ਨਾਦ

contemporary punjabi poetry

Archive for poetry

ਦਿਲਾਂ ਵਿਚ ਗੂੰਜਣ ਦੇ

ਪਰਮਜੀਤ ਸੋਹਲ ਸਾਡੀ ਪੀੜ੍ਹੀ ਦੇ ਸਭ ਤੋਂ ਪ੍ਰਤਿਭਾਵਾਨ ਕਵੀਆਂ ਵਿਚੋਂ ਹੈ। ਕੁਝ ਸਾਲ ਪਹਿਲਾਂ ਜਦ ਉਸਦੀ ਪਹਿਲੀ ਕਾਵਿ ਪੁਸਤਕ ‘ਓਨਮ’ ਆਈ ਸੀ ਤਾਂ ਇਸ ਨੇ ਪੰਜਾਬੀ ਸਾਹਿਤ ਜਗਤ ਦਾ ਧਿਆਨ ਆਪਣੇ ਵੱਲ ਖਿਚਿਆ ਸੀ। ਉਸ ਦੌਰ ਵਿਚ ਓਨਮ ਦੀ ਕਵਿਤਾ ਪੰਜਾਬੀ ਕਵਿਤਾ ਦੇ ਪ੍ਰਚਲਿਤ ਮੁਹਾਵਰੇ ਦੇ ਪ੍ਰਸੰਗ ਵਿਚ ਬਿਲਕੁਲ ਵੱਖਰੀ ਲੱਗਦੀ ਸੀ। ਉਸਦੀ ਕਵਿਤਾ ਦੇ ਰੂਹਾਨੀ ਸਰੋਕਾਰਾਂ ਨੇ ਬਹੁਤ ਸਾਰੇ ਪੰਜਾਬੀ ਅਲੋਚਕਾਂ ਤੇ ਪਾਠਕਾਂ ਨੂੰ ਹੈਰਾਨ ਕੀਤਾ ਸੀ। ਕੁਝ ਚਿਰ ਪਹਿਲਾਂ ਉਸ ਦੇ ਗੀਤਾਂ ਦੀ ਇਕ ਕਿਤਾਬ ‘ਪੌਣਾਂ ਸਤਲੁਜ ਕੋਲ ਦੀਆਂ’ ਛਪੀ ਹੈ। ਪਿਛਲੇ ਅਰਸੇ ਦੌਰਾਨ ਪੰਜਾਬੀ ਵਿਚ ਸਿਵਾ ਗਜ਼ਲਾਂ ਦੇ ਪ੍ਰਗੀਤਕ ਕਵਿਤਾ ਬੇਜਾਨ ਜਿਹੀ ਲੱਗਣ ਲੱਗੀ ਸੀ। ਸੋਹਲ ਦੇ ਗੀਤਾਂ ਦੇ ਪੰਜਾਬੀ ਗੀਤਾਂ ਵਿਚ ਇਕ ਨਵੀਂ ਰੂਹ ਪਾਈ ਹੈ। ਮੇਰੀ ਨਵੀਂ ਕਾਵਿ ਪੁਸਤਕ ‘ਓ ਮੀਆਂ’ ਵਿਚ ਇਕ ਕਵਿਤਾ ਹੈ, ਜਿਸ ਦਾ ਨਾਂ ‘ਪਰਮਜੀਤ’ ਹੈ। ਉਹ ਕਵਿਤਾ ਅਸਲ ਵਿਚ ਪਰਮਜੀਤ ਸੋਹਲ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋਕੇ ਹੀ ਲਿਖੀ ਗਈ ਹੈ। ਉਸ ਦੀ ਨਵੀਂ ਕਿਤਾਬ ਵਿਚੋਂ ਇਕ ਗੀਤ ਮੈਂ ਇਥੇ ਸਾਂਝਾ ਕਰ ਰਿਹਾ ਹਾਂ।

ਸ਼ਮੀਲ

ਦਿਲਾਂ ਵਿਚ ਗੂੰਜਣ ਦੇ

ਦਿਲਾਂ ਵਿਚ ਗੂੰਜਣ ਦੇ
ਗੂੰਜਣ ਦੇ ਤੂੰ ਪਿਆਰ
ਦਿਲਾਂ ਵਿਚ ਗੂੰਜਣ ਦੇ
ਗੂੰਜਣ ਦੇ ਸਭ ਤਾਰ

ਮੈਂ ਕਮਲੀ ਦੀ ਰੀਝ ਨਿਮਾਣੀ
ਬੁੱਲ੍ਹੀਂ ਕਾਂਬੇ, ਨੈਣੀਂ ਪਾਣੀ
ਮਿੰਨਤਾਂ ਕਰਦੀ ਖੜ੍ਹੀ ਨਿਮਾਣੀ
ਲੈ ਚਲ ਨਦੀਓਂ ਪਾਰ……

ਪਰਬਤ ਪਰਬਤ ਬਰਫ਼ਾਂ ਸੇਜਾਂ
ਪਲਕਾਂ ‘ਚੋਂ ਲਿਖ ਚਿੱਠੀਆਂ ਭੇਜਾਂ
ਮੈਂ ਮਾਰੀ ਰਾਂਝਣ ਦੇ ਹੇਜਾਂ
ਖੇੜਿਆਂ ਨੂੰ ਕੀ ਸਾਰ…..

ਸ਼ਾਹਰਗ ਤੀਕ ਲਰਜ਼ਦੇ ਪਾਣੀ
ਚੰਨ ਸੂਰਜ ਦੀ ਖੇਡ ਵਿਡਾਣੀ
ਜੋਤ ਨੂਰਾਨੀ, ਝਾਲ ਝਲਾਣੀ
ਦਿਸਦੀ ਦਸਵੇਂ ਦੁਆਰ…..

ਅਨਹਦ ਨਾਦ ਸੰਗੀਤ ਨਿਰਾਲਾ
ਜੋ ਸੁਣਦਾ ਉਹ ਕਰਮਾਂ ਵਾਲਾ
ਸਹਿਜ ਸਮਾਧੀ, ਜੋਤਿ ਉਜਾਲਾ
ਰਿਮਝਿਮ ਅੰਮ੍ਰਿਤ ਧਾਰ….

ਲਾ-ਮਹਿਦੂਦ ਕਿਨਾਰੇ ਹੋਏ
ਸਰ ਵਿਚ ਕਮਲ ਪਸਾਰੇ ਹੋਏ
ਲੂੰ ਲੂੰ ਜਗਮਗ ਤਾਰੇ ਹੋਏ
ਮਿਟ ਗਏ ਅੰਧ ਗ਼ੁਬਾਰ….