ਨੀਰੂ ਅਸੀਮ ਨਵੇਂ ਪੰਜਾਬੀ ਕਵੀਆਂ ਵਿਚ ਇਕ ਜ਼ਿਕਰਯੋਗ ਤੇ ਖਾਸ ਨਾਂ ਹੈ। ਉਸਦੀ ਪਹਿਲੀ ਕਿਤਾਬ ਭੂਰੀਆਂ ਕੀੜੀਆਂ ਜਦੋਂ ਆਈ ਸੀ ਤਾਂ ਉਸ ਕਵਿਤਾ ਨੇ ਇਹ ਸਪਸ਼ਟ ਸੰਕੇਤ ਦਿਤਾ ਸੀ ਕਿ ਉਸ ਅੰਦਰ ਅਸਾਧਾਰਨ ਸੰਭਾਵਨਾਵਾਂ ਹਨ। ਦੂਜੀ ਕਿਤਾਬ ਸਫਰ ਨਾਲ ਉਸਨੇ ਉਸ ਸੰਭਾਵਨਾ ਦੀ ਪੁਸ਼ਟੀ ਕੀਤੀ ਹੈ। ਪਹਿਲੀ ਕਿਤਾਬ ਤੋਂ ਹੀ ਉਸ ਦੇ ਕਾਵਿ ਅਨੁਭਵ ਦੀ ਪਕਿਆਈ ਸਾਫ ਝਲਕਦੀ ਹੈ। ਉਸ ਦੀ ਕਿਤਾਬ ਤੇ ਲਿਖੇ ਇਕ ਨੋਟ ਵਿਚ ਸੁਰਜੀਤ ਪਾਤਰ ਨੇ ਕਿਹਾ ਸੀ ਕਿ ਨੀਰੂ ਅਸੀਮ
ਕੋਲ ਅਹਿਸਾਸ, ਸੋਚ ਤੇ ਸਿਰਜਣ ਦੀ ਕਮਾਲ ਸੋਝੀ, ਰਮਜ਼ ਤੇ ਸਮਰੱਥਾ ਹੈ
ਜਿਸ ਸਦਕਾ ਉਸ ਦੀ ਕਵਿਤਾ ਦਾ ਸਾਡੀ ਨਵੀਂ ਕਵਿਤਾ ਵਿਚ ਬਹੁਤ
ਅਹਿਮ ਅਤੇ ਮਾਣਯੋਗ ਸਥਾਨ ਹੈ ਤੇ ਉਸ ਦੀ ਕਵਿਤਾ ਨਵੇਂ ਯੁਗ ਤੇ
ਨਵੀਂ ਸੰਵੇਦਨਾ ਨੂੰ ਸਮਝਣ ਵਿਚ ਸਾਡੀ ਸਹਾਈ ਹੁੰਦੀ ਹੈ ਤੇ ਆਦਿ
ਜੁਗਾਦੀ ਮਾਨਵੀ ਸਰੋਕਾਰਾਂ ਦੀ ਥਾਹ ਪਾਉਂਦੀ ਹੈ। ਉਸ ਦੀ ਸਿਰਫ ਇਕ ਕਵਿਤਾ ਨਮੂਨੇ ਦੇ ਤੌਰ ਤੇ ਇਥੇ ਦੇ ਰਿਹਾਂ। ਬਾਕੀ ਕਵਿਤਾਵਾਂ ਉਸਦੇ ਪੇਜ ਤੇ ਪੜ੍ਹੀਆਂ ਜਾ ਸਕਦੀਆਂ ਹਨ- ਸ਼ਮੀਲ
ਆਹਟ
ਤੇਰੇ ਪੈਰਾਂ ਦੀ ਆਹਟ
ਬ੍ਰਹਮ ਨਾਦ ਲੱਗਦੀ ਏ
ਤੇਰੀ ਮੂਰਤ
ਹੋਰ ਹੋਰ ਪਾਰਦਰਸ਼ੀ ਹੋ ਰਹੀ
ਦੁਧੀਆ ਅਕਾਸ਼ ਗੰਗਾ ‘ਚ ਤੈਰਦੀ
ਤਿੱਤਰ ਖੰਭੀ ਬੱਦਲੀ
ਅੱਖਾਂ ‘ਚ ਤਾਜਮਹਲ
ਪਰੀ ਲੋਕ ਤੋਂ
ਅਪਸਰਾਵਾਂ ਉਤਰ ਰਹੀਆਂ ਨੇ
ਮਹਾਂਨਾਚ ਹੋਣ ਵਾਲੈ।
ਵਾਹੋ ਵਾਹੋ ਜੀਓ |ਮੋਨਮ ਸ੍ਤੁਤੀਏ |