ਨਾਦ

contemporary punjabi poetry

ਸਾਧੂ

ਇੱਕ ਗੱਲ ਪਿਛਲੇ ਕੁੱਝ ਸਮੇਂ ਤੋਂ ਮੈਨੂੰ ਅੰਦਰੋਂ ਹਲੂਣ ਰਹੀ ਹੈ ਕਿ ਸਾਡੀ ਪਰੰਪਰਾ ਵਿਚ ਸ਼ੁਰੂ ਦੇ ਦਿਨਾਂ ਵਿਚ ਸਾਧੂ ਕੌਣ ਲੋਕ ਹੋਏ? ਉਹ ਕਿਹੜੇ ਲੋਕ ਸਨ, ਜਿਹੜਾ ਘਰ ਬਾਰ, ਦੁਨੀਆਦਾਰੀ, ਸਾਰਾ ਕੁੱਝ ਤਿਆਗਕੇ, ਭਗਵੇਂ ਕੱਪੜੇ ਪਾਕੇ ਜੰਗਲਾਂ ਵੱਲ ਨਿਕਲ ਤੁਰੇ। ਅੱਜ ਸਾਡੇ ਮਨ ਵਿਚ ਸਾਧੂਆਂ ਦਾ ਇਮੇਜ ਹੋਰ ਤਰਾਂ ਦਾ ਹੈ। ਹੁਣ ਅਸੀਂ ਸਮਝਦੇ ਹਾਂ ਕਿ ਜੋ ਵਿਹਲੇ ਅਤੇ ਨਿਕੰਮੇ ਲੋਕ ਹੁੰਦੇ ਹਨ, ਉਹ ਸਾਧਾਂ ਦੇ ਰੂਪ ਵਿਚ ਮੰਗ ਖਾਣ ਦਾ ਧੰਦਾ ਸ਼ੁਰੂ ਕਰ ਲੈਂਦੇ ਹਨ। ਇਸ ਅੱਜ ਦੀ ਅਸਲੀਅਤ ਹੈ। ਇਹ ਸਾਧੂਆਂ ਦਾ ਵਿਗੜਿਆ ਹੋਇਆ ਰੂਪ ਹੈ। ਹਰ ਪ੍ਰਥਾ, ਹਰ ਪਰੰਪਰਾ ਵਿਚ ਇਸ ਤਰਾਂ ਗਿਰਾਵਟ ਆਉਂਦੀ ਹੈ। ਜਦ ਕਮਿਊਨਿਸਟ ਲਹਿਰ ਸ਼ੁਰੂ ਹੋਈ ਤਾਂ ਸ਼ੁਰੂ ਵਿਚ ਜਿਹੜੇ ਲੋਕ ਕਮਿਊਨਿਸਟ ਲਹਿਰ ਵੱਲ ਖਿੱਚੇ ਗਏ, ਉਹ ਲੋਕ ਸਾਡੇ ਸਮਾਜ ਦੀ ਕਰੀਮ ਸਨ। ਭਾਰਤ ਦੀ ਕਮਿਊਨਿਸਟ ਲਹਿਰ ਵਿਚ ਜੋ ਪੁਰਾਣੇ ਲੀਡਰ ਹਨ, ਉਹਨਾਂ ਵਿਚ ਬਹੁਤ ਸਾਰੇ ਅਜਿਹੇ ਹਨ, ਜਿਹੜੇ ਕੇਂਬਰਿਜ ਜਾਂ ਔਕਸਫੌਰਡ ਜਿਹੀਆਂ ਸੰਸਥਾਵਾਂ ਵਿਚੋਂ ਪੜ੍ਹਕੇ ਆਏ ਸਨ। ਜਿਨ੍ਹਾਂ ਅੰਦਰ ਐਨੀ ਕੁ ਪ੍ਰਤਿਭਾ ਸੀ ਕਿ ਉਹ ਜ਼ਿੰਦਗੀ ਵਿਚ ਹੋਰ ਕੋਈ ਵੀ ਉਚਾ ਪ੍ਰੋਫੈਸ਼ਨ ਚੁਣ ਸਕਦੇ ਸਨ। ਪਰ ਉਨਾਂ ਨੇ ਆਪਣਾ ਪੂਰਾ ਜੀਵਨ ਕੁੱਝ ਖਿਆਲਾਂ ਦੇ ਲੇਖੇ ਲਾ ਦਿੱਤਾ। ਇਸ ਕਰਕੇ ਉਸ ਦੌਰ ਵਿਚ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਪ੍ਰੋਗਰੈਸਿਵ ਖਿਆਲਾਂ ਵਾਲੇ ਮੁੰਡਿਆਂ ਦਾ ਬੜਾ ਆਕਰਸ਼ਕ ਜਿਹਾ ਇਮੇਜ ਹੁੰਦਾ ਸੀ। ਪਰ ਕਮਿਊਨਿਸਟ ਲਹਿਰ ਦੇ ਨਿਘਾਰ ਨਾਲ ਅੱਜ ਉਹ ਸਥਿਤੀ ਬਿਲਕੁੱਲ ਬਦਲ ਗਈ ਹੈ। ਹੁਣ ਕਈ ਵਾਰ ‘ਕਾਮਰੇਡ’ ਸਾਡੇ ਸਮਾਜ ਵਿਚ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ। ਇਸ ਦਾ ਕਾਰਨ ਹੈ ਕਿ ਸਮਾਜ ਦਾ ਜੋ ਵਧੀਆ ਟੈਲੰਟ ਹੈ, ਉਹ ਇਸ ਲਹਿਰ ਵਿਚ ਨਹੀਂ ਜਾ ਰਿਹਾ। ਇਹ ਗੱਲ ਹਰ ਲਹਿਰ ਨਾਲ ਵਾਪਰਦੀ ਹੈ। ਜਦ ਸਿੰਘ ਸਭਾ ਲਹਿਰ ਤੋਂ ਬਾਅਦ ਗੁਰਦੁਆਰਿਆਂ ਦਾ ਪ੍ਰਬੰਧ ਪੰਥਕ ਸੰਸਥਾਵਾਂ ਦੇ ਹੱਥ ਆਇਆ ਤਾਂ ਉਸ ਵੇਲੇ ਜੋ ਲੋਕ ਗੁਰਦੁਆਰਾ ਪ੍ਰਬੰਧ ਵਿਚ ਸਨ, ਉਹ ਸਮਾਜ ਦੇ ਪੜ੍ਹੇ ਲਿਖੇ ਅਤੇ ਅੱਛੇ ਖਿਆਲਾਂ ਵਾਲੇ ਕਾਬਲ ਲੋਕ ਹੁੰਦੇ ਸਨ। ਪਰ ਅੱਜ ਜੋ ਹੋਰ ਕੁੱਝ ਵੀ ਕਰਨ ਜੋਗਾ ਨਾ ਹੋਵੇ, ਉਹ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਚਲੇ ਜਾਂਦਾ ਹੈ। ਇਹ ਗੱਲ ਹਰ ਲਹਿਰ ਬਾਰੇ ਸੱਚ ਹੈ।
ਇਹ ਗੱਲ ਸਾਧੂਆਂ ਦੀ ਪ੍ਰਥਾ ਬਾਰੇ ਵੀ ਸੱਚ ਹੈ। ਭਾਰਤ ਦੀ ਜਿਸ ਪ੍ਰਾਚੀਨ ਸਭਿਅਤਾ ਵਿਚ ਮੁਢਲੇ ਲੋਕ ਸਾਧੂ ਹੋਏ, ਉਹ ਵਿਹਲੇ, ਨਿਕੰਮੇ ਜਾਂ ਨਿਖੱਟੂ ਲੋਕ ਨਹੀਂ ਸਨ। ਇਹ ਉਹ ਲੋਕ ਸਨ, ਜਿਨ੍ਹਾਂ ਅੰਦਰ ਜੀਵਨ ਦੀਆਂ ਗਹਿਰੀਆਂ ਸਚਾਈਆਂ ਨੂੰ ਜਾਣਨ ਦੀ, ਸਮਝਣ ਦੀ ਅਤੇ ਉਨਾਂ ਦਾ ਅਨੁਭਵ ਕਰਨ ਦੀ ਅਸਾਧਾਰਨ ਲਗਨ ਅਤੇ ਤੜਫ ਸੀ। ਉਨਾਂ ਦੀ ਜਗਿਆਸਾ ਐਨੀ ਤਿੱਖੀ ਅਤੇ ਪ੍ਰਬਲ ਸੀ ਕਿ ਉਹ ਦੁਨੀਆਦਾਰੀ ਦਾ ਸਾਰਾ ਸੁਖ ਅਰਾਮ ਤਿਆਗਕੇ, ਸਾਰੇ ਦੁਨਿਆਵੀ ਮਕਸਦ ਤਿਆਗਕੇ ਪੂਰੀ ਤਰਾਂ ਗਿਆਨ ਅਤੇ ਅਨੁਭਵ ਦੀ ਤਲਾਸ਼ ਵਿਚ ਪੈ ਗਏ। ਉਸ ਵੇਲੇ ਸਾਧੂ ਹੋਣਾ ਵਿਹਲੇ ਹੋਣ ਦੀ ਨਿਸ਼ਾਨੀ ਨਹੀਂ ਸੀ। ਉਸ ਦੌਰ ਵਿਚ ਜੋ ਲੋਕ ਸਾਧੂ ਹੁੰਦੇ ਸਨ, ਉਹ ਬਿਲਕੁੱਲ ਵੱਖਰੀ ਤਰਾਂ ਦੇ ਲੋਕ ਸਨ। ਇਸ ਗੱਲ ਨੂੰ ਸਮਝਣ ਲਈ ਅਸੀਂ ਅੱਜ ਦੇ ਦੌਰ ਬਾਰੇ ਕਲਪਨਾ ਕਰ ਸਕਦੇ ਹਾਂ। ਜੇ ਅੱਜ ਕੋਈ ਸਾਇੰਟਿਸਟ ਨੌਜਵਾਨ, ਕੋਈ ਡਾਕਟਰ, ਕੋਈ ਕਾਮਯਾਬ ਬਿਜ਼ਨਸਮੈਨ, ਕਿਸੇ ਵੱਡੇ ਲੀਡਰ ਦਾ ਲੜਕਾ, ਕੋਈ ਵੱਡਾ ਆਰਟਿਸਟ ਜਾਂ ਕੋਈ ਹੋਰ ਕੁਆਲੀਫਾਈਡ ਪ੍ਰੋਫੈਸ਼ਨਲ ਸਾਰਾ ਕੁੱਝ ਤਿਆਗਕੇ ਚਿੱਟੇ ਕੱਪੜੇ ਪਾ ਲਏ ਅਤੇ ਪੂਰੀ ਤਰਾਂ ਰੂਹਾਨੀ ਖੋਜ ਅਤੇ ਧਿਆਨ ਦੇ ਮਾਰਗ ਨੂੰ ਸਮਰਪਿਤ ਹੋ ਜਾਵੇ ਤਾਂ ਸਾਡੇ ਅੰਦਰ ਉਹ ਕਿਸ ਤਰਾਂ ਦੇ ਭਾਵ ਪੈਦਾ ਕਰਨਗੇ। ਉਸ ਦੌਰ ਵਿਚ ਜੋ ਲੋਕ ਸਾਧੂ ਹੋਏ, ਉਹ ਇਸ ਤਰਾਂ ਦੇ ਲੋਕ ਸਨ। ਮਹਾਤਮਾ ਬੁੱਧ ਰਾਜਕੁਮਾਰ ਸੀ। ਇੱਕ ਸਲਤਨਤ ਦਾ ਮਾਲਕ ਸੀ। ਉਹ ਆਪਣਾ ਸਾਰਾ ਕੁੱਝ ਤਿਆਗਕੇ ਵੈਰਾਗੀ ਹੋ ਗਿਆ। ਸਾਰਾ ਕੁੱਝ ਛੱਡਕੇ ਜੰਗਲਾਂ ਨੂੰ ਤੁਰ ਗਿਆ। ਗੁਰੁ ਨਾਨਕ ਦੇਵ ਜੀ ਦੇ ਪਿਤਾ ਪਟਵਾਰੀ ਸਨ। ਉਸ ਦੌਰ ਵਿਚ ਪਟਵਾਰੀਆਂ ਦਾ ਸਮਾਜ ਵਿਚ ਬਹੁਤ ਉਚਾ ਦਰਜਾ ਸੀ। ਉਹ ਸਾਰਾ ਕੁੱਝ ਛੱਡਕੇ ‘ ਉਦਾਸੀਆਂ’ ਤੇ ਚੱਲ ਪਏ। ਅਸੀਂ ਇਹ ਗੱਲਾਂ ਇਤਿਹਾਸ ਦੀਆਂ ਕਿਤਾਬਾਂ ਵਿਚ ਪੜ੍ਹਦੇ ਹਾਂ ਪਰ ਇਨਾਂ ਦੇ ਮਹੱਤਵ ਨੂੰ ਕਈ ਵਾਰ ਪੂਰੀ ਤਰਾਂ ਮਹਿਸੂਸ ਨਹੀਂ ਕਰਦੇ। ਕਿਸੇ ਰਾਜੇ ਦਾ ਸਾਧੂ ਹੋਣਾ ਕੋਈ ਸਧਾਰਨ ਗੱਲ ਨਹੀਂ ਹੈ। ਅਸੀਂ ਲੋਕ ਆਪਣੀ ਛੋਟੀ ਛੋਟੀ ਦੁਨੀਆਦਾਰੀ ਵਿਚ ਉਲਝੇ ਹੋਏ ਹਾਂ। ਅਸੀਂ ਇਸ ਨੂੰ ਛੱਡਣ ਤੋਂ ਵੀ ਡਰਦੇ ਹਾਂ। ਗੌਤਮ ਜਦੋਂ ਨਿਕਲ ਤੁਰੇ ਸਨ ਤਾਂ ਉਨਾਂ ਅੰਦਰ ਕਿਸ ਤਰਾਂ ਦੀ ਬੇਚੈਨੀ ਅਤੇ ਤੜਫ ਹੋਏਗੀ, ਉਸਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਜੀਵਨ ਦੇ ਜਿਹੜੇ ਸੁਆਲ ਉਨਾਂ ਨੂੰ ਇਸ ਕਦਰ ਪ੍ਰੇਸ਼ਾਨ ਕਰ ਰਹੇ ਸਨ, ਉਹ ਸੁਆਲ ਸਧਾਰਨ ਇਨਸਾਨ ਦੀ ਸੋਚ ਤੋਂ ਪਰੇ ਦੀਆਂ ਸਮੱਸਿਆਵਾਂ ਹਨ। ਗੁਰੁ ਨਾਨਕ ਦੇਵ ਜੀ ਨੂੰ ਜੀਵਨ ਦੀ ਕਿਸ ਸਚਾਈ ਨੇ ਐਨਾ ਉਦਾਸ ਕਰ ਦਿਤਾ ਸੀ ਕਿ ਉਹ ਉਦਾਸੀ ਹੋ ਗਏ, ਉਦਾਸੀਆਂ ਤੇ ਨਿਕਲ ਪਏ? ਉਸ ਦਰਦ ਨੂੰ ਸਮਝ ਸਕਣਾ ਆਮ ਇਨਸਾਨ ਦੀ ਸੰਵੇਦਨਾ ਦੇ ਘੇਰੇ ਤੋਂ ਬਾਹਰ ਦੀ ਗੱਲ ਹੈ।
ਸਾਡੀ ਪੁਰਾਣੀ ਸਭਿਅਤਾ ਵਿਚ ਜੋ ਵੀ ਲੋਕ ਸਾਧੂ ਹੋਏ, ਉਹ ਇਸੇ ਤਰਾਂ ਦੀ ਅਵਸਥਾ ਵਾਲੇ ਲੋਕ ਸਨ। ਹਰਮਨ ਹੈਸ ਦੇ ਨਾਵਲ ‘ਸਿਧਾਰਥ’ ਦਾ ਪਾਤਰ ਸਿਧਾਰਥ ਹਮੇਸ਼ਾ ਮੈਨੂੰ ਖਿੱਚ ਪਾਉਂਦਾ ਰਿਹਾ ਹੈ। ਉਹ ਇਕ ਬ੍ਰਾਹਮਣ ਪਰਿਵਾਰ ਦਾ ਲੜਕਾ ਸੀ। ਉਹ ਸਾਧੂ ਹੋਣਾ ਚਾਹੁੰਦਾ ਸੀ, ਪਰ ਉਸਦਾ ਪਿਓ ਉਸ ਨੂੰ ਵਰਜਦਾ ਸੀ। ਕਾਫੀ ਕਸ਼ਮਕਸ਼ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਇਸ ਗੱਲ ਲਈ ਰਾਜ਼ੀ ਕਰਨ ਵਿਚ ਕਾਮਯਾਬ ਹੋ ਗਿਆ ਅਤੇ ਉਹ ਆਪਣੇ ਦੋਸਤ ਗੋਬਿੰਦ ਨਾਲ ਸਾਧੂ ਹੋ ਗਿਆ। ਉਸਦਾ ਅੱਗੇ ਦਾ ਜੀਵਨ ਇਕ ਵੱਖਰੀ ਕਹਾਣੀ ਹੈ। ਆਤਮਿਕ ਗਿਆਨ ਦੇ ਖੇਤਰ ਵਿਚ ਇਹ ਬਹੁਤ ਵੱਡੀ ਰਚਨਾ ਹੈ। ਪਰ ਇਸ ਨਾਵਲ ਤੋਂ ਅਸੀਂ ਉਸ ਸਮਾਜ ਦੀ ਕੁੱਝ ਕੁ ਕਲਪਨਾ ਕਰ ਸਕਦੇ ਹਾਂ, ਜਿਸ ਵਿਚ ਜੀਵਨ ਦੀਆਂ ਸਚਾਈਆਂ ਨੂੰ ਸਮਝਣ ਵਾਲੇ ਜਗਿਆਸੂ ਲੋਕ ਕਿਸ ਤਰਾਂ ਦੁਨੀਆ ਨੂੰ ਤਿਆਗ ਤੁਰਦੇ ਸਨ। ਪੰਜਾਬ ਦੀ ਪਰੰਪਰਾ ਵਿਚ ਰਾਂਝੇ ਦੇ ਜੋਗੀ ਹੋਣ ਦੀ ਕਹਾਣੀ ਹੈ। ਰਾਂਝਾ ਭਾਵੇਂ ਗਿਆਨ ਦਾ ਖੋਜੀ ਨਹੀਂ ਸੀ ਪਰ ਤੜਫ ਉਸਦੀ ਵੀ ਵੱਡੀ ਸੀ। ਜਿਹੜੇ ਵੀ ਲੋਕ ਸਾਧੂ ਹੋਏ, ਉਨਾਂ ਦੀ ਤੜਫ ਰਾਂਝੇ ਵਾਲੀ ਹੀ ਸੀ। ਰਾਂਝੇ ਨੂੰ ਜੋਗ ਇਸ ਤੜਫ ਕਰਕੇ ਹੀ ਮਿਲਿਆ ਸੀ।
ਸਾਧੂਆਂ ਦੇ ਮਨ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਦੌਰਾਨ ਹੀ ਇਹ ਨਜ਼ਮ ਕੁੱਝ ਦੇਰ ਪਹਿਲਾਂ ਲਿਖੀ ਸੀ:
ਸਾਧੂ
ਜਦ ਕੋਈ ਆਸ ਨਾ ਹੋਵੇ
ਵਜ੍ਹਾ ਵੀ ਖਾਸ ਨਾ ਹੋਵੇ
ਘਰਾਂ ਵਿਚ ਜੀ ਨਹੀਂ ਲੱਗਦਾ
ਰਿਹਾ ਨਾ ਚਾਅ ਕੋਈ ਜੱਗਦਾ
ਇਹ ਦਿਨ ਤਾਂ ਰੋਜ਼ ਹੀ ਢਲ ਜੇ
ਤੇ ਧਰਵਾਸ ਨਾ ਹੋਵੇ
ਜਦ ਕੋਈ ਆਸ ਨਾ ਹੋਵੇ
ਵਜ੍ਹਾ ਵੀ ਖਾਸ ਨਾ ਹੋਵੇ

ਕਿਸੇ ਨਾਲ ਦਿਲ ਨਹੀਂ ਭਰਦਾ
ਨਾ ਕਿਧਰੇ ਜਾਣ ਨੂੰ ਕਰਦਾ
ਸਾਲ ਵੀ ਬੀਤ ਚੱਲੇ ਨੇ
ਭੀੜਾਂ ਵਿਚ ਸਾਧ ਕੱਲੇ ਨੇ
ਜੱਗ ਤੇ ਸਾਕ ਬਥੇਰੇ ਨੇ
ਪਰ ਸਾਥ ਨਾ ਹੋਵੇ
ਜਦ ਕੋਈ ਆਸ ਨਾ ਹੋਵੇ
ਵਜ੍ਹਾ ਵੀ ਖਾਸ ਨਾ ਹੋਵੇ

ਥੋੜ੍ਹੀ ਜਿਹੀ ਰਾਤ ਬਾਕੀ ਹੈ
ਖੁਦਾ ਦੀ ਹਾਕ ਬਾਕੀ ਹੈ
ਚੁੱਪ ਇਕਲਾਪਾ ਪੱਲੇ ਨੇ
ਉਦਾਸੇ ਸਾਧੂ ਚੱਲੇ ਨੇ
ਇਹ ਦੁਨੀਆ ਸਾਰੀ ਮਿਲ ਜਾਵੇ
ਪਰ ਰਾਸ ਨਾ ਹੋਵੇ
ਜਦ ਕੋਈ ਆਸ ਨਾ  ਹੋਵੇ
ਵਜ੍ਹਾ ਵੀ ਖਾਸ ਨਾ ਹੋਵੇ

ਸ਼ਮੀਲ

No comments yet»

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: