ਪਿਛਲੇ ਦੋ ਦਹਾਕਿਆਂ ਦੌਰਾਨ ਬਹੁਤ ਵਾਰ ਅਜਿਹਾ ਹੋਇਆ ਹੈ ਕਿ ਬਹੁਤ ਸਾਰੀਆਂ ਕਵਿਤਾਵਾਂ ਨੂੰ ਮੈਂ ਚੁੱਪ ਚਾਪ ਪੀ ਗਿਆ। ਉਹ ਕਿਤੇ ਪ੍ਰਗਟ ਨਹੀਂ ਹੋਈਆਂ। ਮੇਰੇ ਅੰਦਰ ਹੀ ਗੁਆਚ ਗਈਆਂ। ਬੀਤੇ ਕੁਝ ਸਾਲ ਉਨਾਂ ਗੰਢਾਂ ਦੇ ਪਿਘਲਣ ਦਾ ਦੌਰ ਹੈ। ਜਿਵੇਂ ਮੌਸਮ ਬਦਲਣ ਨਾਲ ਚੋਟੀਆਂ ਤੇ ਬਰਫ ਪਿਘਲਦੀ ਹੈ। ਸ਼ਾਇਦ ਫਕੀਰਾਂ ਦਾ ਇਹ ਕੋਈ ਕਰਮ ਹੈ ਕਿ ਬਰਫ ਹੁਣ ਖੂਬ ਪਿਘਲ ਰਹੀ ਹੈ। ਇਹ ਸਿਲਸਿਲਾ ਕਿੱਥੇ ਤੱਕ ਚਲੇਗਾ, ਇਸਦਾ ਮੈਨੂੰ ਕੋਈ ਇਲਮ ਨਹੀਂ। ਬਹੁਤ ਵਾਰੀ ਕਵਿਤਾ ਲਿਖਣ ਵਾਲੇ ਇਸ ਅਵਸਥਾ ਵਿਚ ਕਵਿਤਾ ਲਿਖਦੇ ਹਨ ਕਿ ਉਹ ਕੋਈ ਉੱਦਾਤ ਖਿਆਲ ਦੂਸਰਿਆਂ ਨਾਲ ਸਾਂਝਾ ਕਰਨਾ ਚਾਹ ਰਹੇ ਹੁੰਦੇ ਹਨ। ਪਰ ਪਿਛਲੇ ਸਾਲਾਂ ਦੌਰਾਨ ਮੈਂ ਜ਼ਿਆਦਾਤਰ ਉਵੇਂ ਲਿਖਿਆ ਹੈ, ਜਿਵੇਂ ਕਦੇ ਕਦੇ ਤੁਸੀਂ ਕਿਸੇ ਚੀਖ ਨੂੰ ਕਿਸੇ ਧੁਨ ਵਿਚ ਬਦਲ ਦਿੰਦੇ ਹੋ। ਬਹੁਤ ਸਾਰੇ ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ ਵਾਲੇ ਲੋਕ ਦਰਦ, ਉਦਾਸੀ, ਉਪਰਾਮਤਾ ਨੂੰ ਹਿਕਾਰਤ ਦੀ ਨਜ਼ਰ ਨਾਲ ਦੇਖਦੇ ਹਨ। ਪਰ ਜੇ ਕੋਈ ਇਸ ਤਰਾਂ ਦੀ ਹਾਲਤ ਦਾ ਅਨੁਭਵ ਕਰੇ ਤਾਂ ਉਹ ਕੀ ਕਰੇ। ਕੀ ਪੀੜ, ਦਰਦ ਅਤੇ ਉਪਰਾਮਤਾ ਜੀਵਨ ਦੀ ਸਚਾਈ ਨਹੀਂ ਹੈ? ਜੇ ਇਹ ਰੋਗ ਵੀ ਹੋਵੇ ਤਾਂ ਕੀ ਇਹ ਰੋਗ ਇੱਕ ਹਕੀਕਤ ਨਹੀਂ ਹੈ? ਸ਼ਿਵ ਕੁਮਾਰ ਦੀਆਂ ਸਤਰਾਂ ਹਨ:
ਇਹ ਸਰ ਕਿੰਨੇ ਕੁ ਡੂੰਘੇ ਨੇ
ਕਿਸੇ ਨੇ ਹਾਥ ਨਾ ਪਾਈ
ਨਾ ਬਰਸਾਤਾਂ ਵਿਚ ਚੜ੍ਹਦੇ ਨੇ
ਨਾ ਔੜਾਂ ਵਿਚ ਸੁੱਕਦੇ ਨੇ
ਅਜਿਹੇ ਅਹਿਸਾਸ ਸਿਰਫ ਅਨੁਭਵ ਦੀਆਂ ਗੱਲਾਂ ਹਨ। ਇਹ ਵਿਚਾਰਧਾਰਾ ਦਾ ਮਸਲਾ ਨਹੀਂ ਹੈ। ਇਹ ਸਿਰਫ ਸ਼ਿਵ ਕੁਮਾਰ ਵਿਚ ਨਹੀਂ ਹੈ। ਗੁਰਬਾਣੀ ਅਤੇ ਸੂਫੀ ਕਵਿਤਾ ਵੀ ਅਜਿਹੇ ਵੈਰਾਗ ਨਾਲ ਭਰੀ ਹੈ। ਕੁੱਝ ਰਹੱਸ ਅਜਿਹੇ ਹਨ, ਜਿਨਾਂ ਨੂੰ ਸਿਧਾਂਤਾਂ ਦੀ ਭਾਸ਼ਾ ਵਿਚ ਬਿਆਨਣਾ ਮੁਸ਼ਕਲ ਹੈ। ਚੀਖ ਨੂੰ ਕੋਈ ਕਿਵੇਂ ਬਿਆਨ ਕਰੇ। ਕੁਦਰਤ ਵੀ ਦੇਖੋ ਕਿਵੇਂ ਦਿਆਲੂ ਹੈ, ਇਹ ਕਵਿਤਾ ਮੈਂ ਆਪਣੇ ਜਨਮ ਦਿਨ ਵਾਲੇ ਦਿਨ ਲਿਖ ਰਿਹਾ ਹਾਂ:
ਚੁੱਪ ਚੀਖ
ਦਰਦ ਦਾ ਇਹ ਹੜ੍ਹ
ਕਿਥੇ ਲੈ ਜਾਵੇਗਾ
ਖੁਦਾ ਜਾਣੇ
ਮੈਂ ਹੱਥ ਛੱਡਕੇ ਇਸ ਵਿਚ ਬਹਿ ਗਿਆ ਹਾਂ
ਕੁੱਝ ਇਸ ਤਰਾਂ ਵੀ ਦੁਖਦਾ ਹੈ
ਮੈਨੂੰ ਨਹੀਂ ਸੀ ਪਤਾ
ਜਿਵੇਂ ਚੀਖ ਦੀ ਕੋਈ ਗੋਲੀ ਬਣਾ
ਦਿੱਲ ਵਿਚ ਰੱਖ ਦਿੱਤੀ ਗਈ ਹੋਵੇ
ਜਿਵੇਂ ਛੱਤਾਂ ਹੇਠੋਂ ਦੌੜ ਜਾਣ ਨੂੰ ਜੀ ਕਰੇ
ਜਿਵੇਂ ਚੀਖ ਨੂੰ ਪੀ ਜਾਣਾ ਹੋਵੇ
ਚੁੱਪ ਚਾਪ
ਇਹ ਕੈਸੀ ਪਰਖ ਹੈ
ਇਹ ਅਮੁੱਕ ਤੜਫ
ਇਹ ਅਬੁੱਝ ਖਿੱਚ
ਇਹ ਬਿਹਬਲ ਜੀਅ
ਇਸ ਤਰਾਂ ਵੀ ਹੁੰਦਾ ਹੈ
ਨਹੀਂ ਸਾਂ ਜਾਣਦਾ
ਮੈਂ ਤਾਂ ਫਕੀਰਾਂ ਦੇ ਦਰ ਤੇ
ਸਿਰ ਝੁਕਾਇਆ ਸੀ
ਦਸੰਬਰ 8, 2010
ਸ਼ਮੀਲ
ਟਿੱਪਣੀ ਕਰੋ ਜਾਂ ਕੁਝ ਪੁੱਛੋ