ਨਾਦ

contemporary punjabi poetry

ਕਵਿਤਾ ਤੋਂ ਬਾਅਦ

ਗੁਰੁ ਗੋਬਿੰਦ ਸਿੰਘ ਦਾ ਸੰਤ ਸਿਪਾਹੀ ਅਤੇ ਮੁਹੰਮਦ ਸਾਹਿਬ ਦਾ ਜੇਹਾਦੀ ਅਸਲ ਵਿਚ ਇਕ ਪੈਗੰਬਰੀ ਸੁਪਨਾ ਹੈ। ਆਤਮਿਕ ਤੌਰ ਤੇ ਬਹੁਤ ਬੁਲੰਦ ਇਨਸਾਨ ਦੀ ਸਿਰਜਣਾ ਦਾ ਸੁਪਨਾ। ਆਧੁਨਿਕ ਇਤਿਹਾਸਕਾਰਾਂ ਨੇ ਇਨਾਂ ਸੰਕਲਪਾਂ ਦੀ ਵਿਆਖਿਆ ਇਸ ਤਰਾਂ ਕੀਤੀ ਹੈ, ਜਿਵੇਂ ਕਮਿਊਨਿਸਟ ਲਹਿਰਾਂ ਦੇ ਮਿਲਟਰੀ ਵਿੰਗ ਹੁੰਦੇ ਹਨ। ਜਿਵੇਂ ਇਹ ਸਿੱਖ ਲਹਿਰ ਅਤੇ ਇਸਲਾਮ ਦੇ ਲੜਾਕੇ ਦਸਤੇ ਹੋਣ। ਅਜਿਹੀਆਂ ਧਾਰਨਾਵਾਂ ਉਨਾਂ ਲੋਕਾਂ ਨੇ ਬਣਾਈਆਂ, ਜਿਨ੍ਹਾਂ ਲਈ ਇਸਲਾਮ ਜਾਂ ਸਿੱਖ ਲਹਿਰ ਮਹਿਜ਼ ਰਾਜਨੀਤਕ-ਸਮਾਜਿਕ ਲਹਿਰਾਂ ਸਨ। ਜਿਹੜੇ ਲੋਕ ਖੁਦ ਰੂਹਾਨੀ ਸਰੋਕਾਰਾਂ ਅਤੇ ਅਨੁਭਵਾਂ ਤੋਂ ਸੱਖਣੇ ਸਨ, ਉਨਾਂ ਨੇ ਇਨਾਂ ਸਾਰੇ ਸੰਕਲਪਾਂ ਨੂੰ ਸਮਾਜਿਕ-ਰਾਜਨੀਤਕ ਅਰਥਾਂ ਵਿਚ ਹੀ ਸਮਝਿਆ ਹੈ। ਜਿਸ ਤਰਾਂ ਪ੍ਰੋਫੈਸਰ ਕਿਸ਼ਨ ਸਿੰਘ ਗੁਰਬਾਣੀ ਦੀ ਵਿਆਖਿਆ ਕਰਦੇ ਹਨ। ਸਾਰੀਆਂ ਹੀ ਰੂਹਾਨੀ ਲਹਿਰਾਂ ਵਿਚ ਸਮਾਜਿਕ -ਰਾਜਨੀਤਕ ਪੱਖ ਓਨਾ ਕੁ ਹੀ ਹੁੰਦਾ ਹੈ, ਜਿੰਨਾ ਕਿਸੇ ਆਈਸਬਰਗ ਦਾ ਬਾਹਰ ਦਿਸ ਰਿਹਾ ਹਿੱਸਾ। ਜੋ ਹਿੱਸਾ ਸਤਹ ਤੋਂ ਥੱਲੇ ਹੁੰਦਾ ਹੈ, ਉਹ ਜ਼ਿਆਦਾ ਵੱਡਾ ਹੈ। ਜਿਨਾਂ ਲੋਕਾਂ ਦਾ ਕੋਈ ਰੂਹਾਨੀ ਅਨੁਭਵ ਨਾ ਹੋਵੇ, ਉਨਾਂ ਨੂੰ ਸਿਰਫ ਸਤਹ ਤੋਂ ਉਪਰ ਵਾਲਾ ਹਿੱਸਾ ਹੀ ਦਿਸਦਾ ਹੈ। ਆਧੁਨਿਕ ਚਿੰਤਨ, ਇਤਿਹਾਸਕਾਰੀ, ਸਿਧਾਂਤਕਾਰੀ ਦਾ ਇਹ ਹੀ ਦੁਖਾਂਤ ਹੈ। ਮੁਹੰਮਦ ਸਾਹਿਬ ਨੇ ਜਿਸ ਜੇਹਾਦੀ ਦੀ ਗੱਲ ਕੀਤੀ, ਗੁਰੁ ਗੋਬਿੰਦ ਸਿੰਘ ਨੇ ਜਿਸ ਸੰਤ ਸਿਪਾਹੀ ਦਾ ਸੁਪਨਾ ਲਿਆ ਅਤੇ ਜਾਂ ਮਹਾਭਾਰਤ ਵਿਚ ਕ੍ਰਿਸ਼ਨ ਅਰਜਨ ਨੂੰ ਜੋ ਉਪਦੇਸ਼ ਦੇ ਰਹੇ ਹਨ, ਉਹ ਬੁਨਿਆਦੀ ਤੌਰ ਤੇ ਇਕ ਆਤਮਿਕ ਅਵਸਥਾ ਹੈ। ਯੁੱਧ ਇਸ ਦਾ ਇਕ ਹਿੱਸਾ ਹੈ, ਓਨਾ ਕੁ ਹਿੱਸਾ ਜਿੰਨਾ ਕੁ ਉਪਰ ਦਿਸ ਰਿਹਾ ਆਈਸਬਰਗ ਹੁੰਦਾ ਹੈ। ਯੁੱਧ ਇਸ ਦਾ ਮੁੱਖ ਹਿੱਸਾ ਕਤਈ ਨਹੀਂ ਹੈ। ਇਹ ਉਸ ਤਰਾਂ ਦੀ ਅਵਸਥਾ ਹੈ, ਜਿਵੇਂ ਕੋਈ ਸੰਨਿਆਸੀ ਮਨ ਗ੍ਰਹਿਸਥ ਜੀਵਨ ਦੀਆਂ ਸਾਰੀਆਂ ਜਿੰਮੇਵਾਰੀਆਂ ਨਿਭਾਉਂਦਾ ਹੈ। ਗ੍ਰਹਿਸਥੀ ਹੋਣਾ ਸੌਖਾ ਹੈ। ਸੰਨਿਆਸੀ ਹੋਣਾ ਵੀ ਸੌਖਾ ਹੈ। ਪਰ ਦਿਲੋਂ ਮਨੋਂ ਸੰਨਿਆਸੀ ਹੋਕੇ ਗ੍ਰਹਿਸਥ ਵਿਚ ਰਹਿਣਾ ਕਠਿਨ ਮਾਰਗ ਹੈ। ‘ਨਾਮਿ ਰਤੇ ਘਰ ਮਾਹਿ ਉਦਾਸਾ’। ਇਹ ਮਾਰਗ ਸੁਪਰੀਮ ਇਸੇ ਕਰਕੇ ਕਿਹਾ ਗਿਆ ਹੈ, ਕਿਉਂਕਿ ਇਹ ਬਹੁਤ ਕਠਨ ਹੈ। ਲੋਕ ਗਲ ਗਲ ਤੱਕ ਦੁਨੀਆਦਾਰੀ ਵਿਚ ਡੁੱਬੇ ਹਨ। ਹਰ ਤਰਾਂ ਦੇ ਲਾਲਚ, ਲਾਲਸਾਵਾਂ, ਸਾੜੇ, ਈਰਖਾ ਤੇ ਨਫਰਤ ਨਾਲ ਭਰੇ ਹਨ। ਸ਼ਾਮ ਸਵੇਰੇ ਗੁਰਦੁਆਰੇ ਮੱਥੇ ਟੇਕ ਲੈਂਦੇ ਹਨ ਅਤੇ ਇਹ ਸਮਝਕੇ ਆਪਣੇ ਆਪ ਨੂੰ ਤਸੱਲੀ ਦੇ ਲੈਂਦੇ ਹਨ ਕਿ ਉਹ ਗ੍ਰਹਿਸਥ ਮਾਰਗੀ ਹਨ। ਜਿੰਨਾ ਇਹ ਮਾਰਗ ਕਠਿਨ ਸੀ, ਉਸ ਨੂੰ ਅਸੀਂ ਓਨਾ ਹੀ ਸੌਖਾ ਬਣਾ ਲਿਆ ਹੈ। ਸੰਤ ਸਿਪਾਹੀ ਅਤੇ ਜੇਹਾਦੀ ਦਾ ਸੰਕਲਪ ਇਸ ਤੋਂ ਵੀ ਉੱਚਾ ਹੈ। ਬਹੁਤ ਕਠਿਨ। ਆਤਮਿਕ ਮਾਰਗ ਦੀ ਮਾਊਂਟ ਐਵਰੈਸਟ। ਇਸ ਚੋਟੀ ਨੂੰ ਕੋਈ ਵਿਰਲਾ ਹੀ ਛੁਹ ਸਕਦਾ ਹੈ। ਆਪਣੇ ਆਪੇ ਨਾਲ ਲੜਦਿਆਂ ਇਕ ਕਵਿਤਾ ਲਿਖੀ ਸੀ। ਉਸਦਾ ਸਿਰਲੇਖ ਦਿੰਦਿਆਂ ਉਤੇ ‘ਸੰਤ ਸਿਪਾਹੀ’ ਲਿਖਿਆ ਗਿਆ। ਇਹ ਕਵਿਤਾ ਲਿਖਣ ਤੋਂ ਬਾਅਦ ਮੈਂ ਇਨ੍ਹਾਂ ਅਹਿਸਾਸਾਂ ਨਾਲ ਭਰ ਗਿਆ ਕਿ ਜਿਸ ਬੁਲੰਦ ਇਨਸਾਨ ਦਾ ਸੁਪਨਾ ਮੁਹੰਮਦ ਸਾਹਿਬ ਜਾਂ ਗੁਰੁ ਗੋਬਿੰਦ ਸਿੰਘ ਲੈ ਰਹੇ ਸਨ, ਅਸੀਂ ਲੋਕ ਉਸ ਦੀ ਥਾਹ ਨਹੀਂ ਪਾ ਸਕਦੇ:

ਸੰਤ ਸਿਪਾਹੀ
ਜਿਵੇਂ ਤੁਰਨਾ ਹੋਵੇ ਸੱਚੀਂਮੁਚੀਂ
ਸੀਸ ਤਲੀ ਤੇ ਰੱਖਕੇ
ਜਿਵੇਂ ਮੁੜ ਆਉਣਾ ਹੋਵੇ
ਮੌਤ ਤੋਂ ਬਾਅਦ
ਅਤੇ ਜੀਵਨ ਦੇ ਨਾਟਕ ਨੁੰ
ਫਿਰ ਤੋਂ ਖੇਡਣਾ ਹੋਵੇ
ਜਿਵੇਂ ਦੇਖਕੇ ਸਭ ਕੁੱਝ
ਅਣਡਿੱਠ ਕਰ ਦੇਣਾ ਹੋਵੇ

ਜਾਂ
ਕਿਸੇ ਨੂੰ ਪਿਆਰ ਕਰਨਾ ਹੋਵੇ
ਬਿਨਾਂ ਉਮੀਦ ਦੇ ਕਿ
ਉਹ ਵੀ ਤੁਹਾਨੂੰ ਪਿਆਰ ਕਰੇਗਾ
ਜਿਵੇਂ ਵਫਾ ਨਿਭਾਉਣੀ ਹੋਵੇ
ਕਿਸੇ ਬੇਵਫਾ ਨਾਲ
ਜਿਵੇਂ ਲੜਨਾ ਹੋਵੇ
ਬਿਨਾਂ ਗੁੱਸੇ ਦੇ
ਜਿਵੇਂ ਕੋਈ ਕਤਲ ਕਰਨਾ ਹੋਵੇ
ਬਿਨਾਂ ਨਫਰਤ ਦੇ
ਜਿਵੇਂ ਮਰਨ ਤੋਂ ਪਹਿਲਾਂ
ਆਪਣੇ ਕਾਤਲ ਵੱਲ ਦੇਖਣਾ ਹੋਵੇ
ਮੋਹ ਅਤੇ ਕਰੁਣਾ ਨਾਲ
ਜਿਵੇਂ ਮਰ ਜਾਣਾ ਹੋਵੇ
ਬਿਨਾਂ ਸਵਰਗ ਦੀ ਆਸ ਦੇ
ਬਿਨਾਂ ਕੋਈ ਨਿਸ਼ਾਨੀ ਛੱਡਿਆਂ
ਧਰਤੀ ਨੂੰ ਫਤਹਿ  ਬੁਲਾ ਦੇਣੀ ਹੋਵੇ

ਇਹ ਕੈਸਾ ਸੰਗਮ ਹੈ ਗੁਰੂ
ਕੈਸਾ ਕਠਨ ਮਾਰਗ ਹੈ

ਮੈਂ ਤੇਰੇ ਚਰਨਾਂ ਦੀ ਧੂੜ ਹਾਂ

ਸ਼ਮੀਲ

ਤਾਰਿਆਂ ਦਾ ਹਾਰ

ਕਈ ਕਵਿਤਾਵਾਂ ਅਤੇ ਗੀਤਾਂ ਦੀ ਰਚਨਾ ਦੇ ਛਿਣ ਬੜੇ ਰਹੱਸਮਈ ਹੁੰਦੇ ਹਨ। ਮਨ ਦੀ ਜਿਸ ਅਵਸਥਾ ਵਿਚ ਉਹ ਗੀਤ ਜਾਂ ਕਵਿਤਾਵਾਂ ਪੈਦਾ ਹੁੰਦੀਆਂ ਹਨ, ਉਸ ਹਾਲਤ ਨੂੰ ਕਈ ਵਾਰ ਸਮਝਣਾ ਜਾਂ ਬਿਆਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਹ ਗੀਤ ਲਗਭਗ ਸਾਲ ਪਹਿਲਾਂ ਲਿਖਿਆ ਗਿਆ ਸੀ ਅਤੇ ਜੇ ਮੈਨੂੰ ਕੋਈ ਪੁੱਛੇ ਕਿ ਇਸ ਗੀਤ ਦਾ ਸਬੰਧ ਮਨ ਦੀ ਜਿਸ ਅਵਸਥਾ ਨਾਲ ਹੈ, ਉਹ ਕਿਉਂ ਪੈਦਾ ਹੋਈ ਤਾਂ ਮੈਂ ਸ਼ਾਇਦ ਉਸਦਾ ਬਿਆਨ ਨਾ ਕਰ ਸਕਾਂ। ਅਜਿਹੇ ਭਾਵ ਅਤੇ ਖਿਆਲ ਕਿਵੇਂ ਅਤੇ ਕਿਉਂ ਪੈਦਾ ਹੁੰਦੇ ਹਨ, ਉਨਾਂ ਨੂੰ ਸਧਾਰਨ ਤਰਕ ਨਾਲ ਬਿਆਨ ਕਰਨਾ ਔਖਾ ਲੱਗਦਾ ਹੈ। ਕੁੱਝ ਸਾਲ ਪਹਿਲਾਂ ਮੇਰਾ ਇਹ ਯਕੀਨ ਅਤੇ ਸੋਚ ਸੀ ਕਿ ਕਵਿਤਾਵਾਂ ਦੀ ਰਚਨਾ ਪ੍ਰਕਿਰਿਆ ਕੋਈ ਭੇਤਭਰੀ ਚੀਜ਼ ਨਹੀਂ ਹੈ। ਇਸ ਸਭ ਕਾਸੇ ਨੂੰ ਤਾਰਕਿਕ ਮੁਹਾਵਰੇ ਵਿਚ ਸਮਝਿਆ ਜਾਂ ਬਿਆਨ ਕੀਤਾ ਜਾ ਸਕਦਾ ਹੈ। ਪਰ ਹੌਲੀ ਹੌਲੀ ਮੇਰਾ ਇਹ ਯਕੀਨ ਡੋਲਦਾ ਗਿਆ ਅਤੇ ਮੇਰੇ ਲਈ ਇਹ ਲਗਾਤਾਰ ਹੋਰ ਹੋਰ ਰਹੱਸਮਈ ਹੁੰਦਾ ਜਾ ਰਿਹਾ ਹੈ। ਮਨ ਦੇ ਬਹੁਤ ਸਾਰੇ ਕੁਨੈਕਸ਼ਨ, ਖਿੱਚਾਂ, ਵੇਗ ਅਤੇ ਭਾਵ ਜਿਵੇਂ ਕਿਸੇ ਵੀ ਮਨੋਵਿਗਿਆਨ ਵਿਆਖਿਆ ਨਾਲ ਹੱਲ ਨਹੀਂ ਹੁੰਦੇ, ਉਵੇਂ ਹੀ ਕਲਾ ਅਤੇ ਸਾਹਿਤ ਦੀ ਰਚਨਾ ਪ੍ਰਕਿਰਿਆ ਨੂੰ ਬਿਆਨਣਾ ਵੀ ਔਖਾ ਹੈ, ਜਿਵੇਂ ਇਹ ਦੱਸਣਾ ਔਖਾ ਹੁੰਦਾ ਹੈ ਕਿ ਸਾਨੂੰ ਕੋਈ ਧੁਨ ਅੱਛੀ ਕਿਉਂ ਲੱਗਦੀ ਹੈ। ਧੂਹ ਕਿਉਂ ਪਾਉਂਦੀ ਹੈ।
ਇਸ ਗੀਤ/ਨਜ਼ਮ ਨੂੰ ਇਸ ਵੀਡੀਓ ਨਾਲ ਸੁਣਨਾ ਸ਼ਾਇਦ ਇਸ ਦੀ ਇਕ ਹੋਰ ਪਰਤ ਖੋਲ੍ਹੇ:

ਸ਼ਮੀਲ

ਆਪਣੇ ਆਪ ਨੂੰ ਚਿੱਠੀ

ਪਿਛਲੇ ਦੋ ਦਹਾਕਿਆਂ ਦੌਰਾਨ ਬਹੁਤ ਵਾਰ ਅਜਿਹਾ ਹੋਇਆ ਹੈ ਕਿ ਬਹੁਤ ਸਾਰੀਆਂ ਕਵਿਤਾਵਾਂ ਨੂੰ ਮੈਂ ਚੁੱਪ ਚਾਪ ਪੀ ਗਿਆ। ਉਹ ਕਿਤੇ ਪ੍ਰਗਟ ਨਹੀਂ ਹੋਈਆਂ। ਮੇਰੇ ਅੰਦਰ ਹੀ ਗੁਆਚ ਗਈਆਂ। ਬੀਤੇ ਕੁਝ ਸਾਲ ਉਨਾਂ ਗੰਢਾਂ ਦੇ ਪਿਘਲਣ ਦਾ ਦੌਰ ਹੈ। ਜਿਵੇਂ ਮੌਸਮ ਬਦਲਣ ਨਾਲ ਚੋਟੀਆਂ ਤੇ ਬਰਫ ਪਿਘਲਦੀ ਹੈ। ਸ਼ਾਇਦ ਫਕੀਰਾਂ ਦਾ ਇਹ ਕੋਈ ਕਰਮ ਹੈ ਕਿ ਬਰਫ ਹੁਣ ਖੂਬ ਪਿਘਲ ਰਹੀ ਹੈ। ਇਹ ਸਿਲਸਿਲਾ ਕਿੱਥੇ ਤੱਕ ਚਲੇਗਾ, ਇਸਦਾ ਮੈਨੂੰ ਕੋਈ ਇਲਮ ਨਹੀਂ। ਬਹੁਤ ਵਾਰੀ ਕਵਿਤਾ ਲਿਖਣ ਵਾਲੇ ਇਸ ਅਵਸਥਾ ਵਿਚ ਕਵਿਤਾ ਲਿਖਦੇ ਹਨ ਕਿ ਉਹ ਕੋਈ ਉੱਦਾਤ ਖਿਆਲ ਦੂਸਰਿਆਂ ਨਾਲ ਸਾਂਝਾ ਕਰਨਾ ਚਾਹ ਰਹੇ ਹੁੰਦੇ ਹਨ। ਪਰ ਪਿਛਲੇ ਸਾਲਾਂ ਦੌਰਾਨ ਮੈਂ ਜ਼ਿਆਦਾਤਰ ਉਵੇਂ ਲਿਖਿਆ ਹੈ, ਜਿਵੇਂ ਕਦੇ ਕਦੇ ਤੁਸੀਂ ਕਿਸੇ ਚੀਖ ਨੂੰ ਕਿਸੇ ਧੁਨ ਵਿਚ ਬਦਲ ਦਿੰਦੇ ਹੋ। ਬਹੁਤ ਸਾਰੇ ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ ਵਾਲੇ ਲੋਕ ਦਰਦ, ਉਦਾਸੀ, ਉਪਰਾਮਤਾ ਨੂੰ ਹਿਕਾਰਤ ਦੀ ਨਜ਼ਰ ਨਾਲ ਦੇਖਦੇ ਹਨ। ਪਰ ਜੇ ਕੋਈ ਇਸ ਤਰਾਂ ਦੀ ਹਾਲਤ ਦਾ ਅਨੁਭਵ ਕਰੇ ਤਾਂ ਉਹ ਕੀ ਕਰੇ। ਕੀ ਪੀੜ, ਦਰਦ ਅਤੇ ਉਪਰਾਮਤਾ ਜੀਵਨ ਦੀ ਸਚਾਈ ਨਹੀਂ ਹੈ? ਜੇ ਇਹ ਰੋਗ ਵੀ ਹੋਵੇ ਤਾਂ ਕੀ ਇਹ ਰੋਗ ਇੱਕ ਹਕੀਕਤ ਨਹੀਂ ਹੈ? ਸ਼ਿਵ ਕੁਮਾਰ ਦੀਆਂ ਸਤਰਾਂ ਹਨ:
ਇਹ ਸਰ ਕਿੰਨੇ ਕੁ ਡੂੰਘੇ ਨੇ
ਕਿਸੇ ਨੇ ਹਾਥ ਨਾ ਪਾਈ
ਨਾ ਬਰਸਾਤਾਂ ਵਿਚ ਚੜ੍ਹਦੇ ਨੇ
ਨਾ ਔੜਾਂ ਵਿਚ ਸੁੱਕਦੇ ਨੇ
ਅਜਿਹੇ ਅਹਿਸਾਸ ਸਿਰਫ ਅਨੁਭਵ ਦੀਆਂ ਗੱਲਾਂ ਹਨ। ਇਹ ਵਿਚਾਰਧਾਰਾ ਦਾ ਮਸਲਾ ਨਹੀਂ ਹੈ। ਇਹ ਸਿਰਫ ਸ਼ਿਵ ਕੁਮਾਰ ਵਿਚ ਨਹੀਂ ਹੈ। ਗੁਰਬਾਣੀ ਅਤੇ ਸੂਫੀ ਕਵਿਤਾ ਵੀ ਅਜਿਹੇ ਵੈਰਾਗ ਨਾਲ ਭਰੀ ਹੈ। ਕੁੱਝ ਰਹੱਸ ਅਜਿਹੇ ਹਨ, ਜਿਨਾਂ ਨੂੰ ਸਿਧਾਂਤਾਂ ਦੀ ਭਾਸ਼ਾ ਵਿਚ ਬਿਆਨਣਾ ਮੁਸ਼ਕਲ ਹੈ। ਚੀਖ ਨੂੰ ਕੋਈ ਕਿਵੇਂ ਬਿਆਨ ਕਰੇ। ਕੁਦਰਤ ਵੀ ਦੇਖੋ ਕਿਵੇਂ ਦਿਆਲੂ ਹੈ, ਇਹ ਕਵਿਤਾ ਮੈਂ ਆਪਣੇ ਜਨਮ ਦਿਨ ਵਾਲੇ ਦਿਨ ਲਿਖ ਰਿਹਾ ਹਾਂ:

ਚੁੱਪ ਚੀਖ
ਦਰਦ ਦਾ ਇਹ ਹੜ੍ਹ
ਕਿਥੇ ਲੈ ਜਾਵੇਗਾ
ਖੁਦਾ ਜਾਣੇ
ਮੈਂ ਹੱਥ ਛੱਡਕੇ ਇਸ ਵਿਚ ਬਹਿ ਗਿਆ ਹਾਂ

ਕੁੱਝ ਇਸ ਤਰਾਂ ਵੀ ਦੁਖਦਾ ਹੈ
ਮੈਨੂੰ ਨਹੀਂ ਸੀ ਪਤਾ
ਜਿਵੇਂ ਚੀਖ ਦੀ ਕੋਈ ਗੋਲੀ ਬਣਾ
ਦਿੱਲ ਵਿਚ ਰੱਖ ਦਿੱਤੀ ਗਈ ਹੋਵੇ
ਜਿਵੇਂ ਛੱਤਾਂ ਹੇਠੋਂ ਦੌੜ ਜਾਣ ਨੂੰ ਜੀ ਕਰੇ
ਜਿਵੇਂ ਚੀਖ ਨੂੰ ਪੀ ਜਾਣਾ ਹੋਵੇ
ਚੁੱਪ ਚਾਪ

ਇਹ ਕੈਸੀ ਪਰਖ ਹੈ

ਇਹ ਅਮੁੱਕ ਤੜਫ
ਇਹ ਅਬੁੱਝ ਖਿੱਚ
ਇਹ ਬਿਹਬਲ ਜੀਅ
ਇਸ ਤਰਾਂ ਵੀ ਹੁੰਦਾ ਹੈ
ਨਹੀਂ ਸਾਂ ਜਾਣਦਾ
ਮੈਂ ਤਾਂ ਫਕੀਰਾਂ ਦੇ ਦਰ ਤੇ
ਸਿਰ ਝੁਕਾਇਆ ਸੀ

ਦਸੰਬਰ 8, 2010

ਸ਼ਮੀਲ

ਸਾਧੂ

ਇੱਕ ਗੱਲ ਪਿਛਲੇ ਕੁੱਝ ਸਮੇਂ ਤੋਂ ਮੈਨੂੰ ਅੰਦਰੋਂ ਹਲੂਣ ਰਹੀ ਹੈ ਕਿ ਸਾਡੀ ਪਰੰਪਰਾ ਵਿਚ ਸ਼ੁਰੂ ਦੇ ਦਿਨਾਂ ਵਿਚ ਸਾਧੂ ਕੌਣ ਲੋਕ ਹੋਏ? ਉਹ ਕਿਹੜੇ ਲੋਕ ਸਨ, ਜਿਹੜਾ ਘਰ ਬਾਰ, ਦੁਨੀਆਦਾਰੀ, ਸਾਰਾ ਕੁੱਝ ਤਿਆਗਕੇ, ਭਗਵੇਂ ਕੱਪੜੇ ਪਾਕੇ ਜੰਗਲਾਂ ਵੱਲ ਨਿਕਲ ਤੁਰੇ। ਅੱਜ ਸਾਡੇ ਮਨ ਵਿਚ ਸਾਧੂਆਂ ਦਾ ਇਮੇਜ ਹੋਰ ਤਰਾਂ ਦਾ ਹੈ। ਹੁਣ ਅਸੀਂ ਸਮਝਦੇ ਹਾਂ ਕਿ ਜੋ ਵਿਹਲੇ ਅਤੇ ਨਿਕੰਮੇ ਲੋਕ ਹੁੰਦੇ ਹਨ, ਉਹ ਸਾਧਾਂ ਦੇ ਰੂਪ ਵਿਚ ਮੰਗ ਖਾਣ ਦਾ ਧੰਦਾ ਸ਼ੁਰੂ ਕਰ ਲੈਂਦੇ ਹਨ। ਇਸ ਅੱਜ ਦੀ ਅਸਲੀਅਤ ਹੈ। ਇਹ ਸਾਧੂਆਂ ਦਾ ਵਿਗੜਿਆ ਹੋਇਆ ਰੂਪ ਹੈ। ਹਰ ਪ੍ਰਥਾ, ਹਰ ਪਰੰਪਰਾ ਵਿਚ ਇਸ ਤਰਾਂ ਗਿਰਾਵਟ ਆਉਂਦੀ ਹੈ। ਜਦ ਕਮਿਊਨਿਸਟ ਲਹਿਰ ਸ਼ੁਰੂ ਹੋਈ ਤਾਂ ਸ਼ੁਰੂ ਵਿਚ ਜਿਹੜੇ ਲੋਕ ਕਮਿਊਨਿਸਟ ਲਹਿਰ ਵੱਲ ਖਿੱਚੇ ਗਏ, ਉਹ ਲੋਕ ਸਾਡੇ ਸਮਾਜ ਦੀ ਕਰੀਮ ਸਨ। ਭਾਰਤ ਦੀ ਕਮਿਊਨਿਸਟ ਲਹਿਰ ਵਿਚ ਜੋ ਪੁਰਾਣੇ ਲੀਡਰ ਹਨ, ਉਹਨਾਂ ਵਿਚ ਬਹੁਤ ਸਾਰੇ ਅਜਿਹੇ ਹਨ, ਜਿਹੜੇ ਕੇਂਬਰਿਜ ਜਾਂ ਔਕਸਫੌਰਡ ਜਿਹੀਆਂ ਸੰਸਥਾਵਾਂ ਵਿਚੋਂ ਪੜ੍ਹਕੇ ਆਏ ਸਨ। ਜਿਨ੍ਹਾਂ ਅੰਦਰ ਐਨੀ ਕੁ ਪ੍ਰਤਿਭਾ ਸੀ ਕਿ ਉਹ ਜ਼ਿੰਦਗੀ ਵਿਚ ਹੋਰ ਕੋਈ ਵੀ ਉਚਾ ਪ੍ਰੋਫੈਸ਼ਨ ਚੁਣ ਸਕਦੇ ਸਨ। ਪਰ ਉਨਾਂ ਨੇ ਆਪਣਾ ਪੂਰਾ ਜੀਵਨ ਕੁੱਝ ਖਿਆਲਾਂ ਦੇ ਲੇਖੇ ਲਾ ਦਿੱਤਾ। ਇਸ ਕਰਕੇ ਉਸ ਦੌਰ ਵਿਚ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਪ੍ਰੋਗਰੈਸਿਵ ਖਿਆਲਾਂ ਵਾਲੇ ਮੁੰਡਿਆਂ ਦਾ ਬੜਾ ਆਕਰਸ਼ਕ ਜਿਹਾ ਇਮੇਜ ਹੁੰਦਾ ਸੀ। ਪਰ ਕਮਿਊਨਿਸਟ ਲਹਿਰ ਦੇ ਨਿਘਾਰ ਨਾਲ ਅੱਜ ਉਹ ਸਥਿਤੀ ਬਿਲਕੁੱਲ ਬਦਲ ਗਈ ਹੈ। ਹੁਣ ਕਈ ਵਾਰ ‘ਕਾਮਰੇਡ’ ਸਾਡੇ ਸਮਾਜ ਵਿਚ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ। ਇਸ ਦਾ ਕਾਰਨ ਹੈ ਕਿ ਸਮਾਜ ਦਾ ਜੋ ਵਧੀਆ ਟੈਲੰਟ ਹੈ, ਉਹ ਇਸ ਲਹਿਰ ਵਿਚ ਨਹੀਂ ਜਾ ਰਿਹਾ। ਇਹ ਗੱਲ ਹਰ ਲਹਿਰ ਨਾਲ ਵਾਪਰਦੀ ਹੈ। ਜਦ ਸਿੰਘ ਸਭਾ ਲਹਿਰ ਤੋਂ ਬਾਅਦ ਗੁਰਦੁਆਰਿਆਂ ਦਾ ਪ੍ਰਬੰਧ ਪੰਥਕ ਸੰਸਥਾਵਾਂ ਦੇ ਹੱਥ ਆਇਆ ਤਾਂ ਉਸ ਵੇਲੇ ਜੋ ਲੋਕ ਗੁਰਦੁਆਰਾ ਪ੍ਰਬੰਧ ਵਿਚ ਸਨ, ਉਹ ਸਮਾਜ ਦੇ ਪੜ੍ਹੇ ਲਿਖੇ ਅਤੇ ਅੱਛੇ ਖਿਆਲਾਂ ਵਾਲੇ ਕਾਬਲ ਲੋਕ ਹੁੰਦੇ ਸਨ। ਪਰ ਅੱਜ ਜੋ ਹੋਰ ਕੁੱਝ ਵੀ ਕਰਨ ਜੋਗਾ ਨਾ ਹੋਵੇ, ਉਹ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਚਲੇ ਜਾਂਦਾ ਹੈ। ਇਹ ਗੱਲ ਹਰ ਲਹਿਰ ਬਾਰੇ ਸੱਚ ਹੈ।
ਇਹ ਗੱਲ ਸਾਧੂਆਂ ਦੀ ਪ੍ਰਥਾ ਬਾਰੇ ਵੀ ਸੱਚ ਹੈ। ਭਾਰਤ ਦੀ ਜਿਸ ਪ੍ਰਾਚੀਨ ਸਭਿਅਤਾ ਵਿਚ ਮੁਢਲੇ ਲੋਕ ਸਾਧੂ ਹੋਏ, ਉਹ ਵਿਹਲੇ, ਨਿਕੰਮੇ ਜਾਂ ਨਿਖੱਟੂ ਲੋਕ ਨਹੀਂ ਸਨ। ਇਹ ਉਹ ਲੋਕ ਸਨ, ਜਿਨ੍ਹਾਂ ਅੰਦਰ ਜੀਵਨ ਦੀਆਂ ਗਹਿਰੀਆਂ ਸਚਾਈਆਂ ਨੂੰ ਜਾਣਨ ਦੀ, ਸਮਝਣ ਦੀ ਅਤੇ ਉਨਾਂ ਦਾ ਅਨੁਭਵ ਕਰਨ ਦੀ ਅਸਾਧਾਰਨ ਲਗਨ ਅਤੇ ਤੜਫ ਸੀ। ਉਨਾਂ ਦੀ ਜਗਿਆਸਾ ਐਨੀ ਤਿੱਖੀ ਅਤੇ ਪ੍ਰਬਲ ਸੀ ਕਿ ਉਹ ਦੁਨੀਆਦਾਰੀ ਦਾ ਸਾਰਾ ਸੁਖ ਅਰਾਮ ਤਿਆਗਕੇ, ਸਾਰੇ ਦੁਨਿਆਵੀ ਮਕਸਦ ਤਿਆਗਕੇ ਪੂਰੀ ਤਰਾਂ ਗਿਆਨ ਅਤੇ ਅਨੁਭਵ ਦੀ ਤਲਾਸ਼ ਵਿਚ ਪੈ ਗਏ। ਉਸ ਵੇਲੇ ਸਾਧੂ ਹੋਣਾ ਵਿਹਲੇ ਹੋਣ ਦੀ ਨਿਸ਼ਾਨੀ ਨਹੀਂ ਸੀ। ਉਸ ਦੌਰ ਵਿਚ ਜੋ ਲੋਕ ਸਾਧੂ ਹੁੰਦੇ ਸਨ, ਉਹ ਬਿਲਕੁੱਲ ਵੱਖਰੀ ਤਰਾਂ ਦੇ ਲੋਕ ਸਨ। ਇਸ ਗੱਲ ਨੂੰ ਸਮਝਣ ਲਈ ਅਸੀਂ ਅੱਜ ਦੇ ਦੌਰ ਬਾਰੇ ਕਲਪਨਾ ਕਰ ਸਕਦੇ ਹਾਂ। ਜੇ ਅੱਜ ਕੋਈ ਸਾਇੰਟਿਸਟ ਨੌਜਵਾਨ, ਕੋਈ ਡਾਕਟਰ, ਕੋਈ ਕਾਮਯਾਬ ਬਿਜ਼ਨਸਮੈਨ, ਕਿਸੇ ਵੱਡੇ ਲੀਡਰ ਦਾ ਲੜਕਾ, ਕੋਈ ਵੱਡਾ ਆਰਟਿਸਟ ਜਾਂ ਕੋਈ ਹੋਰ ਕੁਆਲੀਫਾਈਡ ਪ੍ਰੋਫੈਸ਼ਨਲ ਸਾਰਾ ਕੁੱਝ ਤਿਆਗਕੇ ਚਿੱਟੇ ਕੱਪੜੇ ਪਾ ਲਏ ਅਤੇ ਪੂਰੀ ਤਰਾਂ ਰੂਹਾਨੀ ਖੋਜ ਅਤੇ ਧਿਆਨ ਦੇ ਮਾਰਗ ਨੂੰ ਸਮਰਪਿਤ ਹੋ ਜਾਵੇ ਤਾਂ ਸਾਡੇ ਅੰਦਰ ਉਹ ਕਿਸ ਤਰਾਂ ਦੇ ਭਾਵ ਪੈਦਾ ਕਰਨਗੇ। ਉਸ ਦੌਰ ਵਿਚ ਜੋ ਲੋਕ ਸਾਧੂ ਹੋਏ, ਉਹ ਇਸ ਤਰਾਂ ਦੇ ਲੋਕ ਸਨ। ਮਹਾਤਮਾ ਬੁੱਧ ਰਾਜਕੁਮਾਰ ਸੀ। ਇੱਕ ਸਲਤਨਤ ਦਾ ਮਾਲਕ ਸੀ। ਉਹ ਆਪਣਾ ਸਾਰਾ ਕੁੱਝ ਤਿਆਗਕੇ ਵੈਰਾਗੀ ਹੋ ਗਿਆ। ਸਾਰਾ ਕੁੱਝ ਛੱਡਕੇ ਜੰਗਲਾਂ ਨੂੰ ਤੁਰ ਗਿਆ। ਗੁਰੁ ਨਾਨਕ ਦੇਵ ਜੀ ਦੇ ਪਿਤਾ ਪਟਵਾਰੀ ਸਨ। ਉਸ ਦੌਰ ਵਿਚ ਪਟਵਾਰੀਆਂ ਦਾ ਸਮਾਜ ਵਿਚ ਬਹੁਤ ਉਚਾ ਦਰਜਾ ਸੀ। ਉਹ ਸਾਰਾ ਕੁੱਝ ਛੱਡਕੇ ‘ ਉਦਾਸੀਆਂ’ ਤੇ ਚੱਲ ਪਏ। ਅਸੀਂ ਇਹ ਗੱਲਾਂ ਇਤਿਹਾਸ ਦੀਆਂ ਕਿਤਾਬਾਂ ਵਿਚ ਪੜ੍ਹਦੇ ਹਾਂ ਪਰ ਇਨਾਂ ਦੇ ਮਹੱਤਵ ਨੂੰ ਕਈ ਵਾਰ ਪੂਰੀ ਤਰਾਂ ਮਹਿਸੂਸ ਨਹੀਂ ਕਰਦੇ। ਕਿਸੇ ਰਾਜੇ ਦਾ ਸਾਧੂ ਹੋਣਾ ਕੋਈ ਸਧਾਰਨ ਗੱਲ ਨਹੀਂ ਹੈ। ਅਸੀਂ ਲੋਕ ਆਪਣੀ ਛੋਟੀ ਛੋਟੀ ਦੁਨੀਆਦਾਰੀ ਵਿਚ ਉਲਝੇ ਹੋਏ ਹਾਂ। ਅਸੀਂ ਇਸ ਨੂੰ ਛੱਡਣ ਤੋਂ ਵੀ ਡਰਦੇ ਹਾਂ। ਗੌਤਮ ਜਦੋਂ ਨਿਕਲ ਤੁਰੇ ਸਨ ਤਾਂ ਉਨਾਂ ਅੰਦਰ ਕਿਸ ਤਰਾਂ ਦੀ ਬੇਚੈਨੀ ਅਤੇ ਤੜਫ ਹੋਏਗੀ, ਉਸਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਜੀਵਨ ਦੇ ਜਿਹੜੇ ਸੁਆਲ ਉਨਾਂ ਨੂੰ ਇਸ ਕਦਰ ਪ੍ਰੇਸ਼ਾਨ ਕਰ ਰਹੇ ਸਨ, ਉਹ ਸੁਆਲ ਸਧਾਰਨ ਇਨਸਾਨ ਦੀ ਸੋਚ ਤੋਂ ਪਰੇ ਦੀਆਂ ਸਮੱਸਿਆਵਾਂ ਹਨ। ਗੁਰੁ ਨਾਨਕ ਦੇਵ ਜੀ ਨੂੰ ਜੀਵਨ ਦੀ ਕਿਸ ਸਚਾਈ ਨੇ ਐਨਾ ਉਦਾਸ ਕਰ ਦਿਤਾ ਸੀ ਕਿ ਉਹ ਉਦਾਸੀ ਹੋ ਗਏ, ਉਦਾਸੀਆਂ ਤੇ ਨਿਕਲ ਪਏ? ਉਸ ਦਰਦ ਨੂੰ ਸਮਝ ਸਕਣਾ ਆਮ ਇਨਸਾਨ ਦੀ ਸੰਵੇਦਨਾ ਦੇ ਘੇਰੇ ਤੋਂ ਬਾਹਰ ਦੀ ਗੱਲ ਹੈ।
ਸਾਡੀ ਪੁਰਾਣੀ ਸਭਿਅਤਾ ਵਿਚ ਜੋ ਵੀ ਲੋਕ ਸਾਧੂ ਹੋਏ, ਉਹ ਇਸੇ ਤਰਾਂ ਦੀ ਅਵਸਥਾ ਵਾਲੇ ਲੋਕ ਸਨ। ਹਰਮਨ ਹੈਸ ਦੇ ਨਾਵਲ ‘ਸਿਧਾਰਥ’ ਦਾ ਪਾਤਰ ਸਿਧਾਰਥ ਹਮੇਸ਼ਾ ਮੈਨੂੰ ਖਿੱਚ ਪਾਉਂਦਾ ਰਿਹਾ ਹੈ। ਉਹ ਇਕ ਬ੍ਰਾਹਮਣ ਪਰਿਵਾਰ ਦਾ ਲੜਕਾ ਸੀ। ਉਹ ਸਾਧੂ ਹੋਣਾ ਚਾਹੁੰਦਾ ਸੀ, ਪਰ ਉਸਦਾ ਪਿਓ ਉਸ ਨੂੰ ਵਰਜਦਾ ਸੀ। ਕਾਫੀ ਕਸ਼ਮਕਸ਼ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਇਸ ਗੱਲ ਲਈ ਰਾਜ਼ੀ ਕਰਨ ਵਿਚ ਕਾਮਯਾਬ ਹੋ ਗਿਆ ਅਤੇ ਉਹ ਆਪਣੇ ਦੋਸਤ ਗੋਬਿੰਦ ਨਾਲ ਸਾਧੂ ਹੋ ਗਿਆ। ਉਸਦਾ ਅੱਗੇ ਦਾ ਜੀਵਨ ਇਕ ਵੱਖਰੀ ਕਹਾਣੀ ਹੈ। ਆਤਮਿਕ ਗਿਆਨ ਦੇ ਖੇਤਰ ਵਿਚ ਇਹ ਬਹੁਤ ਵੱਡੀ ਰਚਨਾ ਹੈ। ਪਰ ਇਸ ਨਾਵਲ ਤੋਂ ਅਸੀਂ ਉਸ ਸਮਾਜ ਦੀ ਕੁੱਝ ਕੁ ਕਲਪਨਾ ਕਰ ਸਕਦੇ ਹਾਂ, ਜਿਸ ਵਿਚ ਜੀਵਨ ਦੀਆਂ ਸਚਾਈਆਂ ਨੂੰ ਸਮਝਣ ਵਾਲੇ ਜਗਿਆਸੂ ਲੋਕ ਕਿਸ ਤਰਾਂ ਦੁਨੀਆ ਨੂੰ ਤਿਆਗ ਤੁਰਦੇ ਸਨ। ਪੰਜਾਬ ਦੀ ਪਰੰਪਰਾ ਵਿਚ ਰਾਂਝੇ ਦੇ ਜੋਗੀ ਹੋਣ ਦੀ ਕਹਾਣੀ ਹੈ। ਰਾਂਝਾ ਭਾਵੇਂ ਗਿਆਨ ਦਾ ਖੋਜੀ ਨਹੀਂ ਸੀ ਪਰ ਤੜਫ ਉਸਦੀ ਵੀ ਵੱਡੀ ਸੀ। ਜਿਹੜੇ ਵੀ ਲੋਕ ਸਾਧੂ ਹੋਏ, ਉਨਾਂ ਦੀ ਤੜਫ ਰਾਂਝੇ ਵਾਲੀ ਹੀ ਸੀ। ਰਾਂਝੇ ਨੂੰ ਜੋਗ ਇਸ ਤੜਫ ਕਰਕੇ ਹੀ ਮਿਲਿਆ ਸੀ।
ਸਾਧੂਆਂ ਦੇ ਮਨ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਦੌਰਾਨ ਹੀ ਇਹ ਨਜ਼ਮ ਕੁੱਝ ਦੇਰ ਪਹਿਲਾਂ ਲਿਖੀ ਸੀ:
ਸਾਧੂ
ਜਦ ਕੋਈ ਆਸ ਨਾ ਹੋਵੇ
ਵਜ੍ਹਾ ਵੀ ਖਾਸ ਨਾ ਹੋਵੇ
ਘਰਾਂ ਵਿਚ ਜੀ ਨਹੀਂ ਲੱਗਦਾ
ਰਿਹਾ ਨਾ ਚਾਅ ਕੋਈ ਜੱਗਦਾ
ਇਹ ਦਿਨ ਤਾਂ ਰੋਜ਼ ਹੀ ਢਲ ਜੇ
ਤੇ ਧਰਵਾਸ ਨਾ ਹੋਵੇ
ਜਦ ਕੋਈ ਆਸ ਨਾ ਹੋਵੇ
ਵਜ੍ਹਾ ਵੀ ਖਾਸ ਨਾ ਹੋਵੇ

ਕਿਸੇ ਨਾਲ ਦਿਲ ਨਹੀਂ ਭਰਦਾ
ਨਾ ਕਿਧਰੇ ਜਾਣ ਨੂੰ ਕਰਦਾ
ਸਾਲ ਵੀ ਬੀਤ ਚੱਲੇ ਨੇ
ਭੀੜਾਂ ਵਿਚ ਸਾਧ ਕੱਲੇ ਨੇ
ਜੱਗ ਤੇ ਸਾਕ ਬਥੇਰੇ ਨੇ
ਪਰ ਸਾਥ ਨਾ ਹੋਵੇ
ਜਦ ਕੋਈ ਆਸ ਨਾ ਹੋਵੇ
ਵਜ੍ਹਾ ਵੀ ਖਾਸ ਨਾ ਹੋਵੇ

ਥੋੜ੍ਹੀ ਜਿਹੀ ਰਾਤ ਬਾਕੀ ਹੈ
ਖੁਦਾ ਦੀ ਹਾਕ ਬਾਕੀ ਹੈ
ਚੁੱਪ ਇਕਲਾਪਾ ਪੱਲੇ ਨੇ
ਉਦਾਸੇ ਸਾਧੂ ਚੱਲੇ ਨੇ
ਇਹ ਦੁਨੀਆ ਸਾਰੀ ਮਿਲ ਜਾਵੇ
ਪਰ ਰਾਸ ਨਾ ਹੋਵੇ
ਜਦ ਕੋਈ ਆਸ ਨਾ  ਹੋਵੇ
ਵਜ੍ਹਾ ਵੀ ਖਾਸ ਨਾ ਹੋਵੇ

ਸ਼ਮੀਲ

ਇਕ ਕਵਿਤਾ ਦੇ ਆਰ ਪਾਰ

ਬਹੁਤ ਸਾਰੀਆਂ ਕਵਿਤਾਵਾਂ ਬਾਰੇ ਮੈਨੂੰ ਅਕਸਰ ਇਹ ਮਹਿਸੂਸ ਹੁੰਦਾ ਹੈ ਕਿ ਇਨਾਂ ਦੇ ਪਿਛੋਕੜ ਬਾਰੇ ਜੇ ਥੋੜ੍ਹੀ ਗੱਲ ਕੀਤੀ ਜਾਵੇ ਤਾਂ ਪੜ੍ਹਨ ਵਾਲਿਆਂ ਨੂੰ ਇਨ੍ਹਾਂ ਨਾਲ ਜੁੜਨ ਵਿਚ ਅਸਾਨੀ ਹੁੰਦੀ ਹੈ। ਅੱਜ ਅਚਾਨਕ ਇਹ ਸਬੱਬ ਬਣਿਆ ਹੈ ਕਿ ਇਸ ਕਵਿਤਾ ਦੀ ਗੱਲ ਕਰਾਂ। ਕਵਿਤਾ ‘ਊਣਾ ਮਨ’ ਕਈ ਮਹੀਨੇ ਪਹਿਲਾਂ ਲਿਖੀ ਸੀ। ਕਿਨ੍ਹਾਂ ਖਿਆਲਾਂ ਅਤੇ ਭਾਵਾਂ ਵਿਚੋਂ ਲੰਘਦਿਆਂ ਇਹ ਲਿਖੀ ਗਈ, ਪਹਿਲਾਂ ਉਨਾਂ ਦੀ ਗੱਲ ਕਰਦੇ ਹਾਂ:

ਕਿਹਾ ਜਾਂਦਾ ਹੈ ਕਿ ਇਨਸਾਨੀ ਮਨ ਅਸਲ ਵਿਚ ਖਾਹਸ਼ਾਂ ਦਾ ਪੁਲੰਦਾ ਹੈ। ਮਨ ਬਣਿਆ ਹੀ ਖਾਹਸ਼ਾਂ ਦਾ ਹੈ। ਜਾਂ ਹੋਰ ਸਰਲ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਇਨਸਾਨ ਦੀਆਂ ਕੁੱਲ ਖਾਹਸ਼ਾਂ ਦਾ ਜੋੜ ਹੀ ਤਾਂ ਮਨ ਹੈ। ਸੋ ਖਾਹਸ਼ਾਂ, ਇੱਛਾਵਾਂ ਤੇ ਸੁਪਨੇ ਇਨਸਾਨੀ ਜੀਵਨ ਦਾ ਮੂਲ ਹੈ। ਉਸ ਨੂੰ ਚਲਾਉਣ ਵਾਲੀ ਮੂਲ ਸ਼ਕਤੀ।
ਵੱਖ ਵੱਖ ਰੂਹਾਨੀ ਧਾਰਾਵਾਂ ਵਿਚ ਇਨਸਾਨੀ ਮਨ ਦੀਆਂ ਖਾਹਸ਼ਾਂ ਅਤੇ ਇਛਾਵਾਂ ਬਾਰੇ ਦੋ ਤਰਾਂ ਦੀ ਪਹੁੰਚ ਦੇਖਣ ਨੂੰ ਮਿਲਦੀ ਹੈ। ਇਕ ਸੋਚ ਇਹ ਹੈ ਕਿ ਕਿਉਂਕਿ ਇਨਸਾਨ ਦੇ ਦੁੱਖਾਂ ਦਾ ਮੂਲ ਉਸ ਦੀਆਂ ਇੱਛਾਵਾਂ ਹਨ, ਇਸ ਕਰਕੇ ਇਨ੍ਹਾਂ ਨੂੰ ਦਬਾਕੇ ਰੱਖਣਾ ਹੀ ਸਹੀ ਅਤੇ ਸੁਰੱਖਿਅਤ ਰਸਤਾ ਹੈ। ਇਸ ਤਰਾਂ ਦੀਆਂ ਧਾਰਾਵਾਂ ਵਿਚ ਸਾਰਾ ਜੋæਰ ਖਾਹਸ਼ਾਂ ਅਤੇ ਇੱਛਾਵਾਂ ਨੂੰ ਮਾਰਨ ਤੇ ਦਿੱਤਾ ਜਾਂਦਾ ਹੈ।
ਦੂਜੀ ਧਾਰਾ ਇਹ ਹੈ ਕਿ ਦਬਾਉਣ ਅਤੇ ਮਾਰਨ ਨਾਲ ਖਾਹਸ਼ਾਂ ਕਦੇ ਖਤਮ ਨਹੀਂ ਹੁੰਦੀਆਂ, ਬਲਕਿ ਹੋਰ ਭਿਅੰਕਰ ਅਤੇ ਵਿਗੜੇ ਹੋਏ ਰੂਪ ਵਿਚ ਪ੍ਰਗਟ ਹੁੰਦੀਆਂ ਹਨ। ਇਸ ਕਰਕੇ ਖਾਹਸ਼ਾਂ ਨੂੰ ਮਾਰਨ ਜਾਂ ਦਬਾਉਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਨੂੰ ਪੂਰੀਆਂ ਹੋਰ ਦੇਣਾ ਚਾਹੀਦਾ ਹੈ।
ਇੱਕ ਤੀਸਰੀ ਧਾਰਾ ਹੈ, ਜਿਹੜੀ ਇਹ ਗੱਲ ਸਵੀਕਾਰ ਕਰਦੀ ਹੈ ਕਿ ਉਪਰ ਵਾਲੀਆਂ ਦੋਵੇਂ ਧਾਰਾਵਾਂ ਵਿਚ ਅੱਧਾ ਅੱਧਾ ਸੱਚ ਹੈ। ਇਹ ਤੀਸਰੀ ਧਾਰਾ ਹੀ ਅਸਲ ਵਿਚ ਦੁਨੀਆਂ ਦੇ ਸਾਰੇ ਵੱਡੇ ਪੈਗੰਬਰਾਂ ਅਤੇ ਗੁਰੂਆਂ ਦੀਆਂ ਸਿਖਿਆਵਾਂ ਦਾ ਮੂਲ ਹੈ। ਇਹ ਜ਼ਿਆਦਾ ਪ੍ਰੌੜ੍ਹ ਅਤੇ ਗਹਿਰੀ ਸੋਚ ਹੈ।
ਖਾਹਸ਼ਾਂ ਨੂੰ ਮਾਰਨਾ ਅਤੇ ਦਬਾਉਣਾ ਸਧਾਰਨ ਇਨਸਾਨ ਦੇ ਕਰਨ ਵਾਲੀ ਚੀਜ਼ ਨਹੀਂ ਹੈ। ਮਨ ਦੇ ਵੇਗ, ਖਾਹਸ਼ਾਂ, ਇੱਛਾਵਾਂ ਬਹੁਤ ਪ੍ਰਬਲ ਸ਼ਕਤੀਆਂ ਹਨ। ਆਮ ਇਨਸਾਨ ਇਨ੍ਹਾਂ ਨੂੰ ਅਸਾਨੀ ਨਾਲ ਨਹੀਂ ਮਾਰ ਸਕਦਾ। ਇਹ ਬਹੁਤ ਉਚੀ ਪੱਧਰ ਦੇ ਅਤੇ ਵੱਡੇ ਸਾਧਕਾਂ ਦਾ ਕੰਮ ਹੈ। ਜਿਵੇਂ ਕਬੀਰ ਕਹਿੰਦੇ ਹਨ ” ਕਬੀਰ ਮਨ ਸੇ ਜੂਝਨਾ ਮਹਾਬਲੀ ਕਾ ਖੇਲ”। ਇਹ ਮਨ ਦੇ ਮਹਾਂਬਲੀਆਂ ਦਾ ਕੰਮ ਹੈ। ਜਦੋਂ ਕਮਜ਼ੋਰ ਅਤੇ ਸਧਾਰਨ ਲੋਕ ਇਸ ਤਰਾਂ ਦੇ ਰਸਤੇ ਪੈਂਦੇ ਹਨ ਤਾਂ ਆਮ ਕਰਕੇ ਮਾਰ ਖਾਂਦੇ ਹਨ। ਜਾਂ ਹੋਰ ਤਰਾਂ ਦੀਆਂ ਉਲਝਣਾ ਵਿਚ ਫਸ ਜਾਂਦੇ ਹਨ। ਚਰਚਾਂ ਵਿਚ ਬੱਚਿਆਂ ਦੇ ਸੈਕਸ ਸੋਸ਼ਣ ਵਰਗੀਆਂ ਘਟਨਾਵਾਂ ਇਸੇ ਤਰਾਂ ਦੀ ਸਥਿਤੀ ਵਿਚ ਪੈਦਾ ਹੁੰਦੀਆਂ ਹਨ। ਇਸ ਤਰੀਕੇ ਨਾਲ ਖਾਹਸ਼ਾਂ ਨੂੰ ਦਬਾਉਣ ਦੇ ਰਸਤੇ ਨੂੰ ਓਸ਼ੋ ਜਿਹੇ ਲੋਕਾਂ ਨੇ ਬਹੁਤ ਤਿੱਖੇ ਸ਼ਬਦਾਂ ਵਿਚ ਰੱਦ ਕੀਤਾ ਹੈ। ਵੱਡੇ ਵੱਡੇ ਸੂਫੀ ਫਕੀਰਾਂ, ਯੋਗੀਆਂ ਅਤੇ ਸੰਤਾਂ ਦੁਆਰਾ ਖਾਹਸ਼ਾਂ ਨੂੰ ਦਬਾਇਆ ਗਿਆ, ਮਾਰਿਆ ਗਿਆ। ਪਰ ਇਹ ਮਾਰਗ ਹਰ ਕਿਸੇ ਵਾਸਤੇ ਨਹੀਂ ਹੈ। ਇਸ ਤੇ ਚੱਲਣ ਲਈ ਅਸਾਧਾਰਨ ਇੱਛਾ ਸ਼ਕਤੀ ਅਤੇ ਤਾਕਤ ਦੀ ਲੋੜ ਹੁੰਦੀ ਹੈ।
ਦੂਜੇ ਪਾਸੇ ਕੁੱਝ ਲੋਕ ਅਜਿਹੇ ਹਨ, ਖਾਸ ਕਰਕੇ ਆਧੁਨਿਕ ਦੌਰ ਦੀ ਸਭਿਅਤਾ ਵਿਚ, ਜਿਹੜੇ ਇਸ ਗੱਲ ਦੇ ਬਿਲਕੁੱਲ ਉਲਟੇ ਪਾਸੇ ਚਲੇ ਜਾਂਦੇ ਹਨ। ਉਹ ਇਹ ਸੋਚ ਬਣਾ ਲੈਂਦੇ ਹਨ ਕਿ ਖਾਹਸ਼ਾਂ ਨੂੰ ਦਬਾਉਣਾ ਜਾਂ ਉਨ੍ਹਾਂ ਤੇ ਕਾਬੂ ਪਾਉਣਾ ਸੰਭਵ ਨਹੀਂ, ਇਸ ਕਰਕੇ ਉਹ ਉਨ੍ਹਾਂ ਨੂੰ ਪੂਰੀ ਕਰਨ ਦੀ ਦੌੜ ਵਿਚ ਪੈ ਜਾਂਦੇ ਹਨ। ਉਹ ਮਨ ਵਿਚ ਉਠਦੀ ਹਰ ਖਾਹਸ਼, ਹਰ ਇੱਛਾ, ਹਰ ਵੇਗ, ਹਰ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹਨ। ਉਹ ਸੋਚਦੇ ਹਨ ਕਿ ਇਸ ਤਰਾਂ ਇਕ ਦਿਨ ਮਨ ਦੀਆਂ ਸਾਰੀਆਂ ਖਾਹਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਇਹ ਸ਼ਾਂਤ ਹੋ ਜਾਵੇਗਾ। ਇਸ ਰਸਤੇ ਦੇ ਹੋਰ ਵੀ ਭਿਆਨਕ ਸਿੱਟੇ ਨਿਕਲਦੇ ਹਨ। ਕਿਉਂਕਿ ਮਨ ਦਾ ਇਹ ਨੇਮ ਹੈ, ਮਨ ਦੀ ਇਹ ਫਿਤਰਤ ਹੈ ਕਿ ਇਸ ਨੂੰ ਇੱਛਾਵਾਂ ਪੂਰੀਆਂ ਕਰਕੇ ਕਦੇ ਵੀ ਸ਼ਾਂਤ ਨਹੀਂ ਕੀਤਾ ਜਾ ਸਕਦਾ। ਇਹ ਚਮਚੇ ਨਾਲ ਖੂਹ ਭਰਨ ਵਾਲੀ ਗੱਲ ਹੈ। ਬਲਕਿ ਉਲਟ ਹੁੰਦਾ ਹੈ। ਜਿੰਨਾ ਖਾਹਸ਼ਾਂ ਨੂੰ ਪੂਰੀਆਂ ਕਰੋਗੇ, ਓਨੀਆਂ ਹੋਰ ਵਧ ਜਾਣਗੀਆਂ। ਮਨ ਦਾ ਪੇਟ ਅਮੁੱਕ ਹੈ। ਇਹ ਕਦੇ  ਭਰਦਾ ਨਹੀਂ। ਇਨਸਾਨ ਮੁੱਕ ਜਾਂਦਾ ਹੈ ਪਰ ਮਨ ਕਦੇ ਭਰਦਾ ਨਹੀਂ। ਕਹਿੰਦੇ ਹਨ ਕਿ ਭੋਗਣ ਨਾਲ ਭੋਗ ਦੀ ਇੱਛਾ ਕਦੇ ਮੁੱਕਦੀ ਨਹੀਂ ਹੈ।
ਫੇਰ ਸੁਆਲ ਪੈਦਾ ਹੁੰਦਾ ਹੈ ਕਿ ਇਨਸਾਨ ਕਰੇ ਤਾਂ ਕੀ ਕਰੇ?
ਖਾਹਸ਼ਾਂ ਨੂੰ ਨਾ ਪੂਰੀਆਂ ਕਰਕੇ ਮੁਕਾਇਆ ਜਾ ਸਕਦਾ ਹੈ ਨਾ ਮਾਰਕੇ। ਫੇਰ ਰਸਤਾ ਕੀ ਹੈ?
ਇੱਕ ਵਿਚਕਾਰਲਾ ਰਸਤਾ ਹੈ।
ਉਹ ਰਸਤਾ ਹੈ ਸੰਜਮ ਦਾ।  ਸੰਜਮ ਦਾ ਰਸਤਾ ਇਸ ਤਰਾਂ ਹੈ, ਜਿਵੇਂ ਭੁੱਖ ਰੱਖਕੇ ਖਾਣਾ ਹੋਵੇ। ਮਿਸਾਲ ਦੇ ਤੌਰ ਤੇ ਇਨਸਾਨ ਖਾਣਾ ਖਾਏ ਬਿਨਾਂ ਨਹੀਂ ਰਹਿ ਸਕਦਾ। ਜੇ ਕੋਈ ਇਹ ਠਾਣ ਲਏ ਕਿ ਖਾਣੇ ਦੀ ਭੁੱਖ ਨੂੰ ਮਾਰ ਹੀ ਦੇਣਾ ਹੈ, ਇਹ ਆਮ ਲੋਕਾਂ ਲਈ ਸੰਭਵ ਨਹੀਂ। ਕੁੱਝ ਸੂਫੀ ਫਕੀਰਾਂ ਅਤੇ ਯੋਗੀ ਲੋਕਾਂ ਦੀਆਂ ਅਜਿਹੀਆਂ ਕਹਾਣੀਆਂ ਮਿਲਦੀਆਂ ਹਨ, ਜਿਨ੍ਹਾਂ ਨੇ ਭੁੱਖ ਤੇ ਵੀ ਲੱਗਭੱਗ ਪੂਰਨ ਕਾਬੂ ਪਾ ਲਿਆ ਸੀ ਜਾਂ ਇਸ ਨੂੰ ਬਹੁਤ ਹੀ ਥੋੜ੍ਹੀ ਕਰ ਦਿਤਾ ਸੀ। ਪਰ ਇਹ ਨਿਯਮ ਹਰ ਇਨਸਾਨ ਵਾਸਤੇ ਨਹੀਂ ਹੈ। ਇਨਸਾਨ ਖਾਣਾ ਖਾਏ ਬਗੈਰ ਨਹੀਂ ਰਹਿ ਸਕਦਾ।  ਇਸ ਕਰਕੇ ਭੁੱਖੇ ਰਹਿਣਾ ਕੋਈ ਰਸਤਾ ਨਹੀਂ ਹੈ। ਪਰ ਦੂਜੇ ਪਾਸੇ ਬੁਰੀ ਤਰਾਂ ਪੇਟ ਭਰਕੇ ਖਾਣਾ ਵੀ ਕੋਈ ਰਸਤਾ ਨਹੀਂ ਹੈ। ਇਹ ਆਮ ਹੀ ਹੁੰਦਾ ਹੈ ਕਿ ਇਨਸਾਨ ਨੂੰ ਜਦੋਂ ਭੁੱਖ ਲੱਗਦੀ ਹੈ ਤਾਂ ਉਹ ਖਾਈ ਜਾਂਦਾ ਹੈ। ਫੇਰ ਐਨਾ ਜ਼ਿਆਦਾ ਖਾ ਲੈਂਦਾ ਹੈ ਕਿ ਪਛਤਾਉਂਦਾ ਹੈ। ਆਧੁਨਿਕ ਸਮਾਜ ਵਿਚ ਜ਼ਿਆਦਾਤਰ ਬਿਮਾਰੀਆਂ ਜ਼ਿਆਦਾ ਖਾਣੇ  ਅਤੇ ਜ਼ਿਆਦਾ ਭੋਗ ਨੇ ਪੈਦਾ ਕੀਤੀਆਂ ਹੋਈਆਂ ਹਨ। ਇਸ ਕਰਕੇ ਸਾਰੇ ਸਿਆਣੇ ਲੋਕ ਇਹ ਰਾਏ ਦਿੰਦੇ ਹਨ ਕਿ ਹਮੇਸ਼ਾ ਭੁੱਖ ਰੱਖਦੇ ਖਾਣਾ ਚਾਹੀਦਾ ਹੈ। ਜਿਸਦਾ ਮਤਬਲ ਹੈ ਕਿ ਭੁੱਖ ਨੂੰ ਮਾਰਨਾ ਵੀ ਨਹੀਂ ਹੈ ਅਤੇ ਉਸ ਨੂੰ ਪੂਰੀ ਤਰਾਂ ਮਿਟਾਉਣ ਦੀ ਅੰਨੀ ਦੌੜ ਵਿਚ ਵੀ ਨਹੀਂ ਪੈਣਾ। ਓਨੀ  ਕੁ ਭੁੱਖ ਕਾਇਮ ਰਹਿਣ ਦੇਣੀ ਹੈ, ਜਿੰਨੀ ਕੁ ਸਹਿਣਯੋਗ ਹੋਵੇ। ਇਹ ਪਹੁੰਚ ਖਾਣੇ ਤੋਂ ਲੈ ਕੇ ਸੈਕਸ ਤੱਕ, ਜ਼ਿੰਦਗੀ ਦੇ ਹਰ ਪਹਿਲੂ ਤੇ ਲਾਗੂ ਹੁੰਦੀ ਹੈ।
ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਮਨ ਵਿਚ ਸੰਜਮ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਉਨਾਂ ਦੀ ਹਾਲਤ ਬਹੁਤ ਤਰਸਯੋਗ ਹੋ ਜਾਂਦੀ ਹੈ। ਉਨਾਂ ਦੀ ਹਾਲਤ ਨਸ਼ੇੜੀਆਂ ਅਤੇ ਅਮਲੀਆਂ ਤੋਂ ਵੀ ਬਦਤਰ ਹੁੰਦੀ ਹੈ। ਫਰਕ ਸਿਰਫ ਇਹ ਹੈ ਕਿ ਉਹ ਹੈਰੋਇਨ, ਅਫੀਮ, ਸ਼ਰਾਬ ਜਾਂ ਤੰਬਾਕੂ ਦੇ ਅਡਿਕਟ ਨਹੀਂ ਹੁੰਦੇ, ਇਸ ਕਰਕੇ ਅਸੀਂ ਉਨ੍ਹਾਂ ਨੂੰ ਨਸ਼ੇੜੀ ਨਹੀਂ ਕਹਿੰਦੇ। ਉਂਝ ਹੁੰਦੇ ਉਹ ਵੀ ਅਡਿਕਟ ਹੀ ਹਨ।
ਮਿਸਾਲ ਦੇ ਤੌਰ ਤੇ ਜਿਹੜੇ ਲੋਕ ਸੈਕਸ ਨਾਲ ਜੁੜੀਆਂ ਖਾਹਸ਼ਾਂ, ਸੁਪਨਿਆਂ ਅਤੇ ਫੈਂਟਸੀਜ਼ ਨੂੰ ਪੂਰਾ ਕਰਨ ਦੀ ਦੌੜ ਵਿਚ ਪਏ ਹੋਏ ਹਨ, ਉਹ ਸਭ ਤੋਂ ਵੱਡੇ ਅਡਿਕਟ ਹਨ। ਉਹ ਕਿੰਨੇ ਵੀ ਤਜ਼ਰਬੇ ਕਰਦੇ ਜਾਣ, ਉਨ੍ਹਾਂ ਦੀ ਕਦੇ ਤ੍ਰਿਪਤੀ ਨਹੀਂ ਹੋਏਗੀ। ਉਹ ਸਿਰਫ ਰੋਗੀ ਹੋਣ ਤੋਂ ਬਾਅਦ ਇਸ ਤੋਂ ਮੁਕਤ ਹੋ ਸਕਦੇ ਹਨ। ਅਜਿਹੇ ਲੋਕ ਦੁਨੀਆ ਵਿਚ ਮੌਜੂਦ ਹਰ ਅਕਾਰ, ਹਰ ਰੰਗ, ਹਰ ਸੁਗੰਧ, ਹਰ ਭਾਸ਼ਾ, ਹਰ ਕਲਚਰ, ਹਰ ਨਸਲ, ਹਰ ਮਨ, ਹਰ ਦਿਮਾਗ ਨਾਲ ਤਜ਼ਰਬਾ ਕਰਨਾ ਚਾਹੁੰਦੇ ਹਨ। ਪਰਮਾਤਮਾ ਨੇ ਕਿਉਂਕਿ ਦੁਨੀਆ ਵਿਚ ਹਰ ਇਨਸਾਨ ਹੀ ਵੱਖਰਾ ਬਣਾਇਆ ਹੈ ਇਸ ਕਰਕੇ ਧਰਤੀ ਤੇ ਮੌਜੂਦ ਸਾਰੀਆਂ ਔਰਤਾਂ ਜਾਂ ਸਾਰੇ ਮਰਦ ਭੋਗਣ ਤੋਂ ਬਾਅਦ ਵੀ ਉਨਾਂ ਦੀ ਦੌੜ ਮੁੱਕ ਨਹੀਂ ਸਕੇਗੀ।  ਭਰਥਰੀ ਹਰੀ ਕਹਿੰਦੇ ਹਨ ਕਿ ਇਨਸਾਨ ਭੋਗਾਂ ਨੂੰ ਭੋਗਦਾ ਭੋਗਦਾ ਖੁਦ ਭੁਗਤਿਆ ਜਾਂਦਾ ਹੈ। ਇਨਸਾਨ ਨੂੰ ਲੱਗਦਾ ਹੈ ਕਿ ਉਹ ਭੋਗਾਂ ਨੂੰ ਭੋਗ ਰਿਹਾ ਹੈ ਪਰ ਅਸਲ ਵਿਚ ਭੋਗ ਉਸ ਨੂੰ ਭੋਗ ਜਾਂਦੇ ਹਨ। ਅਜਿਹੀ ਦੌੜ ਵਿਚ ਪਏ ਲੋਕਾਂ ਦਾ ਅਕਸਰ ਬਹੁਤ ਭਿਆਨਕ ਅੰਤ ਹੁੰਦਾ ਹੈ।
ਇਸ ਦੌੜ ਵਿਚ ਇਨਸਾਨ ਐਨਾ ਕਮਜ਼ੋਰ ਹੋ ਜਾਂਦਾ ਹੈ ਕਿ ਸੈਕਸ ਤਾਂ ਦੂਰ ਦੀ ਗੱਲ, ਚਾਹ ਪੀਣ ਦੀ ਖਾਹਸ਼ ਤੇ ਕਾਬੂ ਪਾਉਣਾ ਵੀ ਇਨਸਾਨ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ।
ਇਸ ਤਰਾਂ ਦੀ ਬੇਵਸੀ ਵਿਚੋਂ ਨਿਕਲਣ  ਵਾਸਤੇ ਗੁਰੁ ਲੋਕਾਂ ਨੇ ਕੁੱਝ ਵਿਧੀਆਂ ਬਣਾਈਆਂ ਹੋਈਆਂ ਹਨ। ਮਿਸਾਲ ਦੇ ਤੌਰ ਤੇ ਰੋਜ਼ੇ ਅਤੇ ਵਰਤ ਅਜਿਹੀਆਂ ਵਿਧੀਆਂ ਹਨ, ਜਿਨਾਂ ਰਾਹੀਂ ਅਸੀਂ ਮਨ ਦੀ ਇਸ ਕਮਜ਼ੋਰੀ ਤੇ ਕਾਬੂ ਪਾਉਣ ਦਾ ਅਭਿਆਸ ਕਰਦੇ ਹਾਂ। ਆਮ ਹਾਲਤਾਂ ਵਿਚ ਸਾਨੂੰ ਲੱਗਦਾ ਹੈ ਕਿ ਅਸੀਂ ਜੇ ਇੱਕ ਡੰਗ ਦਾ ਖਾਣਾ ਵੀ ਨਹੀਂ ਖਾਧਾ ਤਾਂ ਸ਼ਾਇਦ ਸਾਡੀ ਜਾਨ ਹੀ ਨਿਕਲ ਜਾਵੇਗੀ। ਪਰ ਜਦੋਂ ਅਸੀਂ ਵਿਧੀਪੂਰਵਕ ਵਰਤ ਜਾਂ ਰੋਜ਼ੇ ਰੱਖਦੇ ਹਾਂ ਤਾਂ ਇਹ ਦੇਖਦੇ ਹਾਂ ਕਿ ਇਹ ਅਸਲ ਵਿਚ ਸਾਡੇ ਮਨ ਦਾ ਡਰ ਸੀ। ਮੈਂ ਖੁਦ ਇਸ ਦਾ ਅਨੁਭਵ ਕੀਤਾ। ਪਰ ਆਮ ਕਰਕੇ ਅਸੀਂ ਰੋਜ਼ਿਆਂ ਜਾਂ ਵਰਤਾਂ ਨੂੰ ਇਕ ਰਸਮ ਬਣਾ ਲਿਆ ਹੈ। ਮਿਸਾਲ ਦੇ ਤੌਰ ਤੇ ਬਹੁਤ ਸਾਰੇ ਮੁਸਲਮਾਨ ਲੋਕ ਇਹ ਕਰਦੇ ਦੇਖੇ ਜਾਂਦੇ ਹਨ ਕਿ ਉਹ ਰੋਜ਼ਿਆਂ ਦੇ ਦਿਨਾਂ ਵਿਚ ਭੁੱਖੇ ਰਹਿਣ ਤੋਂ ਡਰਦੇ ਦਿਨ ਨੂੰ ਸੌਣਾ ਅਤੇ ਰਾਤ ਨੂੰ ਜਾਗਣਾ ਸ਼ੁਰੁ ਕਰ ਦਿੰਦੇ ਹਨ। ਉਹ ਸਾਰੀ ਰਾਤ ਖੂਬ ਖਾਂਦੇ ਹਨ ਅਤੇ ਸਵੇਰ ਦੀ ਨਮਾਜ਼ ਪੜ੍ਹਕੇ ਸੌਂ ਜਾਂਦੇ ਹੈ। ਉੁਹ ਆਪਣੇ ਮਨ ਨੂੰ ਇਹ ਤਸੱਲੀ ਦੇ ਲੈਂਦੇ ਹਨ ਕਿ ਉਨਾਂ ਨੇ ਰੋਜ਼ੇ ਰੱਖ ਲਏ ਹਨ। ਜਿਵੇਂ ਰੋਜ਼ੇ ਰੱਖਕੇ ਉਹ ਰੱਬ ਤੇ ਕੋਈ ਅਹਿਸਾਨ ਕਰ ਰਹੇ ਹੋਣ। ਇਸੇ ਤਰਾਂ ਅਸੀਂ ਆਪਣੇ ਸਮਾਜ ਵਿਚ ਔਰਤਾਂ ਨੂੰ ਵਰਤ ਰੱਖਦੇ ਹੋਏ ਦੇਖਦੇ ਹਾਂ, ਜਿਹੜੀਆਂ ਵਰਤਾਂ ਦੇ ਦਿਨਾਂ ਵਿਚ ਅਸਲ ਵਿਚ ਜ਼ਿਆਦਾ ਖਾ ਜਾਂਦੀਆਂ ਹਨ।
ਜ਼ਰੂਰਤ ਇਸ ਗੱਲ ਦੀ ਹੁੰਦੀ ਹੈ ਕਿ ਅਜਿਹੀਆਂ ਵਿਧੀਆਂ ਨੂੰ ਮਨ ਤੇ ਹੌਲੀ ਹੌਲੀ ਕਾਬੂ ਪਾਉਣ, ਉਸ ਨੂੰ ਮਜ਼ਬੂਤ ਕਰਨ ਵਾਸਤੇ ਵਰਤਿਆ ਜਾਵੇ। ਵਰਤ ਸਿਰਫ ਖਾਣੇ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਮਨ ਨੂੰ ਹਰ ਤਰਾਂ ਦੀ ਕਮਜ਼ੋਰੀ ਵਿਚੋਂ ਕੱਢਣ ਲਈ ਵਰਤ ਰੱਖਣ ਦੀ ਲੋੜ ਪੈਂਦੀ ਹੈ। ਮਿਸਾਲ ਦੇ ਤੌਰ ਤੇ ਜੇ ਚਾਹ ਦੀ ਆਦਤ ਹੈ ਤਾਂ ਛੇ ਮਹੀਨੇ ਬਾਅਦ ਇਹ ਤਜ਼ਰਬਾ ਕੀਤਾ ਜਾ ਸਕਦਾ ਹੈ ਕਿ ਇਕ ਹਫਤਾ ਚਾਹ ਨਹੀਂ ਪੀਣੀ। ਜੇ ਸਿਗਰਟ ਦੀ ਆਦਤ ਹੈ ਤਾਂ ਹਫਤੇ ਵਿਚ ਇਕ ਦਿਨ ਸਿਗਰਟ ਨਾ ਪੀਣ ਅਭਿਆਸ ਕੀਤਾ ਜਾਵੇ। ਜੇ ਸ਼ਰਾਬ ਪੀਣ ਦੀ ਆਦਤ ਹੈ ਤਾਂ ਹਫਤੇ ਵਿਚ ਇਕ ਦਿਨ ਸ਼ਰਾਬ ਨਾ ਪੀਣ ਦਾ ਪ੍ਰਯੋਗ ਕੀਤਾ ਜਾਵੇ। ਜੇ ਸੈਕਸ ਦੀ ਨੌਰਮਲ ਨਾਲੋਂ ਜ਼ਿਆਦਾ ਆਦਤ ਪੈ ਗਈ ਹੈ ਤਾਂ ਪਹਿਲਾਂ ਮਹੀਨਾ, ਫੇਰ ਕਦੇ ਦੋ ਮਹੀਨੇ ਅਤੇ ਫੇਰ ਇਸ ਤੋਂ ਵੀ ਜ਼ਿਆਦਾ ਇਸ ਤੋਂ ਛੁੱਟੀ ਕਰਨ ਦੇ ਪ੍ਰਯੋਗ ਕੀਤੇ ਜਾਣ। ਕਹਿਣ ਦਾ ਮਤਲਬ ਹੈ ਕਿ ਮਨ ਜਿਸ ਵੀ ਚੀਜ਼ ਦਾ ਆਦੀ ਹੋ ਰਿਹਾ ਹੈ, ਜਿਸ ਵੀ ਆਦਤ ਦਾ ਗੁਲਾਮ ਹੋ ਰਿਹਾ ਹੈ, ਉਸ ਤੋਂ ਨਿਕਲਣ ਲਈ ਨਿਰੰਤਰ ਕੋਸ਼ਿਸ਼ ਕਰਨੀ ਪਵੇਗੀ। ਇਸ ਨਾਲ ਸੰਜਮ ਪੈਦਾ ਹੁੰਦਾ ਹੈ।
ਹੁਣ ਜਿਸ ਇਨਸਾਨ ਅੰਦਰ ਸੰਜਮ ਦਾ ਬੀਜ ਬੀਜਿਆ ਗਿਆ, ਉਹ ਉਥੇ ਰੁਕੇਗਾ ਨਹੀਂ। ਸੰਜਮ ਦਾ ਇਹ ਨਿਯਮ ਹੈ ਕਿ ਇਹ ਲਗਾਤਾਰ ਵਧਦਾ ਜਾਂਦਾ ਹੈ। ਹੌਲੀ ਹੌਲੀ ਇਸ ਸਟੇਜ ਤੇ ਵੀ ਲੈ ਜਾਂਦਾ ਹੈ ਕਿ ਇਨਸਾਨ ਨੂੰ ਪੂਰਨ ਤਿਆਗ ਤੋਂ ਵੀ ਡਰ ਨਹੀਂ ਲੱਗਦਾ। ਸੰਜਮੀ ਮਨ ਹੀ ਆਤਮਿਕ ਵਿਕਾਸ, ਸਦੀਵੀ ਖੁਸ਼ੀ, ਪੂਰਨ ਸ਼ਾਂਤੀ ਅਤੇ ਤ੍ਰਿਪਤੀ ਦੀ ਪਹਿਲੀ ਪੌੜੀ ਚੜ੍ਹ ਸਕਦਾ ਹੈ।
ਖਾਹਸ਼ਾਂ ਦਾ ਗੁਲਾਮ ਅਤੇ ਉਨਾਂ ਦੇ ਪਿੱਛੇ ਦੌੜਨ ਵਾਲਾ ਇਨਸਾਨ ਕਿਤੇ ਨਹੀਂ ਪਹੁੰਚਦਾ। ਜੀਵਨ ਦਾ ਇਹ ਨੇਮ ਹੈ ਕਿ ਸਾਨੂੰ ਆਪਣੇ ਲਈ ਕੋਈ ਇੱਕ ਰਸਤਾ, ਇਕ ਬਿੰਦੂ ਚੁਣਨਾ ਪੈਂਦਾ ਹੈ, ਜਿਸ ਤੇ ਅਸੀਂ ਫੋਕਸ ਕਰਦੇ ਹਾਂ। ਕਿਸੇ ਇਕ ਮਾਰਗ, ਇਕ ਬਿੰਦੂ ਤੇ ਧਿਆਨ ਲਗਾਕੇ ਹੀ ਇਨਸਾਨ ਕਿਤੇ ਪਹੁੰਚ ਸਕਦਾ ਹੈ। ਜਿਵੇਂ ਜ਼ਿੰਦਗੀ ਵਿਚ ਕੋਈ ਇਨਸਾਨ ਸਾਰੇ ਕੰਮ ਨਹੀਂ ਕਰ ਸਕਦਾ। ਉਸ ਨੂੰ ਕੋਈ ਇਕ ਪ੍ਰੋਫੈਸ਼ਨ ਚੁਣਨਾ ਪੈਂਦਾ ਹੈ। ਸਾਰੀਆਂ ਖੇਡਾਂ ਨਹੀਂ ਖੇਡ ਸਕਦਾ, ਕੋਈ ਇਕ ਖੇਡ ਚੁਣਨੀ ਪੈਂਦੀ ਹੈ, ਸਾਰੀਆਂ ਕਲਾਵਾਂ ਨਹੀਂ ਸਿੱਖ ਸਕਦਾ, ਕੋਈ ਇਕ ਕਲਾ ਸਿੱਖਣੀ ਪੈਂਦੀ ਹੈ, ਸਾਰੇ ਮਰਦਾਂ ਜਾਂ ਔਰਤਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ, ਕਿਸੇ ਇੱਕ ਤੇ ਟਿਕਣਾ ਪੈਂਦਾ ਹੈ, ਉਵੇਂ ਹੀ ਸਾਰੇ ਗੁਰੂਆਂ ਪਿੱਛੇ ਅਸੀਂ ਨਹੀਂ ਲੱਗ ਸਕਦੇ, ਕੋਈ ਇੱਕ ਚੁਣਨਾ ਪੈਂਦਾ ਹੈ। ਕਿਸੇ ਇਕ ਦੀ ਇਹ ਚੋਣ ਮੁਸ਼ਕਲ ਹੋ ਸਕਦੀ ਹੈ। ਪਰ ਇਸ ਤੋਂ ਬਗੈਰ ਕੋਈ ਰਸਤਾ ਨਹੀਂ ਹੈ। ਪਹੁੰਚਦਾ ਉਹੀ ਹੈ, ਜੋ ਕਿਸੇ ਇੱਕ ਦੀ ਚੋਣ ਕਰਦਾ ਹੈ। ਇਸ ਇੱਕ ਦੀ ਬੜੀ ਮਹਿਮਾ ਹੈ। ਇਹੀ ਸੰਜਮ ਹੈ। ਇਹ ਸੰਜਮ ਕਿਸੇ ਕਮਜ਼ੋਰ ਮਨ ਦੇ ਅੰਦਰ ਪੈਦਾ ਨਹੀਂ ਹੋ ਸਕਦਾ।
ਮਨ ਦੇ ਅਜਿਹੇ ਸੁਆਲਾਂ , ਅਜਿਹੇ ਅਨੁਭਵਾਂ, ਅਜਿਹੀਆਂ ਪੀੜਾਂ ਨਾਲ ਜੂਝਦਿਆਂ ਹੀ ਇਹ ਕਵਿਤਾ ਕੁੱਝ ਸਮਾਂ ਪਹਿਲਾਂ ਲਿਖੀ ਸੀ:

ਊਣਾ ਮਨ

ਮਨ ਵੀ ਕੈਸਾ ਖੂਹ ਹੈ
ਜਿੰਨਾ ਭਰਾਂ ਓਨਾ
ਹੋਰ ਖਾਲੀ ਹੁੰਦਾ ਹੈ
ਨਾ ਇਹ ਚੀਜ਼ਾਂ ਨਾਲ ਭਰਦਾ
ਨਾ ਖਾਹਸ਼ਾਂ ਨਾਲ
ਇਸ ਨੂੰ ਭਰੇ ਬਗੈਰ
ਕਿਵੇਂ ਆਵਾਂ ਤੇਰੇ ਕੋਲ

ਕੀ ਇਸ ਨੂੰ ਲੰਘ ਆਵਾਂ
ਟੱਪ ਆਵਾਂ
ਕੀ ਇਸ ਨੂੰ ਰਹਿਣ ਦੇਵਾਂ
ਇਵੇਂ ਹੀ
ਖਾਲੀ ਖਾਲੀ

ਮੇਰੇ ਊਣੇ ਮਨ ਨਾਲ ਮੈਨੂੰ
ਕੀ ਤੂੰ ਕਬੂਲ ਕਰ ਲਵੇਂਗਾ

ਇਹ ਅਜਿਹੇ ਸਾਧਕ ਦੇ ਮਨ ਦਾ ਸੰਬੋਧਨ ਹੈ, ਜਿਹੜਾ ਅਜੇ ਖਾਹਸ਼ਾਂ ਦੀ ਪੀੜ ਤੋਂ ਮੁਕਤ ਨਹੀਂ ਹੋਇਆ। ਉਹ ਇਸ ਪੀੜ ਤੋਂ ਮੁਕਤ ਹੋਣ ਲਈ ਬਿਹਬਲ ਹੈ। ਖਾਹਸ਼ਾਂ ਦੀ ਅਜਿਹੀ ਪੀੜ ਤੋਂ ਇਨਸਾਨ ਨੂੰ ਛੁਟਕਾਰਾ ਉਦੋਂ ਮਿਲਦਾ ਹੈ, ਜਦੋਂ ਇਹ ਉਸ ਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਹਨ। ਜਿਵੇਂ ਵੱਡੇ ਹੋਕੇ ਸਾਨੂੰ ਲੌਲੀਪੌਪ ਖਿੱਚ ਨਹੀਂ ਪਾਉਂਦਾ। ਅਸੀਂ ਖਾਹਸ਼ਾਂ ਤੋਂ ਵੀ ਵੱਡੇ ਹੀ ਹੁੰਦੇ ਹਾਂ। ਪਹਿਲੇ ਦੋ ਪੈਰੇ ਇਸ ਕਸ਼ਮਕਸ਼ ਦਾ ਬਿਆਨ ਹੈ।
ਆਖਰੀ ਦੋ ਲਾਈਨਾਂ ਉਸ ਅਵਸਥਾ ਦਾ ਬਿਆਨ ਹੈ, ਜਦੋਂ ਬਿਹਬਲ ਅਤੇ ਬੇਚੈਨ ਇਨਸਾਨ ਪੂਰਨ ਤੌਰ ਤੇ ਆਤਮ ਸਪਰਪਣ ਕਰਦਾ ਹੈ। ਮੈਂ ਇਹ ਅਨੁਭਵ ਕੀਤਾ ਹੈ ਕਿ ਆਤਮ ਸਪਰਪਣ ਇਨਸਾਨ ਦੇ ਅੰਦਰ ਇਕ ਕਰਾਂਤੀ ਲਿਆਉਂਦਾ ਹੈ। ਸਪਰਪਣ ਕਰਨ ਵਾਲੇ ਕਬੂਲ ਹੀ ਨਹੀਂ ਹੁੰਦੇ ਬਲਕਿ ਪੂਰਨ ਵੀ ਹੁੰਦੇ ਹਨ। ਸਪਰਪਣ ਦਾ ਅਸਰ ਚਮਤਕਾਰੀ ਹੈ।  ਅਸੀਂ ਐਵੇਂ ਇਸ ਤੋਂ ਡਰਦੇ ਹਾਂ।
ਸ਼ਮੀਲ

ਆਪਣੇ ਮਨ ਨਾਲ ਕੁੱਝ ਗੱਲਾਂ

ਮੈਂ ਇਕ ਵਾਰ ਕਿਸੇ ਫਕੀਰ ਨੂੰ ਸੁਆਲ ਕੀਤਾ ਕਿ ਰੱਬ ਇਨਸਾਨ ਨੂੰ ਕਦੋਂ ਮਿਲਦਾ ਹੈ।
” ਜਦੋਂ ਰੱਬ ਨੂੰ ਇਹ ਯਕੀਨ ਉਹ ਜਾਵੇ ਕਿ ਇਨਸਾਨ ਸੱਚਮੁੱਚ ਉਸ ਨੂੰ ਚਾਹੁੰਦਾ ਹੈ ਅਤੇ ਸਿਰਫ ਤੇ ਸਿਰਫ ਉਸ ਨੂੰ ਹੀ ਚਾਹੁੰਦਾ ਹੈ” ਉਨਾਂ ਸਹਿਜ ਭਾਅ ਜਵਾਬ ਦਿੱਤਾ।
ਉਨ੍ਹਾਂ ਦੇ ਜੁਆਬ ਦੇ ਪੂਰੇ ਅਰਥ ਸਮਝਣ ਲਈ ਮੈਨੂੰ ਬਹੁਤ ਸਮਾਂ ਲੱਗ ਗਿਆ। ਇਹ ਗੱਲ ਸਿਰਫ ਰੱਬ ਤੇ ਹੀ ਨਹੀਂ ਜ਼ਿੰਦਗੀ ਵਿਚ ਸਾਡੀ ਹਰ ਚਾਹ ਤੇ ਲਾਗੂ ਹੁੰਦੀ ਹੈ। ਆਮ ਕਰਕੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਜ਼ਿੰਦਗੀ ਵਿਚ ਅਸਲ ਵਿਚ ਕੀ ਚਾਹੁੰਦੇ ਹਨ। ਇਸ ਕਰਕੇ ਅਸੀਂ ਬਹੁਤ ਕੁੱਝ ਚਾਹੁੰਦੇ ਹਾਂ। ਥੋੜ੍ਹਾ ਥੋੜ੍ਹਾ ਬਹੁਤ ਕੁੱਝ ਚਾਹੁੰਦੇ ਹਾਂ। ਪੂਰੀ ਤਰਾਂ, ਆਪਣੇ ਪੂਰੇ ਵਜੂਦ ਨਾਲ, ਆਪਣੀ ਹੋਂਦ ਦੀ ਪੂਰੀ ਇਕਾਗਰਤਾ ਨਾਲ ਕੁੱਝ ਵੀ ਨਹੀਂ ਚਾਹੁੰਦੇ। ਬੰਦੇ ਦੀ ਹਾਲਤ ਇਹ ਹੈ ਕਿ ਉਹ ਰੱਬ ਬਾਰੇ ਵੀ ਇਹ ਹੀ ਸੋਚਦਾ ਹੈ ਕਿ ਉਹ ਉਸਨੂੰ ਬੋਨਸ ਵਿਚ ਹੀ ਮਿਲ ਜਾਵੇ। ਕੁੱਝ ਵੀ ਪ੍ਰਾਪਤ ਕਰਨ ਲਈ ਬਹੁਤ ਕੁੱਝ ਛੱਡਣਾ ਪੈਂਦਾ ਹੈ। ਕੋਈ ਕੀਮਤ ਅਦਾ ਕਰਨੀ ਪੈਂਦੀ ਹੈ। ਉਸ ਲਈ ਇਨਸਾਨ ਤਿਆਰ ਨਹੀਂ ਹੁੰਦਾ। ਇਹ ਇਨਸਾਨੀ ਮਨ ਦਾ ਇਹ ਬਹੁਤ ਵੱਡਾ ਦਵੰਦ ਹੈ। ਇਸ ਕਰਕੇ ਅਸੀਂ ਜ਼ਿਆਦਾਤਰ ਅੱਧੇ ਅਧੂਰੇ ਜਿਊਂਦੇ ਹਾਂ। ਫਕੀਰ ਲੋਕਾਂ ਦੀਆਂ ਕਹਾਣੀਆਂ ਵਿਚ ਅਕਸਰ ਅਜਿਹੇ ਹਵਾਲੇ ਮਿਲਦੇ ਹਨ ਕਿ ਕਿਸੇ ਫਕੀਰ ਨੇ ਆਪਣੇ ਚਾਹੁਣ ਵਾਲੇ ਨੂੰ ਕਿਹਾ ਕਿ ਜੇ ਮੈਨੂੰ ਮਿਲਣਾ ਹੈ ਤਾਂ ਆਪਣੇ ਘਰ ਨੂੰ ਅੱਗ ਲਾਕੇ ਆ। ਇਹ ਪ੍ਰਤੀਕਾਤਮਕ ਕਹਾਣੀਆਂ ਹਨ। ਇਨਾਂ ਦਾ ਮਤਲਬ ਹੈ ਕਿ ਕੁੱਝ ਪ੍ਰਾਪਤ ਕਰਨ ਲਈ ਤੜਫ ਅਤੇ ਪਿਆਸ ਦਾ ਇੱਕ ਘੱਟੋ ਘੱਟ ਸਤਰ ਦਰਕਾਰ ਹੈ। ਫਕੀਰੀ ਅਤੇ ਮੁਹੱਬਤ ਦੇ ਰਸਤੇ ਦਾ ਇਹ ਘੱਟੋ ਘੱਟ ਸਤਰ ਹੈ ਕਿ ਜਦੋਂ ਕਿਸੇ ਵੀ ਕੀਮਤ ਤੇ ਕੁੱਝ ਪ੍ਰਾਪਤ ਕਰਨ ਦੀ ਚਾਹ ਰੱਖਦੇ ਹੋ, ਉਦੋਂ ਹੀ ਤੁਹਾਨੂੰ ਸਭ ਕੁੱਝ ਮਿਲਦਾ ਹੈ। ਕਿਸੇ ਸੰਤ ਨੇ ਕਿਹਾ ਹੈ ਕਿ ਅਰਦਾਸ ਹਮੇਸ਼ਾ ਪੂਰੀ ਹੁੰਦੀ ਹੈ ਪਰ ਮੁਸ਼ਕਲ ਹੈ ਕਿ ਅਰਦਾਸ ਸਾਥੋਂ ਜ਼ਿੰਦਗੀ ਵਿਚ ਬਹੁਤ ਘੱਟ ਮੌਕਿਆਂ ਤੇ ਹੁੰਦੀ ਹੈ। ਅਸਲ ਵਿਚ ਸਾਥੋਂ ਅਰਦਾਸ ਹੁੰਦੀ ਨਹੀਂ ਹੈ। ਇਕ ਕਹਾਣੀ ਹੈ ਕਿ ਇਕ ਇਲਾਕੇ ਵਿਚ ਬਹੁਤ ਲੰਬਾ ਸੋਕਾ ਪੈ ਗਿਆ। ਕਈ ਸਾਲ ਮੀਂਹ ਨਹੀਂ ਪਿਆ। ਬਹੁਤ ਬੁਰੀ ਹਾਲਤ ਹੋ ਗਈ। ਕਿਸੇ ਸਿਆਣੇ ਨੇ ਸਲਾਹ ਦਿਤੀ ਉਸ ਨੂੰ ਇਹ ਸੰਦੇਸ਼ ਮਿਲਿਆ ਹੈ ਕਿ ਪਿੰਡ ਦੇ ਬਾਹਰਵਾਰ ਕਿਸੇ ਫਕੀਰ ਦੀ ਮਜ਼ਾਰ ਹੈ। ਉਥੇ ਜਾਕੇ ਜੇ ਸਾਰਾ ਪਿੰਡ ਅਰਦਾਸ ਕਰੇ ਤਾਂ ਹਰ ਹਾਲਤ ਵਿਚ ਮੀਂਹ ਪਵੇਗਾ। ਸਾਰਾ ਪਿੰਡ ਦੱਸੇ ਸਮੇਂ ਤੇ ਉਸ ਮਜ਼ਾਰ ਤੇ ਇਕੱਠਾ ਹੋ ਗਿਆ ਅਤੇ ਰੱਬ ਅੱਗੇ ਅਰਦਾਸ ਕਰਨ ਲੱਗਾ। ਅਜੇ ਲੋਕ ਅਰਦਾਸ ਲਈ ਖੜ੍ਹੇ ਹੀ ਹੋਏ ਸਨ ਕਿ ਕੋਈ ਰਾਹ ਜਾਂਦਾ ਫਕੀਰ ਉਨ੍ਹਾਂ ਕੋਲ ਆਕੇ ਰੁਕ ਗਿਆ। ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ। ਲੋਕਾਂ ਨੇ ਸਾਰੀ ਕਹਾਣੀ ਦੱਸੀ ਕਿ ਇਸ ਤਰਾਂ ਮੀਂਹ ਖਾਤਰ ਰੱਬ ਅੱਗੇ ਅਰਦਾਸ ਕਰ ਰਹੇ ਹਾਂ। ਫਕੀਰ ਨੇ ਉਨਾਂ ਨੂੰ ਸੁਆਲ ਕੀਤਾ ਕਿ ਤੁਹਾਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਤੁਹਾਡੇ ਇਸ ਤਰਾਂ ਅਰਦਾਸ ਕਰਨ ਨਾਲ ਮੀਂਹ ਪੈ ਜਾਵੇਗਾ। ਲੋਕਾਂ ਨੇ ਜਵਾਬ ਦਿਤਾ ਕਿ ਸਾਨੂੰ ਇਸ ਤਰਾਂ ਕਿਹਾ ਗਿਆ ਹੈ। ਫਕੀਰ ਨੇ ਫੇਰ ਸੁਆਲ ਕੀਤਾ ਕਿ ਕੀ ਤੁਹਾਨੂੰ ਇਸ ਗੱਲ ਦਾ ਯਕੀਨ ਹੈ ਕਿ ਤੁਹਾਡੀ ਅਰਦਾਸ ਪਰਮਾਤਮਾ ਸੁਣ ਲਵੇਗਾ। ਲੋਕਾਂ ਨੇ ਜਵਾਬ ਦਿਤਾ ਕਿ ਹਾਂ, ਸਾਨੂੰ ਯਕੀਨ ਹੈ। ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਬੋਲਿਆ ਕਿ ਅੱਜ ਮੀਂਹ ਪੈਣਾ ਹੈ ਪਰ ਤੁਸੀਂ ਛਤਰੀਆਂ ਤਾਂ ਲੈਕੇ ਨਹੀਂ ਆਏ। ਫਕੀਰ ਦੇ ਇਹ ਕਹਿਣ ਦੀ ਦੇਰ ਸੀ ਕਿ ਸਾਰਾ ਪਿੰਡ ਛਤਰੀਆਂ ਲੈਣ ਲਈ ਪਿੰਡ ਵੱਲ ਦੌੜ ਪਿਆ।
ਇਹ ਵੀ ਪ੍ਰਤੀਕਾਤਮਕ ਕਹਾਣੀ ਹੈ। ਬੰਦੇ ਦੀ ਹਾਲਤ ਕੁੱਝ ਅਜਿਹੀ ਹੀ ਹੈ। ਨਾ ਸਾਨੂੰ ਆਪਣੀਆਂ ਅਰਦਾਸਾਂ ਤੇ ਯਕੀਨ ਹੁੰਦਾ ਹੈ ਅਤੇ ਨਾ ਹੀ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰਨ ਲਈ ਹੀ ਤਿਆਰ ਹਾਂ ਜਿਸ ਦੀ ਅਸੀਂ ਮੰਗ ਕਰ ਰਹੇ ਹਾਂ। ਇਹ ਸਿਰਫ ਰੂਹਾਨੀਅਤ ਦੀਆਂ ਗੱਲਾਂ ਨਹੀਂ ਬਲਕਿ ਸਾਡੀ ਸਮੁਚੀ ਜ਼ਿੰਦਗੀ ਤੇ ਇਹ ਲਾਗੂ ਹੁੰਦੀਆਂ ਹਨ। ਜ਼ਿੰਦਗੀ ਦੇ ਹਰ ਪਹਿਲੂ ਤੇ ਲਾਗੂ ਹੁੰਦੀਆਂ ਹਨ।
ਕਿਸੇ ਨੇ ਕਿਹਾ ਹੈ ਕਿ ਜੀਵਨ ਵਿਚ ਤੁਸੀਂ ਜੋ ਵੀ ਚੀਜ਼ ਪ੍ਰਾਪਤ ਕਰਨੀ ਚਾਹੁੰਦੇ ਹੋ, ਇੱਕ ਪੱਥਰ ਤੋਂ ਲੈ ਕੇ ਪਰਮਾਤਮਾ ਤੱਕ, ਹਰ ਚੀਜ਼ ਨੂੰ ਤੁਹਾਨੂੰ ਇਹ ਯਕੀਨ ਦੁਆਉਣਾ ਪਵੇਗਾ ਕਿ ਤੁਸੀਂ ਵਾਕਿਆ ਹੀ ਉਸ ਨੂੰ ਚਾਹੁੰਦੇ ਹੋ ਅਤੇ ਉਸ ਖਾਤਰ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹੋ। ਜੇ ਸਾਡੀ ਪਿਆਸ ਐਨੀ ਜ਼ਿਆਦਾ ਹੋਵੇ ਤਾਂ ਕੋਈ ਚਾਹ ਅਧੂਰੀ ਨਹੀਂ ਰਹਿੰਦੀ। ਜਦੋਂ ਸਾਡੇ ਸਰੀਰ ਦਾ ਰੋਮ ਰੋਮ, ਸਾਡੇ ਵਜੂਦ ਦਾ ਹਰ ਅੰਸ਼ ਇਕ ਸੁਰ ਵਿਚ ਬੋਲਦਾ ਹੈ, ਉਦੋਂ ਹੀ ਕੋਈ ਪ੍ਰਾਪਤੀ ਹੁੰਦੀ ਹੈ। ਉਦੋਂ ਕੁੱਝ ਵੀ ਅਸੰਭਵ ਨਹੀਂ ਹੁੰਦਾ।
ਗਾਲਿਬ ਦਾ ਇਹ ਸ਼ੇਅਰ ਬਹੁਤ ਮੌਕਿਆਂ ਤੇ ਸਾਹਮਣੇ ਆ ਜਾਂਦਾ ਹੈ:
ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ,
ਜੋ ਆਂਖ ਹੀ ਸੇ ਨਾ ਟਪਕਾ ਤੋ ਫਿਰ ਲਹੂ ਕਿਆ ਹੈ।
ਜੀਵਨ ਨੂੰ ਜਿਊਣ ਦਾ ਇਹ ਵੀ ਇਕ ਤਰੀਕਾ ਹੈ। ਤੜਫ ਦਾ ਇਹ ਸਤਰ ਹਰ ਕਿਸੇ ਨੂੰ ਹਾਸਲ ਨਹੀਂ ਹੁੰਦਾ। ਜੇ ਕਿਸੇ ਨੂੰ ਹਾਸਲ ਹੋ ਜਾਵੇ ਤਾਂ ਕਹਿੰਦੇ ਹਨ ਕਿ ਚਮਤਕਾਰ ਵਾਪਰਦੇ ਹਨ।
ਸ਼ਮੀਲ

ਵਰ ਦੇ ਦੇ ਮੇਰੇ ਵਿਜੋਗ ਨੂੰ ਰਿਲੀਜ਼

ਸ਼ਮੀਲ ਦੀਆਂ ਪ੍ਰਗੀਤਕ ਕਵਿਤਾਵਾਂ ਦੀ ਐਲਬਮ ' ਵਰ ਦੇ ਦੇ ਮੇਰੇ ਵਿਜੋਗ ਨੂੰ' ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਕ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪੰਜਾਬੀ ਹਾਇਕੂ ਫੋਰਮ ਦੇ ਸਹਿਯੋਗ ਨਾਲ ਪੰਜਾਬੀ ਹਾਇਕੂ ਕਾਨਫਰੰਸ ਕਰਵਾਈ ਗਈ। ਇਸ ਮੌਕੇ ਪੰਜਾਬੀ ਸਾਹਿਤ ਨਾਲ ਜੁੜੇ ਸਭ ਨਾਮਵਰ ਲੋਕ ਪਹੁੰਚੇ ਹੋਏ ਸਨ। ਇਸ ਐਲਬਮ ਨੂੰ ਯੂਨੀਸਟਾਰ ਬੁੱਕਸ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਸ਼ਮੀਲ ਦੀ ਗੈਰ ਹਾਜ਼ਰੀ ਵਿਚ ਯੂਨੀਸਟਾਰ ਬੁੱਕਸ ਦੇ ਮਾਲਕ ਹਰੀਸ਼ ਜੈਨ ਦੁਆਰਾ ਐਲਬਮ ਨੂੰ ਰਿਲੀਜ਼ ਕਰਵਾਉਣ ਦੀ ਰਸਮ ਕਰਵਾਈ ਗਈ। ਰਿਲੀਜ਼ ਸਮਾਗਮ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ, ਭਾਰਤੀ ਸਾਹਿਤ ਅਕਾਦਮੀ ਦੇ ਵਾਈਸ ਪ੍ਰੈਜ਼ੀਡੈਂਟ ਡਾ ਸੁਤਿੰਦਰ ਸਿੰਘ ਨੂਰ, ਪ੍ਰਮੁੱਖ ਪੰਜਾਬੀ ਸ਼ਾਇਰ ਸੁਰਜੀਤ ਪਾਤਰ, ਯੂਨੀਸਟਾਰ ਬੁਕਸ ਦੀ ਤਰਫੋਂ ਹਰੀਸ਼ ਜੈਨ, ਹਾਇਕੂ ਫੋਰਮ ਦੇ ਆਗੂ ਅਮਰਜੀਤ ਸਿੰਘ ਸਾਥੀ, ਹਾਇਕੂ ਲੇਖਕ ਜੌਹਨ ਬਰਾਂਡੀ ਅਤੇ ਨਾਮਵਰ ਪੰਜਾਬੀ ਅਲੋਚਕ ਡਾ ਰਜਿੰਦਰਪਾਲ ਸਿੰਘ ਬਰਾੜ ਸਟੇਜ ਤੇ ਮੌਜੂਦ ਸਨ। ਫੋਟੋ ਤੇ ਵੇਰਵਾ: ਅਜੇ ਸ਼ਰਮਾ

ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ

ਗੁਲਾਮ ਅਲੀ ਦੁਆਰਾ ਗਾਈ ਗਈ ਪੰਜਾਬੀ ਗਜ਼ਲ ‘ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ’ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਇਹ ਅਸਲ ਵਿਚ ਗਾਲਿਬ ਦੀ ਰਚਨਾ ਹੈ। ਗਾਲਿਬ ਦੀ ਮੂਲ ਰਚਨਾ ਫਾਰਸੀ ਵਿਚ ਸੀ ਅਤੇ ਸੂਫੀ ਤਬੱਸਮ ਦੁਆਰਾ ਉਸਦਾ ਪੰਜਾਬੀ ਅਨੁਵਾਦ ਕੀਤਾ ਗਿਆ। ਗੁਲਾਮ ਅਲੀ ਦੁਆਰਾ ਗਾਇਆ ਗਿਆ ਪੰਜਾਬੀ ਅਨੁਵਾਦ ਐਨਾ ਪੌਪੂਲਰ ਹੋਇਆ ਕਿ ਪੰਜਾਬੀ ਗਾਇਕੀ ਨੂੰ ਸੁਣਨ ਵਾਲਾ ਸ਼ਾਇਦ ਹੀ ਕੋਈ ਹੋਵੇ, ਜਿਸ ਨੂੰ ਇਸ ਗਜ਼ਲ ਬਾਰੇ ਨਾ ਪਤਾ ਹੋਵੇ। ਚਰਨ ਗਿੱਲ ਸਾਡੇ ਸੀਨੀਅਰ ਦੋਸਤ ਹਨ। ਗਿੱਲ ਸਾਹਬ ਪ੍ਰਗਤੀਵਾਦੀ ਸਿਆਸੀ ਖਿਆਲਾਂ ਨਾਲ ਤਾਂ ਜੁੜੇ ਹੀ ਹਨ, ਨਾਲੋ ਨਾਲ ਸਾਹਿਤ ਨਾਲ ਉਨਾਂ ਦਾ ਲਗਾਓ ਵੀ ਬੜਾ ਗਹਿਰਾ ਹੈ। ਬਹੁਤ ਘੱਟ ਲੋਕ ਹਨ,ਜਿਹੜੇ ਉਨਾਂ ਵਾਂਗ ਲਗਾਤਾਰ ਕੁੱਝ ਨਾ ਕੁੱਝ ਸਿੱਖਦੇ ਰਹਿੰਦੇ ਹਨ। ਕੁੱਝ ਅਰਸਾ ਪਹਿਲਾਂ ਉਨਾਂ ਨੂੰ ਫਾਰਸੀ ਸਿੱਖਣ ਦਾ ਸ਼ੌਕ ਪੈਦਾ ਹੋਇਆ ਅਤੇ ਥੋੜ੍ਹੀ ਦੇਰ ਦੀ ਮਿਹਨਤ ਤੋਂ ਬਾਅਦ ਹੀ ਉਨਾਂ ਫਾਰਸੀ ਦੀ ਐਨੀ ਕੁ ਮੁਹਾਰਤ ਹਾਸਲ ਕਰ ਲਈ ਹੈ ਕਿ ਫਾਰਸੀ ਸਾਹਿਤ ਦੀਆਂ ਵਿਸ਼ਵ ਪ੍ਰਸਿੱਧ ਕਿਰਤਾਂ ਨੂੰ ਮੂਲ ਫਾਰਸੀ ਵਿਚ ਪੜ੍ਹ ਸਕਦੇ ਹਨ। ਚਰਨ ਗਿੱਲ, ਉਨਾਂ ਦਾ ਬੇਟਾ ਸਤਦੀਪ ਗਿੱਲ ਅਤੇ ਬੇਟੀ ਕਲਾਰਾ ਫੇਸਬੁੱਕ ਕਮਿਉਨਿਟੀ ਵਿਚ ਵੀ ਕਾਫੀ ਸਰਗਰਮ ਹਨ। ਚਰਨ ਗਿੱਲ ਹੋਰਾਂ ਰਾਹੀਂ ਹੀ ਗਾਲਿਬ ਦੀ ਮੂਲ ਫਾਰਸੀ ਗਜ਼ਲ ਮੇਰੇ ਧਿਆਨ ਵਿਚ ਆਈ ਹੈ। ਸੂਫੀ ਤਬੱਸਮ ਦੁਆਰਾ ਕੀਤਾ ਗਿਆ ਪੰਜਾਬੀ ਤਰਜਮਾ ਅਤੇ ਗਾਲਿਬ ਦੀ ਮੂæਲ ਫਾਰਸੀ ਰਚਨਾ ਇਥੇ ਸਾਂਝੀ ਕਰ ਰਿਹਾ ਹਾਂ:
ਸ਼ਮੀਲ


ਸੂਫੀ ਤਬੱਸਮ ਦੁਆਰਾ ਕੀਤਾ ਪੰਜਾਬੀ ਤਰਜਮਾ

ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ, ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ
ਐਵੇਂ ਲੜਨ ਬਹਾਨੜੇ ਲਭਨਾ ਏਂ । ਕੀ ਤੂ ਸੋਚਨਾਂ ਏਂ ਸਿਤਮਗਾਰ ਆ ਜਾ
ਭਾਵਂੇ ਹਿਜਰ ਤੇ ਭਾਵੇਂ ਵਿਸਾਲ ਹੋਵੇ , ਵਖੋ ਵਖ ਦੋਹਾਂ ਦੀਆਂ ਲੱਜ਼ਤਾਂ ਨੇ
ਮੇਰੇ ਸੋਹਣਿਆ ਜਾ ਹਜ਼ਾਰ ਵਾਰੀ, ਆ ਜਾ ਪਿਆਰਿਆ ਤੇ ਲੱਖ ਵਾਰ ਆ ਜਾ
ਇਹ ਰਿਵਾਜ ਮਸਜਿਦਾਂ ਮੰਦਰਾਂ ਦਾ, ਉਥੇ ਹਸਤੀਆਂ ਤੇ ਖ਼ੁਦ ਪਰਸਤੀਆਂ ਨੇ
ਮੈਖ਼ਾਨੇ ਵਿਚ ਮਸਤੀਆਂ ਈ ਮਸਤੀਆਂ ਨੇ, ਹੋਸ਼ ਕਰ ਬਣ ਕੇ ਹੁਸ਼ਿਆਰ ਆ ਜਾ
ਤੂੰ ਸਾਦਾ ਤੇ ਤੇਰਾ ਦਿਲ ਸਾਦਾ , ਤੈਨੂੰ ਐਂਵੇਂ ਰਕੀਬ ਕੁਰਾਹ ਪਾਇਆ
ਜੇ ਤੂ ਮੇਰੇ ਜਨਾਜ਼ੇ ਤੇ ਨਹੀਂ ਆਇਆ, ਰਾਹ ਤੱਕਦਾ ਤੇਰੀ ਮਜ਼ਾਰ ਆ ਜਾ
ਸੁੱਖੀ ਵਸਣਾ ਜੇ ਤੂੰ ਚਾਹੁਨਾ ਏਂ ਮੇਰੇ ਗ਼ਾਲਬਾ ਏਸ ਜਹਾਨ ਅੰਦਰ
ਆਜਾ ਰਿੰਦਾਂ ਦੀ ਬਜ਼ਮ ਵਿਚ ਆ ਬਹਿ ਜਾ, ਇਥੇ ਬੈਠਦੇ ਨੇ ਖ਼ਾਕਸਾਰ ਆ ਜਾ

ਗਾਲਿਬ ਦੀ ਮੂਲ ਫਾਰਸੀ ਰਚਨਾ
ਜ਼ ਮਨ ਗਰਤ ਨਾ ਬੂਦ ਬਾਵਰ ਇੰਤਜ਼ਾਰ ਬੀਆ

ਬਹਾਨਾ ਜੂਏ ਮਬਾਸ਼ ਓ ਸਤੀਜ਼ਾਕਾਰ ਬੀਆ

ਬਾ ਯਕ ਦੋ ਸ਼ਿਵਾ ਸਿਤਮ ਦਿਲ ਨਮੀ ਸ਼ੁੱਦ ਖ਼ੁਰਸੰਦ

ਬਾ ਮਰਗੇ  ਮਨ, ਕਿ ਬਾ ਸਾਮਾਨੇ  ਰੁਜ਼ਗਾਰ ਬੀਆ

ਹਲਾਕੇ  ਸ਼ਿਵਾ ਤਮਕੀਂ ਮਖ਼ਵਾਹ ਮਸਤਾਂ ਰਾ

ਇਨਾਂ ਗਸਸਤਾ ਤਰ ਅਜ਼ ਬਾਦੇ ਨੌ ਬਹਾਰ ਬੀਆ

ਜ਼ ਮਾ ਗਸਸਤੀ ਓ  ਬਾ ਦੀਗਰਾਂ ਗਿਰੌ ਬਸਤੀ

ਬੀਆ ਕਿ ਅਹਦੇ  ਵਫ਼ਾ ਨੇਸਤ ਉਸਤਵਾਰ ਬੀਆ

ਵਿਦਾ ਓ ਵਸਲ ਜੁਦਾਗਾਨਾ ਲੱਜ਼ਤੇ ਦਾਰਦ

ਹਜ਼ਾਰ ਬਾਰ ਬਰੂ , ਸੱਦ ਹਜ਼ਾਰ ਬਾਰ ਬੀਆ

ਤੋ ਤਿਫ਼ਲ ਸਾਦਾ ਦਿਲੋ ਹਮਨਸ਼ੀਂ ਬਦ ਆਮੋਜ਼ਸਤ

ਜਨਾਜ਼ਾ ਗਰ ਨਾ ਤਵਾਂ ਦੀਦ ਬਰ ਮਜ਼ਾਰ ਬੀਆ

ਫ਼ਰੇਬ ਖ਼ੋਰਦਾ ਨਾਜ਼ਿਮ, ਚਿਹਾ ਨਮੀ ਖ਼ਵਾਹਮ

ਯੱਕੇ ਬਾ ਪੁਰਸਸ਼ ਜਾਨੇ  ਉਮੀਦਵਾਰ ਬੀਆ

ਜ਼ ਖੂ ਏ ਤਸਤ ਨਹਾਦੇ  ਸ਼ਕੀਬ ਨਾਜ਼ੁਕ ਤਰ

ਬੀਆ ਕਿ ਦਸਤੋ ਦਲਮ ਮੀ ਰੋਦ ਜ਼ ਕਾਰ ਬੀਆ

ਰਵਾਜੇ  ਸੋਮਾਹ ਹਸਤੀਸਤ, ਜ਼ੀਨਹਾਰ ਮਰੋ

ਮਤਾਆਇ ਮੈਕਦਾ ਮਸਤੀਸਤ, ਹੁਸ਼ਿਆਰ ਬੀਆ

ਹਿਸਾਰ ਆਫ਼ੀਤੇ ਗਰ ਹੋਸ ਕੁਨੀ ਗ਼ਾਲਿਬ

ਚੋ ਮਾ ਬਾ ਹਲਕਾ ਰਿੰਦਾਨੇ  ਖ਼ਾਕਸਾਰ ਬੀਆ

 

ਕਵਿਤਾ ਦੇ ਸੰਚਾਰ ਦੀਆਂ ਸਮੱਸਿਆਵਾਂ

ਜਿਨ੍ਹਾਂ ਦਿਨਾਂ ਵਿਚ ਮੈਂ ਕਵਿਤਾ ਲਿਖਣੀ ਸ਼ੁਰੁ ਕੀਤੀ ਸੀ, ਅੱਸੀਵਿਆਂ ਦੇ ਮੱਧ ਵਿਚ, ਉਸ ਦੌਰ ਵਿਚ ਪਾਸ਼ ਜਿਹੇ ਕਵੀ ਸਾਡੇ ਹੀਰੋ ਤੇ ਰੋਲ ਮੌਡਲ ਸਨ। ਉਨ੍ਹਾਂ ਦਿਨਾਂ ਦੌਰਾਨ ਵੀ ਭਾਵੇਂ ਅਸੀਂ ਦੇਵ, ਸਤੀ ਕੁਮਾਰ, ਹਰਨਾਮ ਜਿਹੇ ਪੰਜਾਬੀ ਕਵੀਆਂ ਨੂੰ ਪੜ੍ਹਦੇ ਅਤੇ ਪਸੰਦ ਕਰਦੇ ਸਾਂ ਪਰ ਜਿਸ ਤਰਾਂ ਦਾ ਅਸਰ ਪਾਸ਼ ਦਾ ਸੀ, ਉਸਦਾ ਕੋਈ ਮੁਕਾਬਲਾ ਨਹੀਂ ਸੀ। ਮੈਂ ਮੁਢਲੇ ਦਿਨਾਂ ਤੋਂ ਹੀ ਦੋਵੇਂ ਤਰਾਂ ਦੀ ਕਵਿਤਾ ਲਿਖਦਾ ਰਿਹਾਂ। ਤਰੰਨੁਮ ਵਿਚ ਪੇਸ਼ ਕੀਤੀ ਜਾ ਸਕਣ ਵਾਲੀ ਕਵਿਤਾ ਵੀ, ਜਿਸ ਨੂੰ ਅਲੋਚਨਾ ਦੀ ਭਾਸ਼ਾ ਵਿਚ ਪ੍ਰਗੀਤਕ ਕਵਿਤਾ ਕਿਹਾ ਜਾਂਦਾ ਹੈ, ਅਤੇ ਉਸ ਤਰਾਂ ਦੀ ਆਧੁਨਿਕ ਕਵਿਤਾ ਵੀ, ਜਿਸ ਨੂੰ ਅਸੀਂ ਆਮ ਕਰਕੇ ਖੁੱਲ੍ਹੀ ਕਵਿਤਾ ਕਹਿੰਦੇ ਹਾਂ। ਪਰ ਮੈਂ ਆਪਣੀਆਂ ਪ੍ਰਗੀਤਕ ਕਵਿਤਾਵਾਂ, ਗੀਤ ਆਦਿ ਕਦੇ ਛਪਵਾਏ ਨਹੀਂ। ਨਾ ਕਿਸੇ ਕਿਤਾਬ ਵਿਚ ਸ਼ਾਮਲ ਕੀਤੇ ਅਤੇ ਨਾ ਕਦੇ ਕਿਸੇ ਮੈਗਜ਼ੀਨ ਨੂੰ ਭੇਜੇ। ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਸਾਡੀ ਪੀੜ੍ਹੀ ਦੇ ਕਵੀਆਂ ਵਿਚ ਇਹ ਸੋਚ ਭਾਰੂ ਸੀ ਕਿ ਤੁਕਬੰਦੀ ਵਾਲੀ, ਗਾਈ ਜਾਣ ਵਾਲੀ ਜਾਂ ਤਰੰਨੁਮ ਵਿਚ ਪੇਸ਼ ਕੀਤੀ ਜਾਣ ਵਾਲੀ ਕਵਿਤਾ ਨੀਵੇਂ ਦਰਜੇ ਦੀ ਕਵਿਤਾ ਹੈ। ਅਸੀਂ ਇਸ ਨੂੰ ਪੁਰਾਣੇ ਜ਼ਮਾਨੇ ਦੀ ਕਵਿਤਾ ਸਮਝਦੇ ਸਾਂ। ਅਸੀਂ ਸੋਚਦੇ ਸਾਂ ਕਿ ਵੱਖ ਵੱਖ ਸ਼ਹਿਰਾਂ, ਕਸਬਿਆਂ ਵਿਚ ਬਣੀਆਂ ਲਿਖਾਰੀ ਸਭਾਵਾਂ ਵਿਚ ਜਾਣ ਵਾਲੇ ਕਵੀ ਅਜਿਹੀ ਕਵਿਤਾ ਲਿਖਦੇ ਹਨ ਜਾਂ ਇਸ ਤਰਾਂ ਦੀ ਕਵਿਤਾ ਲਿਖਣ ਵਾਲੇ ਗੁਰੁਦੁਆਰਿਆਂ ਵਿਚ ਹੁੰਦੇ ਕਵੀ ਦਰਬਾਰਾਂ ਵਿਚ ਜਾਂਦੇ ਹਨ। ਅਜਿਹੀ ਧਾਰਨਾ ਨੂੰ ਸਾਹਿਤ ਅਲੋਚਨਾ ਦੀ ਇਕ ਭਾਰੂ ਧਾਰਾ ਵੀ ਮਜ਼ਬੂਤ ਕਰਦੀ ਸੀ।  ਸਾਹਿਤ ਅਲੋਚਕਾਂ ਦਾ ਇਹ ਵਰਗ ਇਹ ਧਾਰਨਾ ਰੱਖਦਾ ਸੀ ਕਿ ਆਧੁਨਿਕ ਜੀਵਨ ਦੀ ਜਟਿਲਤਾ ਨੂੰ ਪੇਸ਼ ਕਰਨ ਲਈ ਤੁਕਬੰਦੀ ਵਾਲੀ ਕਵਿਤਾ, ਗੀਤ, ਗਜ਼ਲ ਆਦਿ ਉਚਿਤ ਮਾਧਿਅਮ ਨਹੀਂ ਹਨ। ਸੁਚੇਤ ਪੱਧਰ ਤੇ ਮੈਂ ਵੀ ਇਸ ਤਰਾਂ ਦੀ ਸੋਚ ਦਾ ਪ੍ਰਭਾਵ ਮੰਨਦਾ ਸਾਂ ਭਾਵੇਂ ਅੰਦਰੋ ਅੰਦਰੀ ਗੀਤ ਅਤੇ ਪ੍ਰਗੀਤਕ ਨਜ਼ਮ ਲਿਖਦਾ ਰਹਿੰਦਾ ਸਾਂ। ਪਰ ਉਸ ਤਰਾਂ ਦੀ ਕਵਿਤਾ ਨੂੰ ਬਾਹਰ ਲਿਆਉਣ ਦੀ ਮੈਂ ਕਦੇ ਹਿੰਮਤ ਨਹੀਂ ਕੀਤੀ।
ਹੌਲੀ ਹੌਲੀ ਸਮੇਂ ਅਤੇ ਅਨੁਭਵ ਨਾਲ ਤਰਾਂ ਤਰਾਂ ਦੀਆਂ ਵਿਚਾਰਧਾਰਾਵਾਂ ਦਾ ਅਸਰ ਕੁੱਝ ਨਰਮ ਪੈਂਦਾ ਰਿਹਾ ਅਤੇ ਮੈਂ ਇਹ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਕਿਸੇ ਵੀ ਸਾਹਿਤ ਰਚਨਾ ਨੂੰ ਵੱਡੀ ਜਾਂ ਛੋਟੀ ਕੋਈ ਵਿਧਾ ਨਹੀਂ ਬਣਾਉਦੀ ਬਲਕਿ ਲਿਖਣ ਵਾਲੇ ਦੀ ਸਾਹਿਤਕ ਪ੍ਰਤਿਭਾ ਬਣਾਉਂਦੀ ਹੈ। ਜੇ ਕੋਈ ਰਚਨਾਕਾਰ ਸੱਚਮੁੱਚ ਕਵੀ ਹੈ ਤਾਂ ਉਹ ਗਜ਼ਲ ਜਿਹੀ ਵਿਧਾ ਵਿਚ ਵੀ ਬੇਅੰਤ ਗਹਿਰਾਈ ਲਿਆ ਸਕਦਾ ਹੈ ਅਤੇ ਜੇ ਸਮਰਥ ਨਾ ਹੋਵੇ ਤਾਂ ਭਾਵੇਂ ਕਿੰਨੀਆਂ ਹੀ ਆਧੁਨਿਕ ਵਿਧਾਵਾਂ ਅਪਣਾਏ, ਉਹ ਪੇਤਲੀਆਂ ਹੀ ਰਹਿੰਦੀਆਂ ਹਨ।
2009 ਵਿਚ ਮੈਂ ਆਪਣੀ ਕਵਿਤਾ ਦੀ ਦੂਜੀ ਕਿਤਾਬ ‘ਓ ਮੀਆਂ’ ਵਿਚ ਭੂਮਿਕਾ ਦੇ ਤੌਰ ਤੇ ਛਾਪਣ ਲਈ ਸਮਕਾਲੀ ਪੰਜਾਬੀ ਕਵਿਤਾ ਬਾਰੇ ਇਕ ਲੇਖ ਲਿਖਣ ਲੱਗਿਆ ਸਾਂ। ਇਹ ਲੇਖ ਲਿਖਣ ਲਈ ਮੈਂ ਇਕ ਵਾਰ ਫੇਰ ਸਮਕਾਲੀ ਅਤੇ ਕੁੱਝ ਦੂਜੇ ਆਧੁਨਿਕ ਪੰਜਾਬੀ ਕਵੀਆਂ ਨੂੰ ਦੁਬਾਰਾ ਪੜ੍ਹਿਆ। ਇਹ ਪੜ੍ਹਦਿਆਂ ਮੈਂ ਪਹਿਲੀ ਵਾਰ ਇਕ ਸ਼ਾਇਰ ਦੇ ਤੌਰ ਤੇ ਸੁਰਜੀਤ ਪਾਤਰ ਹੋਰਾਂ ਦੀ ਵਡਿਆਈ ਨੂੰ ਪਹਿਲੀ ਵਾਰ ਮਹਿਸੂਸ ਕੀਤਾ। ਸ਼ਿਵ ਕੁਮਾਰ ਦੀ ਮਹਾਨਤਾ ਦਾ ਅਹਿਸਾਸ ਮੈਂਨੂੰ ਪਹਿਲੀ ਵਾਰ ਹੋਇਆ। ਇਸੇ ਪ੍ਰਕਿਰਿਆ ਦੌਰਾਨ ਮੇਰੇ ਆਪਣੇ ਅੰਦਰੋਂ ਉਹ ਝਾਕਾ ਜਾਂ ਹੀਣ ਭਾਵਨਾ ਵੀ ਖਤਮ ਹੋਈ, ਜਿਹੜੀ ਮੈਂ ਆਪਣੀ ਪ੍ਰਗੀਤਕ ਕਵਿਤਾ ਬਾਰੇ ਬਣਾਈ ਹੋਈ ਸੀ। ਇਨ੍ਹਾਂ ਦਿਨਾਂ ਦੌਰਾਨ ਹੀ ਮੇਰੇ ਮਨ ਵਿਚ ਇਹ ਖਿਆਲ ਪੈਦਾ ਹੋਇਆ ਕਿ ਤਰੰਨੁਮ ਵਾਲੀ ਸ਼ਾਇਰੀ ਨੂੰ ਵੀ ਸਾਹਮਣੇ ਲਿਆਂਦਾ ਜਾਵੇ। ਇਸੇ ਮਕਸਦ ਨਾਲ ਤਰੰਨੁਮ ਵਾਲੀ ਸ਼ਾਇਰੀ ਦੀ ਔਡੀਓ ਸੀਡੀ ਤਿਆਰ ਕਰਨ ਦਾ ਇਰਾਦਾ ਕਰ ਲਿਆ।
ਇਸ ਸੀਡੀ ਦੀ ਤਿਆਰੀ ਦੌਰਾਨ ਜੈਨ ਸਾਹਿਬ ( ਹਰੀਸ਼ ਜੈਨ) ਨਾਲ ਵੀ ਗੱਲ ਹੁੰਦੀ ਰਹੀ। ਜੈਨ ਸਾਹਿਬ ਆਪਣੀ ਪਬਲੀਕੇਸ਼ਨ ਲੋਕਗੀਤ ਪ੍ਰਕਾਸ਼ਨ ਅਤੇ ਯੂਨੀਸਟਾਰ ਬੁਕਸ ਜ਼ਰੀਏ ਪਿਛਲੇ ਤਿੰਨ ਦਹਾਕੇ ਤੋਂ ਪੰਜਾਬੀ ਸਾਹਿਤ ਜਗਤ ਨਾਲ ਜੁੜੇ ਹਨ। ਉਹ ਵੀ ਵਾਰ ਵਾਰ ਇਸ ਗੱਲ ਤੇ ਜ਼ੋਰ ਦਿੰਦੇ ਰਹਿੰਦੇ ਹਨ ਕਿ ਤਰਾਂ ਤਰਾਂ ਦੀਆਂ ਆਧੁਨਿਕ ਸੋਚ ਪ੍ਰਣਾਲੀਆਂ ਦੇ ਅਸਰ ਸਦਕਾ ਅਸੀਂ ਜਦੋਂ ਕਵਿਤਾ ਨੂੰ ਸਿਰਫ ਪੜ੍ਹਨ ਵਾਲੀ ਚੀਜ਼ ਬਣਾ ਦਿੱਤਾ ਤਾਂ ਖੁਦ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ। ਉਨਾਂ ਦਾ ਕਹਿਣਾ ਹੈ ਕਿ ਕਵਿਤਾ ਦੀ ਸਾਡੀ ਸਾਰੀ ਪਰੰਪਰਾ ਇਸ ਗੱਲ ਤੇ ਖੜ੍ਹੀ ਸੀ ਕਿ ਕਵੀ ਅਤੇ ਸੁਣਨ ਵਾਲਿਆਂ ਵਿਚਕਾਰ ਹਮੇਸ਼ਾ ਇਕ ਸਜਿੰਦ ਰਿਸ਼ਤਾ ਰਹਿੰਦਾ ਸੀ। ਕਵੀ ਦੇ ਮਨ ਤੇ ਇਹ ਗੱਲ ਹਮੇਸ਼ਾ ਭਾਰੂ ਰਹਿੰਦੀ ਸੀ ਕਿ ਉਹ ਜੋ ਵੀ ਲਿਖ ਰਿਹਾ ਹੈ, ਉਹ ਕਿਸੇ ਦੇ ਸਾਹਮਣੇ ਸੁਣਾਉਣ ਲਈ ਲਿਖ ਰਿਹਾ ਹੈ। ਜਦ ਇਹ ਖਿਆਲ ਮਨ ਵਿਚ ਹੁੰਦਾ ਸੀ ਤਾਂ ਇਸ ਨਾਲ ਕਵੀ ਅਤੇ ਕਵਿਤਾ ਦਾ ਸੁਣਨ ਵਾਲਿਆਂ ਨਾਲ ਰਿਸ਼ਤਾ ਬਣਿਆ ਰਹਿੰਦਾ ਸੀ। ਕੋਈ ਵੀ ਕਵੀ ਅਜਿਹੀ ਕਵਿਤਾ ਲਿਖਣ ਦਾ ਜ਼ੋਖਮ ਨਹੀਂ ਸੀ ਉਠਾ ਸਕਦਾ, ਜਿਸ ਨਾਲ ਕੋਈ ਵੀ ਦੂਸਰਾ ਨਾ ਜੁੜ ਸਕੇ। ਇਸ ਦੌਰ ਵਿਚ ਹੀ ਗੁਰਬਾਣੀ ਤੋਂ ਲੈ ਕੇ ਕਿੱਿਸਆਂ ਤੱਕ, ਬਹੁਤ ਉਚ ਪਾਏ ਦੀ ਰਚਨਾ ਹੋਈ ਹੈ। ਕਵੀ ਦਰਬਾਰਾਂ, ਮੁਸ਼ਾਇਰਿਆਂ ਦੀ ਪਰੰਪਰਾ ਵਿਚ ਵੀ ਕਵੀਆਂ ਅੰਦਰ ਇਹ ਖਿਆਲ ਹਮੇਸ਼ਾ ਕਾਇਮ ਰਹਿੰਦਾ ਸੀ ਕਿ ਸੁਣਨ ਵਾਲਿਆਂ ਨਾਲ ਕੋਈ ਰਾਬਤਾ ਬਣਾਉਣਾ ਹੈ। ਪਰ ਜਦ ਕਵੀ ਦਰਬਾਰਾਂ ਅਤੇ ਕਵਿਤਾ ਸੁਣਾਉਣ ਦੀ ਪਰੰਪਰਾ ਖਤਮ ਹੋ ਗਈ ਤਾਂ ਕਵਿਤਾ ਸਿਰਫ ਪੜ੍ਹਨ ਵਾਲੀ ਚੀਜ਼ ਰਹਿ ਗਈ। ਇਸ ਸਥਿਤੀ ਦਾ ਇਹ ਨੁਕਸਾਨ ਹੋਇਆ ਕਿ ਕਵੀਆਂ ਨੇ ਅਜਿਹੀ ਕਵਿਤਾ ਲਿਖਣੀ ਸ਼ੁਰੂ ਕਰ ਦਿਤੀ , ਜਿਸਦੇ ਅੰਦਰ ਸੁਣਨ ਵਾਲਿਆਂ ਨਾਲ ਰਾਬਤਾ ਬਣਾਉਣ ਦੀ ਸਮਰਥਾ ਗੁਆਚ ਗਈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਬਹੁਤ ਸਾਰੇ ਨਾਮੀ ਪੰਜਾਬੀ ਕਵੀਆਂ ਦੀ ਕਵਿਤਾ ਦੀ ਕਿਤਾਬ ਨੂੰ ਸਾਰੇ ਪੰਜਾਬ ਵਿਚ ਖਰੀਦਣ ਵਾਲੇ 50 ਲੋਕ ਵੀ ਨਹੀਂ ਹੁੰਦੇ। ਇਸ ਤਰਾਂ ਦੀ ਕਵਿਤਾ ਦੀ ਗੰਭੀਰਤਾ ਅਤੇ ਕਵੀਆਂ ਦੀ ਪ੍ਰਤਿਭਾ ਤੇ ਕੋਈ ਸ਼ੱਕ ਨਹੀਂ ਹੈ। ਪਰ ਸੁਆਲ ਪੈਦਾ ਹੁੰਦਾ ਹੈ ਕਿ ਜੇ ਤੁਹਾਡੀ ਕਿਤਾਬ ਨੂੰ ਸਾਰੇ ਪੰਜਾਬੀ ਸਮਾਜ ਵਿਚ ਵੀਹ ਪੰਜਾਹ ਲੋਕਾਂ ਤੋਂ ਵੱਧ ਕੋਈ ਨਾ ਪੜ੍ਹੇ ਤਾਂ ਅਜਿਹੀ ਰਚਨਾ ਦਾ ਕੀ ਮਕਸਦ ਰਹਿ ਜਾਂਦਾ ਹੈ?
ਇਸ ਤਰਾਂ ਦੀ ਸਥਿਤੀ ਵਿਚ ਮੇਰੇ ਮਨ ਅੰਦਰ ਇਹ ਖਿਆਲ ਆ ਰਿਹਾ ਹੈ ਕਿ ਕਵਿਤਾ ਦਾ ਸਰੋਤਿਆਂ ਨਾਲ, ਜ਼ਿਆਦਾ ਤੋਂ ਜ਼ਿਆਦਾ ਸਰੋਤਿਆ ਨਾਲ ਜੁੜ ਸਕਣਾ ਇਸ ਦੀ ਤਾਕਤ ਹੈ, ਕਮਜ਼ੋਰੀ ਨਹੀਂ। ਸਾਨੂੰ ਆਧੁਨਿਕਤਾ ਅਤੇ ਪਰੰਪਰਾ ਵਿਚਕਾਰ ਇਕ ਸੰਤੁਲਨ ਅਤੇ ਜੋੜ ਬਣਾਉਣਾ ਪਵੇਗਾ। ਸਾਡੇ ਸਾਹਮਣੇ ਸੁਰਜੀਤ ਪਾਤਰ ਇਸ ਦੀ ਇਕ ਸਾਖਸ਼ਾਤ ਮਿਸਾਲ ਹਨ। ਉਨ੍ਹਾਂ ਦੀ ਕਵਿਤਾ ਅੰਦਰ ਆਧੁਨਿਕ ਜੀਵਨ ਦੀ ਹਰ ਤਰਾਂ ਦੀ ਜਟਿਲਤਾ ਨੂੰ ਪਕੜਨ ਦੀ ਸਮਰੱਥਾ ਵੀ ਹੈ ਅਤੇ ਸਰੋਤਿਆਂ ਨਾਲ ਜੁੜ ਸਕਣ ਦੀ ਤਾਕਤ ਵੀ।
ਮੇਰੀ ਇਹ ਐਲਬਮ ਤਾਂ ਬੇਸ਼ੱਕ ਮੇਰੇ ਆਪਣੇ ਮਨ ਦੀਆਂ ਗੁੰਝਲਾਂ ਸਿੱਧੀਆਂ ਕਰਦਿਆਂ ਹੀ ਬਣ ਗਈ। ਪਰ ਇਸ ਸਾਰੇ ਅਮਲ ਨੇ ਮੈਨੂੰ ਇਸ ਹੀਣ ਭਾਵਨਾ ਤੋਂ ਵੀ ਮੁਕਤ ਕੀਤਾ ਹੈ ਕਿ ਸਾਨੂੰ ਕਵਿਤਾ ਸੁਣਾਉਣ ਦੀ ਪਰੰਪਰਾ ਨੂੰ ਦੁਬਾਰਾ ਜਗਾਉਣਾ ਪਵੇਗਾ। ਸੁਣਾਈ ਜਾਣ ਵਾਲੀ ਕਵਿਤਾ ਸਿਰਫ ਤਰੰਨੁਮ ਦੇ ਰੂਪ ਵੀ ਹੀ ਨਹੀਂ ਹੁੰਦੀ। ਜਿਸ ਨੂੰ ਖੁਲ੍ਹੀ ਕਵਿਤਾ ਕਹਿੰਦੇ ਹਾਂ, ਉਸ ਨੂੰ ਵੀ ਸੁਣਾਉਣ ਅਤੇ ਪੇਸ਼ ਕਰਨ ਦੀ ਇਕ ਵਿਧੀ ਹੈ। ਪਾਸ਼ ਦੀ ਜ਼ਿਆਦਾਤਰ ਕਵਿਤਾ ਖੁਲ੍ਹੀ ਹੈ। ਪਰ ਉਸ ਅੰਦਰ ਸਰੋਤਿਆਂ ਨਾਲ ਜੁੜਨ ਦੀ ਤਾਕਤ ਹੈ, ਉਸਦੀ ਸੰਬੋਧਨੀ ਸੁਰ ਕਰਕੇ। ਅੱਜ ਦੇ ਦੌਰ ਤੇ ਸਾਡੇ ਕਈ ਕਵੀਆਂ ਕੋਲ ਕਵਿਤਾ ਨੂੰ ਇਕ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕਰਨ ਅਤੇ ਸਰੋਤਿਆਂ ਨਾਲ ਜੁੜਨ ਦੀ ਤਾਕਤ ਹੈ। ਉਸ ਨੂੰ ਸੁਚੇਤ ਪੱਧਰ ਤੇ ਉਤਸ਼ਾਹਿਤ ਕੀਤੇ ਬਗੈਰ ਕਵਿਤਾ ਦੇ ਦਿਨ ਬ ਦਿਨ ਸੁੰਗੜ ਰਹੇ ਘੇਰੇ ਨੂੰ ਜ਼ਰਾ ਕੁ ਖੋਲ੍ਹਣਾ ਸੰਭਵ ਨਹੀਂ ਹੋਵੇਗਾ।
ਨਵਤੇਜ ਭਾਰਤੀ, ਜਸਵੰਤ ਦੀਦ, ਸੁਖਪਾਲ, ਦੇਵਨੀਤ ਜਿਹੇ ਸਾਡੇ ਅੱਜ ਦੇ ਨਿਰੋਲ ਆਧੁਨਿਕ ਕਿਸਮ ਦੀ ਕਵਿਤਾ ਲਿਖਣ ਵਾਲੇ ਕਵੀ ਹਨ। ਨਵਤੇਜ ਭਾਰਤੀ, ਦੀਦ, ਸੁਖਪਾਲ ਦੀ ਕਵਿਤਾ ਅੰਦਰ ਬਿਰਤਾਂਤਕ ਅੰਸ਼ ਹੈ, ਜਿਹੜਾ ਕਵਿਤਾ ਅੰਦਰ ਕਹਾਣੀ ਕਲਾ ਜਿਹਾ ਰੰਗ ਭਰ ਦਿੰਦਾ ਹੈ। ਦੇਵਨੀਤ ਅੰਦਰ ਸ਼ਬਦਾਂ ਨੂੰ ਚਿਤਰਕਾਰਾਂ ਵਾਂਗ ਸਜਾਉਣ ਅਤੇ ਟਿਕਾਉਣ ਦੀ ਤਾਕਤ ਹੈ ਅਤੇ ਇਸ ਚੀਜ਼ ਨੂੰ ਉਹ ਬਹੁਤ ਨਾਟਕੀ ਰੰਗ ਵਿਚ ਪੇਸ਼ ਕਰ ਸਕਦਾ ਹੈ। ਇਨ੍ਹਾਂ ਕਵੀਆਂ ਨੂੰ ਸੁਣਦਿਆਂ ਮੈਂ ਇਹ ਮਹਿਸੂਸ ਕੀਤਾ ਕਿ ਬੇਸ਼ੱਕ ਇਹ ਲੋਕ ਤਰੰਨੁਮ ਵਿਚ ਕਵਿਤਾ ਨਹੀਂ ਪੇਸ਼ ਕਰਦੇ, ਪਰ ਇਹ ਵੱਖਰੇ ਤਰੀਕੇ ਨਾਲ ਕਵਿਤਾ ਤੇ ਸੰਚਾਰ ਦੇ ਸੁਆਲ ਨੂੰ ਬਹੁਤ ਖੁਬਸੂਰਤੀ ਨਾਲ ਹੱਲ ਕਰਦੇ ਹਨ। ਇਸ ਪਹਿਲੂ ਵੱਲ ਧਿਆਨ ਦਿਤੇ ਬਗੈਰ ਅਸੀਂ ਕਵਿਤਾ ਨੂੰ ਹੋਰ ਹੋਰ ਸੁੰਗੜਦੇ ਜਾਣ ਤੋਂ ਨਹੀਂ ਬਚਾ ਸਕਾਂਗੇ।
ਆਪਣੀ ਕਵਿਤਾ ਦੀ ਐਲਬਮ ਵਿਚੋਂ ਦੋ ਨਜ਼ਮਾਂ/ਗੀਤਾਂ  ਦਾ ਲਿੰਕ ਇਥੇ ਦੇ ਰਿਹਾ ਹਾਂ। ਇਨ੍ਹਾਂ ਵਿਚ ਆਡੀਓ ਦੇ ਨਾਲ ਨਾਲ ਵੀਜ਼ੂਅਲ ਅੰਸ਼ ਵੀ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ:

 

ਪ੍ਰਗੀਤਕ ਕਵਿਤਾ ਅਤੇ ਤਰੰਨੁਮ

ਪੰਜਾਬੀ ਸਾਹਿਤਕ ਹਲਕਿਆਂ , ਖਾਸ ਕਰਕੇ ਅਲੋਚਕਾਂ ਵਿਚ ਪਿਛਲੇ ਦਹਾਕਿਆਂ ਦੌਰਾਨ ਇਕ ਅਜਿਹੀ ਮਜ਼ਬੂਤ ਧਾਰਾ ਰਹੀ ਹੈ, ਜਿਹੜੀ ਪ੍ਰਗੀਤਕ ਕਵਿਤਾ ਨੂੰ ਛੁਟਿਆਉਂਦੀ ਰਹੀ ਹੈ। ਅਲੋਚਕਾਂ ਦੀ ਇਹ ਧਾਰਾ ਇਹ ਸਮਝਦੀ ਰਹੀ ਹੈ ਕਿ ਪ੍ਰਗੀਤਕ ਕਵਿਤਾ ਆਧੁਨਿਕ ਜੀਵਨ ਦੀ ਜਟਿਲਤਾ ਨੂੰ ਪ੍ਰਗਟਾਉਣ ਦੇ ਸਮਰਥ ਨਹੀਂ ਹੈ। ਉਨ੍ਹਾਂ ਦਾ ਇਹ ਮੰਨਣਾ ਹੈ ਕਿ ਪ੍ਰਗੀਤਕ ਕਵਿਤਾ ਅੱਜ ਦੇ ਜੀਵਨ ਦੀਆਂ ਗੁੰਝਲਦਾਰ ਸਮੱਸਿਆਵਾਂ, ਵਿਸੰਗਤੀਆਂ ਨੂੰ ਸਰਲ ਅਤੇ ਤਰਲ ਬਣਾ ਦਿੰਦੀ ਹੈ। ਪੰਜਾਬ ਦੇ ਅਕਾਦਮਿਕ ਅਤੇ ਸਾਹਿਤਕ ਸਰਕਲਾਂ ਵਿਚ ਵਿਚਰਦਿਆਂ ਹੋਇਆਂ ਵੀ ਮੈਂ ਕਦੇ ਇਸ ਦਲੀਲ ਤੋਂ ਕਦੇ ਬਹੁਤਾ ਕਾਇਲ ਨਹੀਂ ਹੋਇਆ। ਪਰ ਇਹ ਸਚਾਈ ਹੈ ਕਿ ਪਿਛਲੇ ਲੰਬੇ ਅਰਸੇ ਤੋਂ ਪੰਜਾਬੀ ਵਿਚ ਪ੍ਰਗੀਤਕ ਕਵਿਤਾ ਦੀ ਪਰੰਪਰਾ ਲੱਗਭਗ ਅਲੋਪ ਹੁੰਦੀ ਪ੍ਰਤੀਤ ਹੋ ਰਹੀ ਹੈ। ਜੇ ਸੁਰਜੀਤ ਪਾਤਰ ਹੋਰਾਂ ਨੇ ਇਸ ਪਰੰਪਰਾ ਨੂੰ ਜਿੰਦਾ ਨਾ ਰੱਖਿਆ ਹੁੰਦਾ ਤਾਂ ਇਹ ਕਦੋਂ ਦੀ ਖਤਮ ਹੋ ਗਈ ਹੁੰਦੀ। ਜੇ ਸਾਡੇ ਕੋਲ ਅੱਜ ਸੁਰਜੀਤ ਪਾਤਰ ਨਾ ਹੁੰਦੇ ਤਾਂ ਸਾਡੀ ਪੀੜ੍ਹੀ ਦੇ ਲੋਕਾਂ ਨੂੰ ਇਹ ਪਤਾ ਵੀ ਨਹੀਂ ਸੀ ਹੋਣਾ ਕਿ ਤਰੰਨੁਮ ਕੀ ਹੁੰਦਾ ਹੈ ਅਤੇ ਤਰੰਨੁਮ ਵਿਚ ਕਵਿਤਾ ਕਿਸ ਤਰਾਂ ਪੜ੍ਹੀ ਜਾਂਦੀ ਹੈ।  ਮੇਰਾ ਇਹ ਜ਼ਾਤੀ ਅਕੀਦਾ ਹੈ ਕਿ ਪ੍ਰਗੀਤਕਤਾ ਅਤੇ ਤਰੰਨੁਮ ਦੇ ਖਤਮ ਹੋਣ ਨਾਲ ਕਵਿਤਾ ਦਾ ਘੇਰਾ ਅਤੇ ਪ੍ਰਭਾਵ ਘਟਿਆ ਹੈ। ਅੱਜ ਜੇ ਪੰਜਾਬੀ ਕਵਿਤਾ ਐਨਾ ਸੁੰਗੜ ਗਈ ਹੈ ਤਾਂ ਇਸ ਦਾ ਕਾਰਨ ਇਹੀ ਹੈ ਕਿ ਇਹ ਸਿਰਫ ਕਿਤਾਬਾਂ ਜਾਂ ਮੈਗਜ਼ੀਨਾਂ ਵਿਚ ਪੜ੍ਹੀ ਜਾਣ ਵਾਲੀ ਚੀਜ਼ ਰਹਿ ਗਈ ਹੈ।
ਮੈਂ ਖੁਦ ਵੀ ਸ਼ੁਰੂ ਤੋਂ ਹੀ ਦੋਵੇਂ ਤਰਾਂ ਦੀ ਕਵਿਤਾ ਲਿਖਦਾ ਰਿਹਾ ਹਾਂ। ਉਸ ਤਰਾਂ ਦੀ ਕਵਿਤਾ ਵੀ ਜਿਸ ਨੂੰ ਆਮ ਕਰਕੇ ਅਸੀਂ ਖੁੱਲ੍ਹੀ ਕਵਿਤਾ ਕਹਿੰਦੇ ਹਾਂ ਅਤੇ ਗੀਤ ਪ੍ਰਗੀਤ ਵੀ। ਸ਼ਾਇਦ ਇਹ ਆਲੇ ਦੁਆਲੇ ਦੇ ਸਾਹਿਤਕ ਵਾਤਾਵਰਣ ਦਾ ਹੀ ਅਸਰ ਸੀ ਕਿ ਨਾ ਮੈਂ ਆਪਣੇ ਗੀਤ ਕਦੇ ਛਪਵਾਏ ਅਤੇ ਨਾ ਕਦੇ ਮੁਸ਼ਾਇਰਿਆਂ ਵਗੈਰਾ ਵਿਚ ਸੁਣਾਏ। ਇਥੋਂ ਤੱਕ ਕਿ ਮੇਰੇ ਨੇੜਲੇ ਜਾਣਕਾਰਾਂ ਵਿਚ ਵੀ ਬਹੁਤ ਥੋੜ੍ਹਿਆਂ ਨੂੰ ਪਤਾ ਹੋਵੇਗਾ ਕਿ ਮੈਂ ਇਸ ਤਰਾਂ ਦੀ ਸ਼ਾਇਰੀ ਵੀ ਕਰਦਾਂ।
ਕੁੱਝ ਦੋਸਤਾਂ ਦੀ ਸਲਾਹ ਤੇ ਮੈਂ ਆਪਣੇ ਕੁੱਝ ਗੀਤਾਂ ਦੀ ਰਿਕਾਰਡਿੰਗ ਕਰਵਾ ਲਈ। ਜੇ ਦਿਲਖੁਸ਼ ਦਾ ਆਪਣਾ ਸਟੂਡੀਓ ਨਾ ਹੁੰਦਾ ਅਤੇ ਉਹ ਖੁਦ ਸੰਗੀਤਕਾਰ ਨਾ ਹੁੰਦਾ ਤਾਂ ਸ਼ਾਇਦ ਅਜੇ ਵੀ ਇਨ੍ਹਾਂ ਗੀਤਾਂ ਦੀ ਵਾਰੀ ਨਾ ਆਉਂਦੀ।  ਅਸਲ ਵਿਚ ਉਸਦੇ ਸਟੂਡੀਓ ਵਿਚ ਡਾ ਕੁਲਜੀਤ ਦੇ ਲੈਕਚਰਾਂ ਦੀ ਰਿਕਾਰਡਿੰਗ ਕਰਦਿਆਂ ਹੀ ਇਹ ਵਿਚਾਰ ਪਹਿਲੀ ਵਾਰ ਸਾਹਮਣੇ ਆਇਆ ਸੀ ਕਿ ਮੇਰੇ ਗੀਤਾਂ ਦੀ ਰਿਕਾਰਡਿੰਗ ਵੀ ਕਰਵਾ ਲੈਣ ਚਾਹੀਦੀ ਹੈ। ਇਸੇ ਸਾਲ ਮਈ ਜੂਨ ਦੇ ਮਹੀਨੇ ਇਹ ਰਿਕਾਰਡਿੰਗ ਹੋਈ ਸੀ ਅਤੇ ਹੁਣ ਜਾਕੇ ਸੀਡੀ ਤਿਆਰ ਹੋਈ ਹੈ।
ਪੰਜਾਬੀ ਵਿਚ ਪ੍ਰਗੀਤਕ ਕਵਿਤਾ ਅਤੇ ਤਰੰਨੁਮ ਦੀ ਪਰੰਪਰਾ ਨੂੰ ਕਿਉਂਕਿ ਪਿਛਲੇ ਸਮੇਂ ਦੌਰਾਨ ਸੁਰਜੀਤ ਪਾਤਰ ਹੋਰਾਂ ਨੇ ਹੀ ਜਿੰਦਾ ਰੱਖਿਆ ਹੈ ਅਤੇ ਉਹ ਸਾਡੇ ਸਾਰਿਆਂ ਦੇ ਪ੍ਰੇਰਨਾ ਸਰੋਤ ਹਨ, ਇਸ ਕਰਕੇ ਸੀਡੀ ਨੂੰ ਉਨਾਂ ਦੁਆਰਾ ਹੀ ਪੇਸ਼ ਕੀਤਾ ਗਿਆ ਹੈ।
ਥੋੜ੍ਹੇ ਦਿਨਾਂ ਵਿਚ ਹੀ ਸੀਡੀ ਆ ਜਾਵੇਗੀ। ਇਸ ਵਕਤ ਸਿਰਫ ਸੁਰਜੀਤ ਪਾਤਰ ਹੋਰਾਂ ਦੁਆਰਾ ਕਹੇ ਗਏ ਕੁੱਝ ਸ਼ਬਦ ਸਾਂਝੇ ਕਰ ਰਿਹਾ ਹਾਂ
ਸ਼ਮੀਲ

http://www.youtube.com/watch?v=AUyDbqDaBB0