ਗੁਲਾਮ ਅਲੀ ਦੁਆਰਾ ਗਾਈ ਗਈ ਪੰਜਾਬੀ ਗਜ਼ਲ ‘ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ’ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਇਹ ਅਸਲ ਵਿਚ ਗਾਲਿਬ ਦੀ ਰਚਨਾ ਹੈ। ਗਾਲਿਬ ਦੀ ਮੂਲ ਰਚਨਾ ਫਾਰਸੀ ਵਿਚ ਸੀ ਅਤੇ ਸੂਫੀ ਤਬੱਸਮ ਦੁਆਰਾ ਉਸਦਾ ਪੰਜਾਬੀ ਅਨੁਵਾਦ ਕੀਤਾ ਗਿਆ। ਗੁਲਾਮ ਅਲੀ ਦੁਆਰਾ ਗਾਇਆ ਗਿਆ ਪੰਜਾਬੀ ਅਨੁਵਾਦ ਐਨਾ ਪੌਪੂਲਰ ਹੋਇਆ ਕਿ ਪੰਜਾਬੀ ਗਾਇਕੀ ਨੂੰ ਸੁਣਨ ਵਾਲਾ ਸ਼ਾਇਦ ਹੀ ਕੋਈ ਹੋਵੇ, ਜਿਸ ਨੂੰ ਇਸ ਗਜ਼ਲ ਬਾਰੇ ਨਾ ਪਤਾ ਹੋਵੇ। ਚਰਨ ਗਿੱਲ ਸਾਡੇ ਸੀਨੀਅਰ ਦੋਸਤ ਹਨ। ਗਿੱਲ ਸਾਹਬ ਪ੍ਰਗਤੀਵਾਦੀ ਸਿਆਸੀ ਖਿਆਲਾਂ ਨਾਲ ਤਾਂ ਜੁੜੇ ਹੀ ਹਨ, ਨਾਲੋ ਨਾਲ ਸਾਹਿਤ ਨਾਲ ਉਨਾਂ ਦਾ ਲਗਾਓ ਵੀ ਬੜਾ ਗਹਿਰਾ ਹੈ। ਬਹੁਤ ਘੱਟ ਲੋਕ ਹਨ,ਜਿਹੜੇ ਉਨਾਂ ਵਾਂਗ ਲਗਾਤਾਰ ਕੁੱਝ ਨਾ ਕੁੱਝ ਸਿੱਖਦੇ ਰਹਿੰਦੇ ਹਨ। ਕੁੱਝ ਅਰਸਾ ਪਹਿਲਾਂ ਉਨਾਂ ਨੂੰ ਫਾਰਸੀ ਸਿੱਖਣ ਦਾ ਸ਼ੌਕ ਪੈਦਾ ਹੋਇਆ ਅਤੇ ਥੋੜ੍ਹੀ ਦੇਰ ਦੀ ਮਿਹਨਤ ਤੋਂ ਬਾਅਦ ਹੀ ਉਨਾਂ ਫਾਰਸੀ ਦੀ ਐਨੀ ਕੁ ਮੁਹਾਰਤ ਹਾਸਲ ਕਰ ਲਈ ਹੈ ਕਿ ਫਾਰਸੀ ਸਾਹਿਤ ਦੀਆਂ ਵਿਸ਼ਵ ਪ੍ਰਸਿੱਧ ਕਿਰਤਾਂ ਨੂੰ ਮੂਲ ਫਾਰਸੀ ਵਿਚ ਪੜ੍ਹ ਸਕਦੇ ਹਨ। ਚਰਨ ਗਿੱਲ, ਉਨਾਂ ਦਾ ਬੇਟਾ ਸਤਦੀਪ ਗਿੱਲ ਅਤੇ ਬੇਟੀ ਕਲਾਰਾ ਫੇਸਬੁੱਕ ਕਮਿਉਨਿਟੀ ਵਿਚ ਵੀ ਕਾਫੀ ਸਰਗਰਮ ਹਨ। ਚਰਨ ਗਿੱਲ ਹੋਰਾਂ ਰਾਹੀਂ ਹੀ ਗਾਲਿਬ ਦੀ ਮੂਲ ਫਾਰਸੀ ਗਜ਼ਲ ਮੇਰੇ ਧਿਆਨ ਵਿਚ ਆਈ ਹੈ। ਸੂਫੀ ਤਬੱਸਮ ਦੁਆਰਾ ਕੀਤਾ ਗਿਆ ਪੰਜਾਬੀ ਤਰਜਮਾ ਅਤੇ ਗਾਲਿਬ ਦੀ ਮੂæਲ ਫਾਰਸੀ ਰਚਨਾ ਇਥੇ ਸਾਂਝੀ ਕਰ ਰਿਹਾ ਹਾਂ:
ਸ਼ਮੀਲ
ਸੂਫੀ ਤਬੱਸਮ ਦੁਆਰਾ ਕੀਤਾ ਪੰਜਾਬੀ ਤਰਜਮਾ
ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ, ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ
ਐਵੇਂ ਲੜਨ ਬਹਾਨੜੇ ਲਭਨਾ ਏਂ । ਕੀ ਤੂ ਸੋਚਨਾਂ ਏਂ ਸਿਤਮਗਾਰ ਆ ਜਾ
ਭਾਵਂੇ ਹਿਜਰ ਤੇ ਭਾਵੇਂ ਵਿਸਾਲ ਹੋਵੇ , ਵਖੋ ਵਖ ਦੋਹਾਂ ਦੀਆਂ ਲੱਜ਼ਤਾਂ ਨੇ
ਮੇਰੇ ਸੋਹਣਿਆ ਜਾ ਹਜ਼ਾਰ ਵਾਰੀ, ਆ ਜਾ ਪਿਆਰਿਆ ਤੇ ਲੱਖ ਵਾਰ ਆ ਜਾ
ਇਹ ਰਿਵਾਜ ਮਸਜਿਦਾਂ ਮੰਦਰਾਂ ਦਾ, ਉਥੇ ਹਸਤੀਆਂ ਤੇ ਖ਼ੁਦ ਪਰਸਤੀਆਂ ਨੇ
ਮੈਖ਼ਾਨੇ ਵਿਚ ਮਸਤੀਆਂ ਈ ਮਸਤੀਆਂ ਨੇ, ਹੋਸ਼ ਕਰ ਬਣ ਕੇ ਹੁਸ਼ਿਆਰ ਆ ਜਾ
ਤੂੰ ਸਾਦਾ ਤੇ ਤੇਰਾ ਦਿਲ ਸਾਦਾ , ਤੈਨੂੰ ਐਂਵੇਂ ਰਕੀਬ ਕੁਰਾਹ ਪਾਇਆ
ਜੇ ਤੂ ਮੇਰੇ ਜਨਾਜ਼ੇ ਤੇ ਨਹੀਂ ਆਇਆ, ਰਾਹ ਤੱਕਦਾ ਤੇਰੀ ਮਜ਼ਾਰ ਆ ਜਾ
ਸੁੱਖੀ ਵਸਣਾ ਜੇ ਤੂੰ ਚਾਹੁਨਾ ਏਂ ਮੇਰੇ ਗ਼ਾਲਬਾ ਏਸ ਜਹਾਨ ਅੰਦਰ
ਆਜਾ ਰਿੰਦਾਂ ਦੀ ਬਜ਼ਮ ਵਿਚ ਆ ਬਹਿ ਜਾ, ਇਥੇ ਬੈਠਦੇ ਨੇ ਖ਼ਾਕਸਾਰ ਆ ਜਾ
ਗਾਲਿਬ ਦੀ ਮੂਲ ਫਾਰਸੀ ਰਚਨਾ
ਜ਼ ਮਨ ਗਰਤ ਨਾ ਬੂਦ ਬਾਵਰ ਇੰਤਜ਼ਾਰ ਬੀਆ
ਬਹਾਨਾ ਜੂਏ ਮਬਾਸ਼ ਓ ਸਤੀਜ਼ਾਕਾਰ ਬੀਆ
ਬਾ ਯਕ ਦੋ ਸ਼ਿਵਾ ਸਿਤਮ ਦਿਲ ਨਮੀ ਸ਼ੁੱਦ ਖ਼ੁਰਸੰਦ
ਬਾ ਮਰਗੇ ਮਨ, ਕਿ ਬਾ ਸਾਮਾਨੇ ਰੁਜ਼ਗਾਰ ਬੀਆ
ਹਲਾਕੇ ਸ਼ਿਵਾ ਤਮਕੀਂ ਮਖ਼ਵਾਹ ਮਸਤਾਂ ਰਾ
ਇਨਾਂ ਗਸਸਤਾ ਤਰ ਅਜ਼ ਬਾਦੇ ਨੌ ਬਹਾਰ ਬੀਆ
ਜ਼ ਮਾ ਗਸਸਤੀ ਓ ਬਾ ਦੀਗਰਾਂ ਗਿਰੌ ਬਸਤੀ
ਬੀਆ ਕਿ ਅਹਦੇ ਵਫ਼ਾ ਨੇਸਤ ਉਸਤਵਾਰ ਬੀਆ
ਵਿਦਾ ਓ ਵਸਲ ਜੁਦਾਗਾਨਾ ਲੱਜ਼ਤੇ ਦਾਰਦ
ਹਜ਼ਾਰ ਬਾਰ ਬਰੂ , ਸੱਦ ਹਜ਼ਾਰ ਬਾਰ ਬੀਆ
ਤੋ ਤਿਫ਼ਲ ਸਾਦਾ ਦਿਲੋ ਹਮਨਸ਼ੀਂ ਬਦ ਆਮੋਜ਼ਸਤ
ਜਨਾਜ਼ਾ ਗਰ ਨਾ ਤਵਾਂ ਦੀਦ ਬਰ ਮਜ਼ਾਰ ਬੀਆ
ਫ਼ਰੇਬ ਖ਼ੋਰਦਾ ਨਾਜ਼ਿਮ, ਚਿਹਾ ਨਮੀ ਖ਼ਵਾਹਮ
ਯੱਕੇ ਬਾ ਪੁਰਸਸ਼ ਜਾਨੇ ਉਮੀਦਵਾਰ ਬੀਆ
ਜ਼ ਖੂ ਏ ਤਸਤ ਨਹਾਦੇ ਸ਼ਕੀਬ ਨਾਜ਼ੁਕ ਤਰ
ਬੀਆ ਕਿ ਦਸਤੋ ਦਲਮ ਮੀ ਰੋਦ ਜ਼ ਕਾਰ ਬੀਆ
ਰਵਾਜੇ ਸੋਮਾਹ ਹਸਤੀਸਤ, ਜ਼ੀਨਹਾਰ ਮਰੋ
ਮਤਾਆਇ ਮੈਕਦਾ ਮਸਤੀਸਤ, ਹੁਸ਼ਿਆਰ ਬੀਆ
ਹਿਸਾਰ ਆਫ਼ੀਤੇ ਗਰ ਹੋਸ ਕੁਨੀ ਗ਼ਾਲਿਬ
ਚੋ ਮਾ ਬਾ ਹਲਕਾ ਰਿੰਦਾਨੇ ਖ਼ਾਕਸਾਰ ਬੀਆ
ਟਿੱਪਣੀ ਕਰੋ ਜਾਂ ਕੁਝ ਪੁੱਛੋ