ਨਾਦ

contemporary punjabi poetry

Archive for Poetry Library

ਇਕ ਕਵਿਤਾ ਦੇ ਆਰ ਪਾਰ

ਬਹੁਤ ਸਾਰੀਆਂ ਕਵਿਤਾਵਾਂ ਬਾਰੇ ਮੈਨੂੰ ਅਕਸਰ ਇਹ ਮਹਿਸੂਸ ਹੁੰਦਾ ਹੈ ਕਿ ਇਨਾਂ ਦੇ ਪਿਛੋਕੜ ਬਾਰੇ ਜੇ ਥੋੜ੍ਹੀ ਗੱਲ ਕੀਤੀ ਜਾਵੇ ਤਾਂ ਪੜ੍ਹਨ ਵਾਲਿਆਂ ਨੂੰ ਇਨ੍ਹਾਂ ਨਾਲ ਜੁੜਨ ਵਿਚ ਅਸਾਨੀ ਹੁੰਦੀ ਹੈ। ਅੱਜ ਅਚਾਨਕ ਇਹ ਸਬੱਬ ਬਣਿਆ ਹੈ ਕਿ ਇਸ ਕਵਿਤਾ ਦੀ ਗੱਲ ਕਰਾਂ। ਕਵਿਤਾ ‘ਊਣਾ ਮਨ’ ਕਈ ਮਹੀਨੇ ਪਹਿਲਾਂ ਲਿਖੀ ਸੀ। ਕਿਨ੍ਹਾਂ ਖਿਆਲਾਂ ਅਤੇ ਭਾਵਾਂ ਵਿਚੋਂ ਲੰਘਦਿਆਂ ਇਹ ਲਿਖੀ ਗਈ, ਪਹਿਲਾਂ ਉਨਾਂ ਦੀ ਗੱਲ ਕਰਦੇ ਹਾਂ:

ਕਿਹਾ ਜਾਂਦਾ ਹੈ ਕਿ ਇਨਸਾਨੀ ਮਨ ਅਸਲ ਵਿਚ ਖਾਹਸ਼ਾਂ ਦਾ ਪੁਲੰਦਾ ਹੈ। ਮਨ ਬਣਿਆ ਹੀ ਖਾਹਸ਼ਾਂ ਦਾ ਹੈ। ਜਾਂ ਹੋਰ ਸਰਲ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਇਨਸਾਨ ਦੀਆਂ ਕੁੱਲ ਖਾਹਸ਼ਾਂ ਦਾ ਜੋੜ ਹੀ ਤਾਂ ਮਨ ਹੈ। ਸੋ ਖਾਹਸ਼ਾਂ, ਇੱਛਾਵਾਂ ਤੇ ਸੁਪਨੇ ਇਨਸਾਨੀ ਜੀਵਨ ਦਾ ਮੂਲ ਹੈ। ਉਸ ਨੂੰ ਚਲਾਉਣ ਵਾਲੀ ਮੂਲ ਸ਼ਕਤੀ।
ਵੱਖ ਵੱਖ ਰੂਹਾਨੀ ਧਾਰਾਵਾਂ ਵਿਚ ਇਨਸਾਨੀ ਮਨ ਦੀਆਂ ਖਾਹਸ਼ਾਂ ਅਤੇ ਇਛਾਵਾਂ ਬਾਰੇ ਦੋ ਤਰਾਂ ਦੀ ਪਹੁੰਚ ਦੇਖਣ ਨੂੰ ਮਿਲਦੀ ਹੈ। ਇਕ ਸੋਚ ਇਹ ਹੈ ਕਿ ਕਿਉਂਕਿ ਇਨਸਾਨ ਦੇ ਦੁੱਖਾਂ ਦਾ ਮੂਲ ਉਸ ਦੀਆਂ ਇੱਛਾਵਾਂ ਹਨ, ਇਸ ਕਰਕੇ ਇਨ੍ਹਾਂ ਨੂੰ ਦਬਾਕੇ ਰੱਖਣਾ ਹੀ ਸਹੀ ਅਤੇ ਸੁਰੱਖਿਅਤ ਰਸਤਾ ਹੈ। ਇਸ ਤਰਾਂ ਦੀਆਂ ਧਾਰਾਵਾਂ ਵਿਚ ਸਾਰਾ ਜੋæਰ ਖਾਹਸ਼ਾਂ ਅਤੇ ਇੱਛਾਵਾਂ ਨੂੰ ਮਾਰਨ ਤੇ ਦਿੱਤਾ ਜਾਂਦਾ ਹੈ।
ਦੂਜੀ ਧਾਰਾ ਇਹ ਹੈ ਕਿ ਦਬਾਉਣ ਅਤੇ ਮਾਰਨ ਨਾਲ ਖਾਹਸ਼ਾਂ ਕਦੇ ਖਤਮ ਨਹੀਂ ਹੁੰਦੀਆਂ, ਬਲਕਿ ਹੋਰ ਭਿਅੰਕਰ ਅਤੇ ਵਿਗੜੇ ਹੋਏ ਰੂਪ ਵਿਚ ਪ੍ਰਗਟ ਹੁੰਦੀਆਂ ਹਨ। ਇਸ ਕਰਕੇ ਖਾਹਸ਼ਾਂ ਨੂੰ ਮਾਰਨ ਜਾਂ ਦਬਾਉਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਨੂੰ ਪੂਰੀਆਂ ਹੋਰ ਦੇਣਾ ਚਾਹੀਦਾ ਹੈ।
ਇੱਕ ਤੀਸਰੀ ਧਾਰਾ ਹੈ, ਜਿਹੜੀ ਇਹ ਗੱਲ ਸਵੀਕਾਰ ਕਰਦੀ ਹੈ ਕਿ ਉਪਰ ਵਾਲੀਆਂ ਦੋਵੇਂ ਧਾਰਾਵਾਂ ਵਿਚ ਅੱਧਾ ਅੱਧਾ ਸੱਚ ਹੈ। ਇਹ ਤੀਸਰੀ ਧਾਰਾ ਹੀ ਅਸਲ ਵਿਚ ਦੁਨੀਆਂ ਦੇ ਸਾਰੇ ਵੱਡੇ ਪੈਗੰਬਰਾਂ ਅਤੇ ਗੁਰੂਆਂ ਦੀਆਂ ਸਿਖਿਆਵਾਂ ਦਾ ਮੂਲ ਹੈ। ਇਹ ਜ਼ਿਆਦਾ ਪ੍ਰੌੜ੍ਹ ਅਤੇ ਗਹਿਰੀ ਸੋਚ ਹੈ।
ਖਾਹਸ਼ਾਂ ਨੂੰ ਮਾਰਨਾ ਅਤੇ ਦਬਾਉਣਾ ਸਧਾਰਨ ਇਨਸਾਨ ਦੇ ਕਰਨ ਵਾਲੀ ਚੀਜ਼ ਨਹੀਂ ਹੈ। ਮਨ ਦੇ ਵੇਗ, ਖਾਹਸ਼ਾਂ, ਇੱਛਾਵਾਂ ਬਹੁਤ ਪ੍ਰਬਲ ਸ਼ਕਤੀਆਂ ਹਨ। ਆਮ ਇਨਸਾਨ ਇਨ੍ਹਾਂ ਨੂੰ ਅਸਾਨੀ ਨਾਲ ਨਹੀਂ ਮਾਰ ਸਕਦਾ। ਇਹ ਬਹੁਤ ਉਚੀ ਪੱਧਰ ਦੇ ਅਤੇ ਵੱਡੇ ਸਾਧਕਾਂ ਦਾ ਕੰਮ ਹੈ। ਜਿਵੇਂ ਕਬੀਰ ਕਹਿੰਦੇ ਹਨ ” ਕਬੀਰ ਮਨ ਸੇ ਜੂਝਨਾ ਮਹਾਬਲੀ ਕਾ ਖੇਲ”। ਇਹ ਮਨ ਦੇ ਮਹਾਂਬਲੀਆਂ ਦਾ ਕੰਮ ਹੈ। ਜਦੋਂ ਕਮਜ਼ੋਰ ਅਤੇ ਸਧਾਰਨ ਲੋਕ ਇਸ ਤਰਾਂ ਦੇ ਰਸਤੇ ਪੈਂਦੇ ਹਨ ਤਾਂ ਆਮ ਕਰਕੇ ਮਾਰ ਖਾਂਦੇ ਹਨ। ਜਾਂ ਹੋਰ ਤਰਾਂ ਦੀਆਂ ਉਲਝਣਾ ਵਿਚ ਫਸ ਜਾਂਦੇ ਹਨ। ਚਰਚਾਂ ਵਿਚ ਬੱਚਿਆਂ ਦੇ ਸੈਕਸ ਸੋਸ਼ਣ ਵਰਗੀਆਂ ਘਟਨਾਵਾਂ ਇਸੇ ਤਰਾਂ ਦੀ ਸਥਿਤੀ ਵਿਚ ਪੈਦਾ ਹੁੰਦੀਆਂ ਹਨ। ਇਸ ਤਰੀਕੇ ਨਾਲ ਖਾਹਸ਼ਾਂ ਨੂੰ ਦਬਾਉਣ ਦੇ ਰਸਤੇ ਨੂੰ ਓਸ਼ੋ ਜਿਹੇ ਲੋਕਾਂ ਨੇ ਬਹੁਤ ਤਿੱਖੇ ਸ਼ਬਦਾਂ ਵਿਚ ਰੱਦ ਕੀਤਾ ਹੈ। ਵੱਡੇ ਵੱਡੇ ਸੂਫੀ ਫਕੀਰਾਂ, ਯੋਗੀਆਂ ਅਤੇ ਸੰਤਾਂ ਦੁਆਰਾ ਖਾਹਸ਼ਾਂ ਨੂੰ ਦਬਾਇਆ ਗਿਆ, ਮਾਰਿਆ ਗਿਆ। ਪਰ ਇਹ ਮਾਰਗ ਹਰ ਕਿਸੇ ਵਾਸਤੇ ਨਹੀਂ ਹੈ। ਇਸ ਤੇ ਚੱਲਣ ਲਈ ਅਸਾਧਾਰਨ ਇੱਛਾ ਸ਼ਕਤੀ ਅਤੇ ਤਾਕਤ ਦੀ ਲੋੜ ਹੁੰਦੀ ਹੈ।
ਦੂਜੇ ਪਾਸੇ ਕੁੱਝ ਲੋਕ ਅਜਿਹੇ ਹਨ, ਖਾਸ ਕਰਕੇ ਆਧੁਨਿਕ ਦੌਰ ਦੀ ਸਭਿਅਤਾ ਵਿਚ, ਜਿਹੜੇ ਇਸ ਗੱਲ ਦੇ ਬਿਲਕੁੱਲ ਉਲਟੇ ਪਾਸੇ ਚਲੇ ਜਾਂਦੇ ਹਨ। ਉਹ ਇਹ ਸੋਚ ਬਣਾ ਲੈਂਦੇ ਹਨ ਕਿ ਖਾਹਸ਼ਾਂ ਨੂੰ ਦਬਾਉਣਾ ਜਾਂ ਉਨ੍ਹਾਂ ਤੇ ਕਾਬੂ ਪਾਉਣਾ ਸੰਭਵ ਨਹੀਂ, ਇਸ ਕਰਕੇ ਉਹ ਉਨ੍ਹਾਂ ਨੂੰ ਪੂਰੀ ਕਰਨ ਦੀ ਦੌੜ ਵਿਚ ਪੈ ਜਾਂਦੇ ਹਨ। ਉਹ ਮਨ ਵਿਚ ਉਠਦੀ ਹਰ ਖਾਹਸ਼, ਹਰ ਇੱਛਾ, ਹਰ ਵੇਗ, ਹਰ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹਨ। ਉਹ ਸੋਚਦੇ ਹਨ ਕਿ ਇਸ ਤਰਾਂ ਇਕ ਦਿਨ ਮਨ ਦੀਆਂ ਸਾਰੀਆਂ ਖਾਹਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਇਹ ਸ਼ਾਂਤ ਹੋ ਜਾਵੇਗਾ। ਇਸ ਰਸਤੇ ਦੇ ਹੋਰ ਵੀ ਭਿਆਨਕ ਸਿੱਟੇ ਨਿਕਲਦੇ ਹਨ। ਕਿਉਂਕਿ ਮਨ ਦਾ ਇਹ ਨੇਮ ਹੈ, ਮਨ ਦੀ ਇਹ ਫਿਤਰਤ ਹੈ ਕਿ ਇਸ ਨੂੰ ਇੱਛਾਵਾਂ ਪੂਰੀਆਂ ਕਰਕੇ ਕਦੇ ਵੀ ਸ਼ਾਂਤ ਨਹੀਂ ਕੀਤਾ ਜਾ ਸਕਦਾ। ਇਹ ਚਮਚੇ ਨਾਲ ਖੂਹ ਭਰਨ ਵਾਲੀ ਗੱਲ ਹੈ। ਬਲਕਿ ਉਲਟ ਹੁੰਦਾ ਹੈ। ਜਿੰਨਾ ਖਾਹਸ਼ਾਂ ਨੂੰ ਪੂਰੀਆਂ ਕਰੋਗੇ, ਓਨੀਆਂ ਹੋਰ ਵਧ ਜਾਣਗੀਆਂ। ਮਨ ਦਾ ਪੇਟ ਅਮੁੱਕ ਹੈ। ਇਹ ਕਦੇ  ਭਰਦਾ ਨਹੀਂ। ਇਨਸਾਨ ਮੁੱਕ ਜਾਂਦਾ ਹੈ ਪਰ ਮਨ ਕਦੇ ਭਰਦਾ ਨਹੀਂ। ਕਹਿੰਦੇ ਹਨ ਕਿ ਭੋਗਣ ਨਾਲ ਭੋਗ ਦੀ ਇੱਛਾ ਕਦੇ ਮੁੱਕਦੀ ਨਹੀਂ ਹੈ।
ਫੇਰ ਸੁਆਲ ਪੈਦਾ ਹੁੰਦਾ ਹੈ ਕਿ ਇਨਸਾਨ ਕਰੇ ਤਾਂ ਕੀ ਕਰੇ?
ਖਾਹਸ਼ਾਂ ਨੂੰ ਨਾ ਪੂਰੀਆਂ ਕਰਕੇ ਮੁਕਾਇਆ ਜਾ ਸਕਦਾ ਹੈ ਨਾ ਮਾਰਕੇ। ਫੇਰ ਰਸਤਾ ਕੀ ਹੈ?
ਇੱਕ ਵਿਚਕਾਰਲਾ ਰਸਤਾ ਹੈ।
ਉਹ ਰਸਤਾ ਹੈ ਸੰਜਮ ਦਾ।  ਸੰਜਮ ਦਾ ਰਸਤਾ ਇਸ ਤਰਾਂ ਹੈ, ਜਿਵੇਂ ਭੁੱਖ ਰੱਖਕੇ ਖਾਣਾ ਹੋਵੇ। ਮਿਸਾਲ ਦੇ ਤੌਰ ਤੇ ਇਨਸਾਨ ਖਾਣਾ ਖਾਏ ਬਿਨਾਂ ਨਹੀਂ ਰਹਿ ਸਕਦਾ। ਜੇ ਕੋਈ ਇਹ ਠਾਣ ਲਏ ਕਿ ਖਾਣੇ ਦੀ ਭੁੱਖ ਨੂੰ ਮਾਰ ਹੀ ਦੇਣਾ ਹੈ, ਇਹ ਆਮ ਲੋਕਾਂ ਲਈ ਸੰਭਵ ਨਹੀਂ। ਕੁੱਝ ਸੂਫੀ ਫਕੀਰਾਂ ਅਤੇ ਯੋਗੀ ਲੋਕਾਂ ਦੀਆਂ ਅਜਿਹੀਆਂ ਕਹਾਣੀਆਂ ਮਿਲਦੀਆਂ ਹਨ, ਜਿਨ੍ਹਾਂ ਨੇ ਭੁੱਖ ਤੇ ਵੀ ਲੱਗਭੱਗ ਪੂਰਨ ਕਾਬੂ ਪਾ ਲਿਆ ਸੀ ਜਾਂ ਇਸ ਨੂੰ ਬਹੁਤ ਹੀ ਥੋੜ੍ਹੀ ਕਰ ਦਿਤਾ ਸੀ। ਪਰ ਇਹ ਨਿਯਮ ਹਰ ਇਨਸਾਨ ਵਾਸਤੇ ਨਹੀਂ ਹੈ। ਇਨਸਾਨ ਖਾਣਾ ਖਾਏ ਬਗੈਰ ਨਹੀਂ ਰਹਿ ਸਕਦਾ।  ਇਸ ਕਰਕੇ ਭੁੱਖੇ ਰਹਿਣਾ ਕੋਈ ਰਸਤਾ ਨਹੀਂ ਹੈ। ਪਰ ਦੂਜੇ ਪਾਸੇ ਬੁਰੀ ਤਰਾਂ ਪੇਟ ਭਰਕੇ ਖਾਣਾ ਵੀ ਕੋਈ ਰਸਤਾ ਨਹੀਂ ਹੈ। ਇਹ ਆਮ ਹੀ ਹੁੰਦਾ ਹੈ ਕਿ ਇਨਸਾਨ ਨੂੰ ਜਦੋਂ ਭੁੱਖ ਲੱਗਦੀ ਹੈ ਤਾਂ ਉਹ ਖਾਈ ਜਾਂਦਾ ਹੈ। ਫੇਰ ਐਨਾ ਜ਼ਿਆਦਾ ਖਾ ਲੈਂਦਾ ਹੈ ਕਿ ਪਛਤਾਉਂਦਾ ਹੈ। ਆਧੁਨਿਕ ਸਮਾਜ ਵਿਚ ਜ਼ਿਆਦਾਤਰ ਬਿਮਾਰੀਆਂ ਜ਼ਿਆਦਾ ਖਾਣੇ  ਅਤੇ ਜ਼ਿਆਦਾ ਭੋਗ ਨੇ ਪੈਦਾ ਕੀਤੀਆਂ ਹੋਈਆਂ ਹਨ। ਇਸ ਕਰਕੇ ਸਾਰੇ ਸਿਆਣੇ ਲੋਕ ਇਹ ਰਾਏ ਦਿੰਦੇ ਹਨ ਕਿ ਹਮੇਸ਼ਾ ਭੁੱਖ ਰੱਖਦੇ ਖਾਣਾ ਚਾਹੀਦਾ ਹੈ। ਜਿਸਦਾ ਮਤਬਲ ਹੈ ਕਿ ਭੁੱਖ ਨੂੰ ਮਾਰਨਾ ਵੀ ਨਹੀਂ ਹੈ ਅਤੇ ਉਸ ਨੂੰ ਪੂਰੀ ਤਰਾਂ ਮਿਟਾਉਣ ਦੀ ਅੰਨੀ ਦੌੜ ਵਿਚ ਵੀ ਨਹੀਂ ਪੈਣਾ। ਓਨੀ  ਕੁ ਭੁੱਖ ਕਾਇਮ ਰਹਿਣ ਦੇਣੀ ਹੈ, ਜਿੰਨੀ ਕੁ ਸਹਿਣਯੋਗ ਹੋਵੇ। ਇਹ ਪਹੁੰਚ ਖਾਣੇ ਤੋਂ ਲੈ ਕੇ ਸੈਕਸ ਤੱਕ, ਜ਼ਿੰਦਗੀ ਦੇ ਹਰ ਪਹਿਲੂ ਤੇ ਲਾਗੂ ਹੁੰਦੀ ਹੈ।
ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਮਨ ਵਿਚ ਸੰਜਮ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਉਨਾਂ ਦੀ ਹਾਲਤ ਬਹੁਤ ਤਰਸਯੋਗ ਹੋ ਜਾਂਦੀ ਹੈ। ਉਨਾਂ ਦੀ ਹਾਲਤ ਨਸ਼ੇੜੀਆਂ ਅਤੇ ਅਮਲੀਆਂ ਤੋਂ ਵੀ ਬਦਤਰ ਹੁੰਦੀ ਹੈ। ਫਰਕ ਸਿਰਫ ਇਹ ਹੈ ਕਿ ਉਹ ਹੈਰੋਇਨ, ਅਫੀਮ, ਸ਼ਰਾਬ ਜਾਂ ਤੰਬਾਕੂ ਦੇ ਅਡਿਕਟ ਨਹੀਂ ਹੁੰਦੇ, ਇਸ ਕਰਕੇ ਅਸੀਂ ਉਨ੍ਹਾਂ ਨੂੰ ਨਸ਼ੇੜੀ ਨਹੀਂ ਕਹਿੰਦੇ। ਉਂਝ ਹੁੰਦੇ ਉਹ ਵੀ ਅਡਿਕਟ ਹੀ ਹਨ।
ਮਿਸਾਲ ਦੇ ਤੌਰ ਤੇ ਜਿਹੜੇ ਲੋਕ ਸੈਕਸ ਨਾਲ ਜੁੜੀਆਂ ਖਾਹਸ਼ਾਂ, ਸੁਪਨਿਆਂ ਅਤੇ ਫੈਂਟਸੀਜ਼ ਨੂੰ ਪੂਰਾ ਕਰਨ ਦੀ ਦੌੜ ਵਿਚ ਪਏ ਹੋਏ ਹਨ, ਉਹ ਸਭ ਤੋਂ ਵੱਡੇ ਅਡਿਕਟ ਹਨ। ਉਹ ਕਿੰਨੇ ਵੀ ਤਜ਼ਰਬੇ ਕਰਦੇ ਜਾਣ, ਉਨ੍ਹਾਂ ਦੀ ਕਦੇ ਤ੍ਰਿਪਤੀ ਨਹੀਂ ਹੋਏਗੀ। ਉਹ ਸਿਰਫ ਰੋਗੀ ਹੋਣ ਤੋਂ ਬਾਅਦ ਇਸ ਤੋਂ ਮੁਕਤ ਹੋ ਸਕਦੇ ਹਨ। ਅਜਿਹੇ ਲੋਕ ਦੁਨੀਆ ਵਿਚ ਮੌਜੂਦ ਹਰ ਅਕਾਰ, ਹਰ ਰੰਗ, ਹਰ ਸੁਗੰਧ, ਹਰ ਭਾਸ਼ਾ, ਹਰ ਕਲਚਰ, ਹਰ ਨਸਲ, ਹਰ ਮਨ, ਹਰ ਦਿਮਾਗ ਨਾਲ ਤਜ਼ਰਬਾ ਕਰਨਾ ਚਾਹੁੰਦੇ ਹਨ। ਪਰਮਾਤਮਾ ਨੇ ਕਿਉਂਕਿ ਦੁਨੀਆ ਵਿਚ ਹਰ ਇਨਸਾਨ ਹੀ ਵੱਖਰਾ ਬਣਾਇਆ ਹੈ ਇਸ ਕਰਕੇ ਧਰਤੀ ਤੇ ਮੌਜੂਦ ਸਾਰੀਆਂ ਔਰਤਾਂ ਜਾਂ ਸਾਰੇ ਮਰਦ ਭੋਗਣ ਤੋਂ ਬਾਅਦ ਵੀ ਉਨਾਂ ਦੀ ਦੌੜ ਮੁੱਕ ਨਹੀਂ ਸਕੇਗੀ।  ਭਰਥਰੀ ਹਰੀ ਕਹਿੰਦੇ ਹਨ ਕਿ ਇਨਸਾਨ ਭੋਗਾਂ ਨੂੰ ਭੋਗਦਾ ਭੋਗਦਾ ਖੁਦ ਭੁਗਤਿਆ ਜਾਂਦਾ ਹੈ। ਇਨਸਾਨ ਨੂੰ ਲੱਗਦਾ ਹੈ ਕਿ ਉਹ ਭੋਗਾਂ ਨੂੰ ਭੋਗ ਰਿਹਾ ਹੈ ਪਰ ਅਸਲ ਵਿਚ ਭੋਗ ਉਸ ਨੂੰ ਭੋਗ ਜਾਂਦੇ ਹਨ। ਅਜਿਹੀ ਦੌੜ ਵਿਚ ਪਏ ਲੋਕਾਂ ਦਾ ਅਕਸਰ ਬਹੁਤ ਭਿਆਨਕ ਅੰਤ ਹੁੰਦਾ ਹੈ।
ਇਸ ਦੌੜ ਵਿਚ ਇਨਸਾਨ ਐਨਾ ਕਮਜ਼ੋਰ ਹੋ ਜਾਂਦਾ ਹੈ ਕਿ ਸੈਕਸ ਤਾਂ ਦੂਰ ਦੀ ਗੱਲ, ਚਾਹ ਪੀਣ ਦੀ ਖਾਹਸ਼ ਤੇ ਕਾਬੂ ਪਾਉਣਾ ਵੀ ਇਨਸਾਨ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ।
ਇਸ ਤਰਾਂ ਦੀ ਬੇਵਸੀ ਵਿਚੋਂ ਨਿਕਲਣ  ਵਾਸਤੇ ਗੁਰੁ ਲੋਕਾਂ ਨੇ ਕੁੱਝ ਵਿਧੀਆਂ ਬਣਾਈਆਂ ਹੋਈਆਂ ਹਨ। ਮਿਸਾਲ ਦੇ ਤੌਰ ਤੇ ਰੋਜ਼ੇ ਅਤੇ ਵਰਤ ਅਜਿਹੀਆਂ ਵਿਧੀਆਂ ਹਨ, ਜਿਨਾਂ ਰਾਹੀਂ ਅਸੀਂ ਮਨ ਦੀ ਇਸ ਕਮਜ਼ੋਰੀ ਤੇ ਕਾਬੂ ਪਾਉਣ ਦਾ ਅਭਿਆਸ ਕਰਦੇ ਹਾਂ। ਆਮ ਹਾਲਤਾਂ ਵਿਚ ਸਾਨੂੰ ਲੱਗਦਾ ਹੈ ਕਿ ਅਸੀਂ ਜੇ ਇੱਕ ਡੰਗ ਦਾ ਖਾਣਾ ਵੀ ਨਹੀਂ ਖਾਧਾ ਤਾਂ ਸ਼ਾਇਦ ਸਾਡੀ ਜਾਨ ਹੀ ਨਿਕਲ ਜਾਵੇਗੀ। ਪਰ ਜਦੋਂ ਅਸੀਂ ਵਿਧੀਪੂਰਵਕ ਵਰਤ ਜਾਂ ਰੋਜ਼ੇ ਰੱਖਦੇ ਹਾਂ ਤਾਂ ਇਹ ਦੇਖਦੇ ਹਾਂ ਕਿ ਇਹ ਅਸਲ ਵਿਚ ਸਾਡੇ ਮਨ ਦਾ ਡਰ ਸੀ। ਮੈਂ ਖੁਦ ਇਸ ਦਾ ਅਨੁਭਵ ਕੀਤਾ। ਪਰ ਆਮ ਕਰਕੇ ਅਸੀਂ ਰੋਜ਼ਿਆਂ ਜਾਂ ਵਰਤਾਂ ਨੂੰ ਇਕ ਰਸਮ ਬਣਾ ਲਿਆ ਹੈ। ਮਿਸਾਲ ਦੇ ਤੌਰ ਤੇ ਬਹੁਤ ਸਾਰੇ ਮੁਸਲਮਾਨ ਲੋਕ ਇਹ ਕਰਦੇ ਦੇਖੇ ਜਾਂਦੇ ਹਨ ਕਿ ਉਹ ਰੋਜ਼ਿਆਂ ਦੇ ਦਿਨਾਂ ਵਿਚ ਭੁੱਖੇ ਰਹਿਣ ਤੋਂ ਡਰਦੇ ਦਿਨ ਨੂੰ ਸੌਣਾ ਅਤੇ ਰਾਤ ਨੂੰ ਜਾਗਣਾ ਸ਼ੁਰੁ ਕਰ ਦਿੰਦੇ ਹਨ। ਉਹ ਸਾਰੀ ਰਾਤ ਖੂਬ ਖਾਂਦੇ ਹਨ ਅਤੇ ਸਵੇਰ ਦੀ ਨਮਾਜ਼ ਪੜ੍ਹਕੇ ਸੌਂ ਜਾਂਦੇ ਹੈ। ਉੁਹ ਆਪਣੇ ਮਨ ਨੂੰ ਇਹ ਤਸੱਲੀ ਦੇ ਲੈਂਦੇ ਹਨ ਕਿ ਉਨਾਂ ਨੇ ਰੋਜ਼ੇ ਰੱਖ ਲਏ ਹਨ। ਜਿਵੇਂ ਰੋਜ਼ੇ ਰੱਖਕੇ ਉਹ ਰੱਬ ਤੇ ਕੋਈ ਅਹਿਸਾਨ ਕਰ ਰਹੇ ਹੋਣ। ਇਸੇ ਤਰਾਂ ਅਸੀਂ ਆਪਣੇ ਸਮਾਜ ਵਿਚ ਔਰਤਾਂ ਨੂੰ ਵਰਤ ਰੱਖਦੇ ਹੋਏ ਦੇਖਦੇ ਹਾਂ, ਜਿਹੜੀਆਂ ਵਰਤਾਂ ਦੇ ਦਿਨਾਂ ਵਿਚ ਅਸਲ ਵਿਚ ਜ਼ਿਆਦਾ ਖਾ ਜਾਂਦੀਆਂ ਹਨ।
ਜ਼ਰੂਰਤ ਇਸ ਗੱਲ ਦੀ ਹੁੰਦੀ ਹੈ ਕਿ ਅਜਿਹੀਆਂ ਵਿਧੀਆਂ ਨੂੰ ਮਨ ਤੇ ਹੌਲੀ ਹੌਲੀ ਕਾਬੂ ਪਾਉਣ, ਉਸ ਨੂੰ ਮਜ਼ਬੂਤ ਕਰਨ ਵਾਸਤੇ ਵਰਤਿਆ ਜਾਵੇ। ਵਰਤ ਸਿਰਫ ਖਾਣੇ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਮਨ ਨੂੰ ਹਰ ਤਰਾਂ ਦੀ ਕਮਜ਼ੋਰੀ ਵਿਚੋਂ ਕੱਢਣ ਲਈ ਵਰਤ ਰੱਖਣ ਦੀ ਲੋੜ ਪੈਂਦੀ ਹੈ। ਮਿਸਾਲ ਦੇ ਤੌਰ ਤੇ ਜੇ ਚਾਹ ਦੀ ਆਦਤ ਹੈ ਤਾਂ ਛੇ ਮਹੀਨੇ ਬਾਅਦ ਇਹ ਤਜ਼ਰਬਾ ਕੀਤਾ ਜਾ ਸਕਦਾ ਹੈ ਕਿ ਇਕ ਹਫਤਾ ਚਾਹ ਨਹੀਂ ਪੀਣੀ। ਜੇ ਸਿਗਰਟ ਦੀ ਆਦਤ ਹੈ ਤਾਂ ਹਫਤੇ ਵਿਚ ਇਕ ਦਿਨ ਸਿਗਰਟ ਨਾ ਪੀਣ ਅਭਿਆਸ ਕੀਤਾ ਜਾਵੇ। ਜੇ ਸ਼ਰਾਬ ਪੀਣ ਦੀ ਆਦਤ ਹੈ ਤਾਂ ਹਫਤੇ ਵਿਚ ਇਕ ਦਿਨ ਸ਼ਰਾਬ ਨਾ ਪੀਣ ਦਾ ਪ੍ਰਯੋਗ ਕੀਤਾ ਜਾਵੇ। ਜੇ ਸੈਕਸ ਦੀ ਨੌਰਮਲ ਨਾਲੋਂ ਜ਼ਿਆਦਾ ਆਦਤ ਪੈ ਗਈ ਹੈ ਤਾਂ ਪਹਿਲਾਂ ਮਹੀਨਾ, ਫੇਰ ਕਦੇ ਦੋ ਮਹੀਨੇ ਅਤੇ ਫੇਰ ਇਸ ਤੋਂ ਵੀ ਜ਼ਿਆਦਾ ਇਸ ਤੋਂ ਛੁੱਟੀ ਕਰਨ ਦੇ ਪ੍ਰਯੋਗ ਕੀਤੇ ਜਾਣ। ਕਹਿਣ ਦਾ ਮਤਲਬ ਹੈ ਕਿ ਮਨ ਜਿਸ ਵੀ ਚੀਜ਼ ਦਾ ਆਦੀ ਹੋ ਰਿਹਾ ਹੈ, ਜਿਸ ਵੀ ਆਦਤ ਦਾ ਗੁਲਾਮ ਹੋ ਰਿਹਾ ਹੈ, ਉਸ ਤੋਂ ਨਿਕਲਣ ਲਈ ਨਿਰੰਤਰ ਕੋਸ਼ਿਸ਼ ਕਰਨੀ ਪਵੇਗੀ। ਇਸ ਨਾਲ ਸੰਜਮ ਪੈਦਾ ਹੁੰਦਾ ਹੈ।
ਹੁਣ ਜਿਸ ਇਨਸਾਨ ਅੰਦਰ ਸੰਜਮ ਦਾ ਬੀਜ ਬੀਜਿਆ ਗਿਆ, ਉਹ ਉਥੇ ਰੁਕੇਗਾ ਨਹੀਂ। ਸੰਜਮ ਦਾ ਇਹ ਨਿਯਮ ਹੈ ਕਿ ਇਹ ਲਗਾਤਾਰ ਵਧਦਾ ਜਾਂਦਾ ਹੈ। ਹੌਲੀ ਹੌਲੀ ਇਸ ਸਟੇਜ ਤੇ ਵੀ ਲੈ ਜਾਂਦਾ ਹੈ ਕਿ ਇਨਸਾਨ ਨੂੰ ਪੂਰਨ ਤਿਆਗ ਤੋਂ ਵੀ ਡਰ ਨਹੀਂ ਲੱਗਦਾ। ਸੰਜਮੀ ਮਨ ਹੀ ਆਤਮਿਕ ਵਿਕਾਸ, ਸਦੀਵੀ ਖੁਸ਼ੀ, ਪੂਰਨ ਸ਼ਾਂਤੀ ਅਤੇ ਤ੍ਰਿਪਤੀ ਦੀ ਪਹਿਲੀ ਪੌੜੀ ਚੜ੍ਹ ਸਕਦਾ ਹੈ।
ਖਾਹਸ਼ਾਂ ਦਾ ਗੁਲਾਮ ਅਤੇ ਉਨਾਂ ਦੇ ਪਿੱਛੇ ਦੌੜਨ ਵਾਲਾ ਇਨਸਾਨ ਕਿਤੇ ਨਹੀਂ ਪਹੁੰਚਦਾ। ਜੀਵਨ ਦਾ ਇਹ ਨੇਮ ਹੈ ਕਿ ਸਾਨੂੰ ਆਪਣੇ ਲਈ ਕੋਈ ਇੱਕ ਰਸਤਾ, ਇਕ ਬਿੰਦੂ ਚੁਣਨਾ ਪੈਂਦਾ ਹੈ, ਜਿਸ ਤੇ ਅਸੀਂ ਫੋਕਸ ਕਰਦੇ ਹਾਂ। ਕਿਸੇ ਇਕ ਮਾਰਗ, ਇਕ ਬਿੰਦੂ ਤੇ ਧਿਆਨ ਲਗਾਕੇ ਹੀ ਇਨਸਾਨ ਕਿਤੇ ਪਹੁੰਚ ਸਕਦਾ ਹੈ। ਜਿਵੇਂ ਜ਼ਿੰਦਗੀ ਵਿਚ ਕੋਈ ਇਨਸਾਨ ਸਾਰੇ ਕੰਮ ਨਹੀਂ ਕਰ ਸਕਦਾ। ਉਸ ਨੂੰ ਕੋਈ ਇਕ ਪ੍ਰੋਫੈਸ਼ਨ ਚੁਣਨਾ ਪੈਂਦਾ ਹੈ। ਸਾਰੀਆਂ ਖੇਡਾਂ ਨਹੀਂ ਖੇਡ ਸਕਦਾ, ਕੋਈ ਇਕ ਖੇਡ ਚੁਣਨੀ ਪੈਂਦੀ ਹੈ, ਸਾਰੀਆਂ ਕਲਾਵਾਂ ਨਹੀਂ ਸਿੱਖ ਸਕਦਾ, ਕੋਈ ਇਕ ਕਲਾ ਸਿੱਖਣੀ ਪੈਂਦੀ ਹੈ, ਸਾਰੇ ਮਰਦਾਂ ਜਾਂ ਔਰਤਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ, ਕਿਸੇ ਇੱਕ ਤੇ ਟਿਕਣਾ ਪੈਂਦਾ ਹੈ, ਉਵੇਂ ਹੀ ਸਾਰੇ ਗੁਰੂਆਂ ਪਿੱਛੇ ਅਸੀਂ ਨਹੀਂ ਲੱਗ ਸਕਦੇ, ਕੋਈ ਇੱਕ ਚੁਣਨਾ ਪੈਂਦਾ ਹੈ। ਕਿਸੇ ਇਕ ਦੀ ਇਹ ਚੋਣ ਮੁਸ਼ਕਲ ਹੋ ਸਕਦੀ ਹੈ। ਪਰ ਇਸ ਤੋਂ ਬਗੈਰ ਕੋਈ ਰਸਤਾ ਨਹੀਂ ਹੈ। ਪਹੁੰਚਦਾ ਉਹੀ ਹੈ, ਜੋ ਕਿਸੇ ਇੱਕ ਦੀ ਚੋਣ ਕਰਦਾ ਹੈ। ਇਸ ਇੱਕ ਦੀ ਬੜੀ ਮਹਿਮਾ ਹੈ। ਇਹੀ ਸੰਜਮ ਹੈ। ਇਹ ਸੰਜਮ ਕਿਸੇ ਕਮਜ਼ੋਰ ਮਨ ਦੇ ਅੰਦਰ ਪੈਦਾ ਨਹੀਂ ਹੋ ਸਕਦਾ।
ਮਨ ਦੇ ਅਜਿਹੇ ਸੁਆਲਾਂ , ਅਜਿਹੇ ਅਨੁਭਵਾਂ, ਅਜਿਹੀਆਂ ਪੀੜਾਂ ਨਾਲ ਜੂਝਦਿਆਂ ਹੀ ਇਹ ਕਵਿਤਾ ਕੁੱਝ ਸਮਾਂ ਪਹਿਲਾਂ ਲਿਖੀ ਸੀ:

ਊਣਾ ਮਨ

ਮਨ ਵੀ ਕੈਸਾ ਖੂਹ ਹੈ
ਜਿੰਨਾ ਭਰਾਂ ਓਨਾ
ਹੋਰ ਖਾਲੀ ਹੁੰਦਾ ਹੈ
ਨਾ ਇਹ ਚੀਜ਼ਾਂ ਨਾਲ ਭਰਦਾ
ਨਾ ਖਾਹਸ਼ਾਂ ਨਾਲ
ਇਸ ਨੂੰ ਭਰੇ ਬਗੈਰ
ਕਿਵੇਂ ਆਵਾਂ ਤੇਰੇ ਕੋਲ

ਕੀ ਇਸ ਨੂੰ ਲੰਘ ਆਵਾਂ
ਟੱਪ ਆਵਾਂ
ਕੀ ਇਸ ਨੂੰ ਰਹਿਣ ਦੇਵਾਂ
ਇਵੇਂ ਹੀ
ਖਾਲੀ ਖਾਲੀ

ਮੇਰੇ ਊਣੇ ਮਨ ਨਾਲ ਮੈਨੂੰ
ਕੀ ਤੂੰ ਕਬੂਲ ਕਰ ਲਵੇਂਗਾ

ਇਹ ਅਜਿਹੇ ਸਾਧਕ ਦੇ ਮਨ ਦਾ ਸੰਬੋਧਨ ਹੈ, ਜਿਹੜਾ ਅਜੇ ਖਾਹਸ਼ਾਂ ਦੀ ਪੀੜ ਤੋਂ ਮੁਕਤ ਨਹੀਂ ਹੋਇਆ। ਉਹ ਇਸ ਪੀੜ ਤੋਂ ਮੁਕਤ ਹੋਣ ਲਈ ਬਿਹਬਲ ਹੈ। ਖਾਹਸ਼ਾਂ ਦੀ ਅਜਿਹੀ ਪੀੜ ਤੋਂ ਇਨਸਾਨ ਨੂੰ ਛੁਟਕਾਰਾ ਉਦੋਂ ਮਿਲਦਾ ਹੈ, ਜਦੋਂ ਇਹ ਉਸ ਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਹਨ। ਜਿਵੇਂ ਵੱਡੇ ਹੋਕੇ ਸਾਨੂੰ ਲੌਲੀਪੌਪ ਖਿੱਚ ਨਹੀਂ ਪਾਉਂਦਾ। ਅਸੀਂ ਖਾਹਸ਼ਾਂ ਤੋਂ ਵੀ ਵੱਡੇ ਹੀ ਹੁੰਦੇ ਹਾਂ। ਪਹਿਲੇ ਦੋ ਪੈਰੇ ਇਸ ਕਸ਼ਮਕਸ਼ ਦਾ ਬਿਆਨ ਹੈ।
ਆਖਰੀ ਦੋ ਲਾਈਨਾਂ ਉਸ ਅਵਸਥਾ ਦਾ ਬਿਆਨ ਹੈ, ਜਦੋਂ ਬਿਹਬਲ ਅਤੇ ਬੇਚੈਨ ਇਨਸਾਨ ਪੂਰਨ ਤੌਰ ਤੇ ਆਤਮ ਸਪਰਪਣ ਕਰਦਾ ਹੈ। ਮੈਂ ਇਹ ਅਨੁਭਵ ਕੀਤਾ ਹੈ ਕਿ ਆਤਮ ਸਪਰਪਣ ਇਨਸਾਨ ਦੇ ਅੰਦਰ ਇਕ ਕਰਾਂਤੀ ਲਿਆਉਂਦਾ ਹੈ। ਸਪਰਪਣ ਕਰਨ ਵਾਲੇ ਕਬੂਲ ਹੀ ਨਹੀਂ ਹੁੰਦੇ ਬਲਕਿ ਪੂਰਨ ਵੀ ਹੁੰਦੇ ਹਨ। ਸਪਰਪਣ ਦਾ ਅਸਰ ਚਮਤਕਾਰੀ ਹੈ।  ਅਸੀਂ ਐਵੇਂ ਇਸ ਤੋਂ ਡਰਦੇ ਹਾਂ।
ਸ਼ਮੀਲ

ਸੁਰਜੀਤ ਪਾਤਰ ਦੀ ਬਾਲ ਕਵਿਤਾ

ਜੇਪੀ ਨੇ ਇਹ ਬਾਲ ਕਵਿਤਾ ਮੈਨੂੰ ਭੇਜੀ ਹੈ। ਪੰਜਾਬੀ ਵਿਚ ਬਹੁਤ ਸਾਰੇ ਸ਼ਾਇਰਾਂ ਬਾਲ ਕਵਿਤਾਵਾਂ ਲਿਖੀਆਂ ਹਨ। ਪਰ ਜ਼ਿਆਦਾਤਰ ਬਾਲ ਸਾਹਿਤ ਅਜਿਹਾ ਹੈ, ਜਿਸ ਬਾਰੇ ਇਨ੍ਹਾਂ ਦੇ ਲਿਖਣ ਵਾਲਿਆਂ ਅਤੇ ਪੜ੍ਹਨ ਵਾਲਿਆਂ ਦੀ ਇਹ ਸਮਝ ਹੁੰਦੀ ਹੈ ਕਿ ਬਾਲ ਸਾਹਿਤ ਕੋਈ ਵੀ ਲਿਖ ਸਕਦਾ ਹੈ। ਬਾਲ ਸਾਹਿਤ ਦਾ ਮਤਲਬ ਇਹ ਸਮਝਿਆ ਜਾਂਦਾ ਹੈ ਕਿ ਇਸ ਨੂੰ ਲਿਖਣ ਲਈ ਜ਼ਿਆਦਾ ਪ੍ਰਤਿਭਾ ਦੀ ਲੋੜ ਨਹੀਂ ਹੁੰਦੀ। ਪਰ ਗੰਭੀਰ ਸਾਹਿਤਕ ਲੋਕਾਂ ਦੀ ਧਾਰਨਾ ਇਸਦੇ ਉਲਟ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਸਲੀ ਵਿਚ ਬਾਲ ਸਾਹਿਤ ਲਿਖਣਾ ਜ਼ਿਆਦਾ ਮੁਸ਼ਕਲ ਕਾਰਜ ਹੈ। ਸਧਾਰਨ ਪ੍ਰਤਿਭਾ ਵਾਲੇ ਲੇਖਕ ਬਾਲ ਸਾਹਿਤ ਦੀ ਰਚਨਾ ਨਹੀਂ ਕਰ ਸਕਦੇ। ਪੰਚਤੰਤਰ ਵਰਗੀਆਂ ਰਚਨਾਵਾਂ ਬਹੁਤ ਹੀ ਵਿਲੱਖਣ ਪ੍ਰਤਿਭਾ ਵਾਲੇ ਲੋਕ ਰਚ ਸਕਦੇ ਹਨ। ਪੰਜਾਬੀ ਵਿਚ ਜਿੰਨਾ ਕੁ ਬਾਲ ਸਾਹਿਤ ਮਿਲਦਾ ਹੈ, ਉਹ ਜ਼ਿਆਦਾ ਕਰਕੇ ਹਾਸੋਹੀਣਾ ਹੈ। ਜੇਪੀ ਨੇ ਜਿਹੜੀ ਕਵਿਤਾ ਭੇਜੀ ਹੈ, ਉਹ ਸਾਡੇ ਦੌਰ ਦੇ ਸਿਰਮੌਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਹੋਰਾਂ ਦੀ ਹੈ। ਉਨ੍ਹਾਂ ਨੇ ਕਾਫੀ ਸਾਰੀਆਂ ਬਾਲ ਕਵਿਤਾਵਾਂ ਲਿਖੀਆਂ ਹਨ, ਪਰ ਛਪਵਾਈਆਂ ਨਹੀਂ ਹਨ। ਜੇ ਉਨ੍ਹਾਂ ਦੇ ਸ਼ਾਇਰ ਬਾਲ ਸਾਹਿਤ ਲਿਖਣ ਤਾਂ ਸ਼ਾਇਦ ਪੰਜਾਬੀ ਬਾਲ ਸਾਹਿਤ ਦਾ ਕੋਈ ਮੂੰਹ ਮੱਥਾ ਬਣ ਸਕੇ। ਜੇਪੀ ਨੇ ਆਪਣੇ ਬਲੌਗ ਤੇ ਵੀ ਇਹ ਕਵਿਤਾ ਦਿਤੀ ਹੈ। ਉਸੇ ਕਵਿਤਾ ਨੂੰ ਇਸ ਬਲੌਗ ਦੇ ਪਾਠਕਾਂ ਨਾਲ ਵੀ ਸ਼ੇਅਰ ਕਰ ਰਿਹਾ ਹਾਂ:

ਭਾਰੇ ਭਾਰੇ ਬਸਤੇ

ਭਾਰੇ ਭਾਰੇ ਬਸਤੇ
ਲੰਮੇ ਲੰਮੇ ਰਸਤੇ
ਥੱਕ ਗਏ ਨੇ ਗੋਡੇ
ਦੁਖਣ ਲੱਗ ਪਏ ਮੋਢੇ
ਐਨਾ ਭਾਰ ਚੁਕਾਇਆ ਏ
ਅਸੀਂ ਕੋਈ ਖੋਤੇ ਆਂ ?

ਟੀਚਰ ਜੀ ਆਉਣਗੇ
ਆ ਕੇ ਹੁਕਮ ਸੁਣਾਉਣਗੇ :
ਚਲੋ ਕਿਤਾਬਾਂ ਖੋਲ੍ਹੋ
ਪਿੱਛੇ ਪਿੱਛੇ ਬੋਲੋ ।
ਪਿੱਛੇ ਪਿੱਛੇ ਬੋਲੀਏ
ਅਸੀਂ ਕੋਈ ਤੋਤੇ ਆਂ ?

ਚਲੋ ਚਲੋ ਜੀ ਚੱਲੀਏ
ਜਾ ਕੇ ਸੀਟਾਂ ਮੱਲੀਏ
ਜੇਕਰ ਹੋ ਗਈ ਦੇਰ
ਕੀ ਹੋਵੇਗਾ ਫੇਰ
ਟੀਚਰ ਜੀ ਆਉਣਗੇ
ਝਿੜਕਾਂ ਖ਼ੂਬ ਸੁਣਾਉਣਗੇ

ਤੁਰੇ ਹੀ ਤਾਂ ਜਾਨੇ ਆਂ
ਅਸੀਂ ਕੋਈ ਖੜੋਤੇ ਆਂ ?

ਓ ਮੀਆਂ ਰਿਲੀਜ਼ ਫੋਟੋ

ਮੇਰੀ ਕਿਤਾਬ ‘ਓ ਮੀਆਂ’ ਬੀਤੇ ਸਾਲ ਸਤੰਬਰ ਦੇ ਮਹੀਨੇ ਛਪੀ ਸੀ ਅਤੇ ਇਸ ਦਾ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਇਕ ਸਮਾਗਮ ਵੀ ਹੋਇਆ ਸੀ, ਸਹੀ ਤਰੀਕ ਯਾਦ ਨਹੀਂ। ਇਸ ਫੰਕਸ਼ਨ ਤੋਂ ਤੁਰੰਤ ਬਾਅਦ ਮੈਂ ਜੀਵਨ ਦੇ ਝਮੇਲਿਆਂ ਵਿਚ ਅਜਿਹਾ ਉਲਝਿਆ ਕਿ ਇਸ ਦੀ ਕੋਈ ਫੋਟੋ ਵਗੈਰਾ ਵੀ ਮੇਰੇ ਕੋਲ ਨਹੀਂ ਸੀ। ਮੇਰੇ ਦੋਸਤ ਖੁਸ਼ਹਾਲ ਲਾਲੀ ਨੇ ਕੁਝ ਦਿਨ ਪਹਿਲਾਂ ਇਸ ਦੀ ਇਕ ਫੋਟੋ ਭੇਜੀ। ਇਸ ਫੋਟੋ ਨੂੰ ਇਥੇ ਸਾਂਝੀ ਕਰਦਿਆਂ ਮੈਂ ਖੁਸ਼ਹਾਲ ਦਾ ਧੰਨਵਾਦ ਕਰਨਾ ਚਾਹਾਂਗਾ। ਜੇ ਕੁਝ ਸਮਾਂ ਹੋਰ ਇਸੇ ਤਰਾਂ ਲੰਘ ਜਾਂਦਾ ਤਾਂ ਇਹ ਫੋਟੋ ਪੱਕੇ ਤੌਰ ਤੇ ਗੁਆਚ ਜਾਣੀ ਸੀ। ਮੈਂ ਇਸੇ ਤਰਾਂ ਦੀ ਅਣਗਹਿਲੀ ਕਾਰਨ ਆਪਣੀਆਂ ਬਹੁਤ ਸਾਰੀਆਂ ਕੀਮਤੀ ਫੋਟੋਆਂ ਗੁਆ ਚੁੱਕਾ ਹਾਂ। ਮੈਨੂੰ ਆਮ ਕਰਕੇ ਜ਼ਿਆਦਾ ਫੋਟੋਆਂ ਖਿਚਵਾਉਣ ਤੇ ਖਿਚਣ ਦੀ ਆਦਤ ਨਹੀਂ ਹੈ। ਅਸਲ ਵਿਚ ਮੈਂਨੂੰ ਫੋਟੋਆਂ ਖਿਚਦਿਆਂ ਜਾਂ ਖਿਚਵਾਉਂਦਿਆਂ ਸੰਗ ਜਿਹੀ ਹੀ ਆਉਂਦੀ ਰਹੀ ਹੈ। ਪਰ ਹੁਣ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਫੋਟੋਆਂ ਦੀ ਅਹਿਮੀਅਤ ਦਾ ਅਹਿਸਾਸ ਸਮਾਂ æਲੰਘਣ ਤੋਂ ਬਾਅਦ ਹੀ ਹੁੰਦਾ ਹੈ। ਇਸ ਕਰਕੇ ਫੋਟੋਆਂ ਖਿਚਵਾਉਂਦਿਆਂ ਤੇ ਸੰਭਾਲਦਿਆਂ ਸੰਗਣਾ ਨਹੀਂ ਚਾਹੀਦਾ। ਕੀ ਖਿਆਲ ਹੈ ਬਲਰਾਮ ਜੀ!                –ਸ਼ਮੀਲ

ਫੋਟੋ ਵਿਚ ਖੱਬੇ ਤੋਂ ਸੱਜੇ ਸਿੱਧੂ ਦਮਦਮੀ, ਡਾ ਸੁਤਿੰਦਰ ਸਿੰਘ ਨੂਰ, ਸ਼ਮੀਲ, ਸੁਰਜੀਤ ਪਾਤਰ, ਅਮਰਜੀਤ ਸਿੰਘ ਗਰੇਵਾਲ ਅਤੇ ਮੋਹਨ ਭੰਡਾਰੀ।