੰਝਲਾਂ ਸਿੱਧੀਆਂ ਕਰਦਿਆਂ ਹੀ ਬਣ ਗਈ। ਪਰ ਇਸ ਸਾਰੇ ਅਮਲ ਨੇ ਮੈਨੂੰ ਇਸ ਹੀਣ ਭਾਵਨਾ ਤੋਂ ਵੀ ਮੁਕਤ ਕੀਤਾ ਹੈ ਕਿ ਸਾਨੂੰ ਕਵਿਤਾ ਸੁਣਾਉਣ ਦੀ ਪਰੰਪਰਾ ਨੂੰ ਦੁਬਾਰਾ ਜਗਾਉਣਾ ਪਵੇਗਾ। ਸੁਣਾਈ ਜਾਣ ਵਾਲੀ ਕਵਿਤਾ ਸਿਰਫ ਤਰੰਨੁਮ ਦੇ ਰੂਪ ਵੀ ਹੀ ਨਹੀਂ ਹੁੰਦੀ। ਜਿਸ ਨੂੰ ਖੁਲ੍ਹੀ ਕਵਿਤਾ ਕਹਿੰਦੇ ਹਾਂ, ਉਸ ਨੂੰ ਵੀ ਸੁਣਾਉਣ ਅਤੇ ਪੇਸ਼ ਕਰਨ ਦੀ ਇਕ ਵਿਧੀ ਹੈ। ਪਾਸ਼ ਦੀ ਜ਼ਿਆਦਾਤਰ ਕਵਿਤਾ ਖੁਲ੍ਹੀ ਹੈ। ਪਰ ਉਸ ਅੰਦਰ ਸਰੋਤਿਆਂ ਨਾਲ ਜੁੜਨ ਦੀ ਤਾਕਤ ਹੈ, ਉਸਦੀ ਸੰਬੋਧਨੀ ਸੁਰ ਕਰਕੇ। ਅੱਜ ਦੇ ਦੌਰ ਤੇ ਸਾਡੇ ਕਈ ਕਵੀਆਂ ਕੋਲ ਕਵਿਤਾ ਨੂੰ ਇਕ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕਰਨ ਅਤੇ ਸਰੋਤਿਆਂ ਨਾਲ ਜੁੜਨ ਦੀ ਤਾਕਤ ਹੈ। ਉਸ ਨੂੰ ਸੁਚੇਤ ਪੱਧਰ ਤੇ ਉਤਸ਼ਾਹਿਤ ਕੀਤੇ ਬਗੈਰ ਕਵਿਤਾ ਦੇ ਦਿਨ ਬ ਦਿਨ ਸੁੰਗੜ ਰਹੇ ਘੇਰੇ ਨੂੰ ਜ਼ਰਾ ਕੁ ਖੋਲ੍ਹਣਾ ਸੰਭਵ ਨਹੀਂ ਹੋਵੇਗਾ।
ਨਵਤੇਜ ਭਾਰਤੀ, ਜਸਵੰਤ ਦੀਦ, ਸੁਖਪਾਲ, ਦੇਵਨੀਤ ਜਿਹੇ ਸਾਡੇ ਅੱਜ ਦੇ ਨਿਰੋਲ ਆਧੁਨਿਕ ਕਿਸਮ ਦੀ ਕਵਿਤਾ ਲਿਖਣ ਵਾਲੇ ਕਵੀ ਹਨ। ਨਵਤੇਜ ਭਾਰਤੀ, ਦੀਦ, ਸੁਖਪਾਲ ਦੀ ਕਵਿਤਾ ਅੰਦਰ ਬਿਰਤਾਂਤਕ ਅੰਸ਼ ਹੈ, ਜਿਹੜਾ ਕਵਿਤਾ ਅੰਦਰ ਕਹਾਣੀ ਕਲਾ ਜਿਹਾ ਰੰਗ ਭਰ ਦਿੰਦਾ ਹੈ। ਦੇਵਨੀਤ ਅੰਦਰ ਸ਼ਬਦਾਂ ਨੂੰ ਚਿਤਰਕਾਰਾਂ ਵਾਂਗ ਸਜਾਉਣ ਅਤੇ ਟਿਕਾਉਣ ਦੀ ਤਾਕਤ ਹੈ ਅਤੇ ਇਸ ਚੀਜ਼ ਨੂੰ ਉਹ ਬਹੁਤ ਨਾਟਕੀ ਰੰਗ ਵਿਚ ਪੇਸ਼ ਕਰ ਸਕਦਾ ਹੈ। ਇਨ੍ਹਾਂ ਕਵੀਆਂ ਨੂੰ ਸੁਣਦਿਆਂ ਮੈਂ ਇਹ ਮਹਿਸੂਸ ਕੀਤਾ ਕਿ ਬੇਸ਼ੱਕ ਇਹ ਲੋਕ ਤਰੰਨੁਮ ਵਿਚ ਕਵਿਤਾ ਨਹੀਂ ਪੇਸ਼ ਕਰਦੇ, ਪਰ ਇਹ ਵੱਖਰੇ ਤਰੀਕੇ ਨਾਲ ਕਵਿਤਾ ਤੇ ਸੰਚਾਰ ਦੇ ਸੁਆਲ ਨੂੰ ਬਹੁਤ ਖੁਬਸੂਰਤੀ ਨਾਲ ਹੱਲ ਕਰਦੇ ਹਨ। ਇਸ ਪਹਿਲੂ ਵੱਲ ਧਿਆਨ ਦਿਤੇ ਬਗੈਰ ਅਸੀਂ ਕਵਿਤਾ ਨੂੰ ਹੋਰ ਹੋਰ ਸੁੰਗੜਦੇ ਜਾਣ ਤੋਂ ਨਹੀਂ ਬਚਾ ਸਕਾਂਗੇ।
ਆਪਣੀ ਕਵਿਤਾ ਦੀ ਐਲਬਮ ਵਿਚੋਂ ਦੋ ਨਜ਼ਮਾਂ/ਗੀਤਾਂ ਦਾ ਲਿੰਕ ਇਥੇ ਦੇ ਰਿਹਾ ਹਾਂ। ਇਨ੍ਹਾਂ ਵਿਚ ਆਡੀਓ ਦੇ ਨਾਲ ਨਾਲ ਵੀਜ਼ੂਅਲ ਅੰਸ਼ ਵੀ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ:
ਮੇਰੇ ਦੋਸਤਾਂ ਵਿੱਚੋਂ ਜਿਸ ਕਿਸੇ ਨੇ ਵੀ ‘ਜੋਗੀ’ ਸੁਣੀ ਉਹਨੇ ਧੁਨਾਂ ਪਿੱਛੇ ਕਾਰਜਸ਼ੀਲ ਰੂਹਾਨੀ ਸੁਹੱਪਣ ਵਿੱਚ ਇਸ਼ਨਾਨ ਤੋਂ ਬਾਅਦ ਦੀ ਤਾਜ਼ਗੀ ਨਾਲ ਸਾਂਤ ,ਸਹਿਜ ਅਤੇ ਉੱਦਾਤ ਅਨੰਦ ਮਾਣਿਆ.ਅਸਲ ਵਿੱਚ ਉਹ ਮੌਲਿਕ ਅਹਿਸਾਸ ਸ਼ਾਇਦ ਸ਼ਬਦਾਂ ਵਿੱਚ ਮਿਓਣ ਤੋਂ ਨਾਬਰ ਹੈ.
thanks Charan ji. tuhaade kavita prem da mae kayal han