ਨਾਦ

contemporary punjabi poetry

ਹਜ਼ਾਰਾ ਸਿਹੁੰ ਦਾ ਮਨ

ਗਹਿਰਾ ਸਾਹਿਤ ਅਤੇ ਕਵਿਤਾ ਉਸ ਨੂੰ ਸਮਝਿਆ ਜਾਂਦਾ ਹੈ, ਜੋ ਮਨੁੱਖੀ ਮਨ ਦੀਆਂ ਗਹਿਰਾਈਆਂ ਅੰਦਰ ਸਾਡੀ ਟੁਭੀ ਲਗਵਾਏ। ਸਾਡੇ ਪੁਰਾਤਨ ਕਿੱਸਾਕਾਰਾਂ ਨੇ ਜਦ ਪੂਰਨ ਦਾ ਕਿੱਸਾ ਲਿਖਿਆ ਤਾਂ ਉਨ੍ਹਾਂ ਨੇ ਔਰਤ ਦੇ ਮਨ ਦੀਆਂ ਕੁਝ ਗਹਿਰੀਆਂ ਪਰਤਾਂ ਤੇ ਝਾਤ ਮਾਰੀ। ਆਧੁਨਿਕ ਦੌਰ ਵਿਚ ਸ਼ਿਵ ਕੁਮਾਰ ਨੇ ਜਦ ਲੂਣਾ ਨਾਂ ਦੀ ਲੰਬੀ ਕਵਿਤਾ ਲਿਖੀ ਤਾਂ ਉਹ ਉਸੇ ਔਰਤ ਦੇ ਮਨ ਦੀਆਂ ਹੋਰ ਗਹਿਰੀਆਂ ਪਰਤਾਂ ਤੱਕ ਪਹੁੰਚਿਆ। ਸਮਕਾਲੀ ਪੰਜਾਬੀ ਕਵਿਤਾ ਦੇ ਇਕ ਪ੍ਰਮੁਖ ਸ਼ਾਇਰ ਅਜਮੇਰ ਰੋਡੇ ਹੋਰਾਂ ਦੀ ਕਵਿਤਾ ਹਜ਼ਾਰਾ ਸਿਹੁੰ ਵੀ ਇਨਸਾਨੀ ਮਨ ਦੀ ਚੰਚਲਤਾ ਅਤੇ ਅਸਥਿਰਤਾ ਅੰਦਰ ਇਕ ਗਹਿਰੀ ਝਾਤ ਹੈ। ਪੰਜਾਬੀ ਸਭਿਆਚਾਰਕ ਪਿੱਠਭੁਮੀ ਵਿਚ ਲਿਖੀ ਗਈ ਇਹ ਕਵਿਤਾ ਸਿਰਫ ਕਿਸੇ ਹਜ਼ਾਰਾਂ ਸਿੰਘ ਦੇ ਮਨ ਦੀਆਂ ਗੁੰਝਲਾਂ ਹੀ ਸਾਹਮਣੇ ਨਹੀਂ ਲਿਆਉਂਦੀ, ਬਲਕਿ ਇਨਸਾਨੀ ਮਨ ਦਾ ਇਹ ਯੂਨੀਵਰਸਲ ਸੁਭਾਅ ਹੈ, ਜੋ ਇਸ ਕਵਿਤਾ ਦੇ ਪਾਤਰ ਰਾਹੀਂ ਬਿਆਨ ਹੋ ਰਿਹਾ ਹੈ। ਇਸ ਕਵਿਤਾ ਨੂੰ ਸਮਕਾਲੀ ਪੰਜਾਬੀ ਕਵਿਤਾ ਦੀਆਂ ਸਭ ਤੋਂ ਵਧੀਆਂ ਕਵਿਤਾਵਾਂ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ- ਸ਼ਮੀਲ

ਹਜਾਰਾ ਸਿਹੁੰ/ਅਜਮੇਰ ਰੋਡੇ

ਹਜਾਰਾ ਸਿਹੁੰ ਨੂੰ ਸ਼ਬਦ ਹਜਾਰੇ
ਮੂੰਹ ਜ਼ੁਬਾਨੀ ਯਾਦ ਹਨ
ਸ਼ਾਮ ਦੇ ਚਾਰ ਵਜਦੇ ਹਨ ਤਾਂ
ਸ਼ਬਦ ਹਜਾਰਿਆਂ ਦੇ ਸ਼ਬਦ
ਸਹਿਜ ਭਾਅ ਹੀ
ਉਸਦੀ ਰਸਨਾ ਤੇ ਅੰਮ੍ਰਿਤ ਦੀਆਂ
ਬੂੰਦਾਂ ਵਾਂਗ ਉਤਰਨ ਲੱਗ
ਪੈਂਦੇ ਹਨ:
ਮੇਰਾ ਮਨ ਲੋਚੇ ਗੁਰ ਦਰਸਨ ਤਾਈਂ
ਬਿਲਪ ਕਰ ਚਾਤ੍ਰਿਕ ਕੀ ਨਿਆਈਂ
ਤ੍ਰਿਖਾ ਨਾ ਉਤਰੈ ਸਾਂਤਿ ਨਾ ਆਵੈ
ਬਿਨੁ ਦਰਸਨ ਸੰਤ ਪਿਆਰੇ ਜੀਉ
ਪਰ ਉਸਦੇ
ਆਪਣੇ ਹੀ ਬੋਲਾਂ ਦਾ ਸੰਗੀਤ
ਸ਼ਬਦਾਂ ਦਾ ਰਹੱਸ, ਮਨ ਦੇ
ਪਰਦੇ ਤੇ ਉਪਜਦੇ ਬਿਨਸਦੇ ਬਿੰਬ
ਪਲਾਂ ਵਿਚ ਉਸ ਤੇ ਜਾਦੂ ਧੂੜ ਦਿੰਦੇ ਹਨ
ਤੇ ਖੁਮਾਰ ਵਿਚ ਮਦਹੋਸ਼ ਕਰ ਦਿੰਦੇ ਹਨ
ਸੁਰਤ ਸ਼ਬਦਾਂ ਨਾਲ਼ ਜੁੜ ਜਾਂਦੀ ਹੈ
(ਉਸ ਅੰਦਰ ਗੁਰੂ ਅਰਜਨ ਦੇਵ ਦਾ ਨੂਰਾਨੀ ਚਿਹਰਾ
ਉਦੇ ਹੁੰਦਾ ਹੈ ਤੇ ਫੇਰ ਪੀਹੂੰ ਪੀਹੂੰ ਕਰਦਾ ਰੁਖ ਤੇ
ਬੈਠਾ ਪਪੀਹਾ ਦਿਸਦਾ ਹੈ ਜਿਸਨੂੰ ਉਸਨੇ ਜ਼ਿੰਦਗੀ ਵਿਚ
ਕਦੇ ਨਹੀਂ ਵੇਖਿਆ
ਹਜਾਰਾ ਸਿਹੁੰ ਅਕਸਰ ਹੈਰਾਨ
ਹੁੰਦਾ ਹੈ ਕਿ ਉਸਦਾ ਬੋਲ ਕਿੰਨਾ ਖਰ੍ਹਵਾ ਹੈ ਤੇ ਪਾਠ
ਕਰਨ ਵੇਲੇ ਕਿੰਨਾ ਮਿਠਾ ਨਿਕਲਦਾ ਹੈ)

ਪਾਠ ਦੀ ਲੈਅ ਵਿਚ ਬੱਧੇ
ਹਜਾਰਾ ਸਿੰਘ ਦਾ ਮਨ ਅਚਿੰਤੇ ਹੀ
ਮੁਕਤ ਹੋ ਜਾਂਦਾ ਹੈ
ਸਿਮਰਨ ਵੇਲੇ ਸੋਚਣ ਦੀ ਤਾਂ
ਲੋੜ ਨਹੀਂ ਤੇ ਨਾਂ ਹੀ  ਕੁਝ ਸੋਚਣਾ
ਚਾਹੀਦਾ ਹੈ,
ਕੇਵਲ ਉਸ ਇਕ ਸੱਚੇ ਨਾਲ਼ ਲਿਵ ਲਗਣੀ
ਚਾਹੀਦੀ ਹੈ
ਪਰ ਮਨੁਖੀ ਮਨ!
ਇਹ ਤਾਂ ਬਣਿਆ ਹੀ ਸੋਚਣ ਲਈ ਹੈ
ਇਹ ਦਾ ਕੋਈ ਕੀ ਕਰੇ
ਵਡੇ ਵਡੇ ਸਿੱਧ ਪੀਰ ਫਕੀਰ,
ਮਨ ਨੂੰ ਸੋਚ-ਮੁਕਤ ਕਰਨ ਲਈ
ਵਾਹ ਲਾ ਥੱਕੇ, ਜੋਗੀਆਂ ਦੇ ਸਿਰਤਾਜ ਜੋਗੀ
ਗੋਰਖਨਾਥ ਨੇ
ਇਸਤਰੀਆਂ ਦਾ ਆਪਣੇ ਟਿਲੇ ਤੇ ਆਉਣਾ
ਬੰਦ ਕਰ ਦਿਤਾ ਪਰ ਉਹ ਕੀ ਜਾਣਦਾ ਸੀ ਉਸਦੇ
ਚੇਲਿਆਂ ਦੇ ਮਨ ਸਮਾਧੀ ਵੇਲੇ ਕਿਧਰ ਭਟਕਦੇ
ਫਿਰਦੇ ਹਨ ਤੇ ਕੌਣ ਜਾਣਦਾ ਸੀ ਗੋਰਖਨਾਥ ਦੀ
ਆਪਣੀ ਸਮਾਧੀ ਵਿਚ ਰਾਣੀ ਸੁੰਦਰਾਂ ਦਾ ਮੂੰਹ ਕਿੰਨੀ
ਵਾਰ ਉਜਾਗਰ ਹੁੰਦਾ ਸੀ

ਤੇ ਹਜਾਰਾ ਸਿੰਘ ਵਿਚਾਰਾ ਕੀ ਚੀਜ ਸੀ
ਉਸਨੂੰ ਪਤਾ ਵੀ ਨਾ ਲੱਗਾ ਕਦੋਂ ਉਸ ਦਾ ਮਨ
ਕਲ੍ਹ ਤਾਰੇ ਨਾਲ਼ ਹੋਈਆਂ ਗਲਾਂ ਵਿਚ
ਉਲਝ ਗਿਆ:
ਜੇ ਦਾਤੇ ਦੀ ਮਿਹਰ ਹੋ ਜੇ, ਤਾਰੇ ਦੇ ਮੁੰਡੇ ਨਾਲ਼
ਗੱਲ ਪੱਕੀ ਹੋ ਜੇ, ਕੁੜੀ ਸੁਰਗਾਂ ਚ ਜਾ ਪਵੇ,

ਮੁੰਡਾ ਬਾਹਰੋਂ ਆਇਆ, ਬਣਦਾ ਤਣਦੈ,
ਘਰ ਬਾਰ, ਰਿਸਤੇਦਾਰੀਆਂ  ਕਿਸੇ ਚੀਜ ਦੀ
ਕਸਰ ਨੀ, ਨਾਲ਼ੇ ਸਰੀਕਾਂ ਕੰਜਰਾਂ ਨੂੰ ਵੀ ਪਤਾ ਲਗ ਜੂ
ਇਕ ਵਾਰੀ ਤਾਂ, ਗੱਲਾਂ ਬਣੌਂਦੇ ਫਿਰਦੇ ਐ
ਗੁਰੂ ਸੱਚੇ ਪਾਤਸ਼ਾਹ
ਕਾਰਜ ਸਿਰੇ ਚਾੜ੍ਹ ਦੇ ਇਕ ਵਾਰ ਬੱਸ਼…
ਗੁਰੂ ਦਾ ਸ਼ਬਦ ਮੂੰਹ ਚ ਆਉਦੇ ਹੀ ਉਸਨੂੰ
ਖਿਆਲ ਆਇਆ
ਉਹ ਤਾਂ ਪਾਠ ਕਰ ਰਿਹਾ ਹੈ,
ਉਹ ਤੇਰੇ ਦੀ! ਉਸਨੇ ਮਨ ਨੂੰ ਕੋਸਿਆ
ਸੋਚਿਆ,
ਗੁਰੂ ਕਿਤੇ ਕਰੋਪ ਈ ਨਾ ਹੋ ਜਾਵੇ,
ਰਿਸ਼ਤੇ ਦੀ ਗੱਲ ਵਿਚੇ ਈ ਨਾ ਰਹਿ ਜਾਵੇ
ਫਿਟੇ ਮੂੰਹ ਤੇਰਾ ਹਜਾਰਾ ਸਿਹਾਂ!
ਉਹਨੇ ਧਿਆਨ ਫੇਰ ਪਾਠ ਵਲ
ਮੋੜਿਆ:
ਕਾਇਆ ਰੰਗਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ
ਰੰਗਣਿ ਵਾਲਾ ਜੇ ਰੰਗੈ ਸਾਹਿਬੁ ਐਸਾ ਰੰਗ ਨਾ ਡੀਠ
ਜਿਨਕੇ ਚੋਲੇ ਰੱਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ

ਉਂਜ ਹਜਾਰਾ ਸਿਹੁੰ ਨੂੰ ਅੰਦਰੇ ਅੰਦਰ ਪਤਾ ਸੀ
ਉਸਦੀ ਧੀ ਉਤੇ ਅੰਤਾਂ ਦਾ ਰੂਪ ਸੀ
ਤੇ ਕਹਿਰ ਦੀ ਜੁਆਨੀ
ਤਾਹੀਏਂ ਤਾਂ
ਤਾਰੇ ਦਾ ਮੁੰਡਾ ਝੱਟ ਰਿਸ਼ਤੇ ਲਈ ਤਿਆਰ ਹੋ ਗਿਆ
ਨਹੀਂ ਤਾਂ ਹਜਾਰਾ ਸਿਹੁੰ ਕੀਹਦੇ ਪਾਣੀਹਾਰ ਸੀ

ਉਸਦੇ ਮਨ ਵਿਚ
ਆਪਣੀ ਧੀ ਦਾ ਚਿਹਰਾ
ਅਚਿੰਤੇ ਹੀ ਉਜਾਗਰ ਹੋ ਗਿਆ
ਜਿਸਦੀਆਂ ਗਲ੍ਹਾਂ
ਹੱਸਣ ਵੇਲੇ ਉਨਾਬੀ ਹੋ ਜਾਂਦੀਆਂ ਸਨ
ਚੁੱਪ ਕਰਨ ਵੇਲੇ ਬਿਸਕੁਟੀ
ਤੇ ਬਿਸਕੁਟੀ ਰੰਗ ਹੀ ਸੀ
ਤਾਰੇ ਦੀ ਵਹੁਟੀ, ਰੂਬੀ, ਦਾ ਜੋ ਤਾਰੇ ਨਾਲ਼
ਹਜਾਰਾ ਸਿਹੁੰ ਦੀ ਧੀ ਨੂੰ ਵੇਖਣ ਆਈ ਸੀ
ਕਿੰਨੀ ਜੁਆਨ ਪਈ ਐ ਅਜੇ, ਹਜਾਰਾ ਸਿਹੁੰ ਨੇ ਸੋਚਿਆ,
ਬਾਹਰਲੇ ਮੁਲਕਾਂ ਚ ਖੁਰਾਕ ਈ ਕਹਿੰਦੇ ਬਹੁਤ ਐ,
ਤੇ ਉਸਦੇ ਮਨ ਦੀਆਂ ਅੱਖਾਂ
ਰੋਕਦੇ ਰੋਕਦੇ ਵੀ ਰੂਬੀ ਦੀ ਸੱਜੀ ਲੱਤ ਤੇ ਜਾ ਪਈਆਂ,
ਜੋ ਪਿੰਜਣੀ ਤੱਕ ਨੰਗੀ ਸੀ

ਉਸ ਸਮੇ ਤਾਂ ਹਜਾਰਾ ਸਿਹੁੰ ਨੇ ਚੋਰੀ
ਛਿਣ ਭਰ ਹੀ ਨਜ਼ਰ ਮਾਰੀ ਸੀ,
ਪਰ ਹੁਣ ਤਾਂ ਉਸਦੀ ਕਲਪਨਾ ਪੂਰੀ ਅਜਾਦ ਸੀ
ਉਸਨੇ ਨਿਝੱਕ ਲੱਤ ਨੂੰ ਹਥ ਲਾ ਦਿਤਾ
ਝੁਣਝਣੀ ਦਾ ਇਕ ਹੜ੍ਹ ਉਸਦੇ ਸਾਰ ਪਾਰ ਹੋ ਗਿਆ
ਹਜਾਰਾ ਸਿੰਘ ਤ੍ਰਭਕਿਆ, ਜਾਗਿਆ,
ਮੂੰਹ ਉਹਦਾ ਅਜੇ ਵੀ
ਉਚੀ ਉਚੀ ਪਾਠ ਕਰ ਰਿਹਾ ਸੀ
ਹੈ, ਤੇਰੇ ਦੀ! ਹਜਾਰਾ ਸਿੰਘ ਅਟਕਿਆ,
ਕੀ ਦਾ ਕੀ
ਸੋਚੀ ਜਾਨੈ ਪਾਪੀਆ, ਬਾਣੀ ਵਿਚ
ਧਿਆਨ ਕਿਉਂ ਨੀ ਜੋੜਦਾ ਦੁਸ਼ਟਾ

ਓਦੋਂ ਲਗੂ ਪਤਾ
ਜਦੋਂ ਓਸ ਸਗਤੇ ਨੇ ਪੁੱਠਾ ਚੱਕ ਚੱਕ
ਧਰਤੀ ਤੇ ਮਾਰਿਆ
ਹਜਾਰਾ ਸਿਹੁੰ ਨੇ ਜੋਰ ਲਾ ਕੇ ਧਿਆਨ
ਫੇਰ ਮੋੜਿਆ
ਪਾਠ ਅੱਗੇ ਤੋਰਿਆ:
ਅੰਧੁਲਾ ਨੀਚ ਜਾਤਿ ਪਰਦੇਸੀ
ਖਿਨੁ ਆਵੈ ਤਿਲ ਜਾਵੈ
ਤਾਕੀ ਸੰਗਤਿ ਨਾਨਕੁ ਰਹਦਾ
ਕਿਉ ਕਰਿ ਮੂੜਾ ਪਾਵੈ

No comments yet»

ਟਿੱਪਣੀ ਕਰੋ