ਨਾਦ

contemporary punjabi poetry

ਓ ਮੀਆਂ ਰਿਲੀਜ਼ ਫੋਟੋ

ਮੇਰੀ ਕਿਤਾਬ ‘ਓ ਮੀਆਂ’ ਬੀਤੇ ਸਾਲ ਸਤੰਬਰ ਦੇ ਮਹੀਨੇ ਛਪੀ ਸੀ ਅਤੇ ਇਸ ਦਾ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਇਕ ਸਮਾਗਮ ਵੀ ਹੋਇਆ ਸੀ, ਸਹੀ ਤਰੀਕ ਯਾਦ ਨਹੀਂ। ਇਸ ਫੰਕਸ਼ਨ ਤੋਂ ਤੁਰੰਤ ਬਾਅਦ ਮੈਂ ਜੀਵਨ ਦੇ ਝਮੇਲਿਆਂ ਵਿਚ ਅਜਿਹਾ ਉਲਝਿਆ ਕਿ ਇਸ ਦੀ ਕੋਈ ਫੋਟੋ ਵਗੈਰਾ ਵੀ ਮੇਰੇ ਕੋਲ ਨਹੀਂ ਸੀ। ਮੇਰੇ ਦੋਸਤ ਖੁਸ਼ਹਾਲ ਲਾਲੀ ਨੇ ਕੁਝ ਦਿਨ ਪਹਿਲਾਂ ਇਸ ਦੀ ਇਕ ਫੋਟੋ ਭੇਜੀ। ਇਸ ਫੋਟੋ ਨੂੰ ਇਥੇ ਸਾਂਝੀ ਕਰਦਿਆਂ ਮੈਂ ਖੁਸ਼ਹਾਲ ਦਾ ਧੰਨਵਾਦ ਕਰਨਾ ਚਾਹਾਂਗਾ। ਜੇ ਕੁਝ ਸਮਾਂ ਹੋਰ ਇਸੇ ਤਰਾਂ ਲੰਘ ਜਾਂਦਾ ਤਾਂ ਇਹ ਫੋਟੋ ਪੱਕੇ ਤੌਰ ਤੇ ਗੁਆਚ ਜਾਣੀ ਸੀ। ਮੈਂ ਇਸੇ ਤਰਾਂ ਦੀ ਅਣਗਹਿਲੀ ਕਾਰਨ ਆਪਣੀਆਂ ਬਹੁਤ ਸਾਰੀਆਂ ਕੀਮਤੀ ਫੋਟੋਆਂ ਗੁਆ ਚੁੱਕਾ ਹਾਂ। ਮੈਨੂੰ ਆਮ ਕਰਕੇ ਜ਼ਿਆਦਾ ਫੋਟੋਆਂ ਖਿਚਵਾਉਣ ਤੇ ਖਿਚਣ ਦੀ ਆਦਤ ਨਹੀਂ ਹੈ। ਅਸਲ ਵਿਚ ਮੈਂਨੂੰ ਫੋਟੋਆਂ ਖਿਚਦਿਆਂ ਜਾਂ ਖਿਚਵਾਉਂਦਿਆਂ ਸੰਗ ਜਿਹੀ ਹੀ ਆਉਂਦੀ ਰਹੀ ਹੈ। ਪਰ ਹੁਣ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਫੋਟੋਆਂ ਦੀ ਅਹਿਮੀਅਤ ਦਾ ਅਹਿਸਾਸ ਸਮਾਂ æਲੰਘਣ ਤੋਂ ਬਾਅਦ ਹੀ ਹੁੰਦਾ ਹੈ। ਇਸ ਕਰਕੇ ਫੋਟੋਆਂ ਖਿਚਵਾਉਂਦਿਆਂ ਤੇ ਸੰਭਾਲਦਿਆਂ ਸੰਗਣਾ ਨਹੀਂ ਚਾਹੀਦਾ। ਕੀ ਖਿਆਲ ਹੈ ਬਲਰਾਮ ਜੀ!                –ਸ਼ਮੀਲ

ਫੋਟੋ ਵਿਚ ਖੱਬੇ ਤੋਂ ਸੱਜੇ ਸਿੱਧੂ ਦਮਦਮੀ, ਡਾ ਸੁਤਿੰਦਰ ਸਿੰਘ ਨੂਰ, ਸ਼ਮੀਲ, ਸੁਰਜੀਤ ਪਾਤਰ, ਅਮਰਜੀਤ ਸਿੰਘ ਗਰੇਵਾਲ ਅਤੇ ਮੋਹਨ ਭੰਡਾਰੀ।

ਕਹੋ ਮੋਮਨੋ

ਸੂਫੀ ਕਵੀਆਂ ਚੋਂ ਮੌਲਾਨਾ ਰੂਮੀ ਅਤੇ ਉਮਰ ਖਯਾਮ ਦੋ ਅਜਿਹੇ ਨਾਂ ਹਨ, ਜਿਹੜੇ ਸਾਰੀ ਦੁਨੀਆ ਵਿਚ ਪੜ੍ਹੇ ਜਾ ਰਹੇ ਹਨ. ਪੱਛਮੀ ਮੁਲਕਾਂ ਵਿਚ ਵੀ ਕਵਿਤਾ ਦੀਆਂ ਜੋ ਕਿਤਾਬਾਂ ਵਿਕਦੀਆਂ ਹਨ, ਉਨ੍ਹਾਂ ਵਿਚ ਰੂਮੀ ਅਤੇ ਉਮਰ ਖਯਾਮ ਦੀਆਂ ਕਿਤਾਬਾਂ ਸਭ ਤੋਂ ਪ੍ਰਮੁੱਖ ਕਿਤਾਬਾਂ ਵਿਚ ਗਿਣੀਆਂ ਜਾ ਸਕਦੀਆਂ ਹਨ. ਬਲਰਾਮ ਨੇ ਉਮਰ ਖਯਾਮ ਦੀ ਇਕ ਕਵਿਤਾ ਦਾ ਪੰਜਾਬੀ ਅਨੁਵਾਦ ਕੀਤਾ ਹੈ. ਬਿਨਾਂ ਕਿਸੇ ਹੋਰ ਟਿੱਪਣੀ ਦੇ ਇਹ ਕਵਿਤਾ ਇਥੇ ਦੇ ਰਹੇ ਹਾਂ:

ਕਹੋ ਮੋਮਨੋ

ਕੀ ਹੁਣ ਕਰਾਂ ਕਹੋ ਮੋਮਨੋ,
ਮੈਂ ਨਾ ਆਪਣਾ ਆਪ ਪਛਾਣਾ
ਨਾ ਯਹੂਦੀ ਨਹੀਂ ਈਸਾਈ,
ਨਾ ਕਾਫਰ ਨਾ ਮੋਮਨ ਜਾਣਾ
ਨਾ ਪੂਰਬ ਚੋਂ ਨਾ ਪਛਮ ਚੋਂ,
ਨਾ ਧਰਤੀ ਨਾ ਸਾਗਰ ਵਿੱਚੋਂ
ਨਾ ਮੈਂ ਇਸ ਮਾਦੇ ਵਿੱਚ ਖੁਣਿਆ,
ਨਾ ਘੁੰਮਦੇ ਅੰਬਰ ਦਾ ਜਣਿਆ।
ਨਾ ਮਿਟੀ ਹਾਂ ਨਾ ਮੈਂ ਪਾਣੀ,
ਨਾ ਅਗਨੀ ਨਾ ਪੌਣ
ਕਹੋ ਮੋਮਨੋ ਕੌਣ।

ਨਾ ਮੈਂ ਨੂਰੀ ਨਾ ਮੈਂ ਖਾਕੀ,
ਹਸਤੀ ਨਾ ਅਣਹੋਂਦ
ਕਹੋ ਮੋਮਨੋ ਕੌਣ।

ਨਾ ਸ਼ਾਹੀ ਈਰਾਕੋਂ ਆਇਆ,
ਨਾ ਖੁਰਾਸਾਨ ਦੇ ਪਿੰਡੋਂ ਧਾਇਆ,
ਨਾ ਹਿੰਦੀ ਨਾ ਮੈਂ ਚੀਨੀ,
ਬਲਗਾਰੀ ਹਾਂ ਨਾ ਸਕਸੀਨੀ,
ਨਾ ਇਸ ਪਾਰੋਂ ਉਸ ਲੋਕੋਂ,
ਨਹੀਂ ਦੋਜ਼ਖੋਂ ਨਾ ਹੀ ਬਹਿਸ਼ਤੋਂ
ਨਾ ਮੈਂ ਆਦਮ ਨਾ ਹੱਬਾ ਮੈਂ,
ਈਡਨ ਨਾ ਰਿਜਵਾਂ
ਲਾਮਕਾਮੀ ਮਕਾਂ ਹੈ ਮੇਰਾ,
ਨਕਸ਼ ਮਿਰਾ ਬੇਨਿਸ਼ਾਂ
ਕੀ ਹੁਣ ਕਰਾਂ ਕਹੋ ਮੋਮਨੋ
ਮੈਂ ਨਾ ਆਪਣਾ ਆਪ ਪਛਾਣਾ
ਨਾ ਇਹ ਦੇਹੀ ਨਾ ਇਹ ਰੂਹੀ,
ਮੈਂ ਥੀ ਰੂਹ ਧੜਕੇ ਦਿਲਬਰ ਦੀ
ਧਰ ਕੇ ਦੂਰ ਦਿਲੋਂ ਥੀ ਦੂਈ,
ਦੋਹੇ ਜਹਾਨ ਮੈਂ ਇੱਕੋ ਦੇਖਾਂ
ਇੱਕੋ ਚਾਹਾਂ, ਇੱਕੋ ਜਾਣਾ,
ਇੱਕੋ ਕੂਕਾਂ, ਇੱਕੋ ਵੇਖਾਂ
ਉਹੋ ਅੱਵਲ ਉਹੀ ਆਖਰ,
ਉਹੀ ਅੰਦਰ ਉਹੀ ਬਾਹਰ,
ਯਾ ਹੂ ਯਾ ਆਦਮ ਹੂ ਜਾਣਾ,
ਇਸ ਬਾਝੋਂ ਨਾ ਹੋਰ ਬਖਾਣਾ
ਭਰ ਮੈਂ ਪ੍ਰੇਮ ਪਿਆਲੇ ਚਾੜ੍ਹੇ,
ਦੀਨ ਦੁਨੀ ਸਭ ਗਏ ਖੁਮਾਰੇ
ਮਸਤੀ ਲਹੇ ਚੜ ਲਹੇ ਹੁਲਾਰੇ,
ਨਾ ਮੈਂ ਚਾੜ੍ਹੇ ਨਾਹੀ ਉਤਾਰੇ
ਵਿੱਚ ਹਯਾਤੀ ਆਪਣੀ ਸਾਰੀ
ਜੇ ਇੱਕ ਛਿਣ ਤੁਧ ਬਾਝ ਗੁਆਰੀ
ਉਹ ਘੜੀ ਲਮਹਾ ਮੇਰੀ ਛਾਤੀ,
ਸੁਲਗ ਰਹੀ ਦਿਨ ਰਾਤ ਚੁਆਤੀ
ਇਕ ਛਿਣ ਜੇ ਤੇਰਾ ਵਸਲ ਹੰਢਾਵਾਂ,
ਸੱਤੇ ਅੰਬਰ ਖਾਕ ਉਡਾਵਾਂ
ਗਾਜੀ ਨਚ-ਨਚ ਗਾਹੇ ਧਰਤੀ,
ਹੜਿਆ ਰਕਸ ਕਦੀਮੀ ਮਸਤੀ
ਹਾਂ ਐਸਾ ਰਿੰਦ ਮੈਂ ਏਸ ਜਹਾਨੇ,
ਸ਼ਮਸ ਤਬਰੇਜੀ ਅਣ-ਕਹੀਆਂ ਜਾਣੇ
ਛੁਟ ਮਸਤੀ ਤੇ ਬਾਝ ਖੁਮਾਰਾਂ,
ਅਫਸਾਨਾ ਨਾ ਹੋਰ ਸੁਣਾਵਾਂ
ਕੀ ਹੁਣ ਕਰਾਂ ਕਹੋ ਮੋਮਨੋ
ਮੈਂ ਨਾ ਆਪਣਾ ਆਪ ਪਛਾਣਾ।

ਉੱਥੇ ਨਹੀਂ ਜਿੱਥੇ ਘੁੰਮਦੇ ਮੰਡਲ
ਪੈ ਜਾਂਦੇ ਨੇ ਧੁੰਦਲੇ
ਸੁੰਨ ਪਏ ਨੇ ਜਿੱਥੇ ਸਾਡੇ
ਗਰਭੇ ਖਿਆਲਾਂ ਦੇ ਹੰਭਲੇ
ਸੁਣ ਪਾਵਣ ਜੇ ਕਾਸ਼ ਕਿਤੇ ਉਹ
ਆਪਣੇ ਖੰਭਾਂ ਦੀ ਹਰਕਤ
ਜਾਮ ਹੋਏ ਆਪਣੇ ਦਰ ਹੁੰਦੀ
ਹੌਲੀ-ਹੌਲੀ ਦਸਤਕ,
ਹੈਣ ਫਰਿਸ਼ਤੇ ਕਾਇਮ ਕਦੀਮੀ
ਆਪਣੇ ਹੀ ਆਸਣ ‘ਤੇ
ਖੰਭ ਪਏ ਪਥਰਾਏ ਨੇ ਜੋ
ਉਤਰੇ ਪਰ ਤੋਲਣ ‘ਤੇ
ਇਹ ਤੂੰ ਹੈਂ ਤੇਰੇ ਹੀ ਨੇ
ਇਹ ਰੁੱਸੇ ਹੋਏ ਚਿਹਰੇ,
ਸੈਅ ਰੁਸ਼ਨਾਈਆਂ ਸ਼ੈਆਂ ‘ਚ ਜੋ
ਖੁੰਝਦੇ ਸਾਂਝ ਸਵੇਰੇ।

ਵਰ ਦੇ ਦੇ ਮੇਰੇ ਵਿਜੋਗ ਨੂੰ

ਪਤਾ ਨਹੀਂ ਕਿਉਂ ਮੇਰੇ ਮਨ ਅੰਦਰ ਇਹ ਇੱਕ ਗੰਢ ਹੈ ਕਿ ਨਿੱਜੀ ਪੀੜਾ ਨੂੰ ਮੈਂ ਕਦੇ ਵਾਰਤਕ ਵਿਚ ਨਹੀਂ ਲਿਖ ਸਕਿਆ। ਲਿਖਣਾ ਦੂਰ, ਕਿਸੇ ਨਾਲ ਗੱਲਬਾਤ ਰਾਹੀਂ ਵੀ ਉਸਨੂੰ ਸਾਂਝਾ ਕਰਨਾ ਮੇਰੇ ਸੁਭਾਅ ਵਿਚ ਨਹੀਂ ਹੈ। ਸ਼ਾਇਦ ਮੇਰੇ ਅੰਦਰ ਕਿਤੇ ਇਹ ਧਾਰਨਾ ਬਣੀ ਹੋਈ ਹੈ ਕਿ ਜੀਵਨ ਦੀਆਂ ਪੀੜਾਂ ਪੀਣ ਲਈ ਹੁੰਦੀਆਂ ਹਨ, ਕਹਿਣ ਲਈ ਨਹੀਂ। ਕਵਿਤਾ ਪੀੜ ਨੂੰ ਪੀਣ ਤੋਂ ਬਾਅਦ ਪੈਦਾ ਹੁੰਦੀ ਹੈ। ਨਿੱਜੀ ਤੌਰ ਤੇ ਮੇਰੇ ਲਈ ਪਿਛਲਾ ਅਰਸਾ ਬੇਹੱਦ ਪੀੜਾਦਾਇਕ ਸਮਾਂ ਰਿਹਾ ਹੈ। ਸਿਰਫ ਕੁੱਝ ਮਹੀਨਿਆਂ ਦੇ ਵਕਫੇ ਵਿਚ ਦੋਵੇਂ ਮਾਂ ਪਿਓ ਗੁਆ ਲਏ ਅਤੇ ਹੋਰ ਬਹੁਤ ਕੁਝ। ਕੁਝ ਨੁਕਸਾਨ ਅਜਿਹੇ ਹਨ, ਜਿਨ੍ਹਾਂ ਦੀ ਪੂਰਤੀ ਨਹੀਂ ਹੋ ਸਕਦੀ। ਇਸ ਅਰਸੇ ਦੌਰਾਨ ਮੈਂ ਆਪਣੀ ਕਵਿਤਾ ਦੀ ਨਵੀ ਕਿਤਾਬ ‘ਓ ਮੀਆਂ’ ਛਪਵਾਈ। ਪਹਿਲੀ ਕਿਤਾਬ ਤੋਂ ਬਹੁਤ ਦੇਰ ਬਾਅਦ। ਮੇਰੇ ਅਸਹਿ ਅਤੇ ਅਕਹਿ ਨਿੱਜੀ ਦਰਦ ਤੇ ਤਾਂਘ ਇਸ ਕਵਿਤਾ ਦਾ ਮੂਲ ਹਨ। ਇਸੇ ਅਰਸੇ ਦੌਰਾਨ ਕੁਝ ਗੀਤ ਵੀ ਲਿਖੇ, ਜਿਹੜੇ ਇਸ ਕਿਤਾਬ ਵਿਚ ਸ਼ਾਮਲ ਨਹੀਂ ਕੀਤੇ। ਪਰਮਜੀਤ ਸੋਹਲ ਦੇ ਗੀਤ ਪੜ੍ਹਦਿਆਂ ਮੇਰਾ ਧਿਆਨ ਆਪਣੇ ਇਨ੍ਹਾਂ ਗੀਤਾਂ ਵੱਲ ਗਿਆ। ਇਨ੍ਹਾਂ ਵਿਚੋਂ ਇਕ ਗੀਤ ਸਾਂਝਾ ਕਰ ਰਿਹਾ ਹਾਂ:

ਵਰ ਦੇ ਦੇ ਮੇਰੇ ਵਿਜੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਇਹ ਭਟਕਣਾ ਹੈ ਗਿਆਨਾਂ ਦੀ
ਇਹ ਥਿੜਕਣਾ ਹੈ ਧਿਆਨਾਂ ਦੀ
ਮੈਨੂੰ ਰੱਸੀ ਉਤੇ ਤੋਰੀਂ ਨਾ
ਵਰ ਦੇ ਦਈਂ ਮੇਰੇ ਭੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਵਰ ਦੇ ਦੇ

ਇਹ ਤੜਫ, ਇਹ ਜੋ ਸੇਕ ਹੈ
ਇਸ ਸੇਕ ਦਾ ਜੋ ਭੇਤ ਹੈ
ਤੂੰ ਹੀ ਜਾਣਦੈਂ, ਤੂੰ ਕਬੂਲ ਲਈਂ
ਮੇਰੀ ਪੀੜ ਤੇ ਮੇਰੇ ਸੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਵਰ ਦੇ ਦੇ

ਐਵੇਂ ਮਨ ਨੂੰ ਕਿਤੇ ਅਰਾਮ ਨਹੀਂ
ਇਸ ਦਰਦ ਦਾ ਕੋਈ ਨਾਮ ਨਹੀਂ
ਬਾਂਹ ਪਕੜ ਲੈ, ਆਪੇ ਜਾਣ ਲੈ
ਮੇਰੀ ਮਰਜ਼ ਨੂੰ , ਮੇਰੇ ਰੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਖੈਰ ਇਸ਼ਕ ਦੀ ਤੇਰਾ ਕਰਮ ਹੈ
ਇਹੀ ਭੇਤ ਹੈ ਇਹੀ ਮਰ੍ਹਮ ਹੈ
ਮੈਂ ਹੈਰਾਨ ਹਾਂ, ਮੈਂ ਹਾਂ ਦੇਖਦਾ
ਇਸ ਮੇਲ ਨੂੰ, ਸੰਜੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਇਹ ਜੋ ਮਨ ਹੈ, ਇਹੀ ਭਾਰ ਹੈ
ਜਿਵੇਂ ਪਾਣੀ ਦਾ ਅਕਾਰ ਹੈ
ਨਾ ਇਹ ਝੱਲਦਾ ਨਾ ਇਹ ਮੰਨਦਾ
ਕਿਸੇ ਵਰਜਣਾ, ਕਿਸੇ ਰੋਕ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਸ਼ਮੀਲ

ਦਿਲਾਂ ਵਿਚ ਗੂੰਜਣ ਦੇ

ਪਰਮਜੀਤ ਸੋਹਲ ਸਾਡੀ ਪੀੜ੍ਹੀ ਦੇ ਸਭ ਤੋਂ ਪ੍ਰਤਿਭਾਵਾਨ ਕਵੀਆਂ ਵਿਚੋਂ ਹੈ। ਕੁਝ ਸਾਲ ਪਹਿਲਾਂ ਜਦ ਉਸਦੀ ਪਹਿਲੀ ਕਾਵਿ ਪੁਸਤਕ ‘ਓਨਮ’ ਆਈ ਸੀ ਤਾਂ ਇਸ ਨੇ ਪੰਜਾਬੀ ਸਾਹਿਤ ਜਗਤ ਦਾ ਧਿਆਨ ਆਪਣੇ ਵੱਲ ਖਿਚਿਆ ਸੀ। ਉਸ ਦੌਰ ਵਿਚ ਓਨਮ ਦੀ ਕਵਿਤਾ ਪੰਜਾਬੀ ਕਵਿਤਾ ਦੇ ਪ੍ਰਚਲਿਤ ਮੁਹਾਵਰੇ ਦੇ ਪ੍ਰਸੰਗ ਵਿਚ ਬਿਲਕੁਲ ਵੱਖਰੀ ਲੱਗਦੀ ਸੀ। ਉਸਦੀ ਕਵਿਤਾ ਦੇ ਰੂਹਾਨੀ ਸਰੋਕਾਰਾਂ ਨੇ ਬਹੁਤ ਸਾਰੇ ਪੰਜਾਬੀ ਅਲੋਚਕਾਂ ਤੇ ਪਾਠਕਾਂ ਨੂੰ ਹੈਰਾਨ ਕੀਤਾ ਸੀ। ਕੁਝ ਚਿਰ ਪਹਿਲਾਂ ਉਸ ਦੇ ਗੀਤਾਂ ਦੀ ਇਕ ਕਿਤਾਬ ‘ਪੌਣਾਂ ਸਤਲੁਜ ਕੋਲ ਦੀਆਂ’ ਛਪੀ ਹੈ। ਪਿਛਲੇ ਅਰਸੇ ਦੌਰਾਨ ਪੰਜਾਬੀ ਵਿਚ ਸਿਵਾ ਗਜ਼ਲਾਂ ਦੇ ਪ੍ਰਗੀਤਕ ਕਵਿਤਾ ਬੇਜਾਨ ਜਿਹੀ ਲੱਗਣ ਲੱਗੀ ਸੀ। ਸੋਹਲ ਦੇ ਗੀਤਾਂ ਦੇ ਪੰਜਾਬੀ ਗੀਤਾਂ ਵਿਚ ਇਕ ਨਵੀਂ ਰੂਹ ਪਾਈ ਹੈ। ਮੇਰੀ ਨਵੀਂ ਕਾਵਿ ਪੁਸਤਕ ‘ਓ ਮੀਆਂ’ ਵਿਚ ਇਕ ਕਵਿਤਾ ਹੈ, ਜਿਸ ਦਾ ਨਾਂ ‘ਪਰਮਜੀਤ’ ਹੈ। ਉਹ ਕਵਿਤਾ ਅਸਲ ਵਿਚ ਪਰਮਜੀਤ ਸੋਹਲ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋਕੇ ਹੀ ਲਿਖੀ ਗਈ ਹੈ। ਉਸ ਦੀ ਨਵੀਂ ਕਿਤਾਬ ਵਿਚੋਂ ਇਕ ਗੀਤ ਮੈਂ ਇਥੇ ਸਾਂਝਾ ਕਰ ਰਿਹਾ ਹਾਂ।

ਸ਼ਮੀਲ

ਦਿਲਾਂ ਵਿਚ ਗੂੰਜਣ ਦੇ

ਦਿਲਾਂ ਵਿਚ ਗੂੰਜਣ ਦੇ
ਗੂੰਜਣ ਦੇ ਤੂੰ ਪਿਆਰ
ਦਿਲਾਂ ਵਿਚ ਗੂੰਜਣ ਦੇ
ਗੂੰਜਣ ਦੇ ਸਭ ਤਾਰ

ਮੈਂ ਕਮਲੀ ਦੀ ਰੀਝ ਨਿਮਾਣੀ
ਬੁੱਲ੍ਹੀਂ ਕਾਂਬੇ, ਨੈਣੀਂ ਪਾਣੀ
ਮਿੰਨਤਾਂ ਕਰਦੀ ਖੜ੍ਹੀ ਨਿਮਾਣੀ
ਲੈ ਚਲ ਨਦੀਓਂ ਪਾਰ……

ਪਰਬਤ ਪਰਬਤ ਬਰਫ਼ਾਂ ਸੇਜਾਂ
ਪਲਕਾਂ ‘ਚੋਂ ਲਿਖ ਚਿੱਠੀਆਂ ਭੇਜਾਂ
ਮੈਂ ਮਾਰੀ ਰਾਂਝਣ ਦੇ ਹੇਜਾਂ
ਖੇੜਿਆਂ ਨੂੰ ਕੀ ਸਾਰ…..

ਸ਼ਾਹਰਗ ਤੀਕ ਲਰਜ਼ਦੇ ਪਾਣੀ
ਚੰਨ ਸੂਰਜ ਦੀ ਖੇਡ ਵਿਡਾਣੀ
ਜੋਤ ਨੂਰਾਨੀ, ਝਾਲ ਝਲਾਣੀ
ਦਿਸਦੀ ਦਸਵੇਂ ਦੁਆਰ…..

ਅਨਹਦ ਨਾਦ ਸੰਗੀਤ ਨਿਰਾਲਾ
ਜੋ ਸੁਣਦਾ ਉਹ ਕਰਮਾਂ ਵਾਲਾ
ਸਹਿਜ ਸਮਾਧੀ, ਜੋਤਿ ਉਜਾਲਾ
ਰਿਮਝਿਮ ਅੰਮ੍ਰਿਤ ਧਾਰ….

ਲਾ-ਮਹਿਦੂਦ ਕਿਨਾਰੇ ਹੋਏ
ਸਰ ਵਿਚ ਕਮਲ ਪਸਾਰੇ ਹੋਏ
ਲੂੰ ਲੂੰ ਜਗਮਗ ਤਾਰੇ ਹੋਏ
ਮਿਟ ਗਏ ਅੰਧ ਗ਼ੁਬਾਰ….

ਸ਼ਬਦ

ਸ਼ਬਦ ਤਾਂ ਇੰਝ ਹਨ
ਜਿਵੇਂ ਚਿਮਟੀ ਨਾਲ ਮਨ ਪਕੜਨ ਲੱਗੀਏ
ਜਾਂ ਪਾਣੀ ਚ ਤੇਰਾ ਨਾਂ ਲਿਖੀਏ
ਮੁੱਠੀਆਂ ਨਾਲ ਹਵਾ ਢੋਣ ਲੱਗੀਏ
ਸ਼ਬਦ ਤਾਂ ਮੇਰੇ ਮਨ ਦਾ ਸਹਾਰਾ ਹਨ ਬੱਸ………