ਇਕ ਦੋਸਤ ਨੇ ਮੈਨੂੰ ਸੁਆਲ ਕੀਤਾ ਕਿ ਤੇਰੀ ਕਵਿਤਾ ਪੜ੍ਹਦਿਆਂ ਬਹੁਤ ਥਾਵਾਂ ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਤੇਰੇ ਅੰਦਰ ਇਕ ਉਦਾਸੀ ਹੈ। ਕੋਈ ਦਰਦ ਹੈ। ਉਹ ਜਾਣਨਾ ਚਾਹ ਰਿਹਾ ਸੀ ਕਿ ਇਹ ਉਦਾਸੀ ਕਿਸ ਚੀਜ਼ ਦੀ ਹੈ। ਜੀਵਨ ਨੂੰ ਐਨਾ ਉਦਾਸ ਨਜ਼ਰੀਏ ਨਾਲ ਦੇਖਣ ਦਾ ਕਾਰਨ ਕੀ ਹੈ। ਇਸ ਪ੍ਰਬਲ ਨਿਰਾਸ਼ਾ, ਉਦਾਸੀ ਤੇ ਮਾਯੂਸੀ ਦੀ ਵਜ੍ਹਾ ਕੀ ਹੈ। ਇਸ ਦਰਦ ਦਾ ਮੂਲ ਕੀ ਹੈ।
ਅਜਿਹੇ ਸੁਆਲਾਂ ਦਾ ਜੁਆਬ ਦਿੰਦਿਆਂ ਡਰ ਇਹ ਰਹਿੰਦਾ ਹੈ ਕਿ ਸੁਣਨ ਵਾਲੇ ਨੂੰ ਜੁਆਬ ਸ਼ਾਇਦ ਹੋਰ ਵੀ ਜ਼ਿਆਦਾ ਉਦਾਸ ਲੱਗੇ। ਮੁਸ਼ਕਲ ਹੈ ਕਿ ਕਈ ਲੋਕ ਕਵਿਤਾ ਅਤੇ ਜੀਵਨ ਦੀਆਂ ਉਦਾਸੀਆਂ ਅਤੇ ਪੀੜਾਂ ਨੂੰ ਸਿਰਫ ਇਨਸਾਨੀ ਰਿਸ਼ਤਿਆਂ ਦੀਆਂ ਹਾਰਾਂ ਅਤੇ ਸੱਟਾਂ ਤੱਕ ਹੀ ਮਹਿਦੂਦ ਕਰ ਲੈਂਦੇ ਹਨ। ਅਜਿਹੀਆਂ ਸੱਟਾਂ ਆਮ ਕਰਕੇ ਇਕ ਬਹਾਨਾ ਹੀ ਬਣਦੀਆਂ ਹਨ, ਕਿਸੇ ਵੱਡੀ ਅਤੇ ਵਿਆਪਕ ਅਰਥਹੀਣਤਾ ਵੱਲ ਧਕੇਲਣ ਦਾ। ਜਿਵੇਂ ਸਵੈਟਰ ਦਾ ਇਕ ਕੁੰਡਾ ਖੁਲ੍ਹ ਜਾਵੇ ਤਾਂ ਉਹ ਸਾਰਾ ਹੀ ਉਧੜ ਜਾਂਦਾ ਹੈ, ਉਵੇਂ ਹੀ ਕਿਸੇ ਸੰਵੇਦਨਸ਼ੀਲ ਇਨਸਾਨ ਲਈ ਜੀਵਨ ਦੇ ਮਜ਼ਾਕ ਨੂੰ ਸਮਝਣ ਲਈ ਇਕ ਝਟਕਾ ਹੀ ਬਥੇਰਾ ਹੁੰਦਾ ਹੈ। ਇਹ ਇਸ਼ਾਰਾ ਹੁੰਦਾ ਹੈ। ਜੀਵਨ ਦੀਆਂ ਘਟਨਾਵਾਂ ਸਿਰਫ ਸੰਕੇਤ ਹਨ। ਜੀਵਨ ਦੇ ਦੁਖ, ਸਾਰੇ ਸੰਸਾਰਕ ਦੁੱਖ ਮਹਿਜ਼ ਇਸ਼ਾਰੇ ਹਨ। ਪਰ ਜ਼ਿਆਦਾ ਵੱਡਾ ਦੁਖ ਇਹ ਹੈ ਕਿ ਇਨ੍ਹਾਂ ਇਸ਼ਾਰਿਆਂ ਨੂੰ ਬਹੁਤ ਥੋੜ੍ਹੇ ਲੋਕ ਸਮਝਦੇ ਹਨ। ਇਸੇ ਕਰਕੇ ਮੁੜ ਮੁੜ ਉਸੇ ਗਧੀ ਗੇੜ ਅਤੇ ਚੁਰਾਸੀ ਦੇ ਗੇੜ ਵਿਚ ਪਏ ਰਹਿੰਦੇ ਹਾਂ।
ਅਜਿਹੀ ਉਦਾਸੀ ਕੋਈ ਨਵੀਂ ਗੱਲ ਨਹੀਂ ਹੈ। ਪੰਜਾਬੀ ਕਵਿਤਾ ਵਿਚ ਵੀ ਮੱਧਕਾਲ ਵਿਚ ਬਾਬਾ ਸ਼ੇਖ ਫਰੀਦ ਤੋਂ ਲੈ ਕੇ ਬਹੁਤ ਸਾਰੇ ਆਧੁਨਿਕ ਸ਼ਾਇਰਾਂ ਤੱਕ, ਅਜਿਹੀ ਉਦਾਸੀ ਦੇਖੀ ਜਾ ਸਕਦੀ ਹੈ। ਬਾਬਾ ਫਰੀਦ ਜਦ ਇਹ ਕਹਿੰਦੇ ਹਨ ਕਿ ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ, ਤਾਂ ਉਹ ਕੀ ਹੈ? ਭਗਤ ਕਵੀਆਂ ਅਤੇ ਗੁਰਬਾਣੀ ਅੰਦਰ ਕਿੰਨੀਆਂ ਹੀ ਥਾਵਾਂ ਤੇ ਅਜਿਹੀ ਪੀੜ, ਉਦਾਸੀ ਅਤੇ ਵੈਰਾਗ ਮੌਜੂਦ ਹੈ। ਗੁਰਮੁਖ ਮਾਇਆ ਵਿਚ ਉਦਾਸੀ ਅਤੇ ਮਨ ਪਰਦੇਸੀ ਜੇ ਥਐਿ ਸਭੁ ਦੇਸ ਪਰਾਇਆ। ਕਿਸ ਪਹਿ ਖੋਲਹੁ ਗੰਠੜੀ ਦੁਖ ਹੀ ਭਰ ਆਇਆ, ਜਿਹੀਆਂ ਸਤਰਾਂ ਹੋਣ ਜਾਂ ਨੌਵੇਂ ਮਹੱਲੇ ਦੇ ਸਲੋਕ ਹੋਣ, ਉਨਾਂ ਅੰਦਰ ਵੈਰਾਗ ਦਾ ਭਾਵ ਹੈ, ਦਰਦ ਹੈ।
ਜੀਵਨ ਦਾ ਸਭ ਤੋਂ ਵੱਡਾ ਦੁਖ ਸ਼ਾਇਦ ਭਰਮਾਂ ਦਾ ਟੁਟਣਾ ਹੈ। ਜੀਵਨ ਜਿਸ ਭ੍ਰਾਂਤੀ ਤੇ ਉਸਰਿਆ ਹੈ, ਉਸ ਤੋਂ ਪਰਦਾ ਚੁੱਕਿਆ ਜਾਣਾ ਹੀ ਸਭ ਤੋਂ ਵਡੀ ਅਸਲੀਅਤ ਹੈ। ਪਰ ਇਹ ਘਟਨਾ ਅਸਾਨੀ ਨਾਲ ਨਹੀਂ ਵਾਪਰਦੀ। ਇਸ ਤਕਲੀਫਦੇਹ ਸਫਰ ਹੈ। ਸਾਰਾ ਜੀਵਨ ਕੁਝ ਖਿਆਲਾਂ, ਸੁਪਨਿਆਂ, ਸ਼ਬਦਾਂ ਵਿਚ ਯਕੀਨ ਤੇ ਖੜ੍ਹਾ ਹੈ। ਜਦ ਇਹ ਸਾਰਾ ਕਾਗਜ਼ ਦਾ ਮਹਿਲ ਹਿੱਲਦਾ ਹੈ ਤਾਂ ਬਹੁਤ ਕੁਝ ਡਿੱਗਦਾ ਹੈ। ਜਿਸ ਨੂੰ ਅਸੀਂ ਵਾਸਤਵਿਕ ਸੰਸਾਰ ਸਮਝਦੇ ਹਾਂ, ਜਦ ਕੋਈ ਜਾਣ ਲਵੇ ਕਿ ਇਹ ਤਾਂ ਸੁਪਨੇ ਦਾ ਮਹਿਲ ਹੈ ਤਾਂ ਉਸ ਪੀੜ ਅਤੇ ਹਾਸੇ ਨੂੰ ਉਹੀ ਜਾਣ ਸਕਦਾ ਹੈ ਜਿਹੜਾ ਇਸ ਗੱਲ ਨੂੰ ਅਨੁਭਵ ਕਰ ਸਕਦਾ ਹੈ। ਸ਼ਾਇਦ ਇਸੇ ਕਰਕੇ ਕੁਝ ਲੋਕ ਮੰਨਦੇ ਹਨ ਕਿ ਜੀਵਨ ਦੇ ਦੋ ਮੂਲ ਹਨ। ਇਕ ਦਰਦ ਤੇ ਦੂਜਾ ਹਾਸਾ। ਭਰਮ ਜਦ ਟੁੱਟਦੇ ਹਨ ਤਾਂ ਪਹਿਲਾਂ ਦਰਦ ਹੁੰਦਾ ਹੈ ਅਤੇ ਫੇਰ ਹਾਸਾ ਆਉਂਦਾ ਹੈ। ਮਿਸਾਲ ਦੇ ਤੌਰ ਤੇ ਤੁਸੀਂ ਕਿਸੇ ਇਨਸਾਨ ਤੇ, ਉਸ ਦੇ ਸ਼ਬਦਾਂ ਤੇ, ਉਸਦੀਆਂ ਗੱਲਾਂ ਤੇ ਯਕੀਨ ਕਰਦੇ ਹੋ। ਉਸ ਨੂੰ ਆਪਣੇ ਮਨ ਵਿਚ ਬਹੁਤ ਵੱਡਾ ਦਰਜਾ ਦਿੰਦੇ ਹੋ। ਉਸ ਨੂੰ ਇਸ਼ਟ ਮੰਨਣ ਲੱਗਦੇ ਹੋ। ਉਸ ਖਾਤਰ ਜੀਵਨ ਵਿਚ ਬਹੁਤ ਵੱਡੀ ਕੀਮਤ ਵੀ ਅਦਾ ਕਰਦੇ ਹੋ। ਪਰ ਅਚਾਨਕ ਤੁਸੀਂ ਜਾਣਦੇ ਹੋ ਕਿ ਸਭ ਕੁਝ ਝੂਠ ਸੀ। ਕਹੇ ਗਏ ਸਾਰੇ ਸ਼ਬਦ, ਸਭ ਕਹਾਣੀਆਂ, ਝੂਠ ਸਨ। ਉਸ ਨੂੰ ਤੁਸੀਂ ਜੋ ਕੁਝ ਸਮਝਦੇ ਸੀ, ਉਹ ਉਸਦੇ ਬਿਲਕੁਲ ਉਲਟ ਸੀ। ਜਦ ਤੁਹਾਨੂੰ ਚਾਨਣ ਹੁੰਦਾ ਹੈ ਤਾਂ ਤੁਹਾਡੇ ਮਨ ਵਿਚ ਉਸਰਿਆ ਸਾਰਾ ਸੁਪਨਈ ਮਹਿਲ ਡਿੱਗ ਪੈਂਦਾ ਹੈ। ਇਹ ਗੱਲ ਦਰਦ ਦਿੰਦੀ ਹੈ। ਸਮਾਂ ਲੰਘਣ ਨਾਲ ਸ਼ਾਇਦ ਕਦੇ ਕਦੇ ਤੁਸੀਂ ਆਪਣੀਆਂ ਬੇਵਕੂਫੀਆਂ ਤੇ ਹੱਸੋ ਵੀ।
ਜੀਵਨ ਦਾ ਸਾਰਾ ਖੇਲ੍ਹ ਅਸਲ ਵਿਚ ਇਸੇ ਤਰਾਂ ਹੈ। ਜਿਨ੍ਹਾਂ ਦੀ ਭ੍ਰਾਂਤੀਆਂ ਅਤੇ ਭਰਮਾਂ ਵਿਚ ਲੰਘੀ ਜਾਂਦੀ ਹੈ, ਉਹ ਘੋਲ ਪਤਾਸੇ ਪੀਂਦੇ ਹਨ ਅਤੇ ਜਿਨ੍ਹਾਂ ਨੇ ਇਕ ਵਾਰ ਪਰਦਾ ਚੁੱਕ ਦੇ ਦੇਖ ਲਿਆ, ਉਨ੍ਹਾਂ ਦੇ ਗਲ ਬਲਾ ਪੈ ਜਾਂਦੀ ਹੈ। ਜਿਨ ਹੀ ਬੂਝਣ ਬੂਝਿਆ, ਤਿਨ ਗਲ ਪਈ ਬਲਾਏ। ਸ਼ੰਕਰਾਚਾਰੀਆ ਦਾ ਮਾਇਆ ਦਾ ਖਿਆਲ ਵੀ ਇਸੇ ਤਰਾਂ ਦੇ ਦਰਦ ਦੀ ਬਿਆਨੀ ਹੈ। ਜੇ ਉਹ ਕਵੀ ਹੁੰਦਾ ਤਾਂ ਉਸਨੇ ਵੀ ਇਸ ਭਾਵ ਨੂੰ ਉਦਾਸੀ ਦੇ ਰੰਗ ਵਿਚ ਦੇਖਣਾ ਸੀ।
ਆਪਣੇ ਦੋਸਤ ਦੇ ਸੁਆਲ ਦੇ ਜੁਆਬ ਵਿਚ ਇਹ ਕਹਿ ਸਕਦਾ ਹਾਂ ਕਿ ਇਹ ਦਰਦ ਕੋਈ ਖਿਆਲ ਨਹੀਂ ਹੈ। ਪਲ ਪਲ ਹੰਢਾਈ ਜਾ ਰਹੀ ਅਸਲੀਅਤ ਹੈ। ਜੋ ਚੀਜ਼ ਹੰਢਾਈ ਜਾ ਰਹੀ ਹੈ, ਉਸ ਤੇ ਕਿਸੇ ਨੂੰ ਕੀ ਉਜਰ ਹੋ ਸਕਦਾ ਹੈ। ਜੀਵਨ ਦੀ ਇਹ ਅਜਿਹੀ ਅਸਲੀਅਤ ਹੈ, ਜਿਸ ਨੂੰ ਕੋਈ ਦੇਖ ਰਿਹਾ ਹੈ, ਕੋਈ ਨਹੀਂ ਦੇਖ ਰਿਹਾ। ਅਜਿਹੀ ਅਵਸਥਾ ਵਿਚ ਕੁੱਝ ਮਹੀਨੇ ਪਹਿਲਾਂ ਲਿਖੀ ਗਈ ਇਕ ਕਵਿਤਾ ਸਾਂਝੀ ਕਰਦਾ ਹਾਂ:
ਦਰਦ ਬਹੁਤ ਹੈ
ਮੈਨੂੰ ਨਹੀਂ ਪਤਾ
ਇਹ ਦਰਦ ਕਿਸ ਦਾ ਹੈ
ਯੋਗ ਦਾ
ਵਿਯੋਗ ਦਾ
ਜਾਂ ਭਰਮਾਂ ਦੇ ਤਿੜਕਣ ਦਾ
ਪਰ ਇਹ ਦਰਦ ਬਹੁਤ ਹੈ
ਭਰਮ ਜੇ ਬਣਿਆ ਰਹਿੰਦਾ
ਤੇਰੀ ਮਾਇਆ ਦਾ
ਸੁੱਤਿਆਂ ਸਫਰ ਲੰਘ ਜਾਣਾ ਸੀ
ਜ਼ਿੰਦਗੀ ਇੰਝ ਹੀ ਤਾਂ ਕੱਟਦੀ ਹੈ
ਭੇਤ ਜਦ ਖੁਲ੍ਹ ਗਏ ਨੇ ਹੁਣ
ਹੁਣ ਕੋਈ ਚਾਰਾ ਨਹੀਂ ਹੈ
ਵਜੂਦ ਬੰਦੇ ਦਾ
ਹੋਰ ਕੁੱਝ ਵੀ ਨਹੀਂ ਹੈ
ਸਾਬਣ ਦੀ ਟਿੱਕੀ ਵਾਂਗ
ਬੱਸ ਘਸਦੇ ਜਾਣਾ ਹੈ
ਜਾਂ ਬੁਝ ਜਾਣਾ ਹੈ
ਦੀਵੇ ਵਾਂਗ
ਸਭ ਮਿਲਾਪ
ਗੁਬਾਰਿਆਂ ਵਰਗੇ ਹਨ
ਫੁੱਟਦਿਆਂ ਪਤਾ ਨਹੀਂ ਲੱਗਦਾ
ਰਿਸ਼ਤੇ ਸਭ ਮਿੱਟੀ ਦੇ ਖਿਡੌਣੇ ਹਨ
ਖੁਰਦਿਆਂ ਦੇਰ ਨਹੀਂ ਲਾਉਂਦੇ
ਤੇ ਅਰਥ ਸਭ ਆਈਸਕਰੀਮ ਵਰਗੇ
ਹੱਥਾਂ ਚ ਹੀ ਪਿਘਲ ਜਾਂਦੇ ਹਨ
ਭੇਤਾਂ ਦਾ ਖੁਲ੍ਹਣਾ ਵੀ ਕਿੰਨਾ ਪੀੜਾਦਾਇਕ
ਟਿੱਪਣੀ ਕਰੋ ਜਾਂ ਕੁਝ ਪੁੱਛੋ