ਨਾਦ

contemporary punjabi poetry

Archive for New Releases

ਤਾਰਿਆਂ ਦਾ ਹਾਰ

ਕਈ ਕਵਿਤਾਵਾਂ ਅਤੇ ਗੀਤਾਂ ਦੀ ਰਚਨਾ ਦੇ ਛਿਣ ਬੜੇ ਰਹੱਸਮਈ ਹੁੰਦੇ ਹਨ। ਮਨ ਦੀ ਜਿਸ ਅਵਸਥਾ ਵਿਚ ਉਹ ਗੀਤ ਜਾਂ ਕਵਿਤਾਵਾਂ ਪੈਦਾ ਹੁੰਦੀਆਂ ਹਨ, ਉਸ ਹਾਲਤ ਨੂੰ ਕਈ ਵਾਰ ਸਮਝਣਾ ਜਾਂ ਬਿਆਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਹ ਗੀਤ ਲਗਭਗ ਸਾਲ ਪਹਿਲਾਂ ਲਿਖਿਆ ਗਿਆ ਸੀ ਅਤੇ ਜੇ ਮੈਨੂੰ ਕੋਈ ਪੁੱਛੇ ਕਿ ਇਸ ਗੀਤ ਦਾ ਸਬੰਧ ਮਨ ਦੀ ਜਿਸ ਅਵਸਥਾ ਨਾਲ ਹੈ, ਉਹ ਕਿਉਂ ਪੈਦਾ ਹੋਈ ਤਾਂ ਮੈਂ ਸ਼ਾਇਦ ਉਸਦਾ ਬਿਆਨ ਨਾ ਕਰ ਸਕਾਂ। ਅਜਿਹੇ ਭਾਵ ਅਤੇ ਖਿਆਲ ਕਿਵੇਂ ਅਤੇ ਕਿਉਂ ਪੈਦਾ ਹੁੰਦੇ ਹਨ, ਉਨਾਂ ਨੂੰ ਸਧਾਰਨ ਤਰਕ ਨਾਲ ਬਿਆਨ ਕਰਨਾ ਔਖਾ ਲੱਗਦਾ ਹੈ। ਕੁੱਝ ਸਾਲ ਪਹਿਲਾਂ ਮੇਰਾ ਇਹ ਯਕੀਨ ਅਤੇ ਸੋਚ ਸੀ ਕਿ ਕਵਿਤਾਵਾਂ ਦੀ ਰਚਨਾ ਪ੍ਰਕਿਰਿਆ ਕੋਈ ਭੇਤਭਰੀ ਚੀਜ਼ ਨਹੀਂ ਹੈ। ਇਸ ਸਭ ਕਾਸੇ ਨੂੰ ਤਾਰਕਿਕ ਮੁਹਾਵਰੇ ਵਿਚ ਸਮਝਿਆ ਜਾਂ ਬਿਆਨ ਕੀਤਾ ਜਾ ਸਕਦਾ ਹੈ। ਪਰ ਹੌਲੀ ਹੌਲੀ ਮੇਰਾ ਇਹ ਯਕੀਨ ਡੋਲਦਾ ਗਿਆ ਅਤੇ ਮੇਰੇ ਲਈ ਇਹ ਲਗਾਤਾਰ ਹੋਰ ਹੋਰ ਰਹੱਸਮਈ ਹੁੰਦਾ ਜਾ ਰਿਹਾ ਹੈ। ਮਨ ਦੇ ਬਹੁਤ ਸਾਰੇ ਕੁਨੈਕਸ਼ਨ, ਖਿੱਚਾਂ, ਵੇਗ ਅਤੇ ਭਾਵ ਜਿਵੇਂ ਕਿਸੇ ਵੀ ਮਨੋਵਿਗਿਆਨ ਵਿਆਖਿਆ ਨਾਲ ਹੱਲ ਨਹੀਂ ਹੁੰਦੇ, ਉਵੇਂ ਹੀ ਕਲਾ ਅਤੇ ਸਾਹਿਤ ਦੀ ਰਚਨਾ ਪ੍ਰਕਿਰਿਆ ਨੂੰ ਬਿਆਨਣਾ ਵੀ ਔਖਾ ਹੈ, ਜਿਵੇਂ ਇਹ ਦੱਸਣਾ ਔਖਾ ਹੁੰਦਾ ਹੈ ਕਿ ਸਾਨੂੰ ਕੋਈ ਧੁਨ ਅੱਛੀ ਕਿਉਂ ਲੱਗਦੀ ਹੈ। ਧੂਹ ਕਿਉਂ ਪਾਉਂਦੀ ਹੈ।
ਇਸ ਗੀਤ/ਨਜ਼ਮ ਨੂੰ ਇਸ ਵੀਡੀਓ ਨਾਲ ਸੁਣਨਾ ਸ਼ਾਇਦ ਇਸ ਦੀ ਇਕ ਹੋਰ ਪਰਤ ਖੋਲ੍ਹੇ:

ਸ਼ਮੀਲ

ਇਸ਼ਤਿਹਾਰ

ਵਰ ਦੇ ਦੇ ਮੇਰੇ ਵਿਜੋਗ ਨੂੰ ਰਿਲੀਜ਼

ਸ਼ਮੀਲ ਦੀਆਂ ਪ੍ਰਗੀਤਕ ਕਵਿਤਾਵਾਂ ਦੀ ਐਲਬਮ ' ਵਰ ਦੇ ਦੇ ਮੇਰੇ ਵਿਜੋਗ ਨੂੰ' ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਕ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪੰਜਾਬੀ ਹਾਇਕੂ ਫੋਰਮ ਦੇ ਸਹਿਯੋਗ ਨਾਲ ਪੰਜਾਬੀ ਹਾਇਕੂ ਕਾਨਫਰੰਸ ਕਰਵਾਈ ਗਈ। ਇਸ ਮੌਕੇ ਪੰਜਾਬੀ ਸਾਹਿਤ ਨਾਲ ਜੁੜੇ ਸਭ ਨਾਮਵਰ ਲੋਕ ਪਹੁੰਚੇ ਹੋਏ ਸਨ। ਇਸ ਐਲਬਮ ਨੂੰ ਯੂਨੀਸਟਾਰ ਬੁੱਕਸ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਸ਼ਮੀਲ ਦੀ ਗੈਰ ਹਾਜ਼ਰੀ ਵਿਚ ਯੂਨੀਸਟਾਰ ਬੁੱਕਸ ਦੇ ਮਾਲਕ ਹਰੀਸ਼ ਜੈਨ ਦੁਆਰਾ ਐਲਬਮ ਨੂੰ ਰਿਲੀਜ਼ ਕਰਵਾਉਣ ਦੀ ਰਸਮ ਕਰਵਾਈ ਗਈ। ਰਿਲੀਜ਼ ਸਮਾਗਮ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ, ਭਾਰਤੀ ਸਾਹਿਤ ਅਕਾਦਮੀ ਦੇ ਵਾਈਸ ਪ੍ਰੈਜ਼ੀਡੈਂਟ ਡਾ ਸੁਤਿੰਦਰ ਸਿੰਘ ਨੂਰ, ਪ੍ਰਮੁੱਖ ਪੰਜਾਬੀ ਸ਼ਾਇਰ ਸੁਰਜੀਤ ਪਾਤਰ, ਯੂਨੀਸਟਾਰ ਬੁਕਸ ਦੀ ਤਰਫੋਂ ਹਰੀਸ਼ ਜੈਨ, ਹਾਇਕੂ ਫੋਰਮ ਦੇ ਆਗੂ ਅਮਰਜੀਤ ਸਿੰਘ ਸਾਥੀ, ਹਾਇਕੂ ਲੇਖਕ ਜੌਹਨ ਬਰਾਂਡੀ ਅਤੇ ਨਾਮਵਰ ਪੰਜਾਬੀ ਅਲੋਚਕ ਡਾ ਰਜਿੰਦਰਪਾਲ ਸਿੰਘ ਬਰਾੜ ਸਟੇਜ ਤੇ ਮੌਜੂਦ ਸਨ। ਫੋਟੋ ਤੇ ਵੇਰਵਾ: ਅਜੇ ਸ਼ਰਮਾ

ਕਵਿਤਾ ਦੇ ਸੰਚਾਰ ਦੀਆਂ ਸਮੱਸਿਆਵਾਂ

ਜਿਨ੍ਹਾਂ ਦਿਨਾਂ ਵਿਚ ਮੈਂ ਕਵਿਤਾ ਲਿਖਣੀ ਸ਼ੁਰੁ ਕੀਤੀ ਸੀ, ਅੱਸੀਵਿਆਂ ਦੇ ਮੱਧ ਵਿਚ, ਉਸ ਦੌਰ ਵਿਚ ਪਾਸ਼ ਜਿਹੇ ਕਵੀ ਸਾਡੇ ਹੀਰੋ ਤੇ ਰੋਲ ਮੌਡਲ ਸਨ। ਉਨ੍ਹਾਂ ਦਿਨਾਂ ਦੌਰਾਨ ਵੀ ਭਾਵੇਂ ਅਸੀਂ ਦੇਵ, ਸਤੀ ਕੁਮਾਰ, ਹਰਨਾਮ ਜਿਹੇ ਪੰਜਾਬੀ ਕਵੀਆਂ ਨੂੰ ਪੜ੍ਹਦੇ ਅਤੇ ਪਸੰਦ ਕਰਦੇ ਸਾਂ ਪਰ ਜਿਸ ਤਰਾਂ ਦਾ ਅਸਰ ਪਾਸ਼ ਦਾ ਸੀ, ਉਸਦਾ ਕੋਈ ਮੁਕਾਬਲਾ ਨਹੀਂ ਸੀ। ਮੈਂ ਮੁਢਲੇ ਦਿਨਾਂ ਤੋਂ ਹੀ ਦੋਵੇਂ ਤਰਾਂ ਦੀ ਕਵਿਤਾ ਲਿਖਦਾ ਰਿਹਾਂ। ਤਰੰਨੁਮ ਵਿਚ ਪੇਸ਼ ਕੀਤੀ ਜਾ ਸਕਣ ਵਾਲੀ ਕਵਿਤਾ ਵੀ, ਜਿਸ ਨੂੰ ਅਲੋਚਨਾ ਦੀ ਭਾਸ਼ਾ ਵਿਚ ਪ੍ਰਗੀਤਕ ਕਵਿਤਾ ਕਿਹਾ ਜਾਂਦਾ ਹੈ, ਅਤੇ ਉਸ ਤਰਾਂ ਦੀ ਆਧੁਨਿਕ ਕਵਿਤਾ ਵੀ, ਜਿਸ ਨੂੰ ਅਸੀਂ ਆਮ ਕਰਕੇ ਖੁੱਲ੍ਹੀ ਕਵਿਤਾ ਕਹਿੰਦੇ ਹਾਂ। ਪਰ ਮੈਂ ਆਪਣੀਆਂ ਪ੍ਰਗੀਤਕ ਕਵਿਤਾਵਾਂ, ਗੀਤ ਆਦਿ ਕਦੇ ਛਪਵਾਏ ਨਹੀਂ। ਨਾ ਕਿਸੇ ਕਿਤਾਬ ਵਿਚ ਸ਼ਾਮਲ ਕੀਤੇ ਅਤੇ ਨਾ ਕਦੇ ਕਿਸੇ ਮੈਗਜ਼ੀਨ ਨੂੰ ਭੇਜੇ। ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਸਾਡੀ ਪੀੜ੍ਹੀ ਦੇ ਕਵੀਆਂ ਵਿਚ ਇਹ ਸੋਚ ਭਾਰੂ ਸੀ ਕਿ ਤੁਕਬੰਦੀ ਵਾਲੀ, ਗਾਈ ਜਾਣ ਵਾਲੀ ਜਾਂ ਤਰੰਨੁਮ ਵਿਚ ਪੇਸ਼ ਕੀਤੀ ਜਾਣ ਵਾਲੀ ਕਵਿਤਾ ਨੀਵੇਂ ਦਰਜੇ ਦੀ ਕਵਿਤਾ ਹੈ। ਅਸੀਂ ਇਸ ਨੂੰ ਪੁਰਾਣੇ ਜ਼ਮਾਨੇ ਦੀ ਕਵਿਤਾ ਸਮਝਦੇ ਸਾਂ। ਅਸੀਂ ਸੋਚਦੇ ਸਾਂ ਕਿ ਵੱਖ ਵੱਖ ਸ਼ਹਿਰਾਂ, ਕਸਬਿਆਂ ਵਿਚ ਬਣੀਆਂ ਲਿਖਾਰੀ ਸਭਾਵਾਂ ਵਿਚ ਜਾਣ ਵਾਲੇ ਕਵੀ ਅਜਿਹੀ ਕਵਿਤਾ ਲਿਖਦੇ ਹਨ ਜਾਂ ਇਸ ਤਰਾਂ ਦੀ ਕਵਿਤਾ ਲਿਖਣ ਵਾਲੇ ਗੁਰੁਦੁਆਰਿਆਂ ਵਿਚ ਹੁੰਦੇ ਕਵੀ ਦਰਬਾਰਾਂ ਵਿਚ ਜਾਂਦੇ ਹਨ। ਅਜਿਹੀ ਧਾਰਨਾ ਨੂੰ ਸਾਹਿਤ ਅਲੋਚਨਾ ਦੀ ਇਕ ਭਾਰੂ ਧਾਰਾ ਵੀ ਮਜ਼ਬੂਤ ਕਰਦੀ ਸੀ।  ਸਾਹਿਤ ਅਲੋਚਕਾਂ ਦਾ ਇਹ ਵਰਗ ਇਹ ਧਾਰਨਾ ਰੱਖਦਾ ਸੀ ਕਿ ਆਧੁਨਿਕ ਜੀਵਨ ਦੀ ਜਟਿਲਤਾ ਨੂੰ ਪੇਸ਼ ਕਰਨ ਲਈ ਤੁਕਬੰਦੀ ਵਾਲੀ ਕਵਿਤਾ, ਗੀਤ, ਗਜ਼ਲ ਆਦਿ ਉਚਿਤ ਮਾਧਿਅਮ ਨਹੀਂ ਹਨ। ਸੁਚੇਤ ਪੱਧਰ ਤੇ ਮੈਂ ਵੀ ਇਸ ਤਰਾਂ ਦੀ ਸੋਚ ਦਾ ਪ੍ਰਭਾਵ ਮੰਨਦਾ ਸਾਂ ਭਾਵੇਂ ਅੰਦਰੋ ਅੰਦਰੀ ਗੀਤ ਅਤੇ ਪ੍ਰਗੀਤਕ ਨਜ਼ਮ ਲਿਖਦਾ ਰਹਿੰਦਾ ਸਾਂ। ਪਰ ਉਸ ਤਰਾਂ ਦੀ ਕਵਿਤਾ ਨੂੰ ਬਾਹਰ ਲਿਆਉਣ ਦੀ ਮੈਂ ਕਦੇ ਹਿੰਮਤ ਨਹੀਂ ਕੀਤੀ।
ਹੌਲੀ ਹੌਲੀ ਸਮੇਂ ਅਤੇ ਅਨੁਭਵ ਨਾਲ ਤਰਾਂ ਤਰਾਂ ਦੀਆਂ ਵਿਚਾਰਧਾਰਾਵਾਂ ਦਾ ਅਸਰ ਕੁੱਝ ਨਰਮ ਪੈਂਦਾ ਰਿਹਾ ਅਤੇ ਮੈਂ ਇਹ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਕਿਸੇ ਵੀ ਸਾਹਿਤ ਰਚਨਾ ਨੂੰ ਵੱਡੀ ਜਾਂ ਛੋਟੀ ਕੋਈ ਵਿਧਾ ਨਹੀਂ ਬਣਾਉਦੀ ਬਲਕਿ ਲਿਖਣ ਵਾਲੇ ਦੀ ਸਾਹਿਤਕ ਪ੍ਰਤਿਭਾ ਬਣਾਉਂਦੀ ਹੈ। ਜੇ ਕੋਈ ਰਚਨਾਕਾਰ ਸੱਚਮੁੱਚ ਕਵੀ ਹੈ ਤਾਂ ਉਹ ਗਜ਼ਲ ਜਿਹੀ ਵਿਧਾ ਵਿਚ ਵੀ ਬੇਅੰਤ ਗਹਿਰਾਈ ਲਿਆ ਸਕਦਾ ਹੈ ਅਤੇ ਜੇ ਸਮਰਥ ਨਾ ਹੋਵੇ ਤਾਂ ਭਾਵੇਂ ਕਿੰਨੀਆਂ ਹੀ ਆਧੁਨਿਕ ਵਿਧਾਵਾਂ ਅਪਣਾਏ, ਉਹ ਪੇਤਲੀਆਂ ਹੀ ਰਹਿੰਦੀਆਂ ਹਨ।
2009 ਵਿਚ ਮੈਂ ਆਪਣੀ ਕਵਿਤਾ ਦੀ ਦੂਜੀ ਕਿਤਾਬ ‘ਓ ਮੀਆਂ’ ਵਿਚ ਭੂਮਿਕਾ ਦੇ ਤੌਰ ਤੇ ਛਾਪਣ ਲਈ ਸਮਕਾਲੀ ਪੰਜਾਬੀ ਕਵਿਤਾ ਬਾਰੇ ਇਕ ਲੇਖ ਲਿਖਣ ਲੱਗਿਆ ਸਾਂ। ਇਹ ਲੇਖ ਲਿਖਣ ਲਈ ਮੈਂ ਇਕ ਵਾਰ ਫੇਰ ਸਮਕਾਲੀ ਅਤੇ ਕੁੱਝ ਦੂਜੇ ਆਧੁਨਿਕ ਪੰਜਾਬੀ ਕਵੀਆਂ ਨੂੰ ਦੁਬਾਰਾ ਪੜ੍ਹਿਆ। ਇਹ ਪੜ੍ਹਦਿਆਂ ਮੈਂ ਪਹਿਲੀ ਵਾਰ ਇਕ ਸ਼ਾਇਰ ਦੇ ਤੌਰ ਤੇ ਸੁਰਜੀਤ ਪਾਤਰ ਹੋਰਾਂ ਦੀ ਵਡਿਆਈ ਨੂੰ ਪਹਿਲੀ ਵਾਰ ਮਹਿਸੂਸ ਕੀਤਾ। ਸ਼ਿਵ ਕੁਮਾਰ ਦੀ ਮਹਾਨਤਾ ਦਾ ਅਹਿਸਾਸ ਮੈਂਨੂੰ ਪਹਿਲੀ ਵਾਰ ਹੋਇਆ। ਇਸੇ ਪ੍ਰਕਿਰਿਆ ਦੌਰਾਨ ਮੇਰੇ ਆਪਣੇ ਅੰਦਰੋਂ ਉਹ ਝਾਕਾ ਜਾਂ ਹੀਣ ਭਾਵਨਾ ਵੀ ਖਤਮ ਹੋਈ, ਜਿਹੜੀ ਮੈਂ ਆਪਣੀ ਪ੍ਰਗੀਤਕ ਕਵਿਤਾ ਬਾਰੇ ਬਣਾਈ ਹੋਈ ਸੀ। ਇਨ੍ਹਾਂ ਦਿਨਾਂ ਦੌਰਾਨ ਹੀ ਮੇਰੇ ਮਨ ਵਿਚ ਇਹ ਖਿਆਲ ਪੈਦਾ ਹੋਇਆ ਕਿ ਤਰੰਨੁਮ ਵਾਲੀ ਸ਼ਾਇਰੀ ਨੂੰ ਵੀ ਸਾਹਮਣੇ ਲਿਆਂਦਾ ਜਾਵੇ। ਇਸੇ ਮਕਸਦ ਨਾਲ ਤਰੰਨੁਮ ਵਾਲੀ ਸ਼ਾਇਰੀ ਦੀ ਔਡੀਓ ਸੀਡੀ ਤਿਆਰ ਕਰਨ ਦਾ ਇਰਾਦਾ ਕਰ ਲਿਆ।
ਇਸ ਸੀਡੀ ਦੀ ਤਿਆਰੀ ਦੌਰਾਨ ਜੈਨ ਸਾਹਿਬ ( ਹਰੀਸ਼ ਜੈਨ) ਨਾਲ ਵੀ ਗੱਲ ਹੁੰਦੀ ਰਹੀ। ਜੈਨ ਸਾਹਿਬ ਆਪਣੀ ਪਬਲੀਕੇਸ਼ਨ ਲੋਕਗੀਤ ਪ੍ਰਕਾਸ਼ਨ ਅਤੇ ਯੂਨੀਸਟਾਰ ਬੁਕਸ ਜ਼ਰੀਏ ਪਿਛਲੇ ਤਿੰਨ ਦਹਾਕੇ ਤੋਂ ਪੰਜਾਬੀ ਸਾਹਿਤ ਜਗਤ ਨਾਲ ਜੁੜੇ ਹਨ। ਉਹ ਵੀ ਵਾਰ ਵਾਰ ਇਸ ਗੱਲ ਤੇ ਜ਼ੋਰ ਦਿੰਦੇ ਰਹਿੰਦੇ ਹਨ ਕਿ ਤਰਾਂ ਤਰਾਂ ਦੀਆਂ ਆਧੁਨਿਕ ਸੋਚ ਪ੍ਰਣਾਲੀਆਂ ਦੇ ਅਸਰ ਸਦਕਾ ਅਸੀਂ ਜਦੋਂ ਕਵਿਤਾ ਨੂੰ ਸਿਰਫ ਪੜ੍ਹਨ ਵਾਲੀ ਚੀਜ਼ ਬਣਾ ਦਿੱਤਾ ਤਾਂ ਖੁਦ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ। ਉਨਾਂ ਦਾ ਕਹਿਣਾ ਹੈ ਕਿ ਕਵਿਤਾ ਦੀ ਸਾਡੀ ਸਾਰੀ ਪਰੰਪਰਾ ਇਸ ਗੱਲ ਤੇ ਖੜ੍ਹੀ ਸੀ ਕਿ ਕਵੀ ਅਤੇ ਸੁਣਨ ਵਾਲਿਆਂ ਵਿਚਕਾਰ ਹਮੇਸ਼ਾ ਇਕ ਸਜਿੰਦ ਰਿਸ਼ਤਾ ਰਹਿੰਦਾ ਸੀ। ਕਵੀ ਦੇ ਮਨ ਤੇ ਇਹ ਗੱਲ ਹਮੇਸ਼ਾ ਭਾਰੂ ਰਹਿੰਦੀ ਸੀ ਕਿ ਉਹ ਜੋ ਵੀ ਲਿਖ ਰਿਹਾ ਹੈ, ਉਹ ਕਿਸੇ ਦੇ ਸਾਹਮਣੇ ਸੁਣਾਉਣ ਲਈ ਲਿਖ ਰਿਹਾ ਹੈ। ਜਦ ਇਹ ਖਿਆਲ ਮਨ ਵਿਚ ਹੁੰਦਾ ਸੀ ਤਾਂ ਇਸ ਨਾਲ ਕਵੀ ਅਤੇ ਕਵਿਤਾ ਦਾ ਸੁਣਨ ਵਾਲਿਆਂ ਨਾਲ ਰਿਸ਼ਤਾ ਬਣਿਆ ਰਹਿੰਦਾ ਸੀ। ਕੋਈ ਵੀ ਕਵੀ ਅਜਿਹੀ ਕਵਿਤਾ ਲਿਖਣ ਦਾ ਜ਼ੋਖਮ ਨਹੀਂ ਸੀ ਉਠਾ ਸਕਦਾ, ਜਿਸ ਨਾਲ ਕੋਈ ਵੀ ਦੂਸਰਾ ਨਾ ਜੁੜ ਸਕੇ। ਇਸ ਦੌਰ ਵਿਚ ਹੀ ਗੁਰਬਾਣੀ ਤੋਂ ਲੈ ਕੇ ਕਿੱਿਸਆਂ ਤੱਕ, ਬਹੁਤ ਉਚ ਪਾਏ ਦੀ ਰਚਨਾ ਹੋਈ ਹੈ। ਕਵੀ ਦਰਬਾਰਾਂ, ਮੁਸ਼ਾਇਰਿਆਂ ਦੀ ਪਰੰਪਰਾ ਵਿਚ ਵੀ ਕਵੀਆਂ ਅੰਦਰ ਇਹ ਖਿਆਲ ਹਮੇਸ਼ਾ ਕਾਇਮ ਰਹਿੰਦਾ ਸੀ ਕਿ ਸੁਣਨ ਵਾਲਿਆਂ ਨਾਲ ਕੋਈ ਰਾਬਤਾ ਬਣਾਉਣਾ ਹੈ। ਪਰ ਜਦ ਕਵੀ ਦਰਬਾਰਾਂ ਅਤੇ ਕਵਿਤਾ ਸੁਣਾਉਣ ਦੀ ਪਰੰਪਰਾ ਖਤਮ ਹੋ ਗਈ ਤਾਂ ਕਵਿਤਾ ਸਿਰਫ ਪੜ੍ਹਨ ਵਾਲੀ ਚੀਜ਼ ਰਹਿ ਗਈ। ਇਸ ਸਥਿਤੀ ਦਾ ਇਹ ਨੁਕਸਾਨ ਹੋਇਆ ਕਿ ਕਵੀਆਂ ਨੇ ਅਜਿਹੀ ਕਵਿਤਾ ਲਿਖਣੀ ਸ਼ੁਰੂ ਕਰ ਦਿਤੀ , ਜਿਸਦੇ ਅੰਦਰ ਸੁਣਨ ਵਾਲਿਆਂ ਨਾਲ ਰਾਬਤਾ ਬਣਾਉਣ ਦੀ ਸਮਰਥਾ ਗੁਆਚ ਗਈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਬਹੁਤ ਸਾਰੇ ਨਾਮੀ ਪੰਜਾਬੀ ਕਵੀਆਂ ਦੀ ਕਵਿਤਾ ਦੀ ਕਿਤਾਬ ਨੂੰ ਸਾਰੇ ਪੰਜਾਬ ਵਿਚ ਖਰੀਦਣ ਵਾਲੇ 50 ਲੋਕ ਵੀ ਨਹੀਂ ਹੁੰਦੇ। ਇਸ ਤਰਾਂ ਦੀ ਕਵਿਤਾ ਦੀ ਗੰਭੀਰਤਾ ਅਤੇ ਕਵੀਆਂ ਦੀ ਪ੍ਰਤਿਭਾ ਤੇ ਕੋਈ ਸ਼ੱਕ ਨਹੀਂ ਹੈ। ਪਰ ਸੁਆਲ ਪੈਦਾ ਹੁੰਦਾ ਹੈ ਕਿ ਜੇ ਤੁਹਾਡੀ ਕਿਤਾਬ ਨੂੰ ਸਾਰੇ ਪੰਜਾਬੀ ਸਮਾਜ ਵਿਚ ਵੀਹ ਪੰਜਾਹ ਲੋਕਾਂ ਤੋਂ ਵੱਧ ਕੋਈ ਨਾ ਪੜ੍ਹੇ ਤਾਂ ਅਜਿਹੀ ਰਚਨਾ ਦਾ ਕੀ ਮਕਸਦ ਰਹਿ ਜਾਂਦਾ ਹੈ?
ਇਸ ਤਰਾਂ ਦੀ ਸਥਿਤੀ ਵਿਚ ਮੇਰੇ ਮਨ ਅੰਦਰ ਇਹ ਖਿਆਲ ਆ ਰਿਹਾ ਹੈ ਕਿ ਕਵਿਤਾ ਦਾ ਸਰੋਤਿਆਂ ਨਾਲ, ਜ਼ਿਆਦਾ ਤੋਂ ਜ਼ਿਆਦਾ ਸਰੋਤਿਆ ਨਾਲ ਜੁੜ ਸਕਣਾ ਇਸ ਦੀ ਤਾਕਤ ਹੈ, ਕਮਜ਼ੋਰੀ ਨਹੀਂ। ਸਾਨੂੰ ਆਧੁਨਿਕਤਾ ਅਤੇ ਪਰੰਪਰਾ ਵਿਚਕਾਰ ਇਕ ਸੰਤੁਲਨ ਅਤੇ ਜੋੜ ਬਣਾਉਣਾ ਪਵੇਗਾ। ਸਾਡੇ ਸਾਹਮਣੇ ਸੁਰਜੀਤ ਪਾਤਰ ਇਸ ਦੀ ਇਕ ਸਾਖਸ਼ਾਤ ਮਿਸਾਲ ਹਨ। ਉਨ੍ਹਾਂ ਦੀ ਕਵਿਤਾ ਅੰਦਰ ਆਧੁਨਿਕ ਜੀਵਨ ਦੀ ਹਰ ਤਰਾਂ ਦੀ ਜਟਿਲਤਾ ਨੂੰ ਪਕੜਨ ਦੀ ਸਮਰੱਥਾ ਵੀ ਹੈ ਅਤੇ ਸਰੋਤਿਆਂ ਨਾਲ ਜੁੜ ਸਕਣ ਦੀ ਤਾਕਤ ਵੀ।
ਮੇਰੀ ਇਹ ਐਲਬਮ ਤਾਂ ਬੇਸ਼ੱਕ ਮੇਰੇ ਆਪਣੇ ਮਨ ਦੀਆਂ ਗੁੰਝਲਾਂ ਸਿੱਧੀਆਂ ਕਰਦਿਆਂ ਹੀ ਬਣ ਗਈ। ਪਰ ਇਸ ਸਾਰੇ ਅਮਲ ਨੇ ਮੈਨੂੰ ਇਸ ਹੀਣ ਭਾਵਨਾ ਤੋਂ ਵੀ ਮੁਕਤ ਕੀਤਾ ਹੈ ਕਿ ਸਾਨੂੰ ਕਵਿਤਾ ਸੁਣਾਉਣ ਦੀ ਪਰੰਪਰਾ ਨੂੰ ਦੁਬਾਰਾ ਜਗਾਉਣਾ ਪਵੇਗਾ। ਸੁਣਾਈ ਜਾਣ ਵਾਲੀ ਕਵਿਤਾ ਸਿਰਫ ਤਰੰਨੁਮ ਦੇ ਰੂਪ ਵੀ ਹੀ ਨਹੀਂ ਹੁੰਦੀ। ਜਿਸ ਨੂੰ ਖੁਲ੍ਹੀ ਕਵਿਤਾ ਕਹਿੰਦੇ ਹਾਂ, ਉਸ ਨੂੰ ਵੀ ਸੁਣਾਉਣ ਅਤੇ ਪੇਸ਼ ਕਰਨ ਦੀ ਇਕ ਵਿਧੀ ਹੈ। ਪਾਸ਼ ਦੀ ਜ਼ਿਆਦਾਤਰ ਕਵਿਤਾ ਖੁਲ੍ਹੀ ਹੈ। ਪਰ ਉਸ ਅੰਦਰ ਸਰੋਤਿਆਂ ਨਾਲ ਜੁੜਨ ਦੀ ਤਾਕਤ ਹੈ, ਉਸਦੀ ਸੰਬੋਧਨੀ ਸੁਰ ਕਰਕੇ। ਅੱਜ ਦੇ ਦੌਰ ਤੇ ਸਾਡੇ ਕਈ ਕਵੀਆਂ ਕੋਲ ਕਵਿਤਾ ਨੂੰ ਇਕ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕਰਨ ਅਤੇ ਸਰੋਤਿਆਂ ਨਾਲ ਜੁੜਨ ਦੀ ਤਾਕਤ ਹੈ। ਉਸ ਨੂੰ ਸੁਚੇਤ ਪੱਧਰ ਤੇ ਉਤਸ਼ਾਹਿਤ ਕੀਤੇ ਬਗੈਰ ਕਵਿਤਾ ਦੇ ਦਿਨ ਬ ਦਿਨ ਸੁੰਗੜ ਰਹੇ ਘੇਰੇ ਨੂੰ ਜ਼ਰਾ ਕੁ ਖੋਲ੍ਹਣਾ ਸੰਭਵ ਨਹੀਂ ਹੋਵੇਗਾ।
ਨਵਤੇਜ ਭਾਰਤੀ, ਜਸਵੰਤ ਦੀਦ, ਸੁਖਪਾਲ, ਦੇਵਨੀਤ ਜਿਹੇ ਸਾਡੇ ਅੱਜ ਦੇ ਨਿਰੋਲ ਆਧੁਨਿਕ ਕਿਸਮ ਦੀ ਕਵਿਤਾ ਲਿਖਣ ਵਾਲੇ ਕਵੀ ਹਨ। ਨਵਤੇਜ ਭਾਰਤੀ, ਦੀਦ, ਸੁਖਪਾਲ ਦੀ ਕਵਿਤਾ ਅੰਦਰ ਬਿਰਤਾਂਤਕ ਅੰਸ਼ ਹੈ, ਜਿਹੜਾ ਕਵਿਤਾ ਅੰਦਰ ਕਹਾਣੀ ਕਲਾ ਜਿਹਾ ਰੰਗ ਭਰ ਦਿੰਦਾ ਹੈ। ਦੇਵਨੀਤ ਅੰਦਰ ਸ਼ਬਦਾਂ ਨੂੰ ਚਿਤਰਕਾਰਾਂ ਵਾਂਗ ਸਜਾਉਣ ਅਤੇ ਟਿਕਾਉਣ ਦੀ ਤਾਕਤ ਹੈ ਅਤੇ ਇਸ ਚੀਜ਼ ਨੂੰ ਉਹ ਬਹੁਤ ਨਾਟਕੀ ਰੰਗ ਵਿਚ ਪੇਸ਼ ਕਰ ਸਕਦਾ ਹੈ। ਇਨ੍ਹਾਂ ਕਵੀਆਂ ਨੂੰ ਸੁਣਦਿਆਂ ਮੈਂ ਇਹ ਮਹਿਸੂਸ ਕੀਤਾ ਕਿ ਬੇਸ਼ੱਕ ਇਹ ਲੋਕ ਤਰੰਨੁਮ ਵਿਚ ਕਵਿਤਾ ਨਹੀਂ ਪੇਸ਼ ਕਰਦੇ, ਪਰ ਇਹ ਵੱਖਰੇ ਤਰੀਕੇ ਨਾਲ ਕਵਿਤਾ ਤੇ ਸੰਚਾਰ ਦੇ ਸੁਆਲ ਨੂੰ ਬਹੁਤ ਖੁਬਸੂਰਤੀ ਨਾਲ ਹੱਲ ਕਰਦੇ ਹਨ। ਇਸ ਪਹਿਲੂ ਵੱਲ ਧਿਆਨ ਦਿਤੇ ਬਗੈਰ ਅਸੀਂ ਕਵਿਤਾ ਨੂੰ ਹੋਰ ਹੋਰ ਸੁੰਗੜਦੇ ਜਾਣ ਤੋਂ ਨਹੀਂ ਬਚਾ ਸਕਾਂਗੇ।
ਆਪਣੀ ਕਵਿਤਾ ਦੀ ਐਲਬਮ ਵਿਚੋਂ ਦੋ ਨਜ਼ਮਾਂ/ਗੀਤਾਂ  ਦਾ ਲਿੰਕ ਇਥੇ ਦੇ ਰਿਹਾ ਹਾਂ। ਇਨ੍ਹਾਂ ਵਿਚ ਆਡੀਓ ਦੇ ਨਾਲ ਨਾਲ ਵੀਜ਼ੂਅਲ ਅੰਸ਼ ਵੀ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ:

 

ਪ੍ਰਗੀਤਕ ਕਵਿਤਾ ਅਤੇ ਤਰੰਨੁਮ

ਪੰਜਾਬੀ ਸਾਹਿਤਕ ਹਲਕਿਆਂ , ਖਾਸ ਕਰਕੇ ਅਲੋਚਕਾਂ ਵਿਚ ਪਿਛਲੇ ਦਹਾਕਿਆਂ ਦੌਰਾਨ ਇਕ ਅਜਿਹੀ ਮਜ਼ਬੂਤ ਧਾਰਾ ਰਹੀ ਹੈ, ਜਿਹੜੀ ਪ੍ਰਗੀਤਕ ਕਵਿਤਾ ਨੂੰ ਛੁਟਿਆਉਂਦੀ ਰਹੀ ਹੈ। ਅਲੋਚਕਾਂ ਦੀ ਇਹ ਧਾਰਾ ਇਹ ਸਮਝਦੀ ਰਹੀ ਹੈ ਕਿ ਪ੍ਰਗੀਤਕ ਕਵਿਤਾ ਆਧੁਨਿਕ ਜੀਵਨ ਦੀ ਜਟਿਲਤਾ ਨੂੰ ਪ੍ਰਗਟਾਉਣ ਦੇ ਸਮਰਥ ਨਹੀਂ ਹੈ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਪ੍ਰਗੀਤਕ ਕਵਿਤਾ ਅੱਜ ਦੇ ਜੀਵਨ ਦੀਆਂ ਗੁੰਝਲਦਾਰ ਸਮੱਸਿਆਵਾਂ, ਵਿਸੰਗਤੀਆਂ ਨੂੰ ਸਰਲ ਅਤੇ ਤਰਲ ਬਣਾ ਦਿੰਦੀ ਹੈ। ਪੰਜਾਬ ਦੇ ਅਕਾਦਮਿਕ ਅਤੇ ਸਾਹਿਤਕ ਸਰਕਲਾਂ ਵਿਚ ਵਿਚਰਦਿਆਂ ਹੋਇਆਂ ਵੀ ਮੈਂ ਕਦੇ ਇਸ ਦਲੀਲ ਤੋਂ ਕਦੇ ਬਹੁਤਾ ਕਾਇਲ ਨਹੀਂ ਹੋਇਆ। ਪਰ ਇਹ ਸਚਾਈ ਹੈ ਕਿ ਪਿਛਲੇ ਲੰਬੇ ਅਰਸੇ ਤੋਂ ਪੰਜਾਬੀ ਵਿਚ ਪ੍ਰਗੀਤਕ ਕਵਿਤਾ ਦੀ ਪਰੰਪਰਾ ਲੱਗਭਗ ਅਲੋਪ ਹੁੰਦੀ ਪ੍ਰਤੀਤ ਹੋ ਰਹੀ ਹੈ। ਜੇ ਸੁਰਜੀਤ ਪਾਤਰ ਹੋਰਾਂ ਨੇ ਇਸ ਪਰੰਪਰਾ ਨੂੰ ਜਿੰਦਾ ਨਾ ਰੱਖਿਆ ਹੁੰਦਾ ਤਾਂ ਇਹ ਕਦੋਂ ਦੀ ਖਤਮ ਹੋ ਗਈ ਹੁੰਦੀ। ਜੇ ਸਾਡੇ ਕੋਲ ਅੱਜ ਸੁਰਜੀਤ ਪਾਤਰ ਨਾ ਹੁੰਦੇ ਤਾਂ ਸਾਡੀ ਪੀੜ੍ਹੀ ਦੇ ਲੋਕਾਂ ਨੂੰ ਇਹ ਪਤਾ ਵੀ ਨਹੀਂ ਸੀ ਹੋਣਾ ਕਿ ਤਰੰਨੁਮ ਕੀ ਹੁੰਦਾ ਹੈ ਅਤੇ ਤਰੰਨੁਮ ਵਿਚ ਕਵਿਤਾ ਕਿਸ ਤਰਾਂ ਪੜ੍ਹੀ ਜਾਂਦੀ ਹੈ।  ਮੇਰਾ ਇਹ ਜ਼ਾਤੀ ਅਕੀਦਾ ਹੈ ਕਿ ਪ੍ਰਗੀਤਕਤਾ ਅਤੇ ਤਰੰਨੁਮ ਦੇ ਖਤਮ ਹੋਣ ਨਾਲ ਕਵਿਤਾ ਦਾ ਘੇਰਾ ਅਤੇ ਪ੍ਰਭਾਵ ਘਟਿਆ ਹੈ। ਅੱਜ ਜੇ ਪੰਜਾਬੀ ਕਵਿਤਾ ਐਨਾ ਸੁੰਗੜ ਗਈ ਹੈ ਤਾਂ ਇਸ ਦਾ ਕਾਰਨ ਇਹੀ ਹੈ ਕਿ ਇਹ ਸਿਰਫ ਕਿਤਾਬਾਂ ਜਾਂ ਮੈਗਜ਼ੀਨਾਂ ਵਿਚ ਪੜ੍ਹੀ ਜਾਣ ਵਾਲੀ ਚੀਜ਼ ਰਹਿ ਗਈ ਹੈ।
ਮੈਂ ਖੁਦ ਵੀ ਸ਼ੁਰੂ ਤੋਂ ਹੀ ਦੋਵੇਂ ਤਰਾਂ ਦੀ ਕਵਿਤਾ ਲਿਖਦਾ ਰਿਹਾ ਹਾਂ। ਉਸ ਤਰਾਂ ਦੀ ਕਵਿਤਾ ਵੀ ਜਿਸ ਨੂੰ ਆਮ ਕਰਕੇ ਅਸੀਂ ਖੁੱਲ੍ਹੀ ਕਵਿਤਾ ਕਹਿੰਦੇ ਹਾਂ ਅਤੇ ਗੀਤ ਪ੍ਰਗੀਤ ਵੀ। ਸ਼ਾਇਦ ਇਹ ਆਲੇ ਦੁਆਲੇ ਦੇ ਸਾਹਿਤਕ ਵਾਤਾਵਰਣ ਦਾ ਹੀ ਅਸਰ ਸੀ ਕਿ ਨਾ ਮੈਂ ਆਪਣੇ ਗੀਤ ਕਦੇ ਛਪਵਾਏ ਅਤੇ ਨਾ ਕਦੇ ਮੁਸ਼ਾਇਰਿਆਂ ਵਗੈਰਾ ਵਿਚ ਸੁਣਾਏ। ਇਥੋਂ ਤੱਕ ਕਿ ਮੇਰੇ ਨੇੜਲੇ ਜਾਣਕਾਰਾਂ ਵਿਚ ਵੀ ਬਹੁਤ ਥੋੜ੍ਹਿਆਂ ਨੂੰ ਪਤਾ ਹੋਵੇਗਾ ਕਿ ਮੈਂ ਇਸ ਤਰਾਂ ਦੀ ਸ਼ਾਇਰੀ ਵੀ ਕਰਦਾਂ।
ਕੁੱਝ ਦੋਸਤਾਂ ਦੀ ਸਲਾਹ ਤੇ ਮੈਂ ਆਪਣੇ ਕੁੱਝ ਗੀਤਾਂ ਦੀ ਰਿਕਾਰਡਿੰਗ ਕਰਵਾ ਲਈ। ਜੇ ਦਿਲਖੁਸ਼ ਦਾ ਆਪਣਾ ਸਟੂਡੀਓ ਨਾ ਹੁੰਦਾ ਅਤੇ ਉਹ ਖੁਦ ਸੰਗੀਤਕਾਰ ਨਾ ਹੁੰਦਾ ਤਾਂ ਸ਼ਾਇਦ ਅਜੇ ਵੀ ਇਨ੍ਹਾਂ ਗੀਤਾਂ ਦੀ ਵਾਰੀ ਨਾ ਆਉਂਦੀ।  ਅਸਲ ਵਿਚ ਉਸਦੇ ਸਟੂਡੀਓ ਵਿਚ ਡਾ ਕੁਲਜੀਤ ਦੇ ਲੈਕਚਰਾਂ ਦੀ ਰਿਕਾਰਡਿੰਗ ਕਰਦਿਆਂ ਹੀ ਇਹ ਵਿਚਾਰ ਪਹਿਲੀ ਵਾਰ ਸਾਹਮਣੇ ਆਇਆ ਸੀ ਕਿ ਮੇਰੇ ਗੀਤਾਂ ਦੀ ਰਿਕਾਰਡਿੰਗ ਵੀ ਕਰਵਾ ਲੈਣ ਚਾਹੀਦੀ ਹੈ। ਇਸੇ ਸਾਲ ਮਈ ਜੂਨ ਦੇ ਮਹੀਨੇ ਇਹ ਰਿਕਾਰਡਿੰਗ ਹੋਈ ਸੀ ਅਤੇ ਹੁਣ ਜਾਕੇ ਸੀਡੀ ਤਿਆਰ ਹੋਈ ਹੈ।
ਪੰਜਾਬੀ ਵਿਚ ਪ੍ਰਗੀਤਕ ਕਵਿਤਾ ਅਤੇ ਤਰੰਨੁਮ ਦੀ ਪਰੰਪਰਾ ਨੂੰ ਕਿਉਂਕਿ ਪਿਛਲੇ ਸਮੇਂ ਦੌਰਾਨ ਸੁਰਜੀਤ ਪਾਤਰ ਹੋਰਾਂ ਨੇ ਹੀ ਜਿੰਦਾ ਰੱਖਿਆ ਹੈ ਅਤੇ ਉਹ ਸਾਡੇ ਸਾਰਿਆਂ ਦੇ ਪ੍ਰੇਰਨਾ ਸਰੋਤ ਹਨ, ਇਸ ਕਰਕੇ ਸੀਡੀ ਨੂੰ ਉਨਾਂ ਦੁਆਰਾ ਹੀ ਪੇਸ਼ ਕੀਤਾ ਗਿਆ ਹੈ।
ਥੋੜ੍ਹੇ ਦਿਨਾਂ ਵਿਚ ਹੀ ਸੀਡੀ ਆ ਜਾਵੇਗੀ। ਇਸ ਵਕਤ ਸਿਰਫ ਸੁਰਜੀਤ ਪਾਤਰ ਹੋਰਾਂ ਦੁਆਰਾ ਕਹੇ ਗਏ ਕੁੱਝ ਸ਼ਬਦ ਸਾਂਝੇ ਕਰ ਰਿਹਾ ਹਾਂ
ਸ਼ਮੀਲ

http://www.youtube.com/watch?v=AUyDbqDaBB0