ਨਾਦ

contemporary punjabi poetry

ਗੁਰਿੰਦਰ ਕਲਸੀ

ਗੁਰਿੰਦਰ ਕਲਸੀ ਨਵੀਂ ਪੰਜਾਬੀ ਖੁਲੀ ਨਜ਼ਮ ਦਾ ਇਕ ਪਛਾਣਯੋਗ
ਹਸਤਾਖ਼ਰ ਹੈ। ਕਿਸੇ ਸੁਕੋਮਲ ਅਹਿਸਾਸ ਵਾਂਗ ਮੋਹ ਦੀਆਂ ਪੌਣਾਂ ‘ਚ
ਭਿੱਜੀ ਉਹਦੇ ਮਨ ਦੀ ਕੋਈ ਕਾਤਰ ਤੁਹਾਡੀ ਰੂਹ ‘ਚ ਅਛੋਪਲੇ ਜਿਹੀ
ਉਤਰਦੀ ਜਾਂਦੀ ਹੈ। ਇਹ ਕਾਤਰ ਮਾਨਵ ਦੇ ਧੁਰ ਅੰਦਰ ਵਸੀ ਮੁੱਢ
ਕਦੀਮੀ ਪੀੜਾ ਨਾਲ ਸਬੰਧਿਤ ਹੈ। ਇਸੇ ਦੀ ਟੀਸ ‘ਚੋਂ ਨਿੱਕੀਆਂ
ਨਿੱਕੀਆਂ ਚੀਜ਼ਾਂ ਤੇ ਅਕਸਰ ਅਣਗੌਲੀਆਂ ਜਾਂਦੀਆਂ ਚੀਜ਼ਾਂ ਨੂੰ ਗੁਰਿੰਦਰ
ਸੰਵੇਦਨਮਈ ਬਣਾ ਦਿੰਦਾ ਹੈ। ਇਹ ਨਿੱਕੇ ਸਰੋਕਾਰ ਹੀ ਵੱਡੇ ਸਰੋਕਾਰਾਂ
ਨਾਲ ਜਾ ਜੁੜਦੇ ਹਨ। ਉਸ ਦੀ ਸ਼ਾਇਰੀ ਵਿਚ ਇਹਨਾਂ ਚੀਜ਼ਾਂ ਦੇ ਪ੍ਰਤੀਕ
ਗਹਿਰੇ ਅਰਥ ਧਾਰਨ ਕਰ ਜਾਂਦੇ ਹਨ।

ਇਕ ਸਵੇਰ

ਪੱਗ ਬੰਨਣ ਤੋਂ ਪਹਿਲਾਂ
ਜਦ ਪੱਗ ਦੇ ਰੰਗ ਬਾਰੇ ਮੈਂ ਪੁੱਛਿਆ
ਤਾਂ ਉੱਡ ਗਿਆ ਉਸਦੇ ਚਿਹਰੇ ਦਾ ਰੰਗ
ਤੇ ਹੋ ਗਿਆ ਪੂਣੀ

ਜਦੋਂ ਕਿਹਾ ਉਸਨੂੰ
ਕਰਵਾਉਣ ਲਈ ਪੂਣੀ
ਤਾਂ ਜਾਂਦਾ ਰਿਹਾ
ਉਸਦੀਆਂ ਬਾਹਾਂ ਦਾ ਸਾਹ ਸਤ

ਜਦ ਮੰਗੀ ਸਲਾਈ ਓਸ ਤੋਂ
ਲੜਾਂ ਨੂੰ ਠੀਕ ਕਰਨ ਲਈ
ਅਤੇ ਪਿੰਨਾਂ ਦੀ ਡੱਬੀ
ਤਾਂ ਡੁਬ ਡੁਬਾਈਆਂ ਉਸਦੀਆਂ ਅੱਖਾਂ

ਪੱਗ ਬੰਨਣ ਤੋਂ ਬਾਅਦ
ਜਦ ਕਿਹਾ ਉਸਨੂੰ ਵੇਖਣ ਲਈ
ਤਾਂ ਉਹ ਪਿੱਠ ਕਰੀ
ਇਕ ਛੈਲ ਛਬੀਲੇ ਦੀ ਫੋਟੋ ਵੱਲ
ਉਦਾਸ ਤੱਕਦੀ ਰਹੀ
ਮੇਰੀ ਭੈਣ ਵਿਧਵਾ
0
ਪੈਂਡੂਲਮ

ਜ਼ਿੰਦਗੀ ਹੰਝੂਆਂ ਤੇ ਮੁਸਕਾਨਾਂ ਵਿਚਕਾਰ
ਇਕ ਪੈਂਡੂਲਮ ਤਾਂ ਹੈ
ਪਰ
ਤੂੰ ਆਪਣੇ ਨਰਮ ਪੋਟਿਆਂ ਸੰਗ
ਇਸਨੂੰ ਹੰਝੂਆਂ ਵੱਲ ਹੀ
ਪਕੜ ਕੇ ਨਾ ਰੱਖ
ਇਸ ਨੂੰ ਛੱਡ ਦੇ
ਆਜ਼ਾਦ ਵਿਚਰਨ ਦੇ

ਤੈਨੂੰ ਕਸਮ ਹੈ
ਕਦੇ ਜੇ ਤੂੰ ਇਸਨੂੰ
ਮੁਸਕਾਨਾਂ ਵੱਲ ਵੀ
ਪਕੜਨ ਦੀ ਕੋਸ਼ਿਸ਼ ਕੀਤੀ
0
ਸੰਞ

ਤੂੰ ਗ਼ੁਲਾਬੀ ਚਿਹਰੇ ਨੂੰ
ਅੱਧਾ ਕੱਜ ਲਿਆ
ਜੋਗੀਆ ਰੰਗੇ ਪਰਦੇ ਨਾਲ
ਤੇ ਪਲਕਾਂ ਨੂੰ ਝੁਕਾਇਆ
ਤੂੰ ਬਾਹਵਾਂ ਪਸਾਰ
ਮੈਨੂੰ ਦਿੱਤਾ ਨਿੱਘਾ ਸੱਦਾ
ਡੂੰਘੀ ਮਦਹੋਸ਼ੀ
ਅਤੇ ਗੂੜੀ ਨੀਂਦ ਦੇ
ਭੋਰੇ ‘ਚ ਉਤਰਨ ਲਈ

ਤੂੰ ਕੰਨਾਂ ਵਿਚ ਘੋਲ ਦਿੱਤਾ
ਇਕ ਰਸਮਈ ਸੰਗੀਤ
ਸਾਰੇ ਦਿਨ ਦੀ
ਕੜਵਾਹਟ ਨੂੰ
ਭੁਲਾ ਦੇਣ ਲਈ
0
ਪੰਜ ਤੱਤ

ਹਵਾ ਮਿਲ ਜਾਏ ਹਵਾ ਵਿਚ
ਜਲ
ਜਲ ਵਿਚ

ਮਿੱਟੀ ਮਿਲ ਜਾਏ ਮਿੱਟੀ ਵਿਚ
ਅਗਨੀ
ਅਗਨੀ ਵਿਚ

ਮਿਲ ਜਾਏ ਖ਼ਿਲਾਅ ਵੀ
ਖ਼ਿਲਾਅ ਵਿਚ

ਪਰ ਐ ਕਵੀ!
ਕਿਤੇ ਤੇਰੇ ਸ਼ਬਦਾਂ ਦੇ ਕਣ
ਨਾ ਦਬ ਜਾਣ
ਮੁੜ ਸ਼ਬਦਾਂ ਦੇ ਥਲ ਵਿਚ।
0
ਵਿਆਹ ਤੋਂ ਪਹਿਲਾਂ ਕੁੜੀ

ਜਿਵੇਂ ਸਮੇਟਦੀ ਕੋਈ ਜਾਦੂਗਰਨੀ
ਅਪਣਾ ਤਾਣਾ ਬਾਣਾ
ਹੌਲੀ ਹੌਲੀ ਸਮੇਟ ਰਹੀ ਉਹ ਵੀ
ਪਿਆਰ ਪੁਰਾਣਾ

ਉਹ ਘੱਟ ਕਰ ਰਹੀ
ਹੋਏ ਬੀਤੇ ਰਿਸ਼ਤਿਆਂ ਦਾ ਮੋਹ
ਚਿਰਾਂ ਤੋਂ ਸਾਂਭੇ ਪੱਤਰ
ਫਾੜ ਰਹੀ ਉਹ
ਹੁਣ ਕਦੇ ਨਾ ਕਰਦੀ ਉਹ
ਕੋਈ ਲੰਬੀ ਫ਼ੋਨ ਕਾਲ
ਹੁਣ ਤਾਂ ਬੜੀ ਰੀਝ ਨਾਲ
ਉਹ ਪੇਂਟ ਕਰਦੀ ਸੀਨਰੀਆਂ
ਕੱਢਦੀ ਚਾਦਰਾਂ

ਸੰਵਾਰਦੀ ਖ਼ੁਦ ਨੂੰ
ਪਲਕਾਂ ‘ਚ ਤੈਰਦੇ
ਹੁਣ ਨਵੇਂ ਜੁਗਨੂੰ

ਬੜੇ ਘਟ ਗਏ ਬਜ਼ਾਰ ਦੇ ਗੇੜੇ
ਐਵੇਂ ਮਿਲ ਜਾਏਗਾ ਕੋਈ
ਉੱਧਰ ਦਾ
ਜਾਂ
ਇੱਧਰ ਦਾ…

ਉਹ ਸਮੇਟ ਰਹੀ ਸਾਰਾ ਕੁਝ
ਕਿਸੇ ਜਾਦੂਗਰਨੀ ਵਾਂਗ…
0
ਮਨ ਹੈ ਕਿ…

ਸਵੇਰ ਸਮੇਂ
ਕੜਾਕੇ ਦੀ ਠੰਢ ਨੂੰ ਰੋਕਦਾ
ਬੱਦਲਾਂ ਦਾ ਨਿੱਘ ਸੀ।

ਕੁਝ ਚਿਰ ਬਾਅਦ
ਕਿਣਮਿਣ-ਕਿਣਮਿਣ
ਧਰਤੀ ‘ਚੋਂ ਉੱਠੀ ਸੌਂਧੀ ਮਹਿਕ।

ਅਚਨਚੇਤ
ਬਰਸ ਪਏ ਗੜੇ
ਜਿਉਂ ਗੇਂਦਾਂ ਭੁੜਕਦੀਆਂ
ਹੁੰਦਾ
ਜਿਉਂ ਮੋਤੀਆਂ ਦਾ ਨਾਚ।

ਮੀਂਹ ਰੁਕਿਆ ਦੁਪਹਿਰੇ
ਚੱਲੀ ਤੇਜ਼ ਹਵਾ
ਬਾਬਾ ਬੋਹੜ ਕਰਦਾ ਸਾਂ ਸਾਂ
ਰੁੱੌਖ ਝਾੜਦੇ ਪੀਲੇ ਪੱਤਰ
ਖੇਤਾਂ ਦੀ ਮਿੱਟੀ ਦੇ ਨਾਂ।

ਫਿਰ ਨਿਕਲ ਆਈ ਅਚਾਨਕ
ਕੋਸੀ ਕੋਸੀ ਧੁੱਪ।

ਬੱਚੇ ਨਿਕਲ ਆਏ ਘਰੋਂ ਬਾਹਰ
ਉਡਾਉਣ ਪਤੰਗਾਂ
ਕੁੜੀਆਂ ਖੇਡਣ ਲਈ ਪੀਚੋ।

ਪਲ ਪਲ ਬਦਲਦੀ ਪ੍ਰਕਿਰਤੀ
ਆਪਣਾ ਰੰਗ ਰੂਪ
ਬਦਲਦੀ ਵਹਾਅ
ਤੇ ਆਪਣਾ ਸੁਭਾਅ।

ਪਰ ਮਨ ਹੈ ਕਿ
ਰਸਤਾ ਬਦਲ ਗਏ ਸੱਜਣਾਂ ‘ਤੇ
ਨਿੱਘ ਝੂਰਦਾ ਹੈ।
0
…ਮਾਚਿਸ ਲੱਭਦਿਆਂ

ਕੰਬਦੀ ਹੈ ਲਾਟ ਮਨ ਦੀ
ਅਕਸ ਬਣਾਉਂਦੇ ਨੇ ਕਲਪਿਤ ਚਿਹਰੇ
ਕਦੀ ਡਰਾਉਣੇ ਕਦੀ ਲੁਭਾਉਣੇ
ਸੁੱਤ ਉਣੀਂਦਰੇ ਵਿਚ
ਤ੍ਰਭਕਦੀਆਂ ਨੇ ਅੱਖਾਂ।

ਹੱਥ ਟਕਰਾਉਂਦੇ ਨੇ
ਵੱਖੋ-ਵੱਖਰੀਆਂ ਸ਼ੈਲਫ਼ਾਂ ‘ਤੇ
ਕਦੇ ਬਰਤਨਾਂ ਕਦੇ ਚੁੱਲੇ ਨਾਲ
ਕਦੇ ਆਟਾ ਢਕੀ ਪਲੇਟ ਨਾਲ
ਹੱਥ ਟਕਰਾਉਂਦੇ ਨੇ…।

ਟਟੋਲਦੇ ਨੇ
ਖੂੰਜੇ, ਗੋਲਾਈਆਂ, ਤਿਕੋਣਾਂ।

ਫਰੋਲਦੇ ਨੇ ਸਭ ਕੁਝ
ਮਾਚਿਸ ਲੱਭਦੇ
ਦਗ਼ਦੇ ਮਘਦੇ ਹੋਏ ਹੱਥ
ਜਾਣਦੇ
ਕਿ ਕਿਤੇ ਨਾ ਕਿਤੇ ਜ਼ਰੂਰ
ਹੈ ਸੁੱਤੀ ਅੱਗ।

ਅਚਾਨਕ ਜਗ ਪੈਂਦੇ ਨੇ
ਹੱਥ, ਚਿਹਰਾ, ਜਿਸਮ
ਘਿਸਰਦੀ ਹੈ ਤੀਲੀ ਮਾਚਿਸ ਨਾਲ।

ਕੰਬਦੀ ਹੈ ਲਾਟ ਮਨ ਦੀ
ਮਾਚਿਸ ਲੱਭਦਿਆਂ
ਹਨੇਰੇ ਵਿਚ।
0
ਪਲਕ ਦਾ ਵਾਲ

ਕਿੰਨੇ ਸਾਲਾਂ ਸਾਲ
ਬਾਕੀ ਦੇ ਵਾਲਾਂ ਨਾਲ
ਉਹ ਮੇਰੀ ਪਲਕ ‘ਤੇ ਸਜਿਆ ਰਿਹਾ
ਮੇਰੀ ਅੱਖ ਨੂੰ
ਧੂੜ-ਮਿੱਟੀ ਤੋਂ ਬਚਾਉਂਦਾ ਰਿਹਾ
ਮੈਂ ਵੀ ਸਵੇਰ ਸ਼ਾਮ ਉਸ ਨੂੰ ਧੋ ਦਿੰਦਾ
ਕਦੇ ਰੰਗੀਨ ਐਨਕ ਦੀ ਕਰਦਾ ਛਾਵਾਂ

ਅੱਜ ਅਚਨਚੇਤ ਹੀ
ਹੋ ਗਿਆ ਉਹ ਟੇਢਾ ਜਿਹਾ
ਮੇਰੀ ਅੱਖ ਨੂੰ ਵੀ ਲੱਗਿਆ ਕੁਝ ਓਪਰਾ
ਟੁੱਟ ਕੇ ਜਦ ਪੋਟਿਆਂ ਵਿਚ ਆ ਗਿਆ
ਮੇਰੀ ਪਲਕ ਦਾ ਵਾਲ

ਕਿੰਨੀ ਦੇਰ
ਉਸ ਟੁੱਟੇ ਹੋਏ ਵਾਲ ਨਿੱਕੜੇ ਨੂੰ
ਮੈਂ ਉਂਗਲਾਂ ਦੇ ਪੋਟਿਆਂ ‘ਚ
ਰਿਹਾ ਘੁੰਮਾਉਂਦਾ
ਉਸ ਦੀ ਸਫ਼ੇਦ ਜੜ ਨੂੰ ਵੇਖਦਾ
ਪਰਖਦਾ।

ਅਚਾਨਕ ਫਿਸਲ ਗਿਆ ਉਹ
ਮੇਰੇ ਪੋਟਿਆਂ ‘ਚੋਂ ਵੀ।

ਮੈਂ ਪੋਟਿਆਂ ‘ਚ ਘੁੰਮਾਉਂਦਾ
ਉਸ ਨੂੰ ਪਿਆਰ ਕਰਦਾ ਸਾਂ
ਜਦੋਂ ਮੇਰੀ ਪਲਕ ਉੱਤੇ ਸੀ ਉਹ
ਮੈਂ ਉਸ ਨੂੰ ਪਿਆਰ ਕਰਦਾ ਸਾਂ
ਜਦੋਂ ਮੇਰੇ ਕੋਲ ਨਹੀਂ ਉਹ
ਮੈਂ ਉਸ ਨੂੰ ਪਿਆਰ ਕਰਦਾ ਹਾਂ
ਮੈਂ ਉਸ ਨੂੰ ਯਾਦ ਕਰਦਾ ਹਾਂ।

ਮੇਰੀ ਪਲਕ ਦਾ ਵਾਲ
ਮੇਰੇ ਮਿੱਤਰ ਜਿਹਾ।
0
ਲਾਇਵ ਵਾਇਰ

ਜਿਊਂਦੀ ਤਾਰ ਹਾਂ ਮੈਂ
(ਲਾਇਵ ਵਾਇਰ)
ਬੇਨਕਾਬ ਚਿਹਰੇ ਵਾਲੀ
(ਸਿਰੇ ਤੋਂ ਛਿੱਲੀ ਹੋਈ)

ਧੜਕਦਾ ਹੈ ਕਰੰਟ
ਮੇਰੇ ਅੰਦਰ
ਧੜਕਦੀ ਜ਼ਿੰਦਗੀ
ਉੱਠਦੀਆਂ ਚੰਗਿਆੜੀਆਂ

ਮੇਰੀ ਛੋਹ ਨਾਲ
ਧੜਕ ਉੱਠਦੀਆਂ ਮਸ਼ੀਨਾਂ
ਹੁੰਦੀ ਰੌਸ਼ਨੀ
ਘੁੰਮਦੇ ਪਹੀਏ
ਤੁਰਦੀ ਜ਼ਿੰਦਗੀ

ਜਿਊਂਦੀ ਤਾਰ ਹਾਂ ਮੈਂ
ਧਿਆਨ ਨਾਲ ਪਕੜਨਾ ਮੈਨੂੰ
ਪਿਆਰ ਨਾਲ ਕਰਨਾ ਵਰਤਾਓ

ਗੁਣ ਵੀ ਨੇ ਮੇਰੇ ਅੰਦਰ
ਔਗੁਣ ਵੀ
ਜ਼ਿੰਦਗੀ ਦਾ ਰਸ ਵੀ
ਮੌਤ ਦੀ ਭਿਆਨਕਤਾ ਵੀ

ਮੈਂ ਹਉਮੈ ਗ੍ਰਸੇ ਬੰਦੇ ਵਾਂਗ
ਸਿਰਫ਼ ਦੇਵਤਾ ਨਹੀਂ
ਦੈਂਤ ਵੀ ਹਾਂ ਮੈਂ
ਦੇਵਤਾ ਵੀ

ਮੈਂ ਮੁਰਦਾ ਤਾਰ ਨਹੀਂ
ਨਾ ਉਦਾਸੀਨ
ਜਿਊਂਦੀ ਤਾਰ ਹਾਂ ਮੈਂ
ਲਾਇਵ ਵਾਇਰ
0
ਨਿੱਕੀ ਕਿਰਲੀ ਦਾ ਘਰ ਕਿੱਥੇ?

ਨਿੱਕੀਏ ਕਿਰਲੀਏ ਨੀ!
ਆਪਣੇ ਬੱਚਿਆਂ ਦੀ ਖ਼ਾਤਿਰ
ਮਾਰ ਰਿਹਾ ਹਾਂ ਤੈਨੂੰ।

ਛੱਡ ਵੀ ਦੇਵਾਂ
ਪਰ ਚਿੱਟੇ ਸੰਗਮਰਮਰੀ ਫ਼ਰਸ਼ ‘ਤੇ
ਚਮਕ ਪਵੇਂਗੀ ਤੂੰ।
ਨਹੀਂ ਛੁਪ ਸਕੀਗੀ
ਲਿਸ਼ਕਦੀਆਂ ਦੀਵਾਰਾਂ ਉੱਤੇ

ਡਰ ਜਾਣਗੇ ਬੱਚੇ
ਨਹੀਂ ਵੜਨਗੇ ਬਾਥਰੂਮ ਅੰਦਰ
ਨਹੀਂ ਨਹਾਉਣਗੇ
ਸਾਰਾ ਦਿਨ ਮਚਿਆ ਰਹੇਗਾ
ਕੁਹਰਾਮ।

ਨਿੱਕੀਏ ਕਿਰਲੀਏ ਨੀ!
ਤੂੰ ਵੀ ਬੱਚੀ ਹੈਂ ਕਿਸੇ ਦੀ
ਮੈਂ ਕੁਦਰਤ ਦਾ ਕਵੀ
ਪਿਆਰ ਕਵਿਤਾਵਾਂ ਲਿਖਣ ਵਾਲਾ
ਆਪਣੇ ਬੱਚਿਆਂ ਦੀ ਖ਼ਾਤਿਰ
ਮਾਰ ਰਿਹਾ ਹਾਂ ਤੈਨੂੰ
0
ਕੁਦਰਤ ਦੀ ਚਿੱਤਰਕਾਰੀ

ਕੱਲ ਰਾਤ ਸੈਰ ਕਰਦਿਆਂ
ਤੇਜ ਰੌਸ਼ਨੀ
ਅੱਖਾਂ ਚੁੰਧਿਆ ਗਈ
ਅਚਾਨਕ ਫਿਰ ਹਨੇਰਾ
ਅੱਖਾਂ ਪਥਰਾ ਗਿਆ

ਫਿਰ ਕੁਝ ਨਾ ਦਿਸਿਆ
ਸਿਵਾਏ ਨੱਚਦੇ ਭੰਬੂ-ਤਾਰਿਆਂ ਤੋਂ
ਪਰ ਤੁਰਦਾ ਰਿਹਾ ਮੈਂ

ਫਿਰ ਹੋਸ਼ ਪਰਤੀ
ਤਾਂ ਹੇਠ ਪੈਰਾਂ ਕੋਲ ਨਜ਼ਰ ਆਏ
ਕੁਝ ਵਿਲੱਖਣ ਡਿਜ਼ਾਈਨ

ਸੋਚਿਆ ਕਿ ਧਰਤੀ ‘ਤੇ ਇੰਜ
ਕੌਣ ਕਰ ਗਿਆ ਚਿੱਤਰਕਾਰੀ?

ਉੱਤੇ ਤੱਕਿਆ
ਤਾਂ ਸਿਰ ਉੱਤੇ ਇਕ ਰੁੱਖ ਸੀ
ਚੰਨ-ਚਾਨਣੀ ਨਾਲ ਗੁਫ਼ਤਗੂ ਕਰਦਾ
ਤੇ ਮੇਰੇ ਪੈਰਾਂ ਕੋਲ ਸੀ
ਚੰਨ-ਚਾਨਣੀ ਨਾਲ ਬਣੀ
ਉਸ ਦੀ ਚਿਤਕਬਰੀ ਛਾਂ।
0
ਪ੍ਰਤੀਕਾਂ ਦੇ ਆਰ ਪਾਰ

ਬਜਰੀ ਦੇ ਢੇਰ ਉੱਤੇ
ਅਚਨਚੇਤ
ਆਣ ਬੈਠੀ ਇਕ ਤਿਤਲੀ

ਫੁੱਲਾਂ ਉੱਤੇ ਘੁੰਮਣ ਵਾਲੀ
ਮਹਿਕਾਂ ਜਾਈ
ਰਸ ਦੀਆਂ ਬੂੰਦਾਂ ਚੂਸਣ ਵਾਲੀ

ਬਜਰੀ ਦੇ ਪੱਥਰਾਂ ‘ਚੋਂ
ਕੀ ਪਈ ਭਾਲੇ?

ਅਜੇ ਤਾਂ ਬਸ ਪ੍ਰਤੀਕਾਂ ਰਾਹੀਂ
ਗੱਲ ਨਿਬੇੜਾਂ
ਮੇਰੇ ਮਨ ਦੀ ਤਿਤਲੀ
ਤੇਰੇ ਪੱਥਰ ਦਿਲ ‘ਤੇ ਆ ਬੈਠੀ ਹੈ।
0
ਟਰੇਨ

ਜ਼ਿੰਦਗੀ ਦੇ ਮੁਸਾਫ਼ਰਖ਼ਾਨੇ ‘ਚ ਬੈਠੀ ਮਾਂ
ਕਿੰਨੀ ਉਦਾਸ ਹੈ।

ਉਸ ਦੇ ਚੁਪਾਸੇ ਭੀੜ ਹੈ
ਥਾਂ ਨਹੀਂ ਤਿਲ ਧਰਨ ਨੂੰ
ਪਰ ਉਹ ਇਕੱਲੀ ਹੈ।

ਜ਼ਿੰਦਗੀ ਦਾ ਰੌਲਾ-ਰੱਪਾ ਹੈ
ਭੱਜ-ਦੌੜ ਹੈ
ਪਰ ਉਹ ਸਥਿਰ ਹੈ।

ਆਪਣੇ ਹੀ ਉਸ ਲਈ ਅਜਨਬੀ ਹਨ
ਉਹ ਅਜਨਬੀਆਂ ਵਾਂਗ ਹੀ ਫੜਦੀ ਹੈ
ਚਾਹ ਦਾ ਕੱਪ
ਰੋਟੀ ਦੀ ਥਾਲੀ
ਜਿਵੇਂ ਟਰੇਨ ‘ਚ ਡਰਦਾ ਹੈ ਕੋਈ
ਕਿਸੇ ਤੀ ਬਿਸਕੁਟ ਜਾਂ ਟਾਫ਼ੀ ਲੈਣ ਤੋਂ
ਕਿਸੇ ਨਾਲ ਗੱਲ ਕਰਨ ਤੋਂ।

ਬਦਲ ਗਏ ਨੇ ਪੱਧਰ ਸੋਚ ਦੇ
ਕੀ ਕਰਨਗੇ ਬੱਚੇ ਉਸ ਨਾਲ ਗੱਲਬਾਤ
ਉਹ ਤਾਂ ਮੁਬਾਇਲ ਦੀ ਡੱਬੀ ‘ਚ
ਬੰਦ ਹੋਣ ਲਈ ਤਿਆਰ ਨੇ
……….ਤੇ ਮਾਂ
ਅਮੁੱਕ ਸਫ਼ਰ ਦੀ ਤਿਆਰੀ ‘ਚ ਬੈਠੀ
ਕਰ ਰਹੀ ਹੈ ਉਡੀਕ
ਇਕ ਕਾਲੇ ਮੂੰਹ ਵਾਲੀ ਟਰੇਨ ਦੀ।
0
ਜਨੂੰਨ

ਜਦੋਂ ਲੱਗਦੀ ਉਸ ਨੂੰ ਪਿਆਸ
ਤਾਂ ਪਾਣੀ ਨਹੀਂ
ਉਹ ਲਹੂ ਮੰਗਦੀ

ਪਾਣੀ ਤਾਂ
ਉਸ ਦੇ ਤਨ ਉੱਤੇ ਵਗਦਾ
ਪਾਣੀ ਤਾਂ
ਉਸ ਦੇ ਅੰਗ ਸਮਾਇਆ
ਉਸ ਦੇ ਗਰਭ ਵਿਚ
ਪਾਣੀ ਹੀ ਪਾਣੀ

ਜਦੋਂ ਭੜਕਦੀ ਪਿਆਸ
ਥਾਂ ਥਾਂ ਉੱਗ ਆਉਂਦੇ
ਉਸ ਦੇ ਕਲਪਿਤ ਹੋਂਠ

ਹੁਸੀਨ ਵਾਦੀ ਬਣ ਜਾਂਦੀ ਕਤਲਗਾਹ
ਪੰਜ ਦਰਿਆਵਾਂ ‘ਚ ਘੁਲ ਜਾਂਦਾ ਲਹੂ
ਗ਼ਲਾਂ ‘ਚ ਬਲਦੇ ਟਾਇਰ ਪੈਂਦੇ
ਗਰਕ ਜਾਂਦੀਆਂ
ਗਗਨ-ਚੁਬੰਬੀ ਇਮਾਰਤਾਂ
ਪਾਟ ਜਾਂਦਾ
ਖ਼ੁਦ ਇਸ ਦਾ ਆਪਣਾ ਸੀਨਾ

ਜਦੋਂ ਲੱਗਦੀ ਉਸ ਨੂੰ ਪਿਆਸ
ਤਾਂ ਪਾਣੀ ਨਹੀਂ
ਉਹ ਲਹੂ ਮੰਗਦੀ।
0
ਮਨੀ ਪਲਾਂਟ

ਚਾਹੁੰਦੀ ਹੈ ਮਾਂ
ਕਿ ਘਰ ਲੱਗਣ
ਮਨੀ ਪਲਾਂਟ ਦੀਆਂ ਵੇਲਾਂ

ਚਾਹੁੰਦੀ ਹੈ ਮਾਂ
ਕਿ ਲੱਗਣ ਨਾਲ ਮਨੀ ਪਲਾਂਟ
ਪੁੱਤ ਕੋਲ ਵਧਣ ਪੈਸੇ

ਹਰ ਵਾਰ
ਲਿਆਉਂਦੀ ਹੈ ਨਵੀਂ ਟਹਿਣੀ
ਹਰ ਵਾਰ
ਸੁੱਕ ਜਾਂਦੀ ਹੈ ਟਹਿਣੀ

ਕਦੀ ਗੁਆਂਢ ‘ਚੋਂ
ਕਦੀ ਪਾਰਕ ‘ਚੋਂ
ਕਦੀ ਗੁਰਦੁਆਰਿਓਂ
ਚੁਰਾ ਲਿਆਉਂਦੀ ਹੈ
ਮਨੀ ਪਲਾਂਟ ਦੀਆਂ ਟਹਿਣੀਆਂ

ਦੱਸਦੀ ਹੈ ਹੌਲੀ ਜਿਹੇ
ਕਿ ਚੋਰੀ ਦੀ ਹੀ ਉੱਗਦੀ ਹੈ
ਮਨੀ ਪਲਾਂਟ

ਪਰ
ਨਹੀਂ ਲੱਗਦੀ ਮੇਰੇ ਘਰ
ਵੇਲ ਮਨੀ ਪਲਾਂਟ ਦੀ।
0

No comments yet»

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: