ਨਾਦ

contemporary punjabi poetry

Archive for New Poetry

ਸੁਰਜੀਤ ਪਾਤਰ ਦੀ ਬਾਲ ਕਵਿਤਾ

ਜੇਪੀ ਨੇ ਇਹ ਬਾਲ ਕਵਿਤਾ ਮੈਨੂੰ ਭੇਜੀ ਹੈ। ਪੰਜਾਬੀ ਵਿਚ ਬਹੁਤ ਸਾਰੇ ਸ਼ਾਇਰਾਂ ਬਾਲ ਕਵਿਤਾਵਾਂ ਲਿਖੀਆਂ ਹਨ। ਪਰ ਜ਼ਿਆਦਾਤਰ ਬਾਲ ਸਾਹਿਤ ਅਜਿਹਾ ਹੈ, ਜਿਸ ਬਾਰੇ ਇਨ੍ਹਾਂ ਦੇ ਲਿਖਣ ਵਾਲਿਆਂ ਅਤੇ ਪੜ੍ਹਨ ਵਾਲਿਆਂ ਦੀ ਇਹ ਸਮਝ ਹੁੰਦੀ ਹੈ ਕਿ ਬਾਲ ਸਾਹਿਤ ਕੋਈ ਵੀ ਲਿਖ ਸਕਦਾ ਹੈ। ਬਾਲ ਸਾਹਿਤ ਦਾ ਮਤਲਬ ਇਹ ਸਮਝਿਆ ਜਾਂਦਾ ਹੈ ਕਿ ਇਸ ਨੂੰ ਲਿਖਣ ਲਈ ਜ਼ਿਆਦਾ ਪ੍ਰਤਿਭਾ ਦੀ ਲੋੜ ਨਹੀਂ ਹੁੰਦੀ। ਪਰ ਗੰਭੀਰ ਸਾਹਿਤਕ ਲੋਕਾਂ ਦੀ ਧਾਰਨਾ ਇਸਦੇ ਉਲਟ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਸਲੀ ਵਿਚ ਬਾਲ ਸਾਹਿਤ ਲਿਖਣਾ ਜ਼ਿਆਦਾ ਮੁਸ਼ਕਲ ਕਾਰਜ ਹੈ। ਸਧਾਰਨ ਪ੍ਰਤਿਭਾ ਵਾਲੇ ਲੇਖਕ ਬਾਲ ਸਾਹਿਤ ਦੀ ਰਚਨਾ ਨਹੀਂ ਕਰ ਸਕਦੇ। ਪੰਚਤੰਤਰ ਵਰਗੀਆਂ ਰਚਨਾਵਾਂ ਬਹੁਤ ਹੀ ਵਿਲੱਖਣ ਪ੍ਰਤਿਭਾ ਵਾਲੇ ਲੋਕ ਰਚ ਸਕਦੇ ਹਨ। ਪੰਜਾਬੀ ਵਿਚ ਜਿੰਨਾ ਕੁ ਬਾਲ ਸਾਹਿਤ ਮਿਲਦਾ ਹੈ, ਉਹ ਜ਼ਿਆਦਾ ਕਰਕੇ ਹਾਸੋਹੀਣਾ ਹੈ। ਜੇਪੀ ਨੇ ਜਿਹੜੀ ਕਵਿਤਾ ਭੇਜੀ ਹੈ, ਉਹ ਸਾਡੇ ਦੌਰ ਦੇ ਸਿਰਮੌਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਹੋਰਾਂ ਦੀ ਹੈ। ਉਨ੍ਹਾਂ ਨੇ ਕਾਫੀ ਸਾਰੀਆਂ ਬਾਲ ਕਵਿਤਾਵਾਂ ਲਿਖੀਆਂ ਹਨ, ਪਰ ਛਪਵਾਈਆਂ ਨਹੀਂ ਹਨ। ਜੇ ਉਨ੍ਹਾਂ ਦੇ ਸ਼ਾਇਰ ਬਾਲ ਸਾਹਿਤ ਲਿਖਣ ਤਾਂ ਸ਼ਾਇਦ ਪੰਜਾਬੀ ਬਾਲ ਸਾਹਿਤ ਦਾ ਕੋਈ ਮੂੰਹ ਮੱਥਾ ਬਣ ਸਕੇ। ਜੇਪੀ ਨੇ ਆਪਣੇ ਬਲੌਗ ਤੇ ਵੀ ਇਹ ਕਵਿਤਾ ਦਿਤੀ ਹੈ। ਉਸੇ ਕਵਿਤਾ ਨੂੰ ਇਸ ਬਲੌਗ ਦੇ ਪਾਠਕਾਂ ਨਾਲ ਵੀ ਸ਼ੇਅਰ ਕਰ ਰਿਹਾ ਹਾਂ:

ਭਾਰੇ ਭਾਰੇ ਬਸਤੇ

ਭਾਰੇ ਭਾਰੇ ਬਸਤੇ
ਲੰਮੇ ਲੰਮੇ ਰਸਤੇ
ਥੱਕ ਗਏ ਨੇ ਗੋਡੇ
ਦੁਖਣ ਲੱਗ ਪਏ ਮੋਢੇ
ਐਨਾ ਭਾਰ ਚੁਕਾਇਆ ਏ
ਅਸੀਂ ਕੋਈ ਖੋਤੇ ਆਂ ?

ਟੀਚਰ ਜੀ ਆਉਣਗੇ
ਆ ਕੇ ਹੁਕਮ ਸੁਣਾਉਣਗੇ :
ਚਲੋ ਕਿਤਾਬਾਂ ਖੋਲ੍ਹੋ
ਪਿੱਛੇ ਪਿੱਛੇ ਬੋਲੋ ।
ਪਿੱਛੇ ਪਿੱਛੇ ਬੋਲੀਏ
ਅਸੀਂ ਕੋਈ ਤੋਤੇ ਆਂ ?

ਚਲੋ ਚਲੋ ਜੀ ਚੱਲੀਏ
ਜਾ ਕੇ ਸੀਟਾਂ ਮੱਲੀਏ
ਜੇਕਰ ਹੋ ਗਈ ਦੇਰ
ਕੀ ਹੋਵੇਗਾ ਫੇਰ
ਟੀਚਰ ਜੀ ਆਉਣਗੇ
ਝਿੜਕਾਂ ਖ਼ੂਬ ਸੁਣਾਉਣਗੇ

ਤੁਰੇ ਹੀ ਤਾਂ ਜਾਨੇ ਆਂ
ਅਸੀਂ ਕੋਈ ਖੜੋਤੇ ਆਂ ?

ਜਸਵਿੰਦਰ ਦੀ ਸ਼ਾਇਰੀ

ਨਵੀਂ ਪੰਜਾਬੀ ਗਜ਼ਲ ਵਿਚ ਜਸਵਿੰਦਰ ਇਕ ਜ਼ਿਕਰਯੋਗ ਨਾਂ ਹੈ। ਉਸਦਾ ਪਿਛੋਕੜ ਮਾਲਵੇ ਦਾ ਹੈ ਤੇ ਅੱਜਕਲ੍ਹ ਉਹ ਰੋਪੜ ਰਹਿ ਰਿਹਾ ਹੈ। ਉਹ ਦੇ ਸ਼ਿਅਰਾਂ ‘ਚ ਪੁਖ਼ਤਗੀ, ਰਵਾਨਗੀ, ਸੁਹਜ, ਸਹਿਜ ਤੇ ਸਵੱਛਤਾ ਹੈ। ਹਰੇਕ ਸ਼ਿਆਰ ਨਗੀਨੇ ਵਾਂਗ ਜੜਿਆ ਹੈ। ਉਸ ਨੇ ਪੇਂਡੂ ਪੰਜਾਬੀ ਕਿਰਸਾਣੀ ‘ਚੋਂ ਬਿੰਬ ਪ੍ਰਤੀਕ ਵੀ ਵਰਤੇ ਹਨ ਅਤੇ ਪੰਜਾਬੀ ਵਿਚ ਪ੍ਰਚਲਿਤ ਉਰਦੂ-ਫ਼ਾਰਸੀ ਦੀ ਸ਼ਬਦਾਵਲੀ ਨੂੰ ਵੀ ਸਹਿਜ ਰੂਪ ਵਿਚ ਇਸਤੇਮਾਲ ਕੀਤਾ ਹੈ। ਭਾਵੇਂ ਉਹ ਕਾਫੀ ਦੇਰ ਤੋਂ ਲਿਖ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬੀ ਦੇ ਕਵਿਤਾ ਜਗਤ ਵਿਚ ਉਸਦੀਆਂ ਗਜ਼ਲਾਂ ਦਾ ਖਾਸ ਨੋਟਿਸ ਲਿਆ ਜਾਣਾ ਸ਼ੁਰੂ ਹੋਇਆ ਹੈ। ਨਮੂਨੇ ਵਜੋਂ ਪੇਸ਼ ਹੈ ਉਸ ਦੀ ਇਕ ਗਜ਼ਲ:

ਮਹਿਕਾਂ ਤੋਂ ਮਹਿਰੂਮ ਦਿਲਾਂ ਨੂੰ,
ਅਹਿਸਾਸਾਂ ਦਾ ਸੰਦਲ ਦੇ ਦੇ।
ਸੱਖਣਾਪਣ ਰੂਹਾਂ ਦਾ ਭਰ ਦੇ,
ਤਨਹਾਈਆਂ ਨੂੰ ਮਹਿਫ਼ਿਲ ਦੇ ਦੇ।

ਗਹਿਰੀ ਖ਼ਾਮੋਸ਼ੀ ਦਾ ਆਲਮ,
ਨਾ ਹਰਕਤ ਨਾ ਜੁੰਬਿਸ਼ ਕੋਈ,
ਬਿਰਖਾਂ ਨੂੰ ਪੌਣਾਂ ਦਾ ਚੁੰਮਣ,
ਤੇ ਨਦੀਆਂ ਨੂੰ ਕਲਕਲ ਦੇ ਦੇ।

ਅਰਮਾਨਾਂ ਅੰਗੜਾਈਆਂ ਭਰੀਆਂ,
ਥਿਰਕਣਗੇ ਪੱਬ ਸੂਲਾਂ ‘ਤੇ ਵੀ,
ਬਸ ਥੋੜੀ ਜਿਹੀ ਧਰਤੀ ਦੇ ਕੇ,
ਤੇ ਪੈਰਾਂ ਨੂੰ ਪਾਇਲ ਦੇ ਦੇ।

ਸਹਿਕ ਰਹੀ ਉੱਡਣ ਦੀ ਚਾਹਤ,
ਹਰਫ਼ਾਂ ਦੇ ਧੁਖਦੇ ਖੰਭਾਂ ਨੂੰ,
ਅਪਣੇ ਮੋਹ ਦੀ ਬਾਰਸ਼ ਦੇ ਦੇ,
ਅਪਣੇ ਨੈਣਾਂ ਦਾ ਜਲ ਦੇ ਦੇ।

ਰੋਜ਼ ਦੀਆਂ ਤੇਹਾਂ ਮਿਟ ਜਾਵਣ,
ਦੋਹਾਂ ਦੀ ਭਟਕਣ ਮੁੱਕ ਜਾਵੇ,
ਸੁੰਦਰਾਂ ਨੂੰ ਇਕ ਪੂਰਨ ਦੇ ਦੇ,
ਤੇ ਪੂਰਨ ਨੂੰ ਜੰਗਲ ਦੇ ਦੇ।

ਚਾਹੇ ਮੇਰੀ ਨੀਂਦ ਚੁਰਾ ਲੈ,
ਚਾਹੇ ਮੇਰੀ ਹੋਂਦ ਭੁਲਾ ਦੇ,
ਪਰ ਜੋ ਮੈਨੂੰ ਵਿਸਰ ਗਿਆ ਹੈ,
ਉਹ ਸੁਪਨਾ ਪਲ ਦੋ ਪਲ ਦੇ ਦੇ।

ਮੋਰਿੰਡੇ ਤੋਂ ਕਲਸੀ ਦੀ ਨਜ਼ਮ

ਗੁਰਿੰਦਰ ਕਲਸੀ ਮੇਰਾ ਉਨ੍ਹਾਂ ਦਿਨਾਂ ਦਾ ਦੋਸਤ ਹੈ, ਜਦ ਮੈਂ ਰੋਪੜ ਰਹਿੰਦਾ ਸਾਂ। ਮੈਂ ਤੇ ਜਸਬੀਰ ਮੰਡ ਉਦੋਂ ਕਦੇ ਕਦੇ ਮੋਰਿੰਡੇ ਵਿਚ ਉਨ੍ਹਾਂ ਦੀ ਸਾਹਿਤ ਸਭਾ ਦੇ ਸਮਾਗਮਾਂ ਤੇ ਜਾਂਦੇ। ਉਥੇ ਹੀ ਮੇਰੀ ਪਹਿਲੀ ਵਾਰ ਗੁਰਿੰਦਰ ਕਲਸੀ ਨਾਲ ਮੁਲਾਕਾਤ ਹੋਈ ਸੀ। ਇਹ ਅਸੀਵਿਆਂ  ਦੀਆਂ ਗੱਲਾਂ ਹਨ। ਬਾਅਦ ਵਿਚ ਜ਼ਿੰਦਗੀ ਹੋਰ ਰਾਹਾਂ ਤੇ ਪੈ ਗਈ ਤੇ ਉਸ ਨਾਲ ਬਹੁਤ ਘੱਟ ਮੁਲਾਕਾਤ ਹੋਈ। ਉਸਦੀਆਂ ਕੁਝ ਨਜ਼ਮਾਂ ਬੀਤੇ ਦਿਨੀਂ ਪਰਮਜੀਤ ਸੋਹਲ ਨੇ ਮੈਨੂੰ ਭੇਜੀਆਂ। ਨਜ਼ਮਾਂ ਪੜ੍ਹਦਿਆਂ ਮੈਨੂੰ ਰੋਪੜ ਦੇ ਆਪਣੇ ਉਹ ਦਿਨ ਯਾਦ ਆ ਗਏ। ਮੰਡ ਜਪਾਨ ਚਲਾ ਗਿਆ ਤੇ ਮੈਂ ਆਪਣੇ ਰਾਹਾਂ ਤੇ। ਕਈ ਵਾਰ ਅਸੀਂ ਦੋਵਾਂ ਨੇ ਇਹ ਪ੍ਰੋਗਰਾਮ ਬਣਾਇਆ ਕਿ ਫੇਰ ਕਦੇ ਉਵੇਂ ਹੀ ਰੋਪੜ ਜਾਂ ਮੋਰਿੰਡੇ ਦੀ ਸਾਹਿਤ ਸਭਾ ਵਿਚ ਜਾਇਆ ਜਾਵੇ। ਜਿਥੇ ਪ੍ਰੀਤਇੰਦਰ, ਮੋਹਨਦੀਪ, ਸ਼ਮਸ਼ੇਰ ਮਲਕਪੁਰੀ, ਰਤਨ ਰੰਗੀਲਪੁਰੀ, ਸੁਰਜੀਤ ਜੀਤ ਤੇ
ਗੁਰਿੰਦਰ ਕਲਸੀ ਅਜੇ ਵੀ ਕਵਿਤਾ ਦੀਆਂ ਮਹਿਫਲਾਂ ਲਾਉਂਦੇ ਹਨ। ਵੱਡੇ ਲੇਖਕ ਆਮ ਕਰਕੇ ਅਜਿਹੀਆਂ ਸਾਹਿਤ ਸਭਾਵਾਂ ਵਿਚ ਨਹੀਂ ਜਾਂਦੇ। ਪਰ ਇਹ ਸਚਾਈ ਹੈ ਕਿ ਪੰਜਾਬੀ ਦੇ ਸਾਰੇ ਵੱਡੇ ਲੇਖਕਾਂ ਨੇ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਇਨ੍ਹਾਂ ਸਭਾਵਾਂ ਤੋਂ ਹੀ ਕੀਤੀ ਹੁੰਦੀ ਹੈ।
ਗੁਰਿੰਦਰ ਕਲਸੀ ਦੀਆਂ ਬਾਕੀ ਨਜ਼ਮਾਂ ਉਸਦੇ ਵੱਖਰੇ ਪੇਜ ਤੇ ਪਾਵਾਂਗੇ। ਮਾਸੂਮ ਜਿਹੇ ਅਹਿਸਾਸਾਂ ਵਾਲੀ ਉਸ ਦੀ ਇਕ ਨਜ਼ਮ ਇਥੇ ਸਾਂਝੀ ਕਰ ਰਿਹਾ ਹਾਂ – ਸ਼ਮੀਲ

ਵਿਆਹ ਤੋਂ ਪਹਿਲਾਂ ਕੁੜੀ

ਜਿਵੇਂ ਸਮੇਟਦੀ ਕੋਈ ਜਾਦੂਗਰਨੀ
ਅਪਣਾ ਤਾਣਾ ਬਾਣਾ
ਹੌਲੀ ਹੌਲੀ ਸਮੇਟ ਰਹੀ ਉਹ ਵੀ
ਪਿਆਰ ਪੁਰਾਣਾ

ਉਹ ਘੱਟ ਕਰ ਰਹੀ
ਹੋਏ ਬੀਤੇ ਰਿਸ਼ਤਿਆਂ ਦਾ ਮੋਹ
ਚਿਰਾਂ ਤੋਂ ਸਾਂਭੇ ਪੱਤਰ
ਫਾੜ ਰਹੀ ਉਹ
ਹੁਣ ਕਦੇ ਨਾ ਕਰਦੀ ਉਹ
ਕੋਈ ਲੰਬੀ ਫ਼ੋਨ ਕਾਲ
ਹੁਣ ਤਾਂ ਬੜੀ ਰੀਝ ਨਾਲ
ਉਹ ਪੇਂਟ ਕਰਦੀ ਸੀਨਰੀਆਂ
ਕੱਢਦੀ ਚਾਦਰਾਂ

ਸੰਵਾਰਦੀ ਖ਼ੁਦ ਨੂੰ
ਪਲਕਾਂ ‘ਚ ਤੈਰਦੈ
ਹੁਣ ਨਵਾਂ ਜੁਗਨੂੰ

ਬੜ ਘਟ ਗਿਆ ਬਜ਼ਾਰ ਦਾ ਗੜ
ਐਵੇਂ ਮਿਲ ਜਾਏਗਾ ਕੋਈ
ਉੱਧਰ ਦਾ
ਜਾਂ
ਇੱਧਰ ਦਾ

ਉਹ ਸਮੇਟ ਰਹੀ ਸਾਰਾ ਕੁਝ
ਕਿਸੇ ਜਾਦੂਗਰਨੀ ਵਾਂਗ਼

ਵਰ ਦੇ ਦੇ ਮੇਰੇ ਵਿਜੋਗ ਨੂੰ

ਪਤਾ ਨਹੀਂ ਕਿਉਂ ਮੇਰੇ ਮਨ ਅੰਦਰ ਇਹ ਇੱਕ ਗੰਢ ਹੈ ਕਿ ਨਿੱਜੀ ਪੀੜਾ ਨੂੰ ਮੈਂ ਕਦੇ ਵਾਰਤਕ ਵਿਚ ਨਹੀਂ ਲਿਖ ਸਕਿਆ। ਲਿਖਣਾ ਦੂਰ, ਕਿਸੇ ਨਾਲ ਗੱਲਬਾਤ ਰਾਹੀਂ ਵੀ ਉਸਨੂੰ ਸਾਂਝਾ ਕਰਨਾ ਮੇਰੇ ਸੁਭਾਅ ਵਿਚ ਨਹੀਂ ਹੈ। ਸ਼ਾਇਦ ਮੇਰੇ ਅੰਦਰ ਕਿਤੇ ਇਹ ਧਾਰਨਾ ਬਣੀ ਹੋਈ ਹੈ ਕਿ ਜੀਵਨ ਦੀਆਂ ਪੀੜਾਂ ਪੀਣ ਲਈ ਹੁੰਦੀਆਂ ਹਨ, ਕਹਿਣ ਲਈ ਨਹੀਂ। ਕਵਿਤਾ ਪੀੜ ਨੂੰ ਪੀਣ ਤੋਂ ਬਾਅਦ ਪੈਦਾ ਹੁੰਦੀ ਹੈ। ਨਿੱਜੀ ਤੌਰ ਤੇ ਮੇਰੇ ਲਈ ਪਿਛਲਾ ਅਰਸਾ ਬੇਹੱਦ ਪੀੜਾਦਾਇਕ ਸਮਾਂ ਰਿਹਾ ਹੈ। ਸਿਰਫ ਕੁੱਝ ਮਹੀਨਿਆਂ ਦੇ ਵਕਫੇ ਵਿਚ ਦੋਵੇਂ ਮਾਂ ਪਿਓ ਗੁਆ ਲਏ ਅਤੇ ਹੋਰ ਬਹੁਤ ਕੁਝ। ਕੁਝ ਨੁਕਸਾਨ ਅਜਿਹੇ ਹਨ, ਜਿਨ੍ਹਾਂ ਦੀ ਪੂਰਤੀ ਨਹੀਂ ਹੋ ਸਕਦੀ। ਇਸ ਅਰਸੇ ਦੌਰਾਨ ਮੈਂ ਆਪਣੀ ਕਵਿਤਾ ਦੀ ਨਵੀ ਕਿਤਾਬ ‘ਓ ਮੀਆਂ’ ਛਪਵਾਈ। ਪਹਿਲੀ ਕਿਤਾਬ ਤੋਂ ਬਹੁਤ ਦੇਰ ਬਾਅਦ। ਮੇਰੇ ਅਸਹਿ ਅਤੇ ਅਕਹਿ ਨਿੱਜੀ ਦਰਦ ਤੇ ਤਾਂਘ ਇਸ ਕਵਿਤਾ ਦਾ ਮੂਲ ਹਨ। ਇਸੇ ਅਰਸੇ ਦੌਰਾਨ ਕੁਝ ਗੀਤ ਵੀ ਲਿਖੇ, ਜਿਹੜੇ ਇਸ ਕਿਤਾਬ ਵਿਚ ਸ਼ਾਮਲ ਨਹੀਂ ਕੀਤੇ। ਪਰਮਜੀਤ ਸੋਹਲ ਦੇ ਗੀਤ ਪੜ੍ਹਦਿਆਂ ਮੇਰਾ ਧਿਆਨ ਆਪਣੇ ਇਨ੍ਹਾਂ ਗੀਤਾਂ ਵੱਲ ਗਿਆ। ਇਨ੍ਹਾਂ ਵਿਚੋਂ ਇਕ ਗੀਤ ਸਾਂਝਾ ਕਰ ਰਿਹਾ ਹਾਂ:

ਵਰ ਦੇ ਦੇ ਮੇਰੇ ਵਿਜੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਇਹ ਭਟਕਣਾ ਹੈ ਗਿਆਨਾਂ ਦੀ
ਇਹ ਥਿੜਕਣਾ ਹੈ ਧਿਆਨਾਂ ਦੀ
ਮੈਨੂੰ ਰੱਸੀ ਉਤੇ ਤੋਰੀਂ ਨਾ
ਵਰ ਦੇ ਦਈਂ ਮੇਰੇ ਭੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਵਰ ਦੇ ਦੇ

ਇਹ ਤੜਫ, ਇਹ ਜੋ ਸੇਕ ਹੈ
ਇਸ ਸੇਕ ਦਾ ਜੋ ਭੇਤ ਹੈ
ਤੂੰ ਹੀ ਜਾਣਦੈਂ, ਤੂੰ ਕਬੂਲ ਲਈਂ
ਮੇਰੀ ਪੀੜ ਤੇ ਮੇਰੇ ਸੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਵਰ ਦੇ ਦੇ

ਐਵੇਂ ਮਨ ਨੂੰ ਕਿਤੇ ਅਰਾਮ ਨਹੀਂ
ਇਸ ਦਰਦ ਦਾ ਕੋਈ ਨਾਮ ਨਹੀਂ
ਬਾਂਹ ਪਕੜ ਲੈ, ਆਪੇ ਜਾਣ ਲੈ
ਮੇਰੀ ਮਰਜ਼ ਨੂੰ , ਮੇਰੇ ਰੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਖੈਰ ਇਸ਼ਕ ਦੀ ਤੇਰਾ ਕਰਮ ਹੈ
ਇਹੀ ਭੇਤ ਹੈ ਇਹੀ ਮਰ੍ਹਮ ਹੈ
ਮੈਂ ਹੈਰਾਨ ਹਾਂ, ਮੈਂ ਹਾਂ ਦੇਖਦਾ
ਇਸ ਮੇਲ ਨੂੰ, ਸੰਜੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਇਹ ਜੋ ਮਨ ਹੈ, ਇਹੀ ਭਾਰ ਹੈ
ਜਿਵੇਂ ਪਾਣੀ ਦਾ ਅਕਾਰ ਹੈ
ਨਾ ਇਹ ਝੱਲਦਾ ਨਾ ਇਹ ਮੰਨਦਾ
ਕਿਸੇ ਵਰਜਣਾ, ਕਿਸੇ ਰੋਕ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਸ਼ਮੀਲ

ਦਿਲਾਂ ਵਿਚ ਗੂੰਜਣ ਦੇ

ਪਰਮਜੀਤ ਸੋਹਲ ਸਾਡੀ ਪੀੜ੍ਹੀ ਦੇ ਸਭ ਤੋਂ ਪ੍ਰਤਿਭਾਵਾਨ ਕਵੀਆਂ ਵਿਚੋਂ ਹੈ। ਕੁਝ ਸਾਲ ਪਹਿਲਾਂ ਜਦ ਉਸਦੀ ਪਹਿਲੀ ਕਾਵਿ ਪੁਸਤਕ ‘ਓਨਮ’ ਆਈ ਸੀ ਤਾਂ ਇਸ ਨੇ ਪੰਜਾਬੀ ਸਾਹਿਤ ਜਗਤ ਦਾ ਧਿਆਨ ਆਪਣੇ ਵੱਲ ਖਿਚਿਆ ਸੀ। ਉਸ ਦੌਰ ਵਿਚ ਓਨਮ ਦੀ ਕਵਿਤਾ ਪੰਜਾਬੀ ਕਵਿਤਾ ਦੇ ਪ੍ਰਚਲਿਤ ਮੁਹਾਵਰੇ ਦੇ ਪ੍ਰਸੰਗ ਵਿਚ ਬਿਲਕੁਲ ਵੱਖਰੀ ਲੱਗਦੀ ਸੀ। ਉਸਦੀ ਕਵਿਤਾ ਦੇ ਰੂਹਾਨੀ ਸਰੋਕਾਰਾਂ ਨੇ ਬਹੁਤ ਸਾਰੇ ਪੰਜਾਬੀ ਅਲੋਚਕਾਂ ਤੇ ਪਾਠਕਾਂ ਨੂੰ ਹੈਰਾਨ ਕੀਤਾ ਸੀ। ਕੁਝ ਚਿਰ ਪਹਿਲਾਂ ਉਸ ਦੇ ਗੀਤਾਂ ਦੀ ਇਕ ਕਿਤਾਬ ‘ਪੌਣਾਂ ਸਤਲੁਜ ਕੋਲ ਦੀਆਂ’ ਛਪੀ ਹੈ। ਪਿਛਲੇ ਅਰਸੇ ਦੌਰਾਨ ਪੰਜਾਬੀ ਵਿਚ ਸਿਵਾ ਗਜ਼ਲਾਂ ਦੇ ਪ੍ਰਗੀਤਕ ਕਵਿਤਾ ਬੇਜਾਨ ਜਿਹੀ ਲੱਗਣ ਲੱਗੀ ਸੀ। ਸੋਹਲ ਦੇ ਗੀਤਾਂ ਦੇ ਪੰਜਾਬੀ ਗੀਤਾਂ ਵਿਚ ਇਕ ਨਵੀਂ ਰੂਹ ਪਾਈ ਹੈ। ਮੇਰੀ ਨਵੀਂ ਕਾਵਿ ਪੁਸਤਕ ‘ਓ ਮੀਆਂ’ ਵਿਚ ਇਕ ਕਵਿਤਾ ਹੈ, ਜਿਸ ਦਾ ਨਾਂ ‘ਪਰਮਜੀਤ’ ਹੈ। ਉਹ ਕਵਿਤਾ ਅਸਲ ਵਿਚ ਪਰਮਜੀਤ ਸੋਹਲ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋਕੇ ਹੀ ਲਿਖੀ ਗਈ ਹੈ। ਉਸ ਦੀ ਨਵੀਂ ਕਿਤਾਬ ਵਿਚੋਂ ਇਕ ਗੀਤ ਮੈਂ ਇਥੇ ਸਾਂਝਾ ਕਰ ਰਿਹਾ ਹਾਂ।

ਸ਼ਮੀਲ

ਦਿਲਾਂ ਵਿਚ ਗੂੰਜਣ ਦੇ

ਦਿਲਾਂ ਵਿਚ ਗੂੰਜਣ ਦੇ
ਗੂੰਜਣ ਦੇ ਤੂੰ ਪਿਆਰ
ਦਿਲਾਂ ਵਿਚ ਗੂੰਜਣ ਦੇ
ਗੂੰਜਣ ਦੇ ਸਭ ਤਾਰ

ਮੈਂ ਕਮਲੀ ਦੀ ਰੀਝ ਨਿਮਾਣੀ
ਬੁੱਲ੍ਹੀਂ ਕਾਂਬੇ, ਨੈਣੀਂ ਪਾਣੀ
ਮਿੰਨਤਾਂ ਕਰਦੀ ਖੜ੍ਹੀ ਨਿਮਾਣੀ
ਲੈ ਚਲ ਨਦੀਓਂ ਪਾਰ……

ਪਰਬਤ ਪਰਬਤ ਬਰਫ਼ਾਂ ਸੇਜਾਂ
ਪਲਕਾਂ ‘ਚੋਂ ਲਿਖ ਚਿੱਠੀਆਂ ਭੇਜਾਂ
ਮੈਂ ਮਾਰੀ ਰਾਂਝਣ ਦੇ ਹੇਜਾਂ
ਖੇੜਿਆਂ ਨੂੰ ਕੀ ਸਾਰ…..

ਸ਼ਾਹਰਗ ਤੀਕ ਲਰਜ਼ਦੇ ਪਾਣੀ
ਚੰਨ ਸੂਰਜ ਦੀ ਖੇਡ ਵਿਡਾਣੀ
ਜੋਤ ਨੂਰਾਨੀ, ਝਾਲ ਝਲਾਣੀ
ਦਿਸਦੀ ਦਸਵੇਂ ਦੁਆਰ…..

ਅਨਹਦ ਨਾਦ ਸੰਗੀਤ ਨਿਰਾਲਾ
ਜੋ ਸੁਣਦਾ ਉਹ ਕਰਮਾਂ ਵਾਲਾ
ਸਹਿਜ ਸਮਾਧੀ, ਜੋਤਿ ਉਜਾਲਾ
ਰਿਮਝਿਮ ਅੰਮ੍ਰਿਤ ਧਾਰ….

ਲਾ-ਮਹਿਦੂਦ ਕਿਨਾਰੇ ਹੋਏ
ਸਰ ਵਿਚ ਕਮਲ ਪਸਾਰੇ ਹੋਏ
ਲੂੰ ਲੂੰ ਜਗਮਗ ਤਾਰੇ ਹੋਏ
ਮਿਟ ਗਏ ਅੰਧ ਗ਼ੁਬਾਰ….