ਨਾਦ

contemporary punjabi poetry

ਸੇਵਾ ਸਿੰਘ ਭਾਸ਼ੋ

ਰਾਮ ਸਿੰਘ ਚਾਹਲ, ਗੁਰਪ੍ਰੀਤ, ਦੇਵਨੀਤ ਤੋਂ ਬਾਅਦ ਸੇਵਾ ਸ਼ਿੰਘ
ਭਾਸ਼ੋ ਮਾਨਸੇ ਦੀ ਮਿੱਟੀ ਵਿਚੋਂ ਖਿੜਿਆ ਚੌਥਾ ਫੁੱਲ ਹੈ ਜਿਸਦੀ ਕਵਿਤਾ
ਦੀ ਆਪਣੀ ਤਾਸੀਰ ਹੈ, ਆਪਣਾ ਰੰਗ ਤੇ ਜਲੌ ਹੈ। ਉਸਦੀ ਕਵਿਤਾ
ਵਿਚ ਪ੍ਰੋ. ਪੂਰਨ ਸਿੰਘ ਦੀ ਅਲਬੇਲੀ ਤਬੀਅਤ ਵਰਗਾ ਕੁਝ ਹੈ ਜੋ ਸ਼ਬਦ-
ਯੋਗ ਦੇ ਰਾਹਾਂ ਦਾ ਹਮਸਫ਼ਰ ਹੋ ਤੁਰਦਾ ਹੈ। ਖੜਾਵਾਂ, ਮੁੰਦਰਾਂ, ਛਾਤੀਆਂ,
ਦੁੱਧ ਉਹਦੇ ਮੌਲਿਕ ਚਿਹਨ ਹਨ। ਉਹਦੇ ਸ਼ਬਦ ਮਾਂ ਦੀਆਂ ਛਾਤੀਆਂ
ਵਰਗੇ ਪਵਿੱਤਰ, ਦੁੱਧ ਵਰਗੇ ਸੁੱਚੇ ਤੇ ਕਿਸੇ ਯੋਗੀ ਦੀ ਸਮਾਧੀ ਵਰਗੇ
ਉੱਚੇ ਹਨ। ਉਹ ਕੁਦਰਤ ਤੇ ਮਨੁੱਖ ਦਾ ਆਸਥਾਵਾਨ ਹੈ। ਖਿੜਕੀ ‘ਚੋਂ
ਆਉਂਦੀ ਧੁੱਪ ਉਹਦੇ ਖਿੱਲਰੇ ਵਰਕਿਆਂ ਦੀ ਗੱਭਣ ਸ਼ਬਦਾਵਲੀ ‘ਤੇ ਵੀ
ਪੈਂਦੀ ਹੈ। ਬਿੱਠਾਂ ‘ਚੋਂ ਉਹ ਕਈ ਰੁੱਖਾਂ ਦਾ ਆਦਿ ਲੱਭ ਲੈਂਦਾ ਹੈ। ਪੇਸ਼ ਹੈ
ਇਸ ਨਿਵੇਕਲੇ ਸ਼ਾਇਰ ਦੀ ਆਈ ਇੱਕੋ ਇੱਕ ਪੁਸਤਕ ‘ਸ਼ਬਦ-ਯੋਗ’ ‘ਚੋਂ
ਸ਼ਾਇਰੀ ਦੀ ਝਲਕ:

ਸ਼ਬਦ ਕਾਰਣ

ਸ਼ਬਦ ਕਾਰਣ ਮਨੁੱਖ
ਮਨੁੱਖ ਹੈ
ਸ਼ਬਦ ਕਾਰਣ ਹੀ ਮਨੁੱਖ
ਪ੍ਰਾਣੀਆਂ ‘ਚੋਂ ਉੱਤਮ

ਸ਼ਬਦ ਕਾਰਣ
ਮਨੁੱਖ ਸ਼ਬਦ-ਘਰ ਆਉਂਦਾ
ਹਰਿਮੰਦਰ ਸਾਹਿਬ ਆਉਂਦਾ
ਸਿਰ ਨਿਵਾਉਂਦਾ
ਹੋ ਜਾਂਦਾ-
ਖ਼ੁਦਾ ਜਿਹਾ
ਸ਼ਬਦ ਜਿਹਾ
ਨਿਰਭਉ ਤੇ ਨਿਰਵੈਰ

ਪਲ ਭਰ ਲਈ ਬਣ ਜਾਂਦਾ
ਅਕਾਲ-ਪੁਰਖ ਦੀ ਸ਼ਾਨ
ਤੇ ਕੋਈ ਜੀਅ ਮਹਾਨ

ਸ਼ਬਦ ਕਾਰਣ ਹੀ ਲੰਗਰ ਛਕਦਿਆਂ
ਮੰਨੂੰ ਵਿਚਾਰੇ ਦੀਆਂ ਜਾਤਾਂ ਟੂੱਟਣ…

ਸ਼ਬਦ ਕਾਰਣ ਹੀ ਏਥੇ-
ਰਾਗ ਇਲਾਹੀ
ਜੋਤ ਇਲਾਹੀ
ਤੇ ਹੁੰਦਾ ਮਨੁੱਖ ਨਿਹਾਲ

ਸਬਰ-ਸੰਜਮ ਨੂੰ ਝੋਲੀ ਭਰ ਕੇ
ਘਰ ਮੁੜ ਜਾਵੇ
ਪੋਥੀ ਪੜ ਕੇ
ਬਾਬਾ ਪੜ ਕੇ
ਸ਼ਬਦ ਨੂੰ ਆਪਣੇ ਮਨ ਵਸਾਵੇ
ਭਲਾ ਮੰਗ ਸਰਬੱਤ ਦਾ
ਕੋਈ ਲਾਲੋ ਜਿਹਾ ਬਣ ਜਾਵੇ

ਸ਼ਬਦ ਕਾਰਣ ਹੀ
ਮਨੁੱਖ ਦੇ ਨਿਆਰੇ-ਪਿਆਰੇ ਰੰਗ
ਤਵੀਆਂ-
ਤੱਤੀਆਂ
ਤੇ ਚੌਂਕ-
ਚਾਂਦਨੀ
ਜਾਂ ਬੁੱਢਾ ਬਾਬਾ-
ਮਹਾਂ-ਗ੍ਰੰਥੀ
ਸ਼ਬਦ ਕਾਰਣ ਹੀ

ਸ਼ਬਦ ਕਾਰਣ ਹੀ
ਗ੍ਰੰਥ ਜਿਉਂਦਾ ਰੱਖਦੇ-
ਮਨੁੱਖ ਨੂੰ
ਮਨੁੱਖ ਦੀ ਚੁੱਪ ਨੂੰ…
0
ਸ਼ਬਦ-ਘਰ

ਸ਼ਬਦ ਕਾਰਣ
ਇਹ ਘਰ-
ਸ਼ਬਦ-ਘਰ
ਅਕਾਲ-ਪੁਰਖ ਦਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਲਾ
ਗੁਰੂਆਂ ਵਾਲਾ
ਬਾਬਿਆਂ ਵਾਲਾ
ਤੇ ਬਾਬੇ ਬੁੱਢੇ ਦੀ ਬੇਰੀ ਵਾਲਾ ਵੀ

ਇਹ ਘਰ-
ਬਖ਼ਸ਼ਦਾ-ਉਪਦੇਸ਼ਦਾ
ਸੁੱਚਤਾ-ਉੱਚਤਾ-ਹਿੰਮਤ
ਤੇ ਸਰਬ ਕਲਿਆਣ ਲਈ
ਹਿਰਦੇ ਨੂੰ ਸਾਗਰ-ਵਿਸ਼ਾਲਤਾ

ਇਸ ਘਰ ਬਾਰੇ
ਬੁਰਾ ਚਿਤਵਣਾ
ਬੁਰਾ ਲਿਖਣਾ
ਤੇ ਬੁਰਾ ਕਰਨਾ
ਹੈ ਅਣਹੋਣੀਆਂ ਵਰਗਾ
ਇੱਥੇ ਨਿਵਾਸ ਕਰਨਾ ਜਾਂ ਹਮਲਾ ਕਰਨਾ
ਇਤਿਹਾਸਕ-ਗਲਤੀਆਂ ਕਰਨਾ-ਦੁਹਰਾਉਣਾ
ਖ਼ਤਰੇ ਨੂੰ ਜੱਫੀ ਪਾਉਣਾ
ਤੇ ਪੁੱਛਦਾ ਕਬਰਾਂ-ਸਿਵਿਆਂ ਦਾ ਰਾਹ

ਇਸ ਤੋਂ ਨਹੀਂ ਬਚ ਸਕਿਆ ਕੋਈ
ਸ਼ਬਦ-ਸ਼ਕਤੀ ਕਾਰਣ
ਕੋਈ ਹੰਕਾਰੀ ਵਿਅਕਤੀ
ਰੰਘੜ ਜਾਂ ਰਾਣੀ
ਜਾਂ ਕਹਿੰਦਾ-ਕਹਾਉਂਦਾ ਕੋਈ ਹੋਰ ਅੜਬ…

ਧੰਨ ਧੰਨ ਇਹ ਘਰ-
ਸ਼ਬਦ-ਮੰਦਰ ਸ੍ਰੀ ਹਰਿਮੰਦਰ ਸਾਹਿਬ
ਸ਼ਾਂਤੀ ਦਾਤਾ ਸਰਬ-ਸੁਖ-ਦਾਤਾ
ਤੇ ਮਨੁੱਖ ਲਈ ਚਾਨਣ-ਮੁਨਾਰਾ ਕੀਰਤਨ-ਭੰਡਾਰਾ
ਸ਼ਬਦ ਕਾਰਣ ਹੀ
0
ਖੜਾਵਾਂ

ਜਿਉਂਦੇ-ਵਸਦੇ ਰਹਿਣ –
‘ਖੜਾਵਾਂ’ ਸ਼ਬਦ ਸੋਚਣ ਵਾਲੇ ਸਿਰ
ਖੜਾਵਾਂ ਬਣਾਉਣ ਵਾਲੇ ਹੱਥ

ਖੜਾਵਾਂ ਅਸੀਸਦੀਆਂ-
ਜਿਉਂਦੇ-ਵਸਦੇ ਰਹੋ
ਚੁੱਲਿਆਂ ਦੀ ਸੁੱਖ ਮਨਾਉ
ਖੁਰਲੀਆਂ ਦੀ ਸੇਵ ਕਮਾਉ
ਆਲਣਿਆਂ ਦੀ ਖ਼ੈਰ ਮਨਾਉ

ਖੜਾਵਾਂ-
ਨਾ ਕਰਦੀਆਂ ਖੜ-ਖੜ
ਨਾ ਕਹਿੰਦੀਆਂ ਖੜ-ਖੜ
ਸਗੋਂ ਕਹਿੰਦੀਆਂ-
ਤੁਰ-ਤੁਰ
ਚੜ-ਚੜ
ਹੋਰ ਜ਼ਿਆਦਾ ਤੁਰ
ਹੋਰ ਉੱਚਾ ਚੜ
ਅੰਦਰ ਝਾਤੀ ਮਾਰ

ਖੜਾਵਾਂ-
ਜੰਗਲ ਦਾ
ਰੁੱਖ ਦਾ
ਪੌਣ ਦਾ
ਪਾਣੀ ਦਾ
ਧੁੱਪ ਦਾ
ਅਦੁੱਤੀ ਪਰਛਾਵਾਂ

ਖੜਾਵਾਂ-
ਸਫ਼ਰ ਦਾ
ਚਿੰਤਨ ਦਾ
ਮਨੁੱਖ ਦਾ
ਸੁੱਚਾ ਸਿਰਨਾਵਾਂ
ਸੱਚਾ ਸਿਰਨਾਵਾਂ

ਖੜਾਵਾਂ ਬਣਾਉਂਦੀਆਂ ਮਨੁੱਖ ਨੂੰ
ਯੁੱਗ-ਪੁਰਸ਼
ਮਨੁੱਖ ਬਣਾਉਂਦਾ ਖੜਾਵਾਂ ਨੂੰ
ਪੂਜਾ-ਯੋਗ
0
ਘਰ

ਘਰਾਂ ਖ਼ਾਤਰ
ਯੁੱਗ-ਪੁਰਸ਼ ਘੁੰਮਦੇ ਰਹਿੰਦੇ…

ਉਦਾਸੀਆਂ-ਆਰਤੀਆਂ ਕਰਦੇ-ਉਤਾਰਦੇ
ਸਹਿਜ-ਸਹਿਜ ਵਹਿੰਦੇ ਦਰਿਆਵਾਂ ਵਾਂਗ
ਸ਼ੁਕਰ-ਸ਼ੁਕਰ ਆਖਦੇ-ਉਪਦੇਸ਼ਦੇ :
ਸਾਰਾ ਬ੍ਰਹਿਮੰਡ ਹੀ ਘਰ ਹੈ
ਸਾਰੇ ਖੰਡ-ਬ੍ਰਹਿਮੰਡ ਵੀ ਘਰ…

ਘਰ ਤੋਂ ਕੌਣ ਹੈ ਛੋਟਾ?
ਘਰ ਤੋਂ ਕੌਣ ਹੈ ਵੱਡਾ??
ਘਰ ਤੋਂ ਵੱਡਾ ਨਾ ਹੋਇਆ ਜਾਂਦਾ
ਘਰ ਤੋਂ ਛੋਟਾ ਨਾ ਹੋਇਆ ਜਾਂਦਾ
ਨਾ ਘਰ ਬਦਖੋਇਆ ਜਾਂਦਾ

ਘਰ ਨਹੀਂ ਪੈਦਾ ਕੀਤਾ ਜਾ ਸਕਦਾ
ਪੀੜ-ਦਰ-ਪੀੜੀ ਤੁਰਿਆ ਆਉਂਦਾ
ਘਰ
ਮਨੁੱਖੀ-ਮੋਹ ‘ਚੋਂ
ਘਰ ਦੀ ਭਾਸ਼ਾ ਬਾਹਰ ਘੁੰਮਦੀ
ਘਰ ਦੀ ਲਿਪੀ ਘਰੇ ਹੀ ਰਹਿੰਦੀ
ਘਰ-ਲਿਪੀ ‘ਚ ਉਤਰੇ ਕੋਈ ਕੋਈ
ਵਿਅਕਤੀ ‘ਚੋਂ ਘਰ ਬੋਲਦਾ
ਘਰ ‘ਚੋਂ ਹੀ ਵਿਅਕਤੀ ਬੋਲਦਾ
ਘਰ-ਪ੍ਰੀਭਾ²ਸ਼ਾ :
ਤਾਂ ਹੈ
ਇਕ ਮੋਹ-ਸਤਿਕਾਰ
ਇਕ ਸੁਪਨ-ਸੰਸਾਰ
ਘਰ ਤੋਂ ਸ਼ੁਰੂ ਹੁੰਦਾ ਇਕ ਸਫ਼ਰ
ਘਰ ‘ਚ ਆ ਸਿਮਟਦਾ ਉਹੀ ਸਫ਼ਰ
ਖੜਾਵਾਂ ਬਣ ਘਰਾਂ ਖ਼ਾਤਰ
ਘਰ-
ਆਦਿ-ਕੋਸ਼ਿਸ਼
ਘਰ ਨੂੰ ਸਮਝਣਾ-ਸੰਭਾਲਣਾ
ਗਰਭ-ਗੁਫ਼ਾ ਨੂੰ ਸੁੱਚਾ ਰੱਖਦਾ
ਆਪਣੀ ਸੋਚ ਨੂੰ ਸੁੱਚਾ ਰੱਖਣਾ
ਤੇ ਆਪਣੇ ਅੰਗਾਂ ਨੂੰ ਉੱਚਾ ਰੱਖਣਾ

ਘਰ-
ਗਲੋਬ ਦਾ ਸਿਖਰਲਾ ਸੱਚ
ਮਨੁੱਖ ਲਈ ਸਿਖਰਲਾ ਸੱਚ
ਮਨੁੱਖ ਲਈ ਆਦਿ-ਵਿਹਾਰ
ਤੇ ਮਨੁਖ ਲਈ ਅੰਤਿਮ-ਫ਼ਲਸਫ਼ਾ
0
ਸ਼ਬਦ-ਯੋਗ

ਮਨੁੱਖ ਦੇ ਮੱਥੇ ‘ਚ ਸ਼ਬਦ-ਯੋਗ ਹੁੰਦਾ
ਹਰ ਮਨੁੱਖ ‘ਚ ਹੀ ਹੁੰਦਾ
ਮੈਂ ਵੀ ਕੋਈ ਮਨੁੱਖ-ਰੂਪ…

ਮੇਰੇ ਮੱਥੇ ‘ਚ ਵੀ ਸ਼ਾਇਦ ਸ਼ਬਦ-ਯੋਗ

ਉਮਰ ਬਣਾਉਂਦੇ-ਅਖਵਾਉਂਦੇ ਨੇ ਸਾਹ

ਸਾਹ ਭੋਗ ਰਿਹਾਂ
ਇੱਕ-ਇੱਕ ਕਰਕੇ
ਹਰ ਸਾਹ ਮੇਰੀ ਉਮਰ ‘ਚ ਜੁੜ ਜਾਂਦਾ
ਹਰ ਸਾਹ ਨਾਲ ਹੀ ਮੇਰੀ ਉਮਰ ਹੋਰ ਵਧਦੀ

ਮੈਂ ਜਿਉਂਦਿਆਂ-ਜਾਗਦਿਆਂ ਤੇ ਸੁਚੇ ਹੁੰਦਿਆਂ
ਆਪਣੇ ਹਰ ਸਾਹ ‘ਚੋਂ ਵੇਖਦਾ
ਆਪਣੇ ਹਰ ਅੰਗ ‘ਚੋਂ ਵੇਖਦਾ-
ਮਾਂ ਦੀ ਮਾਂ ਦੀ ਮਾਂ ਦੀ … ਪੀੜੀਆਂ ਵੱਲ
ਪਿਉ ਦੇ ਪਿਉ ਦੇ ਪਿਉ ਦੇ… ਹੋਰ ਪਿੱਛੇ ਵੱਲ
ਮਾਂ ਮੇਰੇ ਤਨ-ਮਨ ‘ਚ
ਪਿਉ ਮੇਰੇ ਕਣ-ਕਣ ‘ਚ

ਮੈਂ ਵੇਖਦਾ
ਸੱਤਰੰਗੀ ਪੀਂਘ ‘ਚੋਂ-
ਪੌਣ, ਸਮੁੰਦਰ, ਬੱਦਲ, ਸੂਰਜ ਤੇ ਰੰਗ
ਬਨਸਪਤੀ ‘ਚੋਂ-
ਮਿੱਟੀ, ਬੱਦਲ, ਖਣਿਜ, ਢਿੱਡ, ਧੁੱਪ ਤੇ ਬੰਸਰੀਆਂ
ਕੁਰਸੀ, ਕਿਸ਼ਤੀ, ਬੰਦੂਕ, ਚੁੱਲਾ, ਡਾਂਗ ਤੇ ਡੰਗੋਰੀਆਂ
ਗੰ੍ਰਥਾਂ ‘ਚੋ-
ਸਿਆਹੀ ਤੇ ਰੁੱਖ
ਕਾਇਨਾਤ, ਸ਼ਬਦ ਤੇ ਹੱਥ
ਤੇ ਚਿੰਤਨ ਵਾਲਾ ਮਨੁੱਖ

ਤੇ ਗ੍ਰੰਥ-
ਕੋਈ ਸਾਂਭਿਆ ਹੋਇਆ ਸਮਾਂ ਹੁੰਦਾ
ਕੋਈ ਸਾਂਭਿਆ ਹੋਇਆ ਮਨੁੱਖ-ਰੂਪ ਹੁੰਦਾ
ਕੋਈ ਸਾਂਭਿਆ ਹੋਇਆ ਸ਼ਬਦ-ਯੋਗ ਹੁੰਦਾ

ਅਕਸਰ ਹੀ ਕਈਆਂ ਦੇ ਮੱਥੇ
ਉਲਝਾਅ ਲੈਂਦੀ
ਮੱਥੇ ਉੱਪਰ ਕਬਜ਼ਾ ਕਰ ਲੈਂਦੀ
ਭੋਗਣ-ਅੰਗਾਂ, ਚੁੱਲਿਆਂ ਤੇ ਲੰਗੜੀਆਂ ਜਿੰਮੇਵਾਰੀਆਂ ਦੀ
ਕੋਈ ਅਮਰਵੇਲ ਜਿਹੀ

ਸ਼ਬਦ-ਯੋਗ ਕਾਰਣ ਹੀ
ਚਿੰਤਨ ਕਾਰਣ ਹੀ
ਮਨੁੱਖ ਮੂਲ ਪਛਾਣਦਾ
ਵਰਤਮਾਨ ‘ਚ ਕੋਈ ਕਿਰਿਆ ਕਰਦਾ-ਕਰਵਾਉਂਦਾ
ਵਰਤਮਾਨ ਨੂੰ ਭੂਤਕਾਲ ਬਣਾਉਂਦਾ
ਭੂਤਕਾਲ ਨੂੰ ਪਰਖਦਾ-ਨਿਰਖਦਾ
ਤੇ ਭਵਿੱਖ ਲਈ ਕੋਈ ਵਿਉਂਤ ਬਣਾਉਂਦਾ

ਕਾਇਨਾਤ
ਤੇ ਮਨੁੱਖ ਦੇ ਮੱਥੇ ਅੰਦਰਲਾ ਸ਼ਬਦ-ਯੋਗ
ਮਨੁੱਖ ਅੰਦਰਲਾ ਕਰਮ-ਯੋਗ
ਕਿਰਿਆ-ਯੁਕਤ
ਮਨੁੱਖ ਲਈ
ਆਲ•ਣਿਆਂ-ਖੁਰਲੀਆਂ ਲਈ
ਪ੍ਰਾਣੀਆਂ-ਪਦਾਰਥਾਂ ਲਈ
ਤੇ ਘਰਾਂ ਨੂੰ ਹੋਰ ਵਧੀਆ ਬਣਾਉਣ ਲਈ
ਹੋਰ ਵਧੀਆ ਵਸਾਉਣ ਲਈ…
0
ਛਾਤੀਆਂ

ਛਾਤੀਆਂ ਦੇ ਸਹਾਰੇ
ਅਸੀਂ ਤੁਰੇ, ਫਿਰੇ ਤੇ ਵਿਚਰੇ

ਅਸੀਂ
ਛਾਤੀਆਂ ਫੁਲਾਈਆਂ
ਛਾਤੀਆਂ ਜੰਮੀਆਂ
ਛਾਤੀਆਂ ਚੁੰਘੀਆਂ

ਹੁਣ ਮੈਂ ਅਸੀਸਾਂ-
ਜਿਉਂਦੀਆਂ ਰਹਿਣ ਛਾਤੀਆਂ
ਭਰੀਆਂ ਰਹਿਣ ਛਾਤੀਆਂ
ਚੌੜੀਆਂ ਹੋਣ ਛਾਤੀਆਂ
ਤੇ ਡਟੀਆਂ ਰਹਿਣ ਛਾਤੀਆਂ

ਛਾਤੀਆਂ-
ਮੇਰੀ ਰੋਟੀ-ਖਾਧ-ਖ਼ੁਰਾਕ
ਮੇਰੀ ਕਾਇਆ
ਤੇ ਮੇਰਾ ਮੋਹ

ਤੇ ਇਹ ਛਾਤੀਆਂ
ਮਨੁੱਖੀ-ਪੀੜੀਆਂ ਦਾ ਭਵਿੱਖ
ਸਾਡੀਆਂ ਸਰਹੱਦਾਂ ਵੀ…

ਐ ਖ਼ੁਦਾ!
ਛਾਤੀਆਂ ਕਾਇਮ ਰਹਿਣ
ਛਾਤੀਆਂ ਜੁੜੀਆਂ ਰਹਿਣ
ਸਰਹੱਦਾਂ ਸ਼ਾਂਤ ਰਹਿਣ
ਕੌਮਾਂ ਕਾਇਮ ਰਹਿਣ
ਤੇ ਸਾਡੇ ਘਰਾਂ ਦੀਆਂ ਛੱਤਾਂ ਵੀ
ਛਾਤੀਆਂ ਵਰਗੀਆਂ…
0
ਮੁੰਦਰਾਂ ਜਿਹੇ ਅਰਥ

ਕਿੰਨੇ ਕੁ ਚਿਹਰੇ ਨੇ?

ਜਿੰਨਾਂ ਨਾ ਵੇਖਿਆ ਹੋਵੇ ਸੁਪਨਾ-
ਮੁੰਦਰਾ ਜਿਹਾ
ਜਿਸ ਨਾ ਕੀਤੇ-ਸੁਣੇ ਹੋਣ
ਸੁਪਨਿਆਂ ਦੇ ਅਰਥ
ਅੰਗਾਂ ਦੇ ਅਰਥ
ਤੇ ਅੱਗ ਦੇ ਅਰਥ

ਮਨੁੱਖ-
ਕਾਦਰ ਦੇ ਅਰਥ ਕਰਦਾ ਰਿਹਾ-
ਆਪਣੇ ਜਿਹੇ ਹੀ
ਮੋਹ ਦੇ ਅਰਥ ਕਰਦਾ ਰਿਹਾ-
ਯੋਗ ਦੇ ਅਰਥ ਕਰਦਾ ਰਿਹਾ-
ਮੁੰਦਰਾਂ ਜਿਹੇ ਅਰਥ

ਮੁੰਦਰਾਂ-
ਮਨੁੱਖ ਨੂੰ
ਵੱਡਾ ਕਰਦੀਆਂ
ਉੱਚਾ ਕਰਦੀਆਂ
ਮੈਂ-ਰਹਿਤ ਕਰਦੀਆਂ
ਕਿਸੇ ਆਪਣੇ ਨੂੰ
ਮੈਂ-ਰਹਿਤ ਆਖਦੀਆਂ
ਆਪਣੇ ਜਿਹਾ ਆਖਦੀਆਂ-ਲੋੜਦੀਆਂ
0
ਦੁੱਧ

ਬਹੁਤ ਵਾਰੀ ਮੈਂ
ਉਸਦੇ ਦੁੱਧ ਨੂੰ ਫੜਿਆ ਹੈ
ਉਸਦੇ ਦੁੱਧ ਨੂੰ ਵੇਖਿਆ ਹੈ
ਉਸਦੇ ਦੁੱਧ ਨੂੰ ਚੁੰਘਿਆ ਹੈ

ਉਸਦਾ ਦੁੱਧ ਮੈਨੂੰ ਮੋਹ ਰਿਹਾ
ਉਹ ਦੁੱਧ ਮੈਨੂੰ ਅਸੀਸ ਰਿਹਾ
ਉਸ ਦੁੱਧ ਨੂੰ ਮੈਂ ਸੁੱਚਾ ਰੱਖਿਆ ਹੋਇਆ

ਮਾਂ ਦਾ ਦੁੱਧ ਕਿਧਰੇ ਨਹੀਂ ਮਿਲਦਾ
ਮਾਂ ਦੇ ਦੁੱਧ ਦਾ ਕੋਈ ਮੁੱਲ ਨਹੀਂ
ਮਾਂ ਦਾ ਕੋਈ ਵੀ ਮੁੱਲ ਨਹੀਂ

ਉਸ ਦੁੱਧ ਦੀ ਤਾਰੀਫ਼ ਕਰਦਿਆਂ
ਥੁੜ ਜਾਂਦੇ ਸ਼ਬਦ
ਹਰ ਵਾਰੀ ਹੀ ਮੇਰੇ ਕੋਲ
ਦੁੱਧ ਲੈਣ ਲਈ
ਬਣਨਾ ਪੈਂਦਾ ਦੁੱਧ ਜਿਹਾ
ਮਨੁੱਖ ਜਿਹਾ
ਜਿਵੇਂ ਸੱਚ ਪਾਉਣ ਲਈ-
ਹੋਣਾ ਪੈਂਦਾ ਸੁੱਚ ਜਿਹਾ
ਕਿਸੇ ਚਿਹਰੇ ਦੀ ਚੁੱਪ ਜਿਹਾ

ਮੈਂ ਉਸਦੇ ਦੁੱਧ ਨੂੰ ਫੜਿਆ ਹੈ
ਉਸਦੇ ਦੁੱਧ ਨੂੰ ਵੇਖਿਆ ਹੈ
ਉਸਦੇ ਦੁੱਧ ਨੂੰ ਚੁੰਘਿਆ ਹੈ
ਉਸਦੇ ਦੁੱਧ ਨੂੰ ਮਾਣ ਰਿਹਾ….

ਦੁੱਧ-
ਇੱਕ ਸੱਚ-ਅਤੀਤ
ਇੱਕ ਸੁੱਚ-ਜ਼ਿੰਦਗੀ
ਤੇ ਇਕ ਮੋਹ-ਸਮਰੱਥਾ

ਜਿਉਂਦੀਆਂ-ਵਸਦੀਆਂ ਰਹਿਣ
ਛਾਤੀਆਂ-
ਦੁੱਧ ਵਾਲੀਆਂ
ਦੁੱਧ ਪੀਣ ਵਾਲੀਆਂ
ਦੇ ਦੁੱਧ ਬਣਾਉਣ ਵਾਲੀਆਂ
0
ਉਚਿਆਈਆਂ

ਮੈਥੋਂ ਨਹੀਂ ਦੱਸਿਆ ਜਾਣਾ ਕਿ-
ਸਮੁੰਦਰ ਕਿੰਨੇ ਕੁ ਡੂੰਘੇ?
ਮੱਥੇ ਕਿੰਨੇ ਕੁ ਵਿਸ਼ਾਲ??
ਤੇ ਕਵਿਤਾ ਕਿੰਨਾ ਕੁ ਉਤਾਰ ਲੈਂਦੀ
ਮਨੁੱਖ ਨੂੰ
ਆਪਣੇ ਅੰਦਰ???

ਜਾਂ ਚੁੱਪ-ਫੁੱਲਕਾਰੀ ਵਾਲੇ
ਰੰਗਾਂ-ਧਾਗਿਆਂ ਦੇ ਅਰਥ ਕੀ-ਕੀ?
ਇਨਾਂ ਨਾਲ ਜੁੜੀਆਂ-ਜਾਗਦੀਆਂ ਹੋਈਆਂ
ਮੋਹਵੰਤ ਕਿੰਨੀਆਂ ਕੁ ਰੀਝਾਂ…??
0
ਖੁੱਲੀ ਖਿੜਕੀ ‘ਚੋਂ

ਉਦੋਂ ਮੇਰਾ ਚਿਹਰਾ ਜਾਗਦਾ
ਜਦੋਂ ਅੰਮ੍ਰਿਤ ਵੇਲਾ ਹੁੰਦਾ
ਮੇਰੇ ਹੱਥ ਖਿੜਕੀ ਖੋਲਦੇ
ਪੂਰਬ-ਦਿਸ਼ਾ ਵੱਲ ਦੀ

ਮੇਰੇ ਨੈਣ
ਝੂੰਮਦੇ ਰੁੱਖਾਂ ਵੱਲ ਝਾਕਦੇ
ਪਰਬਤ ਨੂੰ ਵੇਖਦੇ
ਕਿਸ਼ਤੀਆਂ ‘ਚੋਂ
ਮਛੇਰਿਆਂ ‘ਚੋਂ
ਸਮੁੰਦਰ ਨਜ਼ਰ ਆਉਂਦਾ
ਚੁੱਲਿਆਂ ਦਾ ਵਰਤਮਾਨ-ਭਵਿੱਖ
ਅੰਗ-ਸੰਗ ਚਲਦਾ-ਦਿਸਦਾ
ਪੰਛੀ ਚਹਿ-ਚਹਾਉਂਦੇ
ਸੁਣਾਉਂਦੇ ਰੱਬੀ-ਸੰਗੀਤ
ਕਿਧਰੇ ਕਿਧਰੇ ਟਾਵਾਂ-ਟਾਵਾਂ ਬੱਦਲ ਵੀ…

ਕਮਰੇ ‘ਚ ਧੁੱਪ ਆਉਂਦੀ
ਤਾਂ ਕਮਰਾ ਭਰ ਜਾਂਦਾ
ਕਿਰਨਾਂ ਦੇ ਆਉਣ ਨਾਲ
ਅਦੁੱਤੀ-ਆਨੰਦ ਨਾਲ

ਧੁੱਪ-
ਤਸਵੀਰਾਂ ‘ਤੇ
ਗ੍ਰੰਥਾਂ ‘ਤੇ
ਖਿੱਲਰੇ ਵਰਕਿਆਂ ਉੱਪਰਲੀ
ਗੱਭਣ-ਸ਼ਬਦਾਵਲੀ ‘ਤੇ ਵੀ ਪੈਂਦੀ
ਸੂਰਜ ਦਿਸਦਿਆਂ ਹੀ
ਮੇਰੇ ਹੱਥ ਜੁੜਣ ਲੱਗਦੇ
ਤੇ ਮੈਂ ਸਿਰ ਨਿਵਾਅ
ਸੂਰਜ ਨੂੰ ਸਲਾਮ ਕਰਦਾ

ਹਰ ਸਵੇਰ
ਧੁੱਪ ਅੰਦਰ ਆਉਂਦਿਆਂ ਹੀ
ਮੇਰਾ ਸਲਾਮ
ਸੂਰਜ ਨੂੰ ਪਹੁੰਚ ਜਾਂਦਾ
ਖੁੱਲੀ ਖਿੜਕੀ ‘ਚੋਂ
ਧੁੱਪ ਅੰਦਰ ਆਉਂਦਿਆਂ ਹੀ
ਸੂਰਜ ਦਿਸਦਿਆਂ ਹੀ…
0
ਮੁੰਦਰਾਂ

ਮਨੁੱਖ-
ਮੋਹ ਕਰਦਾ ਰਿਹਾ
ਮੋਹ ਪਾਉਂਦਾ ਰਿਹਾ
ਤੇ ਚੂਰੀ ਖਵਾਉਂਦਾ ਰਿਹਾ

ਮੈਂ ਵੀ ਮੁੰਦਰਾਂ ਧਿਆਈਆਂ
ਮੁੰਦਰਾਂ ‘ਚੋਂ ਉਹਦਾ ਚਿਹਰਾ ਵੇਖਿਆ
ਮੁੰਦਰਾਂ ‘ਚੋਂ ਆਪਣਾ ਚਿਹਰਾ ਵੇਖਿਆ
ਪ੍ਰਿਥਵੀ ਉਲਥਾਈ
ਧਰਤੀਆਂ ਧਿਆਈਆਂ
ਯੋਗ ਜਾਣਿਆ
ਤੇ ਅੰਗ-ਅੰਗ ਮਾਣਿਆ

ਮੁੰਦਰਾਂ ਦੇ ਰੰਗ ‘ਚੋਂ
ਮੁੰਦਰਾਂ ਦੀ ਟਹਿਕ ‘ਚੋਂ
ਤੇ ਮੁੰਦਰਾਂ ਦੇ ਸੁਪਨਿਆਂ ‘ਚੋਂ
ਦਿਸਦਾ ਹੈ-
ਉਸਦਾ ਚਿਹਰਾ
ਮਨ-ਇੱਛਤ-ਚਿਹਰਾ
ਸਿਰਫ਼ ਉਹੀ ਚਿਹਰਾ
ਸਾਰੇ ਦਾ ਸਾਰਾ

ਬਹੁਤ ਹੀ ਔਖੀਆਂ ਨੇ
ਮੁੰਦਰਾਂ ਪਾਉਣੀਆਂ
ਮੁੰਦਰਾਂ ਗਾਉਣੀਆਂ
ਤੇ ਮੁੰਦਰਾਂ ਹੰਢਾਉਣੀਆ

ਮੁੰਦਰਾਂ ਵਾਲੇ ਚਿਹਰੇ ‘ਤੇ
ਉੱਗ ਆਉਂਦੀਆਂ ਅਕਸਰ
ਮੁੰਦਰਾਂ ਹੀ ਮੁੰਦਰਾਂ
0
ਇਕੋ ਰਾਹ

ਮੈਂ ਓਥੋਂ ਤੁਰਿਆ
ਜਿੱਥੋਂ ਲੋਕੀਂ ਤੁਰਦੇ

ਮੈਂ ਵੀ ਓਥੇ ਜਾਣਾ
ਜਿੱਥੇ ਦੁਨੀਆਂ ਜਾਂਦੀ
0
ਮਨੁੱਖ ਦੀ ਮਾਂ
(ਮਰਦ ਟੈਰੇਸਾ ਦੇ ਨਾਂ)

ਉਸਨੇ
ਪ੍ਰਿਥਵੀ-ਘਰ ਦੀ ਮਹਾਂ-ਯਾਤਰਾ ਕੀਤੀ
ਪ੍ਰਿਥਵੀ-ਘਰ ਨੇ ਉਸਦੇ ਪੈਰ ਛੋਹੇ-ਨਮਸਕਾਰਿਆ

ਉਸਨੇ ਦੱਸਿਆ ਮਹੱਤਵ-
ਜ਼ਿੰਦਗੀ ਦੀਆਂ ਉਚਿਆਈਆਂ ਦਾ
ਘਰ-ਮੋਹ ਦੀਆਂ ਡੂੰਘਿਆਈਆਂ ਦਾ
ਤੇ ਮਨੁੱਖ ਦੀ ਸੁੱਚਤਾ-ਉੱਚਤਾ ਦਾ

ਬ੍ਰਹਿਮੰਡ ‘ਚ ਰੌਸ਼ਨੀ ਕੀਤੀ
ਰੌਸ਼ਨੀ ਵੰਡੀ
ਛਾਤੀ ਨਾਲ ਲਾਇਆ
ਨਿਆਸਰਿਆਂ ਨੂੰ
ਧਿਰਕਾਰਿਆਂ ਨੂੰ
ਤੇ ਬੇਕਦਰਿਆਂ ਨੂੰ

ਮਨੁੱਖਤਾ ਨੂੰ ਬਹੁਤ-ਬਹੁਤ
ਬੋਲ-ਸ਼ਬਦਿਆ, ਸਿਖਾਇਆ ਤੇ ਸਾਂਭਿਆ
ਸ਼ਾਂਤੀ ਨਾਲ ਝੋਲੀ ਭਰੀ
ਸਮੁੱਚੇ ਗਲੋਬ ਦੀ ਹੀ

ਔਰਤਾਂ ਨੂੰ ਉਸ ਆਖਿਆ-ਉਪਦੇਸ਼ਿਆ-
ਸ਼ਕਤੀਆਂ
ਭਗਤੀਆਂ
ਤੇ ਸਿਮਰਨ-ਮੁਕਤੀਆਂ
ਪ੍ਰਾਪਤ ਕਰੋ ਪੋਤੜਿਆਂ ਦੀ ਸੇਵਾ ‘ਚੋਂ

ਉਹ-
ਪੂਜਾ-ਯੋਗ ਮਹਾਨ ਔਰਤ
ਸ਼ਕਤੀ, ਭਗਤੀ ਤੇ ਮੁਕਤੀ
ਮਨੁੱਖੀ-ਯੋਗ ਦੀ ਸੰਪੂਰਨ ਉੱਚ-ਕਥਾ
ਤੇ ਫ਼ਲਸਫ਼ੇ ਵਾਲੀ
ਮਨੁੱਖ ਦੀ ਮਾਂ
0
ਬਿੱਠਾਂ

ਬਿੱਠਾਂ
ਕਿੰਨੇ ਹੀ ਰੂਪ ਡਿੱਠਾਂ
ਕਿੰਨੇ ਹੀ ਰੰਗ ਡਿੱਠਾਂ
ਬਨਸਪਤ ਦੇ ਫੁੱਲਾਂ ਵਾਂਗ

ਬਹੁਤ ਜ਼ਰੂਰੀ
ਬੋਹੜਾਂ, ਪਿੱਪਲਾਂ ਤੇ ਨਿੰਮਾਂ ਆਦਿ ਲਈ

ਜਿਵੇਂ-
ਚੁੱਲਾ, ਤੰਦੂਰ ਤੇ ਭੱਠੀ
ਮੰਗੇ ਬਾਲਣ
ਪਰਤਾਵੇ ਸੁਆਹ
ਆਪਣੇ-ਆਪਣੇ ਰਾਹ
ਤਿਵੇਂ ਹੀ-
ਮਨੁੱਖ, ਪਸ਼ੂ-ਪੰਛੀ ਤੇ ਜੰਤੂ…

ਇਹ ਬਿੱਠਾਂ-
ਭੂਤਕਾਲ ਦਾ ਇਕ ਨਿਸ਼ਾਨ
ਵਰਤਮਾਨ ਜਿਹੀ ਇੱਕ ਜ਼ਿੰਦਗੀ
ਤੇ ਭਵਿੱਖ ਲਈ ਇਕ ਉਡਾਣ

ਬਿੱਠਾਂ-
ਵਟੀ ਹੋਈ ਬਨਸਪਤੀ-ਕੀੜੇ-ਮਕੌੜੇ
ਛਤਰੀਆਂ ਉੱਪਰ
ਬੰਸਰੀ ਵਰਗੀਆਂ-
ਬੋਲਦੀਆਂ ਹੋਈਆਂ ਚੁੰਝਾਂ
ਤੇ ਰੰਗ-ਬਿਰੰਗੇ ਖੰਭ
ਜਾਂ ਚਹਿ-ਚਹਾਉਂਦੀਆਂ
ਕੋਈ ਤਰਦੀਆਂ ਹੋਈਆਂ
ਕਿਧਰੇ ਕਿਸ਼ਤੀਆਂ…

ਇਹ ਬਿੱਠਾਂ-
ਸ਼ਿਕਾਰੀ ਦਾ ਇੱਕ ਜਾਲ ਵੀ
ਪਿੰਜਰੇ ਜਿਹੀ ਇਕ ਗਾਲ ਵੀ
ਮਨੁੱਖੀ-ਮਨੋਰੰਜਨ ਵੀ
ਤੇ ਕਈ ਰੁੱਖਾਂ ਦਾ
ਆਦਿ ਵੀ…

1 ਟਿੱਪਣੀ»

  SATINDER PAL SINGH wrote @

Nice


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: