ਨਾਦ

contemporary punjabi poetry

Archive for ਦਸੰਬਰ, 2010

ਕਵਿਤਾ ਤੋਂ ਬਾਅਦ

ਗੁਰੁ ਗੋਬਿੰਦ ਸਿੰਘ ਦਾ ਸੰਤ ਸਿਪਾਹੀ ਅਤੇ ਮੁਹੰਮਦ ਸਾਹਿਬ ਦਾ ਜੇਹਾਦੀ ਅਸਲ ਵਿਚ ਇਕ ਪੈਗੰਬਰੀ ਸੁਪਨਾ ਹੈ। ਆਤਮਿਕ ਤੌਰ ਤੇ ਬਹੁਤ ਬੁਲੰਦ ਇਨਸਾਨ ਦੀ ਸਿਰਜਣਾ ਦਾ ਸੁਪਨਾ। ਆਧੁਨਿਕ ਇਤਿਹਾਸਕਾਰਾਂ ਨੇ ਇਨਾਂ ਸੰਕਲਪਾਂ ਦੀ ਵਿਆਖਿਆ ਇਸ ਤਰਾਂ ਕੀਤੀ ਹੈ, ਜਿਵੇਂ ਕਮਿਊਨਿਸਟ ਲਹਿਰਾਂ ਦੇ ਮਿਲਟਰੀ ਵਿੰਗ ਹੁੰਦੇ ਹਨ। ਜਿਵੇਂ ਇਹ ਸਿੱਖ ਲਹਿਰ ਅਤੇ ਇਸਲਾਮ ਦੇ ਲੜਾਕੇ ਦਸਤੇ ਹੋਣ। ਅਜਿਹੀਆਂ ਧਾਰਨਾਵਾਂ ਉਨਾਂ ਲੋਕਾਂ ਨੇ ਬਣਾਈਆਂ, ਜਿਨ੍ਹਾਂ ਲਈ ਇਸਲਾਮ ਜਾਂ ਸਿੱਖ ਲਹਿਰ ਮਹਿਜ਼ ਰਾਜਨੀਤਕ-ਸਮਾਜਿਕ ਲਹਿਰਾਂ ਸਨ। ਜਿਹੜੇ ਲੋਕ ਖੁਦ ਰੂਹਾਨੀ ਸਰੋਕਾਰਾਂ ਅਤੇ ਅਨੁਭਵਾਂ ਤੋਂ ਸੱਖਣੇ ਸਨ, ਉਨਾਂ ਨੇ ਇਨਾਂ ਸਾਰੇ ਸੰਕਲਪਾਂ ਨੂੰ ਸਮਾਜਿਕ-ਰਾਜਨੀਤਕ ਅਰਥਾਂ ਵਿਚ ਹੀ ਸਮਝਿਆ ਹੈ। ਜਿਸ ਤਰਾਂ ਪ੍ਰੋਫੈਸਰ ਕਿਸ਼ਨ ਸਿੰਘ ਗੁਰਬਾਣੀ ਦੀ ਵਿਆਖਿਆ ਕਰਦੇ ਹਨ। ਸਾਰੀਆਂ ਹੀ ਰੂਹਾਨੀ ਲਹਿਰਾਂ ਵਿਚ ਸਮਾਜਿਕ -ਰਾਜਨੀਤਕ ਪੱਖ ਓਨਾ ਕੁ ਹੀ ਹੁੰਦਾ ਹੈ, ਜਿੰਨਾ ਕਿਸੇ ਆਈਸਬਰਗ ਦਾ ਬਾਹਰ ਦਿਸ ਰਿਹਾ ਹਿੱਸਾ। ਜੋ ਹਿੱਸਾ ਸਤਹ ਤੋਂ ਥੱਲੇ ਹੁੰਦਾ ਹੈ, ਉਹ ਜ਼ਿਆਦਾ ਵੱਡਾ ਹੈ। ਜਿਨਾਂ ਲੋਕਾਂ ਦਾ ਕੋਈ ਰੂਹਾਨੀ ਅਨੁਭਵ ਨਾ ਹੋਵੇ, ਉਨਾਂ ਨੂੰ ਸਿਰਫ ਸਤਹ ਤੋਂ ਉਪਰ ਵਾਲਾ ਹਿੱਸਾ ਹੀ ਦਿਸਦਾ ਹੈ। ਆਧੁਨਿਕ ਚਿੰਤਨ, ਇਤਿਹਾਸਕਾਰੀ, ਸਿਧਾਂਤਕਾਰੀ ਦਾ ਇਹ ਹੀ ਦੁਖਾਂਤ ਹੈ। ਮੁਹੰਮਦ ਸਾਹਿਬ ਨੇ ਜਿਸ ਜੇਹਾਦੀ ਦੀ ਗੱਲ ਕੀਤੀ, ਗੁਰੁ ਗੋਬਿੰਦ ਸਿੰਘ ਨੇ ਜਿਸ ਸੰਤ ਸਿਪਾਹੀ ਦਾ ਸੁਪਨਾ ਲਿਆ ਅਤੇ ਜਾਂ ਮਹਾਭਾਰਤ ਵਿਚ ਕ੍ਰਿਸ਼ਨ ਅਰਜਨ ਨੂੰ ਜੋ ਉਪਦੇਸ਼ ਦੇ ਰਹੇ ਹਨ, ਉਹ ਬੁਨਿਆਦੀ ਤੌਰ ਤੇ ਇਕ ਆਤਮਿਕ ਅਵਸਥਾ ਹੈ। ਯੁੱਧ ਇਸ ਦਾ ਇਕ ਹਿੱਸਾ ਹੈ, ਓਨਾ ਕੁ ਹਿੱਸਾ ਜਿੰਨਾ ਕੁ ਉਪਰ ਦਿਸ ਰਿਹਾ ਆਈਸਬਰਗ ਹੁੰਦਾ ਹੈ। ਯੁੱਧ ਇਸ ਦਾ ਮੁੱਖ ਹਿੱਸਾ ਕਤਈ ਨਹੀਂ ਹੈ। ਇਹ ਉਸ ਤਰਾਂ ਦੀ ਅਵਸਥਾ ਹੈ, ਜਿਵੇਂ ਕੋਈ ਸੰਨਿਆਸੀ ਮਨ ਗ੍ਰਹਿਸਥ ਜੀਵਨ ਦੀਆਂ ਸਾਰੀਆਂ ਜਿੰਮੇਵਾਰੀਆਂ ਨਿਭਾਉਂਦਾ ਹੈ। ਗ੍ਰਹਿਸਥੀ ਹੋਣਾ ਸੌਖਾ ਹੈ। ਸੰਨਿਆਸੀ ਹੋਣਾ ਵੀ ਸੌਖਾ ਹੈ। ਪਰ ਦਿਲੋਂ ਮਨੋਂ ਸੰਨਿਆਸੀ ਹੋਕੇ ਗ੍ਰਹਿਸਥ ਵਿਚ ਰਹਿਣਾ ਕਠਿਨ ਮਾਰਗ ਹੈ। ‘ਨਾਮਿ ਰਤੇ ਘਰ ਮਾਹਿ ਉਦਾਸਾ’। ਇਹ ਮਾਰਗ ਸੁਪਰੀਮ ਇਸੇ ਕਰਕੇ ਕਿਹਾ ਗਿਆ ਹੈ, ਕਿਉਂਕਿ ਇਹ ਬਹੁਤ ਕਠਨ ਹੈ। ਲੋਕ ਗਲ ਗਲ ਤੱਕ ਦੁਨੀਆਦਾਰੀ ਵਿਚ ਡੁੱਬੇ ਹਨ। ਹਰ ਤਰਾਂ ਦੇ ਲਾਲਚ, ਲਾਲਸਾਵਾਂ, ਸਾੜੇ, ਈਰਖਾ ਤੇ ਨਫਰਤ ਨਾਲ ਭਰੇ ਹਨ। ਸ਼ਾਮ ਸਵੇਰੇ ਗੁਰਦੁਆਰੇ ਮੱਥੇ ਟੇਕ ਲੈਂਦੇ ਹਨ ਅਤੇ ਇਹ ਸਮਝਕੇ ਆਪਣੇ ਆਪ ਨੂੰ ਤਸੱਲੀ ਦੇ ਲੈਂਦੇ ਹਨ ਕਿ ਉਹ ਗ੍ਰਹਿਸਥ ਮਾਰਗੀ ਹਨ। ਜਿੰਨਾ ਇਹ ਮਾਰਗ ਕਠਿਨ ਸੀ, ਉਸ ਨੂੰ ਅਸੀਂ ਓਨਾ ਹੀ ਸੌਖਾ ਬਣਾ ਲਿਆ ਹੈ। ਸੰਤ ਸਿਪਾਹੀ ਅਤੇ ਜੇਹਾਦੀ ਦਾ ਸੰਕਲਪ ਇਸ ਤੋਂ ਵੀ ਉੱਚਾ ਹੈ। ਬਹੁਤ ਕਠਿਨ। ਆਤਮਿਕ ਮਾਰਗ ਦੀ ਮਾਊਂਟ ਐਵਰੈਸਟ। ਇਸ ਚੋਟੀ ਨੂੰ ਕੋਈ ਵਿਰਲਾ ਹੀ ਛੁਹ ਸਕਦਾ ਹੈ। ਆਪਣੇ ਆਪੇ ਨਾਲ ਲੜਦਿਆਂ ਇਕ ਕਵਿਤਾ ਲਿਖੀ ਸੀ। ਉਸਦਾ ਸਿਰਲੇਖ ਦਿੰਦਿਆਂ ਉਤੇ ‘ਸੰਤ ਸਿਪਾਹੀ’ ਲਿਖਿਆ ਗਿਆ। ਇਹ ਕਵਿਤਾ ਲਿਖਣ ਤੋਂ ਬਾਅਦ ਮੈਂ ਇਨ੍ਹਾਂ ਅਹਿਸਾਸਾਂ ਨਾਲ ਭਰ ਗਿਆ ਕਿ ਜਿਸ ਬੁਲੰਦ ਇਨਸਾਨ ਦਾ ਸੁਪਨਾ ਮੁਹੰਮਦ ਸਾਹਿਬ ਜਾਂ ਗੁਰੁ ਗੋਬਿੰਦ ਸਿੰਘ ਲੈ ਰਹੇ ਸਨ, ਅਸੀਂ ਲੋਕ ਉਸ ਦੀ ਥਾਹ ਨਹੀਂ ਪਾ ਸਕਦੇ:

ਸੰਤ ਸਿਪਾਹੀ
ਜਿਵੇਂ ਤੁਰਨਾ ਹੋਵੇ ਸੱਚੀਂਮੁਚੀਂ
ਸੀਸ ਤਲੀ ਤੇ ਰੱਖਕੇ
ਜਿਵੇਂ ਮੁੜ ਆਉਣਾ ਹੋਵੇ
ਮੌਤ ਤੋਂ ਬਾਅਦ
ਅਤੇ ਜੀਵਨ ਦੇ ਨਾਟਕ ਨੁੰ
ਫਿਰ ਤੋਂ ਖੇਡਣਾ ਹੋਵੇ
ਜਿਵੇਂ ਦੇਖਕੇ ਸਭ ਕੁੱਝ
ਅਣਡਿੱਠ ਕਰ ਦੇਣਾ ਹੋਵੇ

ਜਾਂ
ਕਿਸੇ ਨੂੰ ਪਿਆਰ ਕਰਨਾ ਹੋਵੇ
ਬਿਨਾਂ ਉਮੀਦ ਦੇ ਕਿ
ਉਹ ਵੀ ਤੁਹਾਨੂੰ ਪਿਆਰ ਕਰੇਗਾ
ਜਿਵੇਂ ਵਫਾ ਨਿਭਾਉਣੀ ਹੋਵੇ
ਕਿਸੇ ਬੇਵਫਾ ਨਾਲ
ਜਿਵੇਂ ਲੜਨਾ ਹੋਵੇ
ਬਿਨਾਂ ਗੁੱਸੇ ਦੇ
ਜਿਵੇਂ ਕੋਈ ਕਤਲ ਕਰਨਾ ਹੋਵੇ
ਬਿਨਾਂ ਨਫਰਤ ਦੇ
ਜਿਵੇਂ ਮਰਨ ਤੋਂ ਪਹਿਲਾਂ
ਆਪਣੇ ਕਾਤਲ ਵੱਲ ਦੇਖਣਾ ਹੋਵੇ
ਮੋਹ ਅਤੇ ਕਰੁਣਾ ਨਾਲ
ਜਿਵੇਂ ਮਰ ਜਾਣਾ ਹੋਵੇ
ਬਿਨਾਂ ਸਵਰਗ ਦੀ ਆਸ ਦੇ
ਬਿਨਾਂ ਕੋਈ ਨਿਸ਼ਾਨੀ ਛੱਡਿਆਂ
ਧਰਤੀ ਨੂੰ ਫਤਹਿ  ਬੁਲਾ ਦੇਣੀ ਹੋਵੇ

ਇਹ ਕੈਸਾ ਸੰਗਮ ਹੈ ਗੁਰੂ
ਕੈਸਾ ਕਠਨ ਮਾਰਗ ਹੈ

ਮੈਂ ਤੇਰੇ ਚਰਨਾਂ ਦੀ ਧੂੜ ਹਾਂ

ਸ਼ਮੀਲ

ਤਾਰਿਆਂ ਦਾ ਹਾਰ

ਕਈ ਕਵਿਤਾਵਾਂ ਅਤੇ ਗੀਤਾਂ ਦੀ ਰਚਨਾ ਦੇ ਛਿਣ ਬੜੇ ਰਹੱਸਮਈ ਹੁੰਦੇ ਹਨ। ਮਨ ਦੀ ਜਿਸ ਅਵਸਥਾ ਵਿਚ ਉਹ ਗੀਤ ਜਾਂ ਕਵਿਤਾਵਾਂ ਪੈਦਾ ਹੁੰਦੀਆਂ ਹਨ, ਉਸ ਹਾਲਤ ਨੂੰ ਕਈ ਵਾਰ ਸਮਝਣਾ ਜਾਂ ਬਿਆਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਹ ਗੀਤ ਲਗਭਗ ਸਾਲ ਪਹਿਲਾਂ ਲਿਖਿਆ ਗਿਆ ਸੀ ਅਤੇ ਜੇ ਮੈਨੂੰ ਕੋਈ ਪੁੱਛੇ ਕਿ ਇਸ ਗੀਤ ਦਾ ਸਬੰਧ ਮਨ ਦੀ ਜਿਸ ਅਵਸਥਾ ਨਾਲ ਹੈ, ਉਹ ਕਿਉਂ ਪੈਦਾ ਹੋਈ ਤਾਂ ਮੈਂ ਸ਼ਾਇਦ ਉਸਦਾ ਬਿਆਨ ਨਾ ਕਰ ਸਕਾਂ। ਅਜਿਹੇ ਭਾਵ ਅਤੇ ਖਿਆਲ ਕਿਵੇਂ ਅਤੇ ਕਿਉਂ ਪੈਦਾ ਹੁੰਦੇ ਹਨ, ਉਨਾਂ ਨੂੰ ਸਧਾਰਨ ਤਰਕ ਨਾਲ ਬਿਆਨ ਕਰਨਾ ਔਖਾ ਲੱਗਦਾ ਹੈ। ਕੁੱਝ ਸਾਲ ਪਹਿਲਾਂ ਮੇਰਾ ਇਹ ਯਕੀਨ ਅਤੇ ਸੋਚ ਸੀ ਕਿ ਕਵਿਤਾਵਾਂ ਦੀ ਰਚਨਾ ਪ੍ਰਕਿਰਿਆ ਕੋਈ ਭੇਤਭਰੀ ਚੀਜ਼ ਨਹੀਂ ਹੈ। ਇਸ ਸਭ ਕਾਸੇ ਨੂੰ ਤਾਰਕਿਕ ਮੁਹਾਵਰੇ ਵਿਚ ਸਮਝਿਆ ਜਾਂ ਬਿਆਨ ਕੀਤਾ ਜਾ ਸਕਦਾ ਹੈ। ਪਰ ਹੌਲੀ ਹੌਲੀ ਮੇਰਾ ਇਹ ਯਕੀਨ ਡੋਲਦਾ ਗਿਆ ਅਤੇ ਮੇਰੇ ਲਈ ਇਹ ਲਗਾਤਾਰ ਹੋਰ ਹੋਰ ਰਹੱਸਮਈ ਹੁੰਦਾ ਜਾ ਰਿਹਾ ਹੈ। ਮਨ ਦੇ ਬਹੁਤ ਸਾਰੇ ਕੁਨੈਕਸ਼ਨ, ਖਿੱਚਾਂ, ਵੇਗ ਅਤੇ ਭਾਵ ਜਿਵੇਂ ਕਿਸੇ ਵੀ ਮਨੋਵਿਗਿਆਨ ਵਿਆਖਿਆ ਨਾਲ ਹੱਲ ਨਹੀਂ ਹੁੰਦੇ, ਉਵੇਂ ਹੀ ਕਲਾ ਅਤੇ ਸਾਹਿਤ ਦੀ ਰਚਨਾ ਪ੍ਰਕਿਰਿਆ ਨੂੰ ਬਿਆਨਣਾ ਵੀ ਔਖਾ ਹੈ, ਜਿਵੇਂ ਇਹ ਦੱਸਣਾ ਔਖਾ ਹੁੰਦਾ ਹੈ ਕਿ ਸਾਨੂੰ ਕੋਈ ਧੁਨ ਅੱਛੀ ਕਿਉਂ ਲੱਗਦੀ ਹੈ। ਧੂਹ ਕਿਉਂ ਪਾਉਂਦੀ ਹੈ।
ਇਸ ਗੀਤ/ਨਜ਼ਮ ਨੂੰ ਇਸ ਵੀਡੀਓ ਨਾਲ ਸੁਣਨਾ ਸ਼ਾਇਦ ਇਸ ਦੀ ਇਕ ਹੋਰ ਪਰਤ ਖੋਲ੍ਹੇ:

ਸ਼ਮੀਲ

ਆਪਣੇ ਆਪ ਨੂੰ ਚਿੱਠੀ

ਪਿਛਲੇ ਦੋ ਦਹਾਕਿਆਂ ਦੌਰਾਨ ਬਹੁਤ ਵਾਰ ਅਜਿਹਾ ਹੋਇਆ ਹੈ ਕਿ ਬਹੁਤ ਸਾਰੀਆਂ ਕਵਿਤਾਵਾਂ ਨੂੰ ਮੈਂ ਚੁੱਪ ਚਾਪ ਪੀ ਗਿਆ। ਉਹ ਕਿਤੇ ਪ੍ਰਗਟ ਨਹੀਂ ਹੋਈਆਂ। ਮੇਰੇ ਅੰਦਰ ਹੀ ਗੁਆਚ ਗਈਆਂ। ਬੀਤੇ ਕੁਝ ਸਾਲ ਉਨਾਂ ਗੰਢਾਂ ਦੇ ਪਿਘਲਣ ਦਾ ਦੌਰ ਹੈ। ਜਿਵੇਂ ਮੌਸਮ ਬਦਲਣ ਨਾਲ ਚੋਟੀਆਂ ਤੇ ਬਰਫ ਪਿਘਲਦੀ ਹੈ। ਸ਼ਾਇਦ ਫਕੀਰਾਂ ਦਾ ਇਹ ਕੋਈ ਕਰਮ ਹੈ ਕਿ ਬਰਫ ਹੁਣ ਖੂਬ ਪਿਘਲ ਰਹੀ ਹੈ। ਇਹ ਸਿਲਸਿਲਾ ਕਿੱਥੇ ਤੱਕ ਚਲੇਗਾ, ਇਸਦਾ ਮੈਨੂੰ ਕੋਈ ਇਲਮ ਨਹੀਂ। ਬਹੁਤ ਵਾਰੀ ਕਵਿਤਾ ਲਿਖਣ ਵਾਲੇ ਇਸ ਅਵਸਥਾ ਵਿਚ ਕਵਿਤਾ ਲਿਖਦੇ ਹਨ ਕਿ ਉਹ ਕੋਈ ਉੱਦਾਤ ਖਿਆਲ ਦੂਸਰਿਆਂ ਨਾਲ ਸਾਂਝਾ ਕਰਨਾ ਚਾਹ ਰਹੇ ਹੁੰਦੇ ਹਨ। ਪਰ ਪਿਛਲੇ ਸਾਲਾਂ ਦੌਰਾਨ ਮੈਂ ਜ਼ਿਆਦਾਤਰ ਉਵੇਂ ਲਿਖਿਆ ਹੈ, ਜਿਵੇਂ ਕਦੇ ਕਦੇ ਤੁਸੀਂ ਕਿਸੇ ਚੀਖ ਨੂੰ ਕਿਸੇ ਧੁਨ ਵਿਚ ਬਦਲ ਦਿੰਦੇ ਹੋ। ਬਹੁਤ ਸਾਰੇ ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ ਵਾਲੇ ਲੋਕ ਦਰਦ, ਉਦਾਸੀ, ਉਪਰਾਮਤਾ ਨੂੰ ਹਿਕਾਰਤ ਦੀ ਨਜ਼ਰ ਨਾਲ ਦੇਖਦੇ ਹਨ। ਪਰ ਜੇ ਕੋਈ ਇਸ ਤਰਾਂ ਦੀ ਹਾਲਤ ਦਾ ਅਨੁਭਵ ਕਰੇ ਤਾਂ ਉਹ ਕੀ ਕਰੇ। ਕੀ ਪੀੜ, ਦਰਦ ਅਤੇ ਉਪਰਾਮਤਾ ਜੀਵਨ ਦੀ ਸਚਾਈ ਨਹੀਂ ਹੈ? ਜੇ ਇਹ ਰੋਗ ਵੀ ਹੋਵੇ ਤਾਂ ਕੀ ਇਹ ਰੋਗ ਇੱਕ ਹਕੀਕਤ ਨਹੀਂ ਹੈ? ਸ਼ਿਵ ਕੁਮਾਰ ਦੀਆਂ ਸਤਰਾਂ ਹਨ:
ਇਹ ਸਰ ਕਿੰਨੇ ਕੁ ਡੂੰਘੇ ਨੇ
ਕਿਸੇ ਨੇ ਹਾਥ ਨਾ ਪਾਈ
ਨਾ ਬਰਸਾਤਾਂ ਵਿਚ ਚੜ੍ਹਦੇ ਨੇ
ਨਾ ਔੜਾਂ ਵਿਚ ਸੁੱਕਦੇ ਨੇ
ਅਜਿਹੇ ਅਹਿਸਾਸ ਸਿਰਫ ਅਨੁਭਵ ਦੀਆਂ ਗੱਲਾਂ ਹਨ। ਇਹ ਵਿਚਾਰਧਾਰਾ ਦਾ ਮਸਲਾ ਨਹੀਂ ਹੈ। ਇਹ ਸਿਰਫ ਸ਼ਿਵ ਕੁਮਾਰ ਵਿਚ ਨਹੀਂ ਹੈ। ਗੁਰਬਾਣੀ ਅਤੇ ਸੂਫੀ ਕਵਿਤਾ ਵੀ ਅਜਿਹੇ ਵੈਰਾਗ ਨਾਲ ਭਰੀ ਹੈ। ਕੁੱਝ ਰਹੱਸ ਅਜਿਹੇ ਹਨ, ਜਿਨਾਂ ਨੂੰ ਸਿਧਾਂਤਾਂ ਦੀ ਭਾਸ਼ਾ ਵਿਚ ਬਿਆਨਣਾ ਮੁਸ਼ਕਲ ਹੈ। ਚੀਖ ਨੂੰ ਕੋਈ ਕਿਵੇਂ ਬਿਆਨ ਕਰੇ। ਕੁਦਰਤ ਵੀ ਦੇਖੋ ਕਿਵੇਂ ਦਿਆਲੂ ਹੈ, ਇਹ ਕਵਿਤਾ ਮੈਂ ਆਪਣੇ ਜਨਮ ਦਿਨ ਵਾਲੇ ਦਿਨ ਲਿਖ ਰਿਹਾ ਹਾਂ:

ਚੁੱਪ ਚੀਖ
ਦਰਦ ਦਾ ਇਹ ਹੜ੍ਹ
ਕਿਥੇ ਲੈ ਜਾਵੇਗਾ
ਖੁਦਾ ਜਾਣੇ
ਮੈਂ ਹੱਥ ਛੱਡਕੇ ਇਸ ਵਿਚ ਬਹਿ ਗਿਆ ਹਾਂ

ਕੁੱਝ ਇਸ ਤਰਾਂ ਵੀ ਦੁਖਦਾ ਹੈ
ਮੈਨੂੰ ਨਹੀਂ ਸੀ ਪਤਾ
ਜਿਵੇਂ ਚੀਖ ਦੀ ਕੋਈ ਗੋਲੀ ਬਣਾ
ਦਿੱਲ ਵਿਚ ਰੱਖ ਦਿੱਤੀ ਗਈ ਹੋਵੇ
ਜਿਵੇਂ ਛੱਤਾਂ ਹੇਠੋਂ ਦੌੜ ਜਾਣ ਨੂੰ ਜੀ ਕਰੇ
ਜਿਵੇਂ ਚੀਖ ਨੂੰ ਪੀ ਜਾਣਾ ਹੋਵੇ
ਚੁੱਪ ਚਾਪ

ਇਹ ਕੈਸੀ ਪਰਖ ਹੈ

ਇਹ ਅਮੁੱਕ ਤੜਫ
ਇਹ ਅਬੁੱਝ ਖਿੱਚ
ਇਹ ਬਿਹਬਲ ਜੀਅ
ਇਸ ਤਰਾਂ ਵੀ ਹੁੰਦਾ ਹੈ
ਨਹੀਂ ਸਾਂ ਜਾਣਦਾ
ਮੈਂ ਤਾਂ ਫਕੀਰਾਂ ਦੇ ਦਰ ਤੇ
ਸਿਰ ਝੁਕਾਇਆ ਸੀ

ਦਸੰਬਰ 8, 2010

ਸ਼ਮੀਲ