ਨਾਦ

contemporary punjabi poetry

Archive for News

ਵਰ ਦੇ ਦੇ ਮੇਰੇ ਵਿਜੋਗ ਨੂੰ ਰਿਲੀਜ਼

ਸ਼ਮੀਲ ਦੀਆਂ ਪ੍ਰਗੀਤਕ ਕਵਿਤਾਵਾਂ ਦੀ ਐਲਬਮ ' ਵਰ ਦੇ ਦੇ ਮੇਰੇ ਵਿਜੋਗ ਨੂੰ' ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਕ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪੰਜਾਬੀ ਹਾਇਕੂ ਫੋਰਮ ਦੇ ਸਹਿਯੋਗ ਨਾਲ ਪੰਜਾਬੀ ਹਾਇਕੂ ਕਾਨਫਰੰਸ ਕਰਵਾਈ ਗਈ। ਇਸ ਮੌਕੇ ਪੰਜਾਬੀ ਸਾਹਿਤ ਨਾਲ ਜੁੜੇ ਸਭ ਨਾਮਵਰ ਲੋਕ ਪਹੁੰਚੇ ਹੋਏ ਸਨ। ਇਸ ਐਲਬਮ ਨੂੰ ਯੂਨੀਸਟਾਰ ਬੁੱਕਸ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਸ਼ਮੀਲ ਦੀ ਗੈਰ ਹਾਜ਼ਰੀ ਵਿਚ ਯੂਨੀਸਟਾਰ ਬੁੱਕਸ ਦੇ ਮਾਲਕ ਹਰੀਸ਼ ਜੈਨ ਦੁਆਰਾ ਐਲਬਮ ਨੂੰ ਰਿਲੀਜ਼ ਕਰਵਾਉਣ ਦੀ ਰਸਮ ਕਰਵਾਈ ਗਈ। ਰਿਲੀਜ਼ ਸਮਾਗਮ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ, ਭਾਰਤੀ ਸਾਹਿਤ ਅਕਾਦਮੀ ਦੇ ਵਾਈਸ ਪ੍ਰੈਜ਼ੀਡੈਂਟ ਡਾ ਸੁਤਿੰਦਰ ਸਿੰਘ ਨੂਰ, ਪ੍ਰਮੁੱਖ ਪੰਜਾਬੀ ਸ਼ਾਇਰ ਸੁਰਜੀਤ ਪਾਤਰ, ਯੂਨੀਸਟਾਰ ਬੁਕਸ ਦੀ ਤਰਫੋਂ ਹਰੀਸ਼ ਜੈਨ, ਹਾਇਕੂ ਫੋਰਮ ਦੇ ਆਗੂ ਅਮਰਜੀਤ ਸਿੰਘ ਸਾਥੀ, ਹਾਇਕੂ ਲੇਖਕ ਜੌਹਨ ਬਰਾਂਡੀ ਅਤੇ ਨਾਮਵਰ ਪੰਜਾਬੀ ਅਲੋਚਕ ਡਾ ਰਜਿੰਦਰਪਾਲ ਸਿੰਘ ਬਰਾੜ ਸਟੇਜ ਤੇ ਮੌਜੂਦ ਸਨ। ਫੋਟੋ ਤੇ ਵੇਰਵਾ: ਅਜੇ ਸ਼ਰਮਾ

ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ

ਗੁਲਾਮ ਅਲੀ ਦੁਆਰਾ ਗਾਈ ਗਈ ਪੰਜਾਬੀ ਗਜ਼ਲ ‘ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ’ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਇਹ ਅਸਲ ਵਿਚ ਗਾਲਿਬ ਦੀ ਰਚਨਾ ਹੈ। ਗਾਲਿਬ ਦੀ ਮੂਲ ਰਚਨਾ ਫਾਰਸੀ ਵਿਚ ਸੀ ਅਤੇ ਸੂਫੀ ਤਬੱਸਮ ਦੁਆਰਾ ਉਸਦਾ ਪੰਜਾਬੀ ਅਨੁਵਾਦ ਕੀਤਾ ਗਿਆ। ਗੁਲਾਮ ਅਲੀ ਦੁਆਰਾ ਗਾਇਆ ਗਿਆ ਪੰਜਾਬੀ ਅਨੁਵਾਦ ਐਨਾ ਪੌਪੂਲਰ ਹੋਇਆ ਕਿ ਪੰਜਾਬੀ ਗਾਇਕੀ ਨੂੰ ਸੁਣਨ ਵਾਲਾ ਸ਼ਾਇਦ ਹੀ ਕੋਈ ਹੋਵੇ, ਜਿਸ ਨੂੰ ਇਸ ਗਜ਼ਲ ਬਾਰੇ ਨਾ ਪਤਾ ਹੋਵੇ। ਚਰਨ ਗਿੱਲ ਸਾਡੇ ਸੀਨੀਅਰ ਦੋਸਤ ਹਨ। ਗਿੱਲ ਸਾਹਬ ਪ੍ਰਗਤੀਵਾਦੀ ਸਿਆਸੀ ਖਿਆਲਾਂ ਨਾਲ ਤਾਂ ਜੁੜੇ ਹੀ ਹਨ, ਨਾਲੋ ਨਾਲ ਸਾਹਿਤ ਨਾਲ ਉਨਾਂ ਦਾ ਲਗਾਓ ਵੀ ਬੜਾ ਗਹਿਰਾ ਹੈ। ਬਹੁਤ ਘੱਟ ਲੋਕ ਹਨ,ਜਿਹੜੇ ਉਨਾਂ ਵਾਂਗ ਲਗਾਤਾਰ ਕੁੱਝ ਨਾ ਕੁੱਝ ਸਿੱਖਦੇ ਰਹਿੰਦੇ ਹਨ। ਕੁੱਝ ਅਰਸਾ ਪਹਿਲਾਂ ਉਨਾਂ ਨੂੰ ਫਾਰਸੀ ਸਿੱਖਣ ਦਾ ਸ਼ੌਕ ਪੈਦਾ ਹੋਇਆ ਅਤੇ ਥੋੜ੍ਹੀ ਦੇਰ ਦੀ ਮਿਹਨਤ ਤੋਂ ਬਾਅਦ ਹੀ ਉਨਾਂ ਫਾਰਸੀ ਦੀ ਐਨੀ ਕੁ ਮੁਹਾਰਤ ਹਾਸਲ ਕਰ ਲਈ ਹੈ ਕਿ ਫਾਰਸੀ ਸਾਹਿਤ ਦੀਆਂ ਵਿਸ਼ਵ ਪ੍ਰਸਿੱਧ ਕਿਰਤਾਂ ਨੂੰ ਮੂਲ ਫਾਰਸੀ ਵਿਚ ਪੜ੍ਹ ਸਕਦੇ ਹਨ। ਚਰਨ ਗਿੱਲ, ਉਨਾਂ ਦਾ ਬੇਟਾ ਸਤਦੀਪ ਗਿੱਲ ਅਤੇ ਬੇਟੀ ਕਲਾਰਾ ਫੇਸਬੁੱਕ ਕਮਿਉਨਿਟੀ ਵਿਚ ਵੀ ਕਾਫੀ ਸਰਗਰਮ ਹਨ। ਚਰਨ ਗਿੱਲ ਹੋਰਾਂ ਰਾਹੀਂ ਹੀ ਗਾਲਿਬ ਦੀ ਮੂਲ ਫਾਰਸੀ ਗਜ਼ਲ ਮੇਰੇ ਧਿਆਨ ਵਿਚ ਆਈ ਹੈ। ਸੂਫੀ ਤਬੱਸਮ ਦੁਆਰਾ ਕੀਤਾ ਗਿਆ ਪੰਜਾਬੀ ਤਰਜਮਾ ਅਤੇ ਗਾਲਿਬ ਦੀ ਮੂæਲ ਫਾਰਸੀ ਰਚਨਾ ਇਥੇ ਸਾਂਝੀ ਕਰ ਰਿਹਾ ਹਾਂ:
ਸ਼ਮੀਲ


ਸੂਫੀ ਤਬੱਸਮ ਦੁਆਰਾ ਕੀਤਾ ਪੰਜਾਬੀ ਤਰਜਮਾ

ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ, ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ
ਐਵੇਂ ਲੜਨ ਬਹਾਨੜੇ ਲਭਨਾ ਏਂ । ਕੀ ਤੂ ਸੋਚਨਾਂ ਏਂ ਸਿਤਮਗਾਰ ਆ ਜਾ
ਭਾਵਂੇ ਹਿਜਰ ਤੇ ਭਾਵੇਂ ਵਿਸਾਲ ਹੋਵੇ , ਵਖੋ ਵਖ ਦੋਹਾਂ ਦੀਆਂ ਲੱਜ਼ਤਾਂ ਨੇ
ਮੇਰੇ ਸੋਹਣਿਆ ਜਾ ਹਜ਼ਾਰ ਵਾਰੀ, ਆ ਜਾ ਪਿਆਰਿਆ ਤੇ ਲੱਖ ਵਾਰ ਆ ਜਾ
ਇਹ ਰਿਵਾਜ ਮਸਜਿਦਾਂ ਮੰਦਰਾਂ ਦਾ, ਉਥੇ ਹਸਤੀਆਂ ਤੇ ਖ਼ੁਦ ਪਰਸਤੀਆਂ ਨੇ
ਮੈਖ਼ਾਨੇ ਵਿਚ ਮਸਤੀਆਂ ਈ ਮਸਤੀਆਂ ਨੇ, ਹੋਸ਼ ਕਰ ਬਣ ਕੇ ਹੁਸ਼ਿਆਰ ਆ ਜਾ
ਤੂੰ ਸਾਦਾ ਤੇ ਤੇਰਾ ਦਿਲ ਸਾਦਾ , ਤੈਨੂੰ ਐਂਵੇਂ ਰਕੀਬ ਕੁਰਾਹ ਪਾਇਆ
ਜੇ ਤੂ ਮੇਰੇ ਜਨਾਜ਼ੇ ਤੇ ਨਹੀਂ ਆਇਆ, ਰਾਹ ਤੱਕਦਾ ਤੇਰੀ ਮਜ਼ਾਰ ਆ ਜਾ
ਸੁੱਖੀ ਵਸਣਾ ਜੇ ਤੂੰ ਚਾਹੁਨਾ ਏਂ ਮੇਰੇ ਗ਼ਾਲਬਾ ਏਸ ਜਹਾਨ ਅੰਦਰ
ਆਜਾ ਰਿੰਦਾਂ ਦੀ ਬਜ਼ਮ ਵਿਚ ਆ ਬਹਿ ਜਾ, ਇਥੇ ਬੈਠਦੇ ਨੇ ਖ਼ਾਕਸਾਰ ਆ ਜਾ

ਗਾਲਿਬ ਦੀ ਮੂਲ ਫਾਰਸੀ ਰਚਨਾ
ਜ਼ ਮਨ ਗਰਤ ਨਾ ਬੂਦ ਬਾਵਰ ਇੰਤਜ਼ਾਰ ਬੀਆ

ਬਹਾਨਾ ਜੂਏ ਮਬਾਸ਼ ਓ ਸਤੀਜ਼ਾਕਾਰ ਬੀਆ

ਬਾ ਯਕ ਦੋ ਸ਼ਿਵਾ ਸਿਤਮ ਦਿਲ ਨਮੀ ਸ਼ੁੱਦ ਖ਼ੁਰਸੰਦ

ਬਾ ਮਰਗੇ  ਮਨ, ਕਿ ਬਾ ਸਾਮਾਨੇ  ਰੁਜ਼ਗਾਰ ਬੀਆ

ਹਲਾਕੇ  ਸ਼ਿਵਾ ਤਮਕੀਂ ਮਖ਼ਵਾਹ ਮਸਤਾਂ ਰਾ

ਇਨਾਂ ਗਸਸਤਾ ਤਰ ਅਜ਼ ਬਾਦੇ ਨੌ ਬਹਾਰ ਬੀਆ

ਜ਼ ਮਾ ਗਸਸਤੀ ਓ  ਬਾ ਦੀਗਰਾਂ ਗਿਰੌ ਬਸਤੀ

ਬੀਆ ਕਿ ਅਹਦੇ  ਵਫ਼ਾ ਨੇਸਤ ਉਸਤਵਾਰ ਬੀਆ

ਵਿਦਾ ਓ ਵਸਲ ਜੁਦਾਗਾਨਾ ਲੱਜ਼ਤੇ ਦਾਰਦ

ਹਜ਼ਾਰ ਬਾਰ ਬਰੂ , ਸੱਦ ਹਜ਼ਾਰ ਬਾਰ ਬੀਆ

ਤੋ ਤਿਫ਼ਲ ਸਾਦਾ ਦਿਲੋ ਹਮਨਸ਼ੀਂ ਬਦ ਆਮੋਜ਼ਸਤ

ਜਨਾਜ਼ਾ ਗਰ ਨਾ ਤਵਾਂ ਦੀਦ ਬਰ ਮਜ਼ਾਰ ਬੀਆ

ਫ਼ਰੇਬ ਖ਼ੋਰਦਾ ਨਾਜ਼ਿਮ, ਚਿਹਾ ਨਮੀ ਖ਼ਵਾਹਮ

ਯੱਕੇ ਬਾ ਪੁਰਸਸ਼ ਜਾਨੇ  ਉਮੀਦਵਾਰ ਬੀਆ

ਜ਼ ਖੂ ਏ ਤਸਤ ਨਹਾਦੇ  ਸ਼ਕੀਬ ਨਾਜ਼ੁਕ ਤਰ

ਬੀਆ ਕਿ ਦਸਤੋ ਦਲਮ ਮੀ ਰੋਦ ਜ਼ ਕਾਰ ਬੀਆ

ਰਵਾਜੇ  ਸੋਮਾਹ ਹਸਤੀਸਤ, ਜ਼ੀਨਹਾਰ ਮਰੋ

ਮਤਾਆਇ ਮੈਕਦਾ ਮਸਤੀਸਤ, ਹੁਸ਼ਿਆਰ ਬੀਆ

ਹਿਸਾਰ ਆਫ਼ੀਤੇ ਗਰ ਹੋਸ ਕੁਨੀ ਗ਼ਾਲਿਬ

ਚੋ ਮਾ ਬਾ ਹਲਕਾ ਰਿੰਦਾਨੇ  ਖ਼ਾਕਸਾਰ ਬੀਆ

 

ਪ੍ਰਗੀਤਕ ਕਵਿਤਾ ਅਤੇ ਤਰੰਨੁਮ

ਪੰਜਾਬੀ ਸਾਹਿਤਕ ਹਲਕਿਆਂ , ਖਾਸ ਕਰਕੇ ਅਲੋਚਕਾਂ ਵਿਚ ਪਿਛਲੇ ਦਹਾਕਿਆਂ ਦੌਰਾਨ ਇਕ ਅਜਿਹੀ ਮਜ਼ਬੂਤ ਧਾਰਾ ਰਹੀ ਹੈ, ਜਿਹੜੀ ਪ੍ਰਗੀਤਕ ਕਵਿਤਾ ਨੂੰ ਛੁਟਿਆਉਂਦੀ ਰਹੀ ਹੈ। ਅਲੋਚਕਾਂ ਦੀ ਇਹ ਧਾਰਾ ਇਹ ਸਮਝਦੀ ਰਹੀ ਹੈ ਕਿ ਪ੍ਰਗੀਤਕ ਕਵਿਤਾ ਆਧੁਨਿਕ ਜੀਵਨ ਦੀ ਜਟਿਲਤਾ ਨੂੰ ਪ੍ਰਗਟਾਉਣ ਦੇ ਸਮਰਥ ਨਹੀਂ ਹੈ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਪ੍ਰਗੀਤਕ ਕਵਿਤਾ ਅੱਜ ਦੇ ਜੀਵਨ ਦੀਆਂ ਗੁੰਝਲਦਾਰ ਸਮੱਸਿਆਵਾਂ, ਵਿਸੰਗਤੀਆਂ ਨੂੰ ਸਰਲ ਅਤੇ ਤਰਲ ਬਣਾ ਦਿੰਦੀ ਹੈ। ਪੰਜਾਬ ਦੇ ਅਕਾਦਮਿਕ ਅਤੇ ਸਾਹਿਤਕ ਸਰਕਲਾਂ ਵਿਚ ਵਿਚਰਦਿਆਂ ਹੋਇਆਂ ਵੀ ਮੈਂ ਕਦੇ ਇਸ ਦਲੀਲ ਤੋਂ ਕਦੇ ਬਹੁਤਾ ਕਾਇਲ ਨਹੀਂ ਹੋਇਆ। ਪਰ ਇਹ ਸਚਾਈ ਹੈ ਕਿ ਪਿਛਲੇ ਲੰਬੇ ਅਰਸੇ ਤੋਂ ਪੰਜਾਬੀ ਵਿਚ ਪ੍ਰਗੀਤਕ ਕਵਿਤਾ ਦੀ ਪਰੰਪਰਾ ਲੱਗਭਗ ਅਲੋਪ ਹੁੰਦੀ ਪ੍ਰਤੀਤ ਹੋ ਰਹੀ ਹੈ। ਜੇ ਸੁਰਜੀਤ ਪਾਤਰ ਹੋਰਾਂ ਨੇ ਇਸ ਪਰੰਪਰਾ ਨੂੰ ਜਿੰਦਾ ਨਾ ਰੱਖਿਆ ਹੁੰਦਾ ਤਾਂ ਇਹ ਕਦੋਂ ਦੀ ਖਤਮ ਹੋ ਗਈ ਹੁੰਦੀ। ਜੇ ਸਾਡੇ ਕੋਲ ਅੱਜ ਸੁਰਜੀਤ ਪਾਤਰ ਨਾ ਹੁੰਦੇ ਤਾਂ ਸਾਡੀ ਪੀੜ੍ਹੀ ਦੇ ਲੋਕਾਂ ਨੂੰ ਇਹ ਪਤਾ ਵੀ ਨਹੀਂ ਸੀ ਹੋਣਾ ਕਿ ਤਰੰਨੁਮ ਕੀ ਹੁੰਦਾ ਹੈ ਅਤੇ ਤਰੰਨੁਮ ਵਿਚ ਕਵਿਤਾ ਕਿਸ ਤਰਾਂ ਪੜ੍ਹੀ ਜਾਂਦੀ ਹੈ।  ਮੇਰਾ ਇਹ ਜ਼ਾਤੀ ਅਕੀਦਾ ਹੈ ਕਿ ਪ੍ਰਗੀਤਕਤਾ ਅਤੇ ਤਰੰਨੁਮ ਦੇ ਖਤਮ ਹੋਣ ਨਾਲ ਕਵਿਤਾ ਦਾ ਘੇਰਾ ਅਤੇ ਪ੍ਰਭਾਵ ਘਟਿਆ ਹੈ। ਅੱਜ ਜੇ ਪੰਜਾਬੀ ਕਵਿਤਾ ਐਨਾ ਸੁੰਗੜ ਗਈ ਹੈ ਤਾਂ ਇਸ ਦਾ ਕਾਰਨ ਇਹੀ ਹੈ ਕਿ ਇਹ ਸਿਰਫ ਕਿਤਾਬਾਂ ਜਾਂ ਮੈਗਜ਼ੀਨਾਂ ਵਿਚ ਪੜ੍ਹੀ ਜਾਣ ਵਾਲੀ ਚੀਜ਼ ਰਹਿ ਗਈ ਹੈ।
ਮੈਂ ਖੁਦ ਵੀ ਸ਼ੁਰੂ ਤੋਂ ਹੀ ਦੋਵੇਂ ਤਰਾਂ ਦੀ ਕਵਿਤਾ ਲਿਖਦਾ ਰਿਹਾ ਹਾਂ। ਉਸ ਤਰਾਂ ਦੀ ਕਵਿਤਾ ਵੀ ਜਿਸ ਨੂੰ ਆਮ ਕਰਕੇ ਅਸੀਂ ਖੁੱਲ੍ਹੀ ਕਵਿਤਾ ਕਹਿੰਦੇ ਹਾਂ ਅਤੇ ਗੀਤ ਪ੍ਰਗੀਤ ਵੀ। ਸ਼ਾਇਦ ਇਹ ਆਲੇ ਦੁਆਲੇ ਦੇ ਸਾਹਿਤਕ ਵਾਤਾਵਰਣ ਦਾ ਹੀ ਅਸਰ ਸੀ ਕਿ ਨਾ ਮੈਂ ਆਪਣੇ ਗੀਤ ਕਦੇ ਛਪਵਾਏ ਅਤੇ ਨਾ ਕਦੇ ਮੁਸ਼ਾਇਰਿਆਂ ਵਗੈਰਾ ਵਿਚ ਸੁਣਾਏ। ਇਥੋਂ ਤੱਕ ਕਿ ਮੇਰੇ ਨੇੜਲੇ ਜਾਣਕਾਰਾਂ ਵਿਚ ਵੀ ਬਹੁਤ ਥੋੜ੍ਹਿਆਂ ਨੂੰ ਪਤਾ ਹੋਵੇਗਾ ਕਿ ਮੈਂ ਇਸ ਤਰਾਂ ਦੀ ਸ਼ਾਇਰੀ ਵੀ ਕਰਦਾਂ।
ਕੁੱਝ ਦੋਸਤਾਂ ਦੀ ਸਲਾਹ ਤੇ ਮੈਂ ਆਪਣੇ ਕੁੱਝ ਗੀਤਾਂ ਦੀ ਰਿਕਾਰਡਿੰਗ ਕਰਵਾ ਲਈ। ਜੇ ਦਿਲਖੁਸ਼ ਦਾ ਆਪਣਾ ਸਟੂਡੀਓ ਨਾ ਹੁੰਦਾ ਅਤੇ ਉਹ ਖੁਦ ਸੰਗੀਤਕਾਰ ਨਾ ਹੁੰਦਾ ਤਾਂ ਸ਼ਾਇਦ ਅਜੇ ਵੀ ਇਨ੍ਹਾਂ ਗੀਤਾਂ ਦੀ ਵਾਰੀ ਨਾ ਆਉਂਦੀ।  ਅਸਲ ਵਿਚ ਉਸਦੇ ਸਟੂਡੀਓ ਵਿਚ ਡਾ ਕੁਲਜੀਤ ਦੇ ਲੈਕਚਰਾਂ ਦੀ ਰਿਕਾਰਡਿੰਗ ਕਰਦਿਆਂ ਹੀ ਇਹ ਵਿਚਾਰ ਪਹਿਲੀ ਵਾਰ ਸਾਹਮਣੇ ਆਇਆ ਸੀ ਕਿ ਮੇਰੇ ਗੀਤਾਂ ਦੀ ਰਿਕਾਰਡਿੰਗ ਵੀ ਕਰਵਾ ਲੈਣ ਚਾਹੀਦੀ ਹੈ। ਇਸੇ ਸਾਲ ਮਈ ਜੂਨ ਦੇ ਮਹੀਨੇ ਇਹ ਰਿਕਾਰਡਿੰਗ ਹੋਈ ਸੀ ਅਤੇ ਹੁਣ ਜਾਕੇ ਸੀਡੀ ਤਿਆਰ ਹੋਈ ਹੈ।
ਪੰਜਾਬੀ ਵਿਚ ਪ੍ਰਗੀਤਕ ਕਵਿਤਾ ਅਤੇ ਤਰੰਨੁਮ ਦੀ ਪਰੰਪਰਾ ਨੂੰ ਕਿਉਂਕਿ ਪਿਛਲੇ ਸਮੇਂ ਦੌਰਾਨ ਸੁਰਜੀਤ ਪਾਤਰ ਹੋਰਾਂ ਨੇ ਹੀ ਜਿੰਦਾ ਰੱਖਿਆ ਹੈ ਅਤੇ ਉਹ ਸਾਡੇ ਸਾਰਿਆਂ ਦੇ ਪ੍ਰੇਰਨਾ ਸਰੋਤ ਹਨ, ਇਸ ਕਰਕੇ ਸੀਡੀ ਨੂੰ ਉਨਾਂ ਦੁਆਰਾ ਹੀ ਪੇਸ਼ ਕੀਤਾ ਗਿਆ ਹੈ।
ਥੋੜ੍ਹੇ ਦਿਨਾਂ ਵਿਚ ਹੀ ਸੀਡੀ ਆ ਜਾਵੇਗੀ। ਇਸ ਵਕਤ ਸਿਰਫ ਸੁਰਜੀਤ ਪਾਤਰ ਹੋਰਾਂ ਦੁਆਰਾ ਕਹੇ ਗਏ ਕੁੱਝ ਸ਼ਬਦ ਸਾਂਝੇ ਕਰ ਰਿਹਾ ਹਾਂ
ਸ਼ਮੀਲ

http://www.youtube.com/watch?v=AUyDbqDaBB0

ਸੁਰਜੀਤ ਪਾਤਰ ਦੀ ਬਾਲ ਕਵਿਤਾ

ਜੇਪੀ ਨੇ ਇਹ ਬਾਲ ਕਵਿਤਾ ਮੈਨੂੰ ਭੇਜੀ ਹੈ। ਪੰਜਾਬੀ ਵਿਚ ਬਹੁਤ ਸਾਰੇ ਸ਼ਾਇਰਾਂ ਬਾਲ ਕਵਿਤਾਵਾਂ ਲਿਖੀਆਂ ਹਨ। ਪਰ ਜ਼ਿਆਦਾਤਰ ਬਾਲ ਸਾਹਿਤ ਅਜਿਹਾ ਹੈ, ਜਿਸ ਬਾਰੇ ਇਨ੍ਹਾਂ ਦੇ ਲਿਖਣ ਵਾਲਿਆਂ ਅਤੇ ਪੜ੍ਹਨ ਵਾਲਿਆਂ ਦੀ ਇਹ ਸਮਝ ਹੁੰਦੀ ਹੈ ਕਿ ਬਾਲ ਸਾਹਿਤ ਕੋਈ ਵੀ ਲਿਖ ਸਕਦਾ ਹੈ। ਬਾਲ ਸਾਹਿਤ ਦਾ ਮਤਲਬ ਇਹ ਸਮਝਿਆ ਜਾਂਦਾ ਹੈ ਕਿ ਇਸ ਨੂੰ ਲਿਖਣ ਲਈ ਜ਼ਿਆਦਾ ਪ੍ਰਤਿਭਾ ਦੀ ਲੋੜ ਨਹੀਂ ਹੁੰਦੀ। ਪਰ ਗੰਭੀਰ ਸਾਹਿਤਕ ਲੋਕਾਂ ਦੀ ਧਾਰਨਾ ਇਸਦੇ ਉਲਟ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਸਲੀ ਵਿਚ ਬਾਲ ਸਾਹਿਤ ਲਿਖਣਾ ਜ਼ਿਆਦਾ ਮੁਸ਼ਕਲ ਕਾਰਜ ਹੈ। ਸਧਾਰਨ ਪ੍ਰਤਿਭਾ ਵਾਲੇ ਲੇਖਕ ਬਾਲ ਸਾਹਿਤ ਦੀ ਰਚਨਾ ਨਹੀਂ ਕਰ ਸਕਦੇ। ਪੰਚਤੰਤਰ ਵਰਗੀਆਂ ਰਚਨਾਵਾਂ ਬਹੁਤ ਹੀ ਵਿਲੱਖਣ ਪ੍ਰਤਿਭਾ ਵਾਲੇ ਲੋਕ ਰਚ ਸਕਦੇ ਹਨ। ਪੰਜਾਬੀ ਵਿਚ ਜਿੰਨਾ ਕੁ ਬਾਲ ਸਾਹਿਤ ਮਿਲਦਾ ਹੈ, ਉਹ ਜ਼ਿਆਦਾ ਕਰਕੇ ਹਾਸੋਹੀਣਾ ਹੈ। ਜੇਪੀ ਨੇ ਜਿਹੜੀ ਕਵਿਤਾ ਭੇਜੀ ਹੈ, ਉਹ ਸਾਡੇ ਦੌਰ ਦੇ ਸਿਰਮੌਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਹੋਰਾਂ ਦੀ ਹੈ। ਉਨ੍ਹਾਂ ਨੇ ਕਾਫੀ ਸਾਰੀਆਂ ਬਾਲ ਕਵਿਤਾਵਾਂ ਲਿਖੀਆਂ ਹਨ, ਪਰ ਛਪਵਾਈਆਂ ਨਹੀਂ ਹਨ। ਜੇ ਉਨ੍ਹਾਂ ਦੇ ਸ਼ਾਇਰ ਬਾਲ ਸਾਹਿਤ ਲਿਖਣ ਤਾਂ ਸ਼ਾਇਦ ਪੰਜਾਬੀ ਬਾਲ ਸਾਹਿਤ ਦਾ ਕੋਈ ਮੂੰਹ ਮੱਥਾ ਬਣ ਸਕੇ। ਜੇਪੀ ਨੇ ਆਪਣੇ ਬਲੌਗ ਤੇ ਵੀ ਇਹ ਕਵਿਤਾ ਦਿਤੀ ਹੈ। ਉਸੇ ਕਵਿਤਾ ਨੂੰ ਇਸ ਬਲੌਗ ਦੇ ਪਾਠਕਾਂ ਨਾਲ ਵੀ ਸ਼ੇਅਰ ਕਰ ਰਿਹਾ ਹਾਂ:

ਭਾਰੇ ਭਾਰੇ ਬਸਤੇ

ਭਾਰੇ ਭਾਰੇ ਬਸਤੇ
ਲੰਮੇ ਲੰਮੇ ਰਸਤੇ
ਥੱਕ ਗਏ ਨੇ ਗੋਡੇ
ਦੁਖਣ ਲੱਗ ਪਏ ਮੋਢੇ
ਐਨਾ ਭਾਰ ਚੁਕਾਇਆ ਏ
ਅਸੀਂ ਕੋਈ ਖੋਤੇ ਆਂ ?

ਟੀਚਰ ਜੀ ਆਉਣਗੇ
ਆ ਕੇ ਹੁਕਮ ਸੁਣਾਉਣਗੇ :
ਚਲੋ ਕਿਤਾਬਾਂ ਖੋਲ੍ਹੋ
ਪਿੱਛੇ ਪਿੱਛੇ ਬੋਲੋ ।
ਪਿੱਛੇ ਪਿੱਛੇ ਬੋਲੀਏ
ਅਸੀਂ ਕੋਈ ਤੋਤੇ ਆਂ ?

ਚਲੋ ਚਲੋ ਜੀ ਚੱਲੀਏ
ਜਾ ਕੇ ਸੀਟਾਂ ਮੱਲੀਏ
ਜੇਕਰ ਹੋ ਗਈ ਦੇਰ
ਕੀ ਹੋਵੇਗਾ ਫੇਰ
ਟੀਚਰ ਜੀ ਆਉਣਗੇ
ਝਿੜਕਾਂ ਖ਼ੂਬ ਸੁਣਾਉਣਗੇ

ਤੁਰੇ ਹੀ ਤਾਂ ਜਾਨੇ ਆਂ
ਅਸੀਂ ਕੋਈ ਖੜੋਤੇ ਆਂ ?

ਪੰਜਾਬੀ ਕਵਿਤਾ ਉਤਸਵ 13-14 ਮਾਰਚ ਨੂੰ

ਕੁਝ ਸਾਲ ਪਹਿਲਾਂ ਲੁਧਿਆਣਾ ਵਿਚ ਅਮਰਜੀਤ ਸਿੰਘ ਗਰੇਵਾਲ ਹੋਰਾਂ ਦੇ ਉਦਮ ਨਾਲ ਕਵਿਤਾ ਉਤਸਵ ਮਨਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਨੱਬੇਵਿਆਂ ਦੇ ਅਖੀਰ ਵਿਚ ਕੁਝ ਸਾਲ ਲਗਾਤਾਰ ਅਜਿਹੇ ਕਵਿਤਾ ਉਤਸਵ ਲਗਦੇ ਰਹੇ ਹਨ। ਹੁਣ ਕੁਝ ਸਾਲ ਤੋਂ ਇਸ ਸਿਲਸਿਲਾ ਮੱਠਾ ਪੈ ਗਿਆ ਸੀ। ਕਾਫੀ ਚਿਰ ਬਾਅਦ ਹੁਣ ਅਜਿਹਾ ਹੀ ਕਵਿਤਾ ਉਤਸਵ ਖੇਤਬਾੜੀ ਯੂਨੀਵਰਸਿਟੀ ਵਿਚ 13 ਅਤੇ 14  ਮਾਰਚ ਨੂੰ ਹੋ ਰਿਹਾ ਹੈ। ਇਸ ਵਾਰ ਇਸ ਨੂੰ ਉਤਰ ਪੂਰਬ ਅਤੇ ਉਤਰੀ ਭਾਰਤ ਦੀ ਕਵਿਤਾ ਦੇ ਸਾਂਝੇ ਕਵਿਤਾ ਉਤਸਵ ਵਜੋਂ ਮਨਾਇਆ ਜਾ ਰਿਹਾ ਹੈ। ਦਿਲੀ ਸਾਹਿਤ ਅਕਾਦਮੀ ਅਤੇ ਸ਼ਬਦਲੋਕ ਲੁਧਿਆਣਾ ਵਲੋਂ ਸਾਂਝੇ ਤੌਰ ਤੇ ਮਨਾਏ ਜਾ ਰਹੇ ਇਸ ਉਤਸਵ ਵਿਚ ਵਿਚ ਅਕਾਦਮਿਕ ਸੈਸ਼ਨ ਰੱਖੇ ਗਏ ਹਨ ਅਤੇ ਇਸ ਤੋਂ ਇਲਾਵ ਬਹੁ ਭਾਸ਼ੀ ਅਖੀਰਲੇ ਦਿਨ ਪੰਜਾਬੀ ਕਵੀ ਦਰਬਾਰ ਹੋਵੇਗਾ। ਡਾ ਐਸ ਐਸ ਨੂਰ, ਵਾਈਸ ਪ੍ਰੈਜ਼ੀਡੈਂਟ ਸਾਹਿਤ ਅਕਾਦਮੀ ਇਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਵਿਚ ਪੰਜਾਬੀ ਤੋਂ ਇਲਾਵਾ ਬੰਗਾਲੀ, ਨੇਪਾਲੀ, ਰਾਜਸਥਾਨੀ, ਕਸ਼ਮੀਰੀ, ਮਨੀਪੁਰੀ, ਅਸਾਮੀ, ਉਰਦੂ ਅਤੇ ਹਿੰਦੀ ਦੇ ਕਵੀ ਸ਼ਾਮਲ ਹੋਣਗੇ। ਅਕਾਦਮਿਕ ਸੈਸ਼ਨਾਂ ਵਿਚ ਬੰਗਾਲੀ, ਪੰਜਾਬੀ, ਉਤਰ ਪੂਰਬ, ਅਤੇ ਉਤਰੀ ਖੇਤਰ ਦੀ ਕਵਿਤਾ ਤੇ ਵੱਖੋ ਵੱਖਰੀ ਵਿਚਾਰ ਚਰਚਾ ਹੋਵੇਗੀ।
ਕਵਿਤਾ ਉਤਸਵਾਂ ਦੀ ਪਰੰਪਰਾ ਨੇ ਨਵੀਂ ਪੰਜਾਬੀ ਕਵਿਤਾ ਨੂੰ ਸਮਝਣ ਅਤੇ ਉਸਦਾ ਸਹੀ ਮੁਲਾਂਕਣ ਕਰਨ ਦੇ ਮਾਮਲੇ ਵਿਚ ਬਹੁਤ ਅਹਿਮ ਰੋਲ ਨਿਭਾਇਆ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਪਿਛਲੇ ਦਸ ਕੁ ਸਾਲਾਂ ਦੌਰਾਨ ਪੰਜਾਬੀ ਕਵਿਤਾ ਅਤੇ ਕਾਵਿ ਅਲੋਚਨਾ ਵਿਚ ਆਏ ਨਵੇਂ ਰੁਝਾਨ ਦਾ ਰੂਪ ਇਨ੍ਹਾਂ ਕਵਿਤਾ ਉਤਸਵਾਂ ਨਾਲ ਹੀ ਨਿਖਰਿਆ।