ਨਾਦ

contemporary punjabi poetry

Archive for geet

ਵਰ ਦੇ ਦੇ ਮੇਰੇ ਵਿਜੋਗ ਨੂੰ

ਪਤਾ ਨਹੀਂ ਕਿਉਂ ਮੇਰੇ ਮਨ ਅੰਦਰ ਇਹ ਇੱਕ ਗੰਢ ਹੈ ਕਿ ਨਿੱਜੀ ਪੀੜਾ ਨੂੰ ਮੈਂ ਕਦੇ ਵਾਰਤਕ ਵਿਚ ਨਹੀਂ ਲਿਖ ਸਕਿਆ। ਲਿਖਣਾ ਦੂਰ, ਕਿਸੇ ਨਾਲ ਗੱਲਬਾਤ ਰਾਹੀਂ ਵੀ ਉਸਨੂੰ ਸਾਂਝਾ ਕਰਨਾ ਮੇਰੇ ਸੁਭਾਅ ਵਿਚ ਨਹੀਂ ਹੈ। ਸ਼ਾਇਦ ਮੇਰੇ ਅੰਦਰ ਕਿਤੇ ਇਹ ਧਾਰਨਾ ਬਣੀ ਹੋਈ ਹੈ ਕਿ ਜੀਵਨ ਦੀਆਂ ਪੀੜਾਂ ਪੀਣ ਲਈ ਹੁੰਦੀਆਂ ਹਨ, ਕਹਿਣ ਲਈ ਨਹੀਂ। ਕਵਿਤਾ ਪੀੜ ਨੂੰ ਪੀਣ ਤੋਂ ਬਾਅਦ ਪੈਦਾ ਹੁੰਦੀ ਹੈ। ਨਿੱਜੀ ਤੌਰ ਤੇ ਮੇਰੇ ਲਈ ਪਿਛਲਾ ਅਰਸਾ ਬੇਹੱਦ ਪੀੜਾਦਾਇਕ ਸਮਾਂ ਰਿਹਾ ਹੈ। ਸਿਰਫ ਕੁੱਝ ਮਹੀਨਿਆਂ ਦੇ ਵਕਫੇ ਵਿਚ ਦੋਵੇਂ ਮਾਂ ਪਿਓ ਗੁਆ ਲਏ ਅਤੇ ਹੋਰ ਬਹੁਤ ਕੁਝ। ਕੁਝ ਨੁਕਸਾਨ ਅਜਿਹੇ ਹਨ, ਜਿਨ੍ਹਾਂ ਦੀ ਪੂਰਤੀ ਨਹੀਂ ਹੋ ਸਕਦੀ। ਇਸ ਅਰਸੇ ਦੌਰਾਨ ਮੈਂ ਆਪਣੀ ਕਵਿਤਾ ਦੀ ਨਵੀ ਕਿਤਾਬ ‘ਓ ਮੀਆਂ’ ਛਪਵਾਈ। ਪਹਿਲੀ ਕਿਤਾਬ ਤੋਂ ਬਹੁਤ ਦੇਰ ਬਾਅਦ। ਮੇਰੇ ਅਸਹਿ ਅਤੇ ਅਕਹਿ ਨਿੱਜੀ ਦਰਦ ਤੇ ਤਾਂਘ ਇਸ ਕਵਿਤਾ ਦਾ ਮੂਲ ਹਨ। ਇਸੇ ਅਰਸੇ ਦੌਰਾਨ ਕੁਝ ਗੀਤ ਵੀ ਲਿਖੇ, ਜਿਹੜੇ ਇਸ ਕਿਤਾਬ ਵਿਚ ਸ਼ਾਮਲ ਨਹੀਂ ਕੀਤੇ। ਪਰਮਜੀਤ ਸੋਹਲ ਦੇ ਗੀਤ ਪੜ੍ਹਦਿਆਂ ਮੇਰਾ ਧਿਆਨ ਆਪਣੇ ਇਨ੍ਹਾਂ ਗੀਤਾਂ ਵੱਲ ਗਿਆ। ਇਨ੍ਹਾਂ ਵਿਚੋਂ ਇਕ ਗੀਤ ਸਾਂਝਾ ਕਰ ਰਿਹਾ ਹਾਂ:

ਵਰ ਦੇ ਦੇ ਮੇਰੇ ਵਿਜੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਇਹ ਭਟਕਣਾ ਹੈ ਗਿਆਨਾਂ ਦੀ
ਇਹ ਥਿੜਕਣਾ ਹੈ ਧਿਆਨਾਂ ਦੀ
ਮੈਨੂੰ ਰੱਸੀ ਉਤੇ ਤੋਰੀਂ ਨਾ
ਵਰ ਦੇ ਦਈਂ ਮੇਰੇ ਭੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਵਰ ਦੇ ਦੇ

ਇਹ ਤੜਫ, ਇਹ ਜੋ ਸੇਕ ਹੈ
ਇਸ ਸੇਕ ਦਾ ਜੋ ਭੇਤ ਹੈ
ਤੂੰ ਹੀ ਜਾਣਦੈਂ, ਤੂੰ ਕਬੂਲ ਲਈਂ
ਮੇਰੀ ਪੀੜ ਤੇ ਮੇਰੇ ਸੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ
ਵਰ ਦੇ ਦੇ

ਐਵੇਂ ਮਨ ਨੂੰ ਕਿਤੇ ਅਰਾਮ ਨਹੀਂ
ਇਸ ਦਰਦ ਦਾ ਕੋਈ ਨਾਮ ਨਹੀਂ
ਬਾਂਹ ਪਕੜ ਲੈ, ਆਪੇ ਜਾਣ ਲੈ
ਮੇਰੀ ਮਰਜ਼ ਨੂੰ , ਮੇਰੇ ਰੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਖੈਰ ਇਸ਼ਕ ਦੀ ਤੇਰਾ ਕਰਮ ਹੈ
ਇਹੀ ਭੇਤ ਹੈ ਇਹੀ ਮਰ੍ਹਮ ਹੈ
ਮੈਂ ਹੈਰਾਨ ਹਾਂ, ਮੈਂ ਹਾਂ ਦੇਖਦਾ
ਇਸ ਮੇਲ ਨੂੰ, ਸੰਜੋਗ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਇਹ ਜੋ ਮਨ ਹੈ, ਇਹੀ ਭਾਰ ਹੈ
ਜਿਵੇਂ ਪਾਣੀ ਦਾ ਅਕਾਰ ਹੈ
ਨਾ ਇਹ ਝੱਲਦਾ ਨਾ ਇਹ ਮੰਨਦਾ
ਕਿਸੇ ਵਰਜਣਾ, ਕਿਸੇ ਰੋਕ ਨੂੰ
ਮੈਂ ਕੀ ਕਰਾਂਗਾ ਜੋਗ ਨੂੰ

ਸ਼ਮੀਲ